ਸੰਪਾਦਕ: ਹਰਮੇਸ਼ ਕੌਰ ਯੋਧੇ
ਪ੍ਰਕਾਸ਼ਕ:ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ,ਪੰਨੇ:112,ਮੁੱਲ:150/-
ਇਕ ਦਰਜਨ ਪੁਸਤਕਾਂ ਦੀ ਸਿਰਜਣਾ ਕਰਨ ਵਾਲੀ ਹਰਮੇਸ਼ ਕੌਰ ਯੋਧੇ ਹਰ ਖੇਤਰ ਵਿਚ ਇਕ ਨਦੀ ਵਾਂਗ ਕਲ ਕਲ ਕਰਦੀ ਵਗਦੀ ਹੈ।ਸੱਭਿਆਚਾਰਕ ਪੁਸਤਾਂ ਦੀ ਸਿਰਜਣਾ ਵਿਚ ਉਸਨੇ ਚੋਖਾ ਖੋਜ ਕਾਰਜ ਕੀਤਾ ਹੈ।ਉਸ ਵਲੋਂ ਪੁਰਾਤਾਨ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਗਏ ਉਪਰਾਲਿਆਂ ਨੂੰ ਸਦਾ ਯਾਦ ਰੱਖਿਆ ਜਾਵੇਗਾ।ਮੌਜੂਦਾ ਦੌਰ ਬਾਰੇ ਵੀ ਉਹ ਚੇਤੰਨ ਹੈ।ਇਸੇ ਕਰਕੇ ਉਹ ਦਰਖਤਾਂ ਦੀ ਪਾਲਣ ਪੋਸ਼ਣ ਨਾਲ ਪੰਜਾਬ ਨੂੰ ਪ੍ਰਦੂਸ਼ਣ ਰਹਿਤ ਬਨਾਉਣ ਵਿਚ ਜੁਟੀ ਹੋਈ ਹੈ।ਇਸ ਵਾਸਤੇ ‘ਜਿਊਣ ਰੁੱਖਾਂ ਦੀਆਂ ਛਾਵਾਂ’ ਨਾਮੀ ਪੁਸਤਕ ਦੀ ਸੰਪਾਦਨਾ ਕੀਤੀ ਹੈ।ਹੱਥਲੀ ਪੁਸਤਕ ‘ਦਰਦ ਪੰਜਾਬ ਦਾ’ ਰਾਹੀਂ ਉਸਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਬੀੜਾ ਚੁੱਕਿਆ ਹੈ।ਜਿਸ ਯਤਨ ਦੀ ਸ਼ਲਾਘਾ ਕਰਨੀ ਬਣਦੀ ਹੈ।
ਇਸ ਪੁਸਤਕ ਵਿਚ ਉਣੰਜਾ ਕਵੀਆਂ ਦੀਆਂ ਦੋ ਦੋ ਜਾਂ ਚਾਰ ਚਾਰ ਕਾਵਿ ਰਚਨਾਵਾਂ ਦਰਜ ਕੀਤੀਆਂ ਗਈਆਂ ਹਨ।ਇਹਨਾਂ ਵਿਚ ਕਵਿਤਾ, ਨਜ਼ਮ ਅਤੇ ਗੀਤ ਸ਼ਾਮਿਲ ਹਨ।ਸੰਪਾਦਕਾ ਨੇ ਪੂਰੇ ਪੰਜਾਬ ਵਿਚੋਂ ਕਵੀਆਂ ਦੀਆਂ ਵੰਨ ਸੁਵੰਨੀਆਂ ਰਚਨਾਵਾਂ ਸ਼ਾਮਿਲ ਕਰਕੇ ਨਸ਼ਿਆਂ ਨਾਲ ਸਬੰਧਤ ਸਮੁੱਚੇ ਪਹਿਲੂਆਂ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਹੈ ।ਇਹਨਾਂ ਗੀਤਾਂ ਦਾ ਪਾਠ ਕਰੀਏ ਤਾਂ ਪੰਜਾਬ ਵਿਚ ਵਗਦੇ ਇਸ ਛੇਵੇਂ ਦਰਿਆ ਦੇ ਕਾਰਨ ਅਤੇ ਇਲਾਜ ਬਾਰੇ ਭਰਪੂਰ ਜਾਣਕਾਰੀ ਮਿਲ ਜਾਂਦੀ ਹੈ।ਅਸਲ ਵਿਚ ਸੰਪਾਦਿਕਾ ਦਾ ਮਨੋਰਥ ਧੀਆਂ ਭੈਣਾਂ ਦੇ ਪੈਂਦੇ ਵੈਣਾ ਨੂੰ ਠੱਲਣਾ ਹੈ।ਇਸ ਉਪਰਾਲੇ ਨਾਲ ਜ਼ਿੰਮੇਵਾਰ ਲੋਕ ਸੁਚੇਤ ਹੋਣਗੇ।ਆਪਣੇ ਲੋਕਾਂ ਨਾਲ ਹਮਦਰਦੀ ਕਰਦੇ ਹੋਏ ਉਹਨਾਂ ਨੂੰ ਇਸ ਦਲ ਦਲ ਵਿਚ ਧਸਣ ਤੋਂ ਬਚਾਉਣਗੇ।ਸਾਰੀਆਂ ਰਚਨਾਵਾਂ ਨਸ਼ਿਆਂ ਤੋਂ ਸਾਵਧਾਨ ਕਰਦੀਆਂ ਸਾਦੇ ਜੀਵਨ ਨੂੰ ਤਰਜੀਹ ਦਿੰਦੀਆਂ ਹਨ।


