ਜੇਕਰ ਇਹ ਕਹਿ ਲਿਆ ਜਾਵੇ ਕਿ ਪੰਜਾਬ ਵਿੱਚ ਹੁਣ ਸ਼ਰੀਫਾਂ ਦਾ ਰੱਬ ਹੀ ਰਾਖਾ ਹੈ, ਤਾਂ ਕੋਈ ਵੀ ਝੂਠ ਨਹੀਂ ਹੋਵੇਗਾ। ਨਸ਼ਾ ਤਾਂ ਹਰ ਤਰ੍ਹਾਂ ਦਾ ਹੀ ਭਿਆਨਕ ਹੁੰਦਾ ਹੈ, ਪਰ ਸੱਤਾ ਦਾ ਨਸ਼ਾ ਜਿਸ ਸਿਰ ਨੂੰ ਚੜ੍ਹ ਜਾਵੇ ਤਾਂ ਉਹ ਬੰਦਾ ਹੋਰਨਾਂ ਨੂੰ ਬੰਦੇ ਨਹੀਂ ਸਮਝਦਾ। ਕੁਝ ਇਹੋ ਜਿਹਾ ਹਾਲ ਪੰਜਾਬ ਦੀ ਸੱਤਾ ’ਤੇ ਕਾਬਜ਼ ਤੇ ਤਕਰੀਬਨ ਨਿੱਜੀ ਟਰਾਂਸਪੋਰਟ ’ਤੇ ਵੀ ਕਾਬਜ਼ ਬਾਦਲਕਿਆਂ ਦੇ ‘ਸਕੇ ਸੋਧਰਿਆਂ’ ਦਾ ਹੈ।

ਪੰਥ ਰਤਨ ਫ਼ਖਰ-ਏ-ਕੌਮ ਵਰਗੇ ਉਪਾਧੀਆਂ ਲੈਣ ਵਾਲੇ ਸ. ਪਰਕਾਸ਼ ਸਿੰਘ ਬਾਦਲ ਦੀ ਹਕੂਮਤ ਵਿੱਚ ਹੀ ਗੁੰਡਾਗਰਦੀ ਸਭ ਹੱਦਾਂ ਬੰਨੇ ਟੱਪਦੀ ਜਾ ਰਹੀ ਹੈ। ਹਕੂਮਤ ਦੇ ਨਸ਼ੇ ਵਿੱਚ ਤੇ ਸਿਆਸੀ ਥਾਪੜੇ ਕਾਰਨ ਬਾਦਲਕਿਆਂ ਦੇ ‘ਲਾਡਲੇ’ ਸੈਂਕੜੇ ਲੋਕਾਂ ਦੇ ਸਾਹਮਣੇ ਪੱਤਰਕਾਰ ਨੂੰ ਲਲਕਾਰਦੇ ਹਨ । ਅਸੀਂ ਤੁਹਾਡੇ ਵਰਗੇ ਬਥੇਰੇ ਬੱਸਾਂ ਹੇਠ ਦੇ ਦੇ ਕੇ ਮਾਰੇ ਨੇ।’’. . . . ਬਾਦਲ ਟੱਬਰ ਦੀ ਬੱਸ ਓਰਬਿਟ ਦਾ ਡਰਾਈਵਰ ਮੋਬਾਇਲ ਸੁਣਦੇ ਹੋਏ ਸਵਾਰੀਆਂ ਦੀ ਜਾਨ ਨਾਲ ਖੇਡਦਾ ਰਿਹਾ ਤੇ ਫ਼ੋਟੋ ਖਿੱਚਣ ’ਤੇ ਇਹ ਸਾਰਾ ਸੱਤਾ ਦੇ ਨਸ਼ੇ ਨਾਲ ਪਲ ਰਿਹਾ ਇਹ ਗੈਂਗ ਐਨਾ ਅੱਗ ਬਬੂਲਾ ਹੋ ਜਾਂਦਾ ਹੈ ਕਿ ਫ਼ੋਟੋ ਖਿੱਚਣ ਵਾਲੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਹੈ।

ਮਾਮਲਾ ਕੁਝ ਇਸ ਪ੍ਰਕਾਰ ਹੈ ਕਿ ਬਰਨਾਲਾ ਤੋਂ ਬਠਿੰਡਾ ਰੂਟ ’ਤੇ ਓਰਬਿਟ ਕੰਪਨੀ ਦੀ ਬੱਸ ਨੰਬਰ ਪੀ. ਬੀ. 03 ਐਫ਼ 7509 ਚੱਲੀ ਤਾਂ ਬੱਸ ਅੱਡੇ ਵਿੱਚੋਂ ਬਾਹਰ ਨਿਕਲਦਿਆਂ ਹੀ ਬੱਸ ਡਰਾਈਵਰ ਨੇ ਉੱਚੀ ਆਵਾਜ਼ ਵਿੱਚ ਐਲ. ਸੀ. ਡੀ. ’ਤੇ ਗਾਣੇ ਚਲਾਉਣ ਤੋਂ ਬਾਅਦ ਮੋਬਾਇਲ ਸੁਣਨਾ ਸ਼ੁਰੂ ਕੀਤਾ, ਉਸ ਦਾ ਸਾਰਾ ਧਿਆਨ ਮੋਬਾਇਲ ’ਤੇ ਹੋਣ ਕਾਰਣ ਬਹੁਤਾ ਚਿਰ ਉਹ ਬੱਸ ਇਧਰ ਉਧਰ ਲਾਪਰਵਾਹੀ ਨਾਲ ਚਲਾਉਂਦਾ ਰਿਹਾ ਅਤੇ ਬੱਸ ਦੀਆਂ ਸਵਾਰੀਆਂ ਤੇ ਸੜਕ ’ਤੇ ਚੱਲ ਰਹੇ ਵਾਹਨ ਚਾਲਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਦਾ ਰਿਹਾ।
ਪੰਜਾਬ ਹੀ ਨਹੀਂ ਦੇਸ਼ ਦੇ ਟਰਾਫਿਕ ਨਿਯਮਾਂ ਮੁਤਾਬਕ ਡਰਾਈਵਿੰਗ ਕਰਦਿਆਂ ਮੋਬਾਇਲ ਫੋਨ ਸੁਣਨਾ ਗੈਰ ਕਾਨੂੰਨੀ ਹੈ, ਇਸ ਦਾ ਗਿਆਨ ਸ਼ਾਇਦ ਸੱਤਾਧਾਰੀਆਂ ਦੇ ਥਾਪੜੇ ਹੇਠ ਕੰਮ ਕਰ ਰਹੇ ਬਾਦਲਕਿਆਂ ਦੇ ਨਿੱਜੀ ਕਰਿੰਦਿਆਂ ਨੂੰ ਨਹੀਂ, ਪਰ ਲੋਕਤੰਤਰ ਦੇ ਅਹਿਮ ਥੰਮ੍ਹ ਦਾ ਹਿੱਸਾ ਪੱਤਰਕਾਰਾਂ ਨੂੰ ਤਾਂ ਹੈ, ਇਸੇ ਕਰਕੇ ਸਵਾਰੀਆਂ ਦੀ ਜ਼ਿੰਦਗੀ ਨਾਲ ਖੇਡ ਰਹੇ ਓਰਬਿਟ ਦੇ ਡਰਾਈਵਰ ਦੀ ਫੋਨ ਸੁਣਦਿਆਂ ਤੇ ਲਾਪਰਵਾਹੀ ਨਾਲ ਤੇਜ਼ ਰਫਤਾਰ ਨਾਲ ਬੱਸ ਚਲਾਉਂਦੇ ਦੀ ਸਾਡੇ ਪੱਤਰਕਾਰ ਨੇ ਫੋਟੋ ਖਿੱਚਣ ਦੀ ਹਿਮਾਕਤ ਕਰ ਲਈ ਤਾਂ ਓਰਬਿਟ ਦਾ ‘ਸਟਾਫ਼’ ਭੜਕ ਗਿਆ। ਫਲੈਸ਼ ਵੱਜਣ ’ਤੇ ਉਹ ਕਹਿਣ ਲੱਗੇ ‘ਓਏ ਤੂੰ ਕੌਣ ਹੁੰਦਾ ਏ. . ਸਾਡੀ ਫੋਟੋ ਲੈਣ ਵਾਲਾ।’’
ਉਹਨਾਂ ਨੇ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਪੱਤਰਕਾਰ ਨੇ ਕਿਹਾ ਕਿ ਮੇਰੇ ਨੇੜੇ ਆਉਣ ਦੀ ਲੋੜ ਨਹੀਂ ਹੈ। ਫਿਰ ਡਰਾਈਵਰ ਨੇ ਗਾਲ ਕੱਢ ਕੇ ਕਿਹਾ ਕਿ ‘ਇਸ . . . ਨੂੰ ਘੜੀਸ ਕੇ ਬਾਰੀ ਵਿੱਚੋਂ ਬਾਹਰ ਸੁੱਟੋ ਆਪੇ ਟਾਇਰ ਹੇਠ ਆ ਕੇ ਮਾਰਿਆ ਜਾਵੇਗਾ।’ ਪੱਤਰਕਾਰ ਨੇ ਇਸ ਰੌਲੇ ਰੱਪੇ ਦੇ ਦਰਮਿਆਨ ਹੀ ਇਹ ਸਾਰੀ ਜਾਣਕਾਰੀ ਸਾਥੀ ਪੱਤਰਕਾਰਾਂ ਨੂੰ ਫ਼ੋਨ ਰਾਹੀਂ ਦੇ ਦਿੱਤੀ। ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਬਠਿੰਡਾ ਤੱਕ 60 ਰੁਪਏ ਦੀ ਟਿਕਟ ਹੋਣ ’ਤੇ ਵੀ ਤਪੇ ਤੱਕ ਕਾਫੀ ਜੱਦੋ-ਜਹਿਦ ਮਗਰੋਂ ਪੁੱਜਣ ’ਤੇ ਉਹਨਾਂ ਨੇ ਤਪੇ ਬਾਈਪਾਸ ਬੱਸ ਅੱਡੇ ’ਤੇ ਜਬਰੀ ਉੱਤਰਨ ਲਈ ਮਜਬੂਰ ਕੀਤਾ। ਜਦੋਂ ਤਪੇ ਉੱਤਰ ਕੇ ਬੱਸ ਦਾ ਨੰਬਰ ਨੋਟ ਕੀਤਾ ਗਿਆ ਤਾਂ ਓਰਬਿਟ ਸਟਾਫ਼ ਦੇ ਤਿੰਨੋਂ ਜਣੇ ਗੁੰਡਿਆਂ ਵਾਂਗ ਬਾਰੀਆਂ ਵਿੱਚ ਖੜ੍ਹ ਕੇ ਲਲਕਾਰਦੇ ਹੋਏ ਕਹਿ ਰਹੇ ਸਨ ਕਿ ਅਜੇ ਤਾਂ ਸਾਡੀ 3 ਸਾਲ ਸਰਕਾਰ ਹੋਰ ਹੈ, ਲਾ ਦਿਓ ਖ਼ਬਰ. . ਦੇਖ ਲਾਂਗੇ. . . ਵੱਡੇ ਪੱਤਰਕਾਰਾਂ ਨੂੰ. . ਜੇ ਜ਼ਿਆਦਾ ਗਰਮੀ ਕੱਢਣੀ ਏ ਤਾਂ ਦਫ਼ਤਰ ਆ ਜਾਵੀਂ ਟੈਮ ਬੰਨ੍ਹ ਕੇ. . ।ਇਹ ਸਾਰੀ ਬਦਮਾਸ਼ੀ ਸਵਾਰੀਆਂ ਦੇ ਸਾਹਮਣੇ ਹੋਈ ਪਰ ਮਾਨਸਿਕ ਰੂਪ ਵਿਚ ਅਪਾਹਜ ਹੋ ਗਏ ਜਾਂ ਫਿਰ ਕਰ ਦਿੱਤੇ ਗਏ ਲੋਕ ਖ਼ਾਮੋਸ਼ ਸਨ। ਲਗਾਤਾਰ ਲਲਕਾਰੇ ਵੱਜਦੇ ਰਹੇ। ਗੁੰਡਾਗਰਦੀ ਇਸ ਤੋਂ ਅੱਗੇ ਸਾਰੀਆਂ ਹੱਦਾਂ ਪਾਰ ਕਰ ਗਈ। ਇਸ ਤੋਂ ਮਗਰੋਂ ਅਗਲੀ ਓਰਬਿਟ ਨੰਬਰ ਪੀ. ਬੀ. 3 ਯੂ. 3735 ਵਿੱਚ ਚੜ੍ਹ ਜਾਣ ’ਤੇ ਉਹਨਾਂ ਨੇ ਇਹ ਬੱਸ ਕੁਝ ਅੱਗੇ ਜਾ ਕੇ ਘੇਰ ਲਈ ਤੇ ਕਹਿਣ ਲੱਗੇ ਕਿ ਇਸ ਸ਼ਖਸ ਨੇ ਆਪਣੇ ਡਰਾਈਵਰ ਦੀ ਫ਼ੋਨ ਸੁਣਦੇ ਦੀ ਫ਼ੋਟੋ ਖਿੱਚੀ ਹੋਈ ਹੈ ਇਸ ਨੂੰ ਬੱਸ ’ਚੋਂ ਲਾਹੋ ਤੇ ਸਬਕ ਸਿਖਾਓ. . ਅਗਲੀ ਓਰਬਿਟ ਦੇ ਡਰਾਈਵਰ ਨੇ ਵੀ ਪੱਤਰਕਾਰ ਨੂੰ ਅੱਧਵਾਟੇ ਹੀ ਲਾਹ ਦਿੱਤਾ। ਕੋਈ ਸਵਾਰੀ ਇਸ ਬੱਸ ਦੀ ਵੀ ਨਾ ਬੋਲੀ, ਸੱਤਾ ਦੇ ਨਸ਼ੇ ’ਚ ਗੜੁੱਚ ਓਰਬਿਟ ਦਾ ਸਟਾਫ ਪੂਰੀ ਗੁੰਡਾਗਰਦੀ ਵਿਖਾਉਂਦਾ ਰਿਹਾ।
ਪੱਤਰਕਾਰ ਅਗਲੀ ਬੱਸ ਜੋ ਆਹਲੂਵਾਲੀਆ ਕੰਪਨੀ ਦੀ ਸੀ, ਉਸ ਵਿੱਚ ਚੜ੍ਹ ਗਿਆ, ਤਾਂ ਭੁੱਚੋ ਨੇੜੇ ਉਕਤ ਓਰਬਿਟ ਵਾਲਿਆਂ ਨੇ ਆਪਣੇ ਹੋਰ ਗੁੰਡੇ ਇਕੱਠੇ ਕਰਕੇ ਬੱਸ ਰੋਕੀ ਹੋਈ ਸੀ, ਕੁਝ ਸਿਆਣਪ ਵਰਤਦਿਆਂ ਤੇ ਇਕ ਸਾਥੀ ਦੇ ਕਹਿਣ ’ਤੇ ਪੱਤਰਕਾਰ ਪਿਛਾਂਹ ਹੀ ਉੱਤਰ ਗਿਆ, ਇਹ ਤੈਅ ਸੀ ਕਿ ਜੇ ਇਹ ਪੱਤਰਕਾਰ ਭੁੱਚੋ ਓਰਬਿਟ ਦੇ ਗੁੰਡਿਆਂ ਦੇ ਹੱਥ ਆ ਜਾਂਦਾ ਤਾਂ ਸਚਮੁੱਚ ਉਸ ਨੇ ਘਰ ਕਦੀ ਨਹੀਂ ਸੀ ਪਰਤਣਾ, ਤੇ ਖੁਦ ਇਕ ਖਬਰ ਬਣਿਆ ਹੋਣਾ ਸੀ ਕਿ ਸ਼ਾਇਦ ਹਾਦਸੇ ਦਾ ਸ਼ਿਕਾਰ ਬਣਾ ਦਿੱਤਾ ਜਾਂਦਾ..। ਜੋਸ਼ ਨਾਲੋਂ ਹੋਸ਼ ਨੇ ਜ਼ਿੰਦਗੀ ਬਚਾਈ ਤੇ ਅਵਾਮ ਸਾਹਮਣੇ ਹਕੂਮਤ ਦੇ ਮੌਰਾਂ ’ਤੇ ਬਹਿ ਕੇ ਹੋ ਰਹੀ ਗੁੰਡਾਗਰਦੀ ਦੀ ਹਕੀਕਤ ਵੀ ਬਿਆਨ ਦਿੱਤੀ।
ਓਰਬਿਟ ਵਾਲਿਆਂ ਦੇ ਆਪਣੇ ਹੀ ਕਾਨੂੰਨ ਆਪਣੇ ਹੀ ਅਸੂਲ
ਸੱਤਾ ਦੇ ਨਸ਼ੇ ਵਿੱਚ ਆਪ ਹੁਦਰੀਆਂ ਕਰਨ ਵਾਲੇ ਓਰਬਿਟ ਸਟਾਫ਼ ਦੇ ਆਪਣੇ ਹੀ ਅਸੂਲ ਤੇ ਆਪਣੇ ਹੀ ਕਾਨੂੰਨ ਬਣਾਏ ਹੋਏ ਹਨ, ਉਹ 2 ਰੁਪਏ ਤੋਂ ਲੈ ਕੇ 5 ਰੁਪਏ ਤੱਕ ਦਾ ਵੱਧ ਕਿਰਾਇਆ ਤਾਂ ਵਸੂਲਦੇ ਹੀ ਨੇ ਸਗੋਂ ਉਹਨਾਂ ਦੀਆਂ ਟਿਕਟਾਂ ’ਤੇ ਕਾਨੂੰਨ ਮੁਤਾਬਕ ਬੱਸ ਕੰਪਨੀ ਦਾ ਨਾਂਅ ਵੀ ਨਹੀਂ ਛਾਪਿਆ ਜਾਂਦਾ ਸਗੋਂ ਬਹੁਤੀਆਂ ਟਿਕਟਾਂ ਦੇ ਹੇਠਲਾ ਨੰਬਰ ਵੀ ਫਾੜ ਦਿੱਤਾ ਜਾਂਦਾ ਹੈ।ਜਦੋਂ ਓਰਬਿਟ ਵਾਲਿਆਂ ਦੀ ਗੁੰਡਾਗਰਦੀ ਵਿਰੁੱਧ ਗੂੰਜੇ ਸਨ ਨਾਅਰੇ ਪਰ ਦਹਿਸ਼ਤ ਬਰਕਰਾਰ ਹੈ।
ਓਰਬਿਟ ਵਾਲਿਆਂ ਵੱਲੋਂ ਗੁੰਡਾਗਰਦੀ ਕਰਨ ’ਤੇ ਵਰਲਡ ਕਬੱਡੀ ਕੱਪ ਦੇ ਉਦਾਘਟਨ ਤੋਂ ਪਹਿਲਾ ਹੀ ਬਾਦਲ ਕੇ ਸ਼ਾਹੀ ਹਲਕਾ ਬਠਿੰਡਾ ਵਿੱਚ ਜਬਰਦਸਤ ਪ੍ਰਦਸ਼ਨ ਹੋਇਆ ਸੀ। 29 ਨਵੰਬਰ ਨੂੰ ਇਹਨਾਂ ਦੀ ਵੋਲਵੋ ਜੋ ਪਟਿਆਲਾ ਤੋਂ ਅਬੋਹਰ ਚੱਲਦੇ ਹੈ ਦਾ ਬਠਿੰਡਾ ਦੇ ਬੱਸ ਸਟੈਂਡ ਕਾਊਂਟਰ ’ਤੇ 6:21 ਵਜੇ ਦਾ ਟਾਈਮ ਸੀ ਪਰ ਇਸ ਦੇ ਡਰਾਈਵਰ ਤੇ ਕੰਡਕਟਰ ਨੇ ਸੱਤਾ ਦੇ ਹੌਸਲੇ ਵਿੱਚ 6:26 ’ਤੇ ਕਾਊਂਟਰ ’ਤੇ ਲਗਾ ਕੇ ਸਾਢੇ 6 ਤੋਰੀ ਜਦੋਂ ਕਿ ਇਸ ਦੇ ਮਗਰ ਹੀ ਪੀ. ਆਰ. ਟੀ. ਸੀ. ਬਠਿੰਡਾ ਤੋਂ ਮਲੋਟ ਦਾ ਸਮਾਂ 6:35 ’ਤੇ ਚੱਲਣ ਦਾ ਹੈ। ਪੀ. ਆਰ. ਟੀ. ਸੀ. ਦੇ ਕੰਡਕਟਰ ਸੁਖਜਿੰਦਰ ਸਿੰਘ ਨੇ ਜਦੋਂ ਇਸ ’ਤੇ ਇਤਰਾਜ ਕੀਤਾ ਤਾਂ ਮਾਮਲਾ ਤੂੰ-ਤੂੰ, ਮੈਂ-ਮੈਂ ਤੱਕ ਪੁੱਜ ਗਿਆ ਸੀ। ਉਸ ਵੇਲੇ ਤਾਂ ਇਸ ਵਾਰ ਓਰਬਿਟ ਵਾਲੇ ਤੁਰ ਗਏ ਪਰ ਸ਼ਾਮ ਨੂੰ 15-20 ਲੱਠਮਾਰਾਂ ਨੂੰ ਲਿਆ ਕੇ ਕੰਡਕਟਰ ਸੁਖਜਿੰਦਰ ਸਿੰਘ ਦੀ ਕੁੱਟਮਾਰ ਕੀਤੀ ਪਰ ਬਠਿੰਡਾ ਬੱਸ ਸਟੈਂਡ ਵਿੱਚ ਪੁਲਿਸ ਚੌਂਕੀ ਮੁਲਾਜ਼ਮਾਂ ਨੇ ਕੋਈ ਸਟੈਂਡ ਨਾ ਲਿਆ। ਸੁਖਮੰਦਰ ਸਿੰਘ ਏਟਕ ਦਾ ਸਕੱਤਰ ਵੀ ਹੈ। ਇਸ ਕੁੱਟਮਾਰ ਤੋਂ ਮਗਰੋਂ ਪੀੜ੍ਹਤ ਕੰਡਕਟਰ ਅਤੇ ਹੋਰ ਵਰਕਰਾਂ ਨੇ ਬਠਿੰਡਾ ਦੇ ਬੱਸ ਅੱਡੇ ਸਥਿਤ ਚੌਂਕੀ ਵਿੱਚ ਗਏ, ਜਿੱਥੇ ਪੁਲਿਸ ਨੇ ਵਰਲਡ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਲਈ ਰੁਝੇ ਹੋਣ ਦੀ ਗੱਲ ਕਰਦਿਆ ਕਿਹਾ ਕਿ ਉਹ ਦੂਜੇ ਦਿਨ ਸਵੇਰ 9 ਵਜੇ ਤੱਕ ਸਾਰੇ ਲੱਠਮਾਰਾਂ ’ਤੇ ਪਰਚੇ ਕਰਕੇ ਉਹਨਾਂ ਨੂੰ ਗਿਰਫ਼ਤਾਰ ਕਰਨ ਦਾ ਵਾਅਦਾ ਕਰਦੇ ਹਨ ਪਰੰਤੂ ਦੂਜੇ ਸਵਾ ਦਸ ਵਜੇ ਤੱਕ ਵੀ ਪੁਲਿਸ ਦੀ ਕੋਈ ਕਾਰਵਾਈ ਨਾ ਹੋਣ ’ਤੇ ਅੱਕੇ ਮੁਲਾਜ਼ਮਾਂ ਨੇ ਸਰਕਾਰੀ ਬੱਸਾਂ ਟੇਡੀਆਂ ਲਗਾ ਕੇ ਜਾਮ ਲਾ ਦਿੱਤਾ ਅਤੇ ਮੁੱਖ ਚੌਂਕ ਵਿੱਚ ਬਾਦਲ ਹਕੂਮਤ ਵਿਰੁੱਧ ਰੱਜ ਕੇ ਭੜਾਸ ਕੱਢਦਿਆ ‘ਬਾਦਲ ਦੇ ਦੱਲੇ ਮੁਰਦਾਬਾਦ’, ‘ਸੁਖਬੀਰ ਮਾਮਾ ਮਰ ਗਿਆ-ਮਾਮੀ ਰੰਡੀ ਕਰ ਗਿਆ’, ‘ਪੰਜਾਬ ਨੂੰ ਲੁੱਟਣ ਵਾਲੀ ਸਰਕਾਰ ਮੁਰਦਾਬਾਦ’ ਦੇ ਨਾਅਰਿਆਂ ਨਾਲ ਸ਼ਹਿਰ ਗੂੰਜਾ ਦਿੱਤਾ। ਇਸ ਦੇ ਬਾਵਜੂਦ ਬਠਿੰਡਾ ਦੇ ਬੱਸ ਸਟੈਡ ਵਿੱਚ ਓਰਬਿਟ ਵਾਲਿਆਂ ਦੀ ਦਹਿਸ਼ਤ ਸਾਹਮਣੇ ਸਰਕਾਰੀ ਬੱਸਾਂ ਵਾਲੇ ਚੁੱਪ ਕਰ ਦੜ ਵੱਟ ਵਾਲੀ ਕਹਾਵਤ ਅਪਣਾਕੇ ਸਿਰਫ ਤੇ ਸਿਰਫ ਟਾਈਮ ਹੀ ਕੱਢ ਰਹੇ ਹਨ।
‘ਅਸੀਂ ਤਾਂ ਬਾਦਲਕਿਆ ਤੋਂ ਕੁੱਟ ਖਾ ਕੇ ਚੁੱਪ ਕਰ ਜਾਂਦੇ ਹਾਂ’-ਪੰਜਾਬ ਪੁਲਿਸ ਦਾ ਇੱਕ ਏ. ਐਸ. ਆਈ
‘ਪਰ ਅਸੀਂ ਤਾਂ ਕੁੱਟ ਖਾ ਕੇ ਚੁੱਪ ਨਹੀਂ ਕਰਾਂਗੇ’-ਪੀ. ਆਰ. ਟੀ. ਸੀ. ਦਾ ਇੱਕ ਕੰਡਕਟਰ
ਧਰਨੇ ਦੇ ਨੇੜੇ ਹੀ ਇੱਕ ਹੋਰ ਦਿਲਚਸਪ ਕਹਾਣੀ ਵਾਪਰੀ ਸੀ। ਪੰਜਾਬ ਪੁਲਿਸ ਦੇ ਇੱਕ ਏ. ਐਸ. ਆਈ. ਨੇ ਪੀ. ਆਰ. ਟੀ. ਸੀ. ਦੇ ਕੰਡਕਟਰਾਂ ’ਤੇ ਆਪਣੀ ਖਾਕੀ ਦਾ ਰੋਹਬ ਪਾਉਦਿਆ ਕਿਹਾ ਸੀ ਕਿ ਕਿਉਂ ਲੋਕਾਂ ਨੂੰ ਤੰਗ ਕਰੀ ਜਾ ਰਹੇ ਹੋ ਤਾਂ ਕੰਡਕਟਰ ਦਾ ਕਹਿਣਾ ਸੀ ਕਿ ਜੇ ਅਸੀਂ ਲੋਕਾਂ ਨੂੰ ਤੰਗ ਕਰਾਂਗੇ ਤਾਂ ਹੀ ਸਰਕਾਰ ਸਾਡੀ ਸੁਣੂ। ਕੀ ਤੁਸੀਂ ਬਾਦਲਕਿਆ ਤੋਂ ਕੁੱਟ ਖਾ ਕੇ ਚੁੱਪ ਕਰ ਜਾਵੋਗੇ ਤਾਂ ਪੁਲਿਸ ਵਾਲਾ ਕਹਿੰਦਾ ਕਿ ਅਸੀਂ ਤਾਂ ਬਾਦਲਕਿਆ ਤੋਂ ਕੁੱਟ ਖਾ ਕੇ ਚੁੱਪ ਕਰ ਜਾਂਦੇ ਹਾਂ ਤਾਂ ਉਸ ਕੰਡਕਟਰ ਨੇ ਹੌਂਸਲੇ ਨਾਲ ਉੱਤਰ ਦਿੰਦਿਆ ਕਿਹਾ ਕਿ ਤੁਸੀਂ ਤਾਂ ਕੁੱਟ ਖਾ ਕੇ ਚੁੱਪ ਕਰ ਜਾਂਦੇ ਹੋ ਪਰ ਅਸੀਂ ਨਹੀਂ ਚੁੱਪ ਕਰ ਸਕਦੇ। ਕੋਲ ਖੜੇ ਹੋਰ ਕੰਡਕਟਰਾਂ ਅਤੇ ਲੋਕਾਂ ਨੇ ਹਾਸੜ ਚੱਕ ਦਿੱਤਾ ਤਾਂ ਪੁਲਿਸ ਅਫ਼ਸਰ ਚੁੱਪ ਕਰਕੇ ਪਾਸੇ ਜਾ ਖੜਾ।


