
ਅੰਮਿ੍ਰਤਸਰ ਜ਼ਿਲ੍ਹੇ ਦੇ ਅਜਨਾਲਾ ਥਾਣੇ ਵਿੱਚ ਸਥਿਤ ‘ਕਾਲਿਆਂਵਾਲਾ ਖੂਹ’ ਅੰਗਰੇਜ ਹਾਕਮਾਂ ਵੱਲੋਂ ਭਾਰਤੀਆਂ ਉਪਰ ਕੀਤੇ ਜਾਂਦੇ ਅੰਤਾਂ ਦੇ ਜੁਲਮਾਂ-ਸਿਤਮਾਂ ਦੀ ਨਿਸ਼ਾਨੀ ਹੈ। ਇਸ ਖੂਹ ਦਾ ਨਾਮ ਵੀ ਕਾਲੇ ਕਹੇ ਜਾਂਦੇ ਭਾਰਤੀਆਂ ਨਾਲ ਬਰਤਾਨਵੀ ਹਕੂਮਤ ਵੱਲੋ ਉਨ੍ਹਾਂ ਦੀ ਹੀ ਮਾਤਭੂਮੀ ’ਤੇ, ਉਨ੍ਹਾਂ ਦੀ ਹੀ ਕਿਰਤ ਸ਼ਕਤੀ ਅਤੇ ਉਨ੍ਹਾਂ ਦੇ ਹੀ ਦੇਸ਼ ਦੀ ਧਨ-ਦੌਲਤ ਦੀ ਲੁੱਟ ਕਰਕੇ ਉਨ੍ਹਾਂ ਨਾਲ ਵਿਕਤਰੇ ਅਤੇ ਜਲੀਲਤਾ ਨੂੰ ਦਰਸਾਉਂਦਾ ਹੈ। ਅੰਗਰੇਜੀ ਰਾਜ ਸਮੇਂ 1857 ਦੀ ਬਗਾਵਤ ਨੂੰ ਦਬਾਉਣ-ਕੁਚਲਣ ਲਈ ਦੇਸ਼ ਦੇ ਚੌਪਾਸੀਂ ਅੰਗਰੇਜ ਸਿਪਾਹੀ, ਅੰਗਰੇਜ਼ਪ੍ਰਸਤ ਦਲਾਲ ਰਾਜੇ, ਜਗੀਰਦਾਰ ਤੇ ਵਫਾਦਾਰ ਸਰਦਾਰਾਂ ਦੀ ਇਕੱਠੀ ਹੋਈ ਜੁੰਡਲੀ ਵੱਲੋਂ ਬਾਗੀਆਂ ਨੂੰ ਹਰ ਵਹਿਸ਼ੀ ਢੰਗ-ਤਰੀਕਿਆਂ ਨਾਲ ਕੁਚਲਿਆ ਜਾ ਰਿਹਾ ਸੀ। ਮੁਟਿਨੀ ਐਕਟ ਲਾਗੂ ਕਰਕੇ ਸ਼ੱਕੀ ਬਾਗੀਆਂ ਨੂੰ ਕੋਰਟ ਮਾਰਸ਼ਲ ਤੋਂ ਲੈ ਕੇ ਵੱਖ-ਵੱਖ ਜਾਲਮ ਤੌਰ-ਤਰੀਕਿਆਂ ਨਾਲ ਮੌਤ ਤੱਕ ਦੀ ਸਜ਼ਾ ਦਿੱਤੇ ਜਾਣ ਦਾ ਅਮਲ ਚੱਲਿਆ।
ਜ਼ਿੰਦਾ ਜਾਂ ਮੁਰਦਾ ਬਾਗੀਆਂ ਨੂੰ ਫੜਾਉਣ ਲਈ ਇਨਾਮਾਂ ਦੇ ਐਲਾਨ ਕੀਤੇ ਗਏ। ਉਨ੍ਹਾਂ ਨੂੰ ਦਹਿਸ਼ਤਜ਼ਦਾ ਕਰਨ ਲਈ ਤੋਪਾਂ ਨਾਲ ਉਡਾਇਆ ਜਾਣ ਲੱਗਾ। ਬਾਗੀਆਂ ਨੂੰ ਕੁਚਲਣ ਲਈ ਪੰਜਾਬ ਦੇ ਵਫਾਦਾਰ ਰਾਜਿਆਂ, ਜਗੀਰਦਾਰਾਂ ਤੇ ਸਰਦਾਰਾਂ ਦੀ ਨਿੱਜੀ ਫੌਜ਼ ਦੀ ਮੱਦਦ ਲੈ ਕੇ ਅੰਗਰੇਜ਼ ਹਕੂਮਤ ਨੇ ਇਨ੍ਹਾਂ ਬਾਗੀ ਦੇਸ਼ਭਗਤਾਂ ਖਿਲਾਫ਼ੳਮਪ; ਸਾਂਝੀ ਵਫਾਦਾਰ ਫੌਜ਼ ਬਣਾਈ। ਅੰਗਰੇਜ਼ ਸਰਕਾਰ ਦੀ ਚਾਕਰੀ ਕਰਨ ਵਾਲੇ ਇਨ੍ਹਾਂ ਵਫਾਦਾਰ ਰਾਜਿਆਂ, ਜਗੀਰਦਾਰਾਂ ਤੇ ਸਰਦਾਰਾਂ ਨੇ ਜਾਗੀਰਾਂ-ਜਾਇਦਾਦਾਂ, ਰੁਤਬਿਆਂ ਦੇ ਲਾਲਚ ਤੇ ਅੰਗਰੇਜ਼ਾਂ ਦੀਆਂ ਚਾਲਾਂ ‘ਚ ਆ ਕੇ ਹਜ਼ਾਰਾਂ ਹਿੰਦੋਸਤਾਨੀਆਂ ਨੂੰ ਆਪਣੇ ਹੀ ਦੇਸ਼ ਦੇ ਮਿਹਨਕਸ਼ ਲੋਕਾਂ ਖਿਲਾਫ ਅੰਗਰੇਜ਼ਾਂ ਦੀ ਫੌਜ਼ ਵਿੱਚ ਭਰਤੀ ਕਰਵਾਉਣ ਦੀ ਮਦਦ ਕਰਨ ਨੀਚਤਾ ਵਿਖਾਈ। ਉਨ੍ਹਾਂ ਨੇ ਬਾਗੀਆਂ ਨੂੰ “ਪੂਰਬੀਏ” ਕਹਿਕੇ ਕਈ ਅਫਵਾਹਾਂ ਫੈਲਾਈਆਂ।

ਬਚੇ ਬਾਗੀ ਸਿਪਾਹੀਆਂ ਨੂੰ ਗੋਲੀਆਂ ਮਾਰਕੇ ਅੱਧਮੋਏ ਤੇ ਸਹਿਕਦੀ ਹਾਲਤ ਵਿੱਚ ਹੀ ਖੂਹ ਵਿੱਚ ਸੁੱਟਕੇ ਖੂਹ ਨੂੰ ਮਿੱਟੀ ਨਾਲ ਭਰ ਦਿੱਤਾ ਗਿਆ। ’ਤੇ ਇਉਂ ਗ਼ਦਰ ਦੀ ਬਾਗੀ ਸੁਰ ਨੂੰ, ਸ਼ਹੀਦਾਂ ਵਾਲੇ ਖੂਹ ਦੇ ਅਮਰ ਸ਼ਹੀਦ ਬਾਗੀਆਂ ਦੇ ਜਿਸਮ ਨੂੰ ਦਬਾਅ ਤਾਂ ਦਿੱਤਾ ਗਿਆ ਪਰ ਬਗਾਵਤ ਦੀ ਉਹ ਵਿਰਾਸਤ ਅੱਜ ਤੱਕ ਕਦੇ ਖ਼ਤਮ ਨਹੀਂ ਹੋਈ, ਉਹ ਕਿਸੇ ਨਾ ਕਿਸੇ ਰੂਪ ‘ਚ ਨਿਰੰਤਰ ਜਾਰੀ ਰਹਿ ਰਹੀ ਹੈ। ਅੱਜ ਫੇਰ ਅੰਗਰੇਜਪ੍ਰਸਤ ਲੋਕ ਦੁਸ਼ਮਣ ਤਾਕਤਾਂ, ਜਿਨ੍ਹਾਂ ਦੇ ਪੁਰਖੇ ਅੰਗਰੇਜ਼ ਸਰਕਾਰ ਦੇ ਵਫਾਦਾਰ ਬਣਕੇ ਰਾਏ ਬਹਾਦੁਰ, ਸਰਦਾਰ ਬਹਾਦੁਰ ਦੇ ਰੁਤਬੇ ਹਾਸਲ ਕਰਦੇ ਰਹੇ, ਜਿੰਨ੍ਹਾਂ ਨੂੰ ਅੰਗਰੇਜ਼ ਦਰਬਾਰ ਅੰਦਰ ਬਾਗੀਆਂ ਦੀ ਮੌਤ ਦੀ ਖੁਸ਼ੀ ‘ਚ ਦਾਅਵਤਾਂ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਦੇ ਵਾਰਸਾਂ ਨੂੰ ‘ਕਾਲਿਆਂਵਾਲੇ ਖੂਹ’ ਦੇ ਬਾਗੀ ਸ਼ਹੀਦਾਂ ਦੀਆਂ ਅਸਥੀਆਂ ਵੀ ਡਰਾ ਰਹੀਆਂ ਹਨ। ਉਹ ਉਨ੍ਹਾਂ ਸ਼ਹੀਦਾਂ ਦੀ ਅਮੀਰ ਵਿਰਾਸਤ ਨੂੰ ਮੁੜ ਖਤਮ ਕਰਨ ਲਈ ਕਾਹਲੇ ਹਨ ਤੇ ਬੌਂਦਲੇ ਹੋਏ ਸ਼ਹੀਦਾਂ ਦੇ ਵਿਰੋਧ ‘ਚ ਤਰ੍ਹਾਂ-ਤਰ੍ਹਾਂ ਦੇ ਬਿਆਨ ਦਾਗ ਰਹੇ ਹਨ। ਅੱਜ ਫਿਰ 157 ਸਾਲ ਬਾਅਦ ਇਤਿਹਾਸ ਦੇ ਰੰਗਮੰਚ ਤੇ ਸ਼ਹੀਦਾਂ ਦੀ ਕੁਰਬਾਨੀ ਸਬੰਧੀ ਉਹੋ ਧਾਰਨਾਵਾਂ ਤੇ ਦਿ੍ਰਸ਼ ਵੇਖਣ ਨੂੰ ਮਿਲ ਰਿਹਾ ਹੈ ਜੋ ਅੰਗਰੇਜ਼ ਰਾਜ ਵੇਲੇ ਉਨ੍ਹਾਂ ਸ਼ਹੀਦਾਂ ਸਬੰਧੀ ਅੰਗਰੇਜ਼ ਹਾਕਮਾਂ ਨੇ ਅਪਣਾਇਆ ਸੀ।
ਅੱਜ ਵੀ ਉਨ੍ਹਾਂ ਦੀਆਂ ਅਸਥੀਆਂ ਨੂੰ ਦੇਸ਼ ਦੇ ਕੌਮੀ ਸ਼ਹੀਦਾਂ ਵਾਲਾ ਮਾਣ-ਸਣਮਾਨ ਦੇਣ, ਪੁਰਾਤੱਤਵ ਵਿਭਾਗ ਵੱਲੋਂ ਉਨ੍ਹਾਂ ਦੀ ਸਾਂਭ-ਸੰਭਾਲ ਕਰਨ, ਇਤਿਹਾਸਕਾਰਾਂ ਵੱਲੋਂ ਸਹੀ-ਸਟੀਕ ਇਤਿਹਾਸਕ ਵੇਰਵੇ ਇਕੱਤਰ ਕਰਨ, ਨਵੀਆਂ ਪੀੜ੍ਹੀਆਂ ‘ਚ ਅਜ਼ਾਦੀ ਤੇ ਕੁਰਬਾਨੀ ਦਾ ਜਜ਼ਬਾ ਭਰਨ ਲਈ ਉਨ੍ਹਾਂ ਦੀ ਸਿਮਰਤੀ ‘ਚ ਯਾਦਗਾਰ ਬਣਾਉਣ ਵਰਗੀਆਂ ਪਹਿਲਕਦਮੀਆਂ ਕਰਨ ਦੀ ਬਜਾਏ ਬਸਤੀਵਾਦੀ ਹਾਕਮਾਂ ਤੇ ਉਨ੍ਹਾਂ ਦੇ ਵਫਾਦਾਰਾਂ ਦੀ ਸੰਤਾਨ ਨੂੰ ਅਸਥੀਆਂ ਦਾ ਸਸਕਾਰ ਕਰਨ ਅਤੇ ਮੰਦਰ ਜਾਂ ਗੁਰੂਦੁਆਰਾ ਬਣਾਉਣ ਦੀ ਬੜੀ ਕਾਹਲ ਹੈ। ਸਥਾਪਤੀ ਦੇ ਜ਼ਰਖ਼ਰੀਦ “ਬੁੱਧੀਜੀਵੀ”, “ਇਤਿਹਾਸਕਾਰ” ‘ਕਾਲਿਆਂਵਾਲੇ ਖੂਹ’ ਦੇ ਸ਼ਹੀਦਾਂ ਨੂੰ ‘ਪੂਰਬੀਏ ਫੌਜ਼ੀ’, ‘ਐਂਗਲੋ ਸਿੱਖ ਵਾਰ ਦੇ ਵਿਰੋਧੀ’, ‘1857 ਦਾ ਗ਼ਦਰ ਦੇਸ਼ ਦਾ ਪਹਿਲਾ ਅਜ਼ਾਦੀ ਸੰਗਰਾਮ ਨਹੀਂ’ ਆਦਿ ਦੇ ਤੱਥਹੀਣ ਫਤਵੇ ਦਿੰਦੇ ਹੋਏ ਅੱਤ ਦੀ ਕੱਟੜਪੰਥੀ, ਵਿਕਾਊ, ਗੈਰ-ਇਤਿਹਾਸਕ ਤੇ ਸੰਕੀਰਨ ਸੋਚ ਦਾ ਮੁਜ਼ਾਹਰਾ ਕਰ ਰਹੇ ਹਨ। ਅਜਿਹਾ ਉਨ੍ਹਾਂ ਦੇ ਹਾਕਮ ਜਮਾਤੀ ਕਿਰਦਾਰ ‘ਤੇ ਵੀ ਪੂਰੀ ਤਰ੍ਹਾਂ ਫਿਟ ਬੈਠਦਾ ਵੀ ਹੈ। 1857 ਦੇ ਗ਼ਦਰ ਦੀ ਸਭ ਤੋਂ ਉੱਚਤਮ ਦੇਣ ਜਾਤਾਂ-ਪਾਤਾਂ, ਧਰਮਾਂ-ਫਿਰਕਿਆਂ ਤੋਂ ਉਪਰ ਉੱਠਕੇ ਬਸਤੀਵਾਦੀ ਹਾਕਮਾਂ ਖਿਲਾਫ਼ ਇਕਜੁੱਟ ਭਾਈਚਾਰਕ ਸਾਂਝ ਦੇ ਅਧਾਰ ‘ਤੇ ਕੌਮੀ ਮੁਕਤੀ ਲਈ ਕੁਰਬਾਨ ਹੋ ਜਾਣ ਦੀ ਹੈ। ਇਸਦੇ ਉਲਟ ਅੰਗਰੇਜ਼ ਸਰਕਾਰ ਦੇਸ਼ ਅੰਦਰ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਤੇ ਚਲਦੀ ਹੋਈ ਲੋਕਾਂ ਨੂੰ ਕੌਮੀਅਤਾਂ, ਜਾਤਾਂ, ਧਰਮਾਂ, ਫਿਰਕਿਆਂ ‘ਚ ਵੰਡਣ ਦੀਆਂ ਸਾਜ਼ਿਸ਼ਾਂ ਨੂੰ ਅੰਜਾਮ ਦਿੰਦੀ ਸੀ। ਉਸੇ ਰਾਹ ਤੇ ਚੱਲਦਿਆਂ ਅੱਜ ਵੀ ਅਸੀਂ ਹਾਕਮ ਜਮਾਤੀ ਤਾਕਤਾਂ ਦੇ ਕੋਝੇ ਮਨਸੂਬਿਆਂ ਨੂੰ ਵੇਖਦੇ ਹਾਂ। ਉਨ੍ਹਾਂ ਅੰਦਰ ਆਪਣੇ ਦਲਾਲ ਪੂਰਵਜਾਂ ਦੀਆਂ ਆਤਮਾਵਾਂ ਜਾਗ ਉੱਠਦੀਆਂ ਹਨ ਤੇ ਉਹ ਸ਼ਹੀਦਾਂ ਦੀ ਲੋਕਪੱਖੀ ਵਿਚਾਰਧਾਰਾ ਨੂੰ ਹੋਰ ਵੱਧ ਵਿਕਸਿਤ ਕਰਨ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਉੱਚਾ ਚੱੁਕਣ ਦੀ ਮੌਜੂਦਾ ਸਮੇਂ ਬਣਦੀ ਜਿੰਮੇਵਾਰੀ ਓਟਣ ਵਾਲਿਆਂ ਖਿਲਾਫ ਬੀਤੇ ਦੇ ਤੱਥਹੀਣ ਤੇ ਸਿਧਾਂਤਹੀਣ ਲੋਕ ਵਿਰੋਧੀ ਵਿਚਾਰਾਂ ਦੇ ਰਖਵਾਲੇ ਬਣ ਬੈਠਦੇ ਹਨ ਤੇ ‘ਬੁੱਧੀਜੀਵੀ-ਚਿੰਤਕ’ ਬਣਨ ਦੇ ਭਰਮ ‘ਚ ਆਪਣੀ ਅਕਲ ਦਾ ਜਲੂਸ ਕਢਵਾ ਲੈਂਦੇ ਹਨ।
ਇਤਿਹਾਸਕ ਵੇਰਵੇ ਅਤੇ ਤੱਥ ਦੱਸਦੇ ਹਨ ਕਿ 1857 ਦਾ ਗ਼ਦਰ ਹਿੰਦੋਸਤਾਨੀਆਂ ਵੱਲੋਂ ਬਸਤੀਵਾਦੀ ਰਾਜ ਖ਼ਿਲਾਫ਼ ਲੜੀ ਗਈ ਪਹਿਲੀ ਕੌਮੀ ਬਗਾਵਤ ਸੀ, ਜੋ 1914-15 ਦੀ ‘ਗ਼ਦਰ’ ਪਾਰਟੀ ਤੇ ਉਸ ਵੱਲੋਂ ਕੱਢੇ ਜਾਂਦੇ ‘ਗ਼ਦਰ’ ਅਖਬਾਰ ਦਾ ਪ੍ਰੇਰਨਾ ਸ੍ਰੋਤ ਸੀ। ਇਸ ਬਗਾਵਤ ਨੇ ਮਨੁੱਖੀ ਇਤਿਹਾਸ ਦੇ ਪਿਛਲੇ ਇਕ ਹਜ਼ਾਰ ਸਾਲ ਦੇ ਮਹਾਨ ਫਿਲਾਸਫਰ ਕਾਰਲ ਮਾਰਕਸ ਤੇ ਉਸਦੇ ਸਭ ਤੋਂ ਨੇੜਲੇ ਸੰਗੀ ਫ਼ੳਮਪ;ਰੈਡਰਿਕ ਏਂਗਲਜ਼ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਜਿਨ੍ਹਾਂ ਨੇ ਸੱਤ ਸਮੁੰਦਰੋਂ ਪਾਰ ਇਸ ਬਗਾਵਤ ਤੇ ਲਗਾਤਾਰ ਨਜ਼ਰ ਰੱਖਦਿਆਂ ਅਨੇਕਾਂ ਲੇਖ ‘ਨਿਊਯਾਰਕ ਡੇਲੀ ਟਿ੍ਰਬਿਊਨ’ ਵਿੱਚ ਲਿਖੇ। ਮਾਰਕਸ ਮੁਤਾਬਕ ‘ਇਹ ਤੱਥ ਮਹੱਤਵਪੂਰਨ ਹੈ ਕਿਉਂਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਸਿੱਖ ਵੀ ਮੁਸਲਮਾਨਾਂ ਵਾਂਗ ਬ੍ਰਹਮਣਾਂ ਨਾਲ ਰਲ ਗਏ ਹਨ ਤੇ ਇਉਂ ਭਾਰਤ ਦੇ ਸਭਨਾਂ ਕਬੀਲਿਆਂ (ਫਿਰਕਿਆਂ) ਦਾ ਇਕੱਠ ਹੋ ਰਿਹਾ ਹੈ।’ ਤੱਥ ਚੀਖ-ਚੀਖ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਅੰਗਰੇਜੀ ਰਾਜ ਹੇਠ ਦੇਸ਼ ਦੇ ਸਭ ਮਿਹਨਤੀ ਤਬਕੇ ਭਾਵ ਕਿਸਾਨ, ਦਸਤਕਾਰ, ਬੁਨਕਰ, ਜੁਲਾਹੇ, ਮੋਚੀ, ਤਰਖਾਣ, ਲੁਹਾਰ ਆਦਿ ਮੁਸਲਮਾਨ, ਬ੍ਰਹਮਣ, ਸਿੱਖ, ਜਾਟ, ਡੋਗਰ, ਬਲੋਚ, ਰਾਜਪੂਤ ਤੇ ਮਰਹੱਟੇ ਕਿਸੇ ਵੀ ਧਰਮ ਜਾਂ ਫਿਰਕੇ ਨਾਲ ਸਬੰਧਿਤ ਲੋਕ ਕੰਪਨੀ ਰਾਜ ਹੇਠ ਬੁਰੀ ਤਰ੍ਹਾਂ ਨਪੀੜੇ ਜਾ ਰਹੇ ਸਨ। ਅੰਗਰੇਜ ਉਨ੍ਹਾਂ ਨੂੰ ਵੰਡਣ ਲਈ ਆਪਣੀ ਸਰਕਾਰੀ ਨੀਤੀ ਤੇ ਨੀਅਤ ਤਹਿਤ ਵੱਖਰੇ ਵਿਦਿਅਕ ਅਦਾਰਿਆਂ ਵਿੱਚ ਧਾਰਮਿਕ ਤਾਲੀਮ ਦਿੰਦੇ ਸਨ। ਆਪਣੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਤਹਿਤ ਉਨ੍ਹਾਂ ਨੇ ਆਰੀਆ, ਖਾਲਸਾ, ਸਨਾਤਨ ਧਰਮ ਤੇ ਇਸਲਾਮੀਆ ਸਕੂਲਾਂ-ਕਾਲਜਾਂ ਦੀ ਵਿਵਸਥਾ ਕੀਤੀ। ਪਰ ਗ਼ਦਰ ਨੇ ਅੰਗਰੇਜੀ ਰਾਜ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਕੇ ਰੱਖ ਦਿੱਤਾ ਤੇ ਸਾਂਝੇ ਕੌਮੀ ਮਕਸਦ ਲਈ ਸ਼ਾਂਝੇ ਦੁਸ਼ਮਣ ਖਿਲਾਫ ਮਜ਼ਬੂਤ ਭਾਈਚਾਰਕ ਏਕਤਾ ਦਾ ਸਬੂਤ ਦਿੱਤਾ।
ਪਰ ਸਾਡੇ ਦੇਸ਼ ਦੇ ਹਾਕਮਾਂ ਦੀ ਵਿਗਿਆਨਕ ਖੋਜ ਕਾਰਜਾਂ, ਇਤਿਹਾਸਕਾਰੀ, ਸਾਹਿਤਕਾਰੀ, ਵੱਖ-ਵੱਖ ਕਲਾਵਾਂ ਨੂੰ ਪ੍ਰਫੁਲਿਤ ਕਰਨ ਆਦਿ ਰਾਹੀਂ ਮਨੁੱਖੀ ਗਿਆਨ ਨੂੰ ਵਿਕਸਿਤ ਕਰਨ ਵਿੱਚ ਕੋਈ ਰੁਚੀ ਨਹੀਂ ਹੈ। ਇਤਿਹਾਸਕਾਰਾਂ, ਵਿਗਿਆਨੀਆਂ, ਸਾਹਿਤਕਾਰਾਂ ਤੇ ਕਲਾਕਾਰਾਂ ਦੇ ਖੋਜ ਕਾਰਜਾਂ ਤੇ ਅਜਿਹੇ ਹੋਰ ਪ੍ਰੋਜੈਕਟਾਂ ਨੂੰ ਉਤਸਾਹਿਤ ਕਰਨ ਲਈ ਸਰਕਾਰੀ ਬਜ਼ਟ ਦੇ ਦਰਵਾਜ਼ੇ ਕੇਵਲ ਬੰਦ ਹੀ ਨਹੀਂ ਹਨ ਬਲਕਿ ਜੇਕਰ ਕੋਈ ਇਤਿਹਾਸਕਾਰ, ਵਿਗਿਆਨੀ, ਸਾਹਿਤਕਾਰ ਜਾਂ ਕਲਾਕਾਰ ਅਜ਼ਾਦਾਨਾ ਤੌਰ ਤੇ ਚੰਗੀ ਪਹਿਲਕਦਮੀ ਵਿਖਾਉਂਦਾ ਵੀ ਹੈ ਤਾਂ ਉਲਟਾ ਉਸਨੂੰ ਦੇਸ਼ ਧ੍ਰੋਹੀ ਤਾਕਤਾਂ ਨਾਲ ਮਿਲਿਆ ਹੋਇਆ ਸਾਬਤ ਕਰਨ ਤੇ ਜ਼ੋਰ ਦਿੱਤਾ ਜਾਂਦਾ ਹੈ। ਦੂਜੇ ਪਾਸੇ ਆਪਣੇ ਦਰਬਾਰੀ ਇਤਿਹਾਸਕਾਰ, ਵਿਗਿਆਨੀ, ਸਾਹਿਤਕਾਰ ਤੇ ਕਲਾਕਾਰ ਜਰੂਰ ਪੈਦਾ ਕੀਤੇ ਜਾਂਦੇ ਹਨ ਤੇ ਉਨ੍ਹਾਂ ਦੀ ਚੰਗੀ ਪਾਲਣਾ-ਪੋਸ਼ਣਾ ਵੀ ਹੁੰਦੀ ਹੈ। ਅਜਿਹੇ ਹਾਲਤ ‘ਚ ਸਾਡੇ ਸੂਬੇ ਦੇ ਹਾਕਮਾਂ ਦੇ ‘ਸ਼ਹੀਦਾਂ ਵਾਲੇ ਖੂਹ’ ਬਾਰੇ ਦਿੱਤੇ ਬਹੁਤ ਹੀ ਵਿਚਾਰਧਾਰਕ ਗਰੀਬੀ ਵਾਲੇ ਬਿਆਨ ਉਨ੍ਹਾਂ ਦੀ “ਵਿਧਵਤਾ” ਦੇ ਹੀ ਦਰਸ਼ਨ ਕਰਵਾਉਂਦੇ ਹਨ। ਜਦਕਿ 1857 ਦੇ ਮਹਾਨ ਗ਼ਦਰ ਤੇ ਇਸ ਗ਼ਦਰ ਸਮੇਂ ਪੰਜਾਬ ‘ਚ ਹੋਏ ਕਤਲੇਆਮ ਵਿਚੋਂ ਸਭ ਤੋਂ ਵੱਧ ਅਹਿਮ ਕੜੀ ਰਹੀ ‘ਕਾਲਿਆਂਵਾਲੇ ਖੂਹ’ ਦੀ ਤ੍ਰਾਸਦੀ ਬਾਰੇ ਹਾਸਲ ਤੱਥ (ਗ਼ਦਰ ਬਾਰੇ ਇਤਿਹਾਸਕਾਰਾਂ ਦੀਆਂ ਵੱਖ-ਵੱਖ ਰਾਵਾਂ ਦੇ ਬਾਵਯੂਦ) ਇਸਦੇ ਕੌਮ ਮੁਕਤੀ ਦੀ ਮਹਾਨ ਜੰਗ ਹੋਣ ਦੀ ਮਹੱਤਤਾ ਦੇ ਪ੍ਰਤੱਖ ਸਬੂਤ ਹਨ। ਇਸ ਕੌਮੀ ਜੰਗ ਨੇ ਕੰਪਨੀ ਰਾਜ ਦੁਆਰਾ ਕੀਤੇ ਜਾਂਦੇ ਲੁੱਟ, ਜਬਰ ਤੇ ਵਿਤਕਰੇ ਨੂੰ ਜੜ੍ਹੋਂ ਉਖਾੜਣ ਦਾ ਵੱਡਾ ਇਤਿਹਾਸਕ ਏਜੰਡਾ ਦੱਬੀਆਂ-ਲਤਾੜੀਆਂ ਜਾਂਦੀਆਂ ਕੌਮਾਂ ਅੱਗੇ ਪੇਸ਼ ਕੀਤਾ ਸੀ।
ਕੰਪਨੀ ਦੁਆਰਾ ਭਾਰਤ ‘ਚ ਕੀਤੇ ਵਿਆਪਕ ਉਜਾੜੇ ਦਾ ਅਧਿਆਏ ਬਹੁਤ ਤਬਾਹਕੁੰਨ ਰਿਹਾ। ਵਪਾਰਕ ਮੰਤਵਾਂ ਦੀ ਪੂਰਤੀ ਲਈ ਸਤਾਰਵੀਂ ਸਦੀ ‘ਚ ਈਸਟ ਇੰਡੀਆ ਕੰਪਨੀ ਦੀ ਭਾਰਤ ਅੰਦਰ ਆਮਦ ਹੋਣ ਨਾਲ ਇੱਥੋਂ ਦੇ ਰਵਾਇਤੀ ਆਰਥਿਕ-ਸਮਾਜੀ ਪ੍ਰਬੰਧ ਨੂੰ ਜਬਰੀ ਤੋੜਿਆ ਗਿਆ। ਕੰਪਨੀ ਨੇ ਰਾਜਸੀ ਸ਼ਕਤੀਆਂ ਨੂੰ ਆਪਣੇ ਹੱਥ ਹੇਠ ਕੀਤਾ। ਲੋਕਾਂ ਦੇ ਧਾਰਮਿਕ ਵਿਸ਼ਵਾਸ਼ ਤੇ ਸੱਭਿਆਚਾਰਕ ਸਾਂਝਾਂ ਨੂੰ ਖਤਮ ਕੀਤਾ ਗਿਆ। ਕੰਪਨੀ ਰਾਹੀਂ ਹਿੰਦੋਸਤਾਨ ਉਪਰ ਸਿੱਧਾ ਹਕੂਮਤੀ ਪ੍ਰਬੰਧ ਸਥਾਪਤ ਕੀਤਾ ਗਿਆ। ਦੇਸ਼ ਦੇ ਖੇਤੀ ਖੇਤਰ ਤੇ ਦਸਤਕਾਰੀ ਨੂੰ ਤਬਾਹ ਕਰਕੇ ਮਿਹਨਤਕਸ਼ ਤਬਕਿਆਂ ਨੂੰ ਘੋਰ ਗੁਰਬਤ ਵੱਲ ਧੱਕ ਦਿੱਤਾ ਗਿਆ। ਜਬਰੀ ਭਾਰੀ ਮਾਲੀਏ ਉਗਰਾਹੁਣਾ ਤੇ ਵੱਖਰੇ-ਵੱਖਰੇ ਕਿੱਤੇ ਕਰਨ ਵਾਲਿਆਂ ਦੇ ਰੁਜਗਾਰ ਦਾ ਖੁੱਸਣਾ, ਉਨ੍ਹਾਂ ਨੂੰ ਕੰਗਾਲ ਕਰ ਰਿਹਾ ਸੀ। ਕੰਪਨੀ ਨੇ ਕਈ ਰਾਜਿਆਂ-ਰਾਣੀਆਂ, ਜਗੀਰਦਾਰਾਂ-ਨਵਾਬਾਂ ਨੂੰ ਵੀ ਨਹੀਂ ਬਖਸ਼ਿਆਂ, ਉਨ੍ਹਾਂ ਦੀਆਂ ਰਿਆਸਤਾਂ ਤੇ ਜਾਇਦਾਦਾਂ ਜ਼ਬਤ ਕਰਨ ਤੋਂ ਇਲਾਵਾਂ ਉਨ੍ਹਾਂ ਨੂੰ ਕਈ ਅਪਮਾਨਜਨਕ ਸੰਧੀਆਂ-ਸਮਝੌਤਿਆਂ ਅੱਗੇ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾ। ਭਾਰਤੀ ਆਰਥਿਕਤਾ ਦਾ ਬੁਰੀ ਤਰ੍ਹਾਂ ਉਜਾੜਾ ਕਰਕੇ ਇੰਗਲੈਂਡ ਦੀ ਸਨਅਤ ਨੂੰ ਮਜ਼ਬੂਤ ਕੀਤਾ ਗਿਆ ਤੇ ਭਾਰਤ ਦੇ ਕੱਚੇ ਮਾਲ-ਖਜ਼ਾਨਿਆਂ ਦੀ ਸਸਤੇ ‘ਚ ਲੁੱਟ ਕਰਕੇ ਤਿਆਰ ਮਾਲ ਇੰਗਲੈਂਡ ਤੋਂ ਭਾਰਤੀ ਮੰਡੀ ‘ਚ ਵੇਚ ਕੇ ਅੰਨੇ ਮੁਨਾਫੇ ਬਟੋਰੇ ਜਾਣ ਲੱਗੇ। ਇੰਗਲੈਂਡ ਦੇ ਉੱਚ ਸਨਅਤੀ ਵਿਕਾਸ ਦਾ ਅਧਾਰ ਭਾਰਤ ਵਰਗੀਆਂ ਬਸਤੀਆਂ ਦੀ ਵਿਸ਼ਾਲ ਬਹੁਗਿਣਤੀ ਗਰੀਬ ਅਬਾਦੀ ਦੀ ਸਸਤੀ ਕਿਰਤ ਸ਼ਕਤੀ ਤੇ ਕੁਦਰਤੀ ਖਣਿਜ਼ ਪਦਾਰਥਾਂ ਦੀ ਬੇਦਰੇਗ ਲੁੱਟ-ਖਸੁੱਟ ਸੀ। ਸੁਪਰ ਮੁਨਾਫਿਆਂ ਦੀ ਅੰਨੀ ਹਲਕ ਲਈ ਬਸਤੀਆਂ ਤੇ ਇਲਾਕੇ ਹੜੱਪਣ ਲਈ ਹਰ ਅਣਮਨੁੱਖੀ ਘਟਨਾ ਨੂੰ ਅੰਜ਼ਾਮ ਦਿੱਤਾ ਜਾਣ ਲੱਗਾ। ਦੇਸ਼ ਦੇ ਆਰਥਿਕ, ਸਮਾਜੀ ਤੇ ਕੁਦਰਤੀ ਵਸੀਲਿਆਂ ਦੀ ਲੁੱਟ ਤੋਂ ਪ੍ਰਭਾਵਿਤ ਤਬਕਿਆਂ ਅੰਦਰ ਵਿਆਪਕ ਰੋਹ ਪੈਦਾ ਹੋਣ ਲੱਗਿਆ। ਅੰਗਰੇਜ਼ ਰਾਜ ਦੀਆਂ ਲੁਟੇਰੀਆਂ ਤੇ ਅਪਮਾਨਜਨਕ ਕਾਰਵਾਈਆਂ ਨੇ 1857 ਦੇ ਵਿਦਰੋਹ ਦਾ ਭਰੂਣ ਤਿਆਰ ਹੋਣ ‘ਚ ਬੁਨਿਆਦੀ ਭੂਮਿਕਾ ਅਦਾ ਕੀਤੀ। “ਐਨਫੀਲਡ” ਰਾਇਫਲਾਂ ‘ਚ ਚਰਬੀ ਵਾਲੇ ਕਾਰਤੂਸ ਵਰਤਣ ਦੀ ਘਟਨਾ ਰਾਹੀਂ ਸ਼ੁਰੂ ਹੋਈ ਫੌਜ਼ੀ ਬਗਾਵਤ ਨੇ ਅੰਗਰੇਜ਼ਾਂ ਦੇ ਅੱਤਿਆਚਾਰਾਂ ਤੋਂ ਪੀੜਤ ਸਭਨਾ ਤਬਕਿਆਂ ਨੂੰ ਇਸ ਵਿਦਰੋਹ ਵਿੱਚ ਖਿੱਚ ਲਿਆਂਦਾ। ਇਉਂ ਇਹ ਗ਼ਦਰ ਭਾਰਤੀ ਫੌਜ਼ੀਆਂ ਸਮੇਤ ਲੁੱਟੇ-ਲਤਾੜੇ ਜਾਂਦੇ ਆਮ ਹਿੰਦੋਸਤਾਨੀਆਂ ਦੁਆਰਾ ਸਾਮਰਾਜ ਖਿਲਾਫ ਲੜਿਆ ਜਾਣ ਵਾਲਾ ਪਹਿਲਾ ਵੱਡਾ ਅੰਦੋਲਨ ਸੀ। ਜਿਸਦੀ ਵਿਰਾਸਤ ਲੁੱਟ, ਜਬਰ ਤੇ ਦਾਬੇ ਖਿਲਾਫ ਜੂਝ ਮਰਨ ਦੀ ਵਿਰਾਸਤ ਹੈ ਅਤੇ ਇਸਦੀਆਂ ਮਹਾਨ ਕੁਰਬਾਨੀਆਂ ਉਪਰ ਕੋਈ ਕਿੰਤੂ-ਪਰੰਤੂ ਨਹੀਂ ਕੀਤਾ ਜਾ ਸਕਦਾ।
ਕਾਲਿਆਂਵਾਲੇ ਖੂਹ ਨੂੰ ਸ਼ਹੀਦਾਂ ਵਾਲੇ ਖੂਹ ਦਾ ਸਨਮਾਣਯੋਗ ਰੁਤਬਾ ਦੇਣ ਅਤੇ ਇਸ ਖੂਹ ਦੀ ਖੁਦਵਾਈ ਕਰਵਾਉਣ ਵਿੱਚ ਇਤਿਹਾਸਕਾਰ ਸੁਰਿੰਦਰ ਕੋਛੜ ਨੇ ਪੂਰੀ ਤਨਦੇਹੀ ਨਾਲ ਯਤਨ ਕੀਤੇ ਹਨ। ਭਾਰਤੀ ਕੇਂਦਰੀ ਤੇ ਸੂੁਬਾਈ ਸਰਕਾਰਾਂ ਦੇ ਵੱਖ-ਵੱਖ ਰਾਜਸੀ ਮੰਤਰੀਆਂ-ਨੁਮਾਇੰਦਿਆਂ, ਵਿਭਾਗਾਂ, ਸੰਸਥਾਵਾਂ ਆਦਿ ਨੇ ਇਤਿਹਾਸਕਾਰ ਸੁਰਿੰਦਰ ਕੋਛੜ ਦੁਆਰਾ ਉਨ੍ਹਾਂ ਦੇ ਵਾਰ-ਵਾਰ ਧਿਆਨ ‘ਚ ਲਿਆਉਣ ਦੇ ਬਾਵਯੂਦ ਇਸ ਪਾਸੇ ਵੱਲ ਕੋਈ ਕਦਮ ਨਹੀਂ ਚੁੱਕਿਆ। ਇਹ ਅਤੀ ਨਿੰਦਣਯੋਗ ਹੈ। ਸ਼ਹੀਦਾਂ ਵਾਲੇ ਖੂਹ ਸਬੰਧੀ ਕੀਤੇ ਗਏ ਖੋਜ ਕਾਰਜਾਂ ਵਿੱਚ ਸਭ ਤੋਂ ਅਹਿਮ ਭੂਮਿਕਾ ਇਤਿਹਾਸਕਾਰ ਸੁਰਿੰਦਰ ਕੋਛੜ ਦੀ ਹੈ।
‘ਸ਼ਹੀਦਾਂ ਵਾਲੇ ਖੂਹ’ ਦੇ ਸ਼ਹੀਦ ਸਿਪਾਹੀਆਂ ਦੀ ਵਿਰਾਸਤ ਦਾ ਮੌਜੂਦਾ ਸਮੇਂ ‘ਚ ਮਹੱਤਵ ਇਹ ਬਣਦਾ ਹੈ ਕਿ ਅੱਜ ਵੀ ਸਾਮਰਾਜੀ ਲੁਟੇਰੇ ਵਿੱਤੀ ਸਰਮਾਏ ਰਾਹੀਂ ਦੇਸ਼ ਦੇ ਕੀਮਤੀ ਖਣਿਜ ਪਦਾਰਥਾਂ, ਸਸਤੀ ਕਿਰਤ ਸ਼ਕਤੀ ਦੀ ਲੁੱਟ ਤੇ ਦੇਸ਼ ਦੇ ਆਰਥਿਕ-ਸਮਾਜੀ ਢਾਂਚੇ ਨੂੰ ਤਹਿਸ-ਨਹਿਸ ਕਰ ਰਹੇ ਹਨ। ਦੇਸ਼ ਦੇ ਘੱਟ ਗਿਣਤੀ ਆਦਿਵਾਸੀ, ਧਾਰਮਿਕ, ਭਾਸ਼ਾਈ ਤੇ ਦਲਿਤ ਵਰਗਾਂ ਨਾਲ ਵਿਤਕਰੇਬਾਜੀ ਤੇ ਅਪਮਾਨ ਕੀਤਾ ਜਾ ਰਿਹਾ ਹੈ। ਵੱਖ-ਵੱਖ ਸਾਮਰਾਜੀ ਲੁਟੇਰੇ ਅੱਜ ਵੀ ਕਮਜ਼ੋਰ ਮੁਲਕਾਂ ਨੂੰ ਫੌਜੀ ਤਾਕਤ ਤੇ ਆਰਥਿਕ ਨਾਕਾਬੰਦੀ ਦੀਆਂ ਘੁਰਕੀਆਂ ਦੇ ਰਹੇ ਹਨ ਤੇ ਸਾਡੇ ਦੇਸ਼ ਦੇ ਦਲਾਲ ਹਾਕਮ ਇਨ੍ਹਾਂ ਲੋਕਮਾਰੂ ਨੀਤੀਆਂ ਨੂੰ ਦੇਸ਼ ਦੇ ਲੋਕਾਂ ਉਪਰ ਥੋਪਣ ‘ਚ ਸਾਮਰਾਜੀਆਂ ਦੇ ਭਾਈਵਾਲ ਹਨ। ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਦੇਸ਼ ਦੀ ਮਿਹਨਤਕਸ਼ ਜਨਤਾ ਨੂੰ ਸਾਮਰਾਜੀ-ਸਰਮਾਏਦਾਰਾ ਲੁੱਟ, ਜਬਰ ਤੇ ਦਾਬੇ ਖਿਲਾਫ ਸੰਘਰਸ਼ ਕਰਨ ਲਈ ਝੰਜੋੜ ਰਹੀ ਹੈ। ਉਨ੍ਹਾਂ ਸ਼ਹੀਦਾ ਦੀ ਕੁਰਬਾਨੀ ਨੂੰ ਮੁੜ ਤਾਜਾ ਕਰਨ ਤੇ ਸਿਜਦਾ ਕਰਨ ਦੇ ਅਮਲੀ-ਹਕੀਕੀ ਅਰਥ ਉਨ੍ਹਾਂ ਦੀ ਅਮੀਰ ਵਿਰਾਸਤ ਨੂੰ ਅੱਜ ਦੀਆਂ ਨਵੀਆਂ ਬਦਲੀਆਂ ਹਾਲਤਾਂ ਵਿੱਚ ਅਜ਼ਾਦਾਨਾ ਤੌਰ ਤੇ ਹੋਰ ਵੱਧ ਅੱਗੇ ਲਿਜਾਣ ਤੋਂ ਬਿਨਾਂ ਹੋਰ ਕੁਝ ਨਹੀਂ ਹਨ।
ਰਾਜ ਪ੍ਰਬੰਧ ਜਦੋਂ ਸੰਕਟ ਵਿੱਚ ਹੁੰਦਾ ਹੈ, ਤਦ ਉਹ ਹੋਰ ਜਿਆਦਾ ਫਾਸ਼ੀ ਤੇ ਤਾਨਾਸ਼ਾਹ ਰੁਖ ਅਖਤਿਆਰ ਕਰਨ ਵੱਲ ਵੱਧਦਾ ਹੈ ਅਤੇ ਜਦੋਂ ਲੋਕ ਸੰਘਰਸ਼ਾਂ ਨੂੰ ਅਗਵਾਈ ਦੇਣ ਵਾਲੀਆਂ ਚਾਲਕ ਸ਼ਕਤੀਆਂ ਖਿੰਡੀਆਂ-ਖੱਪਰੀਆਂ ਤੇ ਕਮਜ਼ੋਰ ਹਾਲਤ ਵਿੱਚ ਹੋਣ ਤਾਂ ਇਸਦੇ ਕਾਮਯਾਬ ਹੋਣ ਦੀਆਂ ਸੰਭਾਵਨਾਵਾਂ ਹੋਰ ਵੀ ਵੱਧ ਜਾਂਦੀਆਂ ਹਨ। ਤੇ ਅੱਜ ਜਦੋਂ ਵੱਖ-ਵੱਖ ਭਾਂਤ ਦੇ ਹਾਕਮ ਬੇਧੜਕ ਹੋ ਕੇ ਤਰਕਹੀਣ ਤੇ ਸੱਤਾ ਦੇ ਨਸ਼ਿਆਏ ਹੰਕਾਰੀ ਹਿਟਲਰੀ ਫੁਰਮਾਨ ਜਾਰੀ ਕਰ ਰਹੇ ਹਨ, ਤਦ ਸ਼ਹੀਦਾਂ ਦੇ ਵਾਰਸਾਂ ਲਈ ਮਜ਼ਬੂਤ ਲੋਕ ਲਹਿਰ ਖੜੀ ਕਰਨ ਦਾ ਏਜੰਡਾ ਬੇਹੱਦ ਗੰਭੀਰਤਾ ਦੀ ਮੰਗ ਕਰਦਾ ਹੈ। ਇਸੇ ਤਰ੍ਹਾਂ ‘ਕਾਲਿਆਂਵਾਲੇ ਖੂਹ’ ਦੇ ਸ਼ਹੀਦਾਂ ਦੀ ਵਿਰਾਸਤ ਦੀ ਰਾਖੀ ਕਰਨ ਦੀਆਂ ਦਾਅਵੇਦਾਰ ਲੋਕਪੱਖੀ ਤਾਕਤਾਂ ਨੂੰ ਸਾਂਝੇ ਮਕਸਦ ਲਈ ਸਾਂਝੇ ਦੁਸ਼ਮਣ ਖਿਲਾਫ ਸਭ ਤਰ੍ਹਾਂ ਦੀਆਂ ਸੰਕੀਰਨਤਾਵਾਂ ਤੋਂ ਉਪਰ ਉੱਠਕੇ ਇਕਜੁਟ ਹੋਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ।


