ਸੋਮਵਾਰ ਨੂੰ ਸਵੇਰੇ ਪਤਾ ਲੱਗਿਆ ਕਿ ਪੱਖੋਵਾਲ ਮਾਸਟਰ ਹਰੀਸ਼ ਜੀ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਕੁੱਝ ਕਾਰਕੁੰਨ ਮਾਤਾ ਜੀ ਦੇ ਦੇਹ-ਸੰਸਕਾਰ ਹਿੱਤ ਪੱਖੋਵਾਲ ਪਹੁੰਚੇ ਹੋਏ ਸਾਂ ਤੇ ਪੱਖੋਵਾਲ ਦੀ ਸਥਾਨਕ ਇਕਾਈ ਵੀ ਉੱਥੇ ਪਹੁੰਚੀ ਹੋਈ ਸੀ। ਮਾਹੌਲ ਕਾਫੀ ਸੋਗੀ ਸੀ, ਮਾਤਾ ਜੀ ਨਾਲ਼ ਨਿੱਜੀ ਨੇੜਤਾ ਹੋਣ ਕਾਰਨ ਮੇਰਾ ਖੁਦ ਦਾ ਵੀ ਮਨ ਭਰਿਆ ਹੋਇਆ ਸੀ। ਇੰਨੇ ਨੂੰ ਮੋਬਾਇਲ ’ਤੇ ਘੰਟੀ ਵੱਜੀ ਤੇ ਅੱਗਿਓਂ ਕੋਈ ‘ਹਿੰਦੂ ਤਖ਼ਤ’ ਸੰਸਥਾ ਤੋਂ ਰੋਹਿਤ ਤੇ ਸੌਰਵ ਵਾਰੀ-ਵਾਰੀ ਬੋਲ ਰਹੇ ਸਨ। ਉਹ ਕਹਿ ਰਹੇ ਸਨ ਕਿ ਜਨਚੇਤਨਾ ਦੀ ਪੰਜਾਬੀ ਭਵਨ, ਲੁਧਿਆਣਾ ਸਥਿਤ ਦੁਕਾਨ ’ਤੇ ਪਹੁੰਚਾਂ ਅਤੇ ਨੌਭਾਸ ਦੇ ਹੋਰ ਆਗੂਆਂ ਨੂੰ ਵੀ ਲੈ ਕੇ ਆਵਾਂ। ਫਿਰ ਜਨਚੇਤਨਾ ਦੀ ਦੁਕਾਨ ਦੀ ਇੰਚਾਰਜ ਬਿੰਨੀ ਦਾ ਫੋਨ ਆਇਆ ਤੇ ਉਹਨੇ ਦੱਸਿਆ ਕਿ ਇੱਥੇ ਕੋਈ ਤਿੰਨ ਦਰਜਨ ਦੇ ਕਰੀਬ ਹਿੰਦੂ ਕੱਟੜਵਾਦੀ ਪਹੁੰਚੇ ਹੋਏ ਹਨ ਤੇ ਰਾਧਾ ਮੋਹਨ ਗੋਕੁਲ ਜੀ ਦੀਆਂ ਕਿਤਾਬਾਂ ‘ਇਸਤਰੀਓਂ ਕੀ ਸਵਾਧੀਨਤਾ’, ‘ਧਰਮ ਕਾ ਢਕੋਸਲਾ’ ‘ਈਸ਼ਵਰ ਕਾ ਬਹਿਸ਼ਕਾਰ’ ਤੇ ਖਾਸ ਕਰਕੇ ਸ਼ਹੀਦ ਭਗਤ ਸਿੰਘ ਦੇ ਕਿਤਾਬਚੇ ‘ਮੈਂ ਨਾਸਤਕ ਕਿਉਂ ਹਾਂ?’ ਉੱਤੇ ਸਵਾਲ ਖੜੇ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹਨਾਂ ਕਿਤਾਬਾਂ ਦੀ ਹੋਲੀ ਜਲਾਵਾਂਗੇ ਤੇ ਤੁਹਾਡੀ ਦੁਕਾਨ ਸਾੜ ਸੁੱਟਾਂਗੇ। ਬਿੰਨੀ ਦੀ ਮਦਦ ਲਈ ਪਹੁੰਚੇ ਨੌਭਾਸ ਦੇ ਕਾਰਕੁੰਨਾਂ ਸਤਬੀਰ ਅਤੇ ‘ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ’ ਦੇ ਆਗੂ ਲਖਵਿੰਦਰ ਤੇ ਗੁਰਜੀਤ (ਸਮਰ) (karkhana mazdoor union) ਨੂੰ ਵੀ ਧਮਕਾ ਰਹੇ ਹਨ।
ਬਿੰਨੀ ਨੇ ਦੱਸਿਆ ਕਿ ਇਹ ਹੁੱਲਬਾਜ਼ ਉਸਨੂੰ ਗੰਦੀਆਂ ਤੇ ਲੁੱਚੀਆਂ ਗਾਲਾਂ ਕੱਢ ਰਹੇ ਹਨ ਤੇ ਉਸਨੂੰ ਅਗਵਾ ਕਰਨ ਦੀ ਧਮਕੀ ਦੇ ਰਹੇ ਹਨ। ਅਸੀਂ ਸਭਾ ਦੇ ਕੁੱਝ ਮੈਂਬਰ ਜਲਦੀ ਤਿਆਰੀ ਕਰਕੇ ਲੁਧਿਆਣੇ ਪਹੁੰਚਣ ਦੀ ਕਾਰਵਾਈ ਸ਼ੁਰੂ ਕੀਤੀ। ਅਜਿਹੇ ਸੋਗਮਈ ਮਹੌਲ ਵਿੱਚੋਂ ਨਿੱਕਲਣਾ ਬੜਾ ਔਖਾ ਲੱਗ ਰਿਹਾ ਸੀ ਪਰ ਇਨਕਲਾਬੀ ਕਵੀ ਪਾਸ਼ ਨੇ ਠੀਕ ਹੀ ਕਿਹਾ ਹੈ ਕਿ ‘ਸਾਡੇ ਲਹੂ ਨੂੰ ਆਦਤ ਹੈ ਮੌਸਮ ਨਹੀਂ ਵੇਂਹਦਾਂ, ਮਹਿਫਲ ਨਹੀਂ ਵੇਂਹਦਾ, ਸੂਲੀ ਦੇ ਗੀਤ ਛੋਹ ਲੈਂਦਾ ਹੈ’।
ਸਾਡੇ ਦੁਕਾਨ ’ਤੇ ਪਹੁੰਚਣ ’ਤੇ ਦੁਕਾਨ ਦਾ ਸ਼ਟਰ ਬੰਦ ਸੀ ਤੇ ਬਿੰਨੀ, ਲਖਵਿੰਦਰ ਜਾਂ ਕਿਸੇ ਦਾ ਫੋਨ ਨਹੀਂ ਸੀ ਲੱਗ ਰਿਹਾ। ਆਸੇ-ਪਾਸੇ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਹਿੰਦੂਵਾਦੀ ਸੰਗਠਨਾਂ ਨੇ ਬਿੰਨੀ ਨਾਲ਼ ਧੱਕਾ-ਮੁੱਕੀ ਕੀਤੀ ਅਤੇ ਸਮਰ, ਲਖਵਿੰਦਰ ਤੇ ਸਤਵੀਰ ਨਾਲ਼ ਵੀ ਖਿੱਚ-ਧੂਹ ਕੀਤੀ। ਅੱਗਿਓਂ ਸਮਰ, ਲਖਵਿੰਦਰ, ਸਤਬੀਰ ਤੇ ਖਾਸਕਰ ਬਿੰਨੀ ਨੇ ਵੀ ਕੱਟੜਪੰਥੀਆਂ ਨੂੰ ਉਸੇ ਆਦਰ ਨਾਲ਼ ਨਿਵਾਜਿਆ। ਪਰਤੱਖ-ਦਰਸ਼ੀ ਦੱਸ ਰਹੇ ਸਨ ਕਿ ਹਿੰਦੂ ਕੱਟੜਵਾਦੀਆਂ ਦੇ ਹੱਥਾਂ ’ਚ ਪੈਟਰੌਲ ਤੇ ਬਾਲਣ ਦਾ ਸਮਾਨ ਵੀ ਚੁੱਕੀ ਫਿਰਦੇ ਸਨ। ਖਾਸ ਗੱਲ ਇਹ ਸੀ ਕਿ ਪੰਜਾਬ ਪੁਲਿਸ ਵੀ ਮੌਕੇ ’ਤੇ ਸਵੇਰ ਤੋਂ ਹੀ ਪਹੁੰਚੀ ਹੋਈ ਸੀ ਪਰ ਇਹਨਾਂ ਹਿੰਦੂ ਫਾਸੀਵਾਦੀਆਂ ’ਤੇ ਕੋਈ ਕਾਰਵਾਈ ਕਰਨ ਜਾਂ ਉਹਨਾਂ ਨੂੰ ਰੋਕਣ ਦੀ ਥਾਂ ਉਹ ਪੂਰੀ ਬੇਸ਼ਰਮੀ ਨਾਲ਼ ਉਹਨਾਂ ਦਾ ਸਾਥ ਦੇ ਰਹੀ ਸੀ। ਇੱਥੋਂ ਤੱਕ ਕਿ ਉਹਨਾਂ ਬਿੰਨੀ ਦੀ ਦਰਖਾਸਤ ਲਿਖਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਅਤੇ ਚਾਰਾਂ ਨੂੰ ਹਿੰਦੂਵਾਦੀਆਂ ਨਾਲ਼ ਧੱਕਾਮੁੱਕੀ ਤੋਂ ਬਾਅਦ ਸਰਕਾਰੀ ਗੱਡੀਆਂ ’ਚ ਬਿਠਾ ਕੇ ਡਿਵਜ਼ਨ ਨੰ. 5 ਦੇ ਥਾਣੇ ਲੈ ਗਏ ਸਨ। ਇਸਦੇ ਨਾਲ਼ ਹੀ ਪੁਲਿਸ ਨੇ ਦੁਕਾਨ ਨੂੰ ਜਿੰਦਾ ਲਾ ਕੇ ਸੀਲ ਕਰ ਦਿੱਤਾ ਤੇ ਚਾਬੀਆਂ ਆਪਣੇ ਨਾਲ਼ ਲੈ ਗਈ। ਪੰਜਾਬ ਪੁਲਿਸ ਪੂਰੀ ਤਰ੍ਹਾਂ ‘ਹਿੰਦੂ ਤਖ਼ਤ’ ਦਾ ‘ਖਾਕੀ ਪਾਵਾ’ ਬਣ ਬੈਠੀ ਸੀ। ਫਿਰ ਹੋਰ ਜਨਤਕ ਤੇ ਜਮਹੂਰੀ ਜਥੇਬੰਦੀਆਂ ਦਾ ਇੱਕ ਵਫ਼ਦ ਥਾਣੇ ਪਹੁੰਚਿਆ ਤੇ ਪੁਲਿਸ ’ਤੇ ਦਬਾਅ ਬਣਾਇਆ ਕਿ ਬੇਦੋਸ਼ੇ ਚਾਰੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ। ਪੁਲਿਸ ਨੇ ਮੌਕਾ ਵੇਖਦਿਆਂ ਮੰਗਲਵਾਰ ਸਵੇਰੇ 12 ਵਜੇ ਦਾ ਸਮਾਂ ਦਿੱਤਾ ਤੇ ਸਾਥੀਆਂ ਨੂੰ ਛੱਡ ਦਿੱਤਾ। ਪੁਲਿਸ ਇਹ ਵੀ ਵੇਖਣਾ ਚਾਹੁੰਦੀ ਸੀ ਕਿ ਮੰਗਲਵਾਰ ਸਵੇਰ ਨੂੰ ਕੀ ਸਮੀਕਰਨ ਬਣਦੇ ਹਨ? ਜਦਕਿ ਹਿੰਦੂ ਕੱਟੜਵਾਦੀ ਚਾਰਾਂ ਕਾਰਕੁੰਨਾਂ ’ਤੇ ਧਾਰਾ 295(A) ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕਰਨ ਨੂੰ ਕਹਿ ਰਹੇ ਸਨ। ਪਰ ਹੁਣ ਤੱਕ ਪੁਲਿਸ ਦੇ ਕੰਨ ਖੜੇ ਹੋ ਚੁੱਕੇ ਸਨ ਤੇ ਉਹਨਾਂ ਵੀ ਮਹਿਸੂਸ ਕਰ ਲਿਆ ਸੀ ਜੇ ਹੁਣ ਪਰਚਾ ਦਰਜ ਕਰ ਲਿਆ ਤਾਂ ਅਗਲੀ ਸਵੇਰ ਸ਼ੁਭ ਨਹੀਂ ਚੜ੍ਹੇਗੀ ਅਤੇ ਪੁਲਿਸ ਦੇ ਇਸ ਡਰ ਨੂੰ ਅਗਲੇ ਦਿਨ ਲੋਕ ਏਕਤਾ ਨੇ ਸਾਬਤ ਵੀ ਕੀਤਾ।
ਮੰਗਲਵਾਰ ਦੀ ਸਵੇਰ


