ਪਰ ਇਹ ਹਕੀਕਤ ਹੈ ਤੇ ਇਹ ਜ਼ਿੰਦਗੀ ਜਿਉਣ ਵਾਲਿਆਂ ਨਾਲ ਅੱਜ ਮਿਲਾਉਂਦੇ ਹਾਂ.. ਕਪੂਰਥਲਾ-ਜਲੰਧਰ ਸੜਕ ‘ਤੇ ਮਨਸੂਰਵਾਲ ਦੋਨਾ ਪਿੰਡ ਦਾ ਸਨੀ ਨਾਮ ਦਾ ਗੱਭਰੂ ਇਹ 10 ਬਾਇ 10 ਦੀ ਜ਼ਿੰਦਗੀ ਹੰਢਾਅ ਰਿਹਾ ਹੈ। ਜਲੰਧਰ ਵਲੋਂ ਆਓ ਤਾਂ ਮਨਸੂਰਵਾਲ ਪਿੰਡ ਦੇ ਸ਼ੁਰੂ ਹੁੰਦਿਆਂ ਹੀ ਖੱਬੇ ਪਾਸੇ ਕੁਝ ਸਿਆਸੀ, ਧਾਰਮਿਕ ਤੇ ਸਮਾਜਿਕ ਪ੍ਰਚਾਰ ਵਾਲੀਆਂ ਫਟੀਆਂ ਪੁਰਾਣੀਆਂ ਫਲੈਕਸਾਂ ਦੀ ਓਟ ਵਿੱਚ ਇਕ ਨਾਈ ਦੀ ਦੁਕਾਨ, ਦੁਕਾਨ ਕਾਹਦੀ ਖੋਖਾ ਵੀ ਕਹਿਣਾ ਸਹੀ ਨਹੀਂ, ਸੜਕ ਕਿਨਾਰੇ ਹੀ ਖਸਤਾ ਹਾਲ ਕੁਰਸੀ, ਅੱਧੋਰਾਣਾ ਜਿਹਾ ਮੇਜ਼, ਮੂਹਰੇ ਸ਼ੀਸ਼ਾ, ਕੰਘੀਆਂ, ਕੈਂਚੀਆਂ, ਸ਼ੇਵ ਦਾ ਸਮਾਨ, ਡਾਈ ਦੇ ਪੈਕੇਟ ਆਦਿ ਪਏ ਹਨ, ਇਹਨੂੰ ਦੁਕਾਨ, ਖੋਖਾ, ਅੱਡਾ ਕੋਈ ਵੀ ਨਾਮ ਤੁਸੀਂ ਆਪਣੀ ਮਰਜ਼ੀ ਨਾਲ ਦੇ ਸਕਦੇ ਹੋ। ਇਹ ਦੁਕਾਨ ਸਨੀ ਨਾਮ ਦੇ 32 ਕੁ ਸਾਲ ਦੇ ਨੌਜਵਾਨ ਦੀ ਹੈ।
ਆਮ ਜਿਹੇ ਦਿਸਦੇ ਇਸ ਚੁੱਪਚੁਪੀਤੇ ਜਿਹੇ ਨੌਜਵਾਨ ਵਿੱਚ ਕਿਸੇ ਨੂੰ ਕੁਝ ਖਾਸ ਨਹੀਂ ਦਿਸਦਾ, ਗਾਹਕ ਆਉਂਦੇ ਨੇ, ਵਾਲ ਕਟਵਾ ਕੇ, ਦਾੜੀ ਸਿਰ ਰੰਗਵਾ ਕੇ ਪੈਸੇ ਦੇ ਕੇ ਚਲੇ ਜਾਂਦੇ ਨੇ। ਕੋਈ ਗਾਹਕ ਨਾ ਹੋਣ ‘ਤੇ ਸਨੀ ਓਥੇ ਹੀ ਢਹੀ ਜਿਹੀ ਕੰਧ ‘ਤੇ ਬਹਿ ਜਾਂਦਾ ਹੈ। ਕੋਲ ਹੀ ਹੱਟੇ ਕੱਟੇ 10-12 ਜਣੇ ਤਾਸ਼ ਕੁੱਟਦੇ ਫੂਹੜ ਭਾਸ਼ਾ ਬੋਲਦੇ ਕਿਸੇ ਵੀ ਵਕਤ ਦੇਖੇ ਜਾ ਸਕਦੇ ਨੇ। ਇਹਨਾਂ ਤਾਸ਼ ਕੁਟਾਵਿਆਂ ਦਾ ਟੋਲਾ ਸਨੀ ਨੂੰ ਗਾਲ ਕੱਢ ਕੇ ਅਕਸਰ ਆਖਦਾ ਹੈ, ਓ ਨਾਈਆ.. ਖੋਖੇ ਦੁਆਲੇ ਓਟਾ ਕਰਲਾ,, ਵਾਲ ਉਡ ਉਡ ਕੇ ਸਾਡੇ ਤੇ ਪੈਂਦੇ ਨੇ..।
ਚੁੱਕ ਸਕਦਾ , ਮੇਰਾ ਚੂਲਾ ਟੁੱਟ ਗਿਆ ਸੀ।ਉਸ ਦਾ ਕੰਮ ਰੁਕਵਾ ਕੇ ਕਹਾਣੀ ਛੋਹ ਲਈ, ਸਨੀ ਮਜ਼ਹਬੀ ਸਿੱਖ ਪਰਿਵਾਰ ਦੇ ਪਿਛੋਕੜ ਵਾਲਾ ਹੈ, ਪਰ ਸਮਾਜਕ ਵਿਤਕਰੇ ਕਾਰਨ ਉਹਨਾਂ ਦਾ ਪਰਿਵਾਰ ਵੀ ਦੋ ਪੀੜੀਆਂ ਤੋਂ ਇਸਾਈ ਬਣ ਗਿਆ ਹੈ। ਸਾਰਾ ਪਰਿਵਾਰ ਮਜ਼ਦੂਰੀ ਕਰਦਾ ਹੈ। ਰਾਏਪੁਰ ਅਰਾਈਆਂ ਪਿੰਡ ਦੇ ਮੂਲ ਵਾਸੀ ਸਨੀ ਦਾ ਪਿਓ ਮਨਸੂਰਵਾਲ ਦੇ ਇਕ ਸਕੂਲ ‘ਚ ਚੌਕੀਦਾਰਾ ਕਰਿਆ ਕਰਦਾ ਸੀ ਤਾਂ ਸਕੂਲ ਵਾਲਿਆਂ ਨੇ ਦੋ ਧੀਆਂ ਤੇ ਦੋ ਪੁੱਤਾਂ ਵਾਲੇ ਇਸ ਪਰਿਵਾਰ ਨੂੰ 24 ਕੁ ਸਾਲ ਪਹਿਲਾਂ ਸਰਕਾਰੀ ਜ਼ਮੀਨ ਵਿੱਚ ਇਕ ਕੋਠਾ ਛੱਤ ਦਿੱਤਾ ਕਿ ਇਥੇ ਰਹਿ ਲਓ, ਸਨੀ ਸਭ ਤੋਂ ਵੱਡਾ ਹੈ। ਉਹ ਦੱਸਦਾ ਕਿ ਜਦ ਤੋਂ ਸੁਰਤ ਸੰਭਾਲੀ ਕਦੇ ਮਾਂ ਨਾਲ ਲੋਕਾਂ ਦੇ ਘਰਾਂ ਵਿੱਚ ਸਫਾਈ ਕਰਨ ਤੇ ਭਾਂਡੇ ਮਾਜਣ ਜਾਂਦਾ ਰਿਹਾ, 10 ਸਾਲ ਦੀ ਉਮਰੇ ਪੀਰ ਚੌਧਰੀ ਦੀ ਸਮਾਧ ਕੋਲ ਚਾਹ ਦੀ ਰੇੜੀ ਲਾ ਲਈ, ਰਿਕਸ਼ਾ ਵੀ ਚਲਾਇਆ, ਕੰਮ ਕਾਰ ਵਿਚ ਹੀ ਰਿੜਦੇ ਖਿੜਦੇ ਨੇ 8ਵੀਂ ਪਾਸ ਕਰ ਲਈ। 15-16 ਸਾਲ ਦੀ ਉਮਰੇ ਨਾਈਪੁਣਾ ਸਿੱਖ ਲਿਆ ਤੇ ਕਦੇ ਕਿਤੇ ਜਾ ਕੇ ਅੱਡਾ ਲਾ ਲੈਂਦਾ, ਕਦੇ ਕਿਤੇ ਜਾ ਕੇ। ਗਾਹਕੀ ਨਾ ਹੋਣ ਕਰਕੇ ਥਾਂ ਬਦਲਦਾ ਰਿਹਾ। ਚਾਰ ਪੰਜ ਸਾਲ ਇਉਂ ਖੱਜਲ ਹੋਣ ਮਗਰੋਂ ਕਬੀਲਦਾਰੀ ਦਾ ਬੋਝ ਵੰਡਾਉਣ ਲਈ ਰੰਗ ਰੋਗਨ ਕਰਨ ਦਾ ਕੰਮ ਸਿੱਖਿਆ ਤੇ ਰੰਗ ਕਰਨ ਲੱਗ ਪਿਆ, ਦੋ ਭੈਣਾਂ ਦੇ ਵਿਆਹ ਕੀਤੇ, ਆਪਣਾ ਤੇ ਭਰਾ ਦਾ ਵਿਆਹ ਕੀਤਾ। ਓਸੇ ਸਰਕਾਰੀ ਜ਼ਮੀਨ ਵਿੱਚ ਇਕ ਕਮਰੇ ਤੋਂ ਤਿੰਨ ਕਮਰੇ ਛੱਤ ਲਏ 10 ਬਾਇ 10 ਦਾ ਇਕ ਕਮਰਾ ਸਨੀ ਦੇ ਹਿੱਸੇ ਆਇਆ ਹੈ। ਜਗਾ ਸਰਕਾਰੀ ਹੈ, ਬਾਕੀ ਸਭ ਕੁਝ ਆਪਣਾ ਹੈ।
ਅਪ੍ਰੇਸ਼ਨ ਹੋਏ ਨੂੰ ਬਸ਼ੱਕ 5 ਸਾਲ ਹੋ ਗਏ, ਪਰ ਤਕਲੀਫ ਚੰਗੀ ਖਾਧ ਖੁਰਾਕ ਦੀ ਕਮੀ ਤੇ ਅੱਲੇ ਜ਼ਖਮਾਂ ਵਿੱਚ ਹੀ ਕੰਮ ਛੋਹ ਲੈਣ ਕਰਕੇ ਅੱਜ ਵੀ ਹੈ। ਦੁਕਾਨ ‘ਤੇ ਜ਼ਿਆਦਾ ਗਾਹਕ ਆਉਣ ‘ਤੇ ਕਦੇ ਕਦੇ 3-4 ਘੰਟੇ ਲਗਾਤਾਰ ਖੜਨਾ ਪੈਂਦਾ ਹੈ, ਕਈ ਵਾਰ ਸਾਰਾ ਦਿਨ ਹੀ ਗਾਹਕ ਆਉਂਦੇ ਨੇ, ਤਾਂ ਉਹ ਕੁਝ ਚਿਰ ਬਹਿ ਬਹਿ ਕੇ ਸਾਹ ਲੈ ਕੇ ਫੇਰ ਕੰਮ ‘ਤੇ ਜੁਟ ਜਾਂਦਾ ਹੈ। ਸ਼ਾਮ ਤੱਕ ਕਈ ਵਾਰ ਤਾਂ ਥਕੇਵੇਂ ਨਾਲ ਪੈਰ ਇਕ ਕਦਮ ਵੀ ਤੁਰਨ ਤੋਂ ਇਨਕਾਰੀ ਹੋ ਜਾਂਦੇ ਨੇ, ਘਰਵਾਲੀ ਤੇ 8 ਸਾਲ ਦੀ ਕੁੜੀ ਤੇ 7 ਸਾਲ ਦਾ ਮੁੰਡਾ ਉਹਨੂੰ ਧੂਹ ਧਾਹ ਕੇ ਘਰ ਲੈ ਜਾਂਦੇ ਨੇ। ਘਰ .. ਜੋ 10 ਬਾਇ 10 ਦਾ ਹੈ.. 10 ਫੁੱਟ ਚੌੜਾ, 10 ਫੁੱਟ ਲੰਮਾ.. ਉਪਰ ਟੀਨ ਦੀ ਛੱਤ ਹੈ, ਵਿਚ ਮਘੋਰੀਆਂ ਨੇ, ਸਨੀ ਹੱਸਦਾ ਹੈ, ਬਰਸਾਤਾਂ ਵਿੱਚ ਅੰਦਰੇ ਬੈਠੇ ਈ ਮੀਂਹ ਦੇ ਨਜ਼ਾਰੇ ਲੈ ਲੈਂਦੇ ਆਂ.. ਬੱਸ ਸਮਾਨ ਭਿੱਜ ਜਾਂਦਾ, ਹੋਰ ਕੋਈ ਗੱਲ ਨਹੀਂ, ਸਿਆਲਾਂ ‘ਚ ਤਰੇਲ ਵੀ ਇਹਨਾਂ ਮਘੋਰਿਆਂ ਵਿਚੋਂ ਚੋਅ ਚੋਅ ਅੰਦਰੇ ਬਰਸਾਤ ਦਾ ਮਹੌਲ ਬਣਾ ਦਿੰਦੀ ਹੈ, ਉਹ ਹੱਸੀ ਜਾਂਦਾ ਹੈ, ਸ਼ਾਇਦ ਤਕਲੀਫਾਂ ਨੂੰ ਹਾਸਿਆਂ ਪਿੱਛੇ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ 10 ਬਾਇ 10 ਦੇ ਘਰ ਵਿੱਚ ਹੀ ਇਕ ਬੈਡ ਹੈ, ਇਕ ਪਾਸੇ ਗੈਸ ਚੁੱਲਾ ਹੈ, ਅਲਮਾਰੀ ਹੈ, ਬੱਸ ਇਹੀ ਜਾਇਦਾਦ ਹੈ। ਸਨੀ ਦਿਹਾੜੀ ਦੇ 150 ਕਦੇ ਕਦੇ 200 ਰੁਪਏ ਕਮਾ ਲੈਂਦਾ ਹੈ, ਕਰਜ਼ਾ ਹਾਲੇ ਤੱਕ ਨਹੀਂ ਉਤਰਿਆ, ਸਾਲ ਕੁ ਪਹਿਲਾਂ ਰਾਜਬੀਰ ਦੇ ਪਥਰੀਆਂ ਦਾ ਅਪ੍ਰੇਸ਼ਨ ਹੋਇਆ, 25 ਹਜ਼ਾਰ ਉਦੋਂ ਕਰਜ਼ਾ ਚੁੱਕਣਾ ਪਿਆ, ਅੱਜ ਵੀ 60 ਕੁ ਹਜ਼ਾਰ ਦਾ ਕਰਜ਼ਾ ਸਿਰ ਹੈ। ਤੁਰਦੇ ਫਿਰਦੇ ਸ਼ਾਹੂਕਾਰਾਂ ਤੋਂ ਕਰਜ਼ਾ ਲੈਂਦੇ ਨੇ, ਜਿਵੇ 5000 ਰੁਪਏ ਦਾ ਕਰਜ਼ਾ ਲਿਆ, 7 ਮਹੀਨਿਆਂ ਵਿੱਚ ਉਹਦਾ 7 ਹਜ਼ਾਰ ਮੋੜਨਾ ਹੈ, ਬੈਂਕਾਂ ਦੇ ਕਰਜ਼ੇ ਨਾਲੋਂ ਕਿਤੇ ਮਹਿੰਗਾ, ਸਨੀ ਦੱਸਦਾ ਹੈ ਕਿ ਮਾਹਤੜਾਂ ਨੂੰ ਬੈਂਕਾਂ ਕਰਜ਼ਾ ਨਹੀਂ ਦਿੰਦੀਆਂ, ਸਾਡੇ ਕੋਲ ਗਹਿਣੇ ਰੱਖਣ ਨੂੰ ਕੁਝ ਨਹੀਂ।
ਉਸ ਦੀ ਘਰਵਾਲੀ ਰਾਜਬੀਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ।
ਬੱਚਿਆਂ ਨੂੰ ਪੜਾਉਣ ਦੀ ਸਿਰ ਤੋੜ ਕੋਸ਼ਿਸ਼ ਵਿੱਚ ਨੇ, ਹਾਲਾਤਾਂ ਦੇ ਬਦਲਣ ਦੀ ਆਸ ਵਿੱਚ ਨੇ। ਦੋਵਾਂ ਜੀਆਂ ਦੀ ਕਮਾਈ ਕਦੇ 7 ਹਜ਼ਾਰ ਮਹੀਨਾ ਹੁੰਦੀ ਹੈ ਕਦੇ 8 ਹਜ਼ਾਰ ਅੱਧਾ ਕਰਜ਼ਾ ਮੁੜ ਜਾਂਦਾ ਹੈ, ਬਾਕੀ ਨਾਲ ਰੋਟੀ ਪਾਣੀ ਦਾ ਤੋਰਾ ਤੋਰਦੇ ਨੇ। ਰਾਜਬੀਰ ਦੱਸਦੀ ਹੈ ਕਿ ਅਸੀਂ ਸਾਰੇ ਟੱਬਰ ਨੇ ਕੱਪੜਾ ਕਦੇ ਮੁੱਲ ਲੈ ਕੇ ਨਹੀਂ ਪਾਇਆ, ਵੱਡੇ ਘਰਾਂ ਵਾਲੀਆਂ ਦੇ ਦਿੰਦੀਆਂ ਨੇ। ਵਧੀ ਬਚੀ ਦਾਲ ਸਬਜ਼ੀ ਵੀ ਦੇ ਹੀ ਦਿੰਦੀਆਂ ਨੇ, ਸਾਡਾ ਡੰਗ ਸਰ ਜਾਂਦੈ। ਮੈਂ ਤਾਂ ਕਈ ਵਾਰ ਓਹਦੇ ‘ਚੋਂ ਆਪਣੀ ਦਰਾਣੀ ਨੂੰ ਵੀ ਦੇ ਦਿੰਨੀ ਆਂ.. ਥੋੜੀ ਖਾ ਕੇ ਵੀ ਝੱਟ ਪੂਰਾ ਹੋ ਹੀ ਜਾਣਾ ਹੁੰਦੈ,, ਬੱਸ ਪ੍ਰਭੂ ਨੇ ਜੋ ਵਖਤ ਪਾਇਆ ਉਹੀ ਕਟਾਊ, ਮਰੂੰ ਮਰੂੰ ਕਰਕੇ ਕਿਹੜਾ ਕਸ਼ਟ ਕੱਟੇ ਜਾਣੇ ਨੇ.. ਉਹ ਹੱਸਦੀ ਹੋਈ ਕਹਿੰਦੀ ਹੈ..
ਬਾਬਾ ਨਾਨਕ ਦੇ ਅਸਲੀ ਵਾਰਸ ਕਿਰਤ ਕਰੋ ਵੰਡ ਛਕੋ ਨਾਮ ਜਪੋ.. ਦੇ ਧਾਰਨੀ.. ਇਸ ਪਰਿਵਾਰ ਦੀ 10 ਬਾਇ 10 ਦੀ ਜ਼ਿੰਦਗੀ ਸਿਰੜ, ਸਬਰ, ਸੰਤੋਖ ਦੀ ਮਿਸਾਲ ਹੈ, ਖਾਸ ਕਰਕੇ ਖੁਦਕੁਸ਼ੀਆਂ ਦੇ ਰਾਹ ਤੁਰਨ ਦੀ ਸੋਚ ਵਾਲਿਆਂ ਲਈ..।


