By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਇਹ ਪੰਜਾਬ ਵੀ ਮੇਰਾ ਹੈ? -1 – ਅਮਨਦੀਪ ਹਾਂਸ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਇਹ ਪੰਜਾਬ ਵੀ ਮੇਰਾ ਹੈ? -1 – ਅਮਨਦੀਪ ਹਾਂਸ
ਖ਼ਬਰਸਾਰ

ਇਹ ਪੰਜਾਬ ਵੀ ਮੇਰਾ ਹੈ? -1 – ਅਮਨਦੀਪ ਹਾਂਸ

ckitadmin
Last updated: August 25, 2025 9:29 am
ckitadmin
Published: January 25, 2017
Share
SHARE
ਲਿਖਤ ਨੂੰ ਇੱਥੇ ਸੁਣੋ

ਹਾੜਾ ਓਏ ਮੇਰਾ ਨਸ਼ਾ ਛੁਡਾਅ ਦਿਓ…

ਐਲਪ੍ਰੈਕਸ ਦੀਆਂ ਇਕੋ ਵੇਲੇ 20 ਗੋਲ਼ੀਆਂ ਖਾਣ ਵਾਲੇ ਰਘੂ ਦੀ ਦੁਹਾਈ
ਨਸ਼ੇ ਨੂੰ ਲੈ ਕੇ ਪੰਜਾਬ ਦੀ ਜੋ ਸਥਿਤੀ ਹੈ, ਉਸ ਬਾਰੇ ਹੁਣ ਬੁਹਤਾ ਕੁਝ ਕਹਿਣ ਦੀ ਲੋੜ ਨਹੀਂ ਰਹੀ। ਜਾਗਦੀਆਂ ਜ਼ਮੀਰਾਂ ਵਾਲੇ ਪੰਜਾਬ ਦੇ ਫਿਕਰਮੰਦਾਂ ਤੱਕ ਜਵਾਨਾਂ ਦੇ ਬਲ਼ਦੇ ਸਿਵਿਆਂ ਦਾ ਸੇਕ ਹਾਲਤ ਦੀ ਨਾਜ਼ੁਕਤਾ ਨੂੰ ਮਹਿਸੂਸਦੇ ਹੀ ਨੇ..

ਆਪਾਂ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਚੋਹਲਾ ਸਾਹਿਬ ਕਸਬਾ ਨੁਮਾ ਪਿੰਡ ਵਿੱਚ ਚੱਲਦੇ ਹਾਂ, ਜਿੱਥੇ ਸਮੇਂ ਦੀਆਂ ਸਰਕਾਰਾਂ ਨੇ ਜਿਸ ਤਰਾਂ ਦਾ ‘ਵਿਕਾਸ’ ਕੀਤਾ, ਉਸ ਦੇ ਦਰਸ਼ਨ ਵੀ ਕਰਾਂਗੇ, ਪਰ ਪਹਿਲਾਂ ਇਥੇ ਦੇ 800 ਦੇ ਕਰੀਬ ਵੋਟ ਵਾਲੀ ਦਲਿਤ ਬਸਤੀ ਵਿੱਚ ਨਸ਼ੇ ਦੀ ਮਾਰ ਹੇਠ ਆਏ ਇਕ 30 ਸਾਲਾ ਗੱਭਰੂ ਦੀ ਦੁਹਾਈ ਸਮਾਂ ਬੀਤਣ ਤੋਂ ਪਹਿਲਾਂ ਸੁਣ ਲਈਏ..

 

 

 

ਕਿਤੇ ਚਿੜੀ ਨਾ ਚੁਗ ਜਾਏ ਖੇਤ..

ਨਸ਼ੇ ਦੀ ਮਾਰ ਕਰਕੇ 25 ਕੁ ਸਾਲ ਪਹਿਲਾਂ ਮਰ ਗਏ ਸੇਵਾ ਸਿੰਘ ਤੇ ਹੁਣ ਤੱਕ ਗੁਲੱਮ ਦਾ ਟੋਕਰਾ ਢੋਹ ਰਹੀ ਦਲਬੀਰ ਕੌਰ ਦੇ ਘਰ ਦੋ ਪੁੱਤ ਪੈਦਾ ਹੋਏ, ਸੇਵਾ ਸਿੰਘ ਦਿਹਾੜੀ ਦੱਪਾ ਕਰਿਆ ਕਰਦਾ ਸੀ, ਪਰ ਜੋ ਵੀ ਕਮਾਉਂਦਾ, ਦਾਰੂ ਪੀ ਛੱਡਦਾ, ਵਿਚੇ ਨੀਲੇ ਰੰਗ ਦੇ ਕੈਪਸੂਲ ਲੈਣ ਲੱਗਿਆ, ਜਦ ਮੈਡੀਕਲ ਨਸ਼ਾ ਤੁਰਿਆ ਹੀ ਸੀ, ਕਿਤੇ ਨਿਰਨੇ ਕਾਲਜੇ ਲੈ ਬੈਠਾ, ਬੱਸ ਕਾਲਜਾ ਈ ਪਾਟ ਗਿਆ ਓਹਦਾ.. ਤੇ ਸੇਵਾ ਸਿੰਘ ਦੀ ਮੌਤ ਤੋਂ ਬਾਅਦ ਦਲਬੀਰ ਕੌਰ ਨੇ ਆਪਣੇ 5 ਸਾਲ ਦੇ ਰਘੂ ਤੇ 7 ਸਾਲ ਦੇ ਜਸਵੰਤ ਸਿੰਘ ਦੋਵਾਂ ਪੁੱਤਾਂ ਨੂੰ ਕਿਹਨੀਂ ਹਾਲੀਂ ਪਾਲ਼ਿਆ ਉਸ ਦਾ ਹਾਲ ਹੀ ਜਾਣਦਾ ਹੈ। ਅੱਜ ਉਹ 55 ਸਾਲ ਦੀ ਉਮਰ ਵਿੱਚ ਕਬੀਲਦਾਰੀਆਂ ਦਾ ਬੋਝ ਢੋਂਹਦੀ ਤੇ ਦੁੱਖਾਂ ਦੀ ਮਾਰ ਝੱਲਦੀ 70 ਸਾਲ ਦੀ ਉਮਰ ਦੀ ਲੱਗਦੀ ਹੈ, ਪਰ ‘ਗੁਲੱਮ ਵਾਲੀ ਟੋਕਰੀ’ ਉਸ ਦੇ ਸਿਰੋਂ ਹਾਲੇ ਵੀ ਨਹੀਂ ਲਹੀ। ਦੋ ਜਵਾਨ ਪੁੱਤਾਂ ਦੀ ਮਾਂ ਪਹੁ ਫੁੱਟਣ ਤੋਂ ਪਹਿਲਾਂ ਹੀ ਘਰੋਂ ਕਿਰਤ ਨੂੰ ਨਿਕਲ ਜਾਂਦੀ ਹੈ, ਦੇਰ ਸ਼ਾਮ ਘਰ ਪਰਤੀ ਹੈ। ਕਈ ਘਰਾਂ ਦੀ ਸਾਫ ਸਫਾਈ, ਭਾਂਡੇ ਮਾਂਜਣ ਤੇ ਲੀੜੇ ਧੋਣ ਦਾ ਕੰਮ ਕਰਦੀ ਹੈ। ਸਾਰੀ ਕਮਾਈ ਨਸ਼ੇ ਦੀ ਮਾਰ ਹੇਠ ਆਏ ਦੋਵਾਂ ਪੁੱਤਾਂ ਦੇ ਤੇ ਉਹਨਾਂ ਦੇ ਟੱਬਰਾਂ ਦੇ ਲਾਲਣ-ਪਾਲਣ ‘ਤੇ ਖਰਚਦੀ ਹੈ। ਉਸ ਨੂੰ ਕੋਈ ਬੁਢਾਪਾ ਜਾਂ ਵਿਧਵਾ ਪੈਨਸ਼ਨ ਨਹੀਂ ਮਿਲਦੀ, ਕੋਈ ਸਸਤਾ ਦਾਲ, ਕਣਕ ਨਹੀਂ ਮਿਲਦਾ। ਸਾਰੀ ਉਮਰ ਲੋਕਾਂ ਦੇ ਘਰੀਂ ਕੰਮ ਕਰਕੇ ਉਸ ਨੇ ਦੋ ਕੱਚੇ ਕਮਰੇ ਪੱਕਿਆਂ ਵਰਗੇ ਕਰ ਲਏ, ਪਰ ਘਰ ਵਿੱਚ ਬਾਥਰੂਮ ਤੇ ਟਾਇਲਟ ਦਾ ਪ੍ਰਬੰਧ ਨਹੀਂ ਕਰ ਹੋਇਆ। ਪੀਣ ਵਾਲੇ ਪਾਣੀ ਲਈ ਹੋਰਨਾਂ ਦੇ ਘਰ-ਦਰ ‘ਤੇ ਨਿਰਭਰ ਹੈ, ਸਰਕਾਰੀ ਪਾਣੀ ਵਾਲੀ ਟੂਟੀ ਨਹੀਂ ਲੱਗੀ।

ਦਲਬੀਰ ਕੌਰ ਦਾ ਵੱਡਾ ਪੁੱਤ ਜਸਵੰਤ ਸਿੰਘ 32 ਸਾਲ ਦੀ ਉਮਰੇ ਇਸੇ ਸਾਲ 5 ਜਨਵਰੀ ਨੂੰ ਜਹਾਨੋਂ ਅਣਹੋਇਆਂ ਵਾਂਗ ਤੁਰ ਗਿਆ, ਉਹ 15 ਕੁ ਸਾਲ ਦਾ ਸੀ ਜਦ ਤੋਂ ਨਸ਼ਾ ਕਰਨ ਲੱਗ ਪਿਆ ਸੀ, ਪਹਿਲਾਂ ਪਹਿਲਾਂ ਬੀੜੀਆਂ, ਭੁੱਕੀ ਤੇ ਫੇਰ ਗੋਲ਼ੀਆਂ, ਫੈਂਸੀ, ਟੀਕਿਆਂ ਦਾ ਆਦੀ ਹੋ ਗਿਆ, 4-5 ਸਾਲ ਤੋਂ ਚਿੱਟੇ ਨੂੰ ਵੀ ਮੂੰਹ ਮਾਰਨ ਲੱਗਿਆ ਸੀ, ਮਾਂ ਨੇ ਵਿਆਹ ਲਿਆ ਕਿ ਸ਼ਾਇਦ ਕਬੀਲਦਾਰੀ ਦਾ ਬੋਝ ਇਹਨੂੰ ਸੁਧਾਰ ਦੇਊ। 3 ਕੁ ਮਹੀਨੇ ਪਹਿਲਾਂ ਇਕ ਬੱਚੀ ਪੈਦਾ ਹੋਈ, ਪਰ ਜਸਵੰਤ ਦੇ ਨਸ਼ੇ ਨੂੰ ਕੋਈ ਕਬੀਲਦਾਰੀ, ਕੋਈ ਮੋਹ ਨਾ ਕਾਬੂ ਕਰ ਸਕਿਆ, ਉਹ ਆਖਰੀ ਦਿਨਾਂ ਵਿੱਚ ਚਿੱਟਾ ਨਾ ਮਿਲਣ ਕਰਕੇ ਐਲਪ੍ਰੈਕਸ ਦੀਆਂ 30 ਗੋਲ਼ੀਆਂ ਹਰ ਰੋਜ਼ ਖਾਣ ਲੱਗ ਪਿਆ ਸੀ.. ਕਦੇ ਕਦਾਈਂ ਦਿਹਾੜੀ ਲਾ ਆਉਂਦਾ, ਜੋ ਵੀ ਕਮਾਉਂਦਾ ਸਿਰਫ ਨਸ਼ਾ ਹੀ ਕਰਦਾ, ਘਰੋਂ ਵੀ ਮਾਂ ਨਾਲ ਲੜ ਝਗੜ ਕੇ ਨਸ਼ੇ ਲਈ ਪੈਸੇ ਲੈ ਜਾਂਦਾ ਸੀ। 5 ਜਨਵਰੀ  ਨੂੰ ਉਸ ਦੀ ਮੌਤ ਹੋ ਗਈ, 15 ਨੂੰ ਭੋਗ ਤੋਂ ਬਾਅਦ ਉਸ ਦੀ ਵਿਧਵਾ ਆਪਣੀ ਧੀ ਨੂੰ ਲੈ ਕੇ ਪੇਕਿਆਂ ਦੇ ਨਾਲ ਚਲੀ ਗਈ।ਦਲਬੀਰ ਕੌਰ ਦਾ ਦੂਜਾ ਪੁੱਤ ਰਘੂ ਅੱਜ 30 ਕੁ ਸਾਲ ਦਾ ਹੈ, ਉਹ ਵੀ 15-16 ਸਾਲ ਦੀ ਉਮਰ ‘ਚ ਹੀ ਨਸ਼ਾ ਕਰਨ ਲੱਗਿਆ ਸੀ। ਗੋਲ਼ੀਆਂ, ਫੈਂਸੀ, ਕੋਰੈਕਸ ਤੋਂ ਸ਼ੁਰੂ ਹੋ ਕੇ ਚਿੱਟੇ ਤੱਕ ਜਾ ਅੱਪੜਿਆ। ਕਿਸੇ ਜ਼ਿਮੀਦਾਰ ਨਾਲ ਦਿਹਾੜੀ ਜਾਂਦਾ ਤਾਂ ਕੋਈ ਚਿੱਟੇ ਵਾਲਾ ਮਿਲ ਜਾਂਦਾ, ਰਘੂ ਨੂੰ ਮੁਫਤ ‘ਚ ਚਿੱਟਾ ਮਿਲ ਜਾਂਦਾ, ਫੇਰ ਜਦ ਕਿਤੇ ਹੱਥ ਨਾ ਪੈਂਦਾ ਤਾਂ ਉਹ ਵੀ ਐਲਪ੍ਰੈਕਸ ਦੀਆਂ ਗੋਲ਼ੀਆਂ ਜਾ ਖਰੀਦਦਾ, ਇਕ ਦਿਨ ਵਿੱਚ ਨਿਰਨੇ ਕਾਲਜੇ ਦੋ ਪੂਰੇ ਪੱਤੇ, ਭਾਵ 20 ਗੋਲ਼ੀਆਂ ਅੰਦਰ ਸਿੱਟਦਾ ਹੈ, ਫੇਰ ਮੰਜੇ ਤੋਂ ਉਠਦਾ ਹੈ। ਕੰਮ ਕਰਨ ਜੋਗਾ ਉਸ ਦਾ ਸਰੀਰ ਨਹੀਂ ਰਿਹਾ, 15 ਸਾਲ ਤੋਂ ਜਿਸ ਸਰੀਰ ਦੀ ਨਸ ਨਸ ਨਸ਼ੇ ਨਾਲ ਤੁੰਨੀ ਜਾ ਰਹੀ ਹੋਵੇ, ਓਥੇ ਲਹੂ ਕਿੱਥੇ ਰਹਿ ਜਾਊ? ਦਿਮਾਗ ਦੀਆਂ ਸੁੰਨ ਹੋਈਆਂ ਨਸਾਂ ‘ਚ ਸੰਵੇਦਨਾ ਕਿੰਨੀ ਕੁ ਬਚੀ ਹੋਊ.. ? ਅੰਦਾਜ਼ਾ ਸਹਿਜੇ ਲੱਗ ਸਕਦਾ ਹੈ।

ਜਦ ਅਸੀਂ 21 ਜਨਵਰੀ ਨੂੰ ਮਾਝਾ ਹਲਕੇ ਦੀ ਬਿੜਕ ਲੈਂਦੇ ਦੁਪਹਿਰ ਕੁ ਵੇਲੇ ਉਸ ਦੇ ਘਰ ਗਏ ਤਾਂ ਉਹ ਘਰਵਾਲੀ ਨਾਲ ਪੈਸਿਆਂ ਤੋਂ ਲੜ ਰਿਹਾ ਸੀ, ਸਾਨੂੰ ਵੇਖ ਕੇ ਕੁਝ ਝੇਪ ਜਿਹਾ ਗਿਆ। ਉਸ ਦੀ ਮਲੂਕ ਜਿਹੀ ਘਰਵਾਲੀ ਦਵਿੰਦਰ ਕੌਰ 23-24 ਕੁ ਸਾਲ ਦੀ ਮੁਟਿਆਰ ਕੁੱਛੜ 10 ਮਹੀਨਿਆਂ ਦੀ ਧੀ ਨੂੰ ਚੁੱਕੀ ਸਾਰਾ ਸਮਾਂ ਦਿਲ ਦੇ ਲਹੂ ਨੂੰ ਅੱਥਰੂਆਂ ‘ਚ ਵਹਾਉਂਦੀ ਰਹੀ। ਰਘੂ ਦੇ ਦੋ ਬੱਚੇ ਹਨ, 3 ਸਾਲ ਦਾ ਮੁੰਡਾ, ਤੇ 10 ਮਹੀਨਿਆਂ ਦੀ ਕੁੜੀ, ਪਰ ਨਸ਼ੇ ਨੇ ਇਸ ਜਵਾਨ ਦੀ ਹਾਲਤ ਇਹ ਕਰ ਦਿੱਤੀ ਕਿ ਉਸ ਨੂੰ ਬੱਚਿਆਂ ਦੀ ਉਮਰ ਦਾ ਪਤਾ ਹੀ ਨਹੀਂ, ਕਦੇ ਉਹ ਮੁੰਡੇ ਨੂੰ 8 ਸਾਲ ਦਾ ਦੱਸਦਾ, ਕਦੇ ਪੰਜ ਸਾਲ ਦਾ, ਫੇਰ ਹੱਸ ਪੈਂਦਾ।

ਜਦ ਉਹ ਨੂੰ ਕਿਹਾ ਕਿ ਜਸਵੰਤ ਤੇਰਾ ਭਾਈ ਭੰਗ ਦੇ ਭਾਣੇ ਤੁਰ ਗਿਆ, ਤੈਨੂੰ ਡਰ ਨਹੀਂ ਲੱਗਦਾ? ਤੇਰਾ ਜਿਉਣ ਨੂੰ ਜੀਅ ਨਹੀਂ ਕਰਦਾ?

ਤਾਂ ਉਹ ਫਿਸ ਪਿਆ, ਡਾਡਾਂ ਮਾਰਨ ਲੱਗਿਆ ਕਿ ਮੈਨੂੰ ਬਚਾਅ ਲਓ.. ਮੇਰਾ ਨਸ਼ਾ ਛੁਡਵਾ ਦਿਓ ਭਾਵੇਂ ਜੇਲ ‘ਚ ਸੁੱਟ ਦਿਓ। ਆਪੇ ਹੀ ਦੱਸਦਾ ਕਿ ਤਰਨਤਾਰਨ ਸੈਂਟਰ ਹੈ, ਓਥੇ ਛੱਡ ਦਿਓ.. ਉਹ ਵਾਰ ਵਾਰ ਹੱਥ ਜੋੜੀ ਗਿਆ.. ਮੇਰੀ ਤੌਬਾ ਹੋ ਗਈ.. ਇਹ ਆਪੇ ਨਹੀਂ ਛੁੱਟਦਾ .. ਰਘੂ ਦੀ ਘਰਵਾਲੀ ਦਵਿੰਦਰ ਕੌਰ ਨੂੰ ਕਿਹਾ ਕਿ ਇਹਨੂੰ ਕਿਸੇ ਨਸ਼ਾ ਛੁਡਾਊ ਸੈਂਟਰ ‘ਚ ਕਿਉਂ ਨਹੀਂ ਛੱਡਦੇ ਜਦ ਇਹ ਛੱਡਣਾ ਚਾਹੁੰਦਾ ਹੈ? ਤਾਂ ਉਹ ਭਰੜਾਈ ਜਿਹੀ ਅਵਾਜ਼ ‘ਚ ਬੋਲੀ – ਜੀ ਰੋਟੀ ਦਾ ਤਾਂ ਫਿਕਰ ਰਹਿੰਦੈ, ਸੈਂਟਰ ‘ਚ ਕਾਹਦੇ ਨਾਲ ਛੱਡ ਆਈਏ, ਓਥੇ ਵਾਹਵਾ ਪੈਸੇ ਲੱਗਦੇ ਨੇ.. ਤੇ ਉਹ ਫਟੀ ਸ਼ਾਲ ‘ਚ ਮੂੰਹ ਦੇ ਕੇ ਡੁਸਕਦੀ ਰਹੀ।

ਇਸੇ ਹੀ ਬਸਤੀ ਵਿੱਚ 6 ਕੁ ਮਹੀਨੇ ਪਹਿਲਾਂ ਦੋ ਭੈਣਾਂ ਦਾ ਇਕਲੌਤਾ ਭਾਈ 19 ਸਾਲ ਦਾ ਜਵਾਨ ਮੁੰਡਾ ਚਿੱਟੇ ਦੀ ਭੇਟ ਚੜ ਗਿਆ, ਉਸਦਾ ਬਾਪ ਗੱਲ ਵੀ ਨਾ ਕਰ ਸਕਿਆ, ਫਟੀ ਜਿਹੀ ਲੋਈ ਵਿੱਚ ਮੂੰਹ ਦੇ ਕੇ ਸਿਸਕੀਆਂ ਨੱਪਦਾ ਲੰਘ ਗਿਆ। ਮਾਪੇ ਸਮਾਜਿਕ ਸ਼ਰਮਿੰਦਗੀ ਤੋਂ ਬਚਦੇ ਜਵਾਨ ਪੁੱਤਾਂ ਦੀ ਮੌਤ ‘ਤੇ ਇਹ ਖੁੱਲ ਕੇ ਆਖਣ ਦਾ ਹਿਆਂ ਹੀ ਨਹੀਂ ਕਰਦੇ ਕਿ ਉਹਨਾਂ ਦੇ ਪੁੱਤ ਨਸ਼ੇ ਨੇ ਨਿਗਲ ਲਏ.. ਇਹ 19 ਸਾਲਾ ਪੁੱਤ ਗਵਾਉਣ ਵਾਲਾ ਪਰਿਵਾਰ ਵੀ ਕਹਿੰਦਾ ਹੈ ਕਿ ਬੱਸ ਜੀ ਅਟੈਕ ਹੋ ਗਿਆ, ਪਰ ਉਹ ਕਹਿੰਦੇ ਨੇ ਨਾ- ਕਿ ਦਾਈਆਂ ਤੋਂ ਕਿਹੜਾ ਢਿੱਡ ਲੁਕਦੇ ਨੇ? ਇਲਾਕੇ ਦੇ ਲੋਕ ਸਾਫ ਕਹਿੰਦੇ ਨੇ ਕਿ ਜੀ ਚਿੱਟਾ ਨਿਗਲ ਗਿਆ, ਸਾਡੀਆਂ ਗਲੀਆਂ ਦੀ ਰੌਣਕ.. ਜਿੰਨਾ ਮਰਜ਼ੀ ਲੈ ਲਓ, ਦੋ ਮਹੀਨੇ ਪਹਿਲਾਂ ਤੱਕ ਤਾਂ ਆਮ ਵਿਕਦਾ ਸੀ, ਹੁਣ ਕੁਝ ਪਰਦੇ ਹੇਠ ਹੈ।

ਬਸਤੀ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਭਾਈ ਬੀਬਾ ਸਾਡੇ ਤਾਂ ਪਿੰਡ ਦੇ ਚੁਣ ਚੁਣ ਕੇ ਮੁੰਡੇ ਚਿੱਟੇ ਨੇ ਲੋਥਾਂ ਬਣਾ ਦਿੱਤੇ, ਸਾਲ ਦੇ ਅੰਦਰ ਅੰਦਰ 12-13 ਮੁੰਡੇ ਮਰ ਗਏ। ਆਹ ਰਘੂ ਵੀ ਬਚਦਾ ਨਹੀਂ ਦਿਸਦਾ.. ਖੋਖਲਾ ਤਾਂ ਹੋਇਆ ਪਿਆ, ਵੱਡਿਆਂ ਦੇ ਤਾਂ ਚਾਰ ਸਾਲ ਵੱਧ ਕੱਟ ਜਾਂਦੇ ਨੇ, ਉਹਨਾਂ ਦੇ ਘਰਾਂ ‘ਚ ਖੁਰਾਕਾਂ ਖੁੱਲੀਆਂ ਨੇ.. ਸਾਡੇ ਦਿਹਾੜੀਦਾਰਾਂ ਦੇ ਤਾਂ ਚੁੱਲੇ ਈ ਮਸਾਂ ਤਪਦੇ ਨੇ.. ਬਜ਼ੁਰਗ ਵੀ ਭਾਵੁਕ ਹੋ ਗਿਆ, ਹੋਰ ਕੁਝ ਮਿਲੇ ਨਾ ਮਿਲੇ ਮੱਲਾ, ਇਥੋਂ ਚਿੱਟਾ ਜਿੰਨਾ ਮਰਜ਼ੀ ਲੈ ਲਓ, ਆਹ ਔਂਤਰੀਆਂ ਗੋਲ਼ੀਆਂ, ਟੀਕੇ ਵੀ ਭਾਵੇਂ ਨਿੱਕੇ ਨਿਆਣੇ ਨੂੰ ਘਲਾ ਕੇ ਲੈ ਲਓ, ਕੋਈ ਪੁੱਛਣ ਵਾਲਾ ਹੈ ਈ ਨਹੀਂ.. ਝੁਰੜੀਆਂ ਵਾਲੇ ਹੱਥਾਂ ਨੇ ਬੱਗੀ ਦਾਹੜੀ ਤੇ ਕਿਰਦੇ ਅੱਥਰੂ ਬੋਚ ਲਏ। ਜਦ ਬਜ਼ੁਰਗਾਂ ਦਾ ਬਚਿਆ ਲਹੂ ਅੱਥਰੂ ਬਣ ਵਹਿ ਤੁਰੇ ਤਾਂ ਪਰਲੋ ਦੇ ਸੰਕੇਤ ਹੁੰਦੇ ਨੇ, ਪਤਾ ਨਹੀਂ ਸਿਆਸਤਦਾਨਾਂ ਨੂੰ ਇਹ ਪਰਲੋ ਕਿਉਂ ਨਹੀਂ ਦਿਸਦੀ.. ?

ਚੋਣ ਪ੍ਰਚਾਰ ਸਿਖਰ ਤੇ ਹੈ, ਨਸ਼ੇ ਦੀ ਮਾਰ ਵਾਲੇ ਇਲਾਕਿਆਂ ਵਿੱਚ ਨਸ਼ੇ ਦਾ ਮੁੱਦਾ ਵੀ ਸਿਰ ਚੜ ਬੋਲ ਰਿਹਾ ਹੈ। ਖਡੂਰ ਸਾਹਿਬ ਹਲਕੇ ਇਸ ਪਿੰਡ ਵਿੱਚ ਹੁਣ ਤੱਕ ਸੱਤਾ ਦਾ ਸੁੱਖ ਭੋਗਦੀਆਂ ਆ ਰਹੀਆਂ ਸਥਾਪਿਤ ਧਿਰਾਂ ਦੇ ਉਮੀਦਵਾਰਾਂ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਰਮਨਜੀਤ ਸਿੰਘ ਸਹੋਤਾ ਸਿੱਕੀ ਦੇ ਹੱਸਦੀਆਂ ਤਸਵੀਰਾਂ ਵਾਲੇ ਪੋਸਟਰ, ਹੋਰਡਿੰਗ ਮੈਨੂੰ ਰਘੂ ਦੀ ਹਾਲਤ ‘ਤੇ ਖਚਰੀਆਂ ਦੰਦੀਆਂ ਕੱਢਦੇ ਜਾਪਦੇ ਰਹੇ..।

ਤੇ ਮੌਤ ਦੀਆਂ ਬਰੂਹਾਂ ‘ਤੇ ਖੜਾ ਚੋਹਲਾ ਸਾਹਿਬ ਦੀ ਦਲਿਤ ਬਸਤੀ, ਜੀਹਨੂੰ ਪਲਾਟ ਕਹਿੰਦੇ ਨੇ, ਓਥੋਂ ਦਾ ਵਸਨੀਕ ਰਘੂ ਮੇਰੇ ਨਾਲ ਹੀ ਜੀਵਨ ਦਾਨ ਮੰਗਦਾ ਲਿਲਕੜੀਆਂ ਕੱਢਦਾ ਤੁਰਿਆ ਆ ਰਿਹਾ ਹੈ।

ਅੱਜ ਸਰਬੱਤ ਦਾ ਭਲਾ ਮੰਗਣ ਵਾਲੇ ਆਰ ਪਰਿਵਾਰ ਦੇ ਦਰ ਤੇ ਲੈ ਆਈ ਹਾਂ. ਜੇ ਹੋ ਸਕੇ ਰਘੂ ਨੂੰ ਤਾਂ ਬਚਾਅ ਲਓ.. ..

ਕ੍ਰਿਸ਼ਮਾ ਮੋਤੀ ਮਹਿਲ ਦਾ ਬਿਜਲੀ ਬਿੱਲ 25 ਰੁਪਏ ! -ਚਰਨਜੀਤ ਭੁੱਲਰ
ਗ਼ਰੀਬ ਪਰਿਵਾਰ ਦਾ ਤੀਸਰਾ ਲੜਕਾ ਵੀ ਦੋ ਭਰਾਵਾਂ ਅਤੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਹੋਇਆ ਪਾਗਲ
ਦੋ ਦਹਾਕਿਆਂ ਤੋਂ ਲਟ ਲਟ ਕਰਕੇ ਬਲ ਰਹੀ ਸੰਘਰਸ਼ ਦੀ ਗਾਥਾ ਕਿਰਨਜੀਤ ਕੌਰ ਕਾਂਡ ਮਹਿਲਕਲਾਂ
ਪੰਜਾਬ ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਪੰਜਾਬੀਆਂ ਨੇ ਕਸ਼ਮੀਰੀਆਂ ਦੇ ਹੱਕ `ਚ ਆਵਾਜ਼ ਬੁਲੰਦ ਕੀਤੀ
ਵਰਲਡ ਪੰਜਾਬੀ ਸੈਂਟਰ ਦੀ ਨਿੱਜੀ ਲਾਭਾਂ ਲਈ ਹੁੰਦੀ ਵਰਤੋਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਸੰਵਿਧਾਨ, ਹੋਰ ਕਾਨੂੰਨ ਅਤੇ ਰਾਜ ਭਾਸ਼ਾ -ਮਿੱਤਰ ਸੈਨ ਮੀਤ

ckitadmin
ckitadmin
October 19, 2015
ਗ਼ਜ਼ਲ – ਪਾਲੀ ਖ਼ਾਦਿਮ
ਸਿੰਗਲ ਅਧਿਆਪਕਾਂ ਸਹਾਰੇ ਹੈ ਤਹਿਸੀਲ ਗੜ੍ਹਸ਼ੰਕਰ ਦੇ ਐਲੀਮੈਂਟਰੀ ਸਕੂਲਾਂ ਦੀ ਸਿੱਖਿਆ
ਬਲਕਰਨ ਕੋਟ ਸ਼ਮੀਰ ਦੀ ਇੱਕ ਕਾਵਿ ਰਚਨਾ
ਵਿਕਾਸ ਲਈ ਨੌਜਵਾਨ ਕਿਵੇਂ ਸਹਾਇਕ ਹੋਣ? -ਡਾ. ਮਨਜੀਤ ਸਿੰਘ ਕੰਗ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?