By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਖੇਤੀ ਬਿੱਲਾਂ ਦੇ ਵਿਰੋਧ `ਚ ਪੰਜਾਬ ਵਿਚ ਅੰਦੋਲਨ ਹੋਇਆ ਤੇਜ਼ -ਸ਼ਿਵ ਇੰਦਰ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਖੇਤੀ ਬਿੱਲਾਂ ਦੇ ਵਿਰੋਧ `ਚ ਪੰਜਾਬ ਵਿਚ ਅੰਦੋਲਨ ਹੋਇਆ ਤੇਜ਼ -ਸ਼ਿਵ ਇੰਦਰ ਸਿੰਘ
ਖ਼ਬਰਸਾਰ

ਖੇਤੀ ਬਿੱਲਾਂ ਦੇ ਵਿਰੋਧ `ਚ ਪੰਜਾਬ ਵਿਚ ਅੰਦੋਲਨ ਹੋਇਆ ਤੇਜ਼ -ਸ਼ਿਵ ਇੰਦਰ ਸਿੰਘ

ckitadmin
Last updated: August 25, 2025 6:43 am
ckitadmin
Published: September 24, 2020
Share
SHARE
ਲਿਖਤ ਨੂੰ ਇੱਥੇ ਸੁਣੋ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੋਂ ਖੇਤੀ ਬਿੱਲਾਂ ਵਿਰੁੱਧ ਤਿੰਨ ਮਹੀਨੇ ਤੋਂ ਚੱਲ ਰਿਹਾ  ਕਿਸਾਨ ਅੰਦੋਲਨ ਪੂਰੇ ਜੋਬਨ `ਤੇ ਹੈ । ਐੱਨ .ਡੀ.ਏ . ਦੀ ਭਾਈਵਾਲ ਅਕਾਲੀ ਦਲ ਸਮੇਤ ਤਮਾਮ ਪਾਰਟੀਆਂ ਦੇ ਇਹਨਾਂ ਬਿੱਲਾਂ ਦੇ ਵਿਰੋਧ `ਚ ਆਉਣ ਨਾਲ ਭਾਜਪਾ ਪੰਜਾਬ ਵਿਚ ਇਕੱਲੀ ਪੈ ਗਈ ਹੈ । ਕਿਸਾਨਾਂ ਦੇ ਅੰਦੋਲਨ ਨੂੰ ਖੇਤ ਮਜ਼ਦੂਰਾਂ , ਕਰਮਚਾਰੀਆਂ , ਆੜ੍ਹਤੀਆਂ ,ਡੇਅਰੀ ਫਾਰਮਰਾਂ , ਪੋਲਟਰੀ ਫਾਰਮਰਾਂ , ਸੱਭਿਆਚਾਰਕ ਕਾਮਿਆਂ ਆਦਿ ਤਮਾਮ ਵਰਗਾਂ ਦੇ  ਸਮਰਥਨ ਮਿਲਣ ਨਾਲ ਇਹ ਇੱਕ ਜਨ -ਅੰਦੋਲਨ ਦੀ ਸ਼ਕਲ ਅਖ਼ਤਿਆਰ ਕਰ ਗਿਆ ਹੈ । ਇਸ ਸਮੇਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਮਿਲ ਕੇ 24 ਤੋਂ 26 ਸਤੰਬਰ ਤੱਕ ਰੇਲਾਂ ਰੋਕਣ ਜਾ ਰਹੀਆਂ ਹਨ । 25 ਸਤੰਬਰ ਨੂੰ ਪੰਜਾਬ ਬੰਦ ਦਾ  ਸੱਦਾ ਦਿਤਾ ਹੈ ।  ਅੰਦੋਲਨ ਘਬਰਾਈ ਕੇਂਦਰ ਸਰਕਾਰ ਕਿਸਾਨਾਂ ਨੂੰ ਲਗਾਤਾਰ ਵਿਸ਼ਵਾਸ ਦਵਾ ਰਹੀ ਹੈ ਕਿ ਇਹ ਬਿੱਲ ਕਿਸਾਨਾਂ ਦੇ ਹਿੱਤ ਵਿਚ ਹਨ । ਕਿਸਾਨ ਆਪਣੀ ਮਰਜ਼ੀ ਨਾਲ ਕਿਤੇ ਵੀ ਆਪਣੀ ਫਸਲ ਨੂੰ ਵੇਚ ਸਕਦੇ ਹਨ । ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਕਿਸਾਨਾਂ  ਨੂੰ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਗੁੰਮਰਾਹ ਕਰ ਰਹੀਆਂ ਹਨ ਕਿਸਾਨ ਦੇ ਘਟੋ -ਘੱਟ ਸਮਰਥਨ ਮੁੱਲ ਨਾਲ ਕੋਈ ਛੇੜ ਛਾੜ ਨਹੀਂ ਹੋਵੇਗੀ । ਦੂਜੇ ਪਾਸੇ ਕਿਸਾਨ ਤੇ ਖੇਤੀ ਮਾਹਿਰ  ਇਹਨਾਂ ਬਿੱਲਾਂ ਨੂੰ ਖੇਤੀ ਉੱਤੇ ਕਾਰਪੋਰੇਟਾਂ ਦੇ ਕਬਜ਼ੇ ਅਤੇ ਫੈਡਰਲ ਢਾਂਚੇ  `ਤੇ ਹਮਲੇ ਦੇ ਰੂਪ `ਚ  ਦੇਖ ਰਹੇ ਹਨ ।
       
ਸਾਂਝੇ ਤੌਰ `ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ `ਚੋਂ ਪ੍ਰਮੁੱਖ ਨਾਮ ਹਨ ਭਾਰਤੀ ਕਿਸਾਨ ਯੂਨੀਅਨ (ਏਕਤਾ -ਉਗਰਾਹਾਂ ) ,ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ ),ਕ੍ਰਾਂਤੀਕਾਰੀ ਕਿਸਾਨ ਯੂਨੀਅਨ , ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ,ਜਮਹੂਰੀ ਕਿਸਾਨ ਸਭਾ,ਪੰਜਾਬ ਕਿਸਾਨ ਯੂਨੀਅਨ ,ਆਜ਼ਾਦ ਕਿਸਾਨ ਸੰਘਰਸ਼ ਕਮੇਟੀ ,ਕੁੱਲ ਹਿੰਦ ਕਿਸਾਨ ਸਭਾ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ,ਜੈ ਕਿਸਾਨ ਅੰਦੋਲਨ ।  

 

 

ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਨੇਤਾਵਾਂ ਨੇ ਸਾਨੂੰ ਦੱਸਿਆ ਕਿ 25 ਦੇ ਪੰਜਾਬ ਬੰਦ ਤੋਂ ਬਾਅਦ ਅਣਮਿਥੇ ਸਮੇਂ ਲਈ ਰੇਲਾਂ ਜਾਮ ਕੀਤੀਆਂ ਜਾਣਗੀਆਂ ਤੇ  ਭਾਜਪਾ ਨੇਤਾਵਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ  । ਜੱਥੇਬੰਦੀਆਂ ਦੇ ਇਸ ਪੈਂਤੜੇ ਨਾਲ ਮੋਦੀ ਸਰਕਾਰ ਅਤੇ ਸੰਘਰਸ਼ੀ ਧਿਰਾਂ ਵਿਚਕਾਰ ਨਵਾਂ ਟਕਰਾਅ ਬਣ ਗਿਆ ਹੈ। ਰੇਲਾਂ ਰੋਕਣ ਦੇ ਨਾਲ ਹੀ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਸੱਦ ਕੇ ਖੇਤੀ ਬਿੱਲਾਂ ਨੂੰ ਰੱਦ ਕਰਨ ਦੇ ਮਤੇ ਪਵਾਕੇ ਭਾਰਤ ਸਰਕਾਰ ਅਤੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ। ਇਸ ਤੋਂ ਬਿਨਾਂ ਭਾਜਪਾ ਦੇ ਵਿਧਾਇਕਾਂ,ਸੰਸਦ ਮੈਂਬਰਾਂ, ਸੂਬਾ ਪ੍ਰਧਾਨ ਅਤੇ ਜਿਲਾ ਪ੍ਰਧਾਨਾਂ ਦਾ ਵਿਰੋਧ ਕਰਕੇ ਕਾਲੇ ਝੰਡੇ ਵਿਖਾਏ ਜਾਣਗੇ। ਪੰਜਾਬ ਦੀਆਂ ਕਈ ਗ੍ਰਾਮ ਪੰਚਾਇਤਾਂ ਵੱਲੋਂ ਪਹਿਲਾਂ ਹੀ ਇਹਨਾਂ ਬਿੱਲਾਂ ਵਿਰੁੱਧ ਮਤੇ ਪਾਸ ਕੀਤੇ ਜਾ ਚੁੱਕੇ ਹਨ । ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ 8 ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਚ ਪੱਕੇ ਮੋਰਚੇ ਲਈ ਰੱਖੇ ਸਨ । ਜੋ ਕਿ ਪੰਜਾਬ ਬੰਦ ਦੀਆਂ ਤਿਆਰੀਆਂ ਦੇ  ਮੱਦੇਨਜ਼ਰ ਚੁਕੇ ਗਏ ਹਨ ।
            
ਮਹਿਲਾ ਕਿਸਾਨ ਨੇਤਾ  ਬੀਬੀ ਹਰਿੰਦਰ ਕੌਰ ਬਿੰਦੂ ਨੇ   ਕਿਰਸਾਨੀ  ਮੰਗਾਂ ਪ੍ਰਤੀ  ਵਾਅਦਾਖਿਲਾਫ਼ੀ  ਕਰਨ ’ਤੇ ਜਿਥੇ  ਕੈਪਟਨ  ਸਰਕਾਰ ਦੀ ਆਲੋਚਨਾ ਕੀਤੀ, ਉਥੇ ਆਰਡੀਨੈਂਸਾਂ ਦੇ ਮਾਮਲੇ ’ਤੇ ਕੇਂਦਰ ਸਰਕਾਰ ਤੇ ਹਰਮਿਸਰਤ ਕੌਰ ਬਾਦਲ ਨੂੰ ਵੀ ਭੰਡਿਆ। ਬਿੰਦੂ ਨੇ ਕਿਹਾ ਕਿ ਹਰਸਿਮਰਤ ਨੂੰ ਕਿਸਾਨ ਦੀ ਧੀ ਹੋਣ ਦਾ ਮਾਣ ਕਦਾਚਿਤ ਨਹੀਂ ਮਿਲ ਸਕੇਗਾ, ਕਿਉਂਕਿ  ਉਸ ਦਾ ਸਬੰਧ ਰਜਵਾੜਾ ਸ਼ਾਹੀ ਪਰਿਵਾਰ ਨਾਲ਼ ਹੈ। ਬਿੰਦੂ ਦਾ ਕਹਿਣਾ ਸੀ ਕਿ ਕੇਂਦਰ ਨੇ ਇਹ ਖੇਤੀ ਵਿਰੋਧੀ  ਬਿੱਲ ਪਾਸ ਤਾਂ ਕਰਵਾ ਲਏ ਹਨ, ਪਰ ਲਾਗੂ ਨਹੀਂ ਹੋ ਸਕਣਗੇ। ਅਜਿਹਾ ਕਰਨ ਲਈ ਤਾਂ ਸਿਰਧੜ ਦੀ ਬਾਜ਼ੀ ਲਾ ਦੇਵਾਂਗੇ । ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਤਿੰਨ ਮਹੀਨੇ ਤੋਂ ਚਲੇ ਆ ਰਹੇ ਕਿਸਾਨ ਅੰਦੋਲਨ ਵਿਚ ਲੋਕਾਂ ਵੱਲੋਂ ਵੱਧ ਚੜ੍ਹ ਕੇ ਸ਼ਮਹੂਲੀਅਤ ਕੀਤੀ ਜਾ ਰਹੀ ਹੈ । ਮੋਰਚਿਆਂ ਵਿਚ ਔਰਤਾਂ ਤੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ।   ਪੰਜਾਬ ਦੀਆਂ 31 ਕਿਸਾਨ ਧਿਰਾਂ ਦੇ ਕੋਆਰਡੀਨੇਟਰ ਡਾ. ਦਰਸ਼ਨਪਾਲ ਪਟਿਆਲਾ ਨੇ ਦੱਸਿਆ ਕਿ ਹੁਣ ਤੱਕ ਹਜ਼ਾਰਾਂ  ਪਿੰਡਾਂ ਵਿਚ ਲੋਕਾਂ  ਵੱਲੋਂ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ  ਹਨ।  ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਕਿਸਾਨ ਧਿਰਾਂ ਵਿਚ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਕਿਸਾਨ ਵਿੰਗ ਸ਼ਾਮਲ ਨਹੀਂ ਹੈ।
ਲੋਕ ਆਪ ਮੁਹਾਰੇ ਟਰੈਕਟਰ ਟਰਾਲੀਆਂ ਲੈ ਕੇ ਜਲਸਿਆਂ `ਚ ਸ਼ਾਮਿਲ ਹੋ ਰਹੇ ਹਨ । ਲੋਕਾਂ ਅੰਦਰ ਇਹ ਭਾਵਨਾ ਆ ਰਹੀ ਹੈ ਕਿ ਜੇ ਅਸੀਂ ਹੁਣ ਨਾ ਕੁਝ ਕੀਤਾ ਤਾਂ ਬਹੁਤ ਦੇਰ ਹੋ ਜਾਵੇਗੀ । ਪੰਜਾਬ ਦੇ ਲੋਕ ਇਸ ਕਿਸਾਨੀ ਸੰਘਰਸ਼ ਨੂੰ ਪੂਰੀ ਰੂਹ ਨਾਲ ਹਮਾਇਤ ਦੇ ਰਹੇ ਹਨ  ।ਮਾਨਸਾ ਦਾ ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਦੱਸਦਾ ਹੈ ਕਿ ਪਿੰਡ ਤਾਮਕੋਟ ਅਤੇ ਜਵਾਹਰਕੇ ਦੇ ਕਈ ਆਗੂ ਸਿਆਸੀ ਧਿਰਾਂ ਤੋਂ ਟੁੱਟ ਕੇ ਕਿਸਾਨ ਧਿਰਾਂ ਦੇ ਮੈਂਬਰ ਬਣ ਗਏ ਹਨ। ਬਾਦਲ ਮੋਰਚੇ ’ਚ ਅੱਜ ਨਿਰਮਲ ਸਿਵੀਆਂ ਗਾ ਰਿਹਾ ਸੀ..‘ਤੈਥੋਂ ਲੁੱਟ ਲਈਆਂ ਹਾੜ੍ਹੀਆਂ ਤੇ ਸੌਣੀਆਂ।’ ਮੌੜ ਹਲਕੇ ਦਾ ਵੱਡਾ ਪਿੰਡ ਚਾਉਕੇ ਜਿੱਥੋਂ ਕਦੇ ਕਿਸਾਨੀ ਦੇ ਸੰਘਰਸ਼ਾਂ ਵਿੱਚ 30 ਤੋਂ ਜ਼ਿਆਦਾ ਕਿਸਾਨ ਨਹੀਂ ਤੁਰੇ ਸਨ, ਬਾਦਲ ਮੋਰਚੇ ’ਚ ਇਸ ਪਿੰਡ ਤੋਂ ਛੇ ਵੱਡੀਆਂ ਬੱਸਾਂ ਭਰ ਕੇ ਪੁੱਜੀਆਂ ਹਨ ਜਿਨ੍ਹਾਂ ’ਚ 50 ਫੀਸਦੀ ਨੌਜਵਾਨ ਸਨ। ਲੰਘੇ ਕੱਲ੍ਹ ਜਿੱਥੋਂ ਵੀ ਕਿਸਾਨ ਪੈਦਲ ਮਾਰਚ ਕਰਦੇ ਹੋਏ ਲੰਘੇ, ਸੜਕਾਂ ਨੇੜਲੀਆਂ ਖੇਤੀ ਮੋਟਰਾਂ ਕਿਸਾਨਾਂ ਨੇ ਚਲਾ ਦਿੱਤੀਆਂ ਤਾਂ ਜੋ ਸੰਘਰਸ਼ੀ ਲੋਕ ਪਾਣੀ ਪੀ ਸਕਣ। ਕਿਸਾਨ ਆਗੂ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਲੰਬੀ ਹਲਕੇ ਦੇ ਕਰੀਬ ਦੋ ਦਰਜਨ ਪਿੰਡਾਂ ਦੇ ਲੋਕ ਖੁਦ ਮੋਰਚੇ ਵਿਚ ਆ ਕੇ ਪੇਸ਼ਕਸ਼ ਕਰ ਕੇ ਗਏ ਹਨ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਕਿਸਾਨ ਇਕਾਈਆਂ ਬਣਾਈਆਂ ਜਾਣ। ਜਵਾਨੀ ਨੇ ਕਿਸਾਨ ਮੋਰਚੇ ’ਚ ਨਵਾਂ ਹੁਲਾਰਾ ਭਰ ਦਿੱਤਾ ਹੈ। ਪਿੰਡਾਂ ’ਚੋਂ ਬੀਬੀਆਂ ਕੇਸਰੀ ਚੁੰਨੀਆਂ ਲੈ ਕੇ ਪੁੱਜ ਰਹੀਆਂ ਹਨ। ਪਿੰਡ-ਪਿੰਡ ਲੰਗਰ ਬਣ ਰਹੇ ਹਨ। ਪਟਿਆਲਾ ਮੋਰਚੇ ’ਚ ਬੈਠੇ ਪਿੰਡ ਗੱਜੂਮਾਜਰਾ ਦੇ ਬਜ਼ੁਰਗ ਗੁਰਦੇਵ ਸਿੰਘ ਦਾ ਰੋਹ ਦੇਖਣ ਵਾਲਾ ਸੀ। ਆਖਣ ਲੱਗਾ ਕਿ ਨਿੱਕੇ ਹੁੰਦਿਆਂ ਪਿਓ-ਦਾਦੇ ਨਾਲ ਲੱਗ ਕੇ ਹਲ ਚਲਾਏ, ਬੰਜਰ ਭੰਨੇ। ਨਾਲ ਹੀ ਆਖਿਆ ਕਿ ਕੇਂਦਰ ਦੀ ਅੜੀ ਵੀ ਭੰਨਾਗੇ। ਉਸ ਦਾ ਕਹਿਣਾ ਸੀ ਕਿ ਜਦੋਂ ਹਕੂਮਤ ਚੀੜ੍ਹਾਪਣ ਦਿਖਾਏ, ਉਦੋਂ ਘਰਾਂ ਵਿਚ ਬੈਠਣਾ ਗ਼ਲਤ ਹੈ। ਪਟਿਆਲਾ ਦੇ ਬਲਾਕ ਸਨੌਰ, ਘਨੌਰ ਅਤੇ ਭੁੱਨਰਹੇੜੀ ਦੇ ਪਿੰਡਾਂ ’ਚੋਂ ਕਿਸਾਨ ਮੋਰਚੇ ਲਈ ਦੁੱਧ ਭੇਜਿਆ ਜਾ ਰਿਹਾ ਹੈ। ਸੱਚਮੁੱਚ ਕਿਸਾਨੀ ਸੰਘਰਸ਼ ’ਚ ਉਤਰੀ ਜਵਾਨੀ ਨੇ ਇਸ ਰੋਹ ਨੂੰ ਸਿਖ਼ਰਾਂ ’ਤੇ ਪਹੁੰਚਾ ਦਿੱਤਾ ਹੈ।  
        
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ’ਚ ਨੌਜਵਾਨਾਂ ਵੱਲੋਂ ‘ਕਿਸਾਨ ਵਿੰਗ’ ਬਣਾਉਣਾ ਨਵੀਂ ਸਵੇਰ ਦਾ ਸੁਨੇਹਾ ਹੈ। ਬਨੇਰਿਆਂ ’ਤੇ ਲਹਿਰਾ ਰਹੇ ਝੰਡੇ ਪਿੰਡਾਂ ਦੇ ਖੌਲ ਰਹੇ ਖੂਨ ਦਾ ਪ੍ਰਤੀਕ ਹਨ। ਕਿਸਾਨ ਧਿਰਾਂ ਕੋਲ ਬੈਜਾਂ ਦੀ ਮੰਗ ਪੂਰੀ ਨਾ ਹੋਣਾ ਕਿਸਾਨੀ ਰੋਹ ਦੀ ਡੂੰਘਾਈ ਦਾ ਪ੍ਰਮਾਣ ਹੈ। ਨਵੇਂ ਖੇਤੀ ਬਿੱਲਾਂ ਨੇ ਪਿੰਡਾਂ ਨੂੰ ਸੰਘਰਸ਼ੀ ਮੋੜਾ ਦੇ ਦਿੱਤਾ ਹੈ।

ਅੰਮ੍ਰਿਤਸਰ ਦੇ ਪਿੰਡ ਚੱਬਾ ’ਚ ਦਿਨ ਰਾਤ ਕਿਸਾਨੀ ਲਹਿਰ ਦੇ ਝੰਡੇ ਬਣ ਰਹੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦਾ ਪੂਰਾ ਪਰਿਵਾਰ 15 ਦਿਨਾਂ ਤੋਂ ਕਿਸਾਨੀ ਝੰਡੇ ਬਣਾਉਣ ਵਿਚ ਜੁਟਿਆ ਹੋਇਆ ਹੈ। ਕਿਸਾਨ ਆਗੂ ਚੱਬਾ ਦੱਸਦਾ ਹੈ ਕਿ ਪਿੰਡਾਂ ’ਚ ਝੰਡਿਆਂ ਦੀ ਮੰਗ ਤੇਜੀ ਨਾਲ ਵਧੀ ਹੈ, ਜਿਸ ਕਰਕੇ ਚਾਰ ਔਰਤਾਂ ਦਿਨ-ਰਾਤ ਝੰਡੇ ਬਣਾ ਰਹੀਆਂ ਹਨ। ਇੱਕ ਹਜ਼ਾਰ ਬੈਜ ਹੁਣ ਆਰਡਰ ਕੀਤਾ ਹੈ। ਦੋਆਬੇ ਤੇ ਮਾਝੇ ਦੇ 200 ਪਿੰਡਾਂ ਵਿਚ ਨਵੀਆਂ ਆਪ ਮੁਹਾਰੇ ਕਿਸਾਨ ਇਕਾਈਆਂ ਬਣ ਗਈਆਂ ਹਨ, ਜਿਸ ’ਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ।

ਮੁਕਤਸਰ ਦੇ ਪਿੰਡ ਦੋਦਾ ਦਾ ਨੌਜਵਾਨ ਕਿਸਾਨ ਜਗਮੀਤ ਸਿੰਘ ਆਖਦਾ ਹੈ ਕਿ ਖੇਤੀ ਬਿੱਲਾਂ ਨੇ ਤਾਂ ਸੁੱਤੀ ਕਿਸਾਨੀ ਜਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤਾਂ ਆੜ੍ਹਤੀਏ ਵੀ ਆਖਣ ਲੱਗੇ ਹਨ ਕਿ ਕਿਸਾਨ ਧਿਰਾਂ ਬਿਨਾਂ ਗੁਜ਼ਾਰਾ ਨਹੀਂ। ਵੇਰਵਿਆਂ ਅਨੁਸਾਰ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਦੇ ਪਿੰਡੋਂ ਪਿੰਡ ਨਾਅਰੇ ਗੂੰਜਣ ਲੱਗੇ ਹਨ। ਬਰਨਾਲਾ ਦੇ ਪਿੰਡ ਉਪਲੀ ਦੇ ਕਿਸਾਨ ਰਸਵੀਰ ਸਿੰਘ ਦਾ ਕਹਿਣਾ ਸੀ ਕਿ ਕਿਸਾਨੀ ਤਾਂ ਇੱਕਦਮ ‘ਕਰੋ ਜਾਂ ਮਰੋ’ ਦੇ ਰੌਂਅ ਵਿਚ ਆ ਗਈ ਹੈ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਆਗੂ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਖੇਤੀ ਬਿੱਲਾਂ  ਮਗਰੋਂ  ਕਿਸਾਨੀ ਸੰਘਰਸ਼ ਦੌਰਾਨ ਉਹ 24 ਹਜ਼ਾਰ ਝੰਡੇ ਅਤੇ 48 ਹਜ਼ਾਰ ਜੇਬੀ ਬੈਜ ਵੰਡ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਮੰਗ ਵਧ ਰਹੀ ਹੈ, ਜਿਸ ਕਰਕੇ ਉਨ੍ਹਾਂ ਨੇ ਹੋਰ 50 ਹਜ਼ਾਰ ਬੈਜ ਅਤੇ 30 ਹਜ਼ਾਰ ਝੰਡੇ ਤਿਆਰ ਕਰਾਉਣ ਦਾ ਆਰਡਰ ਦਿੱਤਾ ਹੈ। ਬਠਿੰਡਾ ਜ਼ਿਲ੍ਹੇ ਦੇ ਪਹਿਲਾਂ 80 ਪਿੰਡਾਂ ’ਚੋਂ ਕਿਸਾਨ ਸੰਘਰਸ਼ਾਂ ’ਚ ਆਉਂਦੇ ਸਨ, ਜਦੋਂ ਕਿ ਹੁਣ ਸਵਾ ਸੌ ਪਿੰਡ ਸਰਗਰਮ ਹੋਏ ਹਨ।

ਸੰਗਰੂਰ ਜ਼ਿਲ੍ਹੇ ਦੀ ਚੀਮਾ ਮੰਡੀ ’ਚ ਕਿਸਾਨ ਮੀਟਿੰਗ ਦੌਰਾਨ ਹੀ ਤਿੰਨ ਲੱਖ ਦੇ ਝੰਡੇ ਅਤੇ ਬੈਜ ਕਿਸਾਨਾਂ ਨੇ ਲੈ ਲਏ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਮਹਿਰਾਜ ’ਚ ਪਹਿਲਾਂ ਕਿਸੇ ਧਿਰ ਦੀ ਪਿੰਡ ਇਕਾਈ ਨਹੀਂ ਸੀ ਜਦੋਂ ਕਿ ਹੁਣ 40 ਨੌਜਵਾਨਾਂ ਨੇ ਆਪ ਮੁਹਾਰੇ ਇਕਾਈ ਖੜ੍ਹੀ ਕਰ ਰਹੀ ਹੈ ਅਤੇ 75 ਝੰਡੇ ਮਹਿਰਾਜ ’ਚ ਗਏ ਹਨ। ਫਾਜ਼ਿਲਕਾ ਜ਼ਿਲ੍ਹੇ ਦੇ ਦੋ ਦਰਜਨ ਪਿੰਡਾਂ ਵਿਚ ਕਿਸਾਨ ਵਿੰਗ ਖੜ੍ਹੇ ਹੋ ਗਏ ਹਨ।

ਪਿੰਡ ਬਾਦਲ ਦੇ ਕਿਸਾਨ ਵੀ ਸੰਘਰਸ਼ ਵਿਚ ਕੁੱਦੇ ਹਨ। ਕਿਸਾਨ ਮੋਰਚੇ ਦੌਰਾਨ ਇੱਕ ਕਿਸਾਨ ਨੇ ਦੋ ਦਿਨ ਨਿੰਬੂ ਪਾਣੀ ਅਤੇ ਇੱਕ ਦਿਨ ਚਾਹ ਦਾ ਲੰਗਰ ਲਾਇਆ। ਇੰਝ ਜਾਪਦਾ ਹੈ ਕਿ ਜਿਵੇਂ ਖੇਤੀ ਬਿੱਲ ਕਿਸਾਨ ਪਰਿਵਾਰਾਂ ਦੇ ਹਰ ਨਿਆਣੇ-ਸਿਆਣੇ ਲਈ ਜ਼ਿੰਦਗੀ ਮੌਤ ਦਾ ਸਵਾਲ ਹੋਣ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਇਸ ਹਫਤੇ ਪੰਜ ਹਜ਼ਾਰ ਝੰਡੇ ਬਣਵਾਏ ਗਏ ਸਨ, ਜੋ ਖ਼ਤਮ ਹੋ ਚੁੱਕੇ ਹਨ ਅਤੇ ਹੁਣ 3500 ਝੰਡਿਆਂ ਅਤੇ 3500 ਬੈਜਾਂ ਦਾ ਨਵਾਂ ਆਰਡਰ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨੀ ’ਚ ਸੂਝ ਵਧੀ ਹੈ। ਬੀਤੇ ਦਿਨ ਪਿੰਡ ਕਰਾੜਵਾਲਾ ’ਚ ਨੌਜਵਾਨਾਂ ਨੇ ਖੁਦ ਇਕੱਠੇ ਹੋ ਕੇ ‘ਪਿੰਡ ਇਕਾਈ’ ਦਾ ਗਠਨ ਕਰ ਲਿਆ ਹੈ।

ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ’ਚ ਕਿਸਾਨੀ ਲਹਿਰ ਨੂੰ ਚੰਗਾ ਹੁਲਾਰਾ ਮਿਲਿਆ ਹੈ। ਫ਼ਤਹਿਗੜ੍ਹ ਸਾਹਿਬ ਦੇ ਪਿੰਡ ਭੜੀ ਪਨੈਜਾ ’ਚ ਕਦੇ ਵੀ ਕਿਸਾਨੀ ਲਹਿਰ ਦੀ ਹਵਾ ਨਹੀਂ ਰੁਮਕੀ ਸੀ ਪਰ ਹੁਣ ਇਸ ਪਿੰਡ ’ਚੋਂ ਸੰਘਰਸ਼ਾਂ ’ਚ ਬੱਸਾਂ ਭਰ ਕੇ ਗਈਆਂ ਹਨ। ਜ਼ਿਲ੍ਹੇ ਦੇ ਪਿੰਡ ਹਰੀਪੁਰ ਦੇ ਕਿਸਾਨ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਖੇਤੀ ਬਿੱਲਾਂ ਨੇ ਕਿਸਾਨੀ ਪਰਿਵਾਰਾਂ ’ਚ ਫਿਕਰ ਖੜ੍ਹੇ ਕੀਤੇ ਹਨ।

ਹੁਸ਼ਿਆਰਪੁਰ ’ਚ ਗੰਨਾ ਕਾਸ਼ਤਕਾਰਾਂ ਦੇ ਹੱਕਾਂ ਲਈ ਲੜ ਰਹੇ ਕਿਸਾਨ ਆਗੂ ਸਤਿਨਾਮ ਸਿੰਘ ਫਗਵਾੜਾ ਨੇ ਕਿਹਾ ਕਿ ਨੌਜਵਾਨਾਂ ਦੇ ਸੰਘਰਸ਼ ’ਚ ਕੁੱਦਣ ਨਾਲ ਕਿਸਾਨ ਲਹਿਰ ਬਣ ਗਈ ਹੈ। ਦੇਖਿਆ ਗਿਆ ਕਿ ਪਿੰਡੋਂ ਪਿੰਡ ਹੁਣ ਦਿਨ ਰਾਤ ਖੇਤੀ ਬਿੱਲਾਂ ’ਤੇ ਹੀ ਚਰਚੇ ਛਿੜੇ ਹੋਏ ਹਨ ਅਤੇ ਕਿਸਾਨ ਪਰਿਵਾਰ ਇਸ ਤੋਂ ਕਾਫ਼ੀ ਫਿਕਰਮੰਦ ਵੀ ਹਨ।
         
ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਇਸ ਵਾਰ ਕਿਸਾਨੀ ਸੰਘਰਸ਼ ਦੌਰਾਨ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਤਾਂ 28 ਸਤੰਬਰ ਤੋਂ ਇਲਾਵਾ 29 ਅਤੇ 30 ਸਤੰਬਰ ਤੱਕ ਤਿੰਨ ਦਿਨ ਪਿੰਡੋਂ-ਪਿੰਡ ਜਾ ਕੇ ਨੌਜਵਾਨਾਂ ਨੂੰ ਭਗਤ ਸਿੰਘ ਦੇ ਸੁਫਨਿਆਂ ਤੋਂ ਜਾਣੂ ਕਰਾਉਣ ਦੀ ਮੁਹਿੰਮ ਵਿੱਢਣ ਦਾ ਫ਼ੈਸਲਾ ਕੀਤਾ ਗਿਆ ਹੈ। ਕਿਸਾਨ ਇਕੱਠਾਂ ’ਚ ਭਗਤ ਸਿੰਘ ਤਸਵੀਰਾਂ ਨੂੰ ਲਿਜਾਇਆ ਜਾਵੇਗਾ।  
          
ਕਿਸਾਨਾਂ ਦੇ ਸੰਘਰਸ਼ ਨੂੰ ਲੇਖਕਾਂ ਬੁਧੀਜੀਵੀਆਂ ਤੇ ਕਲਾਕਾਰਾਂ ਵੱਲੋਂ ਵੀ ਖੁੱਲ੍ਹ ਕੇ ਸਮਰਥਨ ਮਿਲ ਰਿਹਾ ਹੈ । ਪੰਜਾਬੀ ਦੇ ਕਈ ਪ੍ਰਸਿੱਧ ਗਾਇਕਾਂ ਨੇ ਇਹਨਾਂ ਦਿਨਾਂ `ਚ ਕਿਸਾਨ ਅੰਦੋਲਨ ਦੇ ਹੱਕ `ਚ ਆਪਣੇ ਨਵੇਂ ਗਾਣੇ ਕੱਢੇ ਹਨ । ਬਹੁਤ ਸਾਰੇ ਪਿੰਡਾਂ ਦੀਆਂ ਸੱਥਾਂ `ਚ ਲੋਕ ਮੁੱਦਿਆਂ ਉਤੇ ਗੀਤ  ਗਾਉਣ ਵਾਲੇ ਕਲਾਕਾਰ ਵੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੰਦੋਲਨਾਂ ਵਿਚ ਸ਼ਾਮਿਲ ਹੋ ਚੁਕੇ ਹਨ ।ਉਹ ਇਹਨਾਂ ਅੰਦੋਲਨਾਂ `ਚ ਆਪਣੇ ਜੋਸ਼ੀਲੇ ਗੀਤਾਂ ਰਾਹੀਂ ਲੋਕਾਂ ਨੂੰ ਸੰਘਰਸ਼ ਲਈ ਪ੍ਰੇਰਿਤ ਕਰ ਰਹੇ ਹਨ । ਕਿਸਾਨੀ ਜਲਸਿਆਂ ਜਿਥੇ ਇੱਕ ਪਾਸੇ ਜੋਸ਼ੀਲੇ ਨਾਅਰੇ ਹਨ ਤਾਂ ਦੂਜੇ ਪਾਸੇ ਤੂੰਬੀ ਤੇ ਢੋਲਕੀ ਵੀ ਵੱਜਦੀ ਸੁਣਾਈ ਦੇ ਰਹੀ ਹੈ । ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ਦੇ ਕੌਰ ਮੁਹੰਮਦ ਦਾ ਢੋਲ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇੰਜ ਜਾਪਦਾ ਜਿਵੇਂ ਡੱਗਾ ਸਿੱਧਾ ਕੇਂਦਰੀ ਸੀਨੇ ’ਤੇ ਵੱਜ ਰਿਹਾ ਹੋਵੇ। ਕੌਰ ਮੁਹੰਮਦ ‘ਲਲਕਾਰ ਰੈਲੀਆਂ’ ਦੀ ਤਿਆਰੀ ਲਈ ਪਿੰਡਾਂ ਵਿਚ ਢੋਲ ਵਜਾ ਰਿਹਾ ਹੈ। ਕਿਸਾਨਾਂ ਤੇ ਮਜ਼ਦੂਰਾਂ ਨੂੰ ਜਗਾਉਣ ਲਈ ਦਿਨ ਚੜ੍ਹਦੇ ਹੀ ਉਹ ਢੋਲ ਲੈ ਨਿਕਲਦਾ ਹੈ। ਦਰਜਨਾਂ ਢੋਲੀ ਪਿੰਡਾਂ ਵਿਚ ਕਿਸਾਨ ਅੰਦੋਲਨਾਂ ਦੀ ਤਿਆਰੀ ਕਰਾ ਰਹੇ ਹਨ। ਢੋਲੀ ਆਖਦੇ ਹਨ ਕਿ ਦਿੱਲੀ ਨੂੰ ਧਮਕ ਸੁਣਾ ਦਿਆਂਗੇ। ਮਾਨਸਾ ਦੇ ਪਿੰਡਾਂ ਵਿਚ ਜਸਵੀਰ ਖਾਰਾ ਦੀ ਤੂੰਬੀ ਖੜਕ ਰਹੀ ਹੈ। ਅਜਮੇਰ ਅਕਲੀਆ ਪੂਰੇ ਰੋਹ ਤੇ ਜੋਸ਼ ’ਚ ਗਾਉਂਦਾ ਹੈ..‘ ਉਠੋ ,ਜਾਗੋ ਪਿੰਡਾਂ ਨੂੰ ਹਿਲਾ ਦਿਓ।’  ਜ਼ਿਲ੍ਹਾ ਸੰਗਰੂਰ ਦੇ ਪਿੰਡ ਉਗਰਾਹਾਂ ਦੀਆਂ ਔਰਤਾਂ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰ ਰਹੀਆਂ ਹਨ। ਬੀ.ਕੇ.ਯੂ ਪ੍ਰਧਾਨ ਜੋਗਿੰਦਰ ਉਗਰਾਹਾਂ ਆਖਦੇ ਹਨ ਕਿ ਪਿੰਡਾਂ ਵਿਚ ਔਰਤਾਂ ਨੂੰ ਸਿਖਲਾਈ ਦਿੱਤੀ ਗਈ ਹੈ।  ਲੋਕ ਕਲਾ ਮੰਚ ਮੁੱਲਾਂਪੁਰ ਦੇ ਸੁਰਿੰਦਰ ਸ਼ਰਮਾ ਵੱਲੋਂ ਰਾਜੀਵ ਕੁਮਾਰ ਦੀ ਡਾਇਰੈਕਸ਼ਨ ਨਾਲ ਤਿਆਰ ਫਿਲਮ ‘ਸੀਰੀ’ ਪਿੰਡੋਂ ਪਿੰਡ ਦਿਖਾਈ ਜਾ ਰਹੀ ਹੈ। ਪਿੰਡਾਂ ਵਿਚ ਇਸ ਫਿਲਮ ਦੀ ਕਾਫ਼ੀ ਮੰਗ ਵਧ ਗਈ ਹੈ। ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਖੇਤੀ ਆਰਡੀਨੈਂਸਾਂ ’ਤੇ ਨਾਟਕ ਤਿਆਰ ਕਰ ਰਹੇ ਹਨ ਜੋ 27 ਅਤੇ 28 ਸਤੰਬਰ ਨੂੰ ਖੇਡਣਗੇ। ਬੁਢਲਾਡੇ ਦਾ ਮਜ਼ਦੂਰ ਲਵਲੀ ਪਿੰਡੋਂ ਪਿੰਡ ਜਾ ਰਿਹਾ ਹੈ। ਬਿੰਦਰ ਠੀਕਰਵਾਲਾ ਨੁੱਕੜ ਨਾਟਕ ਪੇਸ਼ ਕਰ ਰਿਹਾ ਹੈ। ਲੋਕ ਸੰਗੀਤ ਮੰਡਲੀ ਜੀਦਾ ਦੀ ਤੂੰਬੀ ਪਿੰਡ ਪਿੰਡ ਕਿਸਾਨਾਂ ਮਜ਼ਦੂਰਾਂ ਨੂੰ ਤੁਣਕਾ ਲਾ ਰਹੀ ਹੈ। ਕਮਲ ਜਲੂਰ ਨੇ ਸੰਗਰੂਰ ਦੇ ਕਈ ਪਿੰਡਾਂ ਵਿਚ ਗੁਰਸ਼ਰਨ ਭਾਅ ਜੀ ਦਾ ਨਾਟਕ ‘ਸਿਉਂਕ’ ਖੇਡਿਆ ਹੈ। ਹਰਿੰਦਰ ਦੀਵਾਨਾ ਨੇ ਬੁਢਲਾਡਾ ਦੇ 16 ਪਿੰਡਾਂ ਵਿਚ ਨਾਟਕ ‘ਹਨੇਰ ਕੋਠੜੀ’ ਖੇਡਿਆ ਹੈ। ਇਹ ਨਾਟਕ ਕਿਸਾਨੀ ਪਰਿਵਾਰ ਦੀ ਕਹਾਣੀ ਹੈ। ਖੇਤੀ ਆਰਡੀਨੈਂਸਾਂ ਨੇ ਪਿੰਡ ਜਗਾ ਦਿੱਤੇ ਹਨ ਅਤੇ ਕਿਸਾਨ ਇਕੱਠਾਂ ਵਿਚ ਆਮ ਕਿਸਾਨ ਵੀ ਪੁੱਜਣ ਲੱਗੇ ਹਨ। ਪਿੰਡ ਬਾਦਲ ਅਤੇ ਪਟਿਆਲਾ ਵਿਚ ਲੱਗੇ 1 ਮੋਰਚਿਆਂ ਵਿਚ   ਕਲਾਕਾਰਾਂ ਦਾ ਵੱਡਾ ਯੋਗਦਾਨ ਰਿਹਾ ਹੈ । ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦਾ ਕਹਿਣਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਹੀ ਪਿੰਡਾਂ ਵਿਚ ਸਾਧਾਰਨ ਕਿਸਾਨ ਘਰਾਂ ਦੇ ਮੁੰਡਿਆਂ ਨੇ ਨਾਟਕ ਲਿਖਣੇ ਅਤੇ ਖੇਡਣੇ ਸ਼ੁਰੂ ਕਰ ਦਿੱਤੇ ਹਨ।
        
ਕਿਸਾਨੀ ਅੰਦੋਲਨ ਨੂੰ ਤਿੱਖਾ ਹੁੰਦੇ ਦੇਖ ਹੁਣ ਹੋਰ ਪਾਰਟੀਆਂ ਨੇ ਵੀ ਆਪਣੀ ਸਿਆਸਤ ਨੂੰ ਚਮਕਾਉਣ ਲਈ ਅੱਗੇ ਆਉਣਾ ਸ਼ੁਰੂ ਕੀਤਾ ਹੈ । ਜੋ ਅਕਾਲੀ ਦਲ ਪਹਿਲਾਂ ਇਹਨਾਂ ਅਰਡੀਨੈਂਸਾਂ ਦੇ ਹੱਕ `ਚ ਦਲੀਲਾਂ ਦਿੰਦਾ ਸੀ । ਹੁਣ ਕਿਸਾਨ ਅੰਦੋਲਨ ਅੱਗੇ ਝੁਕਦਿਆਂ ਸਭ ਤੋਂ ਪਹਿਲਾਂ ਕੇਂਦਰੀ ਸਰਕਾਰ ਚੋਂ ਉਹ ਬਾਹਰ ਆਇਆ । ਹੁਣ ਅਕਾਲੀ ਦਲ ਨੇ ਵੀ ਕੇਂਦਰੀ ਬਿੱਲਾਂ ਦੇ ਵਿਰੁੱਧ ਰੈਲੀਆਂ ਕੱਢਣੀਆਂ ਸ਼ੁਰੂ ਕੀਤੀਆਂ ਹਨ । ਪਾਰਟੀ ਪ੍ਰਧਾਨ ਸੁਖਬੀਰ ਬਾਦਲ ਭਾਰਤ ਦੇ ਰਾਸ਼ਟਰਪਤੀ ਨੂੰ ਬੇਨਤੀ ਕਰ ਰਹੇ ਹਨ ਕਿ ਉਹ ਇਹਨਾਂ ਬਿੱਲਾਂ `ਤੇ ਮੋਹਰ ਨਾ ਲਾਉਣ ।  ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੀ ਹੈ । ਪੰਜਾਬ ਸਰਕਾਰ ਇਹਨਾਂ ਵਿਰੁੱਧ ਵਿਧਾਨ ਸਭਾ ਚ ਪ੍ਰਸਤਾਵ ਵੀ ਪਾਸ ਕਰ ਚੁਕੀ ਹੈ । ਹੁਣ ਸੂਬੇ ਭਰ ਚ ਇਹਨਾਂ ਬਿੱਲਾਂ ਵਿਰੁੱਧ ਕਾਂਗਰਸ ਰੈਲੀਆਂ ਕੱਢ ਰਹੀ ਹੈ । 23 ਸਤੰਬਰ ਨੂੰ ਲੰਬੀ ਚੁੱਪ ਤੋਂ ਬਾਅਦ ਨਵਜੋਤ ਸਿੱਧੂ ਵੀ ਇਹਨਾਂ ਬਿੱਲਾਂ ਵਿਰੁੱਧ ਨਿਤਰਿਆ ਹੈ । ਇਸੇ ਤਰ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ , ਲੋਕ ਇਨਸਾਫ  ਪਾਰਟੀ ਤੇ ਹੋਰਨਾਂ ਧਿਰਾਂ ਨੇ ਵੀ ਉਹਨਾਂ ਬਿੱਲਾਂ ਨੂੰ ਕਾਲਾ ਕਾਨੂੰਨ ਆਖਿਆ ਹੈ । ਇਸ ਹਾਲਤ ਵਿਚ ਭਾਜਪਾ ਚਾਰੇ ਪਾਸਿਓਂ ਘਿਰ ਚੁਕੀ ਹੈ ।
      
ਭਾਜਪਾ ਦੇ ਸਥਾਨਕ ਤੇ ਕੇਂਦਰੀ ਨੇਤਾ ਹਨ ਬਿੱਲਾਂ ਦੇ ਹਕ ਚ ਬਥੇਰੀਆਂ ਦਲੀਨਾਂ ਦੇ ਰਹੇ ਹਨ ਪਰ ਉਹਨਾਂ ਦੀਆਂ ਦਲੀਆਂ ਪੰਜਾਬੀਆਂ ਨੂੰ ਰਾਸ ਨਹੀਂ ਆ ਰਹੀਆਂ । ਆੜ੍ਹਤੀਆ ਯੂਨੀਅਨ ਨੇ ਵੀ ਭਾਜਪਾ ਦਾ ਵਿਰੋਧ ਚ ਆ ਗਈ ਹੈ । ਪੰਜਾਬ ਦੇ ਬੁਧੀਜੀਵੀ ਦਲੇਲਪੁਰਵਕ ਸਰਕਾਰ ਦੀਆਂ ਦਲੀਆਂ ਨੂੰ ਕੱਟ ਰਹੇ ਹਨ ।
       
ਉਘੇ ਅਰਥ ਸ਼ਾਸਤਰੀ ਰਣਜੀਤ ਸਿੰਘ ਘੁੰਮਣ ਅਨੁਸਾਰ ,“ਇਹਨਾਂ ਬਿੱਲਾਂ ਨਾਲ ਜਿਥੇ ਜਿਨਸਾਂ ਦੀ ਖਰੀਦ ਲਈ ਪ੍ਰਾਈਵੇਟ ਕੰਪਨੀਆਂ ਵਾਸਤੇ ਰਾਹ ਮੋਕਲਾ ਹੋਵੇਗਾ ਉਥੇ ਰਾਜਾਂ ਦੀ ਖੁਦਮੁਖਤਾਰੀ ਲਈ ਵੀ ਇਹ ਖ਼ਤਰਾ ਬਣਨਗੇ।“ ਪੰਜਾਬ ਦੇ ਨਾਮਵਰ ਅਰਥ ਸ਼ਾਸਤਰੀ ਡਾ. ਗਿਆਨ ਸਿੰਘ ਦਾ ਇਹਨਾਂ ਤਿੰਨਾਂ ਬਿੱਲਾਂ ਬਾਰੇ ਵਿਚਾਰ ਹੈ ,“ਅਸਲ `ਚ ਜੋ ਅਸੀਂ 90 ਵਿਆਂ ਦੇ ਸ਼ੁਰੂ ਵਿਚ ਨੀਤੀਆਂ ਅਪਣਾਈਆਂ ਹਨ ਉਸੇ ਦਾ ਹੀ ਇਹ ਸਭ ਭੁਗਤ ਰਹੇ ਹਨ । ਤਿੰਨੇ ਆਰਡੀਨੈਂਸ ਖੇਤੀਬਾੜੀ ਜਿਣਸਾਂ ਦੀ ਖ਼ਰੀਦ-ਵੇਚ ਲਈ ਖੁੱਲ੍ਹੀ ਮੰਡੀ, ਖੇਤੀਬਾੜੀ ਕੀਮਤਾਂ ਦੀ ਗਾਰੰਟੀ ਅਤੇ 1955 ਦੇ ਜ਼ਰੂਰੀ ਵਸਤਾਂ ਦੇ ਐਕਟ ਨੂੰ ਬਹੁਤ ਹੀ ਜ਼ਿਆਦਾ ਨਰਮ ਕਰਨ ਦਾ ਰਾਹ ਪੱਧਰਾ ਕਰਦੇ ਹਨ। ਇਥੇ ਇਨ੍ਹਾਂ ਤਿੰਨਾਂ ਪੱਖਾਂ ਬਾਰੇ ਵਿਚਾਰ ਕਰਨਾ ਬਣਦਾ ਹੈ। 1965 ਤੋਂ ਲੈ ਕੇ ਹੁਣ ਤੱਕ ਕੁਝ ਸੂਬਿਆਂ ਵਿਚ ਕਿਸਾਨਾਂ ਦੀਆਂ ਕਣਕ ਅਤੇ ਝੋਨੇ ਦੀਆਂ ਜਿਣਸਾਂ ਨੂੰ ਕੇਂਦਰ ਸਰਕਾਰ ਵੱਲੋਂ ਤੈਅ ਕੀਤੀਆਂ ਗਈਆਂ ਘੱਟੋ-ਘੱਟ ਸਮਰਥਨ ਕੀਮਤਾਂ ਉੱਪਰ ਸਰਕਾਰੀ ਏਜੰਸੀਆਂ ਖ਼ਰੀਦਦੀਆਂ ਹਨ। ਕੇਂਦਰ ਸਰਕਾਰ ਦੁਆਰਾ ਭਾਵੇਂ ਖੇਤੀ ਜਿਣਸਾਂ ਦੀਆਂ ਘੱਟੋ-ਘੱਟ ਸਮਰਥਨ ਕੀਮਤਾਂ ਤੈਅ ਕਰਨ ਦੀ ਕੁਝ ਰਾਜਸੀ ਪਾਰਟੀਆਂ, ਕਿਸਾਨ ਜੱਥੇਬੰਦੀਆਂ ਅਤੇ ਵਿਦਵਾਨਾਂ ਵੱਲੋਂ ਨੁਕਤਾਚੀਨੀ ਹੁੰਦੀ ਰਹੀ ਹੈ, ਇਸ ਦੇ ਬਾਵਜੂਦ ਇਨ੍ਹਾਂ ਕੀਮਤਾਂ ਕਾਰਨ ਕਿਸਾਨ ਖੁੱਲ੍ਹੀ ਮੰਡੀ ਦੀ ਲੁੱਟ ਤੋਂ ਕੁਝ ਰਾਹਤ ਮਹਿਸੂਸ ਕਰਦੇ ਹਨ। ਹੁਣ ਖੁੱਲ੍ਹੀ ਮੰਡੀ ਨੂੰ ਮਨਜ਼ੂਰੀ ਮਿਲਣ ਮਗਰੋਂ ਸੂਬਾ ਖੇਤੀਬਾੜੀ ਮੰਡੀਕਰਨ ਬੋਰਡਾਂ ਵਾਲੀਆਂ ਮੰਡੀਆਂ ਨੂੰ ਵੱਡਾ ਨੁਕਸਾਨ ਹੋਵੇਗਾ। ਇਸ ਨਾਲ ਇਨ੍ਹਾਂ ਬੋਰਡਾਂ ਦੁਆਰਾ ਕੀਤੇ ਜਾਂਦੇ ਪੇਂਡੂ ਵਿਕਾਸ ਨੂੰ ਵੱਡੇ ਪੱਧਰ ਉੱਪਰ ਖੋਰਾ ਲੱਗੇਗਾ। ਇਸ ਵਰਤਾਰੇ ਨਾਲ ਸਿਰਫ਼ ਕਿਸਾਨਾਂ ਦਾ ਹੀ ਨੁਕਸਾਨ ਨਹੀਂ ਹੋਵੇਗਾ ਸਗੋਂ ਇਨ੍ਹਾਂ ਮੰਡੀਆਂ ਵਿਚ ਰੁਜ਼ਗਾਰ ਪ੍ਰਾਪਤ ਕਰਮਚਾਰੀਆਂ, ਪੱਲੇਦਾਰਾਂ ਅਤੇ ਆੜ੍ਹਤੀਆਂ ਨੂੰ ਵੀ ਰਗੜਾ ਲੱਗੇਗਾ। ਖੁੱਲ੍ਹੀ ਮੰਡੀ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਬਾਰੇ ਇਹ ਤੱਥ ਜਾਨਣਾ ਜ਼ਰੂਰੀ ਹੈ ਕਿ ਖੁੱਲ੍ਹੀ ਮੰਡੀ ਦਾ ਮੁੱਖ ਉਦੇਸ਼ ਸਰਮਾਏਦਾਰ ਜਗਤ ਦਾ ਨਫ਼ਾ ਵਧਾਉਣਾ ਹੁੰਦਾ ਹੈ।“
        
ਸਰਕਾਰ ਦੇ ਇਸ ਫੈਸਲੇ ਬਾਰੇ ਅਰਥ ਸ਼ਾਸਤਰੀ ਸੁੱਚਾ ਸਿੰਘ ਗਿੱਲ ਦੱਸਦੇ ਹਨ ,“ਇਨ੍ਹਾਂ ਬਿੱਲਾਂ  ਨਾਲ ਸੂਬਿਆਂ ਦੇ ਅਧਿਕਾਰ ਖੇਤਰ ਜਾਂ ਸੂਬਿਆਂ ਦੀ ਖ਼ੁਦ-ਮੁਖ਼ਤਿਆਰੀ ਅਤੇ ਦੇਸ਼ ਦੇ ਫੈੱਡਰਲ ਢਾਂਚੇ ਉੱਪਰ ਵੱਡਾ ਹਮਲਾ ਹੋਇਆ ਹੈ। ਸੂਬਿਆਂ ਦੇ ਵਖਰੇਵਿਆਂ ਨੂੰ ਧਿਆਨ ਵਿੱਚ ਰਖਦੇ ਹੋਏ 1950 ਵਿਚ ਦੇਸ਼ ਦੇ ਸੰਵਿਧਾਨ ਨੂੰ ਫੈਡਰਲ ਢਾਂਚੇ ਅਨੁਸਾਰ ਬਣਾਇਆ ਗਿਆ ਸੀ। ਇਸ ਅਨੁਸਾਰ ਸੂਬਿਆਂ ਵਿਚ ਖੇਤੀ ਮੰਡੀ ਪ੍ਰਣਾਲੀ ਦਾ ਵਿਕਾਸ 1960ਵਿਆਂ ਹੋਇਆ। ਵੱਖ-ਵੱਖ ਸੂਬਿਆਂ ਵੱਲੋਂ ਖੇਤੀ ਮਾਰਕੀਟ ਐਕਟ ਪਾਸ ਕੀਤੇ ਗਏ। ਇਸ ਐਕਟ ਤਹਿਤ ਪੰਜਾਬ ਵਿਚ ਮੰਡੀਆਂ ਦਾ ਵਿਕਾਸ ਕੀਤਾ ਗਿਆ। ਇਹ ਮੰਡੀਆਂ ਮਾਰਕੀਟ ਕਮੇਟੀਆਂ ਦੀ ਦੇਖ-ਰੇਖ ਵਿਚ ਕੰਮ ਕਰਦੀਆਂ ਹਨ। ਪੰਜਾਬ ਅਤੇ ਹਰਿਆਣਾ ਵਿਚ ਖੇਤੀ ਜਿਣਸਾਂ ਦੇ ਮੰਡੀਕਰਨ ਦਾ ਕਾਫ਼ੀ ਵਧੀਆ ਸਿਸਟਮ ਵਿਕਸਿਤ ਹੋਇਆ ਹੈ। ਇਨ੍ਹਾਂ ਦੋ ਸੂਬਿਆਂ ਤੇ ਪੱਛਮੀ ਯੂਪੀ ਦੇ ਕਿਸਾਨ ਕਣਕ-ਝੋਨੇ ਦੀ ਖੇਤੀ ਕਰਨ ਵਿਚ ਇਸੇ ਕਾਰਨ ਮੁਹਾਰਤ ਹਾਸਲ ਕਰ ਗਏ ਹਨ।
     
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਆਰਡੀਨੈਂਸਾਂ ਵਿਚ ਇਕ ਗੱਲ ਸਾਂਝੀ ਇਹ ਹੈ ਕਿ ਸਰਕਾਰ ਖੇਤੀ ਜਿਣਸਾਂ ਦੇ ਵਪਾਰ ਨੂੰ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਨੂੰ ਸੌਂਪਣਾ ਚਾਹੁੰਦੀ ਹੈ। ਇਨ੍ਹਾਂ ਆਰਡੀਨੈਂਸਾਂ ਵਿਚ ਲਿਖਿਆ ਗਿਆ ਹੈ ਕਿ ਥੋਕ ਦੇ ਵਪਾਰੀ, ਐਗਰੋ-ਪ੍ਰੋਸੈਸਰ ਅਤੇ ਕੌਮਾਂਤਰੀ ਵਪਾਰੀਆਂ ਨੂੰ ਖੇਤੀ ਜਿਣਸਾਂ ਦੇ ਵਪਾਰ, ਇਨ੍ਹਾਂ ਦੇ ਭੰਡਾਰਨ ਅਤੇ ਮੰਡੀਕਰਨ ਵਿੱਚ ਖੁੱਲ੍ਹ ਹੋਵੇਗੀ। ਕੇਂਦਰ ਸਰਕਾਰ ਜਾਂ ਸਰਕਾਰੀ ਏਜੰਸੀਆਂ ਦੀ ਬਜਾਇ ਇਨ੍ਹਾਂ ਜਿਣਸਾਂ ਦੇ ਵਪਾਰ, ਭੰਡਾਰੀਕਰਨ ਅਤੇ ਮੰਡੀਕਰਨ ਦੀ ਜ਼ਿੰਮੇਵਾਰੀ ਵੀ ਇਹ ਪ੍ਰਾਈਵੇਟ ਅਦਾਰੇ ਹੀ ਕਰਨਗੇ। ਇਨ੍ਹਾਂ ਅਦਾਰਿਆਂ ਨੂੰ ਖ਼ਰੀਦ ਮੁੱਲ ਤੋਂ ਆਨਾਜ 50% ਅਤੇ ਫਲ-ਸਬਜ਼ੀਆਂ 100% ਵੱਧ ਕੀਮਤ ਤੇ ਖ਼ਪਤਕਾਰਾਂ ਨੂੰ ਵੇਚਣ ਦੀ ਖੁੱਲ੍ਹ ਹੋਵੇਗੀ। ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਲਾਗਤ ਤੋਂ 50% ਕੀਮਤ ਖੇਤੀ ਜਿਣਸਾਂ ਤੇ ਦੇਣ ਨੂੰ ਤਿਆਰ ਨਹੀਂ ਪਰ ਪ੍ਰਾਈਵੇਟ ਅਦਾਰਿਆਂ ਨੂੰ ਖ਼ਰੀਦ ਕੀਮਤ ਤੋਂ ਆਨਾਜ 50% ਵੱਧ ਕੀਮਤ ’ਤੇ ਵੇਚਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਨ੍ਹਾਂ ਆਰਡੀਨੈਂਸਾਂ ਦਾ ਮਨੋਰਥ ਮੌਜੂਦਾ ਸਰਕਾਰੀ ਮੰਡੀਆਂ ਨੂੰ ਖ਼ਤਮ ਕਰਨਾ ਹੈ। ਸਰਕਾਰੀ ਮੰਡੀ ਦੇ ਗੇਟ ਤੋਂ ਲੈ ਕਿ ਕਿਸੇ ਵੀ ਸਥਾਨ ’ਤੇ ਪ੍ਰਾਈਵੇਟ ਮੰਡੀ ਖੋਲ੍ਹੀ ਜਾ ਸਕਦੀ ਹੈ। ਪ੍ਰਾਈਵੇਟ ਕੰਪਨੀਆਂ ਜਾਂ ਇਨ੍ਹਾਂ ਦੇ ਏਜੰਟ ਕਿਤੋਂ ਵੀ ਖੇਤੀ ਜਿਣਸਾਂ ਖ਼ਰੀਦ ਸਕਣਗੇ। ਇਨ੍ਹਾਂ ਦੀ ਖ਼ਰੀਦ ਉੱਪਰ ਸੂਬਾ ਸਰਕਾਰ ਨਾ ਕੋਈ ਕੰਟਰੋਲ ਜਾਂ ਦਖ਼ਲ ਦੇ ਸਕਦੀ ਹੈ ਅਤੇ ਨਾ ਹੀ ਕੋਈ ਟੈਕਸ/ਸੈੱਸ ਜਾਂ ਫੀਸ ਲਗਾ ਸਕਦੀ ਹੈ। ਕਿਸਾਨਾਂ ਅਤੇ ਕੰਪਨੀਆਂ ਵਿਚਾਲੇ ਵਿਵਾਦ ਜਾਂ ਝਗੜੇ ਸਮੇਂ ਸੂਬੇ ਦੀ ਸਰਕਾਰ ਦਖ਼ਲ ਨਹੀਂ ਦੇ ਸਕੇਗੀ। ਇਨ੍ਹਾਂ ਮਸਲਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਡੀਨੈਂਸਾਂ ਅਧੀਨ ਬਣਾਏ ਨਿਯਮਾਂ ਅਨੁਸਾਰ ਨਜਿੱਠਿਆ ਜਾਵੇਗਾ। ਇਸ ਦਾ ਅਰਥ ਇਹ ਕਿ ਕਿਸਾਨਾਂ ਦੇ ਮਾਰਕੀਟ ਕਮੇਟੀਆਂ ਵਿਚ ਬੈਠੇ ਨੁਮਾਇੰਦਿਆਂ ਤੋਂ ਇਹ ਹੱਕ ਖੋਹ ਕਿ ਅਫ਼ਸਰਸ਼ਾਹੀ ਦੇ ਹਵਾਲੇ ਕੀਤੇ ਜਾ ਰਹੇ ਹਨ।

ਸਮਝਣ ਵਾਲੀ ਗੱਲ ਇਹ ਹੈ ਕਿ ਸਰਕਾਰੀ ਮੰਡੀਆਂ ਅਤੇ ਸਰਕਾਰੀ ਏਜੰਸੀਆਂ ਦੀ ਖ਼ਰੀਦ ਤੋਂ ਬਗੈਰ ਕਿਸਾਨਾਂ ਨੂੰ ਐਲਾਨਿਆ ਘੱਟੋ-ਘੱਟ ਸਮਰਥਨ ਮੁੱਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜੋ ਲੀਡਰ ਇਨ੍ਹਾਂ ਆਰਡੀਨੈਂਸਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਸਮਰਥਨ ਦੇ ਰਹੇ ਹਨ ਜਾਂ ਉਨ੍ਹਾਂ ਨੂੰ ਹਾਲਾਤ ਦੀ ਗੰਭੀਰਤਾ ਦਾ ਅਹਿਸਾਸ ਨਹੀਂ ਹੈ ਅਤੇ ਜਾਂ ਜਾਣ-ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।`
     
ਡਾ. ਸੁਖਪਾਲ ਸਿੰਘ ਦਾ ਆਖਣਾ ਹੈ ,“ਇਨ੍ਹਾਂ ਆਰਡੀਨੈਂਸਾਂ ਨਾਲ ਰਾਜਾਂ ਨੂੰ ਵੱਡਾ ਨੁਕਸਾਨ ਹੋਵੇਗਾ। ਰਾਜ ਮੰਡੀ ਬੋਰਡਾਂ ਨੂੰ ਹੋਣ ਵਾਲੀ ਆਮਦਨ ਘਟਣ ਨਾਲ ਲਿੰਕ ਸੜਕਾਂ, ਖੇਤੀ ਖੋਜ ਅਤੇ ਸਮੁੱਚੇ ਪੇਂਡੂ ਵਿਕਾਸ ‘ਤੇ ਗਹਿਰੀ ਸੱਟ ਵੱਜੇਗੀ। ਇਸ ਨਾਲ ਕਿਸਾਨੀ ਹੀ ਨਹੀਂ, ਦੇਸ਼ ਦਾ ਸੰਘੀ ਢਾਂਚਾ ਵੀ ਤਬਾਹ ਹੋਵੇਗਾ। ਭਾਰਤੀ ਖੇਤੀ ਉਪਰ ਬਹੁਕੌਮੀ ਕਾਰਪੋਰੇਸ਼ਨਾਂ ਦੀ ਜਕੜ ਹੋਵੇਗੀ। ਲੋਕਾਂ ਦੀ ਵੱਡੀ ਗਿਣਤੀ ਦਾ ਖੇਤੀ ਵਿਚੋਂ ਨਿਕਾਲ ਹੋਵੇਗਾ। ਆਰਥਿਕ-ਸਮਾਜਿਕ ਤਾਣਾ ਬਾਣਾ ਉਥਲ-ਪੁਥਲ ਹੋ ਜਾਵੇਗਾ। ਸੋ ਅੱਜ ਲੋੜ ਹੈ ਕਿ ਇਨ੍ਹਾਂ ਆਰਡੀਨੈਂਸਾਂ ਦੇ ਦੂਰਅੰਦੇਸ਼ੀ ਪ੍ਰਭਾਵਾਂ ਉੱਪਰ ਵਿਚਾਰ ਕਰ ਕੇ ਖੇਤੀ ਨੂੰ ਕਾਰਪੋਰੇਟਾਂ ਤੋਂ ਬਚਾਉਣ ਦੀ ਦਿਸ਼ਾ ਵਿਚ ਕਦਮ ਚੁੱਕਿਆ ਜਾਵੇ।“
         
ਖੇਤੀ ਮਾਮਲਿਆਂ ਦੇ ਜਾਣਕਾਰ ਰਣਜੋਧ ਸਿੰਘ ਬੈਂਸ ਦਾ ਕਹਿਣਾ ਹੈ ,“ ਇਨ੍ਹਾਂ ਤਿੰਨੇ ਬਿੱਲਾਂ  ਨੂੰ ਵਿਚਾਰਨ ਤੋਂ ਪਹਿਲਾਂ ਸਾਨੂੰ ਰਾਜ ਦੀਆਂ ਖੇਤੀਬਾੜੀ ਜੋਤਾਂ ਦੇ ਆਕਾਰ ਵੱਲ ਧਿਆਨ ਦੇਣਾ ਪਵੇਗਾ ਤਾਂ ਜੋ ਕਿਸੇ ਸਾਰਥਿਕ ਨਤੀਜੇ ਉੱਤੇ ਪਹੁੰਚਿਆ ਜਾ ਸਕੇ। ਰਾਜ ਵਿੱਚ ਸਾਲ 2010-11 ਦੀ ਗਣਨਾ ਮੁਤਾਬਕ ਕੁੱਲ 10.53 ਲੱਖਾਂ ਜੋਤਾਂ ਵਿੱਚੋਂ 30.62 ਲੱਖ ਏਕੜ ਉੱਤੇ ਕੁਲ 6.84 ਲੱਖ ਸੀਮਾਂਤ ਤੇ ਛੋਟੀਆਂ ਜੋਤਾਂ ਅਤੇ 63.55 ਲੱਖ ਏਕੜ 3.69 ਲੱਖ ਵੱਡੀਆਂ ਜੋਤਾਂ ਖੇਤੀ ਕਰ ਰਹੀਆਂ ਹਨ। ਕਿਸਾਨ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਆਰਡੀਨੈਂਸ-2020: ਇਸ ਆਰਡੀਨੈਂਸ ਰਾਹੀਂ ਕਿਸਾਨਾਂ, ਨੂੰ ਖੇਤੀ ਉਪਜਾਂ ਦੀ ਰੋਕ-ਟੋਕ ਬਗੈਰ ਵਿਕਰੀ ਅਤੇ ਖ਼ਰੀਦ ਦੀ ਖੁੱਲ੍ਹ ਦਿੰਦਾ ਹੈ, ਭਾਵ ਕਿਸਾਨ ਨੂੰ ਆਪਣੀ ਉਪਜ ਨੂੰ ਵੇਚਣ ਲਈ ਖ਼ਾਸ ਤੈਅਸ਼ੁਦਾ ਮੰਡੀ ਵਿੱਚ ਨਹੀਂ ਜਾਣਾ ਪਵੇਗਾ, ਖ਼ਰੀਦਕਾਰ ਉਪਜ ਨੂੰ ਉਸ ਦੇ ਖੇਤ ਵਿੱਚ ਹੀ ਖ਼ਰੀਦ ਕਰ ਸਕੇਗਾ। ਇਸ ਨੂੰ ਸਮਝਣ ਲਈ ਇਹ ਕਿਹਾ ਜਾ ਸਕਦਾ ਹੈ ਕਿ ਮੰਡੀਕਰਨ ਲਈ ਕੀਤੀ ਗਈ ਵਿਵਸਥਾ ਦੀ ਲੋੜ ਨਹੀਂ ਹੋਵੇਗੀ। ਇਸ ਨਾਲ ਪੰਜਾਬ ਰਾਜ ਕੰਮ ਕਰ ਰਹੀਆਂ ਲਗਾਤਾਰ 3500 ਮੰਡੀਆਂ ਦਾ ਭੋਗ ਤਾਂ ਪਵੇਗਾ ਹੀ ਇਸ ਦੇ ਨਾਲ-ਨਾਲ ਮੰਡੀਆਂ ਦੁਆਰਾ 8.5 ਫ਼ੀਸਦੀ ਉਗਰਾਹੇ ਜਾਂਦੇ ਟੈਕਸ ਦੀ ਵੀ ਕਟੌਤੀ ਹੋਵੇਗੀ ਜਿਸ ਦਾ ਸਿੱਧਾ-ਸਿੱਧਾ ਅਸਰ ਰਾਜ ਵਿੱਚ ਹੁੰਦੇ ਪੇਂਡੂ ਵਿਕਾਸ ਉੱਤੇ ਪਵੇਗਾ ਭਾਵੇਂ ਕਿ ਉਹ ਲਿੰਕ ਸੜਕਾਂ ਦਾ ਨਿਰਮਾਣ ਅਤੇ ਇਨ੍ਹਾਂ ਦੀ ਮੁਰੰਮਤ ਹੀ ਕਿਉਂ ਨਾ ਹੋਵੇ। ਇਸ ਤੋਂ ਇਲਾਵਾ ਰਾਜ ਸਰਕਾਰ ਵਲੋਂ ਲਏ ਜਾਂਦੇ ਕਈ ਹੋਰ ਅਹਿਮ ਫ਼ੈਸਲੇ ਜਿਨ੍ਹਾਂ ਵਿੱਚ ਵਿੱਤੀ ਸਾਧਨਾਂ ਦੀ ਲੋੜ ਮੰਡੀਕਰਨ ਦੀ ਕਮਾਈ ਵਿਚੋਂ ਕੀਤੀ ਜਾਂਦੀ ਹੈ, ਵਿੱਚ ਹੀ ਖੜੋਤ ਆਵੇਗੀ। ਮਿਸਾਲ ਦੇ ਤੌਰ ’ਤੇ ਪੰਜਾਬ ਸਰਕਾਰ ਵੱਲੋਂ ਸਾਲ 2017-19 ਦੌਰਾਨ ਸੂਬੇ ਦੇ 5.64 ਲੱਖ ਛੋਟੇ ਅਤੇ ਸੀਮਾਂਤ ਕਿਸਾਨਾਂ ਦਾ ਲਗਭਗ 4625 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਕੇ ਵੱਡੀ ਸਹੂਲਤ ਵੀ ਇਸੇ ਸਾਧਨ ਤੋਂ ਦਿੱਤੀ ਗਈ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਜੇਕਰ ਇਹ ਟੈਕਸ ਦੀ ਵਸੂਲੀ ਨਹੀਂ ਹੋਵੇਗੀ ਤਾਂ ਅਜਿਹੇ ਵਿਕਾਸ ਕਾਰਜਾਂ ਦੀ ਪੂਰਤੀ ਲਈ ਵਿੱਤੀ ਸਾਧਨਾਂ ਨੂੰ ਸਰਕਾਰ ਕਿਥੋਂ ਪੈਦਾ ਕਰੇਗੀ। ਇਥੇ ਇਹ ਵੀ ਦੱਸਣਾ ਜ਼ਰੂਰੀ ਬਣ ਜਾਂਦਾ ਹੈ ਕਿ ਭਾਰਤ ਸਰਕਾਰ ਵਲੋਂ ਜੀ.ਐੱਸ.ਟੀ. ਦੀ ਸਮੇਂ ਸਿਰ ਕਿਸ਼ਤ ਦੇਣ ਤੋਂ ਵੀ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾਂ ਇਨ੍ਹਾਂ ਮੰਡੀਆਂ ਵਿੱਚ ਕੰਮ ਕਰ ਰਹੇ ਲਗਭਗ 6000 ਕਰਮਚਾਰੀਆਂ ਨੂੰ ਰੁਜ਼ਗਾਰ ਦੀ ਅਣਹੋਂਦ ਲਈ ਸਰਕਾਰ ਉੱਤੇ ਹੋਰ ਬੋਝ ਵਧੇਗਾ ਜਿਸ ਦਾ ਅਸਰ ਵੀ ਵਿਕਾਸ ਕਾਰਜਾਂ ਉੱਤੇ ਹੀ ਪਵੇਗਾ। ਥੋੜ੍ਹੇ ਚਿਰ ਤੱਕ ਤਾਂ ਹੋ ਸਕਦਾ ਹੈ ਕਿ ਕਿਸਾਨਾਂ ਨੂੰ ਲਾਭ ਵੀ ਹੋਵੇ ਪਰ ਲੰਬੇ ਸਮੇਂ ਕਿਸਾਨਾਂ ਨੂੰ ਵਧੇਰੇ ਲਾਹਾ ਮਿਲਣਾ ਸੰਭਵ ਨਹੀਂ ਜਾਪਦਾ। ਸਰਕਾਰ ਵੱਲੋਂ ਇਨ੍ਹਾਂ ਸੰਸਥਾਵਾਂ ਨੂੰ ਵਿਕਸਿਤ ਕਰਨ ਲਈ ਖ਼ਰਚੇ ਹਜ਼ਾਰਾਂ ਕਰੋੜ ਰੁਪਏ ਫ਼ਜੂਲ ਹੋ ਜਾਣਗੇ। ਲਗਭਗ 6.84 ਲੱਖ ਛੋਟੀਆਂ       ਜੋਤਾਂ ਵਾਲੇ ਕਿਸਾਨ ਆਪਣੀ ਉਪਜ ਦੀ ਖ਼ਰੀਦ ਲਈ ਜੋ ਨਜ਼ਦੀਕੀ ਮੰਡੀ ਵਿੱਚ ਫਿਰ ਵੀ ਲਾਹੇਵੰਦ           ਭਾਅ ’ਤੇ ਵੇਚ ਆਉਂਦੇ ਸਨ, ਨੂੰ ਖ਼ਰੀਦਕਾਰ ਦੀ ਉਡੀਕ ਕਰਨੀ ਪਵੇਗੀ।

ਮਾਹਿਲਪੁਰ ਨਗਰ ਪੰਚਾਇਤ ਸ਼ਹਿਰ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ’ਚ ਅਸਫਲ – ਸ਼ਿਵ ਕੁਮਾਰ ਬਾਵਾ
ਲੱਖਾਂ ਰੁਪਏ ਹੜੱਪ ਕਰਕੇ ਟ੍ਰੈਵਲ ਏਜੰਟ ਵੱਲੋਂ ਸਾਈਪ੍ਰਸ ’ਚ ਨੌਜਵਾਨ ਨੂੰ ਚਾਰ ਸਾਲ ਲਈ ਵੇਚਿਆ
ਸਾਈਕਲ ਲੈਜੋ…ਮਾਸਟਰ ਦੇਜੋ!
ਇੱਟਾਂ ਨੂੰ ਕੀ ਕਰੀਏ ਜਦ ‘ਤੇ ਤੁਰਨ ਵਾਲੇ ਗੱਭਰੂ ਹੀ ਨਾ ਰਹੇ – ਅਮਨਦੀਪ ਹਾਂਸ
ਕੇਂਦਰੀ ਮੰਤਰੀ ਬੀਬੀ ਬਾਦਲ ਨੇ ‘ਹਾਕਮ ਵਾਲਾ‘ ਦੀ ਬਦਲੀ ਨੁਹਾਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪੰਜਾਬ ਦੀਆਂ ਵਾਤਾਵਰਣੀ ਅਤੇ ਸਿਹਤ ਤਬਦੀਲੀਆਂ:ਭਵਿੱਖੀ ਖਦਸ਼ੇ –ਤਰਨਦੀਪ ਦਿਉਲ

ckitadmin
ckitadmin
March 25, 2013
ਆਪਣੇ ਆਪ ਨੂੰ ਮਿਲਦਿਆਂ -ਇਕ਼ਬਾਲ ਰਾਮੂਵਾਲੀਆ
ਮੈਂ ਨਾਨਕ ਤੇ ਬੁੱਧ ਨਾਲ ਆ ਰਿਹਾਂ -ਕਾਫ਼ਿਰ ਦਿਲ
ਲੋਹੜੀ ਧੀਆਂ ਦੀ ਵੀ ਪਾਈਏ – ਬਲਜਿੰਦਰ ਮਾਨ
ਮਨਰੇਗਾ ਸਕੀਮ ਤਹਿਤ ਖਰਚੇ ਕਰੌੜਾ ਰੁਪਏ ’ਚ ਲੱਖਾਂ ਦਾ ਘਪਲਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?