ਸ਼ਾਇਰ ਫ਼ਿਰਦੌਸ ਨੇ ਕਸ਼ਮੀਰ ਬਾਰੇ ਬਹੁਤ ਖ਼ੂਬ ਲਿਖਿਆ ਹੈ:
ਹਮੀ ਅਸਤੋ, ਹਮੀ ਅਸਤੋ, ਹਮੀ ਅਸਤ
ਜਿਸਦਾ ਮਤਲਬ ਹੈ ਕਿ ਜੇਕਰ ਇਸ ਧਰਤੀ ‘ਤੇ ਕਿਧਰੇ ਜੰਨਤ ਹੈ ਤਾਂ ਉਹ ਇੱਥੇ ਹੈ, ਇੱਥੇ ਹੈ, ਇੱਥੇ ਹੀ ਹੈ। ਇਹਨਾ ਕਾਵਿ ਤੁਕਾਂ ਦੀ ਪੁਸ਼ਟੀ ਉਦੋਂ ਹੋਈ ਜਦੋਂ ਮੈਨੂੰ ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਵਿਚ ਜਾਣ ਦਾ ਮੌਕਾ ਮਿਲਿਆ ਸੀ, ਜਿਥੇ ਉਰਦੂ ਵਰਗੀ ਅਦਬੀ ਜ਼ਬਾਨ ਦੀ ਮਿਠਾਸ ਸਾਹਾਂ ਵਿਚ ਰਲ਼ ਕੇ ਕਲੇਜਾ ਠਾਰ੍ਹਦੀ ਹੈ।

ਬੇਸ਼ੱਕ ਮੇਰੀ ਇਹ ਫੇਰੀ ਫ਼ਰਵਰੀ ਦੇ ਮਹੀਨੇ ਦੀ ਸੀ, ਜਦੋਂ ਕਿ ਮੁਗ਼ਲ ਬਗ਼ੀਚਿਆਂ ਵਿਚ ਫੁੱਲਾਂ ਦਾ ਨਾਮ-ਓ-ਨਿਸ਼ਾਨ ਨਹੀਂ ਸੀ ਪਰ ਫਿਰ ਵੀ ਇਥੋਂ ਦੇ ਸੁਹਣੇ ਇਤਿਹਾਸਿਕ-ਮੰਦਰਾਂ, ਮਸੀਤਾਂ, ਵਿਸ਼ਾਲ ਅਤੇ ਖ਼ੂਬਸੂਰਤ ਬਗ਼ੀਚਿਆਂ, ਕਿਸੇ ਅਲ੍ਹੜ-ਮਸਤ ਸੱਪਣੀ ਵਾਂਗ ਬਲਖਾਂਦੀ ਅਤੇ ਦੋ ਦੇਸ਼ਾਂ ਨੂੰ ਜੋੜਦੀ ਝੇਲਮ ਨਦੀ, ਅਨੇਕਾਂ ਜੋੜਿਆਂ ਦਿਆਂ ਤਫ਼ਰੀ ਅਤੇ ਸ਼ਿਕਾਰਿਆਂ ਵਿਚ ਬੀਤੇ ਮੁਲਾਕਾਤੀ ਪਲਾਂ ਦੀ ਤਸਵੀਰੀ ਗਵਾਹ ਡੱਲ-ਝੀਲ, ਝੀਲ ਵਿਚ ਤਰਦਾ ਭਾਰਤ ਦਾ ਇਕਲੌਤਾ ਬੋਟ ਨੁਮਾ ਡਾਕਘਰ (Floating Post Office), ਝੀਲ ਦੇ ਚਹੁੰ ਪਾਸੇ ਹਿਫਾਜ਼ਤੀ ਕਾਨੂਨ ਵਰਗੀਆਂ ਉੱਚੀਆਂ ਪਹਾੜਾਂ, ਪਹਾੜਾਂ ਤੇ ਬਣੇ ਮਜ਼ਬੂਤ ਕਿਲ਼ੇ ਅਤੇ ਰਾਜਿਆਂ-ਰਜਵਾੜਿਆਂ ਦੀਆਂ ਯਾਦਗਾਰੀ ਈਮਾਰਤਾਂ, ਪਹਾੜਾਂ ਦੀਆਂ ਟੀਸੀਆਂ ਤੇ ਮੱਖਣ ਵਾਂਗ ਵਿਛੀ ਹੋਈ ਚਿੱਟੀ ਦੁੱਧ ਬਰਫ, ਬਰਫ ਉਪਰ ਸਕੇਟਿੰਗ ਦੇ ਨਜ਼ਾਰੇ, ਖ਼ੱਚਰਾਂ ਦੀ ਸਵਾਰੀ, ਕਬੂਤਰਾਂ ਨੂੰ ਦਾਣੇ, ਬੱਦਲਾਂ ਦੀ ਤੇਜ਼ ਗੜਗੜਾਹਟ ਨਾਲ ਅਚਨਚੇਤ ਆਉਂਦੀ ਬਰਸਾਤ ਵਿਚ ਲੱਕੜ ਦੀ ਬਣੀ ਦੁਕਾਨ ਵਿਚ ਬਹਿ ਕੇ ਗਰਮ ਚਾਹ ਦੀ ਚੁਸਕੀ ਅਤੇ ਉਹ ਸੱਭ ਖ਼ੂਬਸੂਰਤ ਥਾਵਾਂ ਜੋ ਅਨੇਕਾਂ ਫਿਲਮਾਂ ਦਿਆਂ ਗੀਤਾਂ ਆਦਿ ਵਿਚ ਕਈ ਵਾਰ ਵੇਖੀਆਂ, ਉਨ੍ਹਾਂ ਨੂੰ ਆਪਣੀ ਅੱਖੀਂ ਵੇਖ ਕੇ ਤਬੀਅਤ ਨੂੰ ਜੋ ਖ਼ੁਸ਼ੀ ਮਿਲੀ ਉਹ ਬਿਆਨੀ ਨਹੀਂ ਜਾ ਸਕਦੀ। ਇਕ ਕੰਮ ਤਾਂ ਫ਼ਿਰਦੌਸ ਵਰਗੇ ਮਕਬੂਲ ਸ਼ਾਇਰ ਹੀ ਬਖ਼ੂਬੀ ਕਰ ਸਕਦੇ ਹਨ।
ਇਹ ਇਕ ਸੈਲਾਨੀ ਦੀ ਨਜ਼ਰੀਂ ਚਿਤਰੀ ਜਾਣ ਵਾਲੀ ਕਲਮੀ ਤਸਵੀਰ ਹੈ ਜੋ ਕੁਝ ਦਿਨਾ ਲਈ ਸੈਰ-ਸਪਾਟੇ ਦੇ ਮਕਸਦ ਨਾਲ ਉੱਡ ਕੇ ਪਹੁੰਚਿਆ ਅਤੇ ਉਥੋਂ ਦੇ ਵਕਤੀਂ ਸ਼ਾਂਤ ਮਾਹੌਲ ਅਤੇ ਸੁਖਦ ਵਾਤਾਵਰਣ ਵਿਚ ਭਾਰਤੀ ਸੇਨਾ ਨਾਲ ਲੈਸ ਸ਼੍ਰੀਨਗਰ ਦੇ ਹਵਾਈ ਜਹਾਜ਼ਾਂ ਦੇ ਅੱਡੇ ‘ਤੋਂ ਇਕ ਨਿਜੀ ਜਹਾਜ਼ ਦੀ ਪੂੰਛ ਫੜ ਕੇ ਵਾਪਿਸ ਆ ਗਿਆ। ਇੰਨੇ ਥੋੜੇ ਸਮੇ ਵਿਚ ਉਥੋਂ ਦੇ ਕੁਦਰਤੀ, ਮੋਸਮੀ ਅਤੇ ਹੋਰ ਤਬਦੀਲੀਆਂ ਕਾਰਨ ਆਉਣ ਵਾਲੀਆਂ ਓਕੜਾਂ ਨੂੰ ਨਾ ਤਾ ਪੂਰੀ ਤਰਾਂ ਹੰਢਾਇਆ ਜਾ ਸਕਦਾ ਹੈ ਅਤੇ ਨਾ ਹੀ ਬਿਆਨ ਕੀਤਾ ਜਾ ਸਕਦਾ ਹੈ।
ਪਿਛਲੇ ਦਿਨੀਂ ਜਦੋਂ ਅਖ਼ਬਾਰਾਂ, ਰੇਡੀਓ ਅਤੇ ਟੈਲੀਵਿਜ਼ਨ ਰਾਹੀਂ ਪੜਿਆ, ਸੁਣਿਆ ਅਤੇ ਵੇਖਿਆ ਤਾਂ ਦਿਲ ਦਹਿਲ ਗਿਆ ਕਿ ਜੰਨਤ ਕੁਝ ਪਲਾਂ ਵਿਚ ਹੀ ਕਿਵੇਂ ਦੋਜ਼ਖ਼ ਵਿਚ ਤਬਦੀਲ ਹੋ ਗਈ ਜਿਥੋਂ ਦੀ ਦੋ ਦਿਨੀ ਮੂਸਲਾਧਾਰ ਬਰਸਾਤ ਨੇਂ ਏਨਾ ਕਹਿਰ ਕਮਾਇਆ ਕਿ ਅਨੇਕਾਂ ਹੀ ਪਿੰਡ ਅਤੇ ਸ਼ਹਿਰ ਪਾਣੀ ਦੇ ਬਹਾਵ ਹੇਠ ਦਬ ਕੇ ਰਹਿ ਗਏ, ਅਨੇਕ ਮਜ਼ਬੂਤ ਪੁਲ ਟੁੱਟ ਗਏ, ਬੱਸਾਂ ਗੱਡੀਆਂ ਸਣੇ ਅਨੇਕ ਲੋਕੀ ਰੁੜ੍ਹ ਗਏ, ਮਵੇਸ਼ੀਆਂ ਨੂੰ ਬਚਣ ਦਾ ਵੀ ਮੌਕਾ ਨਾ ਮਿਲਿਆ ਅਤੇ ਚੀਖ਼ਾਂ ਅਤੇ ਵਿਰਲਾਪਾਂ ਨਾਲ ਭਰੀ ਇਹ ਜੰਨਤ ਵਰਗੀ ਧਰਤੀ ਦੋਜ਼ਖ਼ ਵਿਚ ਤਬਦੀਲ ਹੋ ਗਈ ਜਿਸ ਦੇ ਜਲਮਗਨ ਸਿਵਿਆਂ ਵਿੱਚੋਂ ਆਪਣੇ ਪਿਆਰਿਆਂ ਨੂੰ ਗਵਾ ਚੁੱਕੇ ਲੋਕਾਂ ਦੀਆਂ ਚੀਖ਼ਾਂ ਵੀ ਬਾਹਰ ਨਾ ਆ ਸਕੀਆਂ ਅਤੇ ਇਨ੍ਹਾ ਪਾਣੀ-ਪਾਣੀ ਹੋਇ ਸਿਵਿਆਂ ਵਿਚੋਂ ਸਰੀਰਾਂ ਨੂੰ ਫੂਕਣ ਵਾਲੀ ਅੱਗ ਦੀਆਂ ਲਾਟਾਂ ਅਤੇ ਧੂੰਏ ਦੀ ਬਜਾਇ ਭੁੱਖ, ਪਿਆਸ ਅਤੇ ਲਾਚਾਰੀ ਵਰਗੀਆਂ ਨਾਮੁਰਾਦਾਂ ਸਿਰ ਚੁੱਕਦੀਆਂ ਨਜ਼ਰ ਆਈਆਂ।
ਇਹ ਉਹ ਸਮਾਂ ਹੈ ਜਦੋਂ ਪੱਥਰਾਂ ਦੇ ਦਿਲ ਵੀ ਪਿਘਲ ਜਾਂਦੇ ਨੇਂ ਤੇ ਮੁਸੀਬਤ ਵਿਚ ਫੱਸੇ ਕਿਸੇ ਦੁਸ਼ਮਣ ਦੀ ਵੀ ਜਾਨ ਬਚਾਉਣ ਦਾ ਜਜ਼ਬਾ ਹੁਲਾਰੇ ਮਾਰਦਾ ਹੈ। ਬਚ ਕੇ ਨਿਕਲੇ ਅਨੇਕ ਲੋਕਾਂ ਨੇਂ ਪੱਤਰਕਾਰਾਂ ਨੂੰ ਬਿਆਨ ਦਿੱਤੇ ਹਨ ਕਿ ਹਵਾਈ ਅਤੇ ਥਲ੍ਹ ਸੈਨਾ ਨੇ ਉਨ੍ਹਾਂ ਦੀ ਭਰਪੂਰ ਮਦਦ ਕੀਤੀ ਹੈ ਜਿਸ ਲਈ ਭਾਰਤੀ ਸੇਨਾ ਸ਼ਲਾਘਾ ਦੀ ਹੱਕਦਾਰ ਹੈ। ਪਰ ਇਸ ਦੇ ਉਲਟ ਕੁਝ ਲੋਕ ਅਜਿਹੇ ਵੀ ਹਨ ਜੋ ਮਜਬੂਰ ਅਤੇ ਬੇਬਸ ਹੋਇ ਭੋਲੇ ਨਾਗਰਿਕਾਂ ਨੂੰ ਮਦਦ ਦੇਣ ਬਦਲੇ ਉਨ੍ਹਾ ਕੋਲੋਂ ਮੁੰਹੋਂ ਮੰਗੀਆਂ ਕੀਮਤਾਂ ਵਸੂਲਣ ਵਿਚ ਵੀ ਪਿੱਛੇ ਨਹੀਂ ਹੱਟ ਰਹੇ।
ਵਹਾਟਸਐਪ ਰਾਹੀਂ ਮਿਲੇ ਇਕ ਸੁਨੇਹੇ ਵਿਚ ਲਿਖਿਆ ਹੈ ਕਿ ਕੁਝ ਮੌਕਾਪਰਸਤ ਲੋਕ ਪਾਣੀ ਦੀ ਇਕ ਬੋਤਲ ਬਦਲੇ 200 ਰੁਪਏ, ਬਿਸਕੁਟ ਦਾ ਇਕ ਪੈਕਟ 100 ਰੁਪਏ, ਕਿਸ਼ਤੀ ਰਾਹੀਂ ਪਾਰ ਲੰਘਾਉਣ ਬਦਲੇ ਸੋਨੇ ਦੀ ਇਕ ਵੰਗ, ਨਗਰ ਤੋਂ ਹਵਾਈ ਜਹਾਜ਼ ਅੱਡੇ ਤੀਕ ਦੱਸ ਕਿਲੋਮੀਟਰ ਤੋਂ ਵੀ ਘੱਟ ਦੂਰੀ ਦਾ ਕਾਰ ਰਾਹੀਂ ਕਿਰਾਇਆ 2000 ਰੁਪਏ ਪ੍ਰਤੀ ਵਿਅਕਤੀ ਅਤੇ ਹੋਰ ਬਹੁਟ ਕੁਝ। ਕੁਦਰਤ ਦੀ ਇੰਨੀ ਵੱਡੀ ਤਬਾਹੀ ਤੋਂ ਵੀ ਕੁਝ ਸਵਾਰਥੀ ਅਤੇ ਮੌਕਾਪਰਸਤ ਇਨਸਾਨਾ ਨੇ ਕੋਈ ਸਬਕ ਨਹੀਂ ਲਿਆ ਸਗੋਂ ਘਰੋਂ ਬੇ-ਘਰ ਹੋਏ ਅਤੇ ਬੇਵੱਸ ਲੋਕਾਂ ਨੂੰ ਮੋਟੀ ਕਮਾਈ ਦਾ ਸਾਧਨ ਬਣਾ ਕੇ ਉਨ੍ਹਾ ਦਾ ਵਿੱਤੀ ਸ਼ੋਸ਼ਣ ਕਰ ਰਹੇ ਹਨ ਜਿਵੇਂ ਕਿ ਇਹ ਕਮਾਈ ਉਨ੍ਹਾਂ ਦੇ ਨਾਲ ਕਿਆਮਤ ਤੀਕ ਨਿਭਣੀ ਹੋਵੇ। ਕੀ ਮੌਕਾਪਰਸਤੀ ਦਾ ਇਹ ਆਲਮ ਸਿਵਿਆਂ ਦੀ ਅੱਗ ਨਾਲ ਸਿਕਦੇ ਹੱਥਾਂ ਵਰਗਾ ਨਹੀਂ?


