29 ਸਤੰਬਰ 2014 ਨੂੰ ਵਾਰੇਨ ਐਂਡਰਸਨ ਦੀ ਅਮਰੀਕਾ ਦੇ ਫਲੋਰੀਡਾ ਸੂਬੇ ਦੇ ਗਰੀਨਵਿਚ ਸਥਿਤ ਇੱਕ ਨਰਸਿੰਗ ਹੋਮ ਵਿੱਚ ਮੌਤ ਹੋ ਗਈ। ਪ੍ਰੀਵਾਰ, ਸਰਕਾਰ ਅਤੇ ਸਰਮਾਏਦਾਰਾ ਜਗਤ(ਜਿਹਨਾਂ ਦਾ ਉਹ ਚਹੇਤਾ ਸੀ) ਕਿਸੇ ਨੇ ਵੀ ਉਸਦੀ ਮੌਤ ਦਾ ਢੋਲ ਨਾ ਪਿੱਟਿਆ ਸਗੋਂ ਇਸ ਨੂੰ ਛੁਪਾ ਕੇ ਰੱਖਿਆ। ਉਸ ਦੀ ਮੌਤ ਦੀ ਖ਼ਬਰ ਇੱਕ ਮਹੀਨਾ ਬਾਅਦ ਸਰਕਾਰੀ ਰਿਕਾਰਡ ਦੀ ਪੁਸ਼ਟੀ ਤੋਂ ਬਾਅਦ ਛਾਇਆ ਹੋਈ।ਵਾਰੇਨ ਦੀ ਮੌਤ 92 ਵਰ੍ਹਿਆਂ ਦੀ ਉਮਰ ਭੋਗ ਕੇ ਕੁਦਰਤੀ ਮੌਤ ਮਰਿਆ ਹਾਲਾਂਕਿ ਉਹ ਇਸ ਦਾ ਹੱਕਦਾਰ ਨਹੀਂ ਸੀ। ਆਪਣੀ ‘ਕਰਨੀ’ਦੀ ਵਜ੍ਹਾ ਕਰ ਕੇ ਉਸ ਨੂੰ ਕੁਦਰਤੀ ਮੌਤ ਨਹੀਂ, ਕੁੱਤੇ ਦੀ ਮੌਤ ਮਰਨਾ ਚਾਹੀਦਾ ਸੀ। 25-30 ਸਾਲ ਪਹਿਲਾਂ ਉਸ ਨੂੰ ਮੌਤ ਦੀ ਸਜ਼ਾ ਵਰਗੀ ਸਜ਼ਾ ਮਿਲ ਜਾਣੀ ਚਾਹੀਦੀ ਸੀ ਪਰ ਨਹੀਂ ਮਿਲੀ ਸੀ।
ਵਾਰੇਨ ਐਂਡਰਸਨ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਨਾਮੀ ਅਮਰੀਕਾ ਦੀ ਦਿਓ ਕੱਦ ਕੰਪਨੀ ਦਾ ਚੇਅਰਮੈਨ ਅਤੇ ਸੀ.ਈ.ਓ. ਸੀ ਜਿਸ ਦੇ ਭੁਪਾਲ ਸਥਿਤ ਕੈਮੀਕਲ ਪਲਾਂਟ ਵਿੱਚ ਪੂਰੇ 30 ਸਾਲ ਪਹਿਲਾਂ ‘ਭੁਪਾਲ ਗੈਸ ਕਾਂਡ’ ਨਾਂ ਦਾ ਇੱਕ ਭਿਆਨਕ ਦੁਖਾਂਤ ਵਾਪਰਿਆ ਸੀ। 2 –3 ਦਸੰਬਰ 1984 ਦੀ ਵਿਚਕਾਰਲੀ ਰਾਤ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਦੇ ਰਿਹਾਇਸ਼ੀ ਇਲਾਕੇ ’ਚ ਸਥਿਤ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਦੇ ਕੈਮੀਕਲ ਪਲਾਂਟ ਜਿਸ ਵਿੱਚ ਕੈਮੀਕਲ ਬਣਾਏ ਜਾਂਦੇ ਸਨ, ਵਿੱਚ ਅਤਿ ਜ਼ਹਿਰੀਲੀ ਮੀਥਾਈਲ ਆਈਸੋਸਾਇਨੇਟ ਨਾਮੀ ਗੈਸ ਲੀਕ ਹੋ ਗਈ। ਭਾਰੀ ਮਾਤਰਾ (40 ਟਨ) ਵਿੱਚ ਲੀਕ ਹੋਈ ਇਸ ਜ਼ਹਿਰੀਲੀ ਗੈਸ ਨੇ ਪਲਾਂ ਵਿੱਚ ਹੀ ਸੁੱਤੇ ਪਏ ਹਜ਼ਾਰਾਂ ਲੱਖਾਂ ਭੋਪਾਲ ਨਿਵਾਸੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਭੋਪਾਲ ਦੀਆਂ ਗਲੀਆਂ ’ਚ ਮੌਤ ਦਾ ਨੰਗਾ ਨਾਚ ਹੋਇਆ। ਬਹੁਤ ਸਾਰੇ ਲੋਕ ਸੁੱਤੇ ਰਹਿ ਗਏ। ਹਜ਼ਾਰਾਂ ਲੋਕ ਸੜਕਾਂ ’ਤੇ ਭੱਜ ਤੁਰੇ। ਭੱਜਣ ਵਾਲਿਆਂ ਚੋਂ ਵੀ ਹਜ਼ਾਰਾਂ ਨੂੰ ਮੌਤ ਨੇ ਘੇਰ ਲਿਆ। ਹਰ ਪਾਸੇ ਕਾਂਵਾਂ ਰੌਲ਼ੀ ਮੱਚੀ ਸੀ। ਹਸਪਤਾਲ ਦਮ ਘੁਟਦੇ, ਅੱਖਾਂ ਮੱਚਦੀਆਂ ਵਾਲੇ ਮਰੀਜ਼ਾਂ ਨਾਲ ਭਰ ਗਏ। ਹਸਪਤਾਲ ਦੇ ਡਾਕਟਰਾਂ ਨੂੰ ਨਾ ਗੈਸ ਦਂਾ ਪਤਾ ਸੀ, ਨਾ ਗੈੋਸ ਦੇ ਅਸਰਾਂ ਦਾ, ਨਾ ਇਲਾਜ ਦਾ ਅਤੇ ਨਾ ਉਹਨਾ ਕੋਲ ਇਲਾਜ ਦਾ ਕੋਈ ਸਾਮਾਨ ਸੀ। ਦਿਨ ਚੜ੍ਹਨ ਤੋਂ ਪਹਿਲਾਂ 4000 ਦੇ ਕਰੀਬ ਲੋਕ(ਬੱਚੇ, ਬੁੱਢੇ, ਔਰਤਾਂ, ਜਵਾਨ) ਲਾਸ਼ਾਂ ’ਚ ਬਦਲ ਚੁੱਕੇ ਸਨ। ਮਰਨ ਵਾਲੇ ਤਾਂ ਮਰ ਗਏ ਪਰ ਜਿਊਦਿਆਂ ਨੇ ਹਾਲੇ ਤਿਲ-ਤਿਲ ਮਰਨਾ ਸੀ। ਮਰ-ਮਰ ਕੇ ਜੀਣਾ ਸੀ।ਬਾਅਦ ਦੇ ਅੰਦਾਜ਼ੇ ਦੱਸਦੇ ਹਨ ਕਿ ਭੁਪਾਲ ਗੈਸ ਨੇ 20000 ਲੋਕਾਂ ਨੂੰ ਨਿਗਲ ਲਿਆ ਸੀ ਅਤੇ 5 ਲੱਖ ਤੋਂ ਵਧੇਰੇ ਲੋਕਾਂ ਨੂੰ ਮਰ-ਮਰ ਕੇ ਜੀਣ ਜੋਗੇ ਕਰ ਦਿੱਤਾ ਸੀ। ਜਿਨ੍ਹਾਂ ਦੀਆਂ ਆਉਣ ਵਾਲੀਆਂ ਪੀੜੀਆਂ ਨੇ ਵੀ ਇਸ ਜ਼ਹਿਰੀਲੀ ਗੈਸ ਦੇ ਮਾਰੂ ਅਸਰਾਂ ਨਾਲ ਦੋ ਚਾਰ ਹੋਣਾ ਸੀ। ਲੂਲ੍ਹੇ ਲੰਗੜੇ, ਮੰਦ ਬੁੱਧੀ ਬੱਚਿਆਂ ਦੇ ਰੂਪ ’ਚ ਜੰਮ ਕੇ ਮਰਨਾ ਸੀ।
ਵਾਰੇਨ ਐਂਡਰਸਨ ਭੁਪਾਲ ਗੈਸ ਕਾਂਡ ਦੇ ਮੁੱਖ ਮੁਜ਼ਰਿਮਾਂ ਵਿੱਚੋਂ ਸੱਭ ਤੋਂ ਵੱਡਾ ਮੁਜ਼ਰਿਮ ਸੀ। ਭੁਪਾਲ ਗੈਸ ਕਾਂਡ ਕਿਸੇ ਤਕਨੀਕੀ ਨੁਕਸ ਕਾਰਨ ਵਾਪਰਿਆ ਮਹਿਜ਼ ਹਾਦਸਾ ਨਹੀਂ ਸੀ ਸਗੋਂ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ, ਇਸ ਦੀ ਸਹਿਯੋਗੀ ਯੂਨੀਅਨ ਕਾਰਬਾਈਡ ਇੰਡੀਆ ਲਿਮਟਿਡ ਅਤੇ ਭਾਰਤ ਸਰਕਾਰ ਦੀਆਂ ਮੁਜ਼ਰਮਾਨਾ ਕੁਤਾਹੀਆਂ ਅਤੇ ਮੁਨਾਫ਼ੇ ਦੀ ਹਵਸ ਵਾਲੀਆਂ ਨੀਤੀਆਂ ਦਾ ਸਿੱਟਾ ਸੀ। ਲਾਗਤ ਖ਼ਰਚੇ ਘਟਾਉਣ ਲਈ ਇਸ ਪਲਾਂਟ ਨੂੰ ਦੇਸ਼ ਦੇ ਮੱਧ ਵਿੱਚ ਕਿਸੇ ਸੂਬੇ ਦੀ ਰਾਜਧਾਨੀ ਦੇ ਰਿਹਾਇਸ਼ੀ ਇਲਾਕੇ ’ਚ ਸਥਾਪਿਤ ਕਰਨਾ, ਸਥਾਪਿਤ ਕਰਨ ਦੀ ਇਜਾਜ਼ਤ ਦੇਣਾ, ਪਲਾਂਟ ’ਚ ਵਰਤੀ ਜਾਂਦੀ ਅਤੇ ਬਣਾਈ ਜਾਂਦੀ ਮੀਥਾਈਲ ਆਈਸੋ ਸਾਇਆਨੇਟ ਦੇ ਮਾਰੂ ਅਸਰਾਂ ਬਾਰੇ ਅਤੇ ਉਸਦੇ ਇਲਾਜ ਬਾਰੇ ਮੈਡੀਕਲੀ ਕੋਈ ਜਾਣਕਾਰੀ ਮੁਹੱਈਆ ਨਾ ਹੋਣਾ ਅਤੇ ਵੱਡੇ ਤਕਨੀਕੀ ਨੁਕਸਾਂ ਦੇ ਬਾਅਦ ਵੀ ਪਲਾਂਟ ਨੂੰ ਚਲਦਾ ਰੱਖਣਾ ਆਦਿ ਅਜਿਹੇ ਤੱਥ ਹਨ ਜਿਹੜੇ ਭੋਪਾਲ ਗੈਸ ਕਾਂਡ ਨੂੰ ਮਨੁੱਖੀ ਕਤਲੇਆਮ ਵਜੋਂ ਸਥਾਪਿਤ ਕਰਦੇ ਹਨ ਅਤੇ ਐਂਡਰਸਨ ਸਮੇਤ ਭਾਰਤੀ ਅਤੇ ਅਮਰੀਕੀ ਹਾਕਮਾਂ ਨੂੰ ਮੁਜ਼ਰਿਮਾਂ ਦੀ ਕਤਾਰ ਵਿੱਚ ਖੜ੍ਹਾ ਕਰਦੇ ਹਨ।
ਵਾਰੇਨ ਐਂਡਰਸਨ ਭੋਪਾਲ ਗੈਸ ਕਾਂਡ ਤੋਂ ਚਾਰ ਦਿਨ ਬਾਅਦ ਭਾਰਤ ਆਇਆ। ਮੁਜ਼ਰਿਮਾਂ ਦੀ ਥਾਂ ਉਸ ਨੂੰ ਵੀ.ਆਈ.ਪੀ. ਵਜੋਂ ਸੁਰੱਖਿਆ ਪ੍ਰਦਾਨ ਕਰਕੇ ਭੁਪਾਲ ਦੇ ਆਲੀਸ਼ਾਨ ਗੈੱਸਟ ਹਾਊਸ ਵਿੱਚ ਲਿਆਂਦਾ ਗਿਆ। ਉੱਥੇ ਕੁੱਝ ਹੀ ਮਿੰਟਾਂ ’ਚ ਪੁੱਛਗਿੱਛ ਦੀਆਂ ਕਾਨੂੰਨੀ ਰਸਮਾਂ ਨਿਭਾਈਆਂ ਗਈਆਂ ਅਤੇ ਹਜ਼ਾਰਾਂ ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਨੂੰ 25000ਰੁਪਏ ਦੇ ਜਾਤੀ ਮੁਚੱਲਕੇ ’ਤੇ ਜ਼ਮਾਨਤ ਦੇ ਕੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਵਿਦਾ ਕਰ ਦਿੱਤਾ ਗਿਆ। ਕੇਸ ਚੱਲਦੇ ਰਹੇ, ਪੜਤਾਲ੍ਹਾਂ ਹੁੰਦੀਆਂ ਰਹੀਆਂ, ਲੋਕ ਮੰਗ ਕਰਦੇ ਰਹੇ ਪਰ ਮੁੜ ਐਂਡਰਸਨ ਨਾ ਕਦੇ ਭਾਰਤ ਆਇਆ, ਨਾ ਭਾਰਤ ਸਰਕਾਰ ਨੇ ਆਪਣੇ ਹਜ਼ਾਰਾਂ ਨਾਗਰਿਕਾਂ ਦੇ ਕਾਤਲ ਨੂੰ ਵਾਪਸ ਲਿਆਉਣ ਤੇ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਕੋਈ ਕੋਸ਼ਿਸ਼ ਕੀਤੀ ਅਤੇ ਨਾ ਹੀ ਅਮਰੀਕੀ ਸਰਕਾਰ ਤੋਂ ਉਸ ਨੂੰ ਭਾਰਤ ਹਵਾਲੇ ਕਰਨ ਦੀ ਮੰਗ ਕੀਤੀ।
ਵਾਰੇਨ ਐਂਡਰਸਨ ਦੀ ਮੌਤ ਨਾਲ ਉਨ੍ਹਾਂ ਹਜ਼ਾਰਾਂ/ਲੱਖਾਂ ਇਨਸਾਫ਼ ਪਸੰਦ ਲੋਕਾਂ ਦੇ ਦਿਲਾਂ ਨੂੰ ਡੂੰਘੀ ਸੱਟ ਵੱਜੀ ਹੈ ਜਿਹੜੇ ਮਨੁੱਖਤਾ ਦੇ ਹਤਿਆਰੇ ਨੂੰ ਜ਼ੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਦੇਖਣਾ, ਸਜ਼ਾ ਭੁਗਤਦਾ ਦੇਖਣਾ ਚਾਹੁੰਦੇ ਸਨ।
ਵਾਰੇਨ ਐਂਡਰਸਨ ਸਾਮਰਾਜੀ ਪ੍ਰਬੰਧ ਸਮੇਤ ਸਰਮਾਏ ਦੀ ਕੁੱਲ ਦੁਨੀਆ ਦੇ ਬੇਰਹਿਮ ਤੇ ਮਨੁੱਖਤਾ ਦੋਖੀ ਖ਼ਾਸੇ ਦਾ ਪ੍ਰਤੀਕ ਹੈ। ਸਾਮਰਾਜੀ ਸਰਮਾਏ ਦੇ ਸਾਹਮਣੇ ਪਛੜੇ ਤੇ ਕਮਜ਼ੋਰ ਦੇਸ਼ਾਂ ਦੇ ਹਾਕਮਾਂ ਦੇ ਅਧੀਨਗੀ ਵਾਲੇ ਖ਼ਾਸੇ ਦਾ ਪ੍ਰਤੀਕ ਵੀ ਹੈ। ਜਿਨ੍ਹਾਂ ਨੂੰ ਆਪਣੇ ਨਾਗਰਿਕਾਂ ਦੀ ਜ਼ਿੰਦਗੀ ਨਾਲੋਂ ਸਾਮਰਾਜੀ ਪੂੰਜੀ ਦੀ ਸੁਰੱਖਿਆ ਤੇ ਨਿਵੇਸ਼ ਦੇ ਹਿੱਤ ਵਧੇਰੇ ਪਿਆਰੇ ਹਨ। ਇੱਕ ਹੋਰ ਰੂਪ ’ਚ ਇਸ ਨੂੰ ਅਮਰੀਕਾ ਵੱਲੋਂ ਭਾਰਤ ਵਿੱਚ ਪ੍ਰਮਾਣੂ ਘਟਨਾ ਦੀ ਜਵਾਬ ਦੇਹੀ ਤੋਂ ਝੱਗਾ ਚੁੱਕਣ ਦੇ ਮਾਮਲੇ ’ਚ ਵੀ ਦੇਖਿਆ ਜਾ ਸਕਦਾ ਹੈ। ਐਂਡਰਸਨ ਦਹਾਕਿਆਂ ਤੋਂ ‘ਲਾਲ ਕੁਲੀਨ’ ਵਿਛਾਉਦੇ ਆ ਰਹੇ ਭਾਰਤੀ ਹਾਕਮਾਂ ਵੱਲੋਂ ਵਾਤਾਵਰਨ ਕਾਨੂੰਨਾਂ, ਸਨਅਤੀ ਕਾਨੂੰਨਾਂ ਅਤੇ ਆਪਣੇ ਨਾਗਰਿਕਾਂ ਦੀ ਜਿੰਦਗੀ ਦੀ ਸੁਰੱਖਿਆ ਨਾਲ ਕੀਤੇ ਸਮਝੌਤਿਆਂ ਤੇ ਕਮਾਏ ਧਰੋਹ ਦਾ ਪ੍ਰਤੀਕ ਵੀ ਹੈ।


