ਭਾਰਤ ਦੀ ਅਜਾਦੀ ਦੇ ਸੰਘਰਸ਼ ਦੌਰਾਨ ਸਹੀਦੀ ਦੇਕੇ ਭਗਤ ਸਿੰਘ ਨੇ ਨੌਜਵਾਨਾਂ ਵਿੱਚ ਜੋ ਕਰਾਂਤੀ ਦੀ ਲਹਿਰ ਦੇ ਬੀਜ ਬੀਜੇ ਸਨ ਦੇ ਕਾਰਨ ਹੀ ਅਜਾਦੀ ਦਾ ਸੰਘਰਸ਼ ਮੁਕਾਮ ਤੱਕ ਅੱਪੜ ਸਕਿਆਂ ਸੀ। ਇਸ ਰਾਹ ਨੂੰ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਨੇ ਸਹੀਦੀਆਂ ਪਾਕੇ ਰੁਸਨਾਇਆਂ ਸੀ ਜਿਹਨਾਂ ਵਿੱਚ ਸਹੀਦ ਊਧਮ ਸਿੰਘ,ਸੁਖਦੇਵ , ਚੰਦਰ ਸੇਖਰ ਅਜਾਦ, ਕਰਤਾਰ ਸਿੰਘ ਸਰਾਭਾ ਵਿਸੇਸ ਮੀਲ ਪੱਥਰ ਹਨ। ਭਗਤ ਸਿੰਘ ਇਹਨਾਂ ਵਿੱਚ ਇੱਕ ਵਕਤੀ ਸਹੀਦ ਹੀ ਨਹੀਂ ਸੀ ਸਗੋਂ ਇੱਕ ਵਿਚਾਰਧਾਰਾ ਦਾ ਪੱਥ ਪ੍ਰਦਰਸਕ ਵੀ ਸੀ । ਜਦੋਂ ਅਸੀ ਭਗਤ ਸਿੰਘ ਦੀ ਜੀਵਨ ਯਾਤਰਾ ਬਾਰ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਤਦ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਜੜ ਅਵਸਥਾ ਜਾਂ ਵਿਰਾਮ ਦੀ ਸਥਿਤੀ ਵਿੱਚ ਨਹੀਂ ਆਇਆ। ਹਰ ਸੰਘਰਸ਼ ਦੌਰਾਨ ਉਸਨੇ ਨਵਾਂ ਸਿੱਖਣ ਅਤੇ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਆਪਣੇ ਪਰੀਵਾਰ ਦੇ ਵੱਡਿਆਂ ਤੋਂ ਉਸਨੇ ਦੇਸ਼ ਅਤੇ ਸਮਾਜ ਲਈ ਕੁੱਝ ਕਰਨ ਦਾ ਜਜਬਾ ਲਿਆ। ਇਹਨਾਂ ਜਜਬਿਆਂ ਦੇ ਲਈ ਜਦ ਉਸਨੇ ਨੌਜਵਾਨ ਸਭਾ ਦੇ ਨਾਲ ਜੁੜਕੇ ਸੰਘਰਸ਼ ਕੀਤਾ ਅਤੇ ਕਿਸੇ ਵਕਤ ਜਦ ਉਸਨੂੰ ਇਸ ਸੰਗਠਨ ਤੋਂ ਕਿਸੇ ਕਾਰਨ ਵੱਖ ਕੀਤਾ ਜਾਣ ਲੱਗਿਆ ਸੀ ਤਦ ਭਗਤ ਸਿੰਘ ਨੇ ਹੱਦ ਦਰਜੇ ਦੀ ਹਲੀਮੀ ਨਿਮਰਤਾ ਦਿਖਾਉਦਿਆਂ ਹੋਇਆਂ ਆਪਣੇ ਉਸ ਸੰਗਠਨ ਨਾਲ ਰਹਿਣ ਵਿੱਚ ਹਰ ਹੀਲਾ ਵਰਤਦਿਆ ਸਫਲ ਕੋਸਿਸਾਂ ਕੀਤੀਆਂ। ਵਕਤ ਦੇ ਨਾਲ ਨੌਜਵਾਨ ਭਾਰਤ ਸਭਾ ਦਾ ਚਮਕਦਾ ਸਿਤਾਰਾ ਭਗਤ ਸਿੰਘ ਹੀ ਸਿੱਧ ਹੋਇਆਂ। ਭਗਤ ਸਿੰਘ ਦਾ ਇਹ ਵਰਤਾਰਾ ਸਾਨੂੰ ਸਿਖਾਉਂਦਾਂ ਹੈ ਕਿ ਲੋਕ ਸੰਘਰਸ਼ ਹਮੇਸਾਂ ਸੰਗਠਨਾਂ ਦੇ ਸਹਾਰੇ ਹੀ ਜਿੱਤੇ ਜਾ ਸਕਦੇ ਹਨ। ਉਸ ਵਕਤ ਦੁਨੀਆਂ ਵਿੱਚ ਚੱਲ ਰਹੀ ਸਮਾਜਵਾਦ ਅਤੇ ਤਰਕ ਦੀ ਹਨੇਰੀ ਦਾ ਭਗਤ ਸਿੰਘ ਦੀ ਜ਼ਿੰਦਗੀ ਦੇ ਆਮ ਨੌਜਵਾਨਾਂ ਦੀ ਤਰਾਂ ਪੂਰਾ ਪੂਰਾ ਅਸਰ ਹੋਇਆ ਸੀ ਪਰ ਭਗਤ ਸਿੰਘ ਸਦਾ ਸਿੱਖਣ ਦੀ ਬਿਰਤੀ ਵਾਲਾ ਨੌਜਵਾਨ ਸੀ ਜਿਸ ਨੇ ਕਦੇ ਵੀ ਸਮੇਂ ਦੇ ਨਾਲ ਨਵਾਂ ਸਿੱਖਣ ਤੋਂ ਮੁੱਖ ਨਹੀਂ ਮੋੜਿਆ ਸੀ।
ਵਰਤਮਾਨ ਸਮੇਂ ਦੀਆਂ ਰਾਜਨੀਤਕ ਪਾਰਟੀਆਂ, ਸਮਾਜ ਸੇਵੀ ਅਖਵਾਉਂਦੇ ਲੋਕ, ਧਰਮਾਂ ਦੀ ਆੜ ਵਿੱਚ ਵਪਾਰ ਕਰਨ ਵਾਲੇ ਲੋਕ ਭਾਵੇਂ ਭਗਤ ਸਿੰਘ ਦੀ ਸਖਸੀਅਤ ਨੂੰ ਧੁੰਦਲਾਂ ਕਰਕੇ ਆਪਣੇ ਹਿੱਤਾਂ ਦੀ ਪੂਰਤੀ ਕਰਨ ਲਈ ਸ਼ਹੀਦਾਂ ਦੀ ਕੁਰਬਾਨੀ ਨੂੰ ਮੋਹਰਾ ਬਣਾਕਿ ਵਰਤਣ ਦੀ ਕੋਸ਼ਿਸ਼ ਕਰਦੇ ਹਨ ਪਰ ਭਗਤ ਸਿੰਘ ਦਾ ਹਰ ਰੂਪ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬਣਨ ਵਾਲਿਆਂ ਦਾ ਹੀ ਪੱਖ ਪੂਰਦਾ ਹੈ। ਭਗਤ ਸਿੰਘ ਦੀ ਸਖਸੀਅਤ ਵਿੱਚ ਭਾਰਤੀ ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਦਾ ਰੂਪ ਤਾਂ ਬੋਲਦਾ ਹੀ ਹੈ ਪਰ ਕਿਸੇ ਉਸ ਵਿਚਾਰ ਦੀ ਤਰਜਮਾਨੀ ਨਹੀਂ ਕਰਦਾ ਜਿਸ ਵਿੱਚ ਕੱਟੜਤਾ ਜਾਂ ਨਿੱਜੀ ਹਿੱਤਾਂ ਵਾਲਾ ਵਿਚਾਰ ਪਣਪਦਾ ਹੋਵੇ।
ਅੰਤਲੇ ਦਿਨਾਂ ਵਿੱਚ ਸਿਰ ਸਜਾਈ ਸੋਹਣੀ ਪੱਗ ਪੰਜਾਬੀ ਵਿਰਸੇ ਦੀ ਬਾਤ ਪਾਉਂਦੀ ਹੈ। ਭਗਤ ਸਿੰਘ ਇਨਸਾਨੀਅਤ ਦੇ ਧਰਮ ਦਾ ਮੁਦੱਈ ਹੁੰਦੇ ਹੋਇਆਂ ਧੜਿਆਂ ਦੇ ਧਰਮ ਤੋਂ ਉੱਪਰ ਦੀ ਸੋਚ ਨੂੰ ਪਰਣਾਇਆਂ ਮਨੁੱਖ ਸੀ। ਨੌਜਵਾਨੀ ਦੀ ਉਮਰ ਵਿੱਚ ਹੀ ਉੱਚੀਆਂ ਸੋਚਾਂ ਵਾਲਾ ਪੂਰਨ ਮਨੁੱਖ ਵਾਲੇ ਕਿਰਦਾਰ ਦਾ ਮਾਲਕ ਭਗਤ ਸਿੰਘ ਨੌਜਵਾਨਾਂ ਨੂੰ ਉੱਚੇ ਆਚਰਣ ਨਾਲ ਸੰਘਰਸ਼ ਦਾ ਰਾਹੀ ਬਣਾਉਂਦਾ ਹੈ। ਹਰ ਨੌਜਵਾਨ ਲਈ ਭਗਤ ਸਿੰਘ ਦਾ ਜੀਵਨ ਅਤੇ ਵਿਚਾਰ ਦਰਸਨ ਸਦਾ ਪਰੇਰਣਾ ਸਰੋਤ ਬਣਿਆ ਰਹੇਗਾ।


