ਅਫ਼ਰੀਕਾ ਅਤੇ ਅਮਰੀਕਾ ਦੇ ਲੋਕਾਂ ਨੇ ਗ਼ੁਲਾਮੀ ਹੰਢਾਈ ਹੈ।ਇਹਨਾਂ ਮੁਲਕਾਂ ਵਿਚ ਮਾਲਕ, ਗੁਲਾਮਾਂ ਨੂੰ ਕਾਨੂੰਨੀ ਤੌਰ ‘ਤੇ ਖ਼ਰੀਦ ਅਤੇ ਵੇਚ ਸਕਦੇ ਸਨ।ਮਾਲਕ ਆਪਣੀ ਮਰਜ਼ੀ ਦੇ ਘੰਟੇ ਗ਼ੁਲਾਮਾਂ ਤੋਂ ਕੰਮ ਲੈਂਦਾ ਸੀ ਅਤੇ ਉਹਨਾਂ ਨੂੰ ਸਿਰਫ਼ ਜੀਣ ਜੋਗਾ ਹੀ ਖਾਣ ਲਈ ਦਿੱਤਾ ਜਾਂਦਾ ਸੀ। ਇਸ ਸਥਿਤੀ ਵਿਚ ਉਥੇ ਗ਼ੁਲਾਮ ਔਰਤ ਦੀ ਦਸਾ ਗ਼ੁਲਾਮ ਮਰਦ ਦੇ ਮੁਕਾਬਲੇ ਜ਼ਿਆਦਾ ਤਰਜਯੋਗ ਸੀ, ਕਿਉਂਕਿ ਔਰਤ ਦੀ ਆਰਥਿਕ ਲੁੱਟ ਦੇ ਨਾਲ-ਨਾਲ ਸਰੀਰਕ ਲੁੱਟ ਵੀ ਹੁੰਦੀ ਸੀ।ਭਾਰਤ ਨੇ ਅਜਿਹੀ ਗ਼ੁਲਾਮੀ ਜਾਤੀਵਾਦ ਦੇ ਰੂਪ ‘ਚ ਹੰਢਾਈ ਹੈ। ਦਾਸ-ਦਾਸੀਆਂ ਦੀ ਪ੍ਰਥਾ ਇਥੇ ਵੀ ਰਹੀ ਹੈ ਅਤੇ ਔਰਤ ਨੂੰ ਚੁੱਲੇ-ਚੌਕੇ ਤੱਕ ਅੱਜ ਵੀ ਸੀਮਤ ਕੀਤਾ ਜਾ ਰਿਹਾ ਹੈ। ਹੁਣ ਚੇਤੰਨ ਹੋਰ ਰਹੀ ਨਵੀਂ ਪੀੜ੍ਹੀ ਬੇਖ਼ੌਫ਼ ਆਜ਼ਾਦੀ ਦੀ ਮੰਗ ਕਰ ਰਹੀ ਹੈ।
ਪਿਛਲੇ ਦਿਨੀਂ ‘ਵੋਗ ਇੰਡੀਆ’ ਨਾਮੀ ਅੰਗਰੇਜ਼ੀ ਮੈਗਜ਼ੀਨ ਨੇ ਫ਼ਿਲਮ ਅਦਾਕਾਰ ਦੀਪਿਕਾ ਪਾਡੂਕੋਨ ਦੀ ਇੱਕ ਵੀਡੀਓ ‘ਮਾਈ ਚਵਾਇਸ (ਮੇਰੀ ਪਸੰਦ) ਯੂ-ਟਿਊਬ ਉਪਰ ਰੀਲਿਜ਼ ਕੀਤੀ ਹੈ, ਜਿਸ ਵਿਚ ਦੀਪਿਕਾ ਪਾਡੂਕੋਨ ਔਰਤ ਦੇ ਰਹਿਣ ਸਹਿਣ, ਪਹਿਨਣ-ਹੰਢਾਉਣ ਤੋਂ ਲੈ ਕੇ ਸਰੀਰਕ ਸਬੰਧਾਂ ‘ਚ ਉਸ ਦੀ ਖੁੱਲੀ ਅਜ਼ਾਦੀ ਦੀ ਵਕਾਤਲ ਕਰਦੀ ਹੈ।ਵੀਡੀਓ ਵਿਚ ਉਹ ਕਹਿੰਦੀ ਹੈ ਕਿ, “ਮੇਰਾ ਸਰੀਰ, ਮੇਰਾ ਮਨ, ਮੇਰੀ ਪਸੰਦ, ਸਾਈਜ਼ ਜ਼ੀਰੋ ਜਾਂ ਸਾਈਜ਼ 50, ਮੇਰੀ ਪਸੰਦ…. ਵਿਆਹ ਕਰਵਾਉਣਾ ਜਾਂ ਨਾ ਕਰਵਾਉਣਾ ਮੇਰੀ ਪਸੰਦ, ਵਿਆਹ ਤੋਂ ਪਹਿਲਾ ਸੈਕਸ ਕਰਨ ਜਾਂ ਵਿਆਹ ਤੋਂ ਬਾਅਦ ਬਾਹਰ ਸੈਕਸ ਕਰਨਾ ਜਾ ਸੈਕਸ ਨਾ ਕਰਨਾ ਵੀ ਮੇਰੀ ਪਸੰਦ…ਕਿਸੇ ਮਰਦ ਨੂੰ ਪਿਆਰ ਕਰਨਾ ਜਾਂ ਕਿਸੇ ਔਰਤ ਨੂੰ ਪਿਆਰ ਕਰਨ ਜਾਂ ਦੋਵਾਂ ਨੂੰ.. ਮੇਰੀ ਪਸੰਦ…”

ਬੇਸ਼ੱਕ ਮਰਦ-ਔਰਤ ਦੋਵਾਂ ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈਣ ਅਤੇ ਆਪਣੇ ਢੰਗ ਨਾਲ ਜ਼ਿੰਦਗੀ ਜੀਣ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ, ਪਰ ਜੋ ਗੱਲਾਂ ਜਾਂ ਮੰਗਾਂ ਰੱਖੀਆ ਜਾ ਰਹੀਆਂ ਨੇ ਕੀ ਉਹ ਨਿੱਜਵਾਦ ‘ਚੋਂ ਪੈਦਾ ਹੋਏ ਉਚ ਮੱਧ ਵਰਗੀ ਸਵਾਦਾਂ ਦੀ ਗੱਲ ਨਹੀਂ ਹੈ? ਇਸ ਪੂਰੇ ਦ੍ਰਿਸ਼ ਵਿਚ ਜ਼ਿੰਮੇਵਾਰੀ ਕਿਤੇ ਵੀ ਦਿਖਾਈ ਨਹੀਂ ਦਿੰਦੀ, ਨਾ ਸਾਥੀ ਪ੍ਰਤੀ ਅਤੇ ਨਾ ਹੀ ਸਮਾਜ ਪ੍ਰਤੀ। ਸਾਡੇ ਮੁਲਕ ਵਿਚ ਜਿੱਥੇ ਔਰਤਾਂ ਦੀ ਸਾਰੀ-ਸਾਰੀ ਜ਼ਿੰਦਗੀ ਚੁੱਲਾ ਚੌਕਾ ਕਰਦਿਆਂ ਲੰਘ ਜਾਂਦੀ ਹੈ ਅਤੇ ਮੁੰਡਾ ਜੰਮਣਾ ਨੈਤਿਕ-ਸਮਾਜਿਕ ਫ਼ਰਜ਼ ਮੰਨਿਆਂ ਜਾਂਦਾ ਹੈ ਉਥੇ ਇਸ ਵੀਡੀਓ ਵਿਚ “ਬੱਚਾ ਜੰਮਣਾ ਜਾਂ ਨਾ ਜੰਮਣਾ” ਸਿਰਫ ਪਸੰਦ ਵਿਚ ਰੱਖ ਦਿੱਤਾ ਗਿਆ ਹੈ, ਜੋ ਐਨਾ ਸਧਾਰਨ ਮੁੱਦਾ ਨਹੀਂ।ਇਥੇ ਔਰਤਾਂ ਬੱਚਾ ਨਾ ਹੋਣ ਦੀ ਹਾਲਤ ਵਿਚ 40-45 ਸਾਲ ਦੀ ਉਮਰ ਤੱਕ ਡਾਕਟਰਾਂ ਜਾਂ ਸਾਧਾਂ ਦੇ ਡੇਰਿਆਂ ਉਪਰ ਚੱਕਰ ਲਗਾਉਂਦੀਆਂ ਰਹਿੰਦੀਆਂ ਹਨ। ਧਾਰਮਿਕ ਕੱਟੜਪੰਥੀ ਤਾਂ ਉਂਝ ਹੀ ਔਰਤਾਂ ਨੂੰ ਬੱਚੇ ਪੈਦਾ ਕਰਨ ਦੀ ਮਸ਼ੀਨ ਸਮਝਦੇ ਹਨ। ਬੀ.ਜੇ.ਪੀ. ਦੇ ਸਾਂਸਦ ਸਾਕਸ਼ੀ ਮਹਾਰਾਜ ਦੇ ਇੱਕ ਰੈਲੀ ਵਿਚ ਬੋਲਦਿਆਂ ਕਿਹਾ ਸੀ ਕਿ ‘ਹਰੇਕ ਹਿੰਦੂ ਔਰਤ ਨੂੰ ਧਰਮ ਦੀ ਰੱਖਿਆ ਲਈ ਘੱਟੋ-ਘੱਟ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ।’
ਸਾਡੇ ਮਰਦ ਪ੍ਰਧਾਨ ਦੇਸ਼ ਵਿਚ ਜਦੋਂ ਕੋਈ ਕੁੜੀ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਦੀ ਗੱਲ ਕਰਦੀ ਹੈ ਤਾਂ ਫੌਕੀ ਅਣਖ ਖਾਤਰ ਜਾਂ ਅਣਖ ਦੇ ਨਾਂ ਉਪਰ ਕਤਲ ਕਰ ਦਿੱਤੇ ਜਾਂਦੇ ਹਨ। ਇਸ ਵੀਡੀਓ ਵਿਚ ਮਰਜ਼ੀ ਨਾਲ ਵਿਆਹ ਕਰਵਾਉਣ ਜਾਂ ਨਾ ਕਰਵਾਉਣ ਦੀ ਗੱਲ ਤਾਂ ਆਖੀ ਜਾ ਰਹੀ ਹੈ ਪਰ ਜਾਤ ਤੇ ਜਮਾਤ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਆਉਂਦਾ। ਵਿਆਹ ਵਰਗੇ ਰਿਸ਼ਤੇ ਇਸ ਮੁਲਕ ਵਿਚ ਜਾਤ ਅਤੇ ਜਮਾਤ ਨਾਲ ਤੈਅ ਹੁੰਦੇ ਹਨ । ਅੰਤਰ ਜਾਤੀ ਵਿਆਹ ਕਰਵਾਉਣ ਨਾਲ ਜਦੋਂ ਜਾਤ-ਪਾਤ ਦੇ ਢਾਂਚੇ ਉਪਰ ਕਰਾਰੀ ਸੱਟ ਵੱਜਦੀ ਹੈ ਤਾਂ ਵੱਡੇ-ਵੱਡੇ ਸਮਾਜ ਸੁਧਾਰਕਾਂ ਅਤੇ ਨੈਤਿਕਤਾ ਦਾ ਭਾਰ ਚੁੱਕੀ ਫਿਰਨ ਵਾਲਿਆਂ ਨੂੰ ਧਰਮ ਸੰਕਟ ਪੈ ਜਾਂਦਾ ਹੈ। ਜਦੋਂ ਅੰਤਰ ਜਮਾਤ ਜਾਂ ਕਹਿ ਲਵੋਂ ਗਰੀਬ ਅਤੇ ਅਮੀਰ ਕੁੜੀ ਮੁੰਡੇ ਦੇ ਵਿਆਹ ਦੀ ਗੱਲ ਆਉਂਦੀ ਹੈ ਤਾਂ ਹਰ ਇੱਕ ਨੂੰ ਸੁਨਣ ਵਿਚ ਕੁਝ ਅਜੀਬ ਜਿਹਾ ਲੱਗਦਾ ਹੈ।ਕਿਉਂਕਿ ਅੱਜ ਕੱਲ੍ਹ ਪਿਆਰ ਵਿਚ ਵੀ ਜਾਤ ਅਤੇ ਜਮਾਤ ਹੀ ਨਿਰਨਾਇਕ ਤੱਥ ਹੁੰਦੇ ਹਨ।ਦੂਜਾ ਇਸ ਲਈ ਸਮਾਜਿਕ ਕਦਰਾਂ ਕੀਮਤਾਂ ਵਾਲੀ ਕੰਧ ਵੀ ਟੱਪਣੀ ਪੈਂਦੀ ਹੈ, ਜਿਸ ਲਈ ਸਮਝ ਅਤੇ ਦਲੇਰੀ ਦਾ ਹੋਣਾ ਵੀ ਜ਼ਰੂਰੀ ਹੁੰਦਾ ਹੈ।
ਜਿਸ ਦੇਸ ਵਿਚ ਰਾਜ ਕਰ ਰਹੀਆਂ ਪਾਰਟੀਆਂ ਦੇ ਨੇਤਾਵਾਂ ਵਿਚ ਕੁੱਟ ਕੁੱਟ ਕੇ ਨਸਲਵਾਦ, ਜਾਤੀਵਾਦ ਅਤੇ ਜਗੀਰੂ ਵਿਚਾਰ ਭਰੇ ਹੋਣ ਉਥੇ ਇਹ ਉਮੀਦ ਕਰਨੀ ਕਿ ਪਸੰਦ ਦੱਸਣ ਨਾਲ ਇੱਛਾ ਪੂਰੀ ਹੋ ਜਾਵੇਗੀ ‘ਅੱਲੜਪੁਣਾ’ ਹੈ।ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੂੰ ਉਹਨਾਂ ਦੇ ਵਿਦੇਸ਼ੀ ਹੋਣ ਕਰਕੇ ਹਮੇਸ਼ਾ ਹੀ ਨਿਸ਼ਾਨੇ ‘ਤੇ ਰੱਖਿਆ ਜਾਂਦਾ ਹੈ।ਇਸ ਵੀਡੀਓ ਦੇ ਰੀਲੀਜ਼ ਹੋਣ ਤੋਂ ਕੁਝ ਦਿਨ ਬਾਅਦ ਹੀ ਭਾਜਪਾ ਦੇ ਇਕ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਬਿਆਨ ਆਉਂਦਾ ਹੈ ਕਿ, “ਜੇਕਰ ਰਾਜੀਵ ਜੀ ਨੇ ਕਿਸੇ ਨਾਈਜੀਰੀਅਨ ਔਰਤ ਨਾਲ ਵਿਆਹ ਕਰਵਾਇਆ ਹੁੰਦਾ, ਗੋਰੀ ਚਮੜੀ ਨਾ ਹੁੰਦੀ, ਤਾਂ ਕੀ ਕਾਂਗਰਸ ਪਾਰਟੀ ਉਹਨਾਂ ਦੀ ਕਮਾਨ ਸਵੀਕਾਰ ਕਰਦੀ।” ਇੱਕ ਔਰਤ, ਜੋ ਕਿ ਕਾਂਗਰਸ ਪਾਰਟੀ ਦੀ ਪ੍ਰਧਾਨ ਵੀ ਹੈ ਉਸ ਨੂੰ ਵੀ ਨਸਲਵਾਦੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਕਿ ਆਪਣੇ ਇਸ ਬਿਆਨ ਲਈ ਉਹਨਾਂ ਬਾਅਦ ਵਿਚ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਮੁਆਫ਼ੀ ਵੀ ਮੰਗੀ। ਉਹਨਾਂ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਣ ਦੀ ਹਾਲਤ ਵਿਚ ਮੁਆਫੀ ਦੀ ਗੱਲ ਆਖੀ ਹੈ ਨਾ ਕਿ ਨਾਈਜੀਰੀਆ ਵਾਸੀਆਂ ਉਪਰ ਕੀਤੀ ਗਈ ਨਸਲਵਾਦੀ ਟਿੱਪਣੀ ਕਰਕੇ।
‘ਦੀ ਹਿੰਦੂ’ ‘ਚੋਂ
ਬੀ.ਬੀ.ਸੀ. ਨਾਲ ਸਬੰਧਿਤ ਲੇਸਲੀ ਉਦਵਿਨ ਵੱਲੋਂ ਦਿੱਲੀ ਬਲਾਤਕਾਰ ਉਪਰ ਬਣਾਈ ਦਸਤਾਵੇਜ਼ੀ ਫ਼ਿਲਮ ‘ਇੰਡੀਆ’ਜ਼ ਡੌਟਰ’ ‘ਤੇ ਭਾਰਤ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਰਲੀਮੈਂਟ ‘ਚ ਬਿਆਨ ਦਿੱਤਾ ਕਿ, “ਅਸੀਂ ਕਿਸੇ ਵੀ ਸੰਸਥਾ ਨੂੰ ਇਸ ਤਰ੍ਹਾਂ ਦੇ ਮੁੱਦਿਆਂ ਦਾ ਲਾਭ ਉਠਾਣ ਅਤੇ ਕਾਰੋਬਾਰੀ ਮੰਤਵ ਲਈ ਵਰਤਨ ਦੀ ਆਗਿਆ ਨਹੀਂ ਦੇਵਾਂਗੇ।” ਇਹ ਫ਼ਿਲਮ ਸਾਨੂੰ ਸਾਡੇ ਸਮਾਜ ਦਾ ਸ਼ੀਸ਼ਾ ਦਿਖਾਉਂਦੀ ਹੈ।ਸਾਡਾ ਸਮਾਜ ਜੋ ਸੋਚਦਾ ਹੈ ਉਹ ਹੀ ਇੱਕ ਬਲਾਤਕਾਰੀ ਸੋਚਦਾ ਹੈ।ਇਸ ਦਸਤਾਵੇਜੀ ਫ਼ਿਲਮ ਵਿਚ ਦੋਸ਼ੀ ਮੁਕੇਸ਼ ਸਿੰਘ ਕਹਿੰਦਾ ਹੈ ਕਿ, ‘ਕੋਈ ਵੀ ਸ਼ਰੀਫ ਕੁੜੀ ਰਾਤ ਨੂੰ ਨੌ ਵਜੇ ਇਕੱਲੀ ਬਾਹਰ ਨਹੀਂ ਜਾਂਦੀ’ ਅਗੇ ਉਹ ਕਹਿੰਦਾ ਹੈ ਕਿ, “ਉਹ ਤਾਂ ਸਿਰਫ ਉਸ ਨੂੰ ਸਬਕ ਸਿਖਾਉਣਾ ਚਹੁੰਦੇ ਸੀ ਕਿ ਰਾਤ ਨੂੰ ਇੱਕ ਕੁੜੀ ਨੂੰ ਦੋਸਤ ਨਾਲ ਵੀ ਬਹਾਰ ਨਹੀਂ ਨਿਕਣਾ ਚਾਹੀਦਾ।” ਹੁਣ ਜਦੋਂ ਮੁਕੇਸ਼ ਇਹ ਕਹਿ ਰਿਹਾ ਹੈ ਕਿ ਔਰਤਾਂ ਨੂੰ ਰਾਤ ਨੂੰ ਬਾਹਰ ਨਹੀਂ ਨਿੱਕਲਣਾ ਚਾਹੀਦੀ ਅਤੇ ਸਾਡੇ ਸਮਾਜ ਦੇ ਅਲੰਬਰਦਾਰ ਵੀ ਇਹੋ ਕਹਿ ਰਹੇ ਹਨ ਤਾਂ ਦੋਵਾਂ ਵਿਚ ਫਰਕ ਕੀ ਰਹਿ ਜਾਂਦਾ ਹੈ। ਔਰਤਾਂ ਨੂੰ ਸੁਰੱਖਿਆ ਦੇ ਨਾਂ ‘ਤੇ ਅੰਦਰ ਵਾੜ ਦਿੱਤਾ ਜਾਂਦਾ ਹੈ ਜਦਕਿ ਦੀਪਿਕਾ ਦੀ ਵੀਡੀਓ ਦਾ ਕਲਿੰਪ ਕਹਿਦਾ ਹੈ ਕਿ, “ਘਰ ਦੇਰ ਨਾਲ ਆਉਣਾ’ ਮੇਰੀ ਚੋਣ ਹੈ।ਇਸ ਸਮਾਜ ਵਿਚ ਇਹ ਕਿਵੇਂ ਸੰਭਵ ਹੋਵੇ ਜਾਂ ਕਿਸ ਤਰੀਕੇ ਨਾਲ ਐਨੀ ਅਜ਼ਾਦੀ ਹਾਸਿਲ ਕਰਨੀ ਹੈ ਇਸ ਬਾਰੇ ਵੀਡੀਓ ਚੁੱਪ ਹੈ।
ਮੀਡੀਆ ਵਿਚ ‘ਫੈਸ਼ਨ’ ਵੇਚਿਆ ਜਾਂਦਾ ਹੈ।ਗਰੀਬੀ-ਅਮੀਰੀ ਵੀ ਵੇਚੀ ਜਾਂਦੀ ਹੈ, ਸਮਾਜਿਕ ਆਰਥਿਕ ਮੁੱਦੇ ਵੇਚੇ ਜਾਂਦੇ ਹਨ।ਉਹ ਔਰਤ-ਮਰਦ ਦੀਆਂ ਭਾਵਨਾਵਾਂ ਨੂੰ ਵੀ ਮੰਗਾਂ ਅਤੇ ਇਛਾਵਾਂ ਦਾ ਰੂਪ ਦੇ ਕੇ ਵੇਚ ਸਕਦੇ ਹੈ।ਜਿਸ ਦੀ ਇੱਕ ਉਦਾਹਰਨ ਇਸ ਵੀਡੀਓ ਦੇ ਤੁਰੰਤ ਬਾਅਦ ਇਸੇ ਟਾਈਟਲ ਹੇਠ ਆਇਆ ਬ੍ਰੈਟ ਹਾਉਸ ਦਾ ਪੁਰਸ਼ ਤਰਜ਼ਮਾ ਹੈ “ਮਾਈ ਚਵਾਇਸ ਮੇਲ ਵਰਜ਼ਨ”। ਇਸ ਵਿਚ ਕਈ ਮਰਦ ਮਾਡਲ ਆਉਂਦੇ ਹਨ ਅਤੇ ਆਪਣੀ ਆਪਣੀ ਪਸੰਦ ਮੁਤਾਬਕ ਫੈਸਲੇ ਲੈਣ ਦੀ ਵਕਾਲਤ ਕਰਦੇ ਹਨ।ਉਹ ਕਹਿੰਦੇ ਹਨ, “ ਇਹ ਮੇਰਾ ਸਰੀਰ ਹੈ ਇਸ ਲਈ ਇਸ ਨਾਲ ਜੁੜੇ ਫੈਸਲੇ ਵੀ ਮੇਰੇ ਹਨ।……..ਮੈਂ ਪ੍ਰੇਮਿਕਾਵਾਂ ਬਦਲਦਾ ਰਹਾਂ, ਮੇਰੀ ਮਰਜੀ, ਮੇਰਾ ਘਰ, ਮੇਰੀ ਗੱਡੀ ਬਦਲਦੀ ਰਹੇ, ਪਰ ਤੇਰੇ ਪ੍ਰਤੀ ਮੇਰਾ ਪਿਆਰ ਹਮੇਸ਼ਾ ਲਈ ਰਹੇਗਾ।ਮੈਂ ਦੇਰ ਨਾਲ ਘਰ ਆਵਾ ਜਾਂ ਸਵੇਰੇ, ਕੀ ਫਰਕ ਪੈਂਦਾ?” ਇਸ ਤਰ੍ਹਾਂ ਵਿਆਹ, ਪਿਆਰ ਅਤੇ ਜ਼ਿੰਦਗੀ ਦੀ ਹੋਰ ਮੌਜ ਮਸਤੀ ਦੀਆਂ ਗੱਲਾਂ ਪੁਰਸ਼ ਤਰਜਮੇ ਵਿਚ ਵੀ ਕੀਤੀਆਂ ਗਈਆਂ ਹਨ।
ਨੌਜਵਾਨ ਮੁੰਡੇ-ਕੁੜੀਆਂ ਨੂੰ ਨਿੱਜਵਾਦ ਪਰੋਸਿਆ ਜਾ ਰਿਹਾ ਹੈ।ਜ਼ਿੰਦਗੀ ਦਾ ਅਰਥ ਸਿਰਫ਼ ਸਵਾਦ ਲੈਣਾ ਦਿਖਾਇਆ ਜਾ ਰਿਹਾ ਹੈ। ਪਿਆਰ, ਵਿਆਹ, ਬੱਚੇ ਅਤੇ ਗੱਡੀਆਂ ਆਪਣੀ ਮਰਜੀ ਨਾਲ ਮਾਨਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਸਭ ਦੀ ਕਲਪਨਾ ਬਿਨ੍ਹਾਂ ਸਮਾਜ ਤੋਂ ਨਹੀਂ ਕੀਤੀ ਜਾ ਸਕਦੀ? ਜਦੋਂ ਸਾਡੇ ਸਮਾਜ ਦੇ ਬਹੁਤ ਸਾਰੇ ਰੰਗ ਹਨ ਤਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਦੂਜੇ ਧਰਮਾਂ, ਜਾਤਾਂ ਅਤੇ ਜਮਾਤਾਂ ਦੇ ਲੋਕਾਂ ਨਾਲ ਵੀ ਰਿਸ਼ਤੇ ਬਣਾ ਲੈਣੇ ਚਾਹੀਦੇ ਹਨ ਕਿਉਂਕਿ ਉਹ ਵੀ ਗੁਣਵਾਨ ਅਤੇ ਚੰਗੇ ਇਨਸਾਨ ਹੁੰਦੇ ਹਨ ਕੋਈ ਇੱਕ ਸਮੁਦਾਏ ਹੀ ਸਰਵ ਉਚ ਨਹੀਂ ਹੁੰਦਾ।ਜਦੋਂ ਤੱਕ ਇਸ ਮੁਲਕ ਵਿਚ ਉਚ ਨੀਚ, ਜਾਤ-ਪਾਤ, ਨਸਲਵਾਦ ਅਤੇ ਧਾਰਮਿਕ ਕੱਟੜਤਾ ਮੌਜੂਦ ਹੈ ਉਦੋਂ ਤੱਕ ਲਿੰਗ ਸਮਾਨਤਾ ਅਤੇ ਮਨੁੱਖਾਂ ਦੇ ਬਰਾਬਰ ਸਤਿਕਾਰ ਦੀ ਕਲਪਨਾ ਕਿਵੇਂ ਕੀਤੀ ਜਾ ਸਕਦੀ ਹੈ? ਮਨੁੱਖ ਦੇ ਉਸ ਸੁਪਨੇ ਨੂੰ ਸਲਾਮ ਕਰਨਾ ਬਣਦਾ ਹੈ ਜਿਸ ਵਿਚ ਔਰਤ-ਮਰਦ ਬਰਾਬਰ ਹੋਣ ਅਤੇ ਬਿਨ੍ਹਾਂ ਕਿਸੇ ਪਾਬੰਦੀ ਦੇ ਖ਼ੁੱਲ ਕੇ ਜੀਵਨ ਜੀਅ ਸਕਣ ਪਰ ਇਹ ਤਾਂ ਹੀ ਸੰਭਵ ਹੋਵੇਗਾ, ਜੇਕਰ ਆਰਥਿਕ ਅਤੇ ਸਮਾਜਿਕ ਬਰਾਬਰੀ ਹੋਵੇਗੀ।


