ਪੰਜਾਬ ਨੂੰ ਅਕਸਰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਮੌਜਾਂ, ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ। ਯੋਧਿਆਂ, ਸੂਰਮਿਆਂ ਤੇ ਬਹਾਦਰਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਕਦੇ ਵੀ ਪੜ੍ਹੇ-ਲਿਖੇ ਤੇ ਬੌਧਿਕ ਲੋਕਾਂ ਦੀ ਧਰਤੀ ਨਹੀਂ ਕਿਹਾ ਜਾਂਦਾ। ਸਾਡੀ ਸਮਾਜਿਕ ਸਭਿਆਚਾਰਕ ਬਣਤਰ ਤੇ ਸੋਚ ਕੇਵਲ ਖੁਦ ਦੀ ਪ੍ਰਸ਼ੰਸਾ ਤੱਕ ਹੀ ਮਹਿਦੂਦ ਹੋ ਕੇ ਰਹਿ ਗਈ ਹੈ। ਅਸੀਂ ਭਾਵੇਂ ਆਪਣੇ ਪਰਿਵਾਰ ਵਿਚ ਵਿਚਰ ਰਹੇ ਹੋਈਏ ਤੇ ਭਾਵੇਂ ਸਮਾਜ ਤੇ ਸਭਿਆਚਾਰ ਵਿਚ ਖੁਦ ਦੀ ਵਡਿਆਈ ਕਰਨਾ ਪੰਜਾਬੀਆਂ ਦਾ ਅਕਸਰ ਸੁਭਾਅ ਰਿਹਾ ਹੈ। ਮੂਰਖਤਾ ਭਰੇ ਕਾਰਜ ਕਰਨਾ ਸਾਡੀ ਮੁੱਢ ਤੋਂ ਹੀ ਜੀਵਨ-ਸ਼ੈਲੀ ਰਹੀ ਹੈ ਅਤੇ ਆਪਣੀਆਂ ਗਲਤੀਆਂ ਤੇ ਕੋਝੀਆਂ ਮੂਰਖਤਾ ਭਰਪੂਰ ਹਰਕਤਾਂ ਨੂੰ ਅਸੀਂ ਅਕਸਰ ਇਹ ਕਹਿ ਕੇ ਅਖੋਂ ਪਰੋਖੇ ਕਰ ਦਿੰਦੇ ਹਾਂ ਕਿ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ। ਪਰ ਇਥੇ ਇਹ ਸੋਚਣਯੋਗ ਹੈ ਕਿ ਸਾਨੂੰ ਖੁਦ ਦੀ ਤਾਂ ਪਰਵਾਹ ਕਰਨੀ ਚਾਹੀਦੀ ਹੈ। ਅਕਸਰ ਮੂਰਖਤਾ ਭਰੇ ਕਾਰਜ ਕਰਨਾ ਕੋਈ ਬਹਾਦਰੀ ਨਹੀਂ ਹੁੰਦੀ।
ਇਤਿਹਾਸ ਦਾ ਵਿਸ਼ਲੇਸ਼ਣਾਤਮਕ ਅਧਿਐਨ ਦਸਦਾ ਹੈ ਕਿ ਸਾਡਾ ਸਮਾਜ ਲੰਮੇ ਸਮੇਂ ਤੋਂ ਮਨੁੱਖੀ ਭੇਦ ਭਾਵ ਵਿਚ ਹੀ ਵੰਡਿਆ ਰਿਹਾ ਹੈ। ਸਮਾਜਿਕ ਕੁਰੀਤੀਆਂ, ਧਾਰਮਿਕ ਭ੍ਰਿਸ਼ਟਾਚਾਰ ਤੇ ਵੱਡੀਆਂ ਰਾਜਨੀਤਿਕ ਗਲਤੀਆਂ ਹਮੇਸ਼ਾ ਸਾਡੇ ਵਿਕਾਸ ਦੇ ਰਾਹ ਵਿਚ ਰੋੜਾ ਬਣੀਆਂ ਰਹੀਆਂ ਹਨ।
ਪੰਜਾਬ ਦੀ ਉਪਜਾਊ ਧਰਤੀ, ਸੋਹਣਾ ਵਾਤਾਵਰਣ ਤੇ ਚੰਗੀ ਭੂਗੋਲਿਕ ਸਥਿਤੀ ਤੋਂ ਅਸੀਂ ਅੱਜ ਤੱਕ ਬਣਦਾ ਉਸਾਰੂ ਲਾਹਾ ਨਹੀਂ ਲੈ ਸਕੇ। ਜਿਸ ਸਮੇਂ ਵਿਸ਼ਵ ਦੀਆਂ ਹੋਰ ਭਾਸ਼ਾਵਾਂ ਜਰਮਨ, ਗਰੀਕ, ਲੈਟੀਨ, ਫ਼ਰੈਂਚ ਅਤੇ ਅੰਗਰੇਜ਼ੀ ਆਦਿ ਵਿਚ ਉਸਾਰੂ ਸਾਹਿਤ ਲਿਖਿਆ ਜਾ ਰਿਹਾ ਸੀ ਉਸ ਸਮੇਂ ਸਾਡੇ ਇਥੇ ਬਾਬੇ ਨਾਨਕ ਵਰਗੇ ਫਕੀਰ ਲੋਕਾਂ ਨੂੰ ਘਰ ਘਰ ਜਾ ਕੇ ਪਾਖੰਡਬਾਜ਼ੀ ਵਿਚੋਂ ਕੱਢਣ ਲਈ ਯਤਨ ਕਰ ਰਹੇ ਸਨ। ਅਸੀਂ ਅੱਜ ਤੱਕ ਵੀ ਬਾਬੇ ਨਾਨਕ ਵਰਗੀਆਂ ਗਿਣੀਆਂ ਚੁਣੀਆਂ ਹਸਤੀਆਂ ਬਾਰੇ ਮਿੱਥਾਂ ਘੜ ਕੇ ਉਹਨਾਂ ਨੂੰ ਕੇਵਲ ਪੂਜਣ ਦਾ ਪਾਖੰਡ ਕਰਨ ਤੱਕ ਹੀ ਸੀਮਿਤ ਹਾਂ। ਅਸੀਂ ਕਦੇ ਵੀ ਉਹਨਾਂ ਦੇ ਜੀਵਨ ਦਰਸ਼ਨ ਨੂੰ ਸਮਝਣ ਤੇ ਉਸਨੂੰ ਅਗੋਂ ਹੋਰ ਵਿਕਸਿਤ ਕਰਨ ਲਈ ਯਤਨਸ਼ੀਲ ਨਹੀਂ। ਸਾਡੇ ਸਮਾਜ ਤੇ ਸਭਿਆਚਾਰ ਵਿਚ ਇਹ ਧਾਰਮਿਕ ਪਾਖੰਡਬਾਜ਼ੀ ਸ਼ੁਰੂ ਤੋਂ ਹੀ ਭਾਰੂ ਰਹੀ ਹੈ।
ਸਮਾਜ ਵਿਚ ਇਕ ਉਚਾ ਤੇ ਇਕ ਨੀਵਾਂ ਤਬਕਾ ਤਾਂ ਨਿਜੀ ਜਾਇਦਾਦ ਦੇ ਉਤਪੰਨ ਹੋਣ ਨਾਲ ਹੀ ਸ਼ੁਰੂ ਹੋ ਗਿਆ ਸੀ ਉਸਦੇ ਨਾਲ ਹੀ ਮਰਦ ਤੇ ਔਰਤ ਦੇ ਨਾਂ ‘ਤੇ ਪਾੜਾ ਪੈ ਗਿਆ। ਪੂਰਵ ਵੈਦਿਕ ਕਾਲ ਦੌਰਾਨ ਮਰਦ ਨੇ ਖੇਤੀ ਵਿਵਸਥਾ ਤੇ ਘਰ ਤੋਂ ਬਾਹਰ ਦੇ ਸਾਰੇ ਕੰਮ ਆਪਣੇ ਹੱਥਾਂ ਵਿਚ ਲੈ ਲਏ ਤੇ ਔਰਤ ਬੱਚੇ ਪੈਦਾ ਕਰਨ, ਉਹਨਾਂ ਨੂੰ ਸੰਭਾਲਣ ਅਤੇ ਘਰ ਦੇ ਕੰਮਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਜਿਸ ਨਾਲ ਮਰਦ ਪ੍ਰਧਾਨ ਸਮਾਜ ਸਥਾਪਿਤ ਹੋਇਆ। ਇਸ ਤਰ੍ਹਾਂ ਮੁੱਢ ਤੋਂ ਹੀ ਸਾਡੇ ਪਰਿਵਾਰ ਤੇ ਸਮਾਜ ਵਿਚ ਸੂਖ਼ਮ ਤੇ ਮੂਰਖਤਾ ਭਰਪੂਰ ਰਾਜਨੀਤੀ ਚਲਦੀ ਰਹੀ ਹੈ। ਵੇਦਾਂ ਪਿਛੋਂ ਰਚੇ ਗਏ ਬ੍ਰਾਹਮਣ ਗ੍ਰੰਥਾਂ ਵਿਚ ਔਰਤ ਮੁਕਾਬਲੇ ਪੁਰਸ਼ ਤੇ ਸ਼ੂਦਰ ਮੁਕਾਬਲੇ ਬ੍ਰਾਹਮਣ ਦੀ ਪ੍ਰਭੂਸਤਾ ਬਣੀ ਰਹੀ ਹੈ। ਆਦਿ ਕਾਲ ਦੀ ਜੀਵਨ-ਸ਼ੈਲੀ ਅਤੇ ਪੰਜਾਬੀ ਸਾਹਿਤ ਵਿਚ ਔਰਤ ਅਤੇ ਸ਼ੂਦਰ ਦੀ ਸਥਿਤੀ ਤਰਸਯੋਗ ਹੀ ਰਹੀ ਹੈ। ਨਾਥ ਜੋਗੀਆਂ ਨੇ ਤਾਂ ਔਰਤ ਨੂੰ “ਬਾਘਣ” ਤੱਕ ਕਹਿ ਦਿੱਤਾ।
15ਵੀਂ ਸਦੀ ਤੱਕ ਪਹੁੰਚਦਿਆਂ ਸਾਡੇ ਸਮਾਜ ਵਿਚ ਲੁੱਟ-ਖਸੁੱਟ, ਅਗਿਆਨਤਾ, ਸਮਾਜਿਕ ਕੁਰੀਤੀਆਂ, ਜਾਤ ਪਾਤ, ਅਮੀਰੀ ਗਰੀਬੀ ਦਾ ਪਾੜਾ ਇੰਨ੍ਹਾਂ ਜ਼ਿਆਦਾ ਵਧ ਗਿਆ ਕਿ ਸਾਧਾਰਣ ਮਨੁੱਖ ਲਈ ਜੀਣਾ ਮੁਸ਼ਕਿਲ ਹੋ ਗਿਆ। ਗੁਰੂ ਨਾਨਕ ਸਾਹਿਬ ਜੋ ਇਸ ਸਥਿਤੀ ਨੂੰ ਸਮਝਦੇ ਸਨ ਨੇ ਲੋਕਾਂ ਨੂੰ ਧਾਰਮਿਕ ਸੇਧ ਦੇਣ, ਸਮਾਜਿਕ ਕੁਰੀਤੀਆਂ ਤੋਂ ਬਚਣ ਦੇ ਨਾਲ ਨਾਲ ਬਾਬਰ ਦੀਆਂ ਰਾਜਨੀਤਿਕ ਚਾਲਾਂ ਤੋਂ ਵੀ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ। ਨਾਨਕ ਸਾਹਿਬ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਭਾਵੇਂ ਸਾਡੇ ਸਮਾਜ ਉਪਰ ਡੂੰਘਾ ਪ੍ਰਭਾਵ ਪਿਆ ਪਰੰਤੂ ਸਾਡੀ ਕਮਜੋਰ ਮਾਨਸਿਕਤਾ ਹਾਲਿ ਵੀ ਪੂਰੀ ਤਰ੍ਹਾਂ ਚੇਤੰਨ ਨਹੀਂ ਹੋ ਸਕੀ।
ਮਹਾਰਾਜਾ ਰਣਜੀਤ ਸਿੰਘ ਦੇ ਲੋਕ ਪੱਖੀ ਹੋਣ ਦੇ ਬਾਵਜੂਦ ਵੀ ਉਹ ਅੰਗਰੇਜ਼ੀ ਸ਼ਾਸਨ ਦੀਆਂ ਚਾਲਾਂ ਅੱਗੇ ਟਿਕ ਨਾ ਸਕਿਆ। ਇਥੇ ਇਕੱਲੀ ਬਹਾਦਰੀ ਨੇ ਸਾਥ ਨਾ ਦਿਤਾ ਸਗੋਂ ਅੰਗਰੇਜ਼ਾਂ ਦੀ ਫੁੱਟ ਪਾਓ ਤੇ ਰਾਜ ਕਰੋ ਨੀਤੀ ਕਾਮਯਾਬ ਸਿੱਧ ਹੋਈ। ਅੰਗਰੇਜ਼ੀ ਹਕੂਮਤ ਦਾ ਸਾਡੀ ਧਰਤੀ ਉਪਰ ਕਾਬਜ਼ ਹੋਣਾ ਵੀ ਸਾਡੀ ਬੌਧਿਕ ਕਮਜ਼ੋਰੀ ਦਾ ਹੀ ਨਤੀਜਾ ਸੀ ਕਿ ਅਸੀਂ ਆਪਣੇ ਰਾਜ ਪ੍ਰਬੰਧ ਨੂੰ ਦੂਰ-ਅੰਦੇਸ਼ੀ ਨਜ਼ਰੀਏ ਤੇ ਸਿਆਣਪ ਨਾਲ ਨਹੀਂ ਚਲਾ ਸਕੇ। ਪਹਿਲਾਂ ਈਸਟ ਇੰਡੀਆ ਕੰਪਨੀ ਤੇ ਫੇਰ ਸਿੱਧੇ ਅੰਗਰੇਜ਼ੀ ਰਾਜ ਦੇ ਦਖਲ ਵਿਚ ਵੀ ਬਹੁਤੇ ਘਰੇਲੂ ਲੋਕ ਹੀ ਉਹਨਾਂ ਦੇ ਪਿੱਠੂ ਬਣੇ ਰਹੇ ਜਿਸ ਤਹਿਤ ਅੰਗਰੇਜ਼ੀ ਸਾਮਰਾਜ ਚਲਦਾ ਰਿਹਾ। ਇਸ ਤਰ੍ਹਾਂ ਅੰਦਰੂਨੀ ਤੇ ਵਿਦੇਸ਼ੀ ਹਾਕਮ ਸਧਾਰਨ ਲੋਕਾਂ ਦਾ ਖ਼ੂਨ ਚੂਸਦੇ ਰਹੇ।
ਅੰਗਰੇਜ਼ੀ ਰਾਜ ਦੇ ਨੁਕਸਾਨ ਨੂੰ ਸਭ ਤੋਂ ਪਹਿਲਾਂ ਬੰਗਾਲੀਆਂ ਨੇ ਪਛਾਣਿਆ ਤੇ ਤਰੀਕੇ ਨਾਲ ਆਪਣੀ ਲੜਾਈ ਸ਼ੁਰੂ ਕੀਤੀ। ਬੰਗਾਲੀ ਲੋਕਾਂ ਵਿਚ ਪੰਜਾਬੀਆਂ ਨਾਲੋਂ ਸ਼ਾਖ਼ਰਤਾ ਤੇ ਚੇਤਨਾ ਵਧੇਰੇ ਸੀ। ਇਸ ਚੇਤਨਾ ਦਾ ਪਾਸਾਰ ਪੰਜਾਬ ਵਿਚ ਸੀਮਿਤ ਲੋਕਾਂ ਤੱਕ ਹੌਲੀ ਹੌਲੀ ਹੋਣਾ ਸ਼ੁਰੂ ਹੋਇਆ। ਅੰਗਰੇਜ਼ੀ ਹਕੂਮਤ ਖ਼ਿਲਾਫ਼ ਸਾਡੀ ਲੜਾਈ ਫੇਰ ਵੀ ਕਦੇ ਨੀਤੀਬੱਧ ਤਰੀਕੇ ਨਾਲ ਨਹੀਂ ਚਲ ਸਕੀ। ਗੱਦਾਰਾਂ, ਗੈਰ-ਚੇਤੰਨ ਤੇ ਅਨਪੜ੍ਹ ਲੋਕਾਂ ਨੇ ਹਮੇਸ਼ਾ ਸਾਡੀ ਆਜ਼ਾਦੀ ਲਹਿਰ ਨੂੰ ਪਿਛੇ ਖਿੱਚਿਆ ਜਿਸ ਕਰਕੇ ਸਾਡੇ ਬਹੁਤ ਸਾਰੇ ਸੂਰਮਿਆਂ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਕਰਤਾਰ ਸਿੰਘ ਸਰਾਭਾ ਆਦਿ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ। ਇਹਨਾਂ ਲੋਕਾਂ ਦੀ ਸ਼ਹੀਦੀ ਸਾਡੀ ਸਮਾਜਿਕ ਤੇ ਰਾਜਨੀਤਿਕ ਬੌਧਿਕ ਕੰਗਾਲੀ ਦਾ ਹੀ ਨਤੀਜਾ ਰਹੀ ਹੈ ਤੇ ਸਾਡੇ ਵਿਚ ਅੰਗਰੇਜ਼ੀ ਸਰਕਾਰ ਦੇ ਪਿੱਠੂ ਹਮੇਸ਼ਾ ਸਾਡੇ ਲਈ ਖਤਰਾ ਬਣੇ ਰਹੇ। ਆਜ਼ਾਦੀ ਮਿਲੀ ਪਰ ਉਹ ਵੀ ਲੂਲ੍ਹੀ ਲੰਗੜੀ ਤੇ ਅਧੂਰੀ ਅਤੇ ਪੰਜਾਬ ਦੇ ਤਾਂ ਸਿੱਧੇ ਹੀ ਦੋ ਟੋਟੇ ਕਰ ਦਿਤੇ ਗਏ। ਧਰਤੀ ਵੰਡੀ ਗਈ, ਪਾਣੀ ਵੰਡਿਆ ਗਿਆ ਤੇ ਲੋਕ ਵੰਡੇ ਗਏ। ਇਹੋ 1966 ਵਿਚ ਆਧੁਨਿਕੀਕਰਣ ਦੇ ਨਾਂ ਹੇਠ ਭਾਰਤ ਸਰਕਾਰ ਨੇ ਕੀਤਾ, ਸੂਬੇ ਦੀ ਫੇਰ ਕਾਂਟ ਛਾਂਟ ਕਰ ਦਿਤੀ ਗਈ।
ਸੰਵਿਧਾਨ ਅਨੁਸਾਰ ਭਾਵੇਂ ਸਾਡਾ ਦੇਸ਼ ਇਕ ਧਰਮ ਨਿਰਪੱਖ ਦੇਸ਼ ਹੈ ਪਰ ਇਥੇ ਧਰਮ ਦੇ ਨਾਂ ‘ਤੇ ਚਲਦੀ ਰਾਜਨੀਤੀ ਨੇ ਆਮ ਆਦਮੀ ਨੂੰ ਅਕਸਰ ਆਪਣਾ ਨਿਸ਼ਾਨਾ ਬਣਾਇਆ ਹੈ। ਰਾਸ਼ਟਰੀ ਪੱਧਰ ਦੀਆਂ ਪ੍ਰਮੁੱਖ ਪਾਰਟੀਆਂ ਨੇ ਹਮੇਸ਼ਾ ਧਾਰਮਿਕ ਪੱਖਪਾਤ ਨੂੰ ਪ੍ਰਮੁਖਤਾ ਦਿਤੀ ਹੈ ਤੇ ਆਪਣੀਆਂ ਰੋਟੀਆਂ ਸੇਕੀਆਂ ਹਨ। ਸਮੇਂ ਦੀਆਂ ਸਰਕਾਰਾਂ ਨੇ ਉਤਰ-ਆਧੁਨਿਕਤਾ ਦੇ ਨਾਂ ਤੇ ਭਾਰਤ ਵਿਚ ਨਵ-ਉਦਾਰਵਾਦ ਤਹਿਤ ਨਿਜੀ ਸਰਮਾਏਦਾਰੀ ਤੇ ਬਹੁਕੌਮੀ ਕੰਪਨੀਆਂ ਨੂੰ ਭਾਰਤ ਦੀ ਖੁਲ੍ਹੀ ਲੁੱਟ ਦਾ ਸੱਦਾ ਦਿਤਾ ਹੈ। ਦੂਜੇ ਪਾਸੇ ਸ਼ਰੇਆਮ ਧਾਰਮਿਕ ਬਹੁ-ਗਿਣਤੀ ਦਾ ਪੱਖ ਪੂਰਿਆ ਹੈ। ਬਹੁਤ ਸਾਰੀਆਂ ਮੋਹਰੀ ਖੇਤਰੀ ਪਾਰਟੀਆਂ ਦਾ ਸੰਗਠਨ ਵੀ ਖਾਸ ਧਾਰਮਿਕ ਫਿਰਕਿਆਂ ਨਾਲ ਜੋੜ ਕੇ ਕੀਤਾ ਗਿਆ ਹੈ। ਪਰੰਤੂ ਜੇਕਰ ਧਿਆਨ ਨਾਲ ਪੜਚੋਲ ਕਰੀਏ ਤਾਂ ਏਦਾਂ ਦੀਆਂ ਰਾਜਸੀ ਪਾਰਟੀਆਂ ਨੇ ਹਮੇਸ਼ਾ ਆਪਣਾ ਉੱਲੂ ਸਿੱਧਾ ਕਰਨ ਤੋਂ ਬਿਨਾਂ ਕਿਸੇ ਦਾ ਕੁਝ ਨਹੀਂ ਸੰਵਾਰਿਆ। ਵਖ ਵਖ ਰੂਪਾਂ ਵਿਚ ਹਰੇਕ ਪਾਰਟੀ ਨੇ ਸਧਾਰਨ ਲੋਕਾਂ ਵਿਚ ਧਾਰਮਿਕ ਵਖਵਾਦ ਪੈਦਾ ਕੀਤਾ ਹੈ, ਉਹਨਾਂ ਨੂੰ ਵੰਡਿਆ ਹੈ ਤੇ ਲੁੱਟਿਆ ਹੈ। ਸੀਮਿਤ ਬੁੱਧੀ ਵਾਲੇ ਲੋਕ ਇਹਨਾਂ ਮਸਲਿਆਂ ਵਿਚ ਹੀ ਉਲਝ ਕੇ ਰਹਿ ਗਏ ਜਦਕਿ ਸਮੇਂ ਦੀਆਂ ਸਰਕਾਰਾਂ ਸਾਨੂੰ ਸਰਮਾਏਦਾਰਾਂ ਤੇ ਅੰਤਰਰਾਸ਼ਟਰੀ ਕੰਪਨੀਆਂ ਨੂੰ ਵੇਚਦੀਆਂ ਰਹੀਆਂ ਹਨ।
ਵਧ ਫਸਲੀ ਝਾੜ ਲੈਣ ਲਈ ਹਮੇਸ਼ਾ ਕਿਸਾਨਾਂ ਨੂੰ ਮਾਰੂ ਦਵਾਈਆਂ ਦੀ ਖੇਤਾਂ ਵਿਚ ਵਰਤੋਂ ਕਰਨ ਲਈ ਉਕਸਾਇਆ ਗਿਆ ਜਿਹਨਾਂ ਨੇ ਸਾਡੀ ਜ਼ਮੀਨ ਦੀ ਕੁਦਰਤੀ ਉਪਜਾਊ ਸ਼ਕਤੀ ਨੂੰ ਖ਼ਤਮ ਕਰ ਦਿਤਾ। ਭਾਰੀ ਮਾਤਰਾ ਵਿਚ ਭੋਂ, ਪਾਣੀ ਤੇ ਹਵਾ ਪ੍ਰਦੂਸ਼ਣ ਫੈਲਿਆ। ਪੈਦਾ ਹੋਣ ਵਾਲਾ ਅਨਾਜ ਜ਼ਹਿਰੀਲਾ ਹੋ ਗਿਆ। ਕਿਸਾਨਾਂ ਨੂੰ ਕਦੇ ਉਸਾਰੂ ਸਿੱਖਿਆ ਨਹੀਂ ਦਿਤੀ ਗਈ। ਕਣਕ ਤੇ ਝੋਨੇ ਦੇ ਚੱਕਰਾਂ ਵਿਚ ਉਲਝੇ ਕਿਸਾਨ ਨੇ ਧਰਤੀ ਤਬਾਹ ਕਰ ਦਿਤੀ। ਉਪਰੋਂ ਨਾੜ ਸਾੜਣ ਲਈ ਲਗਾਈਆਂ ਜਾਂਦੀਆਂ ਅੱਗਾਂ ਨੇ ਮਨੁੱਖੀ ਜੀਵਨ ਨੂੰ ਘੋਰ ਮਾੜਾ ਬਣਾ ਦਿਤਾ। ਕੀ ਖੇਤਾਂ ਵਿਚੋਂ ਉਡਦਾ ਧੂਆਂ ਕਿਸੇ ਪ੍ਰਸ਼ਾਸਕੀ ਅਧਿਕਾਰੀ ਜਾਂ ਵਜੀਰਾਂ ਨੂੰ ਨਹੀਂ ਦਿਸਦਾ?
ਸਿੱਖਿਆ ਦੇ ਖੇਤਰ ਵਿਚ ਲਗਭਗ ਸਾਰਾ ਅਮਲਾ ਠੇਕੇ ਵਾਲੀ ਪ੍ਰਣਾਲੀ ਅਧੀਨ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਿਹਾ ਹੈ। ਕਈ ਕਈ ਮਹੀਨੇ ਤਨਖਾਹਾਂ ਨਹੀਂ ਮਿਲਦੀਆਂ। ਹਰ ਤਰ੍ਹਾਂ ਦਾ ਮੁਲਾਜਮ ਆਪਣੀਆਂ ਮੰਗਾਂ ਲਈ ਸੜਕਾਂ ‘ਤੇ ਆਉਣ ਲਈ ਮਜ਼ਬੂਰ ਹੈ ਤੇ ਨਤੀਜੇ ਵਜੋਂ ਨਿੱਤ ਪੁਲਿਸ ਦੀ ਕੁੱਟ ਦਾ ਸ਼ਿਕਾਰ ਹੋ ਰਿਹਾ ਹੈ। ਭਾਵੇਂ ਅੱਜ ਹਰ ਗਲੀ ਦੀ ਨੁੱਕਰ ‘ਤੇ ਸਕੂਲ ਖੁੱਲ੍ਹ ਗਿਆ ਹੈ, ਹਰ ਕਸਬੇ ਵਿਚ ਕਾਲਜ ਹੈ, ਹਰ ਸ਼ਹਿਰ ਵਿਚ ਯੂਨੀਵਰਸਿਟੀ ਹੈ ਪਰ ਇਹਨਾਂ ਵਿਚੋਂ ਕਿੰਨ੍ਹੇ ਕੁ ਅਦਾਰੇ ਸਰਕਾਰੀ ਹਨ=;ਵਸ ਲਗਭਗ ਸਾਰੇ ਹੀ ਨਿਜੀ ਹਨ ਜਿਥੇ ਆਮ ਲੋਕਾਂ ਦੀ ਲੁੱਟ ਹੁੰਦੀ ਹੈ ਤੇ ਸਿੱਖਿਆ ਦੇ ਨਾਂ ‘ਤੇ ਲੋਕਾਂ ਨੂੰ ਮੁੱਲ ਡਿਗਰੀਆਂ ਵੰਡੀਆਂ ਜਾਂਦੀਆਂ ਹਨ। ਭ੍ਰਿਸ਼ਟ ਸਰਕਾਰਾਂ ਨੂੰ ਦੂਹਰਾ ਫ਼ਾਇਦਾ ਇਕ ਤਾਂ ਸਰਕਾਰੀ ਸੇਵਾਵਾਂ ਠੱਪ ਕਰ ਦਿੱਤੀਆਂ ਦੂਜਾ ਇਹਨਾਂ ਨਿਜੀ ਦੁਕਾਨਾਂ ਤੋਂ ਚੰਗਾ ਪੈਸਾ ਮਿਲਦਾ ਰਹਿੰਦਾ ਹੈ। ਬਹੁਤ ਸਾਰੀਆਂ ਸੰਸਥਾਵਾਂ ਤਾਂ ਇਹਨਾਂ ਦੀਆਂ ਹੀ ਨਿਜੀ ਹਨ। ਸਿੱਖਿਆ, ਹਾਂ ਸਿੱਖਿਆ ਇਹ ਕੀ ਹੁੰਦੀ ਹੈ?
ਅਸੀਂ ਆਪਣੇ ਆਪ ਨੂੰ ਬਹੁਤਾ ਅਗਾਂਹਵਧੂ ਹੋਣ ਦੇ ਭੁਲੇਖੇ ਵਿਚ ਵਿਚਰ ਰਹੇ ਹਾਂ। ਇਹ ਮਿੱਥ ਵੀ ਸਾਨੂੰ ਸਾਡੇ ਚਾਰੇ ਪਾਸੇ ਉਸਾਰੀਆਂ ਗਈਆਂ ਹਾਲਤਾਂ ਨੇ ਦਿਤੀ ਹੈ। ਅਸੀਂ ਸਮਝਦੇ ਹਾਂ ਕਿ ਅਸੀਂ ਬਹੁਤ ਸਿੱਖਿਅਤ ਹੋ ਗਏ ਪਰੰਤੂ ਸਾਨੂੰ ਹਾਲਿ ਤੱਕ ਅਸਲ ਹਾਲਾਤਾਂ ਤੇ ਆਪਣੀਆਂ ਸਥਿਤੀਆਂ ਦੀ ਸਮਝ ਨਹੀਂ ਹੈ। ਅਸੀਂ ਉਹ ਹੀ ਕਰਦੇ ਹਾਂ ਜੋ ਸਾਥੋਂ ਕਰਵਾਇਆ ਜਾਂਦਾ ਹੈ, ਅਸੀਂ ਉਹ ਹੀ ਸੋਚਦੇ ਹਾਂ ਜੋ ਸਾਨੂੰ ਸੋਚਣ ਲਾਇਆ ਜਾਂਦਾ ਹੈ ਤੇ ਅਸੀਂ ਓਵੇਂ ਹੀ ਜਿਉਂਦੇ ਹਾਂ ਜਿਵੇਂ ਸਾਨੂੰ ਜਿਉਣ ਲਈ ਪ੍ਰੇਰਿਆ ਜਾਂਦਾ ਹੈ। ਅਸੀਂ ਆਜ਼ਾਦ, ਸਾਡੇ ਆਜ਼ਾਦ ਵਿਚਾਰ, ਇਹ ਤਾਂ ਕਿਤੇ ਵੀ ਨਹੀਂ। ਮੰਡੀ ਅਤੇ ਰਾਜਨੀਤੀ ਦੀ ਮਾਰ ਹੇਠ ਅਸੀਂ ਕੇਵਲ ਲੁੱਟੇ ਜਾਣ ਵਾਲੇ ਲੋਕ ਹਾਂ। ਅਸੀਂ ਉਸ ਹੀ ਕੰਪਨੀ ਦੇ ਕੱਪੜੇ, ਸ਼ੂਜ਼, ਟੂਥ-ਬਰੱਸ਼, ਟੂਥ-ਪੇਸਟ, ਇਥੋਂ ਤੱਕ ਕਿ ਨਮਕ ਆਦਿ ਖਰੀਦਦੇ ਹਾਂ ਜੋ ਸਾਨੂੰ ਮੀਡੀਆ ਰਾਹੀਂ ਖਰੀਦਣ ਲਈ ਪ੍ਰੇਰਿਆ ਜਾਂਦਾ ਹੈ। ਅਸੀਂ ਉਸ ਰਾਜਨੀਤਿਕ ਪਾਰਟੀ ਨੂੰ ਵੋਟਾਂ ਪਾਉਂਦੇ ਹਾਂ ਜੋ ਸਭ ਤੋਂ ਵੱਧ ਝੂਠ ਬੋਲਦੀ ਹੈ ਤੇ ਪ੍ਰਚਾਰ ਕਰਦੀ ਹੈ। ਅਸੀਂ ਆਪਣੇ ਬੱਚਿਆਂ ਨੂੰ ਉਸੇ ਸਕੂਲ, ਕਾਲਜ ਜਾਂ ਯੂਨੀਵਰਸਿਟੀ ਤੇ ਉਸੇ ਕੋਰਸ ਵਿਚ ਦਾਖਲਾ ਦਿਵਾਉਣਾ ਚਾਹੁੰਦੇ ਹਾਂ ਜਿਸਦਾ ਪ੍ਰਚਾਰ ਸਭ ਤੋਂ ਵੱਧ ਹੈ। ਅੰਤ ਅਸੀਂ ਨੌਕਰੀ ਲਈ ਵੀ ਉਸੇ ਕੰਪਨੀ ਨੂੰ ਜੁਆਇੰਨ ਕਰਨ ਲਈ ਤਰਲੋ-ਮੱਛੀ ਹੁੰਦੇ ਹਾਂ। ਇਸ ਤਰ੍ਹਾਂ ਦੀਆਂ ਰੀਤਾਂ ਦੀ ਲਿਸਟ ਬਹੁਤ ਲੰਮੀ ਹੈ। ਫੇਰ ਅਸੀਂ ਬੌਧਿਕ ਪੱਖੋਂ ਆਜ਼ਾਦ ਕਿਵੇਂ ਹੋਏ। ਸਾਡੀ ਤਾਂ ਵਿਚਾਰਧਾਰਾ ਬਣਨ ਦੌਰਾਨ ਹੀ ਗ਼ੁਲਾਮ ਹੋ ਜਾਂਦੀ ਹੈ।
ਅਸੀਂ ਆਪਣੇ ਆਪ ਨੂੰ ਸਮਾਜਿਕ ਤੌਰ ‘ਤੇ ਬੜੇ ਸੁਲਝੇ ਹੋਏ ਤੇ ਚੰਗਾ ਮੰਨ੍ਹਦੇ ਹਾਂ ਪਰ ਸਾਡਾ ਸਮਾਜ ਅੱਜ ਵੀ ਕੁੜੀਮਾਰਾਂ ਦਾ ਸਮਾਜ ਹੈ, ਦਹੇਜ਼ ਪ੍ਰਥਾ, ਅਣਖ ਖਾਤਰ ਕਤਲ, ਜਾਤ ਪਾਤ, ੳੱਚਾ ਨੀਵਾਂ ਮੰਨ੍ਹਣਾ ਆਦਿ ਸਾਡੇ ਆਮ ਵਰਤਾਰੇ ਹਨ। ਰੰਗ, ਜਾਤ ਤੇ ਅਮੀਰੀ ਗਰੀਬੀ ਦੇ ਆਧਾਰ ‘ਤੇ ਸ਼ਰੇਆਮ ਜ਼ਹਿਰੀਲੇ ਸ਼ਬਦ ਬੋਲੇ ਜਾਂਦੇ ਹਨ। ਧਾਰਮਿਕ ਪਾਖੰਡ ਐਨਾ ਹੈ ਕਿ ਧਰਮ (ਜਿਸਦਾ ਸ਼ਬਦੀ ਅਰਥ ਅਨੁਸ਼ਾਸਨ ਹੁੰਦਾ ਹੈ) ਕਿਤੇ ਨਜ਼ਰ ਹੀ ਨਹੀਂ ਆਉਂਦਾ। ਧਰਮ ਦੇ ਨਾਂ ‘ਤੇ ਦੁਕਾਨਦਾਰੀਆਂ ਦੀ ਗਿਣਤੀ ਜ਼ਰੂਰ ਕਾਫ਼ੀ ਹੈ। ਡੇਰਾਵਾਦ ਨੇ ਥਾਂ ਥਾਂ ‘ਤੇ ਪੈਰ ਪਸਾਰੇ ਹੋਏ ਹਨ। ਲੋਕ ਅੱਜ ਵੀ ਪੁੱਛਾ ਲੈਂਦੇ ਹਨ, ਅਖੌਤੀ ਬਾਬਿਆਂ ਨੂੰ ਪੂਜਦੇ ਹਨ ਤੇ ਧਰਮ ਦੇ ਪਾਖੰਡੀ ਠੇਕੇਦਾਰ ਆਪਣੀਆਂ ਰੋਟੀਆਂ ਸੇਕਦੇ ਹਨ। ਬਾਬਿਆਂ ਦੇ ਰਾਜਨੀਤਿਕ ਪਾਰਟੀਆਂ ਤੇ ਸਰਮਾਏਦਾਰਾਂ ਨਾਲ ਸੰਬੰਧ ਆਮ ਜਿਹੀ ਗੱਲ ਹੈ।ਅਸੀਂ ਧਾਰਮਿਕ ਪੁਸਤਕਾਂ ਨੂੰ ਮੱਥਾ ਜ਼ਰੂਰ ਟੇਕਦੇ ਹਾਂ ਪਰ ਕਦੇ ਪੜ੍ਹ ਕੇ ਸਮਝਣ ਤੇ ਅਮਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।
ਡੂੰਘੀਆਂ ਰਾਜਨੀਤਿਕ ਚਾਲਾਂ ਨੇ ਸਾਡੀ ਸੋਚਣ ਸਮਝਣ ਦੀ ਸ਼ਕਤੀ ਨੂੰ ਹਮੇਸ਼ਾ ਕੁਰਾਹੇ ਪਾਇਆ ਹੈ। ਆਜ਼ਾਦੀ ਤੋਂ ਬਾਅਦ ਅਕਸਰ ਦੋ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਸਾਨੂੰ ਲੁੱਟਦੀਆਂ ਰਹੀਆਂ ਹਨ। ਅਸੀਂ ਹਰ ਵਾਰ ਸਾਡੀ ਰਾਜਨੀਤਿਕ ਲੁੱਟ ਨੂੰ ਭੁੱਲ ਜਾਂਦੇ ਹਾਂ ਤੇ ਵੋਟਾਂ ਫੇਰ ਉਹਨਾਂ ਭ੍ਹਿਸ਼ਟਾਚਾਰੀਆਂ ਨੂੰ ਹੀ ਪਾ ਦਿੰਦੇ ਹਾਂ। ਫਰਾਂਸੀਸੀ ਚਿੰਤਕ ਸਲਾਵੋਜ਼ ਜ਼ੀਜ਼ੇਕ ਕਹਿੰਦਾ ਹੈ ਕਿ ਅਸੀਂ ਵਿਚਾਰਧਾਰਕ ਤੌਰ ‘ਤੇ ਇੰਨ੍ਹੇ ਜ਼ਿਆਦਾ ਗ਼ੁਲਾਮ ਹੋ ਚੁੱਕੇ ਹਾਂ ਕਿ ਇਹ ਗ਼ੁਲਾਮੀ ਸਾਡੇ ਵਿਵਹਾਰ ਵਿਚ ਵੀ ਆ ਗਈ ਹੈ। ਅਸੀਂ ਜਾਣਦੇ ਹਾਂ ਕਿ ਫਲਾਣਾ ਰਾਜਨੀਤੀਵਾਨ ਭ੍ਰਿਸ਼ਟ ਹੈ, ਉਹ ਝੂਠੇ ਵਾਅਦੇ ਕਰ ਰਿਹਾ ਹੈ ਅਸੀਂ ਫੇਰ ਵੀ ਉਸਨੂੰ ਸੁਣਦੇ ਹਾਂ, ਫੇਰ ਵੀ ਉਸਨੂੰ ਚੁਣਦੇ ਹਾਂ ਤੇ ਫੇਰ ਜਦੋਂ ਉਹ ਕੰਮ ਨਹੀਂ ਕਰਦਾ ਤਾਂ ਅਸੀਂ ਉਸਨੂੰ ਗਾਲ੍ਹਾਂ ਕਢਦੇ ਹਾਂ। ਫੇਰ ਚੋਣਾਂ ਆਉਂਦੀਆਂ ਹਨ ਤੇ ਫੇਰ ਉਹੀ ਵਰਤਾਰਾ ਵਾਪਰਦਾ ਹੈੈ ਇਸ ਤਰ੍ਹਾਂ ਅਸੀਂ ਆਪਣੀ ਬੌਧਿਕ ਕੰਗਾਲੀ ਉਪਰ ਮੋਹਰ ਲਗਾਉਂਦੇ ਹਾਂ।
ਇਸ ਬੌਧਿਕ ਕੰਗਾਲੀ ਵਿਚੋਂ ਉਭਰਣਾ ਸਾਡੀ ਪਹਿਲੀ ਲੋੜ ਹੈ। ਆਓ ਸਾਡੀਆਂ ਸਮਾਜਿਕ, ਸਭਿਆਚਾਰਕ, ਪਦਾਰਥਕ, ਆਰਥਿਕ, ਰਾਜਨੀਤਿਕ ਤੇ ਇਤਿਹਾਸਕ ਹਾਲਤਾਂ ਦੀ ਪੁਣਛਾਣ ਕਰੀਏ। ਉਹਨਾਂ ਨੂੰ ਸਮਝੀਏ ਤੇ ਉਹਨਾਂ ਨਾਲ ਆਪਣੀ ਹੋਂਦ, ਸਮਝ ਤੇ ਅਸਤਿਤਵੀ ਸੰਬੰਧਾਂ ਨੂੰ ਜਾਣੀਏ ਕਿ ਸ਼ਕਤੀ ਦਾ ਵਰਤਾਰਾ ਕਿਵੇਂ ਸਾਡੀ ਪਹਿਚਾਣ, ਸਮਝ ਤੇ ਸਾਰੀ ਪ੍ਰਣਾਲੀ ਨਾਲ ਰਿਸ਼ਤਿਆਂ ਨੂੰ ਉਸਾਰਦਾ ਹੈ। ਇਸ ਤਰ੍ਹਾਂ ਇਸ ਵਿਸ਼ਲੇਸ਼ਣ ਰਾਹੀਂ ਸਾਨੂੰ ਆਪਣੀ ਔਕਾਤ ਦਾ ਪਤਾ ਚਲਦਾ ਹੈ ਕਿ ਅਸੀਂ ਕਿਥੇ ਖੜ੍ਹੇ ਹਾਂ, ਕਿੰਨ੍ਹੇ ਕੁ ਆਜ਼ਾਦ ਹਾਂ ਤੇ ਕਿੰਨ੍ਹਾ ਕੁਝ ਸਾਡੀ ਮਰਜ਼ੀ ਅਨੁਸਾਰ ਤੇ ਸਾਡੇ ਹੱਕ ਵਿਚ ਹੋ ਰਿਹਾ ਹੈ। ਇਹ ਵੀ ਸਮਝ ਆਉਂਦਾ ਹੈ ਕਿ ਇਸ ਵਰਤਾਰੇ ਵਿਚ ਜੋ ਕੁਝ ਲੋਕ ਪੱਖੀ ਨਹੀਂ ਹੈ, ਉਹ ਕਿਉਂ ਨਹੀਂ ਹੈ ਤੇ ਇਹ ਸਭ ਕਿਵੇਂ ਬਦਲਿਆ ਜਾ ਸਕਦਾ ਹੈ ਅਤੇ ਜਿਸ ਨਾਲ ਇਕ ਉਸਾਰੂ ਬੌਧਿਕ ਮਨੁੱਖ ਤੇ ਸਮਾਜ ਦੀ ਉਸਾਰੀ ਹੋ ਸਕੇ। ਬਿਨਾਂ ਕੁਝ ਸਮਝੇ ਕੇਵਲ ਰਾਮ ਰਾਜ ਤੇ ਚੰਗੇ ਜੀਵਨ ਦੀ ਕਾਮਨਾ ਕਰਨਾ ਇਕ ਮਿੱਥਕ ਜ਼ਿੰਦਗੀ ਜਿਉਣ ਬਰਾਬਰ ਹੈ। ਜ਼ਿੰਦਗੀ ਨੂੰ ਸਮਝਣ ਤੇ ਜਿਉਣ ਜੋਗਾ ਬਨਾਉਣ ਲਈ ਬੌਧਿਕ ਵਰਤੋਂ ਲਾਜ਼ਮੀ ਹੈ ਫੇਰ ਹੀ ਆਲੇ ਦੁਆਲੇ ਵਿਚ ਉਸਾਰੂ ਤਬਦੀਲੀ ਸੰਭਵ ਹੈ। ਸੋਚਣ, ਸਮਝਣ ਤੇ ਕੁਝ ਕਰਨ ਦੀ ਖੇਚਲ ਜ਼ਰੂਰੀ ਹੈ।

