ਸੁਕਮਾ ’ਚ ਹੋਏ ਮਾਓਵਾਦੀ ਹਮਲੇ ਤੋਂ ਬਾਅਦ ਤੁਸੀਂ ਮਨੁੱਖੀ ਅਧਿਕਾਰ ਸੰਗਠਨਾਂ `ਤੇ ਉਂਗਲ ਉਠਾਈ ਹੈ ਕਿ ਉਹ ਸਰਕਾਰੀ ਹਿੰਸਾ ਦੀ ਤਾਂ ਵਿਰੋਧਤਾ ਕਰਦੇ ਹਨ ਪਰ ਮਾਓਵਾਦੀਆਂ ਜਾਂ ਵੱਖਵਾਦੀਆਂ ਦੁਆਰਾ ਕੀਤੀ ਜਾਂਦੀ ਹਿੰਸਾ ਬਾਰੇ ਚੁੱਪ ਰਹਿੰਦੇ ਹਨ। ਤੁਹਾਡਾ ਇਹ ਪੱਤਰ ‘ਇੰਡੀਅਨ ਐਕਸਪ੍ਰੈੱਸ’ ’ਚ ਪ੍ਰਕਾਸ਼ਿਤ ਹੋਇਆ । ਮੈਂ ਇਸ ਖ਼ਤ ਰਾਹੀਂ ਮਨੁੱਖੀ ਅਧਿਕਾਰ ਕਾਰਕੁਨ ਹੋਣ ਨਾਤੇ ਕੋਈ ਸਫ਼ਾਈ ਨਹੀਂ ਦੇਣ ਜਾ ਰਹੀ , ਜਿਵੇਂ ਕਿ ਤੁਹਾਡੇ ਬਿਆਨ ਤੋਂ ਬਾਅਦ ਸਾਡੇ ਕੁਝ ਸਾਥੀਆਂ ਨੇ ਕਰਨਾ ਸ਼ੁਰੂ ਕੀਤਾ ਹੈ । ਮੈਂ ਇਸ ਖ਼ਤ ਰਾਹੀਂ ਆਪ ਜੀ ਵੱਲੋਂ ਕਹੀਆਂ ਕੁਝ ਗੱਲਾਂ ਵੱਲ ਧਿਆਨ ਦਵਾਉਣਾ ਚਾਹਾਂਗੀ ਜੋ ਕਿ ਅਸੰਵਿਧਾਨਕ ਹਨ ਤੇ ਤੁਹਾਡੀਆਂ ਗੱਲਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਮਨੁੱਖੀ ਅਧਿਕਾਰ ਸੰਗਠਨ ਤੁਹਾਡਾ ਵਿਰੋਧ ਕਿਉਂ ਕਰਦੇ ਹਨ । ਇਸ ਤੋਂ ਬਿਨਾਂ ਤੁਹਾਡੇ ਦੋਹਰੇ ਚਰਿੱਤਰ ਤੇ ਕੁਝ ਝੂਠ ਨੂੰ ਵੀ ਸਾਹਮਣੇ ਰੱਖਣਾ ਚਾਹੁੰਦੀ ਹਾਂ ।
ਤੁਹਾਡੀ ਇਸ ਸੋਚ ’ਤੇ ਵੀ ਆਪ ਦਾ ਦੋਗਲਾ ਕਿਰਦਾਰ ਹੈ ਇਸ ਦੀਆਂ ਵੀ ਅਨੇਕਾਂ ਮਿਸਾਲਾਂ ਨੇ ; ਇੱਕ ਉਦਹਾਰਨ ਸਾਧਵੀਂ ਪਰੱਗਿਆ ਦੀ ਹੈ । ਤੁਹਾਡੀ ਵਿਚਾਰਧਾਰਾ ਵਾਲੀ ਇਸ ਸਾਧਵੀਂ `ਤੇ ਅੱਤਵਾਦ ਦਾ ਮੁਕੱਦਮਾ ਚੱਲ ਰਿਹਾ ਹੈ ,ਤੁਹਾਡੀਆਂ ਸੰਸਥਾਵਾਂ ਸਾਧਵੀਂ ਤੇ ਉਸਦੇ ਨਾਲ ਹੀ ਅੱਤਵਾਦੀ ਕਾਰਵਾਈਆਂ `ਚ ਫੜੇ ਲੋਕਾਂ ਨੂੰ ਬਚਾਉਣ ਲਈ ਕਿੰਨੀ ਨਰਮੀ ਨਾਲ ਪੇਸ਼ ਆ ਰਹੀਆਂ ਹਨ ਉਸਦੀ ਚਰਚਾ ਮੈਂ ਇਥੇ ਨਹੀਂ ਕਰਾਂਗੀ । ਮੈਂ ਯਾਦ ਦਿਲਾਵਾਂ ਕਿ ਇਹਨਾਂ ’ਤੇ ਅੱਤਵਾਦ ਦਾ ਕੇਸ ਲੱਗਿਆ ਤਾਂ ਤੁਹਾਡੀ ਸੋਚ ਮੁਤਾਬਕ ਇਹਨਾਂ ਦੇ ਸਾਰੇ ਅਧਿਕਾਰ ਖੋਹ ਲੈਣੇ ਚਾਹੀਦੇ ਹਨ ਪਰ ਜੇਲ੍ਹ ’ਚ ਸਾਧਵੀਂ ਦੇ ਕੈਂਸਰ ਦਾ ਇਲਾਜ ਚੱਲਿਆ ਉਦੋਂ ਤੁਸੀਂ ਇਸਦਾ ਵਿਰੋਧ ਕਿਉਂ ਨਹੀਂ ਕੀਤਾ। ਜੇਕਰ ਇਹਨਾਂ ਦੇ ਦੋਸ਼ ਸਾਬਤ ਵੀ ਹੋ ਜਾਣ (ਹਾਲਾਂਕਿ ਤੁਹਾਡੀ ਸਰਕਾਰ ਦੇ ਰਹਿੰਦੇ ਇਹ ਹੁੰਦੇ ਨਹੀਂ ਜਾਪਦੇ ) ਤਾਂ ਵੀ ਸੰਵਿਧਾਨ ਤੇ ਕਾਨੂੰਨ ਇਹਨਾਂ ਨੂੰ ਕੁਝ ਅਧਿਕਾਰ ਦਿੰਦਾ ਹੈ ਜੋ ਕੇ ਸਾਡੇ ਵਰਗੇ ਮਨੁੱਖੀ ਅਧਿਕਾਰ ਕਾਰਕੁਨਾਂ ਅਨੁਸਾਰ ਇਹ ਮਿਲਣੇ ਵੀ ਚਾਹੀਦੇ ਹਨ । ਪਰ ਤੁਹਾਡੀ ਸੋਚ ਅਨੁਸਾਰ ਤਾਂ ਅੱਤਵਾਦੀਆਂ ਦੇ ਕੋਈ ਮਾਨਵ ਅਧਿਕਾਰ ਨਹੀਂ ਹੋਣੇ ਚਾਹੀਦੇ । ਨਾਇਡੂ ਸਾਹਿਬ ਅਜਿਹੀਆਂ ਕਈ ਉਦਹਾਰਣਾਂ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਮਨੁੱਖੀ ਅਧਿਕਾਰਾਂ ਦੇ ਮਾਮਲੇ ’ਚ ਤੁਹਾਡਾ ਤੇ ਤੁਹਾਡੇ ਵਰਗੀ ਸੋਚ ਰੱਖਣ ਵਾਲਿਆਂ ਦਾ ਦੋਗਲਾ ਕਿਰਦਾਰ ਹੈ ਨਾ ਕਿ ਮਨੁੱਖੀ ਅਧਿਕਾਰ ਸੰਗਠਨਾਂ ਦਾ । ਦੂਜੀ ਗੱਲ ਤੁਸੀਂ ਲੋਕ ਸੰਵਿਧਾਨ ਤੇ ਕਾਨੂੰਨ ਦੀ ਉਲੰਘਣਾ ਦੇ ਨਾਲ ਸ਼ੁੱਧ ਹਿੰਸਾ ਹੀ ਨਹੀਂ ਕਰਦੇ , ਜਿਸਦਾ ਅਸੀਂ ਵਿਰੋਧ ਕਰਦੇ ਹਾਂ, ਬਲਕਿ ਢਾਂਚਾਗਤ ਹਿੰਸਾ ਵੀ ਕਰਦੇ ਜਾ ਰਹੇ ਹੋ । ਤੁਸੀਂ ਜਿਨ੍ਹਾਂ ਲੋਕਾਂ ਦੇ ਮਾਨਵ ਅਧਿਕਾਰ ਨਾ ਹੋਣ ਦੀ ਗੱਲ ਕਹੀ ਹੈ ਉਹਨਾਂ ’ਤੇ ਤੁਸੀਂ ਤੇ ਤੁਹਾਡੀ ਤੋਂ ਪਹਿਲੀਆਂ ਸਰਕਾਰਾਂ ਲਗਾਤਾਰ ਢਾਂਚਾਗਤ ਹਿੰਸਾ ਕਰਦੀਆਂ ਜਾ ਰਹੀਆਂ ਹਨ । ਕਾਰਪੋਰੇਟ ਘਰਾਣਿਆਂ ਦੇ ਵਿਕਾਸ ਲਈ ਤੁਸੀਂ ਮੁਲਕ ਦੀ ਇੱਕ ਵੱਡੀ ਆਬਾਦੀ ਨੂੰ ਉਜਾੜ ਰਹੇ ਹੋ । ਤੁਸੀਂ ਤਾਂ ਸ਼ਹਿਰੀ ਵਿਕਾਸ ਮੰਤਰੀ ਹੋ । ‘ਸਮਾਰਟ ਸਿਟੀ’ ਦੇ ਥੱਲੇ ਤੁਸੀਂ ਖੁਦ ਲੱਖਾਂ ਲੋਕਾਂ ਨੂੰ ਉਜਾੜਨ ਦੀ ਯੋਜਨਾ ਤਿਆਰ ਕਰ ਰਹੇ ਹੋ । ਇਸਨੂੰ ਤੁਸੀਂ ਹਿੰਸਾ ਨਹੀਂ ਮੰਨਦੇ ਜਦਕਿ ਅਸੀਂ ਮਨੁੱਖੀ ਅਧਿਕਾਰ ਸੰਗਠਨਾਂ ਵਾਲੇ ਇਸ ਹਿੰਸਾ ਦੇ ਖ਼ਿਲਾਫ਼ ਵੀ ਬੋਲਦੇ ਹਾਂ । ਸਾਡਾ ਅਜਿਹਾ ਬੋਲਣਾ ਤੁਹਾਨੂੰ ਰੜਕਦਾ ਹੈ ਇਸ ਲਈ ਇਸ ਵਾਰ ਤੁਸੀਂ ਸਾਡੇ ’ਤੇ ਆਪਣਾ ਨਜ਼ਲਾ ਸੁੱਟਿਆ ਹੈ ।
ਤੀਜਾ ਕੁਝ ਝੂਠੇ ਤੱਥਾਂ ਵੱਲ ਵੀ ਤੁਹਾਡਾ ਧਿਆਨ ਦਿਵਾ ਦਿਆਂ । ਤੁਸੀਂ ਲਿਖਿਆ ਅਸੀਂ ਉਦੋਂ ਵੀ ਨਹੀਂ ਬੋਲਦੇ ਜਦੋਂ ਮਾਓਵਾਦੀ ਵਿਕਾਸ ਵਿਰੋਧੀ ਕੰਮ ਕਰਦੇ ਹਨ ਮਤਲਬ ਸਕੂਲ ਜਾਂ ਸੜਕਾਂ ਉਡਾਉਂਦੇ ਹਨ । ਨਾਇਡੂ ਜੀ ਅਸੀਂ ਜਾਣਦੇ ਹਾਂ ਤੁਸੀਂ ਉਹਨਾਂ ਇਲਾਕਿਆਂ `ਚ ਸਕੂਲਾਂ ਦੀ ਇਮਾਰਤ ਖੜ੍ਹੀ ਕਰਕੇ ਫ਼ੌਜ ਦੀ ਛਾਉਣੀ ਵਜੋਂ ਉਸਨੂੰ ਵਰਤਦੇ ਹੋ । ਉਹਨਾਂ ’ਚ ਬੱਚੇ ਪੜ੍ਹਨ ਕਦੇ ਨਹੀਂ ਜਾਂਦੇ ।ਤੁਹਾਡੀਆਂ ਬਣਾਈਆਂ ਸੜਕਾਂ ਦਾ ਫਾਇਦਾ ਵੀ ਸਰਮਾਏਦਾਰਾਂ ਨੂੰ ਹੁੰਦਾ ਹੈ । ਕਾਰਪੋਰੇਟ ਘਰਾਣਿਆਂ ਦੀਆਂ ਵੱਡੀਆਂ ਗੱਡੀਆਂ ਇਸ ਦੇਸ਼ ਦੇ ਸੰਸਾਧਨ ਢੋਅ ਕੇ ਲਿਜਾਂਦੀਆਂ ਜਿਸ ‘ਚ ਇਹਨਾਂ ਸਥਾਨਕ ਲੋਕਾਂ ਦਾ ਖ਼ੂਨ ਵੀ ਮਿਲਿਆ ਹੁੰਦਾ ਹੈ । ਉਹ ਅਜਿਹੀਆਂ ਸੜਕਾਂ ਤੋਂ ਡਰਦੇ ਹਨ ਤੇ ਤੁਸੀਂ ਇਸਨੂੰ ਵਿਕਾਸ ਕਹਿੰਦੇ ਹੋ ।
ਨਾਇਡੂ ਜੀ ਤੁਹਾਡੇ ਲੋਕਾਂ ਦੇ ਅਜਿਹੀ ਕਾਰਨਾਮਿਆਂ ਕਰਕੇ ਹੀ ਹਿੰਸਾ ਨੂੰ ਠੱਲ੍ਹ ਨਹੀਂ ਪੈ ਰਹੀ ਬਲਕਿ ਵਧਦੀ ਹੀ ਜਾ ਰਹੀ ਹੈ । ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਸਾਡੇ `ਤੇ ਦੋਸ਼ ਲਾਉਣ ਦੀ ਥਾਂ ਇਸ ਸਮੱਸਿਆ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ । ਇਸ ਸਮੇਂ ਤੁਹਾਡੀ ਸਰਕਾਰ ਦੁਆਰਾ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਜਿਸ ਤਰ੍ਹਾਂ ਤੁਹਾਡੀ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਗਰੁੱਪਾਂ ਦਾ ਅਸੰਵਿਧਾਨਕ ਨਿਗਰਾਨ ਸਮੂਹ ਪਨਪ ਰਿਹਾ ਹੈ , ਉਸ ਨਾਲ ਇਹ ਹਿੰਸਾ ਹੋਰ ਵੱਧ ਰਹੀ ਹੈ । ਜੇ ਤੁਸੀਂ ਮਨੁੱਖੀ ਅਧਿਕਾਰਾਂ ਨੂੰ ਮਜ਼ਬੂਤ ਕਰਨ ਲਈ ਕੁਝ ਨਹੀਂ ਕਰ ਸਕਦੇ ਤਾਂ ਘੱਟੋ -ਘੱਟ ਸੰਵਿਧਾਨ ਤੇ ਕਾਨੂੰਨ ਨੂੰ ਮੰਨੋ (ਬੇਸ਼ਕ ਕੁਝ ਕਾਨੂੰਨਾਂ ਨੂੰ ਅਸੀਂ ਮਨੁੱਖੀ ਅਧਿਕਾਰਾਂ ਦੇ ਵਿਰੋਧੀ ਮੰਨਦੇ ਹਾਂ ਉਸਦੀ ਲੜਾਈ ਲੜਦੇ ਰਹਾਂਗੇ ) ਵਰਨਾ ਅਸੀਂ ਤਾਂ ਬੋਲਦੇ ਹੀ ਰਹਾਂਗੇ ।
ਮਨੁੱਖੀ ਅਧਿਕਾਰ ਕਾਰਕੁੰਨਾਂ

