ਇਟਾਲੀਅਨ ਫਿਲਾਸਫਰ ਅੰਤੋਨੀਓ ਗਰਾਮਸ਼ੀ ਆਪਣੀਆਂ Prison Notebooks ਵਿਚ ਲਿਖਦਾ ਹੈ ਕਿ ਇਹ ਦਮਨਕਾਰੀ ਤੰਤਰ ‘ਸਿਵਲ ਸਮਾਜ’ ਅਤੇ ‘ਰਾਜਨੀਤਿਕ ਸਮਾਜ’ ਰਾਹੀਂ ਆਪਣਾ ਸ਼ਾਸਨ ਚਲਾਉਂਦਾ ਹੈ। ਸਿਵਲ ਸਮਾਜ ਵਿਚ ਸਾਡਾ ਪਰਿਵਾਰ, ਧਰਮ, ਵਿਦਿਅਕ ਸੰਸਥਾਵਾਂ, ਸਭਿਆਚਾਰ ਆਦਿ ਕਾਰਜਸ਼ੀਲ ਹਨ ਅਤੇ ਰਾਜਨੀਤਿਕ ਸਮਾਜ ਵਿਚ ਪ੍ਰਸ਼ਾਸਨਿਕ ਵਿਵਸਥਾ ਜਿਵੇਂ ਪੁਲਿਸ, ਮਿਲਟਰੀ, ਕਾਨੂੰਨ ਆਦਿ।
ਹੁਣ ਦੋ ਮੁੱਖ ਸਵਾਲ ਉਭਰਦੇ ਹਨ: ਪਹਿਲਾ, ਜੇਕਰ ਸਾਡੀ ਬੌਧਿਕਤਾ ਇੰਨ੍ਹੀ ਨਿਰਧਾਰਿਤ ਹੈ ਤਾਂ ਕੀ ਸਾਡੇ ਕੋਲ ਸੋਚਣ ਸਮਝਣ ਲਈ ਕੋਈ ਸਪੇਸ ਹੈ? ਦੂਸਰਾ, ਇਹ ਦਮਨਕਾਰੀ ਤੰਤਰ ਕੀ ਹੈ ਤੇ ਕੌਣ ਚਲਾਉਂਦਾ ਹੈ? ਪਹਿਲੇ ਸਵਾਲ ਦਾ ਜਵਾਬ ਤਦ ਹੀ ਮਿਲ ਜਾਂਦਾ ਹੈ ਜਦੋਂ ਅਸੀਂ ਆਪਣੀ ਹੀ ਸੋਚ, ਵਿਚਾਰਧਾਰਾ, ਜਾਂ ਬੌਧਿਕਤਾ ਨੂੰ ਖੁਦ ਪ੍ਰਸ਼ਨ ਕਰਦੇ ਹਾਂ ਤੇ ਪੜਤਾਲਦੇ ਹਾਂ, ਭਾਵ ਅਸੀਂ ਦਮਨਕਾਰੀ ਹਾਲਤਾਂ ਵਿਚ ਵੀ ਇਸਦੀ ਮਾਰ ਤੋਂ ਬਚਦੇ ਹੋਏ ਇਕ ਵਿੱਥ ਤੇ ਖੜ੍ਹ ਕੇ ਇਸਦਾ ਵਿਸ਼ਲੇਸ਼ਣ ਕਰਦੇ ਹਾਂ (ਇਹ ਲੇਖ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ)। ਇਸ ਤਰ੍ਹਾਂ ਮਨੁੱਖ ਕੋਲ ਇਹ ਵੱਡੀ ਸਮਰਥਾ ਹੈ ਕਿ ਉਹ ਮਾੜੀਆਂ ਤੋਂ ਮਾੜੀਆਂ ਜੀਵਨ ਹਾਲਤਾਂ ਵਿਚ ਵੀ ਉਸਾਰੂ ਸਪੇਸ ਸਿਰਜ ਸਕਦਾ ਹੈ।
ਦਮਨਕਾਰੀ ਤੰਤਰ ਬਾਰੇ ਗੱਲ ਕਰੀਏ ਤਾਂ ਸਾਨੂੰ ਇਹ ਹਮੇਸ਼ਾ ਇਕ ਅਣਦਿਸਦੇ ਭੂਤ ਦੇ ਰੂਪ ਵਿਚ ਟੱਕਰਦਾ ਹੈ ਜਾਂ ਕਹਿ ਲਵੋ ਕਿ ਅਸੀਂ ਅਕਸਰ ਇਸਦੀ ਪਛਾਣ ਕਰਨ ਵਿਚ ਧੋਖਾ ਖਾ ਜਾਂਦੇ ਹਾਂ ਤੇ ਅਸੀਂ ਗਲਤਫਹਿਮੀ ਦਾ ਸ਼ਿਕਾਰ ਹੁੰਦੇ ਹੋਏ ਅਕਸਰ ਆਪਣਾ ਦੁਸ਼ਮਣ ਕਿਸੇ ਆਪਣੇ ਹੀ ਵਾਂਗ ਵਰਤੇ ਜਾ ਰਹੇ ਮਨੁੱਖ ਨੂੰ ਸਮਝਦੇ ਹੋਏ ਉਲਝੇ ਰਹਿੰਦੇ ਹਾਂ। ਜਿਵੇਂ ਸਾਨੂੰ ਅਕਸਰ ਪ੍ਰਤੀਤ ਹੁੰਦਾ ਹੈ ਕਿ ਛੋਟੀ ਜਿਹੀ ਦੁਕਾਨ ਵਾਲੇ ਨੇ ਸਾਨੂੰ ਲੋੜੀਂਦਾ ਸਮਾਨ ਮਹਿੰਗੇ ਮੁੱਲ ਤੇ ਵੇਚ ਕੇ ਲੁੱਟ ਲਿਆ ਹੈ (ਅਸਲ ਵਿਚ ਮਿੱਥਕ ਸ਼ਾਹੂਕਾਰ ਦਾ ਜੀਵਨ ਜੀ ਰਿਹਾ ਇਹ ਛੋਟਾ ਦੁਕਾਨਦਾਰ ਤਾਂ ਖੁਦ ਸਰਮਾਏਦਾਰ ਉਤਪਾਦਕਾਂ ਦਾ ਗੁਲਾਮ ਹੈ ਜਿਸਨੂੰ ਇਕ ਉਤਪਾਦ ਵੇਚਣ ਲਈ ਬਹੁਤ ਹੀ ਨਿਗੂਣਾ ਹਿੱਸਾ ਮਿਲਦਾ ਹੈ ਜਦਕਿ ਮੋਟਾ ਧਨ ਅਦਿੱਖ ਸਰਮਾਏਦਾਰ ਦੇ ਹਿੱਸੇ ਆਉਂਦਾ ਹੈ)। ਸਾਡੇ ਸਾਹਮਣੇ ਸਾਡਾ ਦੁਸ਼ਮਣ ਉਹ ਛੋਟਾ ਦੁਕਾਨਦਾਰ ਹੁੰਦਾ ਹੈ। ਇਸ ਗੱਲ ਨੂੰ ਸਮਝਣ ਲਈ ਮਨੁੱਖੀ ਇਤਿਹਾਸ ਦਾ ਅਧਿਐਨ ਜ਼ਰੂਰੀ ਹੈ।
ਇਤਿਹਾਸ ਦਸਦਾ ਹੈ ਕਿ ਬਹੁਤ ਸਾਰੀਆਂ ਜੀਵ ਪ੍ਰਜਾਤੀਆਂ ਜੋ ਵਾਤਾਵਰਣ ਦੇ ਅਨੁਕੂਲ ਹੋ ਗਈਆਂ ਉਹਨਾਂ ਦਾ ਵਿਕਾਸ ਸੀਮਿਤ ਹੁੰਦਾ ਗਿਆ ਤੇ ਉਹ ਸਮੇਂ ਦੇ ਨਾਲ ਅਲੋਪ ਹੋ ਗਈਆਂ। ਪ੍ਰ਼਼ੰਤੂ ਜੋ ਘੱਟ ਅਨੁਕੂਲ ਹੋਈਆਂ ਉਹਨਾਂ ਦਾ ਜੀਵਨ ਬਣਿਆ ਰਿਹਾ ਤੇ ਉਹਨਾਂ ਵਿਚ ਗੁਣਾਤਮਕ ਤੇ ਗਿਣਾਤਮਕ ਵਾਧਾ ਹੋਇਆ। ਇਹਨਾਂ ਇਹਨਾਂ ਵਿਚੋਂ ਮਨੁੱਖ ਪ੍ਰਮੁੱਖ ਹੈ। ਮਨੁੱਖ ਦਾ ਸਰੀਰਕ ਤੇ ਬੌਧਿਕ ਵਿਕਾਸ ਉਸਨੂੰ ਹੋਰ ਕੁਦਰਤੀ ਜੀਵਾਂ ਤੋਂ ਨਿਖੇੜਦਾ ਗਿਆ। ਫਿਰ ਔਜਾਰ ਤੇ ਉਤਪਾਦਨ ਦਾ ਵਿਕਾਸ ਹੋਇਆ। ਉਤਪਾਦਨ ਦੇ ਨਾਲ ਨਾਲ ਵਾਧੂ ਉਤਪਾਦਨ ਤੇ ਫਿਰ ਨਿੱਜੀ ਜਾਇਦਾਦ ਦਾ ਮਸਲਾ ਉਭਰਦਾ ਹੈ। ਇਥੋਂ ਹੀ ਦਮਨਕਾਰੀ ਤੰਤਰ ਤੇ ਅਸਮਾਨਤਾ ਦਾ ਮੁੱਢ ਬੱਝਦਾ ਹੈ। ਇਸ ਸਾਰੇ ਵਿਕਾਸ ਬਾਰੇ ਬਹੁਤ ਸਾਰੇ ਅਧਿਐਨ ਸਾਨੂੰ ਪੜ੍ਹਨ ਤੇ ਸਮਝਣ ਲਈ ਮਿਲਦੇ ਹਨ ਜਿਹਨਾਂ ਵਿਚੋਂ ਜਰਮਨ ਫਿਲਾਸਫਰ ਫਰੈਡਰਿਕ ਏਂਗਲਜ ਦੀ The Origin of the Family, Private Property and the State ਅਤੇ ਜਾਰਜ ਥਾਮਸਨ ਦੀ The Human Essence ਮਹੱਤਵਪੂਰਨ ਕਿਤਾਬਾਂ ਹਨ। ਫਿਰ ਇਸ ਤਰ੍ਹਾਂ ਸਰਮਾਏਦਾਰ ਵਰਗ ਵਲੋਂ ਆਪਣੀ ਇਜਾਰੇਦਾਰੀ ਬਣਾ ਕੇ ਰੱਖਣ ਲਈ ਸਮੇਂ ਸਮੇਂ ਉਪਰ ਨਵੇਂ ਤੋਂ ਨਵੇਂ ਟੂਲ ਘੜੇ ਜਾਂਦੇ ਹਨ।
ਹੁਣ ਮਸਲਾ ਉਭਰਦਾ ਹੈ ਕਿ ਇਸ ਸਭ ਵਰਤਾਰੇ ਨੂੰ ਸਧਾਰਨ ਮਨੁੱਖੀ ਪੱਧਰ ਤੱਕ ਕਿਵੇਂ ਸਮਝਿਆ ਜਾਵੇ ਤੇ ਕਿਵੇਂ ਨਿਸ਼ਚਿਤ ਕੀਤਾ ਜਾਵੇ ਕਿ ਚੰਗਾ ਜੀਵਨ ਕੀ ਹੈ, ਕਿਵੇਂ ਪ੍ਰਾਪਤ ਕਰਨਾ ਹੈ ਤੇ ਕਿਵੇਂ ਜੀਣਾ ਹੈ। ਜਾਰਜ ਥਾਮਸਨ ਆਪਣੀ ਉਪਰੋਕਤ ਕਿਤਾਬ ਵਿਚ ਲਿਖਦਾ ਹੈ ਕਿ ਮਨੁੱਖੀ ਇਤਿਹਾਸ ਵਿਚ ਬਾਂਦਰ ਦੇ ਮਨੁੱਖ ਵਿਚ ਵਟ ਜਾਣ ਨਾਲੋਂ ਵੱਧ ਕੋਈ ਵੀ ਹੋਰ ਮਹੱਤਵਪੂਰਨ ਘਟਨਾ ਨਹੀਂ ਹੈ। ਜੇਕਰ ਅਸੀਂ ਗੱਲ ਨੂੰ ਹੋਰ ਅੱਗੇ ਤੋਰੀਏ ਤਾਂ ਅਗਲੇਰੇ ਪੜਾਅ ਵਿਚ ਆਖਿਆ ਜਾ ਸਕਦਾ ਹੈ ਕਿ ਸਵੈ-ਨਿਰਭਰ, ਸੁਤੰਤਰ ਤੇ ਉਸਾਰੂ ਸੋਚ ਮਨੁੱਖ ਦੇ ਹਿੱਸੇ ਆਉਣਾ ਅਗਲੀ ਮਹੱਤਵਪੂਰਨ ਤੇ ਕ੍ਰਾਂਤੀਕਾਰੀ ਪ੍ਰਾਪਤੀ ਹੈ। ਇਹ ਵੀ ਸਰਵ-ਵਿਆਪੀ ਸੱਚ ਹੈ ਕਿ ਇਸ ਵਿਚ ਵਿੱਦਿਆ ਦੀ ਅਹਿਮ ਭੂਮਿਕਾ ਹੈ ਅਤੇ ਨਾਲੋ ਨਾਲ ਮਨੁੱਖ ਨੂੰ ਗੁੰਮਰਾਹ ਕਰਨ ਵਿਚ ਅਵਿੱਦਿਆ ਦੀ। ਵਿੱਦਿਆ ਕੇਵਲ ਉਹ ਨਹੀਂ ਹੁੰਦੀ ਜੋ ਤੁਹਾਨੰ ਸਕੂਲ, ਕਾਲਜ ਜਾਂ ਯੂਨੀਵਰਸਿਟੀ ਦੇ ਸਿਲੇਬਸ ਵਿਚ ਪੜ੍ਹਨ ਨੂੰ ਮਿਲਦੀ ਹੈ। ਇਸ ਬਾਰੇ ਫੈਸਲਾ ਕਰਨ ਤੋਂ ਪਹਿਲਾਂ ਗਹਿਰੇ ਚਿੰਤਨ ਦੀ ਲੋੜ ਹੈ।
ਵਿੱਦਿਆ ਉਹ ਹੈ ਜੋ ਇਸ ਸਵਾਲ ਨੂੰ ਮੁਖਾਤਿਬ ਹੁੰਦੀ ਹੈ ਕਿ ਜੀਵਨ ਕੀ ਹੈ ਤੇ ਇਸਨੂੰ ਜਿਉਣ ਜੋਗਾ ਤੇ ਹੋਰ ਬਿਹਤਰ ਕਿਵੇਂ ਬਨਾਉਣਾ ਹੈ। ਇਸ ਤਰ੍ਹਾਂ ਇਹ ਸਾਨੂੰ ਜਿਉਣਾ ਸਿਖਾਉਂਦੀ ਹੈ। ਪਰੰਤੂ ਜਿਉਣਾ ਸਿੱਖਣ ਤੋਂ ਪਹਿਲਾਂ ਸਾਨੂੰ ਉਹ ਸਭ ਭੁੱਲਣਾ (unlearn) ਪਵੇਗਾ ਜੋ ਸਾਨੂੰ ਜੀਵਨ ਫਲਸਫੇ ਤੋਂ ਦੂਰ ਲੈ ਕੇ ਜਾਂਦਾ ਹੈ।
ਹੁਣ ਸਵਾਲਾਂ ਦੀ ਲੜੀ ਸ਼ੁਰੂ ਹੁੰਦੀ ਹੈ। ਵਿੱਦਿਆ ਦੇ ਨਾਂ ਉਪਰ ਜੋ ਸਾਨੂੰ ਸਕੂਲਾਂ, ਕਾਲਜਾਂ, ਤੇ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਜਾਂਦਾ ਹੈ ਕੀ ਉਹ ਵਿੱਦਿਆ ਹੈ? ਕੀ ਉਹ ਸਿਹਤਮੰਦ ਮਨੁੱਖੀ ਜੀਵਨ ਦੀਆਂ ਲੋੜਾਂ ਅਨੁਸਾਰ ਹੈ? ਕਿਤੇ ਉਹ ਮਨੁੱਖੀ ਸਮਰਥਾਵਾਂ ਨੂੰ ਸੀਮਿਤ ਅਤੇ ਗੁੰਮਰਾਹ ਤਾਂ ਨਹੀਂ ਕਰ ਰਿਹਾ? ਕੀ ਉਹ ਉਸਾਰੂ ਜੀਵਨ ਜਾਚ ਵੱਲ ਪ੍ਰੇਰਿਤ ਕਰਦਾ ਹੈ? ਇਹ ਬਹੁਤ ਹੀ ਮੁੱਢਲੇ ਅਤੇ ਜ਼ਰੂਰੀ ਪ੍ਰਸ਼ਨ ਹਨ ਭਾਵੇਂ ਕਿ ਇਸਤੋਂ ਪਿਛੇ ਵੀ ਸਵਾਲਾਂ ਦੀ ਇੱਕ ਅੰਤਹੀਣ ਲੜੀ ਲਟਕ ਰਹੀ ਹੈ ਜਿਵੇਂ ਸਿਲੇਬਸ ਕਿਵੇਂ ਨਿਰਧਾਰਿਤ ਹੁੰਦਾ ਹੈ? ਉਸਦਾ ਤਤਕਰਾ ਕੀ ਹੈ? ਉਸ ਵਿਚ ਖਾਸ ਤਰ੍ਹਾਂ ਦੀਆਂ ਰਚਨਾਵਾਂ ਨੂੰ ਹੀ ਵਧੇਰੇ ਮਹੱਤਤਾ ਕਿਉਂ ਦਿੱਤੀ ਜਾਂਦੀ ਹੈ? ਪ੍ਰੀਖਿਆ ਪ੍ਰਣਾਲੀ ਕਿਵੇਂ ਕਾਰਜ ਕਰਦੀ ਹੈ? ਮਨੁੱਖੀ ਜੀਵਨ ਤੋਂ ਹਟ ਕੇ ਖਾਸ ਤਰ੍ਹਾਂ ਦੇ ਮਹਿੰਗੇ ਪ੍ਰੋਫੈਸ਼ਨਲ/ਟੈਕਨੀਕਲ ਕੋਰਸਾਂ ਉਪਰ ਵਧੇਰੇ ਜ਼ੋਰ ਕਿਉਂ ਦਿੱਤਾ ਜਾਂਦਾ ਹੈ, ਆਦਿ। ਇਹਨਾਂ ਸਾਰੇ ਸਵਾਲਾਂ ਦੇ ਪਨਪਣ ਪਿੱਛੇ ਵੱਡਾ ਕਾਰਣ ਹੈ। ਉਹ ਕਾਰਣ ਹੈ ਦਮਨਕਾਰੀ ਤੰਤਰ ਦੁਆਰਾ ਵਿੱਦਿਆ ਦੇ ਖੇਤਰ ਵਿਚ ਘੁਸਪੈਠ ਅਤੇ ਮਨੁੱਖ ਦੀ ਵਿੱਦਿਆ ਦੇ ਨਾਂ ਹੇਠ ਹੋ ਰਹੀ ਬੌਧਿਕ ਲੁੱਟ।
vinodpru@gmail.com


