By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਜਥੇਬੰਦਕ ਧਾਰਮਿਕ ਫਿਰਕਿਆਂ ਦਾ ਪੂਜਾ ਪਾਠ ਤੇ ਸਾਡਾ ਕਿਰਦਾਰ ! -ਹਰਚਰਨ ਸਿੰਘ ਪਰਹਾਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਜਥੇਬੰਦਕ ਧਾਰਮਿਕ ਫਿਰਕਿਆਂ ਦਾ ਪੂਜਾ ਪਾਠ ਤੇ ਸਾਡਾ ਕਿਰਦਾਰ ! -ਹਰਚਰਨ ਸਿੰਘ ਪਰਹਾਰ
ਨਜ਼ਰੀਆ view

ਜਥੇਬੰਦਕ ਧਾਰਮਿਕ ਫਿਰਕਿਆਂ ਦਾ ਪੂਜਾ ਪਾਠ ਤੇ ਸਾਡਾ ਕਿਰਦਾਰ ! -ਹਰਚਰਨ ਸਿੰਘ ਪਰਹਾਰ

ckitadmin
Last updated: July 18, 2025 8:29 am
ckitadmin
Published: July 30, 2019
Share
SHARE
ਲਿਖਤ ਨੂੰ ਇੱਥੇ ਸੁਣੋ

ਮੈਂ ਬਚਪਨ ਤੋਂ ਸਿੱਖ ਪਰਿਵਾਰਾਂ ਵਿੱਚ ਅਕਸਰ ਇਹ ਦੇਖਦਾ ਸੀ ਕਿ ਸਿੱਖੀ ਜਾਂ ਖਾਲਸੇ ਦੇ ਪਹਿਰਾਵੇ ਵਾਲੇ, ਪੂਰਨ ਗੁਰਸਿੱਖ ਦਿਖਣ ਵਾਲੇ, ਪੰਜ ਕਕਾਰਾਂ ਦੇ ਧਾਰਨੀ ਵਿਅਕਤੀਆਂ ਤੋਂ ਆਮ ਲੋਕ ਇਹ ਆਸ ਰੱਖਦੇ ਹਨ ਕਿ ਉਹ ਬਾਹਰੋਂ ਪੂਰਨ ਗੁਰਸਿੱਖ ਦਿਖਣ ਦੇ ਨਾਲ-ਨਾਲ ਅੰਦਰੋਂ ਆਪਣੇ ਵਿਵਹਾਰ ਤੇ ਕਿਰਦਾਰ ਪੱਖੋਂ ਵੀ ਪੂਰੇ ਉਤਰਨ, ਪਰ ਆਮ ਤੌਰ ਤੇ ਅਜਿਹਾ ਨਹੀਂ ਹੁੰਦਾ, ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਉਹ ਵੀ ਆਮ ਲੋਕਾਂ ਵਰਗੇ ਹੀ ਹੁੰਦੇ ਹਨ ਜਾਂ ਉਨ੍ਹਾਂ ਵਿੱਚ ਉਨੀ-ਇੱਕੀ ਦਾ ਹੀ ਫਰਕ ਹੁੰਦਾ ਹੈ। ਉਨ੍ਹਾਂ ਵਿੱਚ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਸਾੜ੍ਹਾ, ਦਵੈਸ਼, ਨਫਰਤ ਆਦਿ ਵਿਕਾਰ, ਆਮ ਲੋਕਾਂ ਵਾਂਗ ਹੀ ਹੁੰਦੇ ਹਨ।ਧਾਰਮਿਕ ਲੋਕਾਂ ਵਲੋਂ ਹੀ ਆਪਣੇ ਪ੍ਰਚਾਰ ਸਾਧਨਾਂ ਨਾਲ ਖਾਲਸੇ ਜਾਂ ਧਾਰਮਿਕ ਵਿਅਕਤੀ ਦੀ ਸਖਸ਼ੀਅਤ ਬਹੁਤ ਉਚੀ-ਸੁੱਚੀ ਬਣਾ ਕੇ ਪੇਸ਼ ਕੀਤੀ ਹੁੰਦੀ ਹੈ, ਜਿਸ ਕਾਰਨ ਖਾਲਸੇ ਜਾਂ ਸਿੱਖੀ ਪਹਿਰਾਵੇ ਨੂੰ ਦੇਖ ਕੇ ਲੋਕ ੳਨ੍ਹਾਂ ਤੋਂ ਵੀ ਆਸ ਵੱਡੀ ਰੱਖਦੇ ਹਨ, ਜਦਕਿ ਅਸਲੀਅਤ ਇਹੀ ਹੈ ਕਿ ਬਾਹਰੋਂ ਪਹਿਰਾਵਾ ਪਾ ਲੈਣ ਨਾਲ ਜਾਂ ਕੋਈ ਖਾਸ ਦਿਖ ਬਣਾ ਲੈਣ ਨਾਲ ਜਾਂ ਬਾਹਰੀ ਪੂਜਾ-ਪਾਠ ਕਰਨ ਨਾਲ ਕੁਝ ਨਹੀਂ ਬਦਲਦਾ, ਵਿਅਕਤੀ ਉਸੇ ਤਰ੍ਹਾਂ ਦਾ ਹੀ ਰਹਿੰਦਾ ਹੈ, ਬਹੁਤ ਵਾਰ ਤਾਂ ਆਮ ਵਿਅਕਤੀ ਪਹਿਰਾਵੇ ਜਾਂ ਪੂਜਾ ਪਾਠ ਦੇ ਹੰਕਾਰ ਵਿੱਚ ਆਮ ਲੋਕਾਂ ਤੋਂ ਵੀ ਨੀਚੇ ਡਿੱਗ ਪੈਂਦਾ ਹੈ।

ਵਿਅਕਤੀ ਉਦੋਂ ਹੀ ਬਦਲਦਾ ਹੈ, ਜਦੋਂ ਉਹ ਚੇਤੰਨ ਹੋ ਕੇ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਹੈ ਜਾਂ ਬਦਲਣ ਦੀ ਕੋਸ਼ਿਸ਼ ਕਰਦਾ ਹੈ।ਵਿਅਕਤੀ ਨੂੰ ਬਦਲਣ ਲਈ ਪਹਿਰਾਵੇ ਨੂੰ ਬਦਲਣ ਦੀ ਨਹੀਂ, ਸੋਚ ਨੂੰ ਬਦਲਣ ਦੀ ਲੋੜ ਹੁੰਦੀ ਹੈ।ਅਜਿਹੇ ਦਿਖਾਵੇ ਵਾਲੇ ਧਰਮੀਆਂ ਨੂੰ ਦੇਖ ਕੇ ਆਮ ਲੋਕ ਅਕਸਰ ਕਹਿੰਦੇ ਹਨ ਇਨ੍ਹਾਂ ਨਾਲੋਂ ਤਾਂ ਅਸੀਂ ਚੰਗੇ ਹਾਂ, ਘੱਟੋ-ਘੱਟ ਧਰਮੀ ਹੋਣ ਦਾ ਪਾਖੰਡ ਤਾਂ ਨਹੀਂ ਕਰਦੇ? ਬੇਸ਼ਕ ਇਹ ਵੀ ਸੱਚ ਹੈ ਕਿ ਕਿਸੇ ਦੇ ਮਾੜੇ ਹੋਣ ਨਾਲ ਤੁਸੀਂ ਚੰਗੇ ਨਹੀਂ ਬਣ ਜਾਂਦੇ, ਪਰ ਲੋਕ ਅਕਸਰ ਆਪਣੇ ਆਪ ਨੂੰ ਅਜਿਹੀਆਂ ਗੱਲਾਂ ਨਾਲ ਧਰਵਾਸ ਦੇ ਲੈਂਦੇ ਹਨ ਜਾਂ ਉਨ੍ਹਾਂ ਨੂੰ ਆਪਣੇ ਔਗੁਣ ਛੁਪਾਉਣ ਦਾ ਮੌਕਾ ਮਿਲ ਜਾਂਦਾ ਹੈ।

 

 

ਸਮਾਜ ਵਿੱਚ ਅਕਸਰ ਅਜਿਹੇ ਅਨੇਕਾਂ ਲੋਕ ਮਿਲ ਜਾਂਦੇ ਹਨ, ਜਿਹੜੇ ਧਰਮ ਦੀਆਂ ਪ੍ਰੰਪਰਾਵਾਂ, ਮਰਿਯਾਦਾਵਾਂ, ਪੂਜਾ-ਪਾਠ ਆਦਿ ਨੂੰ ਨੇਮ ਨਾਲ ਤਾਂ ਨਹੀਂ ਨਿਭਾਉਂਦੇ ਤੇ ਨਾ ਹੀ ਬਾਹਰੋਂ ਧਾਰਮਿਕ ਪਹਿਰਾਵਾ ਜਾਂ ਚਿੰਨ੍ਹ ਹੀ ਧਾਰਦੇ ਹਨ ਅਤੇ ਨਾ ਹੀ ਬਾਹਰੋਂ ਧਰਮੀ ਹੋਣ ਦਾ ਦਾਅਵਾ ਹੀ ਕਰਦੇ ਹਨ, ਪਰ ਉਹ ਆਪਣਾ ਜੀਵਨ ਸਾਦਗੀ ਨਾਲ ਬਿਤਾਉਂਦੇ ਹਨ, ਆਪਣੀ ਕਿਰਤ ਕਮਾਈ ਨਾਲ ਆਪਣੇ ਪਰਿਵਾਰ ਦੀ ਵਧੀਆ ਪ੍ਰਵਰਿਸ਼ ਕਰਦੇ ਹਨ, ਕਈ ਵਾਰ ਨਸ਼ਿਆਂ ਤੋਂ ਵੀ ਦੂਰ ਹੁੰਦੇ ਹਨ।ਅਜਿਹੇ ਲੋਕਾਂ ਨੂੰ ਦੇਖ ਕੇ ਅਕਸਰ ਇਹ ਸਵਾਲ ਖੜਾ ਹੁੰਦਾ ਹੈ ਕਿ ਜੇ ਧਾਰਮਿਕ ਪੂਜਾ-ਪਾਠ, ਦਿਖਾਵੇ, ਪਹਿਰਾਵੇ ਆਦਿ ਸਾਡਾ ਜੀਵਨ ਨਹੀਂ ਬਦਲ ਸਕਦੇ ਤਾਂ ਫਿਰ ਇਨ੍ਹਾਂ ਦਾ ਕੀ ਲਾਭ?

ਪਰ ਜਦ ਅਸੀਂ ਜਥੇਬੰਦਕ ਧਾਰਮਿਕ ਫਿਰਕਿਆਂ ਦਾ ਜਥੇਬੰਦਕ ਢਾਂਚਾ ਦੇਖਦੇ ਹਾਂ ਤਾਂ ਉਥੇ ਸਿਰਫ ੳਨ੍ਹਾਂ ਵਿਅਕਤੀਆਂ ਨੂੰ ਹੀ ਅਹਿਮੀਅਤ ਦਿੱਤੀ ਜਾਂਦੀ ਹੈ, ਜਿਨ੍ਹਾਂ ਕੋਲ ਬਾਹਰੋਂ ਧਰਮ ਦਾ ਪਹਿਰਾਵਾ ਹੁੰਦਾ ਹੈ, ਜੋ ਬਾਹਰੋਂ ਦਿਖਣ ਵਾਲੀ ਪੂਜਾ-ਪਾਠ ਕਰਦੇ ਹੋਣ।ਅੰਦਰੋਂ ਉਹ ਕਿਹੋ ਜਿਹੇ ਇਨਸਾਨ ਹਨ, ਉਨ੍ਹਾਂ ਦਾ ਲੋਕਾਂ ਨਾਲ ਵਿਹਾਰ ਕਿਸ ਤਰ੍ਹਾਂ ਦਾ ਹੈ, ਉਨ੍ਹਾਂ ਚਰਿਤਰ ਜਾਂ ਕਿਰਦਾਰ ਕੀ ਹੈ, ਇਹ ਗੱਲਾਂ ਦੂਜੇ, ਤੀਜੇ ਜਾਂ ਅਖੀਰ ਵਿੱਚ ਆਉਂਦੀਆਂ ਹਨ।ਜਿਸ ਨਾਲ ਧਾਰਮਿਕ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਧਾਰਮਿਕ ਫਿਰਕਿਆਂ ਨਾਲ ਸਬੰਧਤ ਰਾਜਨੀਤਕ ਪਾਰਟੀਆਂ ਆਦਿ ਵਿੱਚ ਅਜਿਹੇ ਲੋਕ ਲੀਡਰਸ਼ਿਪ ਰੋਲ ਵਿੱਚ ਆ ਜਾਂਦੇ ਹਨ, ਜਿਹੜੇ ਵਿਵਹਾਰ, ਕਿਰਦਾਰ ਆਦਿ ਦੇ ਪੱਖ ਤੋਂ ਉਸ ਪੁਜ਼ੀਸ਼ਨ ਦੇ ਕਾਬਿਲ ਨਹੀਂ ਹੁੰਦੇ।ਬੇਸ਼ਕ ਅਜਿਹਾ ਸਭ ਜਗ੍ਹਾ ਹੀ ਵਾਪਰਦਾ ਹੈ, ਪਰ ਅਸੀਂ ਸਿੱਖ ਸਮਾਜ ਵਿੱਚ ਵਿਚਰਦੇ ਹੋਣ ਕਾਰਣ, ਅਕਸਰ ਅਜਿਹਾ ਹੁੰਦਾ ਦੇਖਦੇ ਹਾਂ।ਜਦੋਂ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਲੀਡਰਸ਼ਿਪ ਦੀ ਚੋਣ ਮੌਕੇ ਵਿਵਹਾਰ, ਕਿਰਦਾਰ, ਲਿਆਕਤ, ਸਖਸ਼ੀਅਤ ਆਦਿ ਨਾਲ ਤਾਂ ਸਮਝੌਤਾ ਕਰ ਲਿਆ ਜਾਂਦਾ ਹੈ, ਪਰ ਬਾਹਰੀ ਦਿੱਖ ਜਾਂ ਪਹਿਰਾਵੇ ਨਾਲ ਸਮਝੌਤਾ ਨਹੀਂ ਕੀਤਾ ਜਾਂਦਾ, ਜਿਸ ਨਾਲ ਅਕਸਰ ਨਾ-ਅਹਿਲ ਲੋਕ ਲੀਡਰਸ਼ਿਪ ਰੋਲ ਵਿੱਚ ਆ ਜਾਂਦੇ ਹਨ, ਜਿਸ ਨਾਲ ਅਕਸਰ ਅਜਿਹੇ ਲੋਕ ਸਮਾਜ ਜਾਂ ਧਰਮ ਵਿੱਚ ਖੜੋਤ ਵਾਲਾ (Status Quo) ਜਾਂ ਪਿਛਾਂਹਖਿਚੂ ਰੋਲ ਅਦਾ ਕਰਦੇ ਹਨ।ਉਨ੍ਹਾਂ ਕੋਲ ਕਿਸੇ ਕੌਮ ਜਾਂ ਜਥੇਬੰਦੀ ਨੂੰ ਅਗਾਂਹ ਲਿਜਾਣ ਜਾਂ ਸਮੇਂ ਦਾ ਹਾਣ ਬਣਾਉਣ ਦੀ ਕਾਬਲੀਅਤ ਨਹੀਂ ਹੁੰਦੀ।ਅਜਿਹੇ ਲੋਕਾਂ ਕਾਰਨ ਹੀ ਪੜ੍ਹ-ਲਿਖੇ, ਤਜ਼ੁਰਬੇ ਵਾਲੇ, ਵਿਗਿਆਨਕ ਸੋਚ ਵਾਲੇ ਲੋਕ ਅਕਸਰ ਧਰਮਾਂ ਜਾਂ ਧਰਮੀ (ਅਖੌਤੀ) ਲੋਕਾਂ ਨੂੰ ਪਿਛਾਂਹਖਿਚੂ ਸੋਚ ਦੇ ਧਾਰਨੀ ਕਹਿੰਦੇ ਹਨ?

ਪਿਛਲੇ ਕੁਝ ਸਾਲਾਂ ਤੋਂ ਸਿੱਖ ਧਰਮ ਸਮੇਤ ਹੋਰ ਅਨੇਕਾਂ ਜਥੇਬੰਦਕ ਧਾਰਮਿਕ ਫਿਰਕਿਆਂ ਦੀ ਸਟੱਡੀ ਕਰਨ ਤੋਂ ਬਾਅਦ ਮੈਂ ਇਹੀ ਜਾਣਿਆ ਹੈ ਕਿ ਬੇਸ਼ਕ ਸਾਰੇ ਧਾਰਮਿਕ ਫਿਰਕੇ ਦਾਅਵਾ ਤਾਂ ਇਹੀ ਕਰਦੇ ਹਨ ਅਤੇ ਪ੍ਰਚਾਰ ਵੀ ਅਜਿਹਾ ਹੀ ਕਰਦੇ ਹਨ ਕਿ ਧਰਮ ਦਾ ਵਿਅਕਤੀ ਦੇ ਜੀਵਨ ਵਿੱਚ ਰੋਲ, ਉਸਨੂੰ ਵਿਵਹਾਰ ਤੇ ਕਿਰਦਾਰ ਪੱਖੋਂ ਇੱਕ ਵਧੀਆ ਇਨਸਾਨ ਬਣਾਉਣਾ ਹੈ, ਪਰ ਵਿਹਾਰਕ ਪੱਖ ਤੋਂ ਸਭ ਕੁਝ ਇਸ ਤੋਂ ਉਲਟ ਚਲਦਾ ਹੈ।ਅਸਲੀਅਤ ਇਹ ਹੈ ਕਿ ਵਿਹਾਰਕ ਤੇ ਕਿਰਦਾਰ ਵਾਲਾ ਪੱਖ ਹਰ ਧਾਰਮਿਕ ਫਿਰਕੇ ਵਿੱਚ ਕਾਫੀ ਬਾਅਦ ਆਉਂਦਾ ਹੈ ਜਾਂ ਆਉਂਦਾ ਹੀ ਨਹੀਂ।ਸਭ ਤੋਂ ਪਹਿਲਾਂ ਤੁਸੀਂ ਬਾਹਰੋਂ ਧਰਮੀ ਦਿਖਦੇ ਹੋਣੇ ਚਾਹੀਦੇ ਹੋ, ਫਿਰ ਪੂਜਾ-ਪਾਠ ਦਾ ਸਥਾਨ ਹੈ, ਧਾਰਮਿਕ ਮਰਿਯਾਦਾਵਾਂ ਤੇ ਕਰਮਕਾਂਡਾਂ ਨੂੰ ਬਿਨਾਂ ਕਿਸੇ ਤਰਕ ਦੇ ਮੰਨਣਾ ਤੇ ਪੂਰੇ ਅੰਧ ਵਿਸ਼ਾਵਾਸ਼ ਨਾਲ ਨਿਭਾਉਣਾ।ਧਰਮ ਵਿੱਚ ਕਿਸੇ ਵੀ ਰੀਤ-ਰਸਮ ਨੂੰ ਆਪਣੇ ਦਿਮਾਗ ਜਾਂ ਤਰਕ ਨਾਲ ਜਾਨਣ ਦੀ ਮਨਾਹੀ ਹੁੰਦੀ ਹੈ ਅਤੇ ਸਭ ਕੁਝ ਨੂੰ ਅੱਖਾਂ ਮੀਟ ਕੇ ਮੰਨਣ ਵਾਲਾ ਹੀ ਸੱਚਾ ਧਰਮੀ ਹੁੰਦਾ ਹੈ।ਆਪਣੇ ਦਿਮਾਗ ਨੂੰ ਵਰਤਣ ਦੀ ਧਰਮ ਵਿੱਚ ਅਕਸਰ ਮਨਾਹੀ ਹੁੰਦੀ ਹੈ।ਜੋ ਚਲਦਾ ਹੈ, ਉਸਨੂੰ ਚਲਦਾ ਰੱਖਣਾ ਹੀ ਧਰਮ ਹੁੰਦਾ ਹੈ, ਮਰਿਯਾਦਾ ਨਾਲ ਛੇੜ-ਛਾੜ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਂਦੀ, ਬੇਸ਼ਕ ਸੈਂਕੜੇ ਜਾਂ ਹਜਾਰਾਂ ਸਾਲ ਪਹਿਲਾਂ ਬਣੀਆਂ ਮਰਿਯਾਦਾਵਾਂ ਕਿਤਨੀਆਂ ਵੀ ਮੂਰਖਾਨਾ, ਅੰਧ ਵਿਸ਼ਵਾਸ਼ੀ, ਤਰਕ ਵਿਹੂਣੀਆਂ, ਸਮੇਂ ਦੇ ਹਾਣ ਦੀਆਂ ਨਾ ਹੋਣ।ਉਨ੍ਹਾਂ ਨੂੰ ਨੇਮ ਨਾਲ ਨਿਭਾਉਣ ਨਾਲ ਹੀ ਤੁਸੀਂ ਧਰਮੀ ਬਣ ਸਕਦੇ ਹੋ, ਵਿਅਕਤੀ ਦੀ ਨਿੱਜੀ ਸਖਸ਼ੀਅਤ, ਉਸਦੀ ਲਿਆਕਤ, ਦੁਨਿਆਵੀ ਪੜ੍ਹਾਈ-ਲਿਖਾਈ, ਨਿੱਜੀ ਵਿਵਹਾਰ, ਨਿੱਜੀ ਕਿਰਦਾਰ, ਚਾਲ-ਚਲਣ ਆਦਿ ਸਭ ਦਾ ਨੰਬਰ ਤਕਰੀਬਨ ਸਾਰੇ ਧਰਮਾਂ ਵਿੱਚ ਬਹੁਤ ਬਾਅਦ ਵਿੱਚ ਆਉਂਦਾ ਹੈ।ਇਸੇ ਕਰਕੇ ਜਥੇਬੰਧਕ ਧਰਮ ਆਪਣੇ ਪਿਛਲੇ 3 ਹਜ਼ਾਰ ਸਾਲਾਂ ਦੇ ਇਤਿਹਾਸ ਵਿੱਚ ਚੰਗਾ ਸਮਾਜ ਸਿਰਜਣ ਜਾਂ ਚੰਗੇ ਮਨੁੱਖ ਪੈਦਾ ਕਰਨ ਵਿੱਚ ਅਸਫਲ ਰਹੇ ਹਨ।ਜਥੇਬੰਧਕ ਧਰਮਾਂ ਵਿਚੋਂ ਜਦੋਂ ਕਿਸੇ ਨੂੰ ਛੇਕਿਆ ਜਾਂ ਕੱਢਿਆ ਜਾਂਦਾ ਹੈ ਜਾਂ ਉਸ ਉਪਰ ਕੋਈ ਫਤਵਾ ਲਾਇਆ ਜਾਂਦਾ ਹੈ, ਉਸਦਾ ਆਧਾਰ ਅਕਸਰ ਉਸ ਵਿਅਕਤੀ ਵਲੋਂ ਧਰਮ ਦੀਆਂ ਮਰਿਯਾਦਾਵਾਂ, ਪ੍ਰੰਪਰਾਵਾਂ, ਰੀਤੀ-ਰਿਵਾਜਾਂ ਜਾਂ ਗ੍ਰੰਥਾਂ ਦੇ ਬਚਨਾਂ ਦੀ ਉਲੰਘਣਾ ਜਾਂ ਗ੍ਰੰਥਾਂ ਦੇ ਪ੍ਰਚਲਤ ਤੋਂ ਵੱਖਰੇ ਅਰਥ ਕਰਨ ਆਦਿ ਹੁੰਦਾ ਹੈ।ਧਰਮਾਂ ਦੇ ਇਤਿਹਾਸ ਵਿੱਚ ਅਜਿਹਾ ਕਦੇ ਦੇਖਣ ਨੂੰ ਨਹੀਂ ਮਿਲਦਾ ਕਿ ਕਿਸੇ ਵਿਅਕਤੀ ਨੂੰ ਉਸ ਧਰਮ ਦੇ ਪੁਜਾਰੀਆਂ ਨੇ ਇਸ ਲਈ ਕੱਢਿਆ (ਛੇਕਿਆ) ਜਾਂ ਬਾਈਕਾਟ ਕੀਤਾ ਹੋਵੇ ਕਿ ਉਹ ਚੋਰ, ਕਾਤਲ, ਲੁਟੇਰਾ, ਠੱਗ, ਬਦਚਲਣ, ਬਲਾਤਕਾਰੀਆ, ਗਦਾਰ, ਜ਼ਾਲਮ, ਮੁਜ਼ਰਿਮ ਆਦਿ ਹੋਵੇ? ਜਥੇਬੰਧਕ ਧਰਮਾਂ ਦੇ ਪੁਜਾਰੀਆਂ ਜਾਂ ਲੀਡਰਾਂ ਨੇ ਹਮੇਸ਼ਾਂ ਅੰਧ-ਵਿਸ਼ਵਾਸ਼ ਤੇ ਅਗਿਆਨਤਾ ਫੈਲਾਉਣ ਦੇ ਨਾਲ-ਨਾਲ ਲੁਟੇਰੇ, ਲੋਕ ਵਿਰੋਧੀ ਤੇ ਜ਼ਾਲਮਾਂ-ਜ਼ਰਬਾਣਿਆਂ ਦਾ ਸਾਥ ਦੇ ਕੇ ਲੋਕ ਵਿਰੋਧੀ ਰੋਲ ਅਦਾ ਕੀਤਾ ਹੈ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਧਾਰਮਿਕ ਫਿਰਕਿਆਂ ਵਿੱਚ ਕੁਝ ਇਨਕਲਾਬੀ ਪੁਰਸ਼ਾਂ ਨੇ ਮਨੁੱਖਤਾ ਦੇ ਹੱਕ ਵਿੱਚ ਲੜਾਈਆਂ ਲੜੀਆਂ, ਕੁਰਬਾਨੀਆਂ ਕੀਤੀਆਂ, ਸ਼ਹੀਦੀਆਂ ਪਾਈਆਂ, ਪਰ ਅਜਿਹੇ ਸੂਰਮਿਆਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ।ਅਜਿਹੇ ਲੋਕਾਂ ਨੂੰ ਮੌਕੇ ਦੇ ਪੁਜਾਰੀਆਂ ਨੇ ਕਦੇ ਬਰਦਾਸ਼ਤ ਨਹੀਂ ਕੀਤਾ, ਪਰ ਬਾਅਦ ਵਿੱਚ ਉਨ੍ਹਾਂ ਦੀਆਂ ਨਿੱਜੀ ਕੁਰਬਾਨੀਆਂ ਨੂੰ ਆਪਣੇ ਫਿਰਕੇ ਦੇ ਹੱਕ ਵਿੱਚ ਵਰਤ ਕੇ ਉਸਦੀ ਖੱਟੀ ਖਾਂਦੇ ਹਨ।ਉਨ੍ਹਾਂ ਦੇ ਸਮਿਆਂ ਵਿੱਚ ਪੁਜਾਰੀ ਜਮਾਤਾਂ, ਲੋਕ ਵਿਰੋਧੀ ਹਾਕਮਾਂ ਨਾਲ ਰਲ਼ ਕੇ ਉਨ੍ਹਾਂ ਨੂੰ ਜਾਂ ਉਨ੍ਹਾਂ ਦੀਆਂ ਲਹਿਰਾਂ ਨੂੰ ਖਤਮ ਕਰਦੀਆਂ ਰਹੀਆਂ ਹਨ।

ਜਥੇਬੰਦਕ ਧਰਮਾਂ ਦਾ ਇਤਿਹਾਸ ਗਵਾਹ ਹੈ ਕਿ ਮਨੁੱਖ ਦੇ ਜਨਮ ਤੋਂ ਮਰਨ ਤੱਕ ਨਿੱਜੀ ਜੀਵਨ ਦੇ ਹਰ ਪੱਖ ਤੋਂ ਲੈ ਕੇ ਸਮਾਜਿਕ, ਆਰਥਿਕ, ਰਾਜਨੀਤਕ ਆਦਿ ਪੱਖ ਤੇ ਧਰਮ ਦਾ ਡੂੰਘਾ ਤੇ ਜਥੇਬੰਦਕ ਪ੍ਰਭਾਵ ਰਿਹਾ ਹੈ।ਧਾਰਮਿਕ ਫਿਰਕਿਆਂ ਦੇ ਪੁਜਾਰੀਆਂ ਨੇ ਮਨੁੱਖ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਉਣ ਵਿੱਚ ਕਦੇ ਕੋਈ ਕੋਈ ਕਸਰ ਨਹੀਂ ਛੱਡੀ, ਜਿਸ ਕਾਰਨ ਧਾਰਮਿਕ ਮਨੁੱਖ ਦਾ ਮਾਨਸਕਿ ਪੱਧਰ ਹੇਠਾਂ ਹੀ ਡਿਗਦਾ ਗਿਆ ਹੈ।ਸਾਇੰਸ ਦੀ ਤਰੱਕੀ ਨੇ ਬਾਹਰੀ ਸਹੂਲਤਾਂ ਤੇ ਮਨੋਰੰਜ਼ਨ ਦੇ ਸਾਧਨ ਤਾਂ ਜਰੂਰ ਪੈਦਾ ਕੀਤੇ ਹਨ, ਪਰ ਮਾਨਸਿਕ ਤੌਰ ਮਨੁੱਖ ਕਮਜ਼ੋਰ ਹੀ ਨਹੀਂ ਹੋਇਆ, ਸਗੋਂ ਪਾਗਲਪਨ ਵੱਲ ਨੂੰ ਵੱਧ ਰਿਹਾ ਹੈ।ਅੱਜ ਅੱਧੀ ਤੋਂ ਵੱਧ ਦੁਨੀਆਂ ਮਾਨਸਿਕ ਰੋਗਾਂ ਦੀ ਸ਼ਿਕਾਰ ਹੈ ਕਿਉਂਕਿ ਪੁਜਾਰੀਆਂ, ਹਾਕਮਾਂ ਤੇ ਸਰਮਾਏਦਾਰਾਂ ਦੇ ਵੱਸ ਪੈ ਕੇ ਧਰਮ ਆਪਣੀ ਮੌਲਕਿਤਾ ਗੁਆ ਚੁੱਕਾ ਹੈ।ਜਦੋਂ ਤੱਕ ਧਰਮ ਦਾ ਜਥੇਬੰਦਕ ਰੂਪ ਖਤਮ ਕਰਕੇ ਧਰਮ ਨੂੰ ਜਮਾਤੀ ਦੀ ਥਾਂ ਜਾਤੀ ਨਹੀਂ ਬਣਾਇਆ ਜਾਂਦਾ, ਮੇਰਾ ਮੰਨਣਾ ਹੈ ਕਿ ਮਨੁੱਖਤਾ ਤਬਾਹੀ ਵੱਲ ਹੀ ਜਾਵੇਗੀ।ਧਰਮ ਨੂੰ ਜਮਾਤ ਦੀ ਲੋੜ ਨਹੀਂ ਹੁੰਦੀ, ਸਗੋਂ ਮਨੁੱਖ ਜਾਂ ਸਮਾਜ ਨੂੰ ਆਪਣੇ ਸਾਂਝੇ ਸਮਾਜਿਕ, ਆਰਥਿਕ, ਸਭਿਆਚਾਰਕ, ਰਾਜਨੀਤਕ ਮਸਲਿਆਂ ਜਾਂ ਸਰੋਕਾਰਾਂ ਲਈ ਜਥੇਬੰਦੀ ਦੀ ਲੋੜ ਹੁੰਦੀ ਹੈ।ਵਿਗਿਆਨ ਨੇ ਬੇਸ਼ਕ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ ਤੇ ਹਰ ਤਰ੍ਹਾਂ ਦੀਆਂ ਬਾਹਰੀ ਸੁੱਖ ਸਹੂਲਤਾਂ ਵੀ ਪੈਦਾ ਕੀਤੀਆਂ ਹਨ ਤੇ ਕਰ ਰਿਹਾ ਹੈ, ਪਰ ਇਸ ਸਭ ਦੇ ਬਾਵਜੂਦ ਮਨੁੱਖ ਮਾਨਸਿਕ ਤੌਰ ਤੇ ਦਿਨੋ-ਦਿਨ ਪ੍ਰੇਸ਼ਾਨ ਤੇ ਮਾਨਸਿਕ ਰੋਗਾਂ ਨਾਲ ਘਿਰਦਾ ਜਾ ਰਿਹਾ ਹੈ, ਸਾਇੰਸ ਕੋਲ ਇਸਦਾ ਕੋਈ ਹੱਲ ਨਹੀਂ ਹੈ।ਸਾਇੰਸ ਨੇ ਬੇਸ਼ਕ ਮਨੋ ਵਿਗਿਆਨ ਤੇ ਕਾਫੀ ਕੰਮ ਕੀਤਾ ਹੈ, ਪਰ ਉਸਦੀ ਸਾਰੀ ਦਿਸ਼ਾ ਮਨ ਦੇ ਸੁਭਾਅ ਤੋਂ ਉਲਟ ਹੈ? ਸਾਇੰਸ ਦੀਆਂ ਨਵੀਂਆਂ ਕਾਢਾਂ ਨੇ ਮਨੁੱਖ ਦੇ ਅੰਦਰਲੇ ਵਿਕਾਰਾਂ ਨੂੰ ਭੜਕਾਉਣ ਲਈ ਬਲਦੀ ਤੇ ਤੇਲ ਦਾ ਕੰਮ ਹੀ ਕੀਤਾ ਹੈ।ਜਿਸ ਨਾਲ ਸਾਇੰਸ ਦੀ ਤਰੱਕੀ ਦੀ ਚਕਾਚੌਂਧ ਵਿੱਚ ਮਨੁੱਖ ਵਿਚੋਂ ਮਨੁੱਖਤਾ ਗੁਆਚਦੀ ਜਾ ਰਹੀ ਹੈ।

ਪੱਛਮ ਦੇ ਮਨੋ ਵਿਗਿਆਨਵਾਦੀਆਂ ਨੇ ਮਨੁੱਖ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਫਾਰਮੂਲਾ ਦਿੱਤਾ ਹੈ ਕਿ ਪਹਿਲਾਂ ਸਮੱਸਿਆ ਨੂੰ ਮੈਨੇਜ਼ ਕਰੋ, ਜੇ ਮੈਨੇਜ ਨਾ ਹੋਵੇ ਤਾਂ ਕੰਟਰੋਲ (ਕਾਬੂ) ਕਰੋ, ਜੇ ਕੰਟਰੋਲ ਨਾ ਹੋਵੇ ਤਾਂ ਸਪਰੈਸ (ਦਮਨ) ਕਰੋ, ਜੇ ਕੁਝ ਵੀ ਕੰਮ ਨਾ ਕਰੇ ਤਾਂ ਸਾਰੀ ਉਮਰ ਦਵਾਈਆਂ (ਡਿਪਰੈਸ਼ਨ ਆਦਿ ਦੀਆਂ) ਖਾਉ।ਪਰ ਪੱਛਮ ਦੇ ਮਨੋ ਵਿਗਿਆਨੀਆਂ ਦੇ ਇਹ ਸਾਰੇ ਫਾਰਮੂਲੇ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ ਤੇ ਅੱਜ ਪੱਛਮੀ ਸਮਾਜ ਪੂਰੀ ਤਰ੍ਹਾਂ ਮਾਨਸਿਕ ਰੋਗਾਂ ਤੇ ਵਿਕਾਰਾਂ ਦਾ ਸ਼ਿਕਾਰ ਹੋ ਕੇ ਪਾਗਲਪਨ ਦੇ ਪੱਧਰ ਤੇ ਪਹੁੰਚ ਚੁੱਕਾ ਹੈ, ਉਨ੍ਹਾਂ ਕੋਲ ਬਚਣ ਲਈ ਸਿਰਫ ਸੈਕਸ, ਮਨੋਰੰਜਨ (ਪੱਬ, ਕਲੱਬ), ਨਸ਼ੇ ਤੇ ਦਵਾਈਆਂ ਹੀ ਬਾਕੀ ਰਾਹ ਰਹਿ ਗਿਆ ਹੈ।ਜਿਸ ਵਿੱਚ ਉਹ ਦਿਨੋ ਦਿਨ ਫਸਦੇ ਜਾ ਰਹੇ ਹਨ ਅਤੇ ਆਪਣੀ ਸਰਮਾਏਦਾਰੀ ਦੀ ਧੌਂਸ ਨਾਲ ਬਾਕੀ ਸਾਰੀ ਮਨੁੱਖਤਾ ਨੂੰ ਇਸੇ ਵਿੱਚ ਫਸਾ ਰਹੇ ਹਨ।ਮੇਰੀ ਸਮਝ ਤੇ ਅਨੁਭਵ ਅਨੁਸਾਰ ਧਰਮ ਕੋਲ ਹੀ ਅਜਿਹੀਆਂ ਸਾਰੀਆਂ ਮਾਨਸਿਕ ਸਮੱਸਿਆਵਾਂ ਦਾ ਹੱਲ ਹੈ, ਪਰ ਧਰਮ ‘ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦਾ ਕਬਜਾ ਹੋਣ ਕਰਕੇ ਧਾਰਮਿਕ ਫਿਰਕਿਆਂ ਵਿਚੋਂ ਧਰਮ ਅਲੋਪ ਹੋ ਚੁੱਕਾ ਹੈ।ਧਰਮ ਦੇ ਨਾਮ ਤੇ ਦੁਕਾਨਦਾਰੀ ਤੇ ਸਿਆਸਤ ਹੀ ਚੱਲ ਰਹੀ ਹੈ।

ਅੱਜ ਮਨੁੱਖਤਾ ਨੂੰ ਤਬਾਹੀ ਤੋਂ ਬਚਾਉਣ ਲਈ ਜਿਥੇ ਮਨੁੱਖ ਨੂੰ ਜਥੇਬੰਦਕ ਧਰਮਾਂ ਤੋਂ ਆਜ਼ਾਦ ਕਰਾ ਕੇ ਅਸਲੀ ਧਰਮ ਨਾਲ ਜੋੜਨ ਦੀ ਲੋੜ ਹੈ, ਉਥੇ ਜਥੇਬੰਦਕ ਧਰਮਾਂ ਨੂੰ ਸਿਆਸੀ ਹਾਕਮਾਂ ਤੇ ਸਰਮਾਏਦਾਰੀ ਦੀ ਚੁੰਗਲ ‘ਚੋਂ ਕੱਢਣ ਦੀ ਲੋੜ ਹੈ।ਇਹ ਕੰਮ ਇਤਨਾ ਆਸਾਨ ਨਹੀਂ, ਪਰ ਜੇ ਅਸੀਂ ਸਾਰੇ ਆਪਣੇ ਅੰਦਰ ਝਾਤੀ ਮਾਰੀਏ ਤੇ ਦੇਖੀਏ ਕਿ ਸਾਡੇ ਜੀਵਨ ਨੂੰ ਉਚਾ ਚੁੱਕਣ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ਼, ਨਫਰਤ, ਸਾੜਾ ਆਦਿ ਦੀ ਥਾਂ ਉਚਾ-ਸੁੱਚਾ, ਸ਼ਾਂਤੀ ਤੇ ਸਬਰ-ਸੰਤੋਖ ਵਾਲਾ ਜੀਵਨ ਜੀਣ ਵਿੱਚ ਧਰਮ ਨੇ ਕੀ ਰੋਲ ਅਦਾ ਕੀਤਾ ਹੈ?

ਜੇ ਸਾਰੀ ਉਮਰ ਧਾਰਮਿਕ ਰਸਮਾਂ ਨਿਭਾਉਣ ਤੇ ਦਿਖਾਵਿਆਂ-ਪਹਿਰਾਵਿਆਂ ਦਾ ਭਾਰ ਢੋਹਣ ਤੋਂ ਬਾਅਦ ਵੀ ਜੀਵਨ ਵਿੱਚ ਦੋ ਪਲ ਸ਼ਾਂਤੀ  ਅਤੇ ਵਿਕਾਰਾਂ ਤੋਂ ਮੁਕਤ ਹੋ ਕੇ ਨਹੀਂ ਜੀਅ ਸਕੇ ਤਾਂ ਫਿਰ ਸਾਡੇ ਜੀਵਨ ਵਿੱਚ ਅਜਿਹੇ ਧਰਮ ਦੀ ਕੀ ਲੋੜ ਹੈ? ਸਾਨੂੰ ਕਿਸੇ ਤੋਂ ਨਹੀਂ, ਆਪਣੇ ਆਪ ਨੂੰ ਸਵਾਲ ਕਰਨ ਦੀ ਲੋੜ ਹੈ? ਬੇਸ਼ਕ ਪੁਜਾਰੀਆਂ ਤੇ ਧਰਮ ਦੇ ਪ੍ਰਭਾਵ ਅਧੀਨ ਸਮਾਜ ਤੇ ਪਰਿਵਾਰ ਨੇ ਸਾਡੀ ਬਚਪਨ ਤੋਂ ਅਜਿਹੀ ਕੰਡੀਸ਼ਨਿੰਗ ਤੇ ਬਰੇਨ ਵਾਸ਼ਿੰਗ ਕੀਤੀ ਹੋਈ ਹੈ ਕਿ ਅਸੀਂ ਜੀਵਨ ਦੇ ਹਰ ਖੇਤਰ ਵਿੱਚ ਦਿਮਾਗ ਵਰਤ ਕੇ, ਆਪਣਾ ਭਲਾ-ਬੁਰਾ ਸੋਚ ਕੇ, ਆਪਣਾ ਫਾਇਦਾ-ਨੁਕਸਾਨ ਸੋਚ ਕੇ ਚੱਲਦੇ ਹਾਂ।ਪਰ ਧਰਮ ਤੇ ਸਮਾਜਕ ਰੀਤਾਂ ਰਸਮਾਂ, ਵਿਸ਼ਵਾਸ਼ਾਂ, ਕਰਮਕਾਂਡਾਂ ਦੇ ਮਾਮਲੇ ਵਿੱਚ ਅਕਸਰ ਆਪਣਾ ਦਿਮਾਗ ਬੰਦ ਕਰ ਲੈਂਦੇ ਹਾਂ? ਸਾਡੀ ਸੋਚ ਸ਼ਕਤੀ ਬਿਲਕੁਲ ਖਤਮ ਹੋ ਜਾਂਦੀ ਹੈ? ਸਾਨੂੰ ਮਾਨਸਿਕ ਤੌਰ ਤੇ ਇਤਨੇ ਨਿਮਾਣੇ ਤੇ ਨਿਤਾਣੇ ਬਣਾ ਦਿੱਤਾ ਗਿਆ ਹੈ ਕਿ ਅਸੀਂ ਖਾਣ-ਪਹਿਨਣ ਵਰਗੇ ਛੋਟੇ-ਛੋਟੇ ਨਿੱਜੀ ਫੈਸਲੇ ਵੀ ਪੁਜਾਰੀ ਤੋਂ ਪੁੱਛ ਕੇ ਜਾਂ ਪੁਜਾਰੀ ਦੀ ਦੱਸੀ ਮਰਿਯਾਦਾ ਅਨੁਸਾਰ ਲੈਂਦੇ ਹਾਂ।ਸਾਨੂੰ ਜੀਵਨ ਦੇ ਹਰ ਪਹਿਲੂ ਤੇ ਖੁੱਲੇ ਦਿਮਾਗ ਨਾਲ ਸੋਚਣ ਤੇ ਵਿਚਾਰਨ ਦੀ ਲੋੜ ਹੈ? ਆਪਣੇ ਆਪ ਨੂੰ ਸਵਾਲ ਕਰਨ ਦੀ ਲੋੜ ਹੈ? ਆਪਣੇ ਆਪ ਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ? ਜੇ ਅਸੀਂ ਅਜਿਹਾ ਨਹੀਂ ਕਰਦੇ ਤਾਂ ਮਨੁੱਖਤਾ ਦੀ ਤਬਾਹੀ ਵਿੱਚ ਆਪਣਾ ਯੋਗਦਾਨ ਪਾ ਰਹੇ ਹੋਵਾਂਗੇ? ਸਾਡੀ ਖਾਮੋਸ਼ੀ, ਸਾਨੂੰ ਹੀ ਤਬਾਹ ਕਰਦੀ ਜਾ ਰਹੀ ਹੈ? ਸਾਨੂੰ ਇਧਰ ਜਾਂ ਓਧਰ ਖੜਨ ਦੀ ਲੋੜ ਹੈ? ਵਿੱਚ-ਵਿਚਾਲੇ ਵਾਲਾ ਰਸਤਾ ਆਤਮਿਕ ਤੌਰ ਤੇ ਮੌਤ ਦਾ ਰਸਤਾ ਹੈ? ਆਤਮਿਕ ਤੌਰ ਤੇ ਮੁਰਦਾ ਬਣ ਕੇ ਅਸੀਂ ਸਰੀਰਕ ਤੌਰ ਤੇ ਜ਼ਿੰਦਾ ਲਾਸ਼ਾਂ ਦਾ ਭਾਰ ਢੋਹਣ ਤੋਂ ਵੱਧ ਕੁਝ ਨਹੀਂ ਕਰ ਰਹੇ? ਜਾਗੋ ਤੇ ਅਗਿਆਨਤਾ, ਅੰਧ ਵਿਸ਼ਵਾਸ਼ ਦੀ ਨੀਂਦ ਤਿਆਗੋ?

 ਰਾਬਤਾ: 403-681-8689    
ਈ-ਮੇਲ: hp8689@gmail.com
ਭਾਰਤ ਦਾ ਜਮਹੂਰੀ ਅਕਸ ਖ਼ਤਰੇ ’ਚ -ਕੁਲਦੀਪ ਨਈਅਰ
ਪੰਜਾਬ ’ਚ ਅਧਿਕਾਰੀਆਂ ਅਤੇ ਵਿਧਾਇਕਾਂ ਦੇ ਟਕਰਾਓ ’ਤੇ ਸਿਆਸਤ ਦੀ ਖੇਡ -ਉਜਾਗਰ ਸਿੰਘ
ਨਾਵਲਿਸਟ ਜਸਵੰਤ ਸਿੰਘ ਕੰਵਲ ਦੇ ਬਹਾਨੇ ਨਾਵਲ ਬਾਰੇ ਚਰਚਾ – ਤਨਵੀਰ ਸਿੰਘ ਕੰਗ
ਇੰਡੋ-ਕੈਨੇਡੀਅਨ ਔਰਤਾਂ ਦੇ ਕਤਲਾਂ ਦੀ ਦਾਸਤਾਨ – ਸੁਖਵੰਤ ਹੁੰਦਲ
ਪਰਾਲੀ ਵੀ ਸੜ ਰਹੀ ਹੈ ਅਤੇ ਪੈਸਾ ਵੀ -ਪ੍ਰੋ. ਰਾਕੇਸ਼ ਰਮਨ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਆਵਾਜਾਈ ਦੇ ਸਾਧਨਾਂ ਦੀ ਵਧਦੀ ਗਿਣਤੀ: ਤਰੱਕੀ ਜਾਂ ਵਿਨਾਸ਼ – ਗੁਰਚਰਨ ਪੱਖੋਕਲਾਂ

ckitadmin
ckitadmin
November 29, 2014
ਅਸੀਂ ਉਡਦੇ ਪਰਿੰਦੇ – ਬਲਜਿੰਦਰ ਮਾਨ
ਜਦ ਵਿਸ਼ਵ ਸ਼ਾਂਤੀ ਮੇਰੇ ਘਰ ਆਈ – ਮਨਦੀਪ ਸੁੱਜੋਂ
PM ਮੋਦੀ ਦਾ ਚੰਡੀਗੜ੍ਹ ਨੂੰ ਤੋਹਫ਼ਾ, ਉਦੈਪੁਰ-ਚੰਡੀਗੜ੍ਹ ਸਿੱਧੀ ਰੇਲਗੱਡੀ ਸ਼ੁਰੂ, ਹੁਣ ਆਸਾਨ ਅਤੇ ਤੇਜ਼ ਹੋਵੇਗਾ ਸਫ਼ਰ
ਵਤਨ -ਪਵਨ ਕੁਮਾਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?