ਹਾਲ ਹੀ ਵਿੱਚ ਯੂ.ਪੀ. ਦੇ ਹਾਦਰਸ ਦੀ ਘਟਨਾ ਸਾਨੂੰ ਸਭ ਨੂੰ ਪਤਾ ਜਿੱਥੇ ਇਕ ਵੀਹ ਸਾਲ ਦੀ ਮਨੀਸ਼ਾ ਨਾਮ ਦੀ ਕੁੜੀ ਦਾ ਚਾਰ ਵਿਅਕਤੀਆਂ ਵੱਲੋਂ ਗੈਂਗ ਰੇਪ ਕੀਤਾ ਗਿਆ ਤੇ ਪੁਲਿਸ ਤੇ ਪ੍ਰਸ਼ਾਸਨ ਤੋਂ ਸਾਨੂੰ ਕੱਖ ਦੀ ਉਮੀਦ ਨਹੀਂ ਵੀ ਇਹ ਇਨਸਾਫ਼ ਲਈ ਕੁਝ ਕਰਨਗੇ। ਇਹ ਘਟਨਾ ਨਾ ਹੀ ਆਖ਼ਰੀ ਹੈ ਤੇ ਨਾ ਹੀ ਪਹਿਲੀ। ਜਦੋਂ 2012 ਚ 16 ਦਸੰਬਰ ਨੂੰ 23 ਸਾਲਾ ਨਿਰਭਯਾ ਦਾ ਬਲਾਤਕਾਰ ਹੁੰਦਾ ਓਹਦੇ ਸਰੀਰ ਚ ਲੋਹੇ ਦੀਆਂ ਰਾੜਾਂ ਪਾ ਦਿੱਤੀਆਂ ਜਾਂਦੀਆਂ ਨੇ ਤਾਂ ਉਹਦੇ ਬਲਾਤਕਾਰੀਆਂ ਨੂੰ ਹੁਣ 2020 ਚ ਆ ਕੇ ਫਾਂਸੀ ਦਿੱਤੀ ਜਾਂਦੀ ਐ।ਕੀ ਫਾਂਸੀ ਦੇਣ ਨਾਲ ਇਹ ਘਟਨਾਵਾਂ ਬੰਦ ਹੋ ਗਈਆਂ? ਨਹੀਂ ਸਗੋਂ ਔਰਤ ਵਿਰੋਧੀ ਹਿੰਸਾ ਦੀਆ ਘਟਨਾਵਾਂ ਵਿਚ ਤੇਜੀ ਨਾਲ ਵਾਧਾ ਹੋਏ ਹੈ । ਮਾਰਚ 2020 ਤੋਂ ਤਾਂ ਲਾਕਡਾਊਨ ਚੱਲ ਰਿਹਾ ਤੁਸੀਂ ਲੋਕਡੌਨ ਦੀਆਂ ਬਲਾਤਕਾਰ ਦੀਆਂ ਘਟਨਾਵਾਂ ਦੇਖ ਲਵੋ ਜਿਸ ਚ ਛੋਟੀਆਂ ਛੋਟੀਆਂ ਬੱਚਿਆਂ ਨਾਲ ਰੇਪ ਹੋਏ ਨੇ ਤੇ ਜਦੋਂ ਹੈਦਰਾਬਾਦ ਚ ਡਾਕਟਰ ਪ੍ਰਿਯੰਕਾ ਰੈਡੀ ਦਾ ਬਲਾਤਕਾਰ ਹੁੰਦਾ ਤੇ ਫਿਰ ਓਹਦੇ ਸਰੀਰ ਨੂੰ ਪੂਰੀ ਤਰ੍ਹਾਂ ਮਚਾ ਦਿੱਤਾ ਜਾਂਦਾ ਮਤਲਬ ਕੋਈ ਸਬੂਤ ਨੀ ਛੱਡਿਆ ਜਾਂਦਾ ਤਾਂ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਜਾਂਦਾ ਉਹਨਾਂ ਦਾ ਜੀਹਦੇ ਨਾਲ ਪੁਲਿਸ ਲੋਕਾਂ ਦੀ ਹੀਰੋ ਬਣ ਜਾਂਦੀ ਐ ਤੇ ਲੋਕਾਂ ਨੂੰ ਵੀ ਲੱਗਦਾ ਵੀ ਦੋਸ਼ੀਆਂ ਨੂੰ ਸਜ਼ਾ ਮਿਲ ਗਈ।
ਲੋਕ ਦਿਨ ਨੂੰ ਮਨਾਉਣ ਚ ਰੁਝ ਜਾਂਦੇ ਨੇ ,ਸੋਸ਼ਲ ਮੀਡੀਏ ਤੇ ਪੋਸਟਾਂ ਪਾ ਕੇ ਖੁਸ਼ੀ ਜ਼ਾਹਿਰ ਕਰਦੇ ਨੇ। ਏਥੇ ਇੱਕ ਗੱਲ ਸਮਝਣ ਵਾਲੀ ਆ ਵੀ ਜਦੋਂ ਕੋਈ ਸਬੂਤ ਹੀ ਨਹੀਂ ਛੱਡਿਆ ਗਿਆ ,ਕੁੜੀ ਨੂੰ ਮਚਾ ਕੇ ਸਵਾਹ ਕਰਤਾ ਤਾਂ ਪੁਲਿਸ ਨੂੰ ਕਿਵੇਂ ਪਤਾ ਲਗਿਆ ਵੀ ਰੇਪ ਇਹਨਾਂ ਨੇ ਹੀ ਕੀਤਾ..? ਪੁਲਿਸ ਨੇ ਕਾਹਦੇ ਅਧਾਰ ਤੇ ਉਹਨਾਂ ਦਾ ਐਨਕਾਊਂਟਰ ਕੀਤਾ…? ਹੁਣ ਮਨੀਸ਼ਾ ਵਾਲੇ ਕੇਸ ਚ ਤਾਂ ਕੁੜੀ ਦਾ ਅੰਤਿਮ ਸਸਕਾਰ ਵੀ ਪੁਲਿਸ ਨੇ ਰਾਤ ਦੇ ਢਾਈ ਵਜੇ ਕਰਤਾ,ਜਦੋਂ ਕਿ ਕੁੜੀ ਦੇ ਪਰਿਵਾਰ ਦਾ ਇੱਕ ਵੀ ਮੈਂਬਰ ਓਥੇ ਹਾਜ਼ਿਰ ਨਹੀਂ ਸੀ ਤੇ ਪਰਿਵਾਰ ਵਾਲਿਆਂ ਦੀ ਇਹੋ ਆਖਰੀ ਮੰਗ ਸੀ ਵੀ ਲਾਸ਼ ਸਾਨੂੰ ਦੇ ਦਿੱਤੀ ਜਾਵੇ ਤਾਂ ਕਿ ਅਸੀਂ ਆਪਣੇ ਹਿੰਦੂ ਰੀਤਿ ਰਿਵਾਜਾਂ ਨਾਲ ਓਹਨੂੰ ਆਪਣੇ ਘਰੋਂ ਵਿਦਾ ਕਰੀਏ।ਪਰ ਪੁਲਿਸ ਨੇ ਚੋਰੀ ਛਿਪੇ ਇਹ ਕੰਮ ਰਾਤੋ ਰਾਤ ਕਰਤਾ। ਹੁਣ ਪੁਲਿਸ ਕਹਿ ਰਹੀ ਆ ਕੁੜੀ ਦੇ ਘਰਦਿਆਂ ਨੂੰ ਅੰਤਿਮ ਸਸਕਾਰ ਕਰਨ ਲਈ ਕਿਹਾ ਸੀ ਪਰ ਓਹ ਆਪਣੇ ਘਰੋਂ ਬਾਹਰ ਨੀ ਆਏ ਤੇ ਨਾ ਹੀ ਓਹਨਾ ਨੇ ਪੁਲਿਸ ਵਾਲਿਆਂ ਨੂੰ ਆਪਣੇ ਘਰ ਦਾ ਗੇਟ ਖੋਲ੍ਹਿਆ। NDTV ਦੀ ਕਵਰੇਜ ਅਨੁਸਾਰ ਘਰਦਿਆਂ ਨੇ ਬਿਆਨ ਦਿੱਤਾ ਕਿ ਪੁਲਿਸ ਸਾਨੂੰ ਮਜਬੂਰ ਕਰ ਰਹੀ ਸੀ ਰਾਤੋ ਰਾਤ ਸਸਕਾਰ ਕਰਨ ਨੂੰ ਪਰ ਅਸੀਂ ਦਿਨ ਵੇਲੇ ਆਪਣੇ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ ਕਰਨਾ ਸੀ। ਹੁਣ ਏਥੇ ਸੋਚਣ ਵਾਲੀ ਗੱਲ ਇਹ ਹੈ ਕੇ ਪੁਲਿਸ ਨੂੰ ਕੀ ਕਾਹਲੀ ਸੀ ਸਸਕਾਰ ਦੀ? ਇਹੀ ਵੀ ਪੁਲਿਸ ਨੂੰ ਉੱਪਰੋਂ ਪ੍ਰੈਸ਼ਰ ਪਾਇਆ ਜਾ ਰਿਹਾ ਸੀ।
ਬੀ.ਜੇ.ਪੀ. ਨੂੰ ਅਸੀਂ ਭੁੱਲੇ ਨਹੀਂ ਹੈਗੇ ,ਇਹ ਉਹੀ ਬੰਦੇ ਨੇ ਜੋ ਕਠੂਆ ਦੇ ਮੰਦਿਰ ਚ ਬਲਾਤਕਾਰ ਦੀ ਸ਼ਿਕਾਰ ਹੋਈ 7 ਸਾਲ ਦੀ ਆਸਿਫਾ ਬਾਨੁ ਦੇ ਬਲਾਤਕਾਰੀਆਂ ਦੇ ਹੱਕ ਵਿੱਚ ਤਿਰੰਗੇ ਲੈ ਕੇ ਯਾਤਰਾਵਾਂ ਕਰਦੇ ਨੇ। ਇਹੋ ਜਿਹੀ ਸਰਕਾਰ ਤੋਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ। ਇਹ ਔਰਤ ਵਿਰੋਧੀ ਸਰਕਾਰ ਆ। ਬੀ.ਜੇ.ਪੀ. ਦੇ ਉਣਾਓ ਦੇ MLA ਕੁਲਦੀਪ ਸੇਂਗਰ ਵੱਲੋ ਇੱਕ ਕੁੜੀ ਨਾਲ ਬਲਾਤਕਾਰ ਕੀਤਾ ਜਾਂਦਾ ਜਦੋਂ ਉਹ ਕੁੜੀ ਦੇ ਘਰਦਿਆਂ ਵੱਲੋਂ ਕੋਰਟ ਚ ਕੇਸ ਦਰਜ ਕਰਵਾਇਆ ਜਾਂਦਾ ਹੈ ਤਾਂ ਪੇਸ਼ੀ ਤੇ ਜਾਂਦੇ ਸਮੇਂ ਕੁੜੀ ਦੇ ਪਰਿਵਾਰ ਤੇ ਵਕੀਲ ਦੀ ਕਾਰ ਦਾ ਐਕਸੀਡੈਂਟ ਕਰਵਾ ਦਿੱਤਾ ਜਾਂਦਾ ਉਸ MLA ਵੱਲੋ। ਫੇਰ ਇਹ ਸਰਕਾਰ ਘਟਨਾਵਾਂ ਤੇ ਕਾਬੂ ਪਾਉਣ ਦੀ ਬਜਾਏ ਕੁੜੀਆਂ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੰਦੀ ਆ ਵੀ ਕੁੜੀਆਂ ਦੇ ਛੋਟੇ ਕਪੜੇ ਪਾਏ ਹੁੰਦੇ ਨੇ ਤੇ ਉਹ ਮੁੰਡਿਆਂ ਨੂੰ ਉਕਸਾਉਂਦੀਆਂ ਨੇ।।ਇਹਨਾਂ ਨੂੰ ਪੁੱਛਦੇ ਆਂ ਵੀ ਢਾਈ ਸਾਲਾਂ ਦੀ ਕੁੜੀ ਦਾ ਬਲਾਤਕਾਰ ਹੁੰਦਾ ਤਾਂ ਉਹਦੇ ਕਿਹੜੀ ਮਿਨੀ ਸਕਰਟ ਪਾਈ ਹੋਈ ਸੀ ਤੇ ਜਦੋਂ 80 ਸਾਲ ਦੀ ਬੇਬੇ ਦਾ ਬਲਾਤਕਾਰ ਹੁੰਦਾ ਤਾਂ ਉਹ ਕਿਵੇਂ ਉਕਸਾ ਰਹੀ ਸੀ? ਆਸਿਫਾ ਸਿਰਫ 7 ਸਾਲ ਦੀ ਕੁੜੀ ਮੰਦਿਰ ਚ ਪੂਜਾ ਕਰਨ ਜਾਂਦੀ ਸੀ ਉਹ ਕਿਹੜੇ ਕਪੜਿਆਂ ਨਾਲ ਉਕਸਾ ਰਹੀ ਸੀ? ਇਹ ਉਕਸਾਉਣਾਕੁਝ ਨੀ ਹੁੰਦਾ ਇਹ ਸਿਰਫ ਮਾਨਸਿਕਤਾ ਦਾ ਸਵਾਲ ਆ।
ਰੇਪ ਕਲਚਰ ਦਾ ਸਭ ਤੋਂ ਵੱਡਾ ਕਰਨ ਲਿੰਗਕ ਅਸਮਾਨਤਾ ਹੈ।ਔਰਤ ਵਿਰੋਧੀ ਹਿੰਸਾ ਇਕੱਲਤਾ ਵਿਚ ਕਦੇ ਨਹੀਂ ਹੁੰਦੀ ,ਇਹ ਇੱਕ ਯੋਜਨਾਬੱਧ ਬਲਾਤਕਾਰ ਦਾ ਹਿੱਸਾ ਹੈ। ਇਸ ਪਿੱਛੇ ਸਮਾਜਿਕ ਕਾਰਨ ਹਨ ਜਿਵੇਂ ਕੁੜੀ ਮੁੰਡੇ ਦੇ ਪਾਲਣ ਪੋਸ਼ਣ ਵਿੱਚ ਵਿਤਕਰਾ ਕਰਨਾ। ਬਚਪਨ ਤੋਂ ਦਿਮਾਗਾਂ ਚ ਇਹ ਭਰਨਾ ਵੀ ਮੁੰਡੇ ਤਾਂ ਤਾਕਤਵਰ ਹੁੰਦੇ ਨੇ ਜਾਂ ਮੁੰਡਿਆਂ ਦਾ ਕੀ ਆ ਇਹ ਤਾਂ ਏਦਾਂ ਹੀ ਕਰਦੇ ਹੁੰਦੇ ਨੇ। ਕੁੜੀ ਦੀ ਇੱਜਤ ਕੁੜੀ ਦੇ ਹੱਥ ਹੁੰਦੀ ਹੈ ਵਗੈਰਾ! ਵਗੈਰਾ! ਹੁਣ ਇਹ ਇੱਜਤ ਦਾ ਸੰਬੰਧ ਔਰਤ ਦੀ ਯੋਨੀ ਨਾਲ ਕਿਉਂ ਹੈ? ਇੱਜਤ ਯੋਨੀ ਵਿੱਚ ਪਈ ਹੁੰਦੀ ਐ ਇਹ ਕਿੱਥੇ ਲਿਖਿਆ? ਬਲਾਤਕਾਰ ਕੁੜੀ ਦਾ ਹੁੰਦਾ ਤੇ ਸਮਾਜ ਕੁੜੀ ਨੂੰ ਹੀ ਦੋਸ਼ੀ ਠਹਿਰਾਉਂਦਾ…ਕਿ ਤੂੰ ਇਕੱਲੀ ਘਰੋਂ ਬਾਹਰ ਕਿਉਂ ਗਈ ਸੀ ਜਾਂ ਰਾਤ ਨੂੰ ਕੁੜੀਆਂ ਦਾ ਬਾਹਰ ਕੀ ਕੰਮ…! ਕਿਉਂ ਨਹੀਂ ਬਲਾਤਕਾਰੀ ਨੂੰ ਜਾ ਜ਼ੁਲਮੀ ਨੂੰ ਫੜ੍ਹਿਆ ਜਾਂਦਾ ਜਾਂ ਇਹ ਸਾਰੇ ਸਵਾਲ ਓਹਨੂੰ ਕਿਉਂ ਨਹੀਂ ਪੁੱਛੇ ਜਾਂਦੇ ..??? ਕਿਉਂਕਿ ਸਮਾਜ ਚ ਪਿੱਤਰਸਤਾ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਫ਼ੈਲੀਆਂ ਹੋਈਆਂ ਨੇ ਅਤੇ ਦਿਮਾਗ ਚ ਇਹ ਬੈਠਿਆ ਹੋਇਆ ਵੀ ਮੁੰਡੇ ਤਾਂ ਹੁੰਦੇ ਏ ਏਦਾਂ ਨੇ।
ਏਥੇ ਕੁਝ ਕ ਉਦਹਾਰਣਾਂ ਸਮੇਤ ਮੈਂ ਗੱਲ ਕਰਦੀ ਹਾਂ ਜਿਵੇਂ…1) ਬਲਾਤਕਾਰ ਦੇ ਚੁਟਕਲੇ : ਜਦੋਂ ਅਸੀਂ ਕਿਸੇ ਅਜਿਹੇ ਮਸਲੇ ਤੇ ਗੱਲ ਕਰਦੇ ਹਾਂ ਤਾਂ ਅਸੀਂ ਇਸ ਵਿੱਚੋ ਦਰਦ ਨੂੰ ਗਾਇਬ ਕਰ ਦਿੰਦੇ ਹਾਂ ਮਤਲਬ ਦੁਖਦਾਈ ਘਟਨਾ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਤੇ ਇਸ ਨੂੰ ਹਾਸੇ ਵੱਜੋਂ ਲਿਆ ਜਾਂਦਾ ਹੈ। ਮੈਂ ਆਮ ਦੇਖਦੀ ਹਾਂ ਕੁੜੀਆਂ ਮੁੰਡਿਆਂ ਦੇ ਗਰੁੱਪ ਜਦੋ ਉਹ ਇਕ ਦੂਜੇ ਨਾਲ ਸ਼ਰਾਰਤ ਕਰਦੇ ਨੇ ਤਾਂ ਆਮ ਕਹਿੰਦੇ ਨੇ ਕੇ ਯਰ ਤੂੰ ਤਾਂ ਮੇਰਾ ਬਲਾਤਕਾਰ ਹੀ ਕਰਤਾ। ਬਲਾਤਕਾਰ ਕੋਈ ਮਾਨਣ ਵਾਕਈ ਚੀਜ਼ ਥੋੜ੍ਹੀ ਆ ਅਤੇ ਅਸੀਂ ਇਸ ਨੂੰ ਹੋਰ ਸ਼ਹਿ ਦਿੰਦੇ ਹਾਂ। ਬਲਾਤਕਾਰ ਦਾ ਮਜ਼ਾਕ ਅਤੇ ਚੁਟਕਲੇ ਬਲਾਤਕਾਰ ਦੀ ਤੀਬਰਤਾ, ਅਪਰਾਧ ਅਤੇ ਅੱਤਿਆਚਾਰ ਨੂੰ ਦਰਸਾਉਂਦੇ ਹਨ ਅਤੇ ਨਾਲ ਹੀ ਪੀੜਤਾਂ ਨੂੰ ਅਲੱਗ ਥਲੱਗ ਕਰਦੇ ਹਨ ਜੋ ਆਪਣੇ ਤਜ਼ਰਬੇ ਸਾਂਝੇ ਕਰਨ1 ਤੋਂ ਝਿਜਕਦੇ ਹਨ.
2) ਪੀੜਤ ਨੂੰ ਦੋਸ਼ ਦੇਣਾ : ਪੀੜਤ ਨੂੰ ਦੋਸ਼ੀ ਠਹਿਰਾਉਣਾ ਓਹਨੂੰ ਸਮਾਜ ਨਾਲੋਂ ਤੋੜ ਦਿੰਦਾ ਹੈ, ਅਲੱਗ ਕਰ ਦਿੰਦਾ ਹੈ ਅਤੇ ਓਹਨਾ ਲਈ ਕਿਸੇ ਦੁਰਵਿਵਹਾਰ ਜਾਂ ਜਿਨਸੀ ਹਮਲੇ ਦੀ ਗੱਲ ਦੱਸਣਾ ਮੁਸ਼ਕਲ ਬਣਾ ਦਿੰਦਾ ਹੈ। ਸਮਾਜ ਪੀੜਤਾਂ ਤੇ ਹੋਏ ਅਤਿਆਚਾਰਾਂ ਲਈ ਪੀੜਤਾਂ ਨੂੰ ਹੀ ਦੋਸ਼ੀ ਠਹਿਰਾਉਂਦਾ ਹੈ ਜਿਸ ਕਰਕੇ ਪੀੜਤ ਇਸ ਬਾਰੇ ਗੱਲ ਕਰਨ ਵਿਚ ਸੁਰੱਖਿਆ ਮਹਿਸੂਸ ਨਹੀਂ ਕਰਦਾ। ਕਿਸੇ ਵੀ ਕਿਸਮ ਦੇ ਜਿਨਸੀ ਸ਼ੋਸ਼ਣ ਲਈ ਪੀੜਤ ਨੂੰ ਦੋਸ਼ੀ ਠਹਿਰਾਉਣਾ ਇਹ ਧਾਰਣਾ ਪੈਦਾ ਕਰਦਾ ਹੈ ਕਿ ਬਲਾਤਕਾਰ ਅਜਿਹੀ ਚੀਜ ਹੈ ਜੋ ਸਮਾਜ ਵਿੱਚ ਪ੍ਰਚਲਿਤ ਅਤੇ ਆਮ ਹੈ, ਅਤੇ ਆਪਣੇ ਆਪ ਨੂੰ ਬਚਾਉਣਾ “ਇੱਕ ਵਿਅਕਤੀ ਦੀ ਜ਼ਿੰਮੇਵਾਰੀ ਹੈ। ਅਜਿਹਾ ਰਵੱਈਆ ਜਿਨਸੀ ਹਿੰਸਾ ਨੂੰ ਸਧਾਰਣ ਕਰਦਾ ਹੈ।
3) ਗਾਲ਼ਾਂ ਕੱਢਣੀਆਂ : ਗਾਲਾਂ ਕੱਢਣੀਆਂ ਅਕਸਰ ਹੀ ਸਾਡੇ ਸਮਾਜ ਵਿੱਚ ਵਿਰੋਧੀ ਪੱਖ ਨੂੰ ਨੀਵਾਂ ਦਿਖਾਉਣ ਲਈ ਕੱਢੀਆਂ ਜਾਂਦੀਆਂ ਨੇ। ਜੇਕਰ ਦੋ ਮਰਦ ਆਪਸ ਵਿੱਚ ਲੜ੍ਹਦੇ ਨੇ ਤਾਂ ਗਾਲ ਓਹ ਔਰਤ ਵਿਰੋਧੀ ਹੀ ਹੁੰਦੀ ਐ ਜਿਵੇਂ ਤੇਰੀ ਮਾਂ ਦੀ , ਤੇਰੀ ਭੈਣ ਦੀ ਆਦਿ।ਏਥੋਂ ਤੱਕ ਕੇ ਦੋ ਔਰਤਾਂ ਵੀ ਆਪਸ ਵਿੱਚ ਲੜਦੀਆਂ ਨੇ ਤਾਂ ਉਹ ਵੀ ਇਹੋ ਗਾਲ਼ਾਂ ਕੱਢਦੀਆਂ ਨੇ, ਕਿਉਂਕਿ ਉਹ ਵੀ ਪਿਤਰਕੀ ਸਮਾਜ ਦਾ ਹਿੱਸਾ ਨੇ। ਗਾਲ਼ਾਂ ਵੀ ਕਿਸੇ ਦਾ ਸ਼ੋਸ਼ਣ ਕਰਨ ਲਈ ਲਈ ਵਿਅਕਤੀ ਨੂੰ ਉਤਸ਼ਾਹਿਤ ਕਰਦੀਆਂ ਹਨ।
4) ਬਾਜ਼ਾਰੀਕਰਨ : ਇਸ ਨੂੰ ਮੰਡੀ ਨਾਲ ਜੋੜਿਆ ਜਾਂਦਾ ਹੈ। ਜਿਵੇਂ ਟੀ ਵੀ , ਸੋਸ਼ਲ ਮੀਡੀਆ , ਇਸ਼ਤਿਹਾਰ , ਫ਼ਿਲਮਾਂ ਵਿੱਚ ਵੀ ਔਰਤ ਨੂੰ ਇੱਕ ਮਨੁੱਖ ਵਜੋਂ ਨਹੀਂ ਦਿਖਾਇਆ ਜਾਂਦਾ ,ਉਹਨੂੰ ਵਿਚਾਰੀ ਬਣਾ ਕੇ ਜਾਂ ਸੰਭਾਲ ਕੇ ਰੱਖਣ ਵਾਲੀ ਚੀਜ਼ ਜਾਂ ਮਰਦ ਦੀ ਪੂਰਤੀ ਕਰਨ ਜੋਗੀ ਸਮਝਿਆ ਜਾਂਦਾ। ਓਹਦੀਆਂ ਇੱਛਾਵਾਂ ,ਸੁਪਨਿਆਂ ਨੂੰ ਅਣਗੋਲਿਆਂ ਕੀਤਾ ਜਾਂਦਾ।ਮੰਡੀ ਵੱਲੋਂ ਔਰਤਾਂ ਦੀ ਸੁੰਦਰਤਾ, ਗੋਰੇਪਣ ਦਾ ਹੋਣਾ ਮਹੱਤਵਪੂਰਨ ਬਣਾਇਆ ਜਾਂਦਾ ਜੋ ਕੇ ਉਹਨਾਂ ਦੀ ਮਨੁੱਖ ਹੋਣ ਦੀ ਹੋਂਦ ਨੂੰ ਖਤਮ ਕਰਕੇ ਬਲਾਤਕਾਰ ਦੇ ਸਭਿਆਚਾਰ ਨੂੰ ਬੜਾਵਾ ਦਿੰਦਾ ਹੈ ਅਤੇ ਔਰਤਾਂ ਵਿਰੁੱਧ ਹਿੰਸਾ ਨੂੰ ਜ਼ਾਇਜ਼ ਠਹਿਰਾਉਂਦਾ ਹੈ।
5) ਇਜ਼ੱਤ ਦਾ ਸਵਾਲ : ਭਾਰਤ ਵਿੱਚ ਬਲਾਤਕਾਰ ਸਭਿਆਚਾਰ ਦਾ ਸਭ ਤੋਂ ਵੱਡਾ ਨਿਰਮਾਣ ਕਰਨ ਵਾਲਾ ਇਹ ਤੱਥ ਹੈ ਕਿ ਇੱਕ ਪਰਿਵਾਰ ਜਾਂ ਭਾਈਚਾਰੇ ਦਾ ਸਤਿਕਾਰ ਇੱਕ ਔਰਤ ਦੀ ਜਿਨਸੀ ‘ਸ਼ੁੱਧਤਾ’ ਨਾਲ ਬੰਨ੍ਹਿਆ ਜਾਂਦਾ ਹੈ। ਉਸਦੇ ਸਰੀਰ ਨੂੰ ਇੱਕ ਪਵਿੱਤਰ ਚੀਜ਼ ਮੰਨਿਆ ਜਾਂਦਾ ਹੈ। ਬਲਾਤਕਾਰ ਦਾ ਸਭਿਆਚਾਰ ਪੀੜਤਾ ਦੀ ਬੇਇੱਜ਼ਤੀ ਕਰ ਰਿਹਾ ਹੈ, ਬਲਾਤਕਾਰੀ ਦੀ ਨਹੀਂ, ਕਿਉਂਕਿ ਔਰਤਾਂ ਨੂੰ ਸਮਾਜ ਦੇ ‘ਸਨਮਾਨ’ ਵਜੋਂ ਦੇਖਿਆ ਜਾਂਦਾ ਹੈ। ਬਲਾਤਕਾਰੀ ਦਾ ਬਦਲਾ ਲੈਣ ਲਈ ਇਸਨੂੰ ਬਹੁਤ ਸ਼ਕਤੀਸ਼ਾਲੀ ਢੰਗ ਵੱਜੋਂ ਦੇਖਿਆ ਜਾਂਦਾ ਹੈ ਕਿਉਂਕਿ ਇਸਨੂੰ ਬਦਨਾਮੀ ਅਤੇ ਸ਼ਰਮ ਵਰਗੇ ਵਿਚਾਰਾਂ ਨੂੰ ਜੋੜਿਆ ਹੋਇਆ ਹੈ।ਬਲਾਤਕਾਰ ਅਤੇ ਇਸ ਨਾਲ ਜੁੜੇ ਕਲੰਕ ਪੀੜਤ ਲਈ ਨਿਆਂ ਲੱਭਣਾ ਮੁਸ਼ਕਿਲ ਕਰ ਦਿੰਦੇ ਹਨ ਕਿਉਂਕਿ ਪੀੜਤ ਪਰਿਵਾਰ ਬਦਨਾਮੀ ਦੇ ਡਰ ਤੋਂ ਜੁਰਮ ਦੀ ਰਿਪੋਰਟ ਨਹੀਂ ਕਰਵਾਉਂਦਾ।
6) ਜਾਤੀ ਪੱਖ ਪਾਤ : ਦਲਿਤ ਔਰਤਾਂ ਨਾਲ ਹੋ ਰਹੇ ਜ਼ੁਲਮਾਂ ਦਾ ਬਹੁਪੱਖੀ ਰੰਗ ਹੈ। ਉਹਨਾਂ ਨਾਲ ਨਾ ਸਿਰਫ਼ ਉੱਚ ਜਾਤੀਆਂ ਬਲਕਿ ਦਲਿਤ ਭਾਈਚਾਰੇ ਦੇ ਲੋਕ ਵੀ ਅਤਿਆਚਾਰ ਕਰਦੇ ਹਨ। ਜਾਤੀ ਪ੍ਰਣਾਲੀ ਇੱਕ ਅਜਿਹੀ ਹੈ ਜਿਸ ਵਿੱਚ ਦਲਿਤ ਜਾਤੀਆਂ ਵਿੱਚ ਵੀ ਪੜਾਅ ਹਨ।ਕੁਝ ਜਾਤੀਆਂ ਦੂਜੀਆਂ ਨਾਲੋਂ ਉੱਚੀਆਂ ਹਨ।
ਇਹਦਾ ਹੱਲ ਕੀ ਹੈ ?
ਜਦੋਂ ਕਿਸੇ ਕੁੜੀ ਦਾ ਬਲਾਤਕਾਰ ਹੁੰਦਾ ਤਾਂ ਸਾਰੇ ਪੁਲਿਸ,ਕਨੂੰਨ ਤੇ ਆਸਾਂ ਲਾਉਂਦੇ ਨੇ ਕਿ ਬਲਾਤਕਾਰੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਓਹ ਚਾਹੇ ਉਮਰ ਕੈਦ ਹੋਵੇ ਜਾਂ ਫਿਰ ਫਾਂਸੀ ਹੋਵੇ। ਪਰ ਜਿਵੇਂ ਹੁਣ ਤੱਕ ਦੇ ਅੰਕੜਿਆਂ ਦੇ ਹਿਸਾਬ ਨਾਲ 2006 ਵਿਚ ਬਲਾਤਕਾਰੀ ਨੂੰ ਪਹਿਲੀ ਵਾਰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਪਰ ਹੁਣ 2020 ਚਲ ਰਿਹਾ ਤੇ ਇਹ ਕੇਸ ਘਟਣ ਦੀ ਬਜਾਏ ਲਗਾਤਾਰ ਵੱਧ ਰਹੇ ਹਨ। ਜਦੋਂ ਤੋਂ ਕਨੂੰਨ ਦੀ ਗੱਲ ਆਉਂਦੀ ਹੈ ਤਾਂ ਬਲਾਤਕਾਰੀ ਵੱਲੋ ਪੀੜਤ ਨੂੰ ਮਾਰ ਕੇ ਜਲਾ ਦਿੱਤਾ ਜਾਂਦਾ ਹੈ ਤਾਂ ਕੇ ਕੋਈ ਸਬੂਤ ਨਾ ਬਚ ਸਕੇ। ਸਮਾਜ ਵਿਚ 90% ਬਲਾਤਕਾਰ ਸਾਡੇ ਜਾਣਕਾਰਾਂ ਵੱਲੋ ਹੀ ਕੀਤੇ ਜਾਂਦੇ ਹਨ। ਲੋੜ ਹੈ ਇਸ ਔਰਤ ਵਿਰੋਧੀ ਸੰਸਥਵਾਂ ਨੂੰ ਬਦਲਣ ਦੀ। ਕੁੜੀ ਅਤੇ ਮੁੰਡੇ ਦੇ ਪੈਦਾ ਹੋਣ ਦੇ ਤੁਰੰਤ ਬਾਅਦ ਹੀ ਉਹਨਾਂ ਨੂੰ ਵਿਤਕਰਿਆਂ ਨਾਲ ਪਾਲਿਆ ਜਾਂਦਾ। ਅਕਸਰ ਇਹ ਹੁੰਦਾ ਵੀ ਬਚਪਨ ਵਿੱਚ ਜਦੋਂ ਸਾਰੇ ਜਵਾਕ ਮੁੰਡੇ ਕੁੜੀਆਂ ਇਕੱਠੇ ਖੇਡਦੇ ਨੇ ਤਾਂ ਕੁੜੀ ਨੂੰ ਮਾਂ ਪਿਓ ਬਾਂਹ ਫੜ ਕੇ ਘਰੇ ਲੈ ਜਾਂਦਾ ਵੀ ਕੁੜੀਆਂ ਮੁੰਡਿਆਂ ਨਾਲ ਨਹੀਂ ਖੇਡਦੀਆਂ ਹੁੰਦੀਆਂ, ਇਹਦੇ ਨਾਲ “ਕੰਨ ਪੱਕ ਜਾਂਦੇ ਨੇ ਵਗੈਰਾ!ਵਗੈਰਾ! ਇਹ ਧਾਰਨਾਵਾਂ ਜਦੋਂ ਅਸੀਂ ਬੱਚਿਆਂ ਅੰਦਰ ਪੈਦਾ ਕਰਦੇ ਹਾਂ ਤਾਂ ਉਹਨਾਂ ਨੂੰ ਆਪਸ ਵਿਚ ਵਿਚਰਨ ਦਾ ਮੌਕਾ ਨਹੀਂ ਦਿੰਦੇ। ਜਵਾਕਾਂ ਨੂੰ ਬਚਪਨ ਤੋਂ ਹੀ ਅਸ਼ਲੀਲਤਾ ਡਰ ਪਾਠ ਪੜ੍ਹਾਏ ਜਾਂਦੇ ਨੇ।ਸਕੂਲਾਂ ਵਿੱਚ ਵੀ ਕੁੜੀਆਂ ਮੁੰਡਿਆਂ ਨੂੰ ਅਲੱਗ ਅਲੱਗ ਰੱਖਿਆ ਜਾਂਦਾ ਜੀਹਦੇ ਕਾਰਨ ਇਹ ਚੀਜਾਂ ਚਿੰਤਾ ਦਾ ਵਿਸ਼ਾ ਬਣ ਜਾਂਦੀਆਂ ਨੇ। ਸਮਾਜ ਨੂੰ ਚਾਹੀਦਾ ਵੀ ਬਚਪਨ ਤੋਂ ਹੀ ਜਵਾਕਾਂ ਨੂੰ ਇਕੱਠੇ ਖੇਡਣ ,ਬੈਠਣ,ਉੱਠਣ ,ਵਿਚਰਨ ਦਿਓ ਤਾਂ ਕੇ ਇੱਕ ਦੂਜੇ ਨੂੰ ਸਮਝ ਸਕਣ ਤੇ ਇੱਕ ਦੂਜੇ ਦੀ ਇਜ਼ਤ ਕਰਨੀ ਸਿੱਖ ਸਕਣ। ਸਾਡੇ ਸਮਾਜ ਵਿਚ ਔਰਤਾਂ ਨੂੰ ਦੂਜੇ ਦਰਜੇ ਦੀ ਨਾਗਰਿਕ ਸਮਝਿਆ ਜਾਂਦਾ ਹੈ। ਇਸ ਤੱਥ ਨੂੰ ਅਣਗੋਲਿਆਂ ਕਰਕੇ ਬਰਾਬਰਤਾ ਦੀ ਗੱਲ ਕਰਨੀ ਪਏਗੀ ਅਤੇ ਇੱਕ ਬਰਾਬਰੀ ਦੇ ਸਮਾਜ ਵੱਲ ਵੱਧਣਾ ਪਏਗਾ।
ਦੂਜੀ ਗੱਲ ਸਾਡੇ ਕਾਇਦੇ ਕਨੂੰਨਾਂ ਵਿੱਚ ਵੀ ਔਰਤ ਦੀ ਭਾਗੀਦਾਰੀ ਨਾ ਬਰਾਬਰ ਹੀ ਹੈ। ਇਸ ਕਲਚਰ ਨੂੰ ਖਤਮ ਕਰਨ ਲਈ ਸਾਨੂੰ ਪਾਰਲੀਮੈਂਟ ਵਿਚ, ਕੋਰਟਾਂ ਵਿਚ, ਸਰਕਾਰੀ ਸੰਸਥਾਵਾਂ ਵਿੱਚ ਜਾਂ ਜਦੋਂ ਕਨੂੰਨ ਬਣਦੇ ਨੇ ਤਾਂ ਉੱਥੇ ਔਰਤਾਂ ਦੀ ਭਾਗੀਦਾਰੀ ਨੂੰ ਪਹਿਲ ਦੇ ਅਧਾਰ ਤੇ ਰੱਖਣਾ ਪਏਗਾ ਤਾਂ ਹੀ ਅਸੀਂ ਇਹਨਾਂ ਘਟਨਾਵਾਂ ਦੇ ਖ਼ਾਤਮੇ ਵੱਲ ਵਧ ਸਕਾਂਗੇ। ਲੋੜ ਹੈ ਸਮਾਜ ਵਿੱਚੋਂ ਪਿੱਤਰਸਤਾ ਦੀਆਂ ਜੜ੍ਹਾਂ ਨੂੰ ਧੁਰ ਤੋਂ ਪੱਟਣ ਦੀ ਤੇ ਔਰਤਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ।


