ਅਮਿਤੋਜ ਚੰਡੀਗੜ ਦੇ ਪੰਜਾਬੀ ਵਿਭਾਗ ’ਚ 1969 ’ਚ ਆਇਆ ਤੇ ਕੁੜੀਆਂ ਦਾ ਚਹੇਤਾ ਬਣ ਗਿਆ। ਉਹਦਾ ਚਿਹਰਾ ਅਭਿਨੈ ਕਰਦਾ। ਹਮਦਰਦੀ ਮੰਗਦਾ। ਸ਼ਿਕਾਇਤ ਕਰਦਾ, ਸ਼ਿਵ ਕੁਮਾਰ ਵਾਂਗ। ਇੰਜ ਲਗਦਾ ਜਿਵੇਂ ਜ਼ਿੰਦਗੀ ਉਹਨੂੰ ਤੰਗ ਕਰ ਰਹੀ ਹੈ।
ਉਦੋਂ ਮੈਂ ਯੂਨੀਵਰਸਟੀ ਦੇ ਤਿੰਨ ਨੰਬਰ ਹੋਸਟਲ ਦੀ ਡੋਰਮਿੱਟਰੀ ’ਚ ਰਹਿੰਦਾ ਸੀ। ਉਹ ਮੇਰੇ ਕਮਰੇ ’ਚ ਆ ਕੇ ਰਹਿਣ ਲੱਗਾ। ਮੇਰੇ ਕਮਰੇ ’ਚ ਇਕ ਵਾਧੂ ਬੈੱਡ ਸੀ। ਗਰਮੀ ਦੀਆਂ ਛੁੱਟੀਆਂ ਕਰਕੇ ਯੂਨੀਵਰਸਟੀ ਬੰਦ ਸੀ। ਅਮਿਤੋਜ ਦੇ ਆਉਣ ਨਾਲ ਰੌਣਕ ਹੋ ਗਈ। ਉਹ ਜਲੰਧਰੋਂ ਆਇਆ ਸੀ, ਜਿੱਥੇ ਉਹ ਸ਼ਮੀਮ ਦੇ ਨਾਂ ਹੇਠ ਕਵਿਤਾ ਲਿਖਦਾ। ਉਹਦੇ ਕਰਕੇ ਅਮਰਜੀਤ ਚੰਦਨ ਵੀ ਆ ਜਾਂਦਾ।
ਸਾਡੇ ਦੋਨਾਂ ਵਿਚਕਾਰ ਅਨੇੜਤਾ ਵਰਗੀ ਨੇੜਤਾ ਸੀ। ਉਹ ਬੋਲਦਾ ਘੱਟ, ਅਕਸਰ ਚੁੱਪ ਰਹਿੰਦਾ। ਮੈਨੂੰ ਉਹਦੀ ਚੁੱਪ ਜਾਅਲੀ ਲੱਗਦੀ, ਜਿਵੇਂ ਮੀਸਨੇ ਬੰਦੇ ਦੀ ਹੁੰਦੀ ਹੈ। ਮੈਂ ਦਿੱਲੀ ਤੋਂ ਚੰਡੀਗੜ੍ਹ ਹਰ ਹਫ਼ਤੇ ਗੇੜਾ ਮਾਰਦਾ। ਡੋਰਮਿੱਟਰੀ ਅਜੇ ਵੀ ਮੇਰੇ ਨਾਂ ’ਤੇ ਚੱਲੀ ਜਾ ਰਹੀ ਸੀ। ਮੈਂ ਉੱਥੇ ਰਹਿੰਦਾ। ਅਮਿਤੋਜ ਜਲੰਧਰ ’ਚ ਕਵਿਤਾ ਲਿਖਦਾ ਆਇਆ ਸੀ। ਚੰਡੀਗੜ੍ਹ ’ਚ ਉਹਨੇ ਨਵੀਆਂ ਲਿਖੀਆਂ ਕਵਿਤਾਵਾਂ ਸੁਣਾਈਆਂ। ਬੜੀ ਸਮਾਰਟ ਕਵਿਤਾ ਸੀ ਇਹ। ਇਹਦੀ ਲੈਅ ’ਚ ਅਨੂਠੀ ਊਰਜਾ ਸੀ। ਇਹ ਊਰਜਾ ਸਮਕਾਲੀ ਅਮਾਨਵੀ ਸਥਿਤੀ ਨਾਲ ਮੂਕ -ਟਕਰਾਓ ਤੋਂ ਪੈਦਾ ਹੋਈ ਸੀ। ਇਹਦੀ ਕਾਵਿ-ਭਾਸ਼ਾ ’ਚ ਤਾਜ਼ਗੀ ਸੀ, ਇਸ ਭਾਸ਼ਾ ’ਚ ਉਹਦੇ ਅੰਤਹ ਦੀ ਛਾਪ ਸੀ। ਮੈਂ ਇਹਨੂੰ ਸਮਾਰਟ ਕਵਿਤਾ ਕਹਿੰਦਾ। ਉਹਦਾ ਕੱਦਕਾਠ, ਜੁੱਸਾ, ਚਿਹਰਾ, ਸਭ ਸਮਾਰਟ ਸੀ।
ਉਹ ਐੱਮ. ਏ. ਪੰਜਾਬੀ ਕਰ ਰਹੀਆਂ ਕੁੜੀਆਂ ਨੂੰ ਕਵਿਤਾ ਸੁਣਾਂਦਾ। ਉਹ ਪ੍ਰਭਾਵਿਤ ਹੁੰਦੀਆਂ। ਇੱਕ ਬੜੀ ਸੁਨੱਖੀ ਕੁੜੀ ਸੀ ਇੰਦਰਜੀਤ। ਉਹ ਹੱਸਦੀ ਤਾਂ ਖਿੜੇ ਡੇਲੀਏ ਵਰਗਾ ਮੂੰਹ ਲੱਗਦਾ। ਉਹ ਅਮਿਤੋਜ ਨੂੰ ਮੁਹੱਬਤ ਦੇ ਨਾਲ ਤਰਸ ਮੁਹੱਈਆ ਕਰਦੀ। ਉਹਨੂੰ ਫੀਸ ਲਈ ਪੈਸੇ ਦੇਂਦੀ, ਜੀਹਦੀ ਉਹ ਸ਼ਰਾਬ ਪੀ ਲੈਂਦਾ। ਇੰਦਰਜੀਤ ਦੀ ਕਿਸੇ ਮੁੰਡੇ ਨਾਲ ਆਸ਼ਨਾਈ ਰਹਿ ਚੁੱਕੀ ਸੀ। ਮੁੰਡਾ ਪੁਲਿਸ ’ਚ ਭਰਤੀ ਹੋ ਕੇ ਚਲਾ ਗਿਆ ਸੀ। ਘਰ ਵਾਲਿਆਂ ਉਹਦੀ ਮਰਜ਼ੀ ਦੇ ਖਿਲਾਫ਼ ਵਿਆਹ ਕਰ ਦਿੱਤਾ। ਉਹ ਰੇਲਵੇ ਸਟੇਸ਼ਨ ਦੇ ਬਾਹਰ ਨਵੇਂ ਬਣੇ ਖਾਵੰਦ ਨੂੰ ਚਕਮਾ ਦੇ ਕੇ ਦੌੜ ਗਈ। ਭਰਾਵਾਂ ਨੇ ਉਹਦੇ ’ਤੇ ਤਸ਼ੱਦਦ ਕੀਤਾ, ਉਹ ਅੜ ਗਈ। ਹੁਣ ਪੜਣ ਲੱਗ ਪਈ ਸੀ। ਕਿੰਨਾ ਕੁਝ ਵਾਪਰ ਚੁੱਕਾ ਸੀ ਉਹਦੇ ਨਾਲ। ਤਦ ਮੈਂ ਦਿੱਲੀ ਜਾਣ ਤੋਂ ਪਹਿਲਾਂ ਯੂਨੀਵਰਸਟੀ ਦੇ ਅੰਗਰੇਜ਼ੀ ਵਿਭਾਗ ’ਚ ਆਰਜ਼ੀ ਲੈਕਚਰਾਰ ਲੱਗਾ ਹੋਇਆ ਸੀ। ਮੈਂ ਇੰਦਰਜੀਤ ਨੂੰ ਮਿਲਦਾ। ਮੇਰਾ ਦਿਲ ਕਰਦਾ ਇਹ ਕੁੜੀ ਮੇਰੀ ਦੋਸਤ ਬਣ ਜਾਵੇ। ਉਹਨੇ ਕਿਹਾ, ਬੜੀ ਦੇਰ ਹੋ ਚੁੱਕੀ ਹੈ, ਸ੍ਰੀ ਲੇਟ ਲਤੀਫ਼। ਮੈਂ ਦਿੱਲੀ ਚਲਾ ਗਿਆ। ਡੋਰਮਿੱਟਰੀ ਵਿਸ਼ਵਾਨਾਥ ਤਿਵਾੜੀ ਨੇ ਅਮਿਤੋਜ ਨੂੰ ਅਲਾੱਟ ਕਰ ਦਿੱਤੀ। ਤਿਵਾੜੀ ਹੋਸਟਲ ਨੰਬਰ ਤਿੰਨ ਦਾ ਵਾਰਡਨ ਸੀ ਤੇ ਯੂਨੀਵਰਸਟੀ ਦੇ ਪੰਜਾਬੀ ਵਿਭਾਗ ’ਚ ਰੀਡਰ।
ਸਹੂਲਤਾਂ ਦੀ ਖ਼ਾਤਰ ਅਮਿਤੋਜ ਨੇ ਵਿਸ਼ਵਾਨਾਥ ਤਿਵਾੜੀ ਦਾ ਪੱਲਾ ਘੁੱਟ ਕੇ ਫੜ ਲਿਆ। ਤਿਵਾੜੀ ਦੀ ਲੀਡਰੀ ਜ਼ਹੀਨ ਯੁਵਕਾਂ ਨੂੰ ਨਿਕਟ ਰੱਖ ਕੇ ਵੱਧ ਚਮਕਦੀ ਸੀ। ਉਹਨੇ ਅਮਿਤੋਜ ਕੋਲੋਂ ‘ਮਾਡਰਨ’ ਕਵਿਤਾ ਲਿਖਣ ਦੇ ਗੁਰ ਸਿੱਖੇ। ਤਿਵਾੜੀ ਕਵਿਤਾ ਲਿਖ ਕੇ ਅਮਿਤੋਜ ਨੂੰ ਕਹਿੰਦਾ, ‘‘ਇਹਦੇ ’ਚ ਆਧੁਨਿਕਤਾ ਪਾ ਦੇ’’। ਅਮਿਤੋਜ ਲਈ ਏਨੀ ਕੁ ਸੇਵਾ ਮਾਮੂਲੀ ਗੱਲ ਸੀ। ਕਵਿਤਾ ਉਹਦੇ ਹੱਡਾਂ ’ਚ ਧੱਸੀ ਹੋਈ ਸੀ। ਉਹ ਦੇਰ ਤੱਕ ਤਿਵਾੜੀ ਦੀ ‘ਯੂਥ ਬ੍ਰਿਗੇਡ’ ਦਾ ਹੀਰੋ ਬਣਿਆ ਰਿਹਾ। ਇਹ ਰਿਸ਼ਤਾ ਕਾਇਮ ਇਸ ਕਰਕੇ ਜਾਰੀ ਰਿਹਾ ਕਿ ਅਮਿਤੋਜ ਮੂੰਹ ਬੰਦ ਰੱਖਦਾ, ਤੇ ਅਸੀਂ ਤਿਵਾੜੀ ਦੇ ਟੁੱਲਿਆਂ ਦਾ ਮਜ਼ਾਕ ਉੜਾਂਦੇ, ਜੀਹਦਾ ਤਿਵਾੜੀ ਨੂੰ ਪਤਾ ਸੀ। ਅਮਿਤੋਜ ਦਾਰੂ ਪੀਣ ਲੱਗੇ ਉੱਚੀ ਜਿਹੀ ਕੋਈ ਡਾਇਲਾਗ ਬੋਲਦਾ। ਅਸੀਂ ਕਹਿੰਦੇ, ‘‘ਦੇਖੋ, ਇਹ ਤਾਂ ਬੋਲਦਾ ਵੀ ਹੈ।’’ ਪਿਛਾਂਹ ਪਿੰਡ ਤੋਂ ਆਇਆ ਹੋਣ ਕਰਕੇ, ਜਿਵੇਂ ਕਿ ਨਿੱਕੀ ਥਾਂ ਤੋਂ ਵੱਡੀ ਥਾਂ ਪੁੱਜਣ ਵਾਲੇ ਯੁਵਕ ਕਰਦੇ ਹਨ, ਉਹਨੂੰ ਸਹਿਮ ਸੀ ਮਾੜੇ ਚੰਗੇ ਬੋਲ ਮੂੰਹ ’ਚੋਂ ਨਿਕਲਣ ਨਾਲ ਭਵਿੱਖ ਖਰਾਬ ਹੋ ਸਕਦਾ ਹੈ। ਮੇਰਾ ਸਿਲਸਿਲਾ ਉਲਟ ਇਸ ਕਰਕੇ ਵੀ ਸੀ ਕਿ ਮੈਂ ਪੰਜਾਬੀ ਅਕਾਦਮਿਕਤਾ ਦਾ ਹਿੱਸਾ ਨਹੀਂ ਸੀ। ਮੈਂ ਕਿਸੇ ਤੋਂ ਨੌਕਰੀ ਨਹੀਂ ਸੀ ਲੈਣੀ, ਨਾ ਪੰਜਾਬੀ ਦੇ ਮਹਾਂਰਥੀਆਂ ਨਾਲ ਪੀਐੱਚ ਡੀ ਕਰਨੀ ਸੀ।
ਅਮਿਤੋਜ ਦੀ ਕਵਿਤਾ ਪੜ ਕੇ ਲੱਗਦਾ ਜਿਵੇਂ ਉਹ ‘ਵਿਕਟਮ’ ਕੰਪਲੈਕਸ ਦਾ ਸ਼ਿਕਾਰ ਹੋਵੇ; ਜਿਵੇਂ ਉਹਨੂੰ ਸਮਝ ਨਾ ਆ ਰਹੀ ਹੋਵੇ ਉਹ ਕੀ ਹੈ, ਉਹਦੇ ਨਾਲ ਕੀ ਹੋ ਰਿਹਾ ਹੈ। ਜੋ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ। ਉਹ ਨਾ ਜ਼ਿੰਦਗੀ ਅਤੇ ਨਾ ਕਿਤਾਬਾਂ ਦਾ ਗਹਿਰਾਈ ਨਾਲ ਅਧਿਐਨ ਕਰਦਾ। ਉਹਦੇ ਲਈ ਸੰਸਾਰ ਬੇਦਰਦੀ ਤੇ ਨਿਰਮਰਮਤਾ ਦਾ ਆਲਮ ਸੀ, ਇਸ ਕਰਕੇ ਓਪਰਾ ਸੀ। ਉਹਦੀ ਆੜੀ ਨਿੱਕੇ ਜਿਹੇ ਦਾਇਰੇ ਦੇ ਬੰਦਿਆਂ ਨਾਲ ਹੁੰਦੀ, ਜੋ ਜਲੰਧਰ ’ਚ ਉਹਦੇ ਨਾਲ ਸਨ। ਸਭਨਾਂ ਨੇ ਸ਼ਾਮ ਨੂੰ ਬੋਤਲ ’ਚ ਜਾ ਪ੍ਰਸਥਾਣ ਕਰਨਾ ਹੁੰਦਾ। ਸ਼ਰਾਬ ਦਾ ਸੇਵਨ ਦਿਨੇ ਵੀ ਹੋਣ ਲੱਗ ਪਿਆ ਸੀ। ਇਹ ਸਿਲਸਿਲਾ ਅਮੋੜ ਸੀ। ਇਸ ਵਿਚ ਹੀ ਖੁਦ-ਫ਼ਰੇਬੀ ਜਿਹਾ ਸਕੂਨ ਸੀ, ਚੜਤ ਸੀ। ਦਾਰੂ ਜ਼ਿੰਦਗੀ ਦਾ ਅੱਵਲ ਮਕਸਦ ਬਣ ਗਿਆ। ਬਾਕੀ ਸਭ ਰਹਿੰਦ-ਖੂੰਹਦ ਸੀ।
ਉਹਨੂੰ ਸੀਮਤ ਰਹਿਣਾ ਚੰਗਾ ਲੱਗਦਾ। ਉਹ ਸੁੰਘੜਿਆ ਹੋਇਆ ਸੀ, ਇਸ ਵਿਚ ਹੀ ਕਾਇਮ ਸੀ। ਸੰਤੁਸ਼ਟ ਕਦੇ ਵੀ ਦਿਖਾਈ ਨਹੀਂ ਸੀ ਦੇਂਦਾ। ਉਹਦੀ ਕਵਿਤਾ ’ਚ ਤ੍ਰਾਸਦ ਰੀਂਗ (angst)ਦੇ ਬੀਜ ਸਨ; ਉਹਦੇ ਬੋਲਾਂ ’ਚ ਇਹ ਰੀਂਗ ਦਿਖਾਈ ਦੇਂਦੀ। ਤ੍ਰਾਸਦ ਰੀਂਗ ਸ਼ਿਵ ਕੁਮਾਰ ਦੇ ਮਾਮਲੇ ’ਚ ਰੁੱਦਨੀ ਬਣ ਜਾਂਦੀ ਸੀ। ਕੁੜੀਆਂ ਸੋਚਦੀਆਂ ਇਹ ਬੰਦਾ ਸਾਡੇ ਵਾਂਗ ‘ਵਿਕਟਮ’ ਹੈ। ਉਹ ਅਮਿਤੋਜ ’ਤੇ ਮੋਹਿਤ ਹੁੰਦੀਆਂ, ਜਿਵੇਂ ਸ਼ਿਵ ’ਤੇ ਮੋਹਿਤ ਹੋਣ ਲਈ ਤਿਆਰ ਸਨ। ਕੁੜੀਆਂ ਲਈ ਖਿੱਚ ਦਾ ਕਾਰਣ ਦੋਨਾਂ ਦੀ ਸੁਨੱਖੀ ਦਿੱਖ ਸੀ। ਕਾਵਿਕਾਰੀ ਸੋਨੇ ’ਤੇ ਸੁਹਾਗੇ ਵਾਂਗ ਸੀ। ਅੱਲੜ ਕੁੜੀਆਂ ਦੀਆਂ ਨਿਗਾਹਾਂ ਨੇ ਦੋਨਾਂ ਕਵੀਆਂ ਨੂੰ ਵਿਅਕਤਿਗਤ ਵਿਕਾਸ ਤੋਂ ਉਖੇੜ ਦਿੱਤਾ। ਉਹ ‘ਛਿੰਦੇ ਪੁੱਤ’ ਬਣੇ ਰਹੇ। ਅਵਚੇਤਨੀ ਤੈਹ ’ਚ ‘ਮਾਂ-ਲੋਰੀ’ ਲਈ ਤੜਪ ਸੀ ਜਿਸ ਨੂੰ ਮਨੋਵਿਗਿਆਨ ‘ਕੁੱਖ-ਮੋਹ’ (incest feeling ) ਕਹਿੰਦਾ ਹੈ। ਵਿਹਾਰਕ ਸੰਸਾਰ ਤਲਖ਼ੀ ਦਾ ਪ੍ਰਵਚਨ ਹੈ, ਪਰਾਈ ਧਿਰ ਦਾ ਮੁਹਾਜ਼। ਤਾਂਘ ਮਾਂ ਦੀ ਕੁੱਖ ’ਚ ਮੌਜੂਦ ਅਨੰਤ ਸੁੱਖ ਦੀ ਹੈ। ਸ਼ਿਵ ਕੁਮਾਰ ਦੀ ਕਵਿਤਾ ਦੀਆਂ ਤੈਹਾਂ ’ਚੋਂ ਜੋ ਨਾਦ ਸੁਣਾਈ ਦੇਂਦਾ ਉਹ ਮਾਂ-ਕੁੱਖ ਲਈ ਤੜਪ ਦਾ ਪਰਤੌ ਹੈ। ਇਸੇ ਤਰ੍ਹਾਂ ਦਾ ਹੀ ਸਿਲਸਿਲਾ (ਪਿਛਾਂਹ ਪਿੰਡ ਦੀ ਖਿੱਚ ਤੇ ਜਾਲੰਧਰ ਦੀ ਆੜੀਆਂ ਨਾਲ ਸ਼ਰਾਬ-ਨੋਸ਼ੀ ਆਦਿ ਦੀ ਲਿਲਕ) ਅਮਿਤੋਜ ਨੂੰ ਉਲਟਾਈ ਫਿਰਦਾ।
ਸੰਵੇਦਨੀ ਪੁਸ਼ਤ ਕੋਲ ਪਾਸ਼ ਵਰਗਾ ਆਕ੍ਰੋਸ਼ ਵੀ ਸੀ। ਅਮਿਤੋਜ ਦੇ ਮਾਮਲੇ ’ਚ ਇਸ ਆਕ੍ਰੋਸ਼ ਦੀ ਧੁੱਸ ਅੰਤਰ-ਯੁੱਧ ਵਾਲੀ ਸੀ। ਉਹ ਅੰਤਰ-ਯੁੱਧ ਦੀ ਸਥਿਤੀ ’ਚ ਰਹਿੰਦਾ। ਜਾਂ ਅਜਿਹੀ ਸਥਿਤੀ ਦਾ ਮੁਲੰਮਾ ਪਹਿਣ ਰੱਖਦਾ। ਉਹਨੂੰ ਜਾਅਲੀਪਣ ਹੰਢਾਣਾ ਆ ਗਿਆ ਸੀ। ਉਹਦੀ ਮਨਜੀਤ ਟਿਵਾਣਾ ਨਾਲ ਆਸ਼ਨਾਈ ਦਾ ਆਲਮ ਵੀ ਜਾਅਲੀ ਪੱਧਰ ਦਾ ਸੀ। ਉਹਦੇ ਕੋਲ ਚਿੰਤਨ ਜਾਂ ਦ੍ਰਿਸ਼ਟੀ ਤੋਂ ਸਥਿਤੀ ਦੀ ਨਿਰਖ ਪਰਖ ਕਰਨ ਦੀ ਸਮਰਥਾ ਹੋ ਵੀ ਨਹੀਂ ਸੀ ਸਕਦੀ। ਨਾ ਉਹਦੇ ’ਚ ਅਜਿਹੀ ਕੋਈ ਤਾਂਘ ਸੀ। ਅਲਪ ਸਥੂਲਤਾ ’ਚ ਹੀ ਉਹਨੂੰ ਰਾਹਤ ਮਿਲਦੀ ਸੀ, ਕਿਉਂਕਿ ਇਹਦੇ ਨਾਲ ਹੀ ਉਹਦੀ ਸੁਰ ਮਿਲਦੀ ਸੀ। ਉਹਨੇ ਕਵਿਤਾ ਨੂੰ ਵੀ ਸੰਜੀਦਗੀ ਨਾਲ ਨਹੀਂ ਲਿਆ।
ਇਹ ਪੁਸ਼ਤ ਆਪਣੇ ਆਪ ਨੂੰ ਅਸਤਿਤਵੀ ਤੌਰ ’ਤੇ ਪੀੜਤ ਮੰਨਦੀ ਪਰ ਇਹਦੇ ਚਿੱਤ ’ਚ ਇਸ ਤੋਂ ਵੱਧ ਕੋਈ ਵਿਚਾਰ ਪੈਦਾ ਨਹੀਂ ਸਨ ਹੋ ਰਹੇ। ਅਮਿਤੋਜ ਨਿੱਜ ਦੁਆਲੇ ਰੁਮਾਂਸੀ ਜਾਲ ਬੁਨਣ ’ਚ ਮਾਹਿਰ ਹੋ ਚੁੱਕਾ ਸੀ। ਇਹ ਉਹਦਾ ਸਵੈ-ਸੁਰੱਖਿਆ ਵਾਲਾ ਸੰਦ ਸੀ। ਹੋਰਾਂ ’ਤੇ ਪ੍ਰਭਾਵ ਪਾਉਣ ਦਾ ਤਰੀਕਾ ਵੀ ਸੀ। ਮੈਨੂੰ ਲੱਗਦਾ ਇਸ ਯੁਵਕ ’ਚ ਸੰਭਾਵਨਾਵਾਂ ਹਨ ਪਰ ਉਹਦਾ ਵਿਕਾਸ ਰੁੱਕ ਚੁੱਕਾ ਹੈ। ਵਿਕਾਸ ਤਦ ਹੁੰਦਾ ਜੇ ਉਹਦੇ ’ਚ ਵਿਸ਼ਵ ਗਿਆਨ ਜਾਂ ਰਚਨਾਤਮਿਕਤਾ ਦੇ ਅਪਾਰ ਵਿਸਤਾਰਾਂ ਨੂੰ ਸਮਝਣ ਦੀ ਤਾਂਘ ਹੁੰਦੀ। ਨਾ ਉਹ ਸ਼ਿਵ ਕੁਮਾਰ ਦਾ ਪਿੱਛਲੱਗ ਬਣ ਸਕਿਆ, ਨਾ ਸੁਰਜੀਤ ਪਾਤਰ ਦੀ ਸੰਵੇਦਨਾ ਦਾ ਹਮਸਫ਼ਰ। ਉਹ ਇਹਨਾਂ ਦੋਨਾਂ ਦੇ ਵਿਚ-ਵਿਚਾਲੇ ਖੜਾ ਰਿਹਾ। ਉਹਦੇ ’ਚ ਕਵਿਤਾ ਬਨਾਣ ਦੀ ਅਦੁੱਤੀ ਯੋਗਤਾ ਸੀ; ਤੇ ਇਹ ਕਵਿਤਾ ਸਿੱਧੀ ਉਸ ਯੁੱਗ ’ਚ ਪੈਦਾ ਹੋਣ ਵਾਲੇ ਉੱਖੜੇਵੇਂ ਦੀ ਉਪਜ ਸੀ ਜਿਸ ਯੁੱਗ ਤੋਂ ਉਹ ਟੁੱਟਾ ਹੋਇਆ ਮਹਿਸੂਸ ਕਰਦਾ ਸੀ। ਉਹ ਆਪਣੀ ਬੇਚਾਰਗੀ ਪ੍ਰਸਤੁਤ ਕਰਦਾ। ਕਾਹਦੀ ਬੇਚਾਰਗੀ ਸੀ ਉਹਨੂੰ? ਜਾਂ ਇਹ ਕੋਈ ਮੁਲੰਮਾ ਸੀ?
ਵੀਹਵੀਂ ਸਦੀ ’ਚ ਦੋ ਤਰ੍ਹਾਂ ਦੇ ਕਾਵਿ ਵਿਅਕਤੀਤਵ ਦਿਸਦੇ ਹਨ: ਇਕ, ਬੌਧਿਕੀ/ਚਿੰਤਕੀ, ਸੰਦੇਹੀ। ਦੂਜੀ ਕਿਸਮ ਪੀੜਤ ਕਵੀਆਂ ਦੀ ਹੈ ਜਿਨ੍ਹਾਂ ਦੀ ਰਚਨਾਤਿਮਕਤਾ ਦੁਖ/ਦਰਦ ਤੋਂ ਉਪਜਦੀ ਹੈ। ਇਹ ਦੁੱਖ/ਦਰਦ ਜਿਵੇਂ ਧੁਰ ਅਸਤਿਤਵ ‘ਚ ਖੁੱਭਾ ਹੋਇਆ ਹੈ। ਦੂਜੀ ਤਰਾਂ ਦੇ ਕਵੀ ਪਾਪੂਲਰ ਕਿਸਮ ਦੀ ਸਾਹਿਤਕਾਰੀ ’ਚ ਘਟਨਾ ਬਣਦੇ ਰਹੇ ਹਨ। ਦੁਰਘਟਨਾ ਵੀ ਬਣੇ। ਪਹਿਲੀ ਕਿਸਮ ਦੇ ਕਵੀ ਬਹੁਤ ਘਟ ਹਨ, ਜਿੰਨੇ ਹਨ ਉਨਾਂ ਕਰਕੇ ਪੰਜਾਬੀ ਕਵਿਤਾ ’ਚ ਗਤੀ ਪ੍ਰਗਟ ਹੁੰਦੀ ਹੈ। ਅਮਿਤੋਜ ਦਾ ਲੇਖਾ ਇਨਾਂ ਦੋਨਾਂ ਦੇ ਵਿਚ-ਵਿਚਾਲੇ ਵਾਲਾ ਸੀ। ਇਹਦਾ ਪਤਾ ਉਹਦੀ ਕਾਵਿ ਭਾਸ਼ਾ ਤੋਂ ਲੱਗਦਾ ਹੈ। ਪਿੰਡ ਤੇ ਨਗਰ ਦੀ ਦੁਵੱਲ ’ਚ ਸੰਤਾਪੀ ਸੰਵੇਦਨਾ, ਜਿਵੇਂ ਦੇਸੀ ਆਧੁਨਿਕਤਾ ਦੀ ਆਭਾ ਹੁੰਦੀ ਹੈ, ਜਾਂ ਜਿਵੇਂ ਸ. ਸ. ਮੀਸ਼ਾ ਕਵਿਤਾ ਲਿਖਦਾ ਸੀ, ਉਹਤੋਂ ਅਗਲੇ ਪੜਾਅ ਦੀ ਬਾਤ ਪਾਉਂਦੀ ਸੀ ਇਹ ਕਵਿਤਾ। ਇਹ ਕਵਿਤਾ ਦਸਦੀ ਹੈ ਕਿ ਅਮਿਤੋਜ ਜ਼ਿੰਦਗੀ ਦੇ ਅੰਤਰ-ਵਿਰੋਧਾਂ ’ਤੇ ਨਿਸ਼ਾਨ ਲਗਾਣ ਦਾ ਯਤਨ ਕਰਦਾ ਰਿਹਾ। ਉਹਦੀ ਕਵਿਤਾ ਚੋਂ ਭਾਸ਼ਕ ਕਸ਼ਮਕਸ਼ ਦੀ ਝਲਕ ਮਿਲਦੀ। ਇਸ ਕਵਿਤਾ ’ਚ ਸੰਵਾਦੀ ਗੁਣ ਹਨ। (ਇਹੀ ਕਾਰਣ ਹੈ ਕਿ ਅਮਿਤੋਜ ਨੇ ਪਾਸ਼ ਨੂੰ ਪ੍ਰਭਾਵਿਤ ਕੀਤਾ।) ਇਹ ਕਵਿਤਾ ਸੁਨੱਖੀ ਹੈ : ਨਵ-ਨੋਕੀਲੀ, ਚੁਸਤ, ‘ਸ਼ਾਰਪ’। ਇਹਦੇ ਵਿਚ ਨਾਟਕੀਅਤਾ ਹੁੰਦੀ। ਇਹ ਸਿਲਸਿਲਾ ਕਾਇਮ ਰਹਿੰਦਾ ਜੇ ਸ਼ਬਦ-ਤਾਕਤ ਦਾ ਪੱਲਾ ਫੜੀ ਰੱਖਦਾ। ਹੋਇਆ ਉਲਟ। ਉਹਦੀ ਵਜੂਦੀ ‘ਘੜੀ ਰੁੱਕ ਗਈ। ਕਵਿਤਾ ਮੁੱਕ ਗਈ। ਸ਼ਰਾਬ ਉਹਦੇ ਹੋਣੇ ਦੇ ਖੋਲਾਂ ਨੂੰ ਭਰਨ ਲੱਗੀ। ਸੁਨੱਖਾ ਜਿਸਮ ਬਚਿਆ ਜੋ ਸ਼ੀਸ਼ੀ ’ਚ ਗੁਆਚਾ ਖੁਰ/ਭੁਰ ਗਿਆ।
ਉਹਨੇ ਘੱਟ ਲਿਖਿਆ ਪਰ ਜਿੰਨਾ ਲਿਖਿਆ ਉਹਦੀ ਵੱਖਰੀ ਪਛਾਣ ਬਣ ਗਈ।
ਉਹ ਚੰਡੀਗੜ ਤੋਂ ਬਾਅਦ ਜਲੰਧਰ ਚਲਾ ਜਾਂਦਾ ਹੈ, ਆਪਣੇ ਪਿੰਡ। ਜਾਲੰਧਰ ਸ਼ਹਿਰ ਦੀ ਮੁਖ਼ਤਸਰ ਜ਼ਿੰਦਗੀ ਉਹਦਾ ਅੰਤਿਮ ਟਿਕਾਣਾ ਬਣ ਜਾਂਦੀ ਹੈ। ਸੰਵੇਦਨੀ ਮਨੁੱਖ ਮਿੱਥੀ ਹੋਈ ਸਰਹੱਦ ਅੰਦਰ ਕਿਵੇਂ ਖੁਸ਼ ਰਹਿ ਸਕਦਾ ਹੈ? ਕਿਵੇਂ ਫੈਲ ਸਕਦਾ ਹੈ?
ਸ਼ਰਾਬ ਅਮਿਤੋਜ ਦੇ ਨਿੱਜੀ ਫੈਲਾਅ ਦਾ ਇੱਕੋ ਇੱਕ ਜ਼ਰੀਆ ਬਣੀ। ਨਾਮੁਰਾਦ ਜ਼ੱਰੀਆ। ਚੰਡੀਗੜ ’ਚ ਉਹਦੀ ਮਹਿਫ਼ਲ ’ਚ ਸ਼ੌਕੀਨ ਸਿੰਘ ਪੱਤਰਕਾਰ ਹੁੰਦਾ। ਦੋਨਾਂ ਦੀ ਘਣੀ ਨੇੜਤਾ ਸੀ। ਉਹ ਦਿੱਲੀ ਪਬਲਿਸ਼ਰ ਬਲਵੰਤ ਕੋਲ ਜਾਂਦਾ। ਉੱਥੇ ਸ਼ਾਮ ਨੂੰ ਦਾਰੂ ਦੀ ਮਹਿਫ਼ਲ ’ਚ ਸੁਤਿੰਦਰ ਸਿੰਘ ਨੂਰ ਹੁੰਦਾ। ਤਦ ਅਮਿਤੋਜ ਪੀਐੱਚ. ਡੀ. ਦਾ ਥੀਸਸ ਲਿਖ ਰਿਹਾ ਸੀ।
ਚੰਡੀਗੜ ’ਚ ਅਮਿਤੋਜ ਦੀ ਮਨਜੀਤ ਟਿਵਾਣਾ ਨਾਲ ਜੋ ‘ਮੁਹੱਬਤ’ ਵਰਗੀ ਕ੍ਰੀੜਾ ਸੀ ਉਹ ਜਾਅਲੀ ਸਮਿਆਂ ਦਾ ਪ੍ਰਵਚਨ ਬਣੀ ਦਿੱਸਦੀ। ਜਾਅਲੀਪਣ ਨੇ ਦੋਨਾਂ ਨੂੰ ਇਕ ਦੂਜੇ ਦੇ ਨੇੜੇ ਖਿੱਚ ਰੱਖਿਆ ਸੀ। ਬੜਾ ਕੁਝ ਨਿਆਰਾ/ਨਾਟਕੀ ਤੇ ਗ਼ੈਰ-ਨਾਰਮਲ ਵਾਪਰਦਾ ਦਿਖਾਈ ਦੇਂਦਾ।
ਬੇਸ਼ੱਕ ਸ਼ਰਾਬ ਤੇ ਕਲਾਕਾਰ ਦਾ ਗਹਿਰਾ ਨਾਤਾ ਹੈ। ਇਹ ਵਕਤੀ ਸਬੱਬ ਹੈ, ਸਨਸਨੀ। ਅਜਿਹੀ ਸਥਿਤੀ ’ਚ ਸਵੈ ਤੋਂ ਪਾਰ ਨਾਲ ‘ਰਿਲੇਟ’ ਹੋਣ ਦਾ ਯੰਤਰ ਟੁੱਟ ਜਾਂਦਾ ਹੈ। ਬੰਦਾ ਪੈਰਾਸਾਈਟ ਬਣ ਜਾਂਦਾ ਹੈ। ਅਜਿਹੀ ਸਥਿਤੀ ’ਚ ਉਹਦਾ ਹਰ ਐਲਾਨ ਭਰਮ ਜਾਪਦਾ ਹੈ। ਕਵਿਤਾ ਸੁਨਾਣ ਤੋਂ ਪਹਿਲਾਂ ਸ਼ਿਵ ਕੁਮਾਰ ਸ਼ਰਾਬ ਨਾਲ ਧੁੱਤ ਹੁੰਦਾ। ਧੁੱਤ ਚਿਹਰਾ ਮੰਚ/ਮਾਈਕ ਅੱਗੇ ਰੋਂਦੂ ਹੋ ਜਾਂਦਾ। (ਇਕ ਵੇਰ ਦਿੱਲੀ ਦੇ ਇੰਪੀਰੀਅਲ ਹੋਟਲ ‘ਚ ਹੋਏ ਹਿੰਦੀ-ਉਰਦੂ-ਪੰਜਾਬੀ ਦੇ ਕਵੀ ਦਰਬਾਰ ‘ਚ ਸ਼ਿਵ ਕਵਿਤਾ ਸੁਨਾਣ ਲੱਗਾ ਤਾਂ ਦਿੱਲੀ ਦੇ ਕੁਝ ਤੇਜ਼-ਤਰਾਰ ਲੇਖਕਾਂ ਨੇ ਇਕੋ ਸਾਹੇ ਕਿਹਾ: ‘ਦੇਖੋ, ਯੇਹ ਕੈਸਾ ਰੋਤਾ ਹੈ।)
ਪੰਜਾਬੀ ਸਾਹਿਤਕਾਰੀ ਦੇ ਇਹ ਛਿੰਦੇ ਪੁਤ ਕਿੰਨਾ ਕੁਝ ਪ੍ਰਾਪਤ ਕਰਕੇ ਵੀ ਅਸੰਤੁਸ਼ਟ, ਗ਼ੈਰ-ਜ਼ਿੰਮੇਵਾਰ, ਸਾਹਸਹੀਣ ਰਹੇ। ਅਬੌਧਿਕ ਮਿਡਲ ਕਲਾਸ ਦਾ ਇਹੀ ਆਲਮ ਹੈ। ਇਹ ਜਮਾਤ ਕਾਇਰ ਹੁੰਦੀ ਹੈ। ਇਹ ਮਿਹਨਤ ਕਰਨਾ ਨਹੀਂ ਚਾਹੁੰਦੀ। ਨਾ ਇਹ ਸਥਿਤੀ ਦੇ ‘ਸੱਚ’ ਨਾਲ ਟਕਰਾਣਾ ਚਾਹੁੰਦੀ ਹੈ। ਜੋ ਇਹਨੂੰ ਪ੍ਰਾਪਤ ਹੁੰਦਾ ਉਹਨੂੰ ਰੱਬੀ ਹੱਕ ਸਮਝਦੀ ਹੈ। ‘ਹੋਰ+ਹੋਰ ਦੀ ਤਾਂਘ ਨਾਲ ਸੰਤਾਪੀ ਰਹਿੰਦੀ ਹੈ। ਅੱਯਾਸ਼ੀ ਨੂੰ ਇਹ ‘ਬੋਹੇਮੀਅਨ’ ਜੀਵਨ ਸ਼ੈਲੀ ਕਹਿੰਦੀ ਹੈ। ਪ੍ਰਸਪੈਕਟਿਵ ਤੋਂ ਸੱਖਣੀ ਹੋਣ ਕਰਕੇ ਇਹ ਕਿਸੇ ਸਥਿਤੀ ਨੂੰ ਸੁਆਲ/ਸੰਦੇਹ ਰਾਹੀਂ ਨਹੀਂ ਤੱਕਦੀ। ਇਹਨੂੰ ਆਪਣੇ ਆਪ ’ਤੇ ਕਦੇ ਸ਼ੱਕ ਨਹੀਂ ਹੁੰਦਾ। ਪੰਜਾਬੀ ਸਾਹਿਤਕਾਰੀ ’ਚ ਅਨੰਤ ਨਾਂ ਹਨ ਜਿਨ੍ਹਾਂ ਦਾ ਇਹ ਖਾਸਾ ਹੈ। ਇਹ ਕਵੀ ਸਿਆਸੀ ਤੌਰ ’ਤੇ ਬੇਫ਼ਿਕਰੇ, ਨਿੱਜ ਦੇ ਰੁਮਾਂਸ ’ਚ ਫਾਥੇ, ਲਕਸ਼ਹੀਣ ਰਹੇ। ਤੁਰ ਗਏ।
ਇਸ ਗੁਆਚੀ ਪੁਸ਼ਤ ਲਈ ਜ਼ਿੰਦਗੀ ਸਨਸਨੀਆਂ ਦੀ ਆਬਸ਼ਾਰ ਹੈ। ਕਵਿਤਾ ਸਨਸਨੀ ਹੈ। ਕਈਆਂ ਲਈ ਮੰਚ ਸਨਸਨੀ ਹੈ। ਕੁਝ ਇਕਨਾਂ ਲਈ ਇਨਾਮ/ਐਵਾਰਡ ਸਨਮਾਨੀ ਹੈ।
ਤਦ ਸੁਆਲ ਪੈਦਾ ਹੁੰਦਾ ਹੈ : ਇਹ ਪੁਸ਼ਤ ਜ਼ਿੰਦਗੀ ਤੋਂ ਕੀ ਚਾਹੁੰਦੀ ਰਹੀ ਹੈ? ਇਹ ਜ਼ਿੰਮੇਵਾਰੀ ਜਾਂ ਪ੍ਰਤਿਬੱਧਤਾ ਅਤੇ ਕਿਸੇ ਤਰਾਂ ਦੀ ਜਵਾਬਦੇਈ ਤੋਂ ਉਪਰ ਹੋਣ ਦਾ ਭਰਮ ਕਿਉਂ ਪਾਲਦੀ ਰਹੀ ਹੈ? ਕਵਿਤਾ ਨੂੰ ਇਹ ਸਨਸਨੀ ਦਾ ਜ਼ੱਰੀਆ ਕਿਉਂ ਮੰਨਦੀ ਰਹੀ ਹੈ? ਇਹ ਪੁਸ਼ਤ ਅੰਦਰੋਂ ਏਨੀ ਖਾਲੀ ਕਿਉਂ ਹੈ?
ਇਹ ਆਲਮ ‘ਆਊਟਸਾਈਡਰ’ ਬੰਦੇ ਵਰਗਾ ਨਹੀਂ ਹੈ, ਜਿਵੇਂ ਪੱਛਮੀ ਪੂੰਜੀ ਕਲਚਰ ਨੇ ਲੇਖਕਾਂ/ਕਲਾਕਾਰਾਂ ਨੂੰ ‘ਆਊਟ ਸਾਈਡਰ’ ਬਣਾਇਆ। ਕਵੀ/ਕਲਾਕਾਰ ਜਦ ‘ਆਊਟ ਸਾਈਡਰ’ ਹੁੰਦਾ ਤਾਂ ਉਹਦਾ ਕਰਤਾਰੀ ਤੇਜੱਸਵ ਮੱਘਣ ਲੱਗ ਪੈਂਦਾ। ਉਹ ਮੌਣ ਅਵਸਥਾ ’ਚ ਵੀ ਸਥੂਲ ਸਥਿਤੀ ਨਾਲ ਟਕਰਾਂਦਾ। ਇਹਦਾ ਪਤਾ ਵਾਨ ਗਾਗ ਦੀਆਂ ਕਲਾ-ਕ੍ਰਿਤੀਆਂ, ਕਾਫ਼ਕਾ ਦੇ ਨਾਵਲਾਂ, ਪਾਸ਼ ਦੀ ਖਲਲੀ ਸੁਰ, ਬਾਵਾ ਬਲਵੰਤ ਦੀ ਚਿੰਤਨੀ ਕਵਿਤਾ ਤੋਂ ਲੱਗਦਾ। ‘ਆਉਟ ਸਾਈਡਰ’ ਕਲਾਕਾਰ ’ਚ ‘ਸਮਝੋਤਾ’ ਸ਼ਬਦ ਨਹੀਂ ਹੁੰਦਾ। ਨਾ ਅਲਪ/ਲਘੂ ਸਨਸਨੀਆਂ ’ਚ ਆਸਥਾ ਹੁੰਦੀ ਹੈ।
ਇਕ ਸੁਆਲ ਹੈ: ਪੰਜਾਬੀ ‘ਚ ਜਿਨ੍ਹਾਂ ਯੁਵਕਾਂ ‘ਚ ਕਰਤਾਰੀ ਚਿਣਗ ਹੁੰਦੀ ਹੈ ਉਹ ਕਵਿਤਾ ਵਲ ਹੀ ਕਿਉਂ ਪਰਤਦੇ ਹਨ? ਸੰਵਾਦੀ ਪਿੜ ’ਚ ਉਹ ਦਾਖਲ ਕਿਉਂ ਨਹੀਂ ਹੁੰਦੇ? ਉਹ ‘ਕੰਮ’ ਤੋਂ ਕਿਉਂ ਕਤਰਾਂਦੇ ਹਨ?
(ਗੁਰਬਚਨ ਪੰਜਾਬੀ ਦੇ ਨਾਮਵਰ ਵਾਰਤਕ ਲੇਖਕ , ਬੇਬਾਕ ਟਿਪਣੀਕਾਰ,ਆਲੋਚਕ ਤੇ ਸੁਪ੍ਰਸਿੱਧ ਅਦਬੀ ਪਰਚੇ ‘ਫ਼ਿਲਹਾਲ’ ਦੇ ਸੰਪਾਦਕ ਹਨ |)

