ਕਰਤਾਰ ਸਿੰਘ ਦੁੱਗਲ ਲੰਮੀ ਉਮਰ ਭੋਗ ਕੇ ਪੰਜਾਬੀ ਸਾਹਿਤ ਦੇ ਦ੍ਰਿਸ਼ਪਟ ਤੋਂ ਵਿਦਾਅ ਹੋਇਆ ਹੈ। ਉਹਦੀ ਲਿਖਣਕਾਰੀ ਦੀ ਆਯੂ 70 ਸਾਲ ਸੀ, ਜੋ ਇੱਕ ਕੀਰਤੀਮਾਨ ਹੈ। ਉਹਦਾ ਪਹਿਲਾ ਕਹਾਣੀ ਸੰਗ੍ਰਹ ‘ਸਵੇਰ ਸਾਰ’ 1942 ’ਚ ਪ੍ਰਕਾਸ਼ਿਤ ਹੋਇਆ। ਬਾਅਦ ਵਿੱਚ ਉਹਨੇ ਥੋਕ ’ਚ ਲਿਖਣਾ ਸ਼ੁਰੂ ਕਰ ਦਿੱਤਾ- ਮਾੜਾ ਜ਼ਿਆਦਾ ਲਿਖਿਆ, ਚੰਗਾ ਘਟ। ਨਿੱਜੀ ਵਰਤੋਂ ਵਿਹਾਰ ’ਚ ਮਿਡਲ ਕਲਾਸੀ ਤਰਜ਼ ਵਾਲਾ ਸਵੱਛ /ਨੇਕ ਦਿਲ ਇਨਸਾਨ ਸੀ। ਸਰਕਾਰੇ-ਦਰਬਾਰੇ ਚੜਤ ਸਥਾਪਿਤ ਕਰਨ ’ਚ ਉਹ ਕਿਸੇ ਹੋਰ ਤੋਂ ਪਿਛਾਂਹ ਨਹੀਂ ਸੀ। ਪਾਠਕਾਂ ਦੀ ਗ਼ੈਰ-ਹਾਜ਼ਰੀ ਦੇ ਆਲਮ ’ਚ ਉਹਦੀ ਕਲਮ ਦੀ ਮੁਸ਼ੱਕਤ ਦਾ ਇਹੀ ਸਿਲਾ ਸੀ।
ਦੁੱਗਲ ਨੇ ਕਹਾਣੀ ਲਿਖਣੀ ਉਦੋਂ ਸ਼ੁਰੂ ਕੀਤੀ ਜਦ ਪੰਜਾਬੀ ’ਚ ਨਿੱਕੀ ਕਹਾਣੀ ਲਿਖਣ ਦੀ ਪਿਰਤ ਨਹੀਂ ਸੀ। ਉਹਦੀ ਕਹਾਣੀ ’ਚ ਮਨੋਵਿਗਿਆਨਕ ਛੋਹਾਂ ਸਨ। ਵੰਡ ਬਾਰੇ ਉਹਨੇ ਜ਼ਿਕਰਯੋਗ ਕਹਾਣੀਆਂ ਲਿਖੀਆਂ। ਆਰੰਭਿਕ ਦੌਰ, 1960ਵਿਆਂ, ਤੋਂ ਬਾਅਦ ਉਹਨੇ ਗਾਹ ਪਾਉਣਾ ਸ਼ੁਰੂ ਕਰ ਦਿੱਤਾ। ਲਿਖੀ ਜਾਂਦਾ, ਪੜਣ ਵਾਲਾ ਕੋਈ ਨਾ ਹੁੰਦਾ।
ਰਚਨਾਤਮਿਕ ਨਜ਼ਰੀਏ ਤੋਂ ਦੁੱਗਲ ਦੀ ਤਰੁੱਟੀ ਅਨੁਭਵ ਦੇ ਪੇਤਲੇਪਣ ’ਚ ਸੀ। ਕਹਾਣੀ ਨੂੰ ਉਹ ਸ਼ਬਦਾਂ ਦੀ ਬਹੁਲਤਾ ਰਾਹੀਂ ਸਾਹਿਤਕ ਬਨਾਣ ਦਾ ਯਤਨ ਕਰਦਾ। ਅਜਿਹੀ ਸ਼ੈਲੀ ਦਾ ਆਸਰਾ ਤਦ ਲਿਆ ਜਾਂਦਾ ਜਦ ਲੇਖਕ ਦਿਮਾਗ਼ੀ ਕਿਆਸਾਂ ਰਾਹੀਂ ਘਟਨਾਕਾਰੀ ਸਿਰਜਣ ਲੱਗਦਾ ਹੈ। ਦੁੱਗਲ ਨੂੰ ਲੱਗਦਾ ਕਲਪਿਤ ਘਟਨਾਵਾਂ ਦਾ ‘ਤਾਵਲਾ ਤਾਵਲਾ’ ਬਿਆਨ ਬਿਰਤਾਂਤ ਹੁੰਦਾ ਹੈ। ਅਜਿਹੇ ਬਿਰਤਾਂਤ ਦਾ ਨਾ ਅਨੁਭਵੀ ਆਧਾਰ ਅਤੇ ਨਾ ਹੀ ਸ਼ੈਲੀ ਦਾ ਅਵਚੇਤਨ ਹੁੰਦਾ ਹੈ। ਇਹਨੂੰ ਕੌਣ ਪੜ੍ਹਦਾ? ਨਵਯੁਗ ਵਾਲੇ ਭਾਪਾ ਪ੍ਰੀਤਮ ਸਿੰਘ ਦੇ ਗੁਦਾਮ ’ਚ ਦੁੱਗਲ ਦੀਆਂ ਕਿਤਾਬਾਂ ਦੇ ਢੇਰ ਪਏ ਰਹਿੰਦੇ – ਰੱਦੀ ’ਚ ਵੇਚਣੇ ਪੈਂਦੇ। ਕਿਤਾਬਾਂ ਦੇ ਨਵੇਂ ਐਡੀਸ਼ਨ ਵੀ ਪ੍ਰਕਾਸ਼ਿਤ ਹੋਈ ਜਾਂਦੇ।
ਸੱਚ ਇਹ ਹੈ ਕਿ ਸਾਹਿਤਕਾਰ ਦੀ ਪਛਾਣ ਉਹਦੀ ਲਿਖਤ ਦੇ ਮਿਆਰ ਰਾਹੀਂ ਕਾਇਮ ਰਹਿੰਦੀ ਹੈ। ਜਦ ਕਿਸੇ ਲੇਖਕ ਦਾ ਬਿੰਬ ਗ਼ੈਰ-ਸਾਹਿਤਕ ਪ੍ਰਾਪਤੀਆਂ ਕਰਕੇ ਵਿਰਾਟ ਹੁੰਦਾ ਹੈ ਤਾਂ ਇਹ ਗੱਲ ਉਕਤ ਸੱਚ ਨੂੰ ਨਕਾਰਣ ਲੱਗਦੀ ਹੈ। ਅੰਮ੍ਰਿਤਾ ਤੋਂ ਬਾਅਦ ਦੁੱਗਲ, ਦੁੱਗਲ ਤੋਂ ਬਾਅਦ ਦਲੀਪ ਕੌਰ ਟਿਵਾਣਾ, ਟਿਵਾਣਾ ਤੋਂ ਬਾਅਦ ਸੁਰਜੀਤ ਪਾਤਰ। ਇਹ ਬਿੰਬ ਅਜਿਹਾ ਕਾਰਜ ਨਿਭਾਅ ਰਹੇ ਹਨ। ਇਹ ਕਾਇਮ ਮੁਕਾਮ ਸਿਆਸਤ ਦੀ ਅੱਖ ’ਚ ਨਾ ਰੜਕਣ ਵਾਲੇ ਬਿੰਬ ਹਨ। ਇਨ੍ਹਾਂ ਦਾ ਜ਼ਿਕਰ ਬੁਲੰਦ ਰਚਨਾਕਾਰੀ ਕਰਕੇ ਨਹੀਂ ਹੁੰਦਾ, ਸੱਤਾ/ਸਥਾਪਨਾ ਤੋਂ ਪ੍ਰਾਪਤੀਆਂ ਦੇ ਪ੍ਰਸੰਗ ’ਚ ਹੁੰਦਾ ਹੈ।
ਦੁੱਗਲ ਨੂੰ ਇੰਦਰ ਕੁਮਾਰ ਗੁਜਰਾਲ ਨੇ ਰਾਜ ਸਭਾ ਦਾ ਮੈਂਬਰ ਨੋਮੀਨੇਟ ਕੀਤਾ, ਜਿਵੇਂ ਅੰਮ੍ਰਿਤਾ ਪ੍ਰੀਤਮ ਨੂੰ ਇੰਦਰਾ ਗਾਂਧੀ ਨੇ ਕੀਤਾ ਸੀ। ਦੁੱਗਲ ਤੇ ਅੰਮ੍ਰਿਤਾ ਇੱਕ ਦੂਜੇ ਦੇ ਗਵਾਂਢੀ ਸਨ। ਦੋਵੇਂ ਇਕ ਦੂਜੇ ਨੂੰ ਹਿਕਾਰਤ ਨਾਲ ਦੇਖਦੇ ਸਨ। ਦੋਵੇਂ ਇਕ ਦੂਜੇ ਨੂੰ ਕੁਝ ਨਹੀਂ ਸਨ ਸਮਝਦੇ। ਦਿਲਚਸਪ ਗੱਲ ਇਹ ਹੈ ਕਿ ਦੋਵੇਂ ਪੰਜਾਬੀ ਸਾਹਿਤ ਦੇ ਇਕ ਦੌਰ ’ਤੇ ਛਾਏ ਰਹੇ।
(ਫ਼ਿਲਹਾਲ-14 ਦੇ ਤਬਸਰਾ ’ਚੋਂ)

