ਕੈਨੇਡੀਅਨ ਪੰਜਾਬੀ ਆਪਣੇ ਬਾਰੇ ਇਹ ਪਖਾਣਾ ਜ਼ਰੂਰ ਪਾਉਂਦੇ ਹਨ ਕਿ ਰਾਮਾਇਣ ਵੇਲਿਆਂ ਦਾ ਆਦਰਸ਼ ਪੁੱਤਰ ਸਵਰਣ ਭਗਤ ਜਦੋਂ ਆਪਣੇ ਮਾਪਿਆਂ ਨੂੰ ਤੀਰਥਾਂ ਦੀ ਯਾਤਰਾ ਕਰਾਉਂਦਾ ਕੈਨੇਡਾ ਦੀ ਧਰਤੀ ’ਤੇ ਪਹੁੰਚਿਆ ਤਾਂ ਉਸ ਦੀ ਬੁੱਧੀ ਭ੍ਰਿਸ਼ਟ ਹੋ ਗਈ। ਉਸ ਨੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ। ਲਾਚਾਰ ਅੰਧਲੇ-ਅੰਧਲੀ ਦੀ ਵਹਿੰਗੀ ਭੁੰਜੇ ਰੱਖ ਦਿੱਤੀ ਤੇ ਤੀਰਥ ਕਰਾਉਣ ਬਦਲੇ ਨਕਦ ਇਵਜ਼ਾਨਾ ਮੰਗਣ ਲੱਗਿਆ।
‘‘ਏਹ ਤਾਂ ਐਸੀ ਨਿਰਮੋਹੀ ਧਰਤੀ ਐ ਨਿਮਾਣੀ!’’ ਹਰ ਕੋਈ ਆਪਣੇ ਧੀਆਂ-ਪੁੱਤਰਾਂ ਤੋਂ ਦੁਖੀ, ਆਪਣੀ ਵਿਥਿਆ ਦਾ ਭੋਗ ਇੰਜ ਹੀ ਪਾਏਗਾ।
ਕਈ ਪੜ੍ਹੇ-ਲਿਖੇ ਤਾਂ ਸਾਡੇ ਪੰਜਾਬੀਆਂ ਅੰਦਰ ਪਨਪੀ ਇਸ ਨਵੀਂ ਬਿਰਤੀ ਦਾ ਅੰਗਰੇਜ਼ੀਕਰਨ ਕਰਦਿਆਂ ਹੁੱਬ ਕੇ ਦੱਸਣਗੇ ਕਿ ਇਹੀ ਉਹ ਭੂਮੀ ਹੈ ਜਿੱਥੇ ‘ਦਾਮ ਬਣਾਏ ਕਾਮ’ ਵਾਲੀ ਕਹਾਵਤ ਘੜੀ ਗਈ ਸੀ। ਜਦੋਂ ਪੁਰਾਣੇ ਜ਼ਮਾਨੇ ਵਿਚ ਡਿਗਦੀ ਬਰਫ਼ ਦੌਰਾਨ ਭਾੜੇ ਕੀਤੇ ਇਕ ਟੱਟੂ ਦੇ ਮਾਲਕ ਨੇ ਅੜਿੱਕੇ ਆਈ ਕਿਸੇ ਸਵਾਰੀ ਪਾਸੋਂ ਹੋਰ ਪੈਸੇ ਡੁੱਕਣ ਦੀ ਨੀਤ ਨਾਲ ਬਹਾਨਾ ਘੜਿਆ ਕਿ ਉਸ ਦੀ ਘੋੜੀ ਦੀਆਂ ਤਾਂ ਬਰਫ਼ ਕਾਰਨ ਲੱਤਾਂ ਹੀ ਕਿਧਰੇ ਗਾਇਬ ਹੋ ਗਈਆਂ। ਉਹ ਅੱਗੇ ਨਹੀਂ ਜਾ ਸਕਦੇ। ਪਰ ਚੁਸਤ ਸਵਾਰੀ ਇੱਕ-ਇੱਕ ਸਿੱਕਾ ਹੋਰ ਦਿੰਦੀ ਰਹੀ ਅਤੇ ਘੋੜੀ ਅਗਾਂਹ ਤੁਰਦੀ ਗਈ। ਘੋੜੀ ਵਾਲੇ ਨੂੰ ਡਾਲੀ ਲਾਈ ਜਦੋਂ ਮੁਸਾਫਿਰ ਆਪਣੀ ਮੰਜ਼ਿਲ ਉਪਰ ਪਹੁੰਚ ਗਿਆ ਤਾਂ ਉਸ ਨੇ ਉਚੇ ਚੜ੍ਹ ਕੇ ਆਖਿਆ,
“MONEY MAKES THE MORE GO
WHETHER IT HAS LEGS OR NO
‘ਟਕਾ ਤੋਰੇ ਘੋੜੀ ਨੂੰ ਟੰਗਾ’ ਤੋਂ ਬਗੈਰ
ਪੈਸਾ ਖਿੱਚੇ ਬੱਘੀ ਨੂੰ ਘੋੜੀ ਤੋਂ ਬਗੈਰ!’’
ਇੰਜ ਇੱਧਰਲਾ ਹਰੇਕ ਪੰਜਾਬੀ ਇਹੀ ਸਿੱਧ ਕਰੇਗਾ ਕਿ ‘ਇੱਥੇ ਕੋਈ ਨਾ ਕਿਸੇ ਦਾ ਬੇਲੀ, ਦੁਨੀਆਂ ਮਤਲਬ ਦੀ’
ਸਾਰੇ ਪਾਸੇ ਮਾਇਆ ਹੀ ਪ੍ਰਧਾਨ ਹੈ। ਹਾਲਾਂਕਿ ਇਧਰਲੇ ਸਾਰੇ ਹੀ ਜਦੋਂ ਇਕ-ਇਕ ਕਰਕੇ ਪੰਜਾਬੋਂ ਆਏ ਸਨ ਤਾਂ ਇਧਰਲਿਆਂ ਵਿਚੋਂ ਕਿਸੇ ਨੇ ਤਾਂ ਬਣਦਾ-ਸਰਦਾ ਹੰਧਾ ਜ਼ਰੂਰ ਲਾਇਆ ਹੋਵੇਗਾ।
ਸਾਡੇ ਪਿੰਡਾਂ ਦੀ ਧੀ-ਧਿਆਣੀ ਹਾਲੇ ਇਹੀ ਗੱਲਾਂ ਕਰ ਰਹੀ ਸੀ ਜਦੋਂ ਸਾਡੀ ਨੂੰਹ ਦੇ ਨਾਨਕਿਆਂ ਦਾ ਇਕ ਗੋਤੀ ਸੱਜਣ, ਜੋ ਥੋੜ੍ਹੇ ਸਮੇਂ ਤੋਂ ਹੀ ਇਧਰਲਾ ਪੱਕਾ ਵਾਸੀ ਬਣਿਆ ਸੀ, ਆਪਣੇ ਟੱਬਰ ਸਮੇਤ ਆ ਗਿਆ। ਉਹ ਜਣੇਪੇ ਵਿਚੋਂ ਉੱਠੀ ਸਾਡੀ ਨੂੰਹ-ਰਾਣੀ ਨੂੰ ਆਪਣੀ ਭਾਣਜੀ ਜਾਣ ਕੇ ਪੰਜੀਰੀ ਦੇਣ ਆਇਆ ਸੀ। ਭਾਣਜੀ ਲਈ ਸੂਟ, ਨਵੇਂ ਜਨਮੇ ਦੋ ਜਵਾਕਾਂ ਲਈ ਲਿਆਂਦੀਆਂ ਫਰਾਕਾਂ-ਝੱਗੀਆਂ ਤੇ ਸੋਨੇ ਦੀਆਂ ਨਿੱਕੀਆਂ-ਨਿੱਕੀਆਂ ਟੂੰਬਾਂ ਦੇਖਦੀ ਮਨਪ੍ਰੀਤ ਦੰਗ ਰਹਿ ਗਈ।
‘‘ਇਹ ਤਾਂ ਜਰੂਰ ਕੋਈ ਸਤਿਯੁਗੀ ਬੰਦੇ ਲੱਗਦੇ ਨੇ, ਵੀਰੇ! ਐਥੇ ਏਨੀ ਕੁਰਬਾਨੀ ਉਹ ਵੀ ਇਕ ਬੇਗਾਨੀ ਕੁੜੀ ਖਾਤਰ ਕੌਣ ਕਰਦੈ?’’ ਨਾਨਕਿਆਂ ਦੇ ਤੁਰ ਜਾਣ ਮਗਰੋਂ ਮਨਪ੍ਰੀਤ ਨੇ ਆਖਿਆ।
‘‘ਉਸ ਮਾਮੇ ਨਾਲ ਆਈ ਨੌਜਵਾਨ ਔਰਤ ਤੇ ਅਠਾਰਾਂ-ਉੱਨੀ ਵਰ੍ਹਿਆਂ ਦੀ ਲੜਕੀ ਪਤੈ, ਕੌਣ ਸਨ?’’ ਮੈਂ ਪੁੱਛਿਆ ਵੈਸੇ ਤਾਂ ਮਨਪ੍ਰੀਤ ਨੇ ਭਾਂਪ ਹੀ ਲਿਆ ਹੋਵੇਗਾ ਫਿਰ ਵੀ ਮੈਂ ਸਪਸ਼ਟ ਕਰਨਾ ਵਾਜਬ ਸਮਝਿਆ ਕਿ ਨਾਲ ਆਈ ਕੁੜੀ ਉਸ ਮਾਮੇ ਦੇ ਪਹਿਲੇ ਵਿਆਹ ਵਿਚੋਂ ਧੀ ਸੀ ਜਦੋਂਕਿ ਭਰ ਜੋਬਨ ਮੁਟਿਆਰ ਮਾਮੀ ਦੀ ਸਕੀ ਭਾਣਜੀ।
‘‘ਆਪਣੀ ਧੀ ਬਰਾਬਰ ਲਗਦੀ ਸਾਲੀ ਨੂੰ ਵਿਆਹ ਕੇ ਉਸ ਅਧਖੜ ਬੰਦੇ ਨੇ ਏਨਾ ਅਣਜੋੜ ਜਿਹਾ ਵਿਆਹ ਕਿਉਂ ਕੀਤੈ?’’ ਪ੍ਰਾਹੁਣੀ ਦਾ ਪ੍ਰਸ਼ਨ ਸੀ।
ਉਸ ਸ਼ਰੀਫ਼ ਸੱਜਣ ਨੇ ਨਹੀਂ ਸਗੋਂ ਉਸ ਨਾਲ ਪਰਨਾਈ ਉਸ ਦੀ ਛੋਟੀ ਸਾਲੀ ਨੇ ਆਪਣੀ ਮੋਈ ਵੱਡੀ ਭੈਣ ਨਾਲ ਆਖਰੀ ਸਾਹਾਂ ਮੌਕੇ ਕੀਤਾ ਇਕਰਾਰ ਨਿਭਾ ਕੇ ਦਿਖਾਇਐ ਕਿ ਉਹ ਉਸ ਦੀ ਇਕਲੌਤੀ ਮਾਂ ਬਾਹਰੀ ਭਾਣਜੀ ਨੂੰ ਸਕੀ ਮਾਂ ਬਣ ਕੇ ਕੈਨੇਡਾ ਲਿਜਾ ਕੇ ਪਾਲੇਗੀ। ਕੀ ਇਹ ਦੂਹਰੀ ਕੁਰਬਾਨੀ ਨਹੀਂ?’’ ਮੈਂ ਮਾਣ ਨਾਲ ਪੁੱਛਿਆ।
‘‘ਗੱਲ ਤੇਰੀ ਮੰਨਣ ਵਾਲੀ ਤਾਂ ਹੈਗੀ ਨੀਂ ਬਾਈ! ਇੰਡੀਆ ਰਹਿ ਗਏ ਦੁਹਾਜੂ ਜੀਜੇ ਅਰ ਮਾਂ-ਮਹਿੱਤਰ ਭਾਣਜੀ ਖਾਤਰ ਕਿਸੇ ਕੈਨੇਡੀਅਨ ਪੰਜਾਬਣ ਦਾ ਏਨਾ ਵੱਡਾ ਤਿਆਗ ਅਰ ਉਹ ਵੀ ਕੈਨੇਡਾ ਦੀ ਇਸ ਬੇਮੁਹਤਾਜ਼ ਧਰਤੀ ਉਪਰ?’’ ਸਾਡੇ ਪਿੰਡਾਂ ਦੀ ਕੁੜੀ ਉੱਠ ਕੇ ਖੜ੍ਹੀ ਹੋ ਗਈ। ‘‘ਐਕਣ ਕਿੱਕਣ ਹੋ ਗਿਐ? ਐਧਰਲੇ ਚੰਗੇ-ਭਲੇ ਮੁੰਡਿਆਂ ਨੂੰ ਪਰਨਾਈਆਂ ਥੋਡੀਆਂ ਉਪਰਲੀਆਂ ਕੁੜੀਆਂ ਜਦੋਂ ਮੈਰਿਜ ਬੇਸ ’ਤੇ ਪੀ.ਆਰ. ਬਣੀਆਂ ਐਧਰ ਬੁਲਾਈਆਂ ਆਉਂਦੀਆਂ ਨੇ ਤਾਂ ਆਪਣੀ ਲਾਈ ਪੁਰਾਣੀ ਸਾਈ-ਵਧਾਈ ਪੁਗਾਉਣ ਖਾਤਰ ਹੋਰ ਏ ਕਿਸੇ ਏਅਰ ਪੋਰਟ ’ਤੇ ਉਤਰ ਜਾਂਦੀ ਐ?’’ ਮਨਪ੍ਰੀਤ ਖ਼ਫ਼ਾ ਸੀ।
‘‘ਪਰਤੱਖ ਨੂੰ ਕਿਸੇ ਪਰਮਾਣ ਦੀ ਕੋਈ ਲੋੜ ਤਾਂ ਹੁੰਦੀ ਨਹੀਂ, ਬੀਬਾ! ਵੈਸੇ ਵੀ ਮੈਨੂੰ ਲੱਗਦੈ ਕਿ ਕੈਨੇਡਾ ’ਚ ਵੀ ਹਾਲੇ ਭਰ ਅਰ ਨੇਕ ਬੰਦਿਆਂ ਦਾ ਕਾਲ ਨਹੀਂ ਪਿਆ।’’ ਮੈਂ ਪੂਰੀ ਦ੍ਰਿੜਤਾ ਨਾਲ ਆਖਿਆ।
‘ਮੈਨੂੰ ਤਾਂ ਇਹ ਵੀ ਤੇਰੀ ਹੁਣੇ ਘੜੀ ਕਹਾਣੀ ਹੀ ਲੱਗਦੀ ਐ, ਵੀਰ! ਤੂੰ ਕਹਾਣੀਕਾਰ ਜੋ ਹੋਇਆ, ਭਾਈ! ਮੇਰਾ ਅੰਦਰਲਾ ਤਾਂ ਅਜੇ ਵੀ ਇਹੀ ਭਾਖਿਆ ਦਿੰਦੈ:-
ਏਥੇ ਸਰਵਣ ਪੁੱਤ ਲੇਖਾ ਮੰਗਦੇ,
ਅਰ ਧੀਆਂ ਮੰਗਣ ਹਿਸਾਬ।
ਏਥੇ ਫੁੱਲਾਂ ’ਚ ਖੁਸ਼ਬੋ ਨਹੀਂ,
ਅਰ ਸਾਂਝਾਂ ਬੇਸੁਆਦ!
ਵੀਰਨਾ ਰਿਸ਼ਤੇ ਬੇਸੁਆਦ!’’
(ਪ੍ਰਾਹੁਣੀ ਆਈ ਮਨਪ੍ਰੀਤ ਦੀ ‘ਮੈਂ ਨਾ ਮਾਨੂੰ’ ਹਾਲੇ ਵੀ ਬਰਕਰਾਰ ਸੀ।)

