ਲਿਖਣ ਤੋਂ ਪਹਿਲਾਂ ਮੈਂ ਖਿਮਾਂ ਚਾਹੁੰਦਾ ਹਾਂ ਕਿ ਮੈਂ ਦੋ ਹਫਤੇ ਤੋਂ ਜਰਮਨੀ ਤੋਂ ਬਾਹਰ ਗਿਆ ਹੋਇਆ ਸੀ, ਜਿਸ ਕਰਕੇ ਮੈਂ ਆਪ ਜੀ ਨਾਲ ਅਤੇ ਆਪਣੇ ਪਾਠਕਾਂ ਨਾਲ ਸਾਂਝ ਪਾਉਣ ਵਿੱਚ ਥੋੜਾ ਲੇਟ ਹੋਇਆ ਹਾਂ । ਮੈਨੂੰ ਇਸ ਗੱਲ ਦੀ ਹੋਰ ਵੀ ਖੁਸ਼ੀ ਹੈ ਕਿ ਕਿਸੇ ਸਲੀਕੇ ਨਾਲ ਇੱਕ ਗੱਲ ਕਰਨ ਦਾ ਮੌਕਾ ਮਿਲ ਰਿਹਾ ਹੈ । ਜਿਸ ਨਾਲ ਅਸੀਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੀ ਸਾਂਝ ਵੀ ਪਾ ਸਕਦੇ ਹਾਂ, ਜੋ ਕਾਮੈਂਟ ਪਾਠਕਾਂ ਦਿੱਤੇ ਹਨ, ਉਹ ਵੀ ਬਹੁਤ ਕੀਮਤੀ ਹਨ, ਹਾਂ ਅਗਰ ਕਿਤੇ ਕੋਈ ਬੇਤੁੱਕੀ ਤਰਕ ਜਾਂ ਬੇਦਲੀਲੀ ਨਾਲ ਵੀ ਗੱਲ ਕਰਨ ’ਚ ਕੋਈ ਖੂਬੀ ਸਮਝਦਾ ਹੈ, ਇਹ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਹੈ ।
‘ਸੁਪਨਿਆਂ ਦਾ ਦੇਸ਼’ ਕਦੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਅਜ਼ਾਦ ਹਿੰਦ ਫੌਜੀਆਂ, ਦੇਸ਼ ਭਗਤ ਬੱਬਰ ਅਕਾਲੀਆਂ, ਗਦਰੀ ਬਾਬਿਆਂ ਅਤੇ ਹੋਰ ਅਨੇਕਾਂ ਮਰਜੀਵੜਿਆਂ ਵੀ ਏਸੇ ਤਰ੍ਹਾਂ ਹੀ ਉਲੀਕਿਆ ਸੀ, ਜਿਨ੍ਹਾਂ ਨੂੰ ਕਦੇ ਸਿਰਫਿਰੇ ਜਾਂ ਅੱਤਵਾਦੀ ਕਹਿਣ ਵਾਲੇ ਕੋਈ ਆਮ ਲੋਕ ਨਹੀਂ ਸਨ, ਇਹ ਗਾਂਧੀਵਾਦੀ ਆਗੂ ਅਤੇ ਖੁੱਦ ਮਹਾਤਮਾ ਗਾਂਧੀ (ਕਰਮ ਚੰਦ ਮੋਹਨ ਦਾਸ ਗਾਂਧੀ) ਹੋਰਾਂ ਵਲੋਂ ਇਹ ਕਹਿਕੇ ਗੋਰਿਆਂ ਨੂੰ ਪੱਕਿਆਂ ਕੀਤਾ ਗਿਆ ਕਿ ਕਾਨੂੰਨ ਤਹਿਤ ਜੋ ਜ਼ੁਰਮ ਕਰਦਾ ਹੈ, ਸਜਾ ਤਾਂ ਉਨ੍ਹਾਂ ਨੂੰ ਭੁਗਤਣੀ ਹੀ ਪੈਣੀ ਹੈ । ਸਰਦਾਰ ਭਗਤ ਸਿੰਘ ਹੋਰਾਂ ਦੇ ‘ਸੁਪਨਿਆਂ ਦਾ ਦੇਸ਼’ ਤਾਂ ਇੰਝ ਹੀ ਸਾਕਾਰ ਹੋਇਆ ਸੀ, ਜਿੱਥੇ ਅੱਜ ਆਪਾਂ ਸਾਰੇ ਰਹਿੰਦੇ ਹਾਂ, ਇਹ ਹੁਣ ਖੁੱਦ ਹੀ ਅੰਦਾਜ਼ਾ ਲਗਾਓ ਕਿ ਵਾਕਿਆ ਹੀ ‘ਇਹ ਹੀ ਸੁਪਨੇ’ ਉਨ੍ਹਾਂ ਦੇ ਹਨ ? ਜਿਨ੍ਹਾਂ ‘ਬੱਬਰ ਅਕਾਲੀਆਂ’ ਜਥੇਦਾਰ ਕਿਸ਼ਨ ਸਿੰਘ ਗੜਗੱਜ, ਬਾਬੂ ਸੰਤਾ ਸਿੰਘ ਛੋਟੀ ਹਰਿਓ, ਭਾਈ ਦਲੀਪ ਸਿੰਘ ਧਾਮੀਆਂ, ਭਾਈ ਕਰਮ ਸਿੰਘ ਹਰੀਪੁਰ, ਭਾਈ ਨੰਦ ਸਿੰਘ ਘੁੜਿਆਲ, ਭਾਈ ਧਰਮ ਸਿੰਘ ਹਯਾਤਪੁਰ ਨੇ 27 ਫਰਵਰੀ 1926 ਨੂੰ ਹੱਸ – ਹੱਸ ਫਾਂਸੀ ਦਿਆਂ ਰੱਸਿਆਂ ਨੂੰ ਚੁੰਮਿਆ ਸੀ ? ਇਸੇ ਕੇਸ ਨਾਲ ਸਬੰਧਤ 49 ‘ਬੱਬਰ ਅਕਾਲੀ’ ਸੂਰਬੀਰਾਂ ਨੂੰ ਉਮਰ ਕੈਦ ਅਤੇ ਹੋਰ ਵੱਖ – ਵੱਖ ਸਜ਼ਾਵਾਂ ਦਿੱਤੀਆਂ ਗਈਆਂ । ਏਸੇ ਤਰ੍ਹਾਂ ਹੀ ਸ਼ਹੀਦ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ 23 ਮਾਰਚ 1931 ਨੂੰ ਫਾਂਸੀਆਂ ਦਿੱਤੀਆਂ ਗਈਆਂ । ਅਜ਼ਾਦੀ ਲਿਆਉਣ ਲਈ, ‘ਸੁਪਨਿਆਂ ਦਾ ਦੇਸ਼’ ਸਾਕਾਰ ਕਰਨ ਲਈ ਤਾਂ ਇਨ੍ਹਾਂ ਯੋਧਿਆਂ ਦੀਆਂ ਕੁਰਬਾਨੀਆਂ ਹੀ ਹਨ ???
ਭਾਰਤ ਆਜ਼ਾਦ ਕਰਵਾਉਣ ਲਈ ਦਿੱਤੀਆਂ ਕੁਰਬਾਨੀਆਂ ’ਚ ਜੋ ਸਿੱਖਾਂ ਵਲੋਂ ਯੋਗਦਾਨ ਪਾਇਆ ਗਿਆ, ਜੋ 86% ਤੋਂ ਵੱਧ ਹੈ ।
ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਜਾਂ ਹੋਰ ਸਿੰਘ ਸੂਰਮੇਂ ਜਿਹੜੇ ਫਾਂਸੀਆਂ ਦੇ ਰੱਸਿਆਂ ਨੂੰ ਗਲਾਂ ’ਚ ਪਵਾਉਣ ਨੂੰ ਹੱਸ – ਹੱਸ ਮੌਤ ਲਾੜੀ ਨੂੰ ਪ੍ਰਨਾਉਣ ਲਈ ਉਤਾਵਲੇ ਹਨ, ਆਖਿਰ ਇਨ੍ਹਾਂ ਨੂੰ ਇਸ ਰਾਹੇ ਤੋਰਿਆ ਕਿਹਨਾਂ ਹੈ ? ਜ਼ੁਲਮ, ਅੱਤਿਆਚਾਰ, ਬੇਇਨਸਾਫੀ ਅਤੇ ਬੇਵਿਸ਼ਵਾਸ਼ੀ ਹੀ ਐਸੇ ਮਾਹੌਲ ਸਿਰਜਦੀ ਆਈ ਹੈ, ਅੱਤਵਾਦੀ, ਵੱਖਵਾਦੀ, ਜ਼ਰਾਇਮ ਪੇਸ਼ਾ ਤੇ ਕਾਤਲਾਂ ਦੇ ਇਲਜ਼ਾਮ ਤੋਂ ਸਿਵਾਏ ਇਨ੍ਹਾਂ ਦੀ ਝੋਲੀ ਕੁੱਝ ਨਹੀਂ ਪੈਂਦਾ । ਆਖਿਰ ਮਜ਼ਬੂਰ ਹੋ ਕੇ ਇੱਜ਼ਤਾਂ, ਸ਼ਰਮ, ਹੱਯਾ, ਅਣਖਾਂ, ਗੈਰਤਾਂ ਲਈ ਤਾਂ ਫਿਰ ਸਿਰ – ਧੜ ਦੀਆਂ ਬਾਜ਼ੀਆਂ ਹੀ ਲਾਉਣੀਆਂ ਪੈਂਦੀਆਂ ਹਨ, ਫਿਰ ਦੇਸ਼ਾਂ ਦੀਆਂ ਵੰਡਾਂ, ਹੱਦਾਂ ਦੇ ਬਟਵਾਰੇ ਇੱਕ ਪਾਸੇ ਰਹਿ ਜਾਂਦੇ ਹਨ । ਜਿਹੜੇ ਲੋਕ ਇੰਝ ਕੁਰਬਾਨੀਆਂ ਕਰਦੇ ਹਨ, ਉਹ ਰਾਜ ਗੱਦੀਆਂ, ਚੌਧਰਾਂ ਦੀਆਂ ਸ੍ਰਦਾਰੀਆਂ ਲਈ ਨਹੀਂ ਲੜਦੇ, ਉਨ੍ਹਾਂ ਦਾ ਨਿਸ਼ਾਨਾ ਜ਼ੁਲਮ ਦੇ ਖਿਲਾਫ ਜੂਝਣਾ ਹੁੰਦਾ ਹੈ । ਬਟਵਾਰੇ ਕਰਨ ਵਾਲੇ ਲੋਕ ਉਹ ਹੋਰ ਹੁੰਦੇ ਹਨ, ਹਿੰਦੋਸਤਾਨ ਦੀ ਅਜ਼ਾਦੀ ਦਾ ਇਤਿਹਾਸ ਪੜ੍ਹ ਲਓ, ‘ਪਾਕਿਸਤਾਨ’ ਜਾਂ ‘ਬੰਗਲਾ ਦੇਸ਼’ ਬਣਾਉਣ ਵਾਲੇ ਨਾਂ ਤਾਂ ਇਹ ਸ਼ਹੀਦ ਸਰਦਾਰ ਭਗਤ ਸਿੰਘ ਹੋਰੀਂ ਸਨ ਅਤੇ ਨਾਹੀ ਦੇਸ਼ ਭਗਤ ਸ਼ਹੀਦ ‘ਬੱਬਰ ਅਕਾਲੀ’ ਜਾਂ ‘ਗਦਰੀ ਬਾਬੇ’ ।
ਇਕਬਾਲ ਪਾਠਕ ਜੀ, ਤੁਸੀਂ ਲਿਖਿਆ ਹੈ :- ‘ਜੇ ਲੋਕ ਇਸੇ ਤਰ੍ਹਾਂ ਅੰਧ ਵਿਸ਼ਵਾਸ ਦੀ ਪੱਟੀ ਬੰਨ੍ਹ ਰੱਬ ਦੇ ਸੰਕਲਪ ਨੂੰ ਸੱਚ ਮੰਨਦੇ ਰਹੇ ਅਤੇ ਤਦ ਤੱਕ ਜਦ ਤੱਕ ਸ਼ਰਧਾ ਦਾ ਸਥਾਨ ਤਰਕ ਨਹੀਂ ਲੈ ਲੈਂਦਾ ।’
ਹੁਣ ਦੱਸੋ ਵੀਰ ਜੀ, ਮੂਰਖਾਂ ਦੇ ਸਿਰੀਂ ਕਿਤੇ ਸਿੰਗ ਹੁੰਦੇ ਆ । ਧਰਮ ਦੀ ਤਰਕ ਹੀ ਅੰਧ – ਵਿਸ਼ਵਾਸ਼ ਦੀ ਅਗਿਆਨਤਾ ਨੂੰ ਖੋਹਲਦੀ ਹੈ । ਅਗਰ ਮੈਂ ਕਹਾਂਗਾ ਕਿ ਪਾਠਕ ਜੀ, ਜਿਹੜੀਆਂ ਤਰਕਾਂ, ਜਿਹੜੀਆਂ ਰਮਜ਼ਾਂ, ਜਿਹੜੀਆਂ ਦਲੀਲਾਂ ਨਾਲ ਗੁਰੂ ਨਾਨਕ ਦੇਵ ਜੀ ਮਾਨਵਤਾ ਨੂੰ ਅੰਧ – ਵਿਸ਼ਵਾਸ਼ ਵਿੱਚੋਂ ਕੱਢਿਆ ਦਾ ਸਬਕ ਪੜ੍ਹਾਇਆ ਹੈ, ਉਨ੍ਹਾਂ ਦੀ ਤਰਕ ਮੂਹਰੇ ਕੋਈ ਖੜ੍ਹੋ ਨਹੀਂ ਸਕਿਆ । ਹਰਿਦੁਆਰ ਜਾ ਕੇ ਗੰਗਾ ’ਚ ਇਸ਼ਨਾਨ ਕਰਕੇ ਮੁਕਤੀ ਪਾਉਣ ਵਾਲਿਆਂ ਜਾਂ ਪਿੱਤਰਾਂ ਨੂੰ ਜਲ – ਪਾਨ ਪਹੁੰਚਾਉਣ ਵਾਲਿਆਂ ਨਾਲ ਤਰਕ ਖੜ੍ਹੀ ਕੀਤੀ ਕਿ ਅਗਰ ਚੜ੍ਹਦੀ ਵੱਲ ਸੂਰਜ ਨੂੰ ਪਾਣੀ ਦੇ ਛੱਟੇ ਮਾਰਿਆਂ ਤੁਹਾਡੇ ਪਿੱਤਰਾਂ ਨੂੰ ਜਲ ਮਿਲ ਸਕਦਾ ਹੈ ਤਾਂ ਉਲਟੇ ਪਾਸੇ ਲਹਿੰਦੀ ਵੱਲ ਨੂੰ ਪਾਣੀ ਉਪਰ ਨੂੰ ਸੁੱਟਣਾ ਸ਼ੁਰੂ ਕੀਤਾ ਤਾਂ ਬਿੱਪਰਵਾਦੀ ਬ੍ਰਾਹਮਣਾਂ ਇਤਰਾਜ਼ ਉਠਾਇਆ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੱਥੋਂ ਸੁੱਟਿਆ ਪਾਣੀ ਕਰਤਾਰਪੁਰ (ਅੱਜ ਕਲ੍ਹ ਪਾਕਿਸਤਾਨ ਵਿੱਚ) ਤੁਹਾਡੇ ਖੇਤਾਂ ਨੂੰ ਕਿਵੇਂ ਪਹੁੰਚ ਸਕਦਾ ਹੈ ਤਾਂ ਸਹਿਜ ਸੁਭਾਅ ਹੀ ਜਵਾਬ ਦਿੱਤਾ ਕਿ ਜਿਵੇਂ ਕਰੋੜਾਂ ਮੀਲ ਇਥੋਂ ਸੂਰਜ ਤੇ ਤੁਹਾਡਾ ਪਾਣੀ ਪਹੁੰਚ ਜਾਂਦਾ ਹੈ ? ਨਾਹੀ ਪਿੱਤਰਾਂ ਨੂੰ ਇੰਝ ਦਾਨ ਦੇਣ ਨਾਲ ਜਾਂ ਪਾਣੀ ਪਹੁੰਚਾਉਣ ਨਾਲ ਕੁੱਝ ਨਹੀਂ ਹੋਣਾ ।
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥1॥
ਵੀਰ ਜੀ, ਤਰਕ ਜਾਂ ਦਲੀਲ ਦੇਣੀ ਜਾਂ ਲੈਣੀ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂਆਂ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ, ਭਗਤ ਨਾਮਦੇਵ ਜੀ, ਭਗਤ ਸਧਨਾ ਜੀ, ਭਗਤ ਫਰੀਦ ਜੀ ਦੀ ਬਾਣੀ ਪੜ੍ਹਿਆ ਕਰੋ ਤਾਂ ਸਹਿਜੇ ਹੀ ਗਿਆਨ ਹੋ ਜਾਏਗਾ ।
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥2॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥3॥
ਭਗਤ ਕਬੀਰ ਜੀ ਕਹਿੰਦੇ ਹਨ ਕਿ ਐਹ ਬ੍ਰਾਹਮਣ ਜੀ, ਜੇ ਤੂੰ ਆਪਣੇ ਆਪ ਨੂੰ ਉਚ ਜਾਤੀ ਸਮਝਦਾ ਹੈ ਤਾਂ ਦੱਸ ਤੂੰ ਕਿਸੇ ਵੱਖਰੇ ਰਸਤੇ ਆਇਆਂ ? ਜਾਂ ਤੇਰੇ ਸਰੀਰ ਵਿੱਚ ਲਹੂ ਦੀ ਜਗ੍ਹਾ ਦੁੱਧ ਨਿਕਲਦਾ ਏ । ਇਹ ਇੱਕ ਧਰਮ ਦੀ ਤਰਕ ਹੈ । ਬਾਣੀ ਪੜ੍ਹਣ ਨਾਲ ਤਰਕ ਦਾ ਅਭਿਆਸ ਵੱਧਦਾ ਏ, ਪਾਠਕ ਜੀ, ਅਸੀਂ ਇਸ ਧਰਮ ਦੀ ਤਰਕ ਦੇ ਪੁਜਾਰੀ ਹਾਂ ।
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਐਹ ਪਾਂਡੇ (ਪੰਡਿਤ ਨਹੀਂ) ਹੈਗਾ ਤਾਂ ਪਾ ਦੇ । ਇਹ ਤਰਕ ਹੈ ।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥4॥3॥
ਇੱਕ ਘਰ ’ਚ ਕਿੱਦਾਂ ਰਹਿਣਾ, ਇੱਕ ਗ੍ਰੰਥ ’ਚ ਕਿੱਦਾਂ ਬਹਿਣਾ, ਇੱਕ ਨਗਰੀ ’ਚ ਕਿੱਦਾਂ ਰਹਿਣਾ, ਇੱਕ ਪੰਗਤ ’ਚ ਕਿੱਦਾਂ ਛਕਣਾ ! ਲੋਕ ਤੇ ਪ੍ਰਲੋਕ ਦੇ ਸਫਰ ਨੂੰ ਤਹਿ ਕਿੱਦਾਂ ਕਰਨਾ ।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥1॥
ਬਸ ਵੀਰ ਜੀ, ਹਊਮੈ, ਹੰਕਾਰ, ਹੰਗਤਾ, ਦਵੈਸ਼ – ਭਾਵ ਨੂੰ ਮਾਰਨ ਦੇ ਨੁਖਸੇ ਦੀ ਤਰਕ ਨੂੰ ਕਿਤੇ ਇਕਾਗਰਤਾ ’ਚ ਬਹਿਕੇ ਵਿਚਾਰਿਓ ਜ਼ਰੂਰ । ਜਿਨ੍ਹਾਂ ਨਾਸਤਿਕ ਲੋਕਾਂ ਨੂੰ ਅਜੇ ਤਾਈਂ ਵੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬਾਣੀ ’ਚ ਇੱਕ ਸਮਾਨ ਅੰਤਰ ਬੈਠੇ ਵੱਖ – ਵੱਖ ਧਰਮਾਂ, ਜਾਤੀਆਂ, ਫਿਰਕਿਆਂ ਦੇ ਬੈਠੇ ਲੋਕ ਇੱਕ ਸਾਮਾਨ, ਰੱਬ, ਪ੍ਰਮਾਤਮਾ, ਈਸ਼ਵਰ, ਖੁਦਾ, ਅੱਲ੍ਹਾ ਨਜ਼ਰ ਨਹੀਂ ਆਇਆ ਤਾਂ ਉਨ੍ਹਾਂ ਨੂੰ ਇਨਸਾਨੀਅਤ ਦੀ ਵੀ ਕੋਈ ਸਮਝ ਨਹੀਂ ਪੈਣੀ । ਨਾਸਤਿਕਾਂ ਲਈ ਬਸ ਇਹੋ ਗੱਲਾਂ ਨੇ, ਸਾਡੇ ਤਬਕੇ, ਸਾਡੇ ਮਝਬ, ਸਾਡੇ ਸਾਥੀ ਕਿੱਥੇ ਜਾਣਗੇ, ਇਨ੍ਹਾਂ ਨੂੰ ਗੁਰੂ ਨਾਨਕ ਦੇ ਘਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਬੈਠੇ ਵਧੀਆ ਸੋਚ ਦੇ ਹਾਣੀ ਬਰਾਬਰ ਬੈਠੇ ਨਜ਼ਰ ਨਹੀਂ ਆ ਰਹੇ । ਇਨ੍ਹਾਂ ਦੀ ਸਾਂਝੀਵਾਲਤਾ ਪਤਾ ਨਹੀਂ ਕਿਹਦੇ ਨਾਲ ਹੋਣੀ ਆ !
ਵੀਰ ਪਾਠਕ ਜੀ, ਆਪ ਜੀ ਲਿਖਿਆ ਹੈ ਕਿ ‘ਜਦ ਕੋਈ ਵੀ ਧਾਰਮਿਕ ਜਨੂੰਨੀ ਆਪਣੇ ਧਰਮ ਦੇ ਪਿੱਛੇ ‘ਕੌਮ’ ਲਫ਼ਜ਼ ਜ਼ਬਰਦਸਤੀ, ਬਿਨ੍ਹਾਂ ਕੌਮ ਦੀ ਪਰਿਭਾਸ਼ਾ ਜਾਣੇ (ਪਰਿਭਾਸ਼ਾ: ਸੱਭਿਆਚਾਰ, ਬੋਲੀ, ਧਰਾਤਲ ਦੀ ਸਾਂਝ) ਨੱਥੀ ਕਰ ਦਿੰਦਾ ਹੈ ਤਾਂ ਆਪਣੀ ਅਕਲ ਦਾ ਜਲੂਸ ਖੁਦ ਹੀ ਕੱਢ ਬੈਠਦਾ ਹੈ । ਪੰਜਾਬ ਦੇ ਬਾਸ਼ਿੰਦਿਆਂ ਦੀ ਕੌਮ ਪੰਜਾਬੀਅਤ ਤੇ ਸਿਰਫ ਪੰਜਾਬੀਅਤ ਹੀ ਹੋ ਸਕਦੀ ਹੈ ਨਾ ਕਿ ਕਿਸੇ ਧਰਮ ਦਾ ਨਾਮ, ਪੂਰੇ ਸੰਸਾਰ ਤੇ ਇਸ ਤੱਥ ਨੂੰ ਪਰਖਣ ਲਈ ਨਜ਼ਰ ਦੌੜਾਈ ਜਾ ਸਕਦੀ ਹੈ । ਕਿਸੇ ਵੀ ਕੌਮ ਅੰਦਰ ਆਪਣੇ ਹਰੇਕ ਅੰਦਰੂਨੀ ਮਸਲੇ ਨੂੰ ਲੈ ਕੇ ਸਹਿਮਤੀ ਹੋਵੇ ਇਹ ਜ਼ਰੂਰੀ ਨਹੀਂ, ਇਹ ਮਸਲਾ ਤਦ ਹੋਰ ਵੀ ਉਲਝਣ ਭਰਿਆ ਹੋ ਜਾਂਦਾ ਹੈ ਜਦ ਕਿਸੇ ਧਰਾਤਲ ਤੇ ਧਰਮ ਦੇ ਨਾਲ – ਨਾਲ ਜਾਤ – ਪਾਤ ਦੇ ਵਖਰੇਵੇਂ ਹੋਂਦ ਵਿੱਚ ਹੋਣ । ਇਹ ਵਖਰੇਵਾਂ ਜਦ ਕੋਈ ਧਰਮ ਫਿਰਕੂ (ਫਾਸ਼ੀਵਾਦੀ) ਰੁੱਖ ਅਖਤਿਆਰ ਕਰ ਲੈਂਦਾ ਹੈ ਕੌਮ ਦੇ ਸੰਕਲਪ ਤੇ ਭਾਰੂ ਵਿਰੋਧਤਾਈ ਦੇ ਰੂਪ ਵਿੱਚ ਉਭਰਕੇ ਸਾਹਮਣੇ ਆਉਂਦਾ ਹੈ ।’
ਵੀਰ ਜੀਓ, ਆਪ ਜੀ ਏਥੇ ਬਹੁਤ ਵੱਡਾ ਟੱਪਲਾ ਖਾ ਰਹੇ ਹੋ, ਜੋ ਤੁਹਾਡੀ ਵਿਚਾਰ ਨੂੰ ਸਿਰਫ ਤਾਂ ਸਿਰਫ ਇੱਕ ਨਾਸਤਿਕ ਹੀ ਸਿੱਧ ਕਰ ਸਕਦੀ ਹੈ ਕਿ ਮੈਂ ਤਾਂ ਧਰਮ ਦੇ ਖਿਲਾਫ ਹੀ ਲਿਖਣਾ ਹੈ । ਹੋਰ ਕੁੱਝ ਵੀ ਨਹੀਂ ।
‘ਕੌਮ’ ਕਿਵੇਂ ਮੰਨੀ ਜਾਂਦੀ ਹੈ ?
A nation may refer to a community of people who share a common language, culture, ethnicity, descent or history.
ਯੂਨਾਈਟਿਡ ਨੈਸ਼ਨ ਦੇ ਚਾਰਟਰ ਮੁਤਾਬਿਕ ਹਰੇਕ ਉਸ ਧਰਮ, ਫਿਰਕੇ ਕਬੀਲੇ ਨੂੰ ਆਪਣੀ ਕੌਮ ਪੇਸ਼ ਕਰਨ ਲਈ ਇਨ੍ਹਾਂ ਮੁੱਦਿਆਂ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਵੱਖਰੀ ਬੋਲੀ (ਗੁਰਮੁੱਖੀ), ਵੱਖਰਾ ਧਰਮ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ), ਵੱਖਰਾ ਪਹਿਰਾਵਾ (ਖਾਲਸਈ ਬਾਣਾ), ਵੱਖਰਾ ਧਰਮ (ਸਿੱਖ), ਵੱਖਰੀ ਪਹਿਚਾਣ (ਸਾਬਤ ਸੂਰਤ), ਵੱਖਰਾ ਨਿਸ਼ਾਨ (ਕੇਸਰੀ ਨਿਸ਼ਾਨ ਸਾਹਿਬ) ਇਹ ਨਿਸ਼ਾਨੀਆਂ ਕਿਸੇ ‘ਕੌਮ’ ਨੂੰ ਇੱਕ ਪਹਿਚਾਣ ਦਾ ਨਾਮ ਦਿੰਦੀਆਂ ਹਨ ।
ਵੀਰ ਜੀ, ਕਿਸੇ ਸੂਬੇ ਜਾਂ ਸਟੇਟ ਦਾ ਧਰਾਤਲ ਮੈਦਾਨੀ, ਪਹਾੜੀ, ਜੰਗਲੀ ਜਾਂ ਵੈਰਾਨੀ ਤਾਂ ਹੋ ਸਕਦਾ ਹੈ, ਇਹਦੇ ਨਾਲ ਧਰਮ, ਨਸਲ ਜਾਂ ਕੌਮ ਨਾਲ ਕੋਈ ਸਬੰਧ ਨਹੀਂ ਹੁੰਦਾ । ਪੌਣ – ਪਾਣੀ, ਫਿਜ਼ਾ ਦਾ ਆਧਾਰ ਸਾਡੇ ਜੁੱਸਿਆਂ, ਸਰੀਰਾਂ, ਦਿਮਾਗਾਂ ਤੇ ਤਾਂ ਅਸਰ ਹੋਣਾ ਸੁਭਾਵਿਕ ਹੈ । ਜਿਵੇਂ ਮੰਨ ਲਓ ਵਿਦੇਸ਼ਾਂ ਵਿੱਚ ਜਿਹੜੀ ਪਨੀਰੀ ਜੰਮਦੀ ਹੈ, ਉਹਦੇ ਤੇ ਪੰਜਾਬ ਦੀ ਧਰਾਤਲ ਦਾ ਕੋਈ ਪ੍ਰਭਾਵ ਨਹੀਂ ਪੈਂਦਾ । ਹਵਾ, ਪੌਣ – ਪਾਣੀ, ਮਾਹੌਲ, ਫਿਜ਼ਾ ਦਾ ਕੋਈ ਅਸਰ ਨਹੀਂ ਹੁੰਦਾ, ਅਗਰ ਉਹ ਬੱਚੇ ਸਿੱਖੀ ਸਰੂਪ ਧਾਰਨ ਕਰ ਲੈਂਦੇ ਹਨ, ਅੰਮ੍ਰਿਤ ਛੱਕਕੇ ਤਿਆਰ – ਬਰ – ਤਿਆਰ ਸਿੰਘ ਸਜ ਜਾਂਦੇ ਹਨ, ਸਿਰ ਤੇ ਦਸਤਾਰ ਸਜਾ ਲੈਂਦੇ ਹਨ ਤਾਂ ਹੁਣ ਕਿਸੇ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਇਹ ਕਿਹੜੇ ਧਰਮ ਨਾਲ ਸਬੰਧਤ ਹਨ, ਸਮਝਣ ਵਾਲੇ ਝੱਟ ਸਮਝ ਜਾਂਦੇ ਹਨ ਕਿ ਇਹ ‘ਸਿੱਖ’ ਹਨ । ਪੰਜਾਬੀਅਤ ਨਾਲ ਕਿਸੇ ਦੀ ਪਹਿਚਾਣ ਨਹੀਂ ਹੁੰਦੀ । ਬਲਕਿ ਸਿੱਖ ਧਰਮ, ਸਿੱਖ ਕੌਮ ਨਾਲ ਹੁੰਦੀ ਹੈ । ਏਸੇ ਤਰ੍ਹਾਂ ਹੀ ਮੁਸਲਮਾਨ ਤੇ ਹਿੰਦੂਆਂ ਦੀ ਪਹਿਚਾਣ ਵੀ ਉਨ੍ਹਾਂ ਦੇ ਪਹਿਰਾਵੇ ਜਾਂ ਦਿਖ ਤੋਂ ਹੋ ਜਾਂਦੀ ਹੈ !
ਪੰਜਾਬੀ ਸੂਬਾ ਜਾਂ ਬਾਕੀ ਦੇ ਹੋਰ ਸੂਬੇ ਵੀ ਇਸੇ ਤਰ੍ਹਾਂ ਹੀ ਭਾਸ਼ਾ ਜਾਂ ਸਭਿਆਚਾਰ ਦੇ ਨਾਮ ਨਾਲ ਤਾਂ ਜਾਣੇ ਜਾ ਸਕਦੇ ਹਨ ਐਪਰ ਧਰਮ ਪੱਖੋਂ ਉਨ੍ਹਾਂ ਦੀ ਪਹਿਚਾਣ ਨਹੀਂ ਹੋ ਸਕਦੀ, ਨਾ ਹੀ ‘ਕੌਮ’ ਪੱਖੋਂ ।
ਇੱਕ ਛੋਟੀ ਜਿਹੀ ਮਿਸਾਲ ਦੇਣੀ ਬਹੁਤ ਜ਼ਰੂਰੀ ਹੈ, ਜਿਵੇਂ ਅੱਧਾ ਪੰਜਾਬ ਤਾਂ ਪਾਕਿਸਤਾਨ ਵਿੱਚ ਚਲਾ ਗਿਆ ਤੇ ਅੱਧਾ ਪੰਜਾਬ ਭਾਰਤ ਵਿੱਚ ਰਹਿ ਗਿਆ । ਪਾਕਿਸਤਾਨ ਵਿੱਚ ਵਸਣ ਵਾਲੇ ਲੋਕ ‘ਮੁਸਲਮਾਨ’ ਹਨ ਅਤੇ ਬੋਲਦੇ ‘ਪੰਜਾਬੀ’ ਹਨ ਅਤੇ ਲਿੱਪੀ ‘ਉਰਦੂ’ ਵਰਤਦੇ ਹਨ, ‘ਕੌਮੀ’ ਤੌਰ ਤੇ ਉਹ ‘ਮੁਸਲਮਾਨ’ ਨਾਮ ਨਾਲ ਜਾਣੇ ਜਾਂਦੇ ਹਨ ।
ਸ੍ਰੀਮਾਨ ਪਾਠਕ ਜੀਓ, ਇਹ ਗਿਲ੍ਹਾ ਸਿੱਖਾਂ ਦਾ ਮੁੱਢ ਤੋਂ ਹੀ ਇਸ ਪੀੜਾ ਨੂੰ ਉਚੇੜਦਾ ਆਇਆ ਹੈ ਕਿ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਦੀ ਡੰਡਾਵਲੀ ਧਾਰਾ 25 ਬੀ (25 ਭ) ਮੁਤਾਬਿਕ ਸਿੱਖਾਂ ਨੂੰ ਇੱਕ ਜਰਾਇਮ ਪੇਸ਼ਾ ਲੋਕ ਤੇ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਹਿੱਸਾ ਮੰਨਿਆ ਹੈ । ਸਿੱਖ ਕੌਮ ਉਦੋਂ ਤੋਂ ਹੀ ‘ਸਿੱਖ ਇੱਕ ਵੱਖਰੀ ਕੌਮ ਹੈ’ ਦਾ ਨਾਹਰਾ ਮਾਰਦੀ ਆ ਰਹੀ ਹੈ । ਜਿਸ ਧਾਰਾ 25 ਦੀਆਂ ਕਾਪੀਆਂ ਸਾੜਣ ਲਈ ਸ੍ਰ: ਪ੍ਰਕਾਸ਼ ਸਿੰਘ ਬਾਦਲ ਵਰਗੇ ਵੀ ਮੋਰਚੇ ਲਾਉਂਦੇ ਰਹੇ ਹਨ ।
ਅੱਗੇ ਜਾ ਕੇ ਆਪ ਜੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਸਬੰਧ ਵਿੱਚ ਹੋਈ ‘ਸਿਆਸੀ ਸਰਗਰਮੀ’ ਦਾ ਖੁਲਾਸਾ ਕਰਦੇ ਹੋ, ਜੋ ਤਰੀਕਾਂ ਦੇ ਆਧਾਰ ਤੇ ਬਾਇਓਡਾਟਾ ਦੇ ਕੇ ਸਪੱਸ਼ਟ ਕਰ ਰਹੇ ਹੋ ਕਿ ‘ਅੱਜ ਕੋਈ ਵੀ ਖਾਲਿਸਤਾਨੀ ਲੀਡਰ ਪੰਜਾਬ ਵਿੱਚੋਂ ਇੱਕ ਵੀ ਸੀਟ ਜਿੱਤਣ ਦੀ ਹਾਲਤ ਵਿੱਚ ਨਹੀਂ, ਚੋਣ ਨਤੀਜੇ ਸਾਡੇ ਸਭ ਦੇ ਸਾਹਮਣੇ ਹਨ’
ਪਿਆਰੇ ਇਕਬਾਲ ਪਾਠਕ ਜੀ, ਫਿਰ ਤੁਹਾਨੂੰ ਤੇ ‘ਸੁਕੀਰਤ’ ਨੂੰ ਇਹ ਕਿਉਂ ਲੱਗ ਰਿਹਾ ਹੈ ਕਿ ਹੁਣ ਅਸੀਂ ਭਾਰਤ ਵਿੱਚ ਨਹੀਂ ਬਲਕਿ ‘ਖਾਲਿਸਤਾਨ’ ਵਿੱਚ ਰਹਿ ਰਹੇ ਹਾਂ । ਜਿੱਥੇ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅਕਾਲੀ ਪਾਰਟੀ ਉਹ ਵੀ ਭਾਜਪਾਈਆਂ ਦੀ ਭਾਈਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ ਸੀ ਤੇ ਅਕਾਲੀ ਭਾਜਪਾ ਜਿੱਤ ਗਈ ਤੇ ਉਨ੍ਹਾਂ ਦੀ ਸ੍ਰਕਾਰ ਵੀ ਬਣ ਗਈ ਹੈ, ਹੁਣ ਕ੍ਰਿਪਾ ਕਰਕੇ ਆਪਣੇ ਪਾਠਕਾਂ ਨੂੰ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰੋ ਕਿ ਤੁਹਾਨੂੰ ‘ਬਾਦਲਕਿਆਂ’ ਦੀ ਚਿੰਤਾ ਜਾਂ ‘ਖਾਲਿਸਤਾਨੀਆਂ’ ਤੋਂ ਡਰ ? ਆਖਿਰ ਕਿਉਂ ?
ਵੀਰ ਜੀ, ਇਹ ਤੁਹਾਨੂੰ ਕਿਸ ਵਹਿਮ ਪਾ ਦਿੱਤਾ ਕਿ ਅਗਰ ਸਿੱਖਾਂ ਦਾ ਰਾਜ ਆ ਗਿਆ ਤਾਂ ਸਭ ਹਿੰਦੂਆਂ ਜਾਂ ਹੋਰ ਵਰਗ ਦੇ ਲੋਕਾਂ ਨੂੰ ਇੱਥੋਂ ਕੱਢ ਦਿੱਤਾ ਜਾਵੇਗਾ ਜਾਂ ਉਨ੍ਹਾਂ ਨੂੰ ਜ਼ਬਰੀ ਸਿੱਖ ਬਣਾ ਲਿਆ ਜਾਵੇਗਾ । ਐਸਾ ਕਦੇ ਵੀ ਨਹੀਂ ਹੋਵੇਗਾ, ਇਹ ਮੇਰਾ ਵਿਸ਼ਵਾਸ਼ ਹੈ ।
ਜਿਹੜੇ ਮੇਰੇ ਵੀਰ ਜਾਂ ਪਾਠਕ ਇਹ ਸੋਚਦੇ ਹਨ ਕਿ ਅਸੀਂ ਬਾਹਰ ਬੈਠੇ ਫੋਕੇ ਨਾਹਰੇ ਮਾਰਦੇ ਹਾਂ ਜਾਂ ਮੌਤ ਦੇ ਡਰੋਂ ਲੁੱਕਕੇ ਇਥੇ ਵਿਦੇਸ਼ਾਂ ਵਿੱਚ ਬੈਠੇ ਹਾਂ । ਅਗਰ ਐਸਾ ਹੁੰਦਾ ਤਾਂ 1982 ਤੋਂ ਮੈਂ ਜਰਮਨ ਵਿੱਚ ਹਾਂ ਲੱਗਭੱਗ 30 ਸਾਲ ਹੋਣ ਜਾ ਰਹੇ ਨੇ, ਜਰਮਨ ਵਿੱਚ ਸਭ ਤੋਂ ਮੂਹਰੇ ਹੋ ਕੇ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ, ਸਿੱਖਾਂ ਨਾਲ ਹੋਈਆਂ ਵਧੀਕੀਆਂ ਦੇ ਖਿਲਾਫ ਕੋਈ ਐਸਾ ਮੁਜਾਹਿਰਾ, ਕਨਵੈਨਸ਼ਨ, ਸੈਮੀਨਾਰ ਜਾਂ ਹੋਰ ਇੱਕਤਰਤਾਵਾਂ, ਯੌਰਪੀਨ ਸ੍ਰਕਾਰਾਂ ਨੂੰ ਆਪਣਾ ਪੱਖ ਦੱਸਣ ਵਿੱਚ ਸ਼ਾਮਿਲ ਨਾ ਹੋਇਆ ਹੋਵਾਂ, ਇਹ ਹੋ ਨਹੀਂ ਸਕਦਾ । ਇੰਟਰਨੈਸ਼ਨਲ ਤੌਰ ਤੇ ਜਰਮਨੀ ਵਿੱਚ ਸਿੱਖ ਕਨਵੈਨਸ਼ਨਾਂ, ਜਿਹੜੀਆਂ ਜਰਮਨ ਅਖਬਾਰਾਂ, ਟੀਵੀ, ਰੇਡੀਓ ਆਦਿ ਨੇ ਨਸ਼ਰ ਹੁੰਦੀਆਂ ਦੀਆਂ ਲਿਖਤਾਂ ਜਾਂ ਤਸਵੀਰਾਂ ਦੀ ਜ਼ੁਬਾਨੀ ਤੁਸੀਂ ਹੁਣ ਵੀ ‘ਸਮੇਂ ਦੀ ਅਵਾਜ਼’ ‘ਤੇ ਜਾ ਕੇ ਵਾਚ ਸਕਦੇ ਹੋ ।
ਜਦੋਂ ਖਾਲਿਸਤਾਨ ਹੋਂਦ ਵਿੱਚ ਆਵੇ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇ ਆਧਾਰ ਹੋਵੇ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥3॥” ਉਹਦੀ ਰੂਪ ਰੇਖਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੋਚ ਵਰਗੀ ਹੋਵੇ, ਉਹ ਕਿਸੇ ਵੀ ਜ਼ਾਲਮ ਨੂੰ, ਕਿਸੇ ਵੀ ਜ਼ਾਬਰ ਨੂੰ ਕਿਸੇ ਦੂਜੇ ਦੇ ਧਰਮ ਦੀ ਵੀ ਰੱਖਿਆ ਕਰਨ ਲਈ, ਚਾਂਦਨੀ ਚੌਂਕ ਵਰਗੇ ਮੈਦਾਨ ਦੀ ਚੋਣ ਖੁੱਦ ਕਰੇ, ਦੂਜੇ ਦੇ ਧਰਮ ਲਈ ਆਪਾ ਕੁਰਬਾਨ ਕਰਨ ਲਈ, ਸੀਸ ਵਾਰ ਦੇਣੇ ਤੇ ਉਹਦੇ ਸਿੱਖ ਵੀ ਏਦਾਂ ਦੇ ਹੋਣ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਵਰਗੇ ਹੋਣ :-
ਕਦੇ ਅਸਾਂ ਨੂੰ ਵਿੱਚ ਦੇਗਾਂ ਦੇ, ਰਿੰਨ੍ਹਿਆਂ ਵਾਂਗ ਸੀ ਖੀਰਾਂ ।
ਚਰਖੜ੍ਹੀਆਂ ਤੇ ਚਾੜ੍ਹ ਕਈਆਂ ਨੂੰ, ਪੀੜ੍ਹਿਆਂ ਵਿੱਚ ਸੀ ਕੋਹਲੂ ।
ਸਿੱਖਾਂ ਦਾ ਇਤਿਹਾਸ ਗਵਾਹੀ, ਦੇ ਕੇ ਮੂਹੋਂ ਬੋਲੂ ।
ਧੰਨ ਗੁਰੂ ਧੰਨ ਤੇਰੇ ਬੱਚੇ, ਮੌਤੋਂ ਮੂਲ ਨਾ ਡਰਦੇ ।
ਸਿੱਖੀ ਸਿੱਦਕ ਨਿਭਾਵਣ ਖਾਤਰ, ਹਰ ਕੁਰਬਾਨੀ ਕਰਦੇ ।
‘ਗਿੱਲ’ ਤੇਰੇ ਦਰ ਕਰੇ ਅਰਜੋਈ, ਸਿੱਖੀ ਸਿੱਦਕ ਨਿਭਾਦੇ ।
ਦੇਸ਼ ਆਜ਼ਾਦੀ ਖਾਤਰ ਮਰਨਾ, ਦਾਤਾ ਤੂੰ ਸਿਖਲਾਦੇ ।
(ਬੱਬਰ ਸਤਨਾਮ ਸਿੰਘ ਗਿੱਲ)
ਮੇਰੇ ਪਿਆਰੇ ਵੀਰ ਜੀ, ਇਹ ਕੋਈ ਭਾਵਕ ਗੱਲ ਨਹੀਂ, ਇਹਦੇ ਸਕੂਲ ਦੀ ਫੀਸ ਸਿਰਾਂ ਦੇ ਸੌਦੇ ਨੇ ।
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥20॥
ਵਿਚਾਰੇ ਕਾਮਰੇਡਾਂ ਨੂੰ ਤਾਂ ਅਜੇ ਤੱਕ ਵੀ ਸਮਝ ਨਹੀਂ ਪੈ ਰਹੀ ਕਿ ‘ਕੌਮ’ ਕਿਸਨੂੰ ਕਹਿੰਦੇ ਹਨ । ਵੱਖਰੇ – ਵੱਖਰੇ ਧਾਰਮਿਕ ਅਕੀਦਿਆਂ ਨੂੰ ਮੰਨਣ ਵਾਲੇ ਲੋਕ ਆਪਣੀ ਸਟੇਟ ’ਚ ਮਿਲਕੇ ਰਹਿ ਸਕਦੇ ਹਨ । ਇੱਥੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ।
ਹਾਂ ਵੀਰ ਜੀ, ਕੁੱਝ ਗੱਲਾਂ ਦੀ ਸਾਂਝ ਹੋਰ ਤੁਹਾਡੇ ਨਾਲ ਜ਼ਰੂਰ ਪਾਉਣੀ ਹੈ । ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀ ਵਿਦਵਾਨ ਹੋ, ਤੁਸੀਂ ਲਿਖਾਰੀ ਹੋ, ਤੁਸੀਂ ਇੰਨਕਲਾਬੀ ਹੋ, ਤੁਹਾਡੀ ਸੋਚ ਰਜਵਾੜਿਆਂ ਦੇ ਵਿਹੜਿਆਂ ਨਾਲ ਖੈਹਣਾ ਚਾਹੁੰਦੀ ਹੈ ਐਪਰ ਬਹਿਣਾ ਪੁਆਂਦੀ ਚਾਹੁੰਦੇ ਹੋ । ਇੰਝ ਹੋ ਨਹੀਂ ਸਕਦਾ, ਸੰਘਰਸ਼ ਲੜਨੇ ਪੈਂਦੇ ਹਨ ।
ਵੀਰ ਪਾਠਕ ਜੀਓ, ਤੁਸੀਂ ਇੱਕ ਪਹਿਰੇ ’ਚ ਜਿਕਰ ਕੀਤਾ, ਪਿੱਛੇ ਜਿਹੇ ਇੱਕ ਨਕਸਲੀ ਆਗੂ ਮਾਰਿਆ ਗਿਆ, ਉਸਦੀ ਨਿੱਕੀ ਜਿਹੀ ਖਬਰ ਮਸਾਂ ਇੱਕ ਦਿਨ ਛਪੀ ਸੀ, ਐਡੇ – ਐਡੇ ਸੰਦੇਸ਼ ਤਾਂ ਦੂਰ ਦੀ ਗੱਲ ਆ । (ਗੋਲੀ ਮਾਰਨਾ, ਫਾਂਸੀ ਲਗਾ ਦੇਣਾ, ਕਿਸੇ ਨੂੰ ਭੁੱਖੇ ਰਹਿਕੇ ਮਰਨ ਲਈ ਮਜ਼ਬੂਰ ਕਰਨਾ ਇੱਕੋ ਗੱਲ ਹੈ ਤੇ ਅੰਕੜੇ ਹਨ ਕਿ ਦਸ ਹਜ਼ਾਰ ਬੱਚਾ ਰੋਜ਼ ਭੁੱਖ ਨਾਮ ਦੀ ‘ਫਾਂਸੀ’ ਤੇ ਟੰਗਿਆ ਜਾਂਦਾ ਹੈ, ਕਿਤੇ ਵੀ ਕੋਈ ਰੋਸ ਮਾਰਚ ਨਹੀਂ ਨਿਕਲਦਾ । ਇਹ ਮਨੁੱਖਤਾ ਦੀ ਦੁਹਾਈ ਦੇਣ ਵਾਲੇ ਰਾਸਟਰੀ ਹਿੰਦੂ ਪ੍ਰੀਸ਼ਦ ਵਾਲੇ ਜਾਂ ਹੋਰ ਧਰਮਾਂ ਵਾਲੇ ਵਿਰੋਧ ਤੇ ਕਿਉਂ ਨਹੀਂ ਉੱਤਰਦੇ ???
ਮੇਰੇ ਪਿਆਰੇ ਪਾਠਕ ਵੀਰੋ, ਜਦੋਂ ਕੋਈ ਲੇਖਕ ਜਾਂ ਵਿਦਵਾਨ ਆਪਣੀ ਵਜ਼ਨੀ ਗੱਲ ਨੂੰ ਕਰਨ ਦੀ ਵਜਾਏ ਅਹਿਮਕਾਂ ਵਾਂਗ ਜਾਂ ਕੁਪੱਤੀ ਦੇ ਮੇਹਣਿਆਂ ਤੇ ਉਤਰ ਆਵੇ ਤਾਂ ਦੱਸੋ ਕੀ ਲਿਖਿਆ ਜਾਏ ! ਕਿਸੇ ਗੱਲ ਨੂੰ ਕਲੀਅਰ ਕਰਨ ਲਈ ਵਿਸ਼ੇ ਨੂੰ ਜ਼ਰੂਰ ਖੋਹਲਣਾ ਪੈਂਦਾ ਹੈ । ਵਰਨਾ ਕਈ ਡੂੰਘਾਈ ਵਾਲੀਆਂ ਗੱਲਾਂ ਆਮ ਸਮਝ ਤੋਂ ਬਾਹਰ ਰਹਿ ਜਾਂਦੀਆਂ ਹਨ ।
ਗੱਲ ਉਪਰਲੇ ਪਹਿਰੇ ’ਚ ਇਕਬਾਲ ਪਾਠਕ ਜੀ ਲਿਖੀ ਹੈ ਕਿ ਇੱਕ ਨਕਸਲੀ ਆਗੂ ਨੂੰ ਪੁਲਿਸ ਨੇ ਮਾਰਿਆ ਸੀ ਤੇ ਉਹਦੀ ਖਬਰ ਬੜੀ ਛੋਟੀ ਜਿਹੀ ਤੇ ਇੱਕੋ ਦਿਨ ਹੀ ਛਪੀ ਸੀ । ਹੁਣ ਦੱਸੋ ਇਸਦਾ ਜਵਾਬਦੇਹ ‘ਮੀਡੀਏ’ ਨੇ ਹੋਣਾ ਹੈ ਜਾਂ ‘ਸਿੱਖ ਧਰਮ’ ਨੇ ਜਾਂ ‘ਖਾਲਿਸਤਾਨੀਆਂ’ ਨੇ ???
ਹਾਂ, ਸਾਨੂੰ ਅਫਸੋਸ ਹੈ ਕਿ ਜੋ ਪੁਲੀਸ ਬੇਕਸੂਰੇ ਲੋਕਾਂ ਤੇ ਇੰਝ ਜ਼ੁਲਮ ਕਰਦੀ ਹੈ, ਉਹਦੇ ਖਿਲਾਫ ਅਸੀਂ ਵੀ ਹਮੇਸ਼ਾਂ ਅਵਾਜ਼ ਉਠਾਉਂਦੇ ਹਾਂ ਅਤੇ ਇਹੋ ਹੀ ਦੁਨੀਆਂ ਭਰ ਨੂੰ ਕਹਿਣਾ ਚਾਹੁੰਦੇ ਹਾਂ । ਇਹੋ ਹੀ ਵਧੀਕੀਆਂ ਨੇ, ਜਿਹੜੀਆਂ ਸਾਨੂੰ ‘ਖਾਲਿਸਤਾਨ’ ਮੰਗਣ ਲਈ ਮਜ਼ਬੂਰ ਕਰਦੀਆਂ ਹਨ । ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਵਧੀਕੀਆਂ ਦੇ ਖਿਲਾਫ ਸਾਡੇ ਨਾਲ ਮਿਲਕੇ ਅਵਾਜ਼ ਉਠਾਓ । ਸਮਾਂ ਆਉਣ ਤੇ ਤੁਹਾਡੀਆਂ ਕੁਰਬਾਨੀਆਂ ਦਾ ਵੀ ਮੁੱਲ ਪਵੇਗਾ ।
ਅੱਜ ਕਲ੍ਹ ਦੇ ਲੇਖਕਾਂ ਦੇ ਵੀ ਬਲਿਹਾਰ ਜਾਈਏ, ਇਨ੍ਹਾਂ ਨੂੰ ਸਿਰਫ ਲਿਖਣਾ ਆਉਂਦਾ ਹੈ, ਉਹ ਵੀ ਜਿਵੇਂ ਕੋਈ ਦੂਜਾ ਲਿਖਾ ਰਿਹਾ ਹੋਵੇ ਤੇ ਇਹ ਸਿਰਫ ਵਰਕੇ ਹੀ ਕਾਲੇ ਕਰਦੇ ਹੋਣ ।
ਜਿਸ ਇਨਸਾਨ ਨੂੰ ਪੰਜਾਬ ’ਚ ਰਹਿੰਦਿਆਂ ਤੇ ਸਿੱਖ ਧਰਮ ਬਾਰੇ ਏਨੀ ਅਗਿਆਨਤਾ ਹੋਵੇ, ਉਹਨੂੰ ਇਹ ਵੀ ਨਾ ਪਤਾ ਹੋਵੇ ਕਿ ਅੱਜ ਤੋਂ 544 ਸਾਲ ਹੋਣ ਜਾ ਰਹੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਸੱਚਾ ਸੌਦਾ ਕਰਕੇ ਪਾਕਿਸਤਾਨ ਵਿੱਚ ਚੂਹੜਕਾਣੇ ਦੇ ਕਸਬੇ ਵਿੱਚ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਸੱਚਾ ਸੌਦਾ ਕੀਤਾ ਦਾ, ਜੋ ਅੱਜ ਦੁਨੀਆਂ ਭਰ ਦੇ ਗੁਰਦੁਆਰਿਆਂ ਵਿੱਚ ਅਤੇ ਭਾਰਤ ਦੇ ਹਰੇਕ ਇਤਿਹਾਸਿਕ ਗੁਰਦੁਆਰਿਆਂ ਵਿੱਚ ਦਿਨ ਰਾਤ 24 ਘੰਟੇ ਗੁਰੂ ਕੇ ਲੰਗਰ ਅਮੀਰ – ਗਰੀਬ, ਊਚ – ਨੀਚ, ਛੂਤ – ਛਾਤ ਦੇ ਭਿੰਨ – ਭੇਦ ਤੋਂ ਬਿਨਾਂ ਹਰ ਕੋਈ ਇੱਕ ਪੰਗਤ ਵਿੱਚ ਬੈਠਕੇ ਪ੍ਰਸ਼ਾਦਾ ਛਕ ਸਕਦਾ ਹੈ । ਇਹ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਚੋਂ ਇੱਕ ਮਰਿਯਾਦਾ ਹੈ । ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣਾ ।
ਇਹ ਲੇਖਕ ਸਾਨੂੰ ਸਿੱਧ ਕਰੇ, ਉਹ ਬੱਚੇ ਕਿੱਥੇ ਹਨ, ਕੌਣ ਉਨ੍ਹਾਂ ਨੂੰ ਭੁੱਖ ਨਾਮ ਦੀ ‘ਫਾਂਸੀ’ ਲਾਉਂਦਾ ਹੈ ? ਐਹੋ ਜਿਹੇ ਝੱਖ ਮਾਰਨੇ ਕਦਾਚਿਤ ਵੀ ਇੱਕ ਲੇਖਕ ਲਈ ਸ਼ੋਭਦੇ ਨਹੀਂ, ਜਿਹਦੇ ਨਾਲ ਦੁਨੀਆਂ ਭਰ ਵਿੱਚ ਇੱਕ ਐਹੋ ਜਿਹੀ ਨਫਰਤ ਫੈਲਾਈ ਜਾਵੇ । ਐਹੋ ਜਿਹੇ ਲੇਖਕ ਨੂੰ ਨਾਹੀ ਇਨ੍ਹਾਂ ਬੱਚਿਆਂ ਦੀ ਭੁੱਖਮਰੀ ਨਾਲ ਕੋਈ ਲੈਣ – ਦੇਣ ਹੈ ਅਤੇ ਨਾਹੀ ਇਨ੍ਹਾਂ ਮਾਸੂਮਾਂ ਲਈ ਭੁੱਖ ਨਾਮ ਦੀ ‘ਫਾਂਸੀ’ ਦਾ ਭੈਅ ਹੈ । ਹਾਂ ਇਨ੍ਹਾਂ ਦੇ ਮਨਾਂ ’ਚ ਸਿਰਫ ਇੱਕ ਸਿੱਖ ਨੂੰ ‘ਫਾਂਸੀ’ ਦੀ ਤੁਲਣਾ ਇੰਝ ਕਰਨ ਦਾ ਕੋਈ ਵਧੀਆ ਖੁਲਾਸਾ ਨਹੀਂ ਹੈ । ਲੋਕਾਂ ਨੂੰ ਉਕਸਾਉਣਾ ਅਤੇ ਇੱਕ ਦੂਜੇ ਦੇ ਖਿਲਾਫ ਇੰਝ ਨਫਰਤ ਭਰਨੀ ਇਹ ਕੋਈ ਕੌਮੀ ਸੇਵਾ ਨਹੀਂ ਹੈ । ਹਾਂ, ਅਗਰ ਕੋਈ ਕੌਮੀ ਤੌਰ ਤੇ ਜਾਂ ਸਮਾਜਿਕ ਤੌਰ ਤੇ, ਲੋਕ ਭਲਾਈ ਲਈ ਕੋਈ ਵੀ ਇਨਸਾਨ, ਕੋਈ ਕੁਰਬਾਨੀ ਕਰਦਾ ਹੈ ਤਾਂ ਲੋੜ ਨਹੀਂ ਪੈਂਦੀ ਕਿਸੇ ਨੂੰ ਕੁੱਝ ਵੀ ਕਹਿਣ ਦੀ, ਲੋਕ ਹਮੇਸ਼ਾਂ ਉਨ੍ਹਾਂ ਦਾ ਮਾਣ – ਸਤਿਕਾਰ ਅਤੇ ਉਨ੍ਹਾਂ ਦੀ ਕੁਰਬਾਨੀ ਦੀ ਕਦਰ ਕਰਦੇ ਹਨ ।
ਪਾਠਕ ਜੀ, ਤੁਹਾਡੇ ਵਾਂਗ ਸ਼ਬਦੀ ਉਲਝਣਾ ਪੈਦਾ ਕਰਕੇ ਰਾਜ ਭਾਗ ਲੈਣ ਦੇ ਅਭਿਲਾਸ਼ੀ ਹੋਣਾ ਸਿੱਖ ਧਰਮ ਦਾ ਨਿਸ਼ਾਨਾ ਨਹੀਂ ਹੈ ।
ਸਿੱਖ ਧਰਮ ਦੀ ਤਾਂ ਬਾਤ ਹੀ ਵੱਖਰੀ ਹੈ । ਸਿੱਖ ਤਾਂ ਹਮੇਸ਼ਾਂ ਸਰਬੱਤ ਦੇ ਭਲੇ, ਆਪਣੇ ਸ਼ਹੀਦਾਂ – ਮੁਰੀਦਾਂ ਨੂੰ ਰੋਜ਼ਾਨਾ ਪ੍ਰਤੀ ਦੀਆਂ ਅਰਦਾਸਾਂ ਵਿੱਚ ਹਮੇਸ਼ਾਂ ਯਾਦ ਕਰਦੇ ਹਨ :- “ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ – ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ !”
ਏਥੇ ਹੀ ਬਸ ਨਹੀਂ ਏਸੇ ਤਰ੍ਹਾਂ ਹੀ ਔਰਤ ਜਾਤੀ ਨੂੰ ਬਰਾਬਰਤਾ ਦੀਆਂ ਕੁਰਬਾਨੀਆਂ ਦਾ ਸਨਮਾਨ ਬਰਾਬਰ ਦਿੰਦਿਆਂ :- “ਜਿਨ੍ਹਾਂ ਮਾਤਾਵਾਂ ਭੈਣਾਂ ਸਵਾ – ਸਵਾ ਮਣ ਦੇ ਪੀਸਣ ਪੀਸੇ, ਖੰਨੀ – ਖੰਨੀ ਰੋਟੀ ਤੇ ਗੁਜ਼ਾਰੇ ਕੀਤੇ, ਬੱਚਿਆਂ ਦੇ ਟੋਟੇ ਕਰਾਕੇ ਗਲਾਂ ਵਿੱਚ ਹਾਰ ਪਵਾਏ, ਬੱਚੇ ਨੇਜ਼ਿਆਂ ਤੇ ਟੰਗਵਾਏ, ਸਿੱਖੀ ਸਿੱਦਕ ਨਹੀਂ ਹਾਰਿਆ ।……ਬੋਲੋ ਜੀ ਵਾਹਿਗੁਰੂ ! ……… ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ॥”
ਇਹ ਪਹਿਰੇ ਇਸ ਲਈ ਲਿਖੇ ਹਨ, ਮੇਰੇ ਵੀਰ ਇਕਬਾਲ ਪਾਠਕ ਨੂੰ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਦੀ ਵੀ ਜਾਣਕਾਰੀ ਜ਼ਰੂਰ ਮਿਲੇ ਤਾਂਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਕਿਤੇ ਕੋਈ ਵਿਅੰਗ ਜਾਂ ਤਰਕ ਕਰਨੀ ਜਾਂ ਸਿੱਖਣੀ ਹੋਵੇ ਤਾਂ ਉਹਨੂੰ ਧਰਮ ਬਾਰੇ ਜਾਣਕਾਰੀ ਜ਼ਰੂਰ ਹੋਵੇ ।
ਜਦੋਂ ਅੱਜ ਵਿਦੇਸ਼ੀ ਵੀਰ ਪੰਜਾਬ ਤੋਂ ਆ ਕੇ ਦੱਸਦੇ ਹਨ ਜਾਂ ਉਨ੍ਹਾਂ ਨਾਲ ਜੋ ਵਾਪਰਦਾ ਹੈ, ਸਕਿਆਂ – ਸਨਬੰਧੀਆਂ, ਯਾਰਾਂ, ਦੋਸਤਾਂ, ਮਿੱਤਰਾਂ ਦਾ ਆਪਸੀ ਵਿਸ਼ਵਾਸ਼ ਉਠ ਜਾਣਾ, ਨੇਹ – ਪਿਆਰ ਜਾਂ ਆਪਸੀ ਸਾਂਝਾਂ ਦੀਆਂ ਦੂਰ ਦੀਆਂ ਗੱਲਾਂ ਕਹਿਕੇ ਜਦੋਂ ਆਪਣੇ ਦੁੱਖ ਰੋਂਦੇ ਹਨ ਤਾਂ ਕਾਲਜਾਂ ਫੱਟਣ ਨੂੰ ਆਉਂਦਾ ਹੈ । ਅਧਰਮਿਕਤਾ ਅਤੇ ਨਾਸਤਿਕਤਾ ਨੇ ਹੀ ਪੰਜਾਬ ਦੀ ਨੌਜਵਾਨ ਪਨੀਰੀ ਨੂੰ ਐਬਾਂ, ਆਜ਼ਾਸ਼ੀਆਂ, ਨਸ਼ਿਆਂ, ਵਿਸ਼ੇ – ਵਿਕਾਰਾਂ ਵਿੱਚ ਪਾ ਕੇ ਤਬਾਹ ਕਰ ਦਿੱਤਾ ਹੈ । ਮੈਂ ਉਨ੍ਹਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ, ਕਿਉਂ ? ਦੱਸੋ ਹੁਣ, ਧਰਮ ਇਨ੍ਹਾਂ ਬੁਰਾਈਆਂ ਤੋਂ ਵਰਜਦਾ ਨਹੀਂ ? ਜਿਨ੍ਹਾਂ ਲੋਕਾਂ ਜਾਂ ਲੇਖਕਾਂ ਨੂੰ ਧਰਮ ਦੇ ਨਾਮ ਤੋਂ ਹੀ ਜ਼ਹਿਰ ਚੜਦੀ ਹੈ, ਇਨ੍ਹਾਂ ਆਪਣਾ ਆਪ ਤਾਂ ਅੰਦਰੋਂ ਤਬਾਹ ਕਰ ਲਿਆ ਤੇ ਪੰਜਾਬ ਦੀ ਕਰੀਮ ਨੌਜਵਾਨ ਪਨੀਰੀ ਨੂੰ ਇਨ੍ਹਾਂ ਗੁਨਾਹਾਂ ਦੀ ਭੱਠੀ ਵਿੱਚ ਧੱਕਣ ਦੇ ਕਿਤੇ ਖੁੱਦ ਹੀ ਤਾਂ ਜੁੰਮੇਵਾਰ ਨਹੀਂ ? ਵੀਰ ਜੀ, ਇਹਨੂੰ ਡੂੰਘਾਈ ਨਾਲ ਸੋਚੋ, ਵਿਚਾਰੋ !
ਅਨੰਦਪੁਰ ਦਾ ਮਤਾ, ਜੋ ਸਿੱਖਾਂ ਵਲੋਂ ਪੰਜਾਬ ਦੇ ਹਿੱਤਾਂ ਲਈ ਉਲੀਕਿਆ ਗਿਆ, ਜਿਸਨੂੰ ਪੰਜਾਬੀਆਂ ਵਲੋਂ ਪੂਰਾ ਸਮਰਥਨ ਨਹੀਂ ਦਿੱਤਾ ਗਿਆ, ਹੁਣ ਇਹਨੂੰ ਗਹੁ ਨਾਲ ਵਿਚਾਰੀਏ ਕਿ ਪੰਜਾਬ ਨਾਲ ਧੋਖਾ ਜਾਂ ਬੇਈਮਾਨੀ ਕਿਸ ਕੀਤੀ ਹੈ ?
1. ਹਿੰਦੂਆਂ ਦੇ ਚਾਰ ਧਾਰਮਿਕ ਅਸਥਾਨ (ਮੀਟ, ਸ਼ਰਾਬ, ਤੰਬਾਕੂ ਨਹੀਂ ਵਰਤ ਸਕਦੇ) ਪਵਿੱਤਰ ਸ਼ਹਿਰ ਐਲਾਨੇ ਗਏ ਹਨ, ਜਿਵੇਂ ਹਰਿਦੁਆਰ, ਰਿਸ਼ੀਕੇਸ਼, ਦੁਆਰਕਾ ਅਤੇ ਕਾਂਸ਼ੀ । ਇਸੇ ਤਰ੍ਹਾਂ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ।
2. ਪੰਜਾਬ ਵਿੱਚ ਪੈਦਾ ਹੋਣ ਵਾਲੀ ਕਣਕ ਅਤੇ ਝੋਨੇ ਦਾ ਮੁੱਲ ਪੰਜਾਬ ਸ੍ਰਕਾਰ ਹੀ ਤਹਿ ਕਰੇਗੀ, ਤਾਂ ਜੋ ਕੇਂਦਰ ਸ੍ਰਕਾਰ ਆਪਣੀ ਮਨਮਰਜ਼ੀ ਦੇ ਭਾਅ ਤੇ ਨਾ ਖਰੀਦ ਸਕੇ ।
3. ਬੀ. ਏ. ਜਾਂ ਐਮ. ਏ. ਜਾਂ ਇਸ ਤੋਂ ਵੱਧ ਪੜ੍ਹਾਈ ਕਰਨ ਵਾਲੇ ਨੂੰ, ਜਿੰਨਾ ਚਿਰ ਉਸ ਨੂੰ ਨੌਕਰੀ ਨਹੀਂ ਮਿਲਦੀ, ਗੁਜ਼ਾਰੇ ਜੋਗਾ ਭੱਤਾ ਦਿੱਤਾ ਜਾਵੇ ਤਾਂ ਜੋ ਪੰਜਾਬ ਵਿੱਚ ਲੋਕਾਂ ਵਿੱਚ ਪੜ੍ਹਾਈ ਦਾ ਉਤਸ਼ਾਹ ਬਣੇ ।
4. ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗਰੀਬ ਦੁਕਾਨਦਾਰ ਜੋ ਬਹੁਤੇ ਹਿੰਦੂ ਧਰਮ ਨਾਲ ਸਬੰਧਤ ਹਨ, ਉਨ੍ਹਾਂ ਦੀ ਚੁੰਗੀ ਅਤੇ ਦੁਕਾਨਾਂ ਦੇ ਟੈਕਸ ਮਾਫ ਕੀਤਾ ਜਾਵੇ ।
5. ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿੱਚ ਵਸਦੇ ਅਮੀਰ ਪੰਜਾਬੀਆਂ ਨੂੰ ਪੰਜਾਬ ਵਿੱਚ ਪੈਸਾ ਲਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਪਹਿਲ ਦੇ ਆਧਾਰ ਤੇ ਸਹੂਲਤਾਂ ਅਤੇ ਸੁਰੱਖਿਆ ਦਿੱਤੀ ਜਾਵੇ ।
6. ਪੰਜਾਬ ਵਿੱਚ ਚੰਗੀ ਪੜ੍ਹਾਈ ਵਾਲਿਆਂ ਲਈ ਜ਼ਿਆਦਾ ਵਜ਼ੀਫੇ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੇ ਵੱਡੇ ਇਨਾਮ ਰੱਖੇ ਜਾਣ ।
7. ਅਫੀਮ ਅਤੇ ਡੋਡੇ ਖਾਣ ਵਾਲਿਆਂ ਦੇ ਲਾਇਸੈਂਸ ਬਣਾਏ ਜਾਣ ਤਾਂ ਜੋ ਪੰਜਾਬ ਦੀ ਨਵੀਂ ਪਨੀਰੀ ਨੂੰ ਇਸ ਤੋਂ ਰੋਕਿਆ ਜਾ ਸਕੇ ।
8. ਪੁਲਿਸ ਦੀਆਂ ਤਾਕਤਾਂ ਘਟਾਈਆਂ ਜਾਣ ।
9. ਔਰਤਾਂ ਨੂੰ ਕਿਸੇ ਵੀ ਦੋਸ਼ ਵਿੱਚ ਫੜੇ ਜਾਣ ਤੋਂ ਥਾਣਿਆਂ ਵਿੱਚ ਨਹੀਂ ਰੱਖਿਆ ਜਾ ਸਕਦਾ ।
ਹਾਂ, ਹੁਣ ਦੱਸੋ, ਕੀ ਉਪ੍ਰੋਕਤ ਲਿਖੇ ਕੁੱਝ ਮਤੇ ਜੋ ਸਮੂਹ ਪੰਜਾਬੀਆਂ, ਗਰੀਬਾਂ, ਮਜ਼ਦੂਰਾਂ, ਕਾਮਰੇਡਾਂ ਦੇ ਮਿਹਨਤਕਸ਼ਾਂ ਨਾਲ ਸਬੰਧਤ ਨਹੀਂ ਹਨ ਜਾਂ ਸਨ ? ਪਿਆਰੇ ਲੇਖਕੋ ਹੁਣ ਦੱਸੋ, ਅਕ੍ਰਿਤਘਣਤਾ ਦੀ ਵੀ ਕੋਈ ਹੱਦ ਹੁੰਦੀ ਹੈ । ਅਗਰ ਸਾਨੂੰ ਅੱਜ ਸਾਂਝੀਵਾਲਤਾ, ਪੰਜਾਬੀਅਤ ਦੀਆਂ ਮੱਤਾਂ ਦੇਣ ਵਾਲੇ ਕਿਤੇ ਖੋਖਲੇ ਤੇ ਬੌਣੇ ਕਿਉਂ ਹੋ ਜਾਂਦੇ ਹਨ ? ਡੇੜ ਲੱਖ ਤੋਂ ਵੱਧ ਪੰਜਾਬ ਦੇ ਨੌਜਵਾਨਾਂ, ਜਿਨ੍ਹਾਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਧਰਮ ਯੁੱਧ ਮੋਰਚਾ ਲਾ ਕੇ ਪੰਜਾਬੀਅਤ ਨੂੰ ਖੁਸ਼ਹਾਲ ਵੇਖਣ ਦੀਆਂ ਆਸਾਂ ਲਾਈਆਂ ਸਨ, ਆਪਣੀਆਂ ਜਾਨਾਂ ਦੀਆਂ ਆਹੂਤੀਆਂ ਦੇ ਕੇ ਸਾਡੇ ਤੋਂ ਸਭ ਕੁੱਝ ਕੁਰਬਾਨ ਕਰ ਗਏ ਹੋਣ । ਜਿਹੜੇ ਲੋਕ ਅਜੇ ਵੀ ਆਪਣੀ ਅਕ੍ਰਿਤਘਣਤਾ ਦੀ ਰੱਟਣ ਤੋਂ ਬਾਜ਼ ਨਹੀਂ ਆਉਂਦੇ ਤਾਂ ਦੱਸੋ ਕਿਹੜੇ ਦੇਸ਼ ’ਚ ਰਹਿਣਾ, ਇਹ ਤੁਹਾਡੀ ਜ਼ਮੀਰ ਤੇ ਨਿਰਭਰ ਕਰਦਾ ਹੈ ਜਾਂ ਸੱਚ ਕਬੂਲ ਲਓ ਜਾਂ ਦੱਸੋ ਦੋਸ਼ੀ ਕੌਣ ?
ਗੋਲਡਨ ਟੈਂਪਲ ਤੇ ਅਟੈਕ ਤੇ ਲੱਡੂ ਕਿਉਂ ਵੰਡੇ ਗਏ ?
ਵੀਰ ਜੀ, ਤੁਸੀਂ ਲਿਖਿਆ ਹੈ ਕਿ ਇਹ ਲੱਡੂ ਪੰਜਾਬੀ ਹਿੰਦੂਆਂ ਵਲੋਂ ਭਿੰਡਰਾਂਵਾਲੇ ਦੇ ਮਰਨ ਤੇ ਵੰਡੇ ਗਏ ਨਾ ਕਿ ਹਰਿਮੰਦਰ ਸਾਹਿਬ ਤੇ ਅਟੈਕ ਕਾਰਨ, ਕਿਉਂਕਿ ‘ਹਰਿਮੰਦਰ ਸਾਹਿਬ’ ਦਾ ਜੇਕਰ ਉਹਨਾਂ ਦੇ ਮਨ ਵਿੱਚ ਸਤਿਕਾਰ ਨਾ ਵੀ ਹੋਵੇ ਤਾਂ ਵੀ ਨੇੜੇ ਵਸਦੇ ਹਿੰਦੂਆਂ ਦੀ ਰੋਜ਼ੀ ਰੋਟੀ ਦਾ ਸਾਧਨ ਹਨ ਦੁਕਾਨਾਂ ਜੋ ਆਉਣ ਵਾਲੇ ਸ਼ਰਧਾਲੂਆਂ / ਯਾਤਰੀਆਂ ਕਾਰਨ ਚਲਦੀਆਂ ਹਨ ਉਹ ਹਰਿਮੰਦਰ ਨੂੰ ਢਾਉਣ ਦੀ ਸੋਚ ਹੀ ਨਹੀਂ ਸੀ ਸਕਦੇ, ਪਰ ਇਹ ਸੱਚ ਹੈ ਕਿ ਲੱਡੂ ਵੰਡੇ ਗਏ, ਦੇਖਣਾ ਪਵੇਗਾ ਕਿ “ਮੈਂ 5000 ਹਿੰਦੂ ਵੱਢਾਂਗਾ” ਤੇ ਸਿੱਖਾਂ ਨੂੰ ਹਿੰਦੂਆਂ ਨੂੰ ਕਤਲ ਕਰ ਦੇਣ ਦੇ ਸੰਦੇਸ਼ ਦੇਣ ਵਾਲਾ (ਆਖਣ ਵਾਲਾ) ਇਸ ਹਮਲੇ ਵਿੱਚ ਮਾਰਿਆ ਗਿਆ ਸੀ, ਲੱਡੂ ਵੰਡਣਾ ਇੱਕ ਪ੍ਰਤੀਕਰਮ ਹੋ ਸਕਦਾ ਹੈ ……
ਕੀ ਤੁਹਾਨੂੰ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਸਿੱਖਾਂ ਵਲੋਂ ਮੰਗੇ ਜਾ ਰਹੇ ਹੱਕਾਂ ਦੇ ਸਬੰਧ ਵਿੱਚ ਕਿਹਾ ਸੀ ਕਿ ਅਗਰ ਸਿੱਖਾਂ ਨੇ ਆਪਣੀਆਂ ਮੰਗਾਂ ਮੰਗਣੀਆਂ ਬੰਦ ਨਾ ਕੀਤੀਆਂ ਤਾਂ ਪੰਜਾਬ ਤੋਂ ਬਾਹਰ ਵਸਦੇ ਸਿੱਖ ਨਤੀਜ਼ੇ ਭੁਗਤਣ ਲਈ ਤਿਆਰ ਰਹਿਣ । ਇਸਦੇ ਪ੍ਰਤੀਕਰਮ ਵਜੋਂ ਸੰਤ ਭਿੰਡਰਾਂਵਾਲਿਆਂ ਨੇ ਇਹ ਲਫਜ਼ ਕਹੇ ਸਨ ਕਿ ਅਗਰ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦਾ ਕੋਈ ਨੁਕਸਾਨ ਹੋਇਆ ਤਾਂ “ਮੈਂ 5000 ਹਿੰਦੂ ਵੱਢਾਂਗਾ” । ਅਗਰ ਦੇਸ਼ ਦੀ ਪ੍ਰਧਾਨ ਮੰਤਰੀ ਆਪਣੇ ਹੀ ਦੇਸ਼ ਦੇੇ ਨਾਗਰਿਕਾਂ ਨੂੰ ਨਤੀਜੇ ਭੁਗਤਣ ਦੀਆਂ ਚਿਤਾਵਨੀਆਂ ਦੇਵੇ ਤਾਂ ਉਹ ‘ਦੇਸ਼ ਭਗਤ’ । ਸਿੱਖ ਪ੍ਰਤੀਕਰਮ ਵਜੋਂ ਜਵਾਬ ਦੇਣ, ਤਾਂ ਉਹ ‘ਅੱਤਵਾਦੀ’ । ਸਿੱਖਾਂ ਦੇ ਖਿਲਾਫ ਇਹ ਨਾਹਰੇ ਲਗਾਏ ਜਾਣ ਕਿ ‘ਇੱਕੀ ਦੁੱਕੀ ਰਹਿਣ ਨੀ ਦੇਣੀ, ਸਿਰ ਤੇ ਪੱਗੜੀ ਰਹਿਣ ਨੀ ਦੇਣੀ’, ‘ਕੱਛ ਕੜਾ ਕ੍ਰਿਪਾਨ, ਇਹਨੂੰ ਭੇਜੋ ਪਾਕਿਸਤਾਨ’, ‘ਜੋ ਹਮਸੇ ਟਕਰਾਏਗਾ, ਚੂਰ – ਚੂਰ ਹੋ ਜਾਏਗਾ’ ਤੇ ਇਹ ਨਾਹਰੇ ਲਗਾਉਣ ਵਾਲੇ ‘ਦੇਸ਼ ਭਗਤ’ । ਸਿੱਖ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਲਾ ਦੇਣ ਤਾਂ ਇਹ ‘ਦੇਸ਼ ਧ੍ਰੋਹੀ’ ! ਇਕਬਾਲ ਜੀ, ‘ਇਸ ਅੱਖ ਵਿਚਲੇ ਟੀਰ ਬਾਰੇ ਕੋਈ ਕੀ ਆਖੇ ?’
ਮੈਂ ਹਿੰਦੂਆਂ ਦਾ ਵੈਰੀ ਨਹੀਂ – ਭਿੰਡਰਾਂਵਾਲਾ
ਹਿੰਦੂਆਂ ਨਾਲ ਉਸ ਤਰ੍ਹਾਂ ਮੇਰਾ ਵੈਰ ਨਹੀਂ । ਵੈਰ ਹੁੰਦਾ, ਤਾਂ ਮੈਂ ਹਿੰਦੂਆਂ ਦੀ ਕੁੜੀ ਨਾ ਛੁਡਾ ਕੇ ਦਿੰਦਾ ਜਲਾਲਾਬਾਦ ਤੋਂ । ਹੁਕਮ ਚੰਦ ਹਿੰਦੂ ਦੀ ਲੜਕੀ, ਹਿੰਦੂ ਚੁੱਕ ਕੇ ਲੈ ਗਿਆ, ਜ਼ਬਰਦਸਤੀ ਨੌਜਵਾਨ ਮੁੰਡਾ । 10 ਹਜ਼ਾਰ ਦੇ ਇਕੱਠ ਵਿੱਚ ਸਟੇਜ ਤੇ ਆ ਕੇ ਚੀਕਾਂ ਮਾਰ ਕੇ ਰੋਇਆ, ਕਹਿੰਦਾ, ਸੰਤ ਜੀ, ਤੁਸੀਂ ਦਮਦਮੀ ਟਕਸਾਲ ਦੇ ਸੇਵਾਦਾਰ ਹੋ । ਪੁਰਾਤਨ ਸਮੇਂ ਵਿੱਚ ਸਿੱਖ ਹਿੰਦੂਆਂ ਦਆਂ ਲੜਕੀਆਂ ਛੁਡਾਉਂਦੇ ਰਹੇ ਆ । ਮੇਰੀ ਨੌਜਵਾਨ ਕੁਆਰੀ ਲੜਕੀ ਨੂੰ ਹਿੰਦੂ ਚੁੱਕ ਕੇ ਲੈ ਗਿਆ…… । ਜੇ ਮੇਰੇ ਚ ਵਿਤਕਰਾ ਹੁੰਦਾ, ਮੈਂ ਉਹਨੂੰ ਕਹਿੰਦਾ ਸਟੇਜ ਤੋਂ ਉਠ ਜਾਹ ਤੇ ਜੇ ਕੇ ਹਿੰਦੂਆਂ ਨੂੰ ਕਹਿ ਦੇ, ਪਰ ਨਹੀਂ, ਗੁਰੂ ਦੇ ਸਿੱਖ ਦਾ ਫਰਜ਼ ਆ :- ਨਾਨਕ ਨਾਮ ਚੜ੍ਹਦੀ ਕਲਾ ॥ ਤੇਰੇ ਭਾਣੇ ਸਰਬੱਤ ਦਾ ਭਲਾ ॥ ਮੈਂ ਇਹਦੇ ਤੇ ਚੱਲਿਆਂ । ਮੈਂ 12 ਵਜੇ ਬੋਲ ਰਿਹਾ ਸੀ ਸਟੇਜ ਤੋਂ ਜਲਾਲਾਬਾਦ, ਜਿਹੜਾ ਫਾਜ਼ਿਲਕਾ ਦੇ ਕੋਲ ਆ । ਉਹਨੂੰ ਕਿਹਾ 5 ਵਜਦੇ ਨੂੰ ਤੇਰੀ ਲੜਕੀ ਘਰ ਆ ਜਾਉ, ਜੇ ਤੇਰੀ ਗੱਲ ਠੀਕ ਹੋਈ ਤਾਂ । ਮਹਿੰਦਰ ਸਿੰਘ ਸਾਈਆਂ ਵਾਲੇ ਦੀ ਦਾਸ ਨੇ ਡਿਊਟੀ ਲਾਈ…… ਖਾਲਸਾ ਜੀ ਪੌਣੇ 5 ਵਜਦੇ ਨੂੰ ਉਹ ਲੜਕੀ ਲਿਆਕੇ ਹਿੰਦੂ ਦੇ ਘਰ ਦਿੱਤੀ ।
ਕੈਲਾਸ਼ ਚੰਦਰ ਕਰਿਆਨੇ ਦੀ ਦੁਕਾਨ ਵਾਲਾ ਇੱਥੇ, ਉਹਦੀ ਦੁਕਾਨ ਨੂੰ ਅੱਗ ਲੱਗ ਗਈ । ਕਰਿਆਨਾ ਯੂਨੀਅਨ ਨੇ ਕਿਹਾ ਕਿ ਭਿੰਡਰਾਂਵਾਲੇ ਦਾ ਨਾਂ ਲੈ ਦੇ, ਉਹਨੇ ਨਹੀਂ ਲਿਆ । ਦੋ ਸਿੱਖ ਤੇ ਇੱਕ ਉਹ ਹਿੰਦੂ, ਤਿੰਨੇ ਮੇਰੇ ਕਮਰੇ ਵਿੱਚ ਆਏ । ਕਹਿਣ ਲੱਗਾ ਜੀ ਮੇਰੀ ਦੁਕਾਨ ਸੜ ਗਈ ਆ । ਮੈਂ ਕਿਹਾ ਦੱਸ ਕੀ ਕਰਨਾ ? ਕਹਿੰਦਾ ਜੇ ਤੁਸੀਂ 100 ਕੁ ਰੁਪਈਆ ਦੇ ਦਿਉ ਤੇ ਮੈਨੂੰ ਬਹਾਨਾ ਮਿਲ ਜਾਊਗਾ, ਉਗਰਾਹੀ ਕਰਨ ਦਾ । ਉਹਨੂੰ 500 ਰੁਪਈਆ ਦਿੱਤਾ ।
ਰਮਾਇਣ ਨੂੰ ਲੱਗੀ ਅੱਗ ਕਪੂਰਥਲੇ, ਉਸ ਮੁਕੱਦਮੇ ਲਈ 5000 ਰੁਪਈਆ ਖਰਚਿਆ । ਦੋ ਹਿੰਦੂ 4 ਤਰੀਕ ਨੂੰ ਸ਼ਹੀਦ ਹੋ ਗਏ, ਰਾਹ ਰੋਕੋ ਪ੍ਰੋਗਰਾਮ ਵਿੱਚ, 10 ਹਜ਼ਾਰ ਪੰਥ ਨੇ ਦਿੱਤਾ ।
ਆਹ ਠਾਰਾ ਸਿੰਘ ਬੈਠਾ ਸੰਗਤ ਦੇ ਪਿੱਛੇ। ਵੱਡਾ ਡਾਕੂ ਸਾਡੇ ਚੋਂ ਇਹ ਸੀ ਜਥੇ ਚੋਂ । ਇਹਨੂੰ ਫੜ੍ਹਕੇ ਲੈ ਗਏ ਗਈ ਗੌਰਮਿੰਟ ਜੇਲ੍ਹ ਵਿੱਚ, ਕਹਿੰਦੀ ਸੀ ਬਦਮਾਸ਼ ਆ ਇਹ ਤੇ ਇਸ ਬਦਮਾਸ਼ ਨੇ ਕੰਮ ਕੀ ਕੀਤਾ ਉਥੇ ? ਇੱਕ ਗੁਰਦੁਆਰਾ ਬਣਾਇਆ ਗੁਰਦਾਸਪੁਰ ਜੇਲ੍ਹ ਵਿੱਚ ਅਤੇ ਇੱਕ ਮੰਦਰ ਬਣਾਇਆ । ਉਹ ਕਹਿੰਦੀ ਆ ਭਿੰਡਰਾਂਵਾਲਾ ਮੰਦਰ ਢਾਹੁੰਦਾ ਤੇ ਮੰਦਰਾਂ ਨੂੰ ਪਸੰਦ ਨਹੀਂ ਕਰਦਾ, ਢਾਹੁਣਾ ਚਾਹੁੰਦਾ, ਹਿੰਦੂਆਂ ਨੂੰ ਮਾਰਦਾ ਤੇ ਜਿਹੜਾ ਭਿੰਡਰਾਂਵਾਲਾ ਦੇ ਨਾਲ ਆ, ਜਿੰਮੇਵਾਰ ਸੱਜਣਾਂ ਚੋਂ, ਉਹ ਜਾ ਕੇ ਜੇਲ੍ਹ ਵਿੱਚ ਮੰਦਰ ਬਣਾਉਂਦੇ ਆ । ਇਹਦਾ ਅੰਦਾਜ਼ਾ ਹੁਣ ਤੁਸੀਂ ਆਪ ਲ ਲਿਉ ਕਿ ਮੈਂ ਮੰਦਰ ਢਾਹੁਣ ਦੇ ਹੱਕ ਵਿੱਚ ਆ ਜਾਂ ਰੱਖਣ ਦੇ ਹੱਕ ਵਿੱਚ ਆਂ । ਸਾਡੇ ਪਿਉ ਨੇ ਤੇ ਮੰਦਰਾਂ ਵਾਸਤੇ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਤੇ ਇਹ ਗੁਰਦੁਆਰਿਆਂ ਨੂੰ ਢਾਹੁਣ ਵਾਲਿਆਂ ਨੂੰ ਸਹਾਇਤਾ ਦਿੰਦੀ ਆ, ਦੇਹਧਾਰੀ ਪਾਖੰਡੀਆਂ ਨੂੰ ਤੇ ਉਲਟਾ ਦੋਸ਼ ਲਾਉਂਦੀ ਆ ਸਿੱਖਾਂ ਤੇ ਅਖੇ ਸਿੱਖ ਖਰਾਬ ਕਰਦੇ ਆ ।
ਵੀਰ ਇਕਬਾਲ ਪਾਠਕ ਜੀ, ਉਪ੍ਰੋਕਤ ਗੱਲਾਂ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਖੁੱਲ੍ਹੇਆਮ ਸਟੇਜਾਂ ਤੋਂ ਕਹੀਆਂ ਫਿਰ ਵੀ ਪਤਾ ਨਹੀਂ ਤੁਹਾਨੂੰ ਇਹ ਕਿਸ ਨੇ ਵਹਿਮ ਪਾ ਦਿੱਤਾ ਕਿ ਭਿੰਡਰਾਂਵਾਲਾ ਹਿੰਦੂਆਂ ਦਾ ਕੱਟੜ ਵੈਰੀ ਸੀ ਅਤੇ ਉਹ ਪੰਜਾਬ ਚੋਂ ਹਿੰਦੂਆਂ ਨੂੰ ਜ਼ਬਰੀ ਕੱਢਕੇ ‘ਖਾਲਿਸਤਾਨ’ ਸਿਰਫ ਸਿੱਖਾਂ ਲਈ ਹੀ ਬਣਾਉਣਾ ਚਾਹੁੰਦਾ ਸੀ ।
ਸਤਿਕਾਰਯੋਗ ਲੇਖਕ ਜੀ, ਜਰਾ ਗਹੁ ਨਾਲ ਸੋਚੋ ਇਹ ਪਲਾਨਿੰਗ ਜੂਨ 1984 ਦੇ ਅਟੈਕ ਤੋਂ ਪਹਿਲਾਂ ਤਿਆਰ ਹੋ ਚੁੱਕੀ ਸੀ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨਾਲ ਕੀ ਕਰਨਾ ਹੈ ।
ਜੂਨ 1984 ਦਾ ਘੱਲੂਘਾਰਾ ਜਿਸਨੂੰ ‘ਬਲਿਯੂ ਸਟਾਰ ਓਪਰੇਸ਼ਨ (ਸਾਕਾ ਨੀਲਾ ਤਾਰਾ)’ ਨਾਲ ਜਾਣਿਆ ਜਾਂਦਾ ਹੈ, ਨੂੰ ਕਰਨ ਵਾਲੇ ਮਿਲਟਰੀ ਸੈਨਾ ਦੇ ਮੁਖੀ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਦੀ ਆਪਣੀ ਜ਼ੁਬਾਨੀ 1994 ’ਚ ਛਪੀ ਕਿਤਾਬ ‘ਭਲੁੲ ਸ਼ਟੳਰ ੌਪਰੳਟੋਿਨ – ਠਹੲ ਠਰੁੲ ਸ਼ਟੋਰੇ’ ਦੇ ਮੁੱਖਬੰਦ ਵਿੱਚ ਇੰਝ ਲਿਖਿਆ ਹੈ :-
ਮੇਰਾ ਜਨਮ 1934 ਵਿੱਚ ਹੋਇਆ । ਮੇਰਾ ਜਨਮ ਲਾਹੌਰ ਦਾ ਸੀ । ਮੇਰੇ ਦਾਦਾ ਜੀ ਅੰਗਰੇਜ਼ਾਂ ਦੇ ਰਾਜ ਵਿੱਚ ਸੀ. ਆਈ. ਡੀ. ਦੀ ਬ੍ਰਾਂਚ ਨਾਲ ਕੰਮ ਕਰਦੇ ਸਨ । ਉਨ੍ਹਾਂ ਨੇ 1915 ਵਿੱਚ ਕਰਤਾਰ ਸਿੰਘ ਸਰਾਭਾ ਦੇ 18 ਸਾਥੀਆਂ ਨੂੰ ਬੜੀ ਚਤੁਰਾਈ ਦੇ ਨਾਲ ਗ੍ਰਿਫਤਾਰ ਕਰਵਾਇਆ, ਜਿਸ ਬਦਲੇ ਅੰਗਰੇਜ਼ ਸ੍ਰਕਾਰ ਨੇ ਇਨਾਮ ਵਜੋਂ ਵੱਡੀ ਜਾਗੀਰ ਦਿੱਤੀ ਅਤੇ ਮੇਰੇ ਪਿਤਾ ਜੀ ਨੂੰ ਉਸ ਸਮੇਂ ਦੇ ਲਾਹੌਰ ਦੇ ਡੀ. ਸੀ. ਖਾਨ ਸਾਹਿਬ ਦੇ ਨਾਲ ਸ੍ਰਕਾਰੀ ਨੌਕਰੀ ਦਿੱਤੀ ਗਈ । ਮੇਰੇ ਪਿਤਾ ਜੀ ਨੇ ਆਪਣੀ ਪੂਰੀ ਤਨਦੇਹੀ ਨਾਲ ਆਪਣੀ ਨੌਕਰੀ ਸੀ. ਆਈ. ਡੀ. ਵਿੱਚ ਸ਼ੁਰੁੂ ਕੀਤੀ । ਉਹ ਹਮੇਸ਼ਾਂ ਆਪਣੀ ਸ੍ਰਕਾਰ ਦੇ ਪੂਰੇ ਵਫਾਦਾਰ ਰਹੇ ਅਤੇ ਉਨ੍ਹਾਂ ਨੇ
1927 ਵਿੱਚ 11 ਬੱਬਰਾਂ ਨੂੰ ਗ੍ਰਿਫਤਾਰ ਕਰਵਾਇਆ । ਮੇਰੇ ਪਿਤਾ ਜੀ ਸਿਰ ਤੇ ਮੌਤ ਦਾ ਕਫਨ ਬੰਨ੍ਹ ਕੇ ਪਹਿਲਾਂ ਬੱਬਰਾਂ ਦੀਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਗਏ ਅਤੇ ਮੌਕਾ ਮਿਲਦੇ ਹੀ ਜੇਕਰ ਰਾਹ ਜਾਂਦੇ ਉਨ੍ਹਾਂ ਨਾਲ ਇੱਕ ਜਾਂ ਦੋ ਬੱਬਰ ਹੁੰਦੇ ਤਾਂ ਬੱਬਰਾਂ ਵਲੋਂ ਦਿੱਤੀ ਪਿਸਤੌਲ ਨਾਲ ਹੀ ਉਨ੍ਹਾਂ ਨੂੰ ਅਗਲੇ ਜਹਾਨ ਤੋਰ ਦਿੰਦੇ ਜਾਂ ਚੋਰੀ – ਛਿਪੇ ਪੁਲਿਸ ਕੋਲ ਲੁਕੇ ਹੋਏ ਬੱਬਰਾਂ ਦੀ ਠਾਹਰ ਦੀ ਖਬਰ ਪਹੁੰਚਾ ਦਿੰਦੇ ।
ਇਸ ਤਰ੍ਹਾਂ ਕਈ ਬੱਬਰਾਂ ਦੇ ਮਰਨ ਜਾਂ ਪੁਲਿਸ ਕੋਲ ਫੜੇ ਜਾਣ ਦੀ ਖਬਰ ਨੇ ਬੱਬਰਾਂ ਵਿੱਚ ਘਬਰਾਹਟ ਪਾ ਦਿੱਤੀ । ਪਰ ਜਦੋਂ ਮੇਰੇ ਪਿਤਾ ਜੀ ਨੇ 11 ਬੱਬਰ ਫੜਾਏ ਤਾਂ ਮੇਰੇ ਪਿਤਾ ਜੀ ਦਾ ਰਾਜ ਖੁੱਲ੍ਹ ਗਿਆ । ਮੇਰੇ ਪਿਤਾ ਜੀ ਮੇਰੀ ਮਾਤਾ ਨੂੰ ਲੈ ਕੇ ਪਿਸ਼ਾਵਰ ਚਲੇ ਗਏ । ਇਧਰ ਬੱਬਰਾਂ ਨੇ ਮੇਰੇ ਦਾਦਾ ਜੀ ਦੇ ਦੋਵੇਂ ਪੈਰ ਅਤੇ ਹੱਥ ਵੱਢ ਦਿੱਤੇ ।
ਇਹ ਕਿੱਸਾ ਮੈਨੂੰ ਇਸ ਲਈ ਲਿਖਣਾ ਪਿਆ ਕਿ ਜਿਸ ਗੌਰਮਿੰਟ ਨਾਲ ਤੁਸੀਂ ਕੰਮ ਕਰ ਰਹੇ ਹੋ, ਉਸ ਨਾਲ ਪੂਰੀ ਵਫਾਦਾਰੀ ਨਿਭਾਉਣੀ ਹੀ ਤੁਹਾਡਾ ਪਹਿਲਾ ਫਰਜ਼ ਬਣਦਾ ਹੈ ।
(ਲੈਟ. ਜਨ. ਕੇ. ਐਸ. ਬਰਾੜ ਦੀ ਕਿਤਾਬ ‘ਚੋਂ)
ਇਹ ਬੰਦਾ ਐਡੀ ਵੱਡੀ ਪੱਦਵੀ ਤੇ ਹੁੰਦਾ ਹੋਇਆ ਇਹ ਵੀ ਕਹਿੰਦਾ ਹੈ ਕਿ ‘ਜਿਸ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਜਿਨ੍ਹਾਂ ਨੂੰ ਸ਼ਹੀਦ ਕਿਹਾ ਜਾਂਦਾ ਹੈ, ਅਸਲ ਵਿੱਚ ਇਹ ਲੋਕ ਅੱਤਵਾਦੀ ਸਨ । ਉਹ ਗੋਰੇ ਭਾਰਤ ਵਿੱਚ ਸਿਰਫ ਆਪਣੀ ਗੌਰਮਿੰਟ ਚਲਾਉਂਦੇ ਸਨ, ਕਿਸੇ ਤੇ ਜ਼ੁਲਮ ਤਾਂ ਨਹੀਂ ਕਰਦੇ ਸਨ ।’
ਹੁਣ ਸੋਚੋ ਜ਼ਰਾ ! ਅੰਗਰੇਜ਼ਾਂ ਦੇ ਪਿੱਠੂ, ਸੂਹੀਏ, ਝੋਲੀ – ਚੁੱਕ, ਅੰਗਰੇਜ਼ਾਂ ਤੋਂ ਰੁਤਬੇ ਹਾਂਸਲ ਕਰਕੇ, ਜ਼ਮੀਨਾਂ, ਜ਼ੈਲਦਾਰੀਆਂ ਅਤੇ ਹੋਰ ਰੁਤਬੇ ਹਾਂਸਲ ਕਰਕੇ ਅਜ਼ਾਦੀ ਪ੍ਰਵਾਨਿਆਂ, ਦੇਸ਼ – ਭਗਤਾਂ, ਬੱਬਰ ਅਕਾਲੀਆਂ, ਗਦਰੀ ਯੋਧਿਆਂ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਹੋਰਾਂ ਦੇ ਸਾਥੀਆਂ ਨੂੰ ਮਰਵਾਉਣ ਵਾਲੇ ਗਦਾਰ, ਉਦੋਂ ਅੰਗਰੇਜ਼ਾਂ ਕੋਲੋਂ ਵੀ ਰੁਤਬੇ ਪਾਉਂਦੇ ਸੀ, ਅੱਜ ਜੂਨ 1984 ’ਚ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਨ । ਜਨਰਲ ਓਡਵਾਇਰ ਵਲੋਂ 13 ਅਪ੍ਰੈਲ 1919 ’ਚ ਜਿਲ੍ਹਿਆ ਵਾਲੇ ਬਾਗ ’ਚ ਅਟੈਕ ਕਰਕੇ ਬੇਗੁਨਾਹ ਲੋਕਾਂ ਨੂੰ ਮਾਰਨ ਵਾਲੇ ਅੰਗਰੇਜ਼ਾਂ ਦੇ ਝੋਲੀ – ਚੁੱਕ ਸਿੱਖਾਂ ਨੂੰ ਖਮਿਆਯਾ ਕਿਵੇਂ ਮੋੜਦੇ ਹਨ ?
…… ਵਿਰੋਧੀ ਪਾਰਟੀ ਦਾ ਆਰ. ਐਸ. ਐਸ. ਨਾਲ ਸਮਰਥਨ ਹੋਣ ਕਰਕੇ ਇੰਦਰਾ ਗਾਂਧੀ ਲਈ ਮੁਸ਼ਕਿਲ ਬਣਦੀ ਜਾ ਰਹੀ ਸੀ । ਆਰ. ਐਸ. ਐਸ. ਦੱਖਣੀ ਰਾਜਾਂ ਵਿੱਚ ਭਿੰਡਰਾਂਵਾਲੇ ਨੂੰ ਹਰੇਕ ਸਿੱਖ ਦੇ ਗਲ੍ਹ ਕਿਰਪਾਨ ਪੁਆ ਕੇ ਹਿੰਦੂਆਂ ਲਈ ਖਤਰਾ ਪੈਦਾ ਕਰਨ ਦੀ ਸਥਿਤੀ ਦਾ ਪ੍ਰਚਾਰ ਕਰ ਰਹੀ ਸੀ । ਸਾਨੂੰ ਵੈਦਿਆ ਜੀ ਵਲੋਂ ਇੱਕ ਜੂਨ ਨੂੰ ਹਮਲੇ ਦੀ ਤਰਜੀਹ ਦਿੱਤੀ ਗਈ ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹੋਣ ਕਰਕੇ ਵੱਡੀ ਗਿਣਤੀ ਵਿੱਚ ਲੋਕ ਆਉਣੇ ਸਨ ।
ਸੋ ਸਿੱਖਾਂ ਨੂੰ ਐਸਾ ਸਬਕ ਸਿਖਾਇਆ ਜਾਵੇ ਤਾਂ ਜੁ ਅੱਗੇ ਤੋਂ ਬਾਗੀ ਨਾ ਹੋ ਸਕਣ । ਸਾਨੂੰ ਹੇਠ ਲਿਖੀਆਂ ਹਦਾਇਤਾਂ ਦਿੱਤੀਆਂ ਗਈਆਂ :-
01. ਵੱਧ ਤੋਂ ਵੱਧ ਫੌਜੀ ਬਲ ਪ੍ਰਯੋਗ ਕਰਨਾ ।
02. ਕਿਸੇ ਵੀ ਯਾਤਰੂ ਨੂੰ ਬਾਹਰ ਨਾ ਆਉਣ ਦੇਣਾ ।
03. ਯਾਤਰੂਆਂ ਨੂੰ ਗੋਲੀ ਨਾ ਮਾਰੀ ਜਾਵੇ, ਪਿਆਸਾ ਰੱਖਿਆ ਜਾਵੇ ।
04. ਕੋਈ ਵੀ ਫੌਜੀ ਜਵਾਨ ਬੇਝਿਜਕ, ਬੇਕਿਰਕ ਹੋ ਕੇ ਇਮਾਰਤ ਦੇ ਕਿਸੇ ਵੀ ਪਾਸੇ ਹਮਲਾ ਕਰ ਸਕਦਾ ਹੈ, ਚਾਹੇ ਉਹ ਹਰਿਮੰਦਰ ਸਾਹਿਬ ਹੋਵੇ ।
05. ਕਿਸੇ ਵੀ ਫੌਜੀ ਜਵਾਨ ਦਾ ਕੋਰਟ ਮਾਰਸ਼ਲ ਨਾ ਕੀਤਾ ਜਾਵੇ ।
06. ਕੋਈ ਵੀ ਹਥਿਆਰਬੰਦ ਲਾਸ਼ ਹੋਵੇ, ਪਹਿਲਾਂ ਉਸ ਲਾਸ਼ ਤੇ 2 ਗੋਲੀਆਂ ਮਾਰੀਆਂ ਜਾਣ, ਫੇਰ ਉਸ ਲਾਸ਼ ਕੋਲ ਜਾਇਆ ਜਾਵੇ ।
07. ਪਹਿਲੇ ਦੋ ਘੰਟਿਆਂ ਵਿੱਚ ਫੌਜ ਸਾਰੇ ਅਕਾਲ ਤਖਤ ਨੂੰ ਘੇਰ ਲਵੇਗੀ, ਅਗਲੇ 5 ਘੰਟਿਆਂ ਵਿੱਚ ਸਾਰੇ ਅਕਾਲ ਤਖਤ ਤੇ ਕਬਜ਼ਾ ਕਰ ਲਵੇਗੀ ।
08. ਭਿੰਡਰਾਂਵਾਲੇ ਨੂੰ ਜਿਉਂਦਾ ਫੜ੍ਹਕੇ ਸਪੈਸ਼ਲ ਜਹਾਜ਼ ਰਾਹੀਂ ਸ੍ਰੀਮਤੀ ਇੰਦਰਾ ਗਾਂਧੀ ਕੋਲ ਪੇਸ਼ ਕੀਤਾ ਜਾਵੇ ।
09. ਅਗਰ ਕੋਈ ਖਾੜਕੂ ਕਾਨੂੰਨ ਦੀ ਸ਼ਰਨ ਵਿੱਚ ਆਉਣਾ ਚਾਹੇ ਤਾਂ ਜ਼ਖਮੀ ਕਰ ਕੇ, ਗ੍ਰਿਫਤਾਰ ਕੀਤਾ ਜਾਵੇ ।
10. ਅਗਰ ਕੋਈ ਫੌਜੀ ਜਵਾਨ ਕਿਸੇ ਔਰਤ ਦੀ ਬੇਇੱਜ਼ਤੀ ਕਰ ਦੇਵੇ ਤਾਂ ਕੋਈ ਸਜਾ ਨਾ ਦਿੱਤੀ ਜਾਵੇ ।
1 ਜੂਨ ਸਵੇਰੇ 3 ਵਜੇ ਮੇਰਾ ਨਾਇਬ ਬ੍ਰਿਗੇਡੀਅਰ ਐਨ. ਕੇ. ਨਿੱਕੀ ਤਲਵਾੜ ਮੇਰੇ ਮੁਖੀ ਅਫਸਰਾਂ ਨਾਲ ਮੇਰੇ ਕੋਲ ਪਹੁੰਚਿਆ । ਸਾਰੇ ਪੰਜਾਬ ਨੂੰ ਫੌਜੀ ਛਾਉਣੀ ਵਿੱਚ ਬਦਲ ਦਿੱਤਾ ਗਿਆ । 6 ਲੱਖ ਫੌਜ ਸਾਰੇ ਪੰਜਾਬ ਵਿੱਚ ਲਗਾਈ ਗਈ ਅਤੇ 1 ਲੱਖ 33 ਹਜ਼ਾਰ ਫੌਜੀ ਜਵਾਨ ਬਲਿਊ ਸਟਾਰ ਲਈ ਰੱਖੇ ਗਏ ਅਤੇ ਸਪੈਸ਼ਲ 2 ਲੱਖ ਫੌਜੀ ਜਵਾਨ ਹਰਿਮੰਦਰ ਸਾਹਿਬ ਤੋਂ 25 ਕਿਲੋਮੀਟਰ ਦੇ ਘੇਰੇ ਵਿੱਚ ਰੱਖੇ ਗਏ । ਪੰਜਾਬ ਨੂੰ ਸਾਰੀ ਦੁਨੀਆਂ ਨਾਲੋਂ ਤੋੜ ਦਿੱਤਾ ਗਿਆ ਅਤੇ ਅਸੀਂ ਹਰਿਮੰਦਰ ਸਾਹਿਬ ਤੋਂ 5 ਕਿਲੋਮੀਟਰ ਦੂਰ ਆਪਣਾ ਦਫਤਰ ਬਣਾਇਆ, ਜਿੱਥੇ ਮੈਂ 10 ਦਿਨ ਰਿਹਾ ।
(ਲੈਟ. ਜਨ. ਕੇ. ਐਸ. ਬਰਾੜ ਦੀ ਕਿਤਾਬ ‘ਚੋਂ)
ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਦੇਸ਼ ਦੀ ਫੌਜ ਦਾ ਕਮਾਂਡਰ ਆਰਡਰ ਦੇਵੇ ਕਿ ਕੋਈ ਵੀ ਫੌਜੀ ਬੇਝਿਜਕ, ਬੇਕਿਰਕ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਤਬਾਹ ਕਰ ਦੇਵੇ । ਹਾਂ ਬਈ ਵੀਰੋ ਪਾਠਕੋ. ਵਿਦਵਾਨੋਂ, ਬੁਧੀਜੀਵੀਓ ਜੇ ਤਾਂ ਸੱਚਮੁੱਚ ਤੁਹਾਡੇ ਅੰਦਰ ਕੋਈ ਇਨਸਾਨੀਅਤ ਲਈ ਹਮਦਰਦੀ ਹੈ ਤਾਂ ਦੱਸੋ …… ! ਸਿੱਖ ਬਚਣਗੇ ? ਕਿੱਦਾਂ ? ਕਈ ਵੀਰ ਪੁੱਛਦੇ ਨੇ ਸਾਥੋਂ ਖਾਲਿਸਤਾਨ ਦੀਆਂ ਹੱਦਾਂ ਬੰਨ੍ਹੇ ਨਹੀਂ ਦੱਸਦੇ । ਹੁਣ ਤੁਸੀਂ ਦੱਸੋ ਗੁਲਾਮੀ ਕੀ ਹੁੰਦੀ ਹੈ ?
ਉਪ੍ਰੋਕਤ ਲਿਖੇ ਗਏ ਪੁਆਇੰਟ, ਫੌਜ ਮੁੱਖੀ ਜਨਰਲ ਵੈਦਿਆ ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵਲੋਂ ਸਿੱਖਾਂ ਨੂੰ ਸਬਕ ਸਿਖਾਉਣ ਲਈ ਪਹਿਲੀ ਜੂਨ 1984 ਦਾ ਦਿਨ ਇਸ ਲਈ ਚੁਣਿਆ ਗਿਆ ਜਾਂ ਮਿੱਥਿਆ ਗਿਆ ਕਿਉਂਕਿ ਉਸ ਦਿਨ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਸੀ । ਵੱਧ ਤੋਂ ਵੱਧ ਗਿਣਤੀ ਵਿੱਚ ਸਿੱਖ ਸੰਗਤਾਂ ਏਥੇ ਆਉਣਗੀਆਂ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਵੇ, ਤਬਾਹ ਕਰ ਦਿੱਤਾ ਜਾਵੇ, ਖਤਮ ਕਰ ਦਿੱਤਾ ਜਾਵੇ, ਬਰਬਾਦ ਕਰ ਦਿੱਤਾ ਜਾਵੇ, ਨਿਰਾ ਗੋਲੀ ਨਾਲ ਹੀ ਨਹੀਂ ਪਾਣੀ ਤੋਂ ਪਿਆਸੇ ਰੱਖ – ਰੱਖ ਮਾਰਿਆ ਜਾਵੇ ।
ਅੰਦਰ ਬੈਠੇ 40 / 50 ਅੱਤਵਾਦੀਆਂ ਨੂੰ ਫੜਣਾ ਹੈ । ਵਿਦੇਸ਼ਾਂ ਵਿੱਚ ਕਈ ਐਸੀਆਂ ਕਾਰਬਾਈਆਂ ਨੂੰ ਕਰਦਿਆਂ ਟੀਵੀ ’ਚ ਵੇਖਣ ਦਾ ਮੌਕਾ ਮਿਲਦਾ ਹੈ, ਸ੍ਰਕਾਰਾਂ, ਫੌਜਾਂ ਜਾਂ ਪੁਲੀਸ ਵਾਲੇ ਪਹਿਲਾਂ ਲੋਕਾਂ ਨੂੰ ਬਚਾਉਣ ਲਈ ਉਸ ਏਰੀਏ ਨੂੰ ਖਾਲੀ ਕਰਵਾਉਂਦੇ ਹਨ, ਫਸੇ ਹੋਏ ਲੋਕਾਂ ਨੂੰ ਬਾਹਰ ਕੱਢਦੇ ਹਨ ਤੇ ਸੋਚਦੇ ਹਨ ਘੱਟ ਤੋਂ ਘੱਟ ਨੁਕਸਾਨ ਹੋਵੇ । ਏਥੇ ਭਾਰਤੀ ਕਮਾਂਡਰ ਇਹ ਕਹਿੰਦੇ ਹਨ ਕਿ ਪਹਿਲਾਂ ਸਾਰਿਆਂ ਨੂੰ ਇਕੱਠੇ ਹੋਣ ਦਿਓ ਤੇ ਫਿਰ ਉਨ੍ਹਾਂ ਨੂੰ ਮਾਰੋ । ਜੇ ਕੋਈ ਚਾਹਵੇ ਵੀ ਤਾਂ ਉਹਨੂੰ ਬਾਹਰ ਨਾ ਆਉਣ ਦਿੱਤਾ ਜਾਵੇ । ਹੁਣ ਕਰੋ ਨਿਆਂ ?
ਵੀਰ ਇਕਬਾਲ ਪਾਠਕ ਜੀ, ਤੁਹਾਡੀ ਖਾਲਿਸਤਾਨੀ ਨਫਰਤ ਨੇ ਐਨੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਲੱਗਦਾ ਹੈ ਕਿ ਭਾਵੇਂ ਮੈਂ ਇਕੱਲਾ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੇ ਯੋਗ ਨਾ ਵੀ ਹੋਵਾਂ, ਫਿਰ ਵੀ ਮੈਂ ਆਪਣੇ ਪਾਠਕਾਂ ਨੂੰ ਉਨ੍ਹਾਂ ਖਾਲਿਸਤਾਨੀ ਵੀਰਾਂ ਯੋਧਿਆਂ, ਜੁਝਾਰੂਆਂ, ਜਿਨ੍ਹਾਂ ਨੂੰ ਸਮੇਂ ਦੀ ਸ੍ਰਕਾਰ ਅਤੇ ਵਿਕਾਊ ਕਲਮਾਂ ਅੱਤਵਾਦੀ – ਵੱਖਵਾਦੀ ਕਹਿਕੇ ਭੰਡਣ ਦੀ ਕੋਸ਼ਿਸ਼ ਕੀਤੀ ਅਤੇ ਕਰ ਰਹੀਆਂ ਦਾ ਅਸਲੀ ਸੱਚ ਲੋਕਾਂ ਦੇ ਸਾਹਮਣੇ ਰੱਖ ਸਕਾਂ, ਜਿਨ੍ਹਾਂ ਨੂੰ ਸਮੇਂ ਦੀ ਸ੍ਰਕਾਰ ਨੇ ਚੁਣ – ਚੁਣ, ਜੇਲ੍ਹਾਂ ਚੋਂ ਕੱਢ – ਕੱਢ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰਿਆ ਦੀ ਗਿਣਤੀ ਸੈਂਕੜਿਆਂ ’ਚ ਨਹੀਂ ਬਲਕਿ ਹਜ਼ਾਰਾਂ ’ਚ ਹੈ, ਦਾ ਸੱਚ ਦੁਨੀਆਂ ਭਰ ਦੀਆਂ ਸ੍ਰਕਾਰਾਂ ਨੂੰ ਵੀ ਦੱਸ ਸਕਾਂ ।
ਵੀਰ ਪਾਠਕ ਜੀ ਨੇ ਮੈਨੂੰ ਸੱਦਾ ਦੇਣਾ ਚਾਹਿਆ ਹੈ ਕਿ ਮੈਂ ਪੰਜਾਬ ਆਵਾਂ ਤੇ ਇੱਥੇ ਆਣਕੇ ਪਲਾਨਿੰਗ ਕਰਾਂ । ਇਹ ਸੱਦਾ ਮੇਰੇ ਸਿਰ ਮੱਥੇ ਹੈ । ਅੱਜ ਜਿਹੜਾ ਤੁਸੀਂ ਮੇਹਣਾ ਜਾਂ ਤਰਕ ਨਾਲ ਇਹ ਸੱਦੇ ਦਿੰਦੇ ਹੋ, ਇਸੇ ਕਰਕੇ ਹੀ ਮੈਂ ਜਰਮਨ ਪਾਸਪੋਰਟ ਨਹੀਂ ਸੀ ਲਿਆ ਕਿ ਜਦੋਂ ਵੀ ਕੋਈ ਖਾਲਿਸਤਾਨੀ ਲਹਿਰ ਨੂੰ ਬਦਨਾਮ ਕਰਨ ਦੀ ਗੱਲ ਕਰਦਾ ਹੈ ਤਾਂ ਉਹ ਹਮੇਸ਼ਾਂ ਵਿਦੇਸ਼ੀ ਤਾਕਤਾਂ ਦਾ ਹੱਥ ਦੱਸਦਾ ਹੈ, ਕਿਉਂਕਿ ਬਹੁਤ ਸਾਰੇ ਵੀਰਾਂ ਅਣਜਾਣੇ ਜਾਂ ਸਮੇਂ ਦੀ ਲੋੜਾਂ ਨੂੰ ਮੁੱਖ ਰੱਖਕੇ ਉਨ੍ਹਾਂ ਵੀਰਾਂ ਇਹ ਕੌੜਾ ਅੱਕ ਚੱਬਿਆ ਹੋਵੇ, ਕੋਈ ਗੁਨਾਹ ਨਹੀਂ ਕੀਤਾ, ਸਗੋਂ ਉਨ੍ਹਾਂ ਵੀ ਚੰਗੇ ਨਾਗਰਿਕ ਬਣਕੇ, ਆਪਣੀ ਕੌਮ ਦੇ ਪੱਖ ਨੂੰ ਦੁਨੀਆਂ ਸਾਹਮਣੇ ਰੱਖਿਆ ਹੈ । ਮੇਰਾ ਇਹ ਮੰਨਣਾ ਸੀ ਕਿ ਮੈਂ ਇਹ ਵੀ ਨਹੀਂ ਕਹਿਣ ਦੇਣਾ ਕਿ ਅਸੀਂ ਵਿਦੇਸ਼ੀ ਹਾਂ, ਅਸੀਂ ਬਾਹਰਲੀਆਂ ਤਾਕਤਾਂ ਦੇ ਹੱਥਾਂ ’ਚ ਖੇਡਕੇ, ਖਾਲਿਸਤਾਨ ਦੀ ਮੰਗ ਕਰਦੇ ਹਾਂ, ਮੈਂ ਇੱਕ ਭਾਰਤੀ ਮੂਲ ਦਾ ਨਾਗਰਿਕ ਹਾਂ, ਜਿਵੇਂ ਬਾਕੀ ਸਿੱਖ ਕੌਮ ਭਾਰਤ ਚੋਂ ਹੀ ਆਪਣੇ ਅਜ਼ਾਦ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਲਈ ਜੋ ਸਾਡਾ ਜਨਮ ਸਿੱਧ ਅਧਿਕਾਰ ਬਣਦਾ ਹੈ, ਲਈ ਜੂਝਦੀ ਹੈ, ਮੈਂ ਵੀ ਜੂਝਾਂ । ਮੈਂ ਜਲਾਵਤਨ ਹਾਂ, ਬਗੈਰ ਭਾਰਤੀ ਪਾਸਪੋਰਟ ਤੋਂ, ਮੇਰਾ ਨਾਮ ਬਲੈਕ ਲਿਸਟ ਵਿੱਚੋਂ ਹੁਣ ਕੱਢਿਆ ਜਾ ਚੁੱਕਾ ਹੈ । ਮੈਂ ਜ਼ਰੂਰ ਆਵਾਂਗਾ, ਜਦੋਂ ਮੇਰੇ ਵੀਰ ਖਾਲਿਸਤਾਨੀ ਹੁੱਕਮ ਕਰਨਗੇ । ਜਦੋਂ ਪੰਥਕ ਤੌਰ ਤੇ ਪੰਥ ਵਲੋਂ ਹੁੱਕਮ ਹੋਵੇਗਾ, ਜ਼ਰੂਰ ਮੰਨਾਂਗਾ । ਹਥਿਆਰ ਸੁੱਟਕੇ ਜਾਂ ਕੌਮੀ ਨਿਸ਼ਾਨੇ ਤੋਂ ਥਿੜਕਕੇ ਕਦੇ ਵੀ ਐਸਾ ਨਹੀਂ ਹੋ ਸਕਦਾ । ਹਾਂ ਅਗਰ ਕਿਤੇ ਤੁਹਾਨੂੰ ਐਸਾ ਮਹਿਸੂਸ ਹੋਵੇ ਕਿ ਲਾਲਚ ਵੱਸ ਜਾਂ ਵਿੱਕ ਕੇ ਸਤਨਾਮ ਸਿੰਘ ਬੱਬਰ ਨਹੀਂ ਇੱਕ ਲਾਸ਼ ਤਾਂ ਹੋ ਸਕਦੀ ਹੈ !!!!
ਮੇਰੇ ਵੀਰ ਇਕਬਾਲ ਪਾਠਕ ਜੀ, ਅਗਰ ਕਿਤੇ ਕੋਈ ਸਬੱਬ ਬਣੇ, ਮੈਂ ਪੰਜਾਬ ਆਵਾਂ ਤੇ ਮੇਰਾ ਸਭ ਤੋਂ ਪਹਿਲਾਂ ਮਿੱਤਰ ਜਾਂ ਸਾਥੀ ਇਕਬਾਲ ਪਾਠਕ ਹੀ ਹੋਵੇਗਾ । ਫਿਰ ਅਸੀਂ ਰਲਕੇ ਹੀ ਉਨ੍ਹਾਂ ਗਰੀਬ, ਮਜ਼ਦੂਰ ਭੈਣ – ਭਰਾਵਾਂ, ਕਿਰਸਾਨਾਂ – ਕਿਰਤੀਆਂ ਦੇ ਹੱਕ ’ਚ ਗੁਜ਼ਰਾਂਗੇ । ਜਿਨ੍ਹਾਂ ਦੇ ਹੱਕ ’ਚ ਬੇਸ਼ੱਕ ਅਸੀਂ ਬਹੁਤ ਵੱਡੇ ਪੈਮਾਨੇ ਤੇ ਨਾ ਵੀ ਹੋਵਾਂਗੇ ਐਪਰ ਸੰਘਰਸ਼ ਸਾਡਾ ਖਾਲਿਸਤਾਨੀ ਹੋਵੇਗਾ । ਤੁਹਾਡੇ ਸੱਦੇ ਦੀ ਊਡੀਕ………।
ਅਸੀਂ ਜੰਗਲਾਂ ’ਚ ਰਹੇ, ਤਬਾਹ ਹੋਏ ਪਰ ਅਣਖ ਦੀ ਜ਼ਿੰਦਗੀ ਜੀਣ ਖਾਤਰ ।
ਘਰ ਬਾਰ ਛੱਡੇ, ਧੀਆਂ ਪੁੱਤ ਛੱਡੇ, ਇੱਕ ਅਣਖ ਦੀ ਜ਼ਿੰਦਗੀ ਜੀਣ ਖਾਤਰ ।
ਨਤੀਜੇ ਉਦੋਂ ਹੀ ਨਿਕਲਣੇ ਨੇ, ਜਦ ਉਠੂ ਖੂਨ ਸ਼ਹੀਦਾਂ ਦਾ, ਤੇ ਮਾਰੂ ਆਵਾਜ਼ ਆਜ਼ਾਦੀ ਨੂੰ ।
ਜਦ ਮਰਦਾ ਤੱਕ ਮਜ਼ਲੂਮਾਂ ਨੂੰ, ਤੇ ਪਿਸਦਾ ਦੇਖ ਗਰੀਬਾਂ ਨੂੰ, ਰਾਹ ਰੋਕੂ ਫਿਰ ਬਰਬਾਦੀ ਨੂੰ ।
ਕਦੇ ਖੂਨ ਸ਼ਹੀਦਾਂ ਦਾ ਲੋਕੋਂ, ਆਜਾਈਂ ਐਵੇਂ ਜਾਣਾ ਨਹੀਂ ।
ਇਨ੍ਹੇ ਰੰਗ ਨਿਖਾਰਨਾ ਆਪੇ ਦਾ, ਤੇ ਘੁੱਟਣਾ ਗਲਾ ਫਸਾਦੀ ਦਾ ।
ਜੋ ਅੱਜ ਖਾਤਰ ਗੱਦੀਆਂ ਦੀ, ਤੇ ਖੂਨ ਵਹਾਵਣ ਲੋਕਾਂ ਦਾ ।
ਬਚਣਾ ਵੀ ਇਨ੍ਹਾਂ ਹੈ ਨਹੀਂ ਏ, ਮਜਾ ਚੱਖਿਆ ਜਦੋਂ ਸਵਾਦੀ ਦਾ ।
ਜਦੋਂ ਉਠਕੇ ਨੱਪਿਆ ਏਨ੍ਹਾਂ ਨੂੰ, ਤੇ ਪੁੱਛਿਆ ਹਾਲ ਸ਼ਹੀਦਾਂ ਦਾ,
ਤੇ ਕਿਵੇਂ ਅਜਾਈਂ ਮਾਰੇ ਸੀ, ਜਦੋਂ ਪੁੱਛਿਆ ਹਿਸਾਬ ਕਿਤਾਬੀ ਦਾ ।
ਫਿਰ ਇਨ੍ਹਾਂ ਖਾਤਰ ਬਚਣੇ ਦੀ, ਇਲਯਾਮ ਲਗਾਉਣੇ ਲੋਕਾਂ ਤੇ,
ਫਿਰ ਕਹਿਣਾ ਤੁਹਾਨੂੰ ਅੱਤਵਾਦੀ, ਰਾਹ ਫੜ੍ਹਿਆ ਇਨ੍ਹਾਂ ਬਰਬਾਦੀ ਦਾ ।
ਫਿਰ ਭੋਲੇ ਲੋਕਾਂ ਮਨ ਜਾਣਾ, ਤੇ ਟਾਹਰਾਂ ਮਾਰਨ ਲੱਗ ਪੈਣਾ ।
ਫੜ੍ਹ ਇਨ੍ਹਾਂ ਤਾਈਂ ਕੁੱਚਲ ਦੇਵੋ, ਤੇ ਰਾਜ ਬਚਾਓ ਸ਼ਹਿਜ਼ਾਦੀ ਦਾ ।
ਤੁਸੀਂ ਉਹੀਓ ਆਖਣ ਲੱਗ ਪੈਣਾ, ਤੇ ਜੋ ਅਖਵਾਉਣਾ ਚਾਹੁੰਦੇ ਉਹ,
ਫਿਰ ਜਲਸੇ ਅਤੇ ਜਾਲੂਸਾਂ ’ਚ, ਕੰਮ ਕਰਨਾ ਤੁਸਾਂ ਮੁਨਾਦੀ ਦਾ ।
ਇਹ ਗੱਲ ਇਲਯਾਮਾਂ ਤੱਕ ਰਹਿਣੀ, ਤੇ ਸੱਚ ਨਿਖਾਰਨਾ ਕਿਸੇ ਨਹੀਂ,
ਕੋਈ ਕਹਿਣ ਨਾਲ ਨਹੀਂ ਹੋ ਜਾਂਦਾ, ਕੰਮ ਕਰਦਾ ਕੌਣ ਫਰਿਆਦੀ ਦਾ ।
ਹੱਲ ਲੱਭਿਆਂ ਹੀ ਤਾਂ ਲੱਭਦੇ ਨੇ, ਜੇ ਲੱਭਣ ਦੀ ਕੋਈ ਗੱਲ ਹੋਵੇ,
ਅਤਿਵਾਦ ਹਟਾਉਣਾ ਔਖਾ ਨਹੀਂ, ਕੰਮ ਕਰਨਾ ਹੀ ਪਉ, ਫਰਿਆਦੀ ਦਾ ।
ਹੱਕ ਨੱਪੋ ਜਦੋਂ ਮਜ਼ਲੂਮਾਂ ਦੇ, ਤੇ ਰੋਹ ਪਏ ਭਰਦੇ ਪੱਥਰਾਂ ’ਚ,
ਕਿਤੇ ਪੱਥਰ ਪਾੜ੍ਹਕੇ ਵੀ ਦੇਖੋ, ਪਾਰਸ ਪੱਥਰਾਂ ਵਿੱਚੋਂ ਖਰਾਦੀਦਾ ।
ਅੱਜ ‘ਬੱਬਰ’ ਸੁੱਤੇ ਜਾਗ ਉਠੇ, ਤੇ ਮਾਣ ਏ ਸਾਰੀ ਕੌਮ ਤਾਈਂ,
ਅੱਜ ਮੰਗਦੇ ਆਪਣੇ ਹੱਕਾਂ ਨੂੰ, ਤੇ ਹਿੱਸਾ ਮੰਗਣ ਅੱਜ ਆਜ਼ਾਦੀ ਦਾ ।
(ਬੱਬਰ ਸਤਨਾਮ ਸਿੰਘ ਗਿੱਲ, 02.01.1984)
ਵੀਰ ਇਕਬਾਲ ਪਾਠਕ ਜੀ, ਇੱਕ ਗੱਲ ਤੁਸੀਂ ਭਾਵੇਂ ਸੰਖੇਪ ਰੂਪ ’ਚ ਕਹੀ ਹੈ ਜਾਂ ਕਬੂਲੀ ਹੈ ਉਹ ਇਹ ਹੈ ਕਿ ‘ਪੁਲਿਸ ਮੁਖੀ ਵੀ ਸਿੱਖ ਹੀ ਸੀ ਜਿਸਨੇ ਇਹ ਜਲਾਦਪੁਣਾ ਕੀਤਾ ਜਿਸਨੂੰ ਜਸਵੰਤ ਖਾਲੜਾ (ਸ਼ਹੀਦ ਸ੍ਰ: ਜਸਵੰਤ ਸਿੰਘ ਖਾਲੜਾ) ਨੇ ਨੰਗਾ ਕਰਨ ਦਾ ਜ਼ੇਰਾ ਕੀਤਾ ।’
ਹੁਣ ਇਥੇ ਸਵਾਲ ਖੜ੍ਹਾ ਹੁੰਦਾ ਹੈ ਅਗਰ ਪੁਲਿਸ ਮੁਖੀ ਜਲਾਦਪੁਣਾ ਕਰਦਾ ਹੈ, ਜਿਹੜਾ ਹੁਣ ਨਵਾਂ 2012 ਦਾ ਪੰਜਾਬ ਪੁਲੀਸ ਮੁਖੀ ਸੁਮੇਧ ਸੈਣੀ ਡੀ. ਜੀ. ਪੀ. (ਧ. ਘ. ਫ.) ਲਾਇਆ ਗਿਆ ਹੈ, ਕੀ ਇਹ ਵੀ ਜਲਾਦਪੁਣਾ ਕਰਨ ਲਈ ਨਹੀਂ ਲਾਇਆ ਗਿਆ ? ਹੁਣ ਦੱਸੋ ਇਹਦਾ ਹੱਲ ਕੀ ਏ ?
ਤੁਹਾਡੀ ਲਿਖਤ ਦੀਆਂ ਪਹਿਲੇ ਪਹਿਰੇ ਦੀਆਂ ਮੁੱਢਲੀਆਂ ਲਾਇਨਾਂ ’ਚ ਤੁਸੀਂ ਲਿਖਿਆ ਹੈ ਕਿ ‘ਇਹ ਲੋਕ 70 – 80% ਹਨ, ਪਰ ਭਾਰਤੀ ਕਾਮਰੇਡਾਂ ਦੀ ਨਲਾਇਕੀ ਕਾਰਨ ਇਹ ਜਮਾਤ ਸਮੇਂ – ਸਮੇਂ ਤੇ ਵਰਗਲਾਕੇ ਧਰਮ – ਯੁੱਧਾਂ ਦੀ ਭੱਠੀ ’ਚ ਝੋਕ ਦਿੱਤੀ ਜਾਂਦੀ ਹੈ ।’
ਹਾਂ, ਹੁਣ ਤੁਸੀਂ ਖੁੱਦ ਹੀ ਸਪੱਸ਼ਟ ਕਰੋ ਨਾਸਤਿਕ ਤੇ ਅਧਰਮੀ ਲੋਕ, ਜਦੋਂ ਧਰਮ – ਯੁੱਧਾਂ ’ਚ ਝੋਕੇ ਜਾਣਗੇ ਤਾਂ ਬਲੈਕ ਕੈਟ, ਸੂਹੀਏ, ਗਦਾਰ, ਚੋਰ, ਲੁਟੇਰੇ, ਡਾਕੂ ਜਾਂ ਬਦਮਾਸ਼, ਗੁੰਡੇ ਉਹੋ ਕੁੱਝ ਹੀ ਕਰਨਗੇ, ਜੋ ਤੁਹਾਡੀ ਜੁੰਡਲੀ ਕਰਵਾਉਣਾ ਚਾਹੁੰਦੀ ਹੈ, ਬਿਲਕੁਲ ਏਸੇ ਤਰ੍ਹਾਂ ਹੀ ਪਿਛਲੇ ਦੋ ਦਹਾਕਿਆਂ ’ਚ ਹੋਇਆ ।
ਫਿਰ ਉਹ ਲੋਕ ਹਥਿਆਰ ਹੱਥਾਂ ’ਚ ਲੈ ਕੇ, ਬੇਕਸੂਰੇ ਲੋਕਾਂ ਤੋਂ ਧੱਕੇ ਨਾਲ ਫਿਰੌਤੀਆਂ ਲੈਂਦੇ ਹਨ ਅਤੇ ਧੀਆਂ – ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਦੇ ਹਨ । ਦੋ ਫਿਰਕਿਆਂ ’ਚ ਨਫਰਤ ਫੈਲਾਉਣ ਲਈ ਕਤਲ ਕਰਕੇ, ਫਿਰ ਪੰਥਕ ਜਥੇਬੰਦੀਆਂ ਦੇ ਨਾਮ ਦੇ ਲੈਟਰ ਪੈਡਾਂ ਤੇ ਜਾਅਲੀ ਚਿੱਠੀਆਂ ਸੁੱਟਕੇ, ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈ । ਜਿਨ੍ਹਾਂ ਸਚਾਈਆਂ ਨੂੰ ਅਸੀਂ ਸਮਝਦੇ ਹੋਏ ਵੀ, ਫਿਰ ਕਾਤਲ ਜਮਾਤ ਦਾ ਸਾਥ ਦਿੰਦੇ ਹਾਂ, ਫਿਰ ਕੀ ਨਹਿਰਾਂ ਦੀਆਂ ਪੁਲੀਆਂ, ਕਮਾਦਾਂ ਦੇ ਖੇਤ, ਪੰਜਾਬ ਦੇ ਹਰੇਕ ਵਿਹੜੇ ਵਿੱਚ ਲਾਸ਼ਾਂ ਦੇ ਸੱਥਰ ਵਿਛਦੇ ਹਨ, ਸ੍ਰਕਾਰੀ ਤੌਰ ਤੇ ਬੁਡਰੋਜ਼ ਓਪਰੇਸ਼ਨ ਹੁੰਦੇ ਹਨ । ਫਿਰ ਸਿੱਖ ਨੌਜਵਾਨਾਂ ਦੇ ਚੁਣ – ਚੁਣ ਪੁਲੀਸ ਮੁਕਾਬਲੇ ਬਣਾਏ ਜਾਂਦੇ ਹਨ । ਜਿਹਦੀਆਂ ਰਿਪੋਰਟਾਂ ਲਵਾਰਿਸ ਕਹਿਕੇ ਸਾੜੀਆਂ ਗਈਆਂ ਲਾਸ਼ਾਂ ਦਾ ਵੇਰਵਾ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਮੁਤਾਬਿਕ 25.000 ਦੇ ਕਰੀਬ ਸਨ । ਜਿਸਨੂੰ ਹਿੰਦੋਸਤਾਨ ਦੀ ਸ੍ਰਕਾਰ ਵਲੋਂ ਉਨ੍ਹਾਂ ਦੇ ਪ੍ਰਵਾਰਾਂ ਨੂੰ 1 ਲੱਖ 97 ਹਜ਼ਾਰ ਦੇਣਾ ਹੁਣ 28 ਸਾਲ ਬਾਅਦ ਮੰਨਿਆ ਹੈ ।
ਵੀਰ ਜੀ, ਬੁਰਾ ਨਾ ਮਨਾਉਣਾ ਅਗਰ ਤਾਂ ਅਸੀਂ ਸਚਾਈ ਦੇ ਤੱਥਾਂ ਨੂੰ ਸਾਹਮਣੇ ਰੱਖਕੇ ਗੱਲ ਕਰਨੀ ਹੈ ਤਾਂ ਫਿਰ ਅਸੀਂ ਬਹੁਤ ਸਾਰੇ ਸਾਰਥਿਕ ਹੱਲ ਆਮ ਜਨਤਾ ਦੀ ਕਚਹਿਰੀ ਵਿੱਚ ਰੱਖ ਸਕਦੇ ਹਾਂ, ਜਿੱਥੋਂ ਅਸੀਂ ਹੋਣ ਵਾਲੇ ਨੁਕਸਾਨ ਨੂੰ ਬਚਾ ਵੀ ਸਕਦੇ ਹਾਂ ਤੇ ਸਾਡੀਆਂ ਕਲਮਾਂ ਨੂੰ ਸੱਚ ਲਿਖਣ ਦੀ ਆਦਤ ਵੀ ਪੈ ਸਕਦੀ ਹੈ ।
ਉਸ ਸਮੇਂ ਦੇ ਹਾਲਾਤਾਂ ਨੂੰ ਵਰਨਣ ਕਰਦੇ ਕਵਿਤਾ ਦੇ ਬੋਲ ਇੰਝ ਹਨ, ਜੋ ਯੂ. ਕੇ. ਦੇ ਪੰਜਾਬੀ ਅਖਬਾਰਾਂ ਵਿੱਚ ਛਪ ਛੁੱਕੇ ਹਨ ।
ਰਲਕੇ ਚੋਰ ਬਜ਼ਾਰੀ, ਲੁੱਟਿਆ ਅੱਜ ਪੰਜਾਬ ਨੂੰ, ਮਾਰਨ ਡਾਕੇ ਅੱਜ ਬਈ, ਲੋਟੂ ਸਿੱਖਰ ਦੁਪਹਿਰੇ ।
ਪਹਿਨ ਪੁਲਸੀਏ ਵਰਦੀ, ਦਿਨ ਨੂੰ ਘੁੰਮਦੇ ਫਿਰਦੇ ਨੇ, ਰਾਤੀਂ ਮਾਰਨ ਡਾਕੇ ਹੋ ਕੇ ਬੇਖਬਰਾਰੇ ।
ਫੌਰਟੀ ਸੈਵਨ ਫੜ੍ਹਕੇ, ਮੰਗਣ ਫਿਰੌਤੀਆਂ ਲੋਕਾਂ ਤੋਂ, ਡਰਦੇ ਲੋਕਾਂ ਯਾਰੋ ਸਹਿ ਲਏ ਜ਼ੁਲਮ ਕਰਾਰੇ ।
ਕਹਿਰ ਛਾਅ ਗਿਆ ਲੋਕੋ, ਪੁਲਿਸ ਦੀ ਗੁੰਡਾਗਰਦੀ ਦਾ, ਮੱਚ ਗਈ ਹਾਹਾਕਾਰ ਵਿੱਚ ਦੁਨੀਆਂ ਦੇ ਸਾਰੇ ।
ਬਣ ਬੇਹਰੂਪੀਏ ਬੜ ਗਏ, ਵਿੱਚ ਜੁਝਾਰੂ ਲਹਿਰਾਂ ਦੇ, ਸਮਝ ਨਾ ਸਕੇ ਮੇਰੇ, ਸਿਰਲੱਥ ਵੀਰ ਪਿਆਰੇ ।
ਜਿਹੜੇ ਸੱਚ ਧਰਮ ਲਈ ਨਿੱਤਰੇ ਵਿੱਚ ਮੈਦਾਨ ਦੇ, ਜਾਨਾਂ ਵਾਰ ਦਿਖਾ ਗਏ, ਗੁਰੂ ਦੇ ਸਿੱਦਕ ਦੁਲਾਰੇ ।
ਅਜੇ ਵੀ ਵੇਲਾ ਸਿੰਘਾ, ਚਾਲ ਸਮਝ ਲੈ ਏਹਨਾਂ ਦੀ, ਨਿੱਭਣੀ ਨਾਲ ਕਦੇ ਨਹੀਂ, ਨਾਲ ਕਰਾੜਾਂ ਯਾਰੀ ।
‘ਗਿੱਲਾਂ ਵਾਲਾ’ ਕਈਆਂ ਸਾਲਾਂ ਤੋਂ ਸੀ ਕਲਪ ਰਿਹਾ, ਸੁਣੀ ਇੱਕ ਨਾ ਭੁੱਖੀ ਚੌਧਰ ਦੀ ਸਰਦਾਰੀ ।
(ਬੱਬਰ ਸਤਨਾਮ ਸਿੰਘ ਗਿੱਲ, 1995)
ਵੀਰ ਇਕਬਾਲ ਪਾਠਕ ਜੀ, ਮੈਂ ਇਸ ਗੱਲ ਦੀ ਮੁਆਫੀ ਚਾਹੁੰਦਾ ਹਾਂ ਕਿਉਂਕਿ ਲੇਖ ਕੁੱਝ ਲੰਬਾ ਹੈ ਪਰ ਬਹੁਪੱਖੀ ਮੁੱਦਿਆਂ ਤੇ ਜਵਾਬ ਦੇਣਾ ਵੀ ਜ਼ਰੂਰੀ ਸਮਝਦੇ ਹੋਏ ਇਹ ਮੇਰੀ ਮਜ਼ਬੂਰੀ ਸੀ । ਭੁੱਲਾਂ ਚੁੱਕਾਂ ਦੀ ਖਿਮਾਂ ।

