ਸੁਕੀਰਤ ਨੇ ਮਨੁੱਖੀ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਬਾਬਤ ਕੁਝ ਬੁਨਿਆਦੀ ਸਵਾਲ ਉਠਾਏ ਹਨ। ਇਨ੍ਹਾਂ ਸਵਾਲਾਂ ਬਾਬਤ ਠਰ੍ਹਮੇ ਨਾਲ ਚਰਚਾ ਕਰਨ ਦੀ ਥਾਂ ਕੁਝ ਦੇਸੀਂ ਜਾਂ ਬਦੇਸ਼ੀਂ ਬੈਠੇ ਤੱਤੇ ਭਰਾਵਾਂ ਨੇ ਕਾਮ-ਰੇਟ ਵਰਗੇ ਪੁਰਾਣੇ ਲਕਬ ਵਰਤ ਕੇ ਗੱਲ ਨੂੰ ਮਿੱਟੀ ਘੱਟੇ ਵਿੱਚ ਰੋਲ ਦਿੱਤਾ ਹੈ। ਅਸੀਂ ਅਨੇਕਾਂ ਸਾਲਾਂ ਤੋਂ ਕਮਿਊਨਿਸਟਾਂ ਲਈ ”ਕੌਮਨਸ਼ਟ” ਜਿਹੇ ਵਿਸ਼ੇਸ਼ਣ ਸੁਣਦੇ ਆ ਰਹੇ ਹਾਂ। ਇਹ ਕਿਸੇ ਲਿਖਤ ‘ਤੇ ਸੰਵਾਦ ਕਰਨ ਦਾ ਨਹੀਂ, ਬਲਕਿ ਵਿਵਾਦ ਕਰਨ ਦਾ ਤਰੀਕਾ ਹੈ। ਇਸੇ ਲਈ ਅੱਜ ਤੱਕ ਸਿੱਖਾਂ ਸਮੇਤ ਦੁਨੀਆਂ ਦੇ ਕਿਸੇ ਵੀ ਧਰਮ ਦਾ ਆਮ ਸ਼ਰਧਾਲੂ ਤਾਂ ਦੂਰ ਦੀ ਗੱਲ ਹੈ, ਕੋਈ ਵੱਡੇ ਤੋਂ ਵੱਡਾ ਧਰਮ-ਗੁਰੂ ਵੀ ਕਮਿਊਨਿਸਟਾਂ ਨਾਲ ਚੱਜ ਨਾਲ ਸੰਵਾਦ ਨਹੀਂ ਰਚਾ ਸਕਿਆ। ਇਹ ਕੋਈ ਅਨਹੋਣੀ ਗੱਲ ਨਹੀਂ, ਸ਼ਾਇਦ ਬਹੁਤੇ ਵੀਰਾਂ ਨੂੰ ਪਤਾ ਹੀ ਨਾ ਹੋਵੇ, ਕਿ ਖਾਲਿਸਤਾਨੀ ਲਹਿਰ ਨੇ ਆਪਣੇ ਮੁੱਢ ਵਿੱ ਚ ਹੀ ਕਮਿਊਨਿਸਟਾਂ ਨੂੰ ਆਪਣੇ ਸਭ ਤੋਂ ਵੱਡੇ ਚਾਰ ਦੁਸ਼ਮਣਾਂ ‘ਚੋਂ ਇਕ ਮਿੱਥ ਲਿਆ ਸੀ।

ਇਸੇ ਨੀਤੀ ਵਿੱਚੋਂ ਹੀ ‘ਚੰਗਿਆੜੀ’ ਦੇ ਸੰਪਾਦਕ ਸੁਖਰਾਜ ਖੱਦਰ ਅਤੇ ‘ਪ੍ਰੀਤਲੜੀ’ ਦੇ ਸੰਪਾਦਕ ਸੁਮੀਤ ਸਿੰਘ ਨੂੰ ”ਬਾਬਿਆਂ” ਨੇ ਪਹਿਲੇ ਹੱਲੇ ਵਿੱਚ ਹੀ ਸੋਧਾ ਲਾ ਦਿੱਤਾ ਸੀ। ਇਹ ਉਹ ਦੌਰ ਸੀ, ਜਦੋਂ ਨਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿਆਸੀ ਦ੍ਰਿਸ਼ ਉੱਪਰ ਮਸ਼ਹੂਰ ਹੋਏ ਸਨ, ਨਾ ਬਦਨਾਮ ”ਸਾਕਾ ਨੀਲਾ ਤਾਰਾ” ਅਤੇ ਨਾ ਹੀ ਦਿੱਲੀ ਜਾਂ ਹੋਰਨਾਂ ਥਾਵਾਂ ‘ਤੇ ਅਤਿ ਦੇ ਵਹਿਸ਼ੀ ਸਿੱਖ ਵਿਰੋਧੀ ਨਸਲਕੁਸ਼ੀ ਵਰਗੇ ਵਰਤਾਰੇ ਹੋਂਦ ਵਿਚ ਆਏ ਸਨ। ਇਨ੍ਹਾਂ ਸਾਰੀਆਂ ਸਿੱਖ ਖਾਸ਼ ਕਰਕੇ ਮਨੁੱਖਤਾ ਵਿਰੋਧੀ ਕਰਤੂਤਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਕਮਿਊਨਿਸਟਾਂ ਵਿਸ਼ੇਸ਼ ਕਰਕੇ ਉਨ੍ਹਾਂ ਬਜ਼ੁਰਗ ਦੇਸ਼ ਭਗਤਾਂ ਦੇ ਕਤਲ ਹੋਣੇ ਸ਼ੁਰੂ ਹੋ ਚੁੱਕੇ ਸਨ, ਜਿਨ੍ਹਾਂ ਨੇ ਗਦਰ ਲਹਿਰ ਤੋਂ ਲੈਕੇ ਪੰਜਾਬ ਵਿਚ ਚੱਲੀ ਹਰੇਕ ਖਾੜਕੂ ਲਹਿਰ ਦੌਰਾਨ ਕੇਂਦਰੀ ਅਤੇ ਸੂਬਾਈ ਹਕੂਮਤ ਦੇ ਕਹਿਰ ਨੂੰ ਆਪਣੇ ਪਿੰਡਿਆਂ ‘ਤੇ ਝੱਲਿਆ ਸੀ।
ਮੇਰੀ ਸੁਕੀਰਤ ਨਾਲ ਜਾਣ ਪਛਾਣ ਨਹੀਂ ਅਤੇ ਜੇ ਹੁੰਦੀ ਵੀ ਤਦ ਵੀ ਮੈਂ ਉਸ ਨਾਲ ਬਹੁਤ ਸਾਰੀਆ ਗੱਲਾਂ ‘ਤੇ ਸਹਿਮਤ ਨਹੀਂ ਹਾਂ। ਪਹਿਲੀ ਗੱਲ ਮੈਂ ਫਾਂਸੀ ਦੇਣ ਵਰਗੀ ਕਰਤੂਤ ਨੂੰ ਸੱਭਿਅਕ ਸਮਾਜ ਦੇ ਮੱਥੇ ‘ਤੇ ਕਲੰਕ ਸਮਝਦਾ ਹਾਂ। ਦੁਨੀਆਂ ਭਰ ਦੇ 57 ਦੇਸ਼ਾਂ ਵਿੱਚੋਂ ਇਹ ਲਾਹਨਤ ਖ਼ਤਮ ਕੀਤੀ ਜਾ ਚੁੱਕੀ ਹੈ। ਦੂਜੀ ਗੱਲ ਭਾਈ ਰਾਜੋਆਣਾ ਦੇ ਸੰਬੰਧ ਵਿੱਚ ਭਾਵੇਂ ਅਕਾਲੀ ਸਰਕਾਰ ਦੀ ਸਰਪਰਸਤੀ ਅਧੀਨ ਹੀ ਪੰਜਾਬੀਆਂ ਨੇ ਉਸ ਦੀ ਫ਼ਾਂਸੀ ਦੀ ਸ਼ਜ਼ਾ ਮੁਆਫ਼ ਕਰਵਾਉਣ ਲਈ ਜਿਸ ਏਕੇ ਦਾ ਸਬੂਤ ਦਿੱਤਾ ਹੈ, ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਤੀਜੀ ਗੱਲ ਜੇਕਰ ਕੋਈ ਧਰਮ ਅਸਥਾਨ ਜਾਂ ਧਰਮ ਗੁਰੂ ਕਿਸੇ ਵਿਅਕਤੀ ਨੂੰ ”ਜ਼ਿੰਦਾ ਸ਼ਹੀਦ” ਦਾ ਰੁਤਬਾ ਦਿੰਦਾ ਹੈ, ਭਾਵੇਂ ਉਹ ਕੋਈ ਰਾਜੋਆਣਾ ਹੋਵੇ, ਦਾਰਾ ਸਿੰਘ ਹੋਵੇ ਜਾਂ ਅਫ਼ਜ਼ਲ ਕਸਾਬ ਹੋਵੇ, ਇਹ ਸਬੰਧਤ ਮਜ਼੍ਹਹਬ ਦੇ ਧਰਮ ਗੁਰੂਆਂ ਅਤੇ ਸੰਗਤਾਂ ਉੱਪਰ ਛੱਡ ਦੇਣਾ ਚਾਹੀਦਾ ਹੈ। ਜੇ ਕਿਸੇ ਲਈ ਇੰਦਰਾ ਜਾਂ ਬੇਅੰਤ ਸਿੰਘ ਵਰਗੇ ਕਸਾਈ ”ਸ਼ਹੀਦ” ਹੋ ਸਕਦੇ ਹਨ ਤਾਂ ਘੱਟ ਗਿਣਤੀਆਂ ਨੂੰ ਵੀ ਉਨਾ ਹੀ ਹੱਕ ਹੈ, ਕਿ ਉਹ ਆਪਣੇ ਕਿਸੇ ਮੈਂਬਰ ਨੂੰ ਸ਼ਹੀਦ ਮੰਨਣ ਜਾਂ ਨਾ ਮੰਨਣ। ਇਹੀ ਹੱਕ ਕਮਿਊਨਿਸਟਾਂ ਦੇ ਹਿੱਸੇ ਵੀ ਆਉਂਦਾ ਹੈ, ਕਿ ਉਨ੍ਹਾਂ ਨੇ ਕਿਸ ਵਿਅਕਤੀ ਨੂੰ ਸ਼ਹੀਦ ਮੰਨਣਾ ਹੈ ਜਾਂ ਨਹੀਂ। ਕਿਸੇ ਅਨਭੋਲ ਵਿਅਕਤੀ ਦੀ ਵਿਧਵਾ ਦੀ ਫਰਿਆਦ ‘ਤੇ ਗੌਰ ਤਾਂ ਕੀਤਾ ਜਾ ਸਕਦਾ ਹੈ, ਲੇਕਿਨ ਉਸ ਦੀ ਮਰਜ਼ੀ ਅੱਗੇ ਸਿਰ ਨਹੀਂ ਝੁਕਾਇਆ ਜਾ ਸਕਦਾ। ਉਸ ਦਾ ਦੁਖ ਵੰਡਾਉਣ ਦੇ ਹੋਰ ਬੜੇ ਤਰੀਕੇ ਹਨ। ਕੋਈ ”ਦੁਸ਼ਮਣ” ਵਾਰ ਵਾਰ ਅੜਿੱਕੇ ਨਹੀਂ ਆਉਂਦਾ ਹੁੰਦਾ। ਕੁਝ ਅਨਭੋਲ ਰੂਹਾਂ ਦੀ ਬਲੀ ਦੀ ਵੀ ਅਣਸਰਦੀ ਲੋੜ ਪੈ ਜਾਂਦੀ ਹੈ।
ਅਸਲ ਵਿੱਚ ਗੱਲ ਤਾਂ ਗੁਰਬਾਣੀ ਦੀਆਂ ਪ੍ਰੰਪਰਾਵਾਂ ਨੂੰ ਮੁੜ ਤੋਂ ਬੁਲੰਦ ਕਰਨ ਦੀ ਲੋੜ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਤੋਂ ਬਾਅਦ ਗੁਰਬਾਣੀ ਦੀ ਚੌਥੀ ਵੱਡੀ ਮਹਾਨ ਪ੍ਰੰਪਰਾ ”ਗੋਸਟਿ” ਭਾਵ ਸੰਵਾਦ ਦੀ ਹੈ। ਇਸ ਵੇਲੇ ਮੇਰੇ ਦਿਮਾਗ ਵਿੱਚ ਉਹ ਸਾਖੀ ਆ ਰਹੀ ਹੈ, ਜਦੋਂ ਗੁਰੂ ਨਾਨਕ ਸਾਹਿਬ ਮੱਕੇ ਵਿਚ ਬੈਠੇ ਮੁਲਾਣਿਆਂ ਨਾਲ ਗੋਸਟਿ ਕਰ ਰਹੇ ਹਨ। ਭਾਈ ਗੁਰਦਾਸ ਜੀ ਨੇ ਇਸ ਘਟਨਾ ਦਾ 33ਵੀਂ ਪਉੜੀ ਵਿੱਚ ਬਹੁਤ ਹੀ ਖੂਬਸੂਰਤ ਸ਼ਬਦੀ-ਚਿੱਤਰ ਪੇਸ਼ ਕੀਤਾ ਹੈ। ਗੋਸਟਿ ਦੌਰਾਨ ਮੁਲਾਣੇ ਪੁੱਛ ਰਹੇ ਸਨ।
ਬਾਬਾ ਆਖੇ ਹਾਜੀਆ ਸੁਭਿ ਅਮਲਾਂ ਬਾਝਹੁ ਦੋਨੋ ਰੋਈ।
ਹਿੰਦੂ ਮੁਸਲਮਾਨ ਦਰਗਹ ਅੰਦਰ ਲਹਨਿ ਨ ਢੋਈ।
ਕਰਨ ਬਖੀਲੀ ਆਪਿ ਵਿਚਿ ਰਾਮ ਰਹੀਮ ਕੁਥਾਇ ਖਲੋਈ।
ਇਹ ਉਹ ਸਮਾਂ ਸੀ, ਜਦੋਂ ਬਾਬਾ ਜੀ ਹਾਲੇ ਸਿਰਫ਼ ਸਿੱਖ ਧਰਮ ਦੀ ਨੀਂਹ ਰੱਖ ਰਹੇ ਸਨ ਅਤੇ ਮੱਕੇ ਵਿਚ ਮੁਲਾਣਿਆਂ ਦੇ ਸਥਾਪਤ ਸੰਸਾਰ ਵਿੱਚ ਉਨ੍ਹਾਂ ਨਾਲ ਹੀ ਤਿੱਖੇ ਸੰਵਾਦੀ ਖਹਿਭੇੜ ਵਿਚ ਪਏ ਹੋਏ ਤਰਕ-ਰੱਤੇ ਗਿਆਨ ਨਾਲ ਲਲਕਾਰ ਰਹੇ ਸਨ। ਹੁਣ ਸੁਕੀਰਤ ਦੇ ਲੇਖ ‘ਤੇ ਜਿਹੋ ਜਿਹੇ ਪ੍ਰਤੀਕਰਮ ਕੁਝ ਗਰਮ ਖਿਆਲੀ ਵੀਰਾਂ ਨੇ ਕੀਤੇ ਹਨ, ਅਤੇ 1977 ਤੋਂ ਲੈਕੇ ਬੇਅੰਤ ਸਿੰਘ ਦੇ ਕਤਲ ਤੱਕ ਪੰਜਾਬ ਵਿੱਚ ”ਸਿੱਖੀ ਭੇਖ ਵਿਚਲੇ ਮੌਲਾਣਿਆਂ” ਨੇ ਜਿਹੜਾ ਖਰੂਦ ਪਾਇਆ ਹੈ, ਤਾਂ ਮੈਨੂੰ ਸ਼ੱਕ ਹੀ ਨਹੀਂ, ਸਗੋਂ ਪੱਕਾ ਯਕੀਨ ਹੈ, ਕਿ ਮੱਕੇ ਵਿੱਚ ਆਪਣੇ ਬਾਬਾ ਜੀ ਦੀ ਮ੍ਰਿਤਕ ਦੇਹ ਵੀ ਕਿਸੇ ਨੇ ਨਹੀਂ ਸਾਂਭਣੀ ਸੀ। ਇਸ ਲਈ ਵੀਰਨੋ, ਅਜੇ ਵੀ ਡੁੱਲੇ ਬੇਰ ਬੇਸ਼ਕ ਚੋਖੇ ਖ਼ਰਾਬ ਹੋ ਚੁੱਕੇ ਹਨ, ਲੇਕਿਨ ਜੇਕਰ ਚੰਗੀ ਤਰ੍ਹਾਂ ਝਾੜਪੂੰਝ ਕੇ ਝੋਲੀ ਵਿੱਚ ਪਾ ਲਈਏ ਅਤੇ ਗੁਰਬਾਣੀ ਦੀ ਗੋਸਟਿ ਪ੍ਰੰਪਰਾ ਉੱਪਰ ਦ੍ਰਿੜਤਾ ਨਾਲ ਪਹਿਰਾ ਦੇਈਏ, ਤਾਂ ਅਸੀਂ ਬਾਕੀ ਧਰਮਾਂ ਦੇ ਕੁਰਾਹੇ ਪਏ ਮਨਮਤੀਆਂ ਲਈ ਵੀ ਚਾਨਣ ਮੁਨਾਰਾ ਬਣ ਸਕਦੇ ਹਾਂ।

