ਸਾਮਰਾਜ ਦਾ ਦੂਜੀਆਂ ਕੌਮਾਂ ‘ਤੇ ਹਮਲਾ ਮੁੱਖ ਤੌਰ ‘ਤੇ ਆਰਥਿਕ ਹੈ, ਜਦੋਂ ਕਿ ਸੰਸਾਰੀਕਰਨ ਵਿੱਚ ਆਰਥਿਕ ਹਮਲੇ ਦੇ ਨਾਲ ਨਾਲ ਸੱਭਿਆਚਾਰਕ ਅਤੇ ਤਕਨਾਲੋਜੀ ਦੇ ਹਮਲੇ ਵੀ ਸ਼ਾਮਲ ਹੋ ਜਾਂਦੇ ਹਨ। ਸੰਸਾਰੀਕਰਨ ਵਿੱਚ ਸੱਭਿਆਚਾਰਕ ਹਮਲਾ ਮੁੱਖ ਹਮਲਾ ਹੈ, ਦੂਸਰੇ ਸੱਭਿਆਚਾਰਾਂ ਨੂੰ ਖ਼ਤਮ ਕਰਕੇ ਉਨ੍ਹਾਂ ‘ਤੇ ਸਾਮਰਾਜੀ ਸੱਭਿਆਚਾਰ ਠੋਸਣਾ ਸੰਸਾਰੀਕਰਨ ਦਾ ਸਭ ਤੋਂ ਵੱਡਾ ਸੱਛਣ ਬਣ ਰਿਹਾ ਹੈ। ਇਹ ਕਹਿਣਾ ਸ਼ਾਇਦ ਅਤਿਕਥਨੀ ਨਾ ਹੋਵੇ ਕਿ ਬਸਤੀਵਾਦ ਜਿਸਮਾਨੀ ਗੁਲਾਮੀ ਸੀ, ਜਦੋਂ ਕਿ ਬਸਤੀਵਾਦੀ ਆਪਣੀਆਂ ਫੌਜਾਂ ਨਾਲ ਦੂਜੀਆਂ ਕੌਮਾਂ ਨੂੰ ਗੁਲਾਮ ਬਣਾਉਂਦੇ ਸਨ। ਸਾਮਰਾਜ ਦੇ ਦੌਰ ਤੇ ਬਸਤੀਵਾਦ ਵਿੱਚ ਫੌਜਾਂ ਨੂੰ ਵਾਪਸ ਬੁਲਾ ਲਿਆ ਗਿਆ ਇਤੇ ਜ਼ਿਆਦਾਤਰ ਸਰਮਾਏ ਨੂੰ ਹੀ ਦੂਜੀਆਂ ਕੌਮਾਂ ਨੂੰ ਗ਼ੁਲਾਮ ਬਣਾਉਣ ਦਾ ਸਾਧਨ ਬਣਾਇਆ ਗਿਆ, ਇਸ ਨੂੰ ਮਾਨਸਿਕ ਗੁਲਾਮੀ ਵੀ ਕਿਹਾ ਜਾ ਸਕਦਾ ਹੈ।
ਉਸ ਤੋਂ ਬਾਅਦ ਸੰਸਾਰੀਕਰਨ ਵਿੱਚ ਦੂਜੀਆਂ ਕੌਮਾਂ ਦੇ ਸੱਭਿਆਚਾਰ ਨੂੰ ਖ਼ਤਮ ਕਰਕੇ ਸਾਮਰਾਜੀ ਸੱਭਿਆਚਾਰ ਠੋਸਿਆ ਜਾ ਰਿਹਾ ਹੈ। ਉਨ੍ਹਾਂ ਕੋਲੋਂ ਉਨ੍ਹਾਂ ਦਾ ਜੀਵਨ ਢੰਗ ਹੀ ਖੋਹਿਆ ਜਾ ਰਿਹਾ ਹੈ। ਅਜਿਹੀ ਅਵਸਥਾ ਨੂੰ ਮੁਕੰਮਲ ਜਾਂ ਰੂਹ ਦੀ ਗੁਲਾਮੀ ਵੀ ਕਿਹਾ ਜਾ ਸਕਦਾ ਹੈ। ਜਦੋਂ ਗੁਲਾਮ ਹੋਣ ਵਾਲਿਆਂ ਨੂੰ ਗੁਲਾਮੀ ਦਾ ਅਹਿਸਾਸ ਹੀ ਖ਼ਤਮ ਹੋ ਗਿਆ ਹੈ, ਉਲਟਾ ਉਹ ਸੱਭਿਆਚਾਰਕ ਗੁਲਾਮੀ ਨੂੰ ਸੱਭਿਆਚਾਰਕ ਵਿਕਾਸ ਹੀ ਸਮਝਣ ਲੱਗ ਪੈਂਦੇ ਹਨ, ਕਿਉਂਕਿ ਸਾਮਰਾਜੀ ਸੰਸਾਰੀਕਰਨ ਦਾ ਮਸਲਾ ਇੱਕ ਤਰ੍ਹਾਂ ਨਾਲ ਕੇਂਦਰੀ ਮਸਲਾ ਬਣ ਚੁੱਕਾ ਹੈ।
ਭਾਰਤ ਇੱਕ ਬਹੁ-ਕੌਮੀ ਅਤੇ ਬਹੁ-ਸੱਭਿਆਚਾਰੀ ਦੇਸ਼ ਹੈ। ਰਾਸ਼ਟਰੀ ਪੱਧਰ ‘ਤੇ ਉਨ੍ਹਾਂ ਸ਼ਕਤੀਆਂ ਨਾਲ ਸਾਂਝਾ ਮਹਾਜ਼ ਬਣਾਇਆ ਜਾ ਸਕਦਾ ਹੈ, ਜੋ ਇਸ ਸਿਧਾਂਤ ਨੂੰ ਸਵੀਕਾਰ ਕਰਦੀਆਂ ਹਨ ਜਾਂ ਜੋ ਭਾਰਤ ਨੂੰ ਅਮਰੀਕਾ ਦੀ ਚੀਨ ਨੂੰ ਘੇਰਨ ਦੀ ਨੀਤੀ ਵਿੱਚ ਸ਼ਾਮਲ ਹੋਣ ਦਾ ਵਿਰੋਧ ਕਰਦੀਆਂ ਹਨ ਜਾਂ ਸਾਮਰਾਜੀ ਸਰਮਾਏ ਨੂੰ ਭਾਰਤ ਵਿੱਚ ਖੁੱਲ੍ਹੇ ਪ੍ਰਵੇਸ਼ ਕਰਨ ਦਾ ਵਿਰੋਧ ਕਰਦੀਆਂ ਹਨ ਜਾਂ ਭਾਰਤ ਦੀ ਦੂਜੇ ਗੁਆਂਢੀ ਦੇਸ਼ਾਂ ਨਾਲ ਬਰਾਬਰੀ ਅਤੇ ਆਪਸੀ ਸਤਿਕਾਰ ਦੇ ਸਿਧਾਂਤ ‘ਤੇ ਅਧਾਰਿਤ ਇੱਕ ਦੱਖਣੀ ਏਸ਼ੀਆਈ ਸੰਘ ਬਣਾਉਣ ਦੇ ਹੱਕ ਵਿੱਚ ਹਨ।
ਪੰਜਾਬ ਦੇ ਪੱਧਰ ‘ਤੇ ਉਨ੍ਹਾਂ ਸ਼ਕਤੀਆਂ ਦਾ ਸਾਂਝਾ ਫਰੰਟ ਬਣ ਸਕਦਾ ਹੈ, ਜੋ ਪੰਜਾਬੀ ਸੱਭਿਆਚਾਰ ਅਤੇ ਜੀਵਨ ਢੰਗ ਨੂੰ ਬਚਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਸਾਰੀਆਂ ਸ਼ਕਤੀਆਂ ਨਾਲ ਵੀ ਸਾਂਝ ਪਾਈ ਜਾ ਸਕਦੀ ਹੈ, ਜੋ ਇਹ ਸਵੀਕਾਰ ਕਰਦੀਆਂ ਹਨ ਕਿ ਪੰਜਾਬ ਅਮਰੀਕਨ ਸਾਮਰਾਜ ਦੀ ਨਵ-ਬਸਤੀ ਬਣ ਚੁੱਕਾ ਹੈ। ਪੰਜਾਬ ਦੀ ਬਾਕੀ ਭਾਰਤ ਨਾਲੋਂ ਕੁੱਝ ਵਿਲੱਖਣਤਾ ਨਜ਼ਰ ਆ ਰਹੀ ਹੈ। ਹਰੇ ਇਨਕਲਾਬ ਤੋਂ ਬਾਅਦ ਪੰਜਾਬ ਦੀ ਅਮੀਰ ਕਿਸਾਨੀ ਨੇ ਅਮਰੀਕਨ ਸਾਮਰਾਜ ਨਾਲ ਸਿੱਧਾ ਗੱਠਜੋੜ ਕਰ ਕੇ ਪੰਜਾਬ ਦੇ ਹਰ ਪੱਖ, ਆਰਥਿਕ, ਰਾਜਨੀਤਿਕ, ਸੱਭਿਆਚਾਰਕ, ਧਾਰਮਿਕ ਅਤੇ ਵਿੱਦਿਅਕ ਅਦਾਰਿਆਂ ‘ਤੇ ਲਗਭਗ ਮੁਕੰਮਲ ਕਬਜ਼ਾ ਕਰ ਲਿਆ ਹੈ। ਪੰਜਾਬ ਨੇ ਸੱਭਿਆਚਾਰਕ ਖੋਰੇ ਅਤੇ ਗੁਲਾਮੀ ਦੇ ਖੇਤਰਾਂ ਵਿੱਚ ਬਾਕੀ ਭਾਰਤਚ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਪੰਜਾਬ ਦੀ ਇੱਕ ਹੋਰ ਵਿਲੱਖਣਤਾ ਇਹ ਵੀ ਹੈ ਕਿ ਜਿੱਥੇ ਬਾਕੀ ਭਾਰਤ ਦੇ ਮਹਾਂ-ਨਗਰ ਸਾਮਰਾਜੀ ਸੱਭਿਆਚਾਰ ਦਾ ਪੂਰੀ ਤਰ੍ਹਾਂ ਸਿਖਾਰ ਬਣ ਚੁੱਕੇ ਹਨ, ਪੰਜਾਬ ਵਿੱਚ ਸੱਭਿਆਚਾਰਕ ਅਤੇ ਸਮਾਜਿਕ ਅਰਥਵਿਵਸਥਾ ਇਸ ਹੱਦ ਤੱਕ ਵੱਧ ਗਈ ਹੈ ਕਿ ਪੰਜਾਬ ਨੂੰ ਇੱਕ ਮੁਸਾਫਰਖਾਨਾ ਕਹਿਣਾ ਜ਼ਿਆਦਾ ਉੱਚਿਤ ਹੋਵੇਗਾ।
ਸਾਂਝਾ ਫਰੰਟ ਬਣਾਉਣ ਦਾ ਮਤਲਬ ਮੁਕੰਮਲ ਸਹਿਮਤੀ ਨਹੀਂ ਹੁੰਦੀ, ਸਗੋਂ ਕਿਸੇ ਘੱਟ ਤੋਂ ਘੱਟ ਸਾਂਝੇ ਨੁਕਤੇ ‘ਤੇ ਸਹਿਮਤੀ ਹੈ। ਸਾਂਝੇ ਫਰੰਟ ਵਿੱਚ ਸ਼ਾਮਲ ਸ਼ਕਤੀਆਂ ਦੇ ਹੋਰ ਨੁਕਤਿਆਂ ‘ਤੇ ਮਤਭੇਦ ਹੋ ਸਕਦੇ ਹਨ। ਕੋਈ ਵੀ ਅਜਿਹੀ ਸ਼ਕਤੀ ਜੋ ਕਿਸੇ ਨਾ ਕਿਸੇ ਢੰਗ ਨਾਲ ਸਾਮਰਾਜ ਦਾ ਵਿਰੋਧ ਕਰਦੀ ਹੈ ਜਾਂ ਆਪਣੇ ਸੱਭਿਆਚਾਰ ਜਾਂ ਜੀਵਨ ਢੰਗ ਨੂੰ ਬਚਾਉਣਾ ਚਾਹੁੰਦੀ ਹੈ, ਇਸ ਸਾਂਝੇ ਫਰੰਟ ਵਿੱਚ ਸ਼ਾਮਿਲ ਹੋ ਸਕਦੀ ਹੈ। ਕੁਝ ਸ਼ਕਤੀਆਂ ਖੱਬੇ ਪੱਖੀ, ਅਗਾਂਹ-ਵਧੂ, ਕੌਮਪ੍ਰਸਤ, ਧਾਰਮਿਕ ਜਾਂ ਇਨਸਾਫ ਪਸੰਦ ਅਤੇ ਬਰਾਬਰੀ ਦੇ ਸਿਧਾਂਤ ‘ਚ ਵਿਸ਼ਵਾਸ ਰੱਖਣ ਵਾਲੀਆਂ ਹੋ ਸਕਦੀਆਂ ਹਨ। ਉਨ੍ਹਾਂ ਦੀ ਪ੍ਰੇਰਨਾ ਸਰੋਤ ਜੋ ਮਰਜ਼ੀ ਹੋਵੇ ਅੰਤ ਵਿੱਚ ਜੇ ਉਹ ਘੱਟ ਤੋਂ ਘੱਟ ਸਾਂਝੇ ਨੁਕਤੇ ‘ਤੇ ਸਹਿਮਤ ਹਨ ਤਾਂ ਉਹ ਸਾਂਝੇ ਫਰੰਟ ਵਿੱਚ ਸ਼ਾਮਿਲ ਹੋ ਸਕਦੀਆਂ ਹਨ।
ਨਵੀਆਂ ਪ੍ਰਸਥਿਤੀਆਂ ਵਿੱਚ ਧਰਮਾਂ ਦੀ ਭੂਮਿਕਾ ਵੀ ਬਦਲ ਗਈ ਹੈ। ਸਾਮਰਾਜੀ ਸੰਸਾਰੀਕਰਨ ਦੇ ਨਵੇਂ ਸੱਭਿਆਚਾਰ ਵਿੱਚ ਨੈਤਿਕਤਾ ਅਤੇ ਰੂਹਾਨੀਅਤ ਦੀ ਕੋਈ ਥਾਂ ਨਹੀਂ ਹੈ। ਧਰਮਾਂ ਦਾ ਨੈਤਿਕ ਅਤੇ ਰੂਹਾਨੀ ਸਰੋਕਾਰ ਉਨ੍ਹਾਂ ਨੂੰ ਅਮਲੀ ਤੌਰ ‘ਤੇ ਸਾਮਰਾਜੀ ਸੰਸਾਰੀਕਰਨ ਦੇ ਵਿਰੋਧ ਵਿੱਚ ਖੜ੍ਹਾ ਕਰਦਾ ਹੈ। ਇਸ ਲਈ ਉਨ੍ਹਾਂ ਦੀ ਭੂਮਿਕਾ ਹਾਂ-ਪੱਖੀ ਹੋ ਸਕਦੀ ਹੈ। ਉਦਾਹਰਣ ਵੱਜੋਂ ਇਸਲਾਮ ਦੀਆਂ ਆਪਣੀਆਂ ਕਦਰਾਂ-ਕੀਮਤਾਂ ਬਚਾਉਣ ਦਾ ਸੰਘਰਸ਼ ਸਾਮਰਾਜ ਨੂੰ ਕਮਜ਼ੋਰ ਕਰ ਰਿਹਾ ਹੈ। ਜੋ ਅਸੀਂ ਅਮਰੀਕਨ ਸਾਮਰਾਜ ਅਤੇ ਸੰਸਾਰ ਦੇ ਲੋਕਾਂ ਵਿੱਚ ਵਿਰੋਧਤਾਈ ਮੰਨਦੇ ਹਾਂ ਤਾਂ ਕੋਈ ਵੀ ਸੰਘਰਸ਼ ਜੇ ਅਮਰੀਕਨ ਸਾਮਰਾਜ ਨੂੰ ਕਮਜ਼ੋਰ ਕਰਦਾ ਹੈ ਤਾਂ ਉਹ ਲੋਕਾਂ ਦੇ ਹੱਕ ਵਿੱਚ ਭੁਗਤਦਾ ਹੈ। ਭਾਰਤ ਵਿੱਚ ਕੋਈ ਵੀ ਧਾਰਮਿਕ ਸ਼ਕਤੀ, ਜੋ ਆਪਣੀਆਂ ਕਦਰਾਂ-ਕੀਮਤਾਂ, ਆਪਣੇ ਸੱਭਿਆਚਾਰ ਤੇ ਆਪਣੇ ਜੀਵਨ ਢੰਗ ਨੂੰ ਬਚਾਉਣ ਲਈ ਜਾਂ ਸਾਮਰਾਜੀ ਸੰਸਾਰੀਕਰਨ ਦੇ ਸੱਭਿਆਚਾਰਕ ਹਮਲੇ ਦੇ ਵਿਰੋਧ ਵਿੱਚ ਨੈਤਿਕ ਜਾਂ ਰੂਹਾਨੀ ਸਰੋਕਾਰਾਂ ਦੀ ਗੱਲ ਕਰਦੀ ਹੈ ਤਾਂ ਉਹ ਵੀ ਲੋਕਾਂ ਦੇ ਹੱਕ ਵਿੱਚ ਭੁਗਤਦਾ ਹੈ।

