ਐਤਵਾਰ ਦਾ ਦਿਨ ਹੋਣ ਕਾਰਨ ਬਲਜਿੰਦਰ ਆਪਣੇ ਤਾਏ ਕਰਨੈਲ ਵੱਲ ਤੁਰ ਪਿਆ। ਛੁੱਟੀ ਦਾ ਦਿਨ ਹੋਣ ਕਾਰਨ ਉਹ ਅਕਸਰ ਹੀ ਬਜ਼ੁਰਗਾਂ ਨਾਲ ਸਮਾਂ ਬਿਤਾਉਂਦਾ ਹੈ ਅਤੇ ਉਨ੍ਹਾਂ ਦੇ ਤਜ਼ਰਬਿਆਂ ਤੋਂ ਜੀਵਨ ਜਾਚ ਦੀ ਕਲਾ ਸਿੱਖਣ ਦੀ ਕੋਸ਼ਿਸ਼ ਕਰਦਾ ਹੈ।ਤਾਇਆ ਕਰਨੈਲ ਬਾਟੀ ਨਾਲ ਚਾਹ ਪੀ ਰਿਹਾ ਸੀ, ਬਲਜਿੰਦਰ ਨੂੰ ਦੂਰੋਂ ਆਉਦਾ ਦੇਖ ਕੇ ਉਸਨੇ ਆਪਣੇ ਛੋਟੇ ਜਿਹੇ ਪੋਤੇ ਨੂੰ ਉਂਗਲੀ ਦਾ ਇਸ਼ਾਰਾ ਕਰਦਿਆਂ ਕਿਹਾ “ਔਹ ਵੇਖ ਤੇਰਾ ਚਾਚਾ ਆਉਂਦਾ ਪਿਆ”।
ਬਲਜਿੰਦਰ ਨੇ ਤਾਏ ਦੇ ਪੈਰੀ ਹੱਥ ਲਗਾਏ ਅਤੇ ਤਾਏ ਦਾ ਪੋਤਾ ਤੋਤਲੀ ਜ਼ੁਬਾਨ ‘ਚ ਗਾ ਰਿਹਾ ਸੀ “ਵੈੱਲੀ ਬਣ ਮਿੱਤਰਾ”….।ਬਲਜਿੰਦਰ ਨੇ ਬੱਚੇ ਨੂੰ ਟੋਕਦਿਆਂ ਕਿਹਾ ਬੇਟਾ ਅਜਿਹੇ ਗੀਤ ਨਹੀਂ ਗਾਉਂਦੇ ਹੁੰਦੇ।ਤਾਏ ਨੇ ਉਸਦੀ ਗੱਲ ਕੱਟਦਿਆਂ ਕਿਹਾ ਬਲਜਿੰਦਰ ਸਿੰਹਾਂ ਬਦਮਾਸ਼ਾਂ ਦੇ ਘੇਰੇ ‘ਚ ਸ਼ਰੀਫ ਬਣੇ ਰਹਿਣਾ ਬੇਵਕੂਫੀ ਹੈ।ਪਹਿਲਾਂ ਸ਼ਰਾਫਤ ਵਰਦਾਨ ਸੀ ਹੁਣ ਤਾਂ ਸਰਾਪ ਮਾਲੂਮ ਹੁੰਦੀ ਹੈ।ਤਾਇਆ ਗੱਲ ਸਮਝ ਨਹੀਂ ਆਈ ਜ਼ਰਾ ਖੁੱਲ ਕੇ ਸਮਝਾ।
ਵੇਖ ਕਾਕਾ! ਵੈੱਲੀ ਬਣਨ ਦਾ ਮਤਲਬ ਇਹ ਨਹੀਂ ਕਿ ਲੋਕਾਂ ‘ਤੇ ਧੌਂਸ ਜਮਾਉਣੀ,ਉਨ੍ਹਾਂ ਦੀ ਇੱਜ਼ਤ ਤਕਾਉਣੀ ਅਤੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਆਪਣਾ ਉੱਲੂ ਸਿੱਧਾ ਕਰਨਾ।ਤਾਏ ਨੇ ਪੈਰਾਂ ਨਾਲ ਮਿੱਟੀ ਖੁਰਚਦਿਆਂ ਕਿਹਾ।ਇਸਨੂੰ ਇਸ ਨਜ਼ਰੀਏ ਨਾਲ ਵੀ ਸਮਝਿਆ ਜਾ ਸਕਦਾ ਕਿ ਜੇਕਰ ਸਾਡੇ ਕੋਲ ਸੁਡੋਲ ਸ਼ਰੀਰ, ਦਿਮਾਗ, ਪੈਸਾ ਜਾਂ ਉੱਚੀ ਪਹੁੰਚ ਹੈ ਤਾਂ ਉਸਦੀ ਵਰਤੋਂ ਜਨਹਿਤ ਹੋਵੇ।ਹਾਂ ਤਾਇਆ ਇਹ ਪਰਿਭਾਸ਼ਾ ਵੈੱਲ਼ੀਆਂ ਦੀ ਸੋਲਾਂ ਆਨੇ ਸੱਚ ਹੈ।ਕੀ ਅਜਿਹਾ ਵੈੱਲੀ ਬਣਨ ਦੀ ਕੋਈ ਹਿੰਮਤ ਵੀ ਕਰੂਗਾ।
ਭਤੀਜ ਜੇਕਰ ਉਦੋਂ ਹਾਕਮ ਸ਼ਰੀਫ ਬਣੇ ਰਹਿੰਦੇ ਤਾਂ ਦਸਮੇਸ਼ ਪਿਤਾ ਨੂੰ ਖਾਲਸਾ ਸਾਜਣ ਦੀ ਕੀ ਲੋੜ ਪੈਣੀ ਸੀ।ਕ੍ਰਾਤੀਆਂ ਦਾ ਆਗਾਜ਼ ਇਨ੍ਹਾਂ ਵੈੱਲੀਆਂ ਦਾ ਵੈੱਲੀਪੁਣਾ ਕੱਢਣ ਲਈ ਹੀ ਤਾਂ ਸੀ।ਪੁੱਤਰ ਸ਼ਰੀਫਾਂ ਨੂੰ ਸਮਾਜ ‘ਚ ਕੋਈ ਨਹੀਂ ਪੁੱਛਦਾ ਤੇ ਬਦਮਾਸ਼ਾਂ, ਚੋਰਾਂ ਦੀ ਆਉ ਭਗਤ ਹੁੰਦੀ ਹੈ।ਲੋਕ ਇਨ੍ਹਾਂ ਤੋਂ ਡਰਦੇ ਹਨ।ਤੈਨੂੰ ਪਤਾ ਤਾਇਆ ਪਿੱਛੇ ਜਿਹੇ ਸ਼ਿਵ ਸੈਨਾ ਪ੍ਰਧਾਨ ਬਾਲ ਠਾਕਰੇ ਦੀ ਸਮਾਧੀ ਨੂੰ ਲੈਕੇ ਮੁੰਬਈ ‘ਚ ਕਿੰਨਾ ਝੱਜੂ ਪਿਆ ਸੀ।ਹਾਂ ਪਤਾ ਮੈਨੂੰ ਪੜਿਆ ਸੀ ਅਖਬਾਰ ‘ਚ ਇਸ ਬਾਰੇ..ਉਸਦੇ ਚੇਲਿਆਂ ਨੇ ਮੁੰਬਈ ਬੰਦ ਕਰਾਤੀ ਸੀ ਤੇ ਉਨ੍ਹਾਂ ਦਾ ਵਿਰੋਧ ਇੱਕ ਸ਼ਰੀਫ ਘਰ ਦੀ ਕੁੜੀ ਨੇ ਸੋਸ਼ਲ ਸਾਈਟ ‘ਤੇ ਇਹ ਕਹਿਕੇ ਕਰਤਾ ਕਿ ਬੰਦ ਸ਼ਿਵ ਸੈਨਾ ਪ੍ਰਧਾਨ ਪ੍ਰਤੀ ਸ਼ਰਧਾ ਕਰਕੇ ਨਹੀਂ ਬਲਕਿ ਡਰ ਕਰਕੇ ਸੀ।ਬੱਸ ਫਿਰ ਕੀ ਸ਼ਿਵ ਸੈਨਾ ਵਾਲੇ ਵੈੱਲੀਆਂ ਨੇ ਉਸਦੇ ਰਿਸ਼ਤੇਦਾਰ ਦੀ ਦੁਕਾਨ ‘ਚ ਭੰਨ ਤੋੜ ਕੀਤੀ।ਕੋਈ ਕਬੀਲਦਾਰ ਆਦਮੀ ਇਨ੍ਹਾਂ ਨੂੰ ਮੂੰਹ ਲਗਾਉਣੋ ਝਿਜਕਦਾ ਹੈ।ਇਹ ਕਹਿੰਦਾ ਤਾਇਆ ਲਾਲ ਹੋ ਗਿਆ ਸੀ।
ਹਾਂ ਤਾਇਆ ਇਹ ਗੱਲ ਬਿਲਕੁਲ ਸੱਚੀ ਹੈ ਇਨ੍ਹਾਂ ਵੈੱਲੀਆਂ ਨੂੰ ਸ਼ਰੀਫਾਂ ‘ਤੇ ਦਾਦਾਗਿਰੀ ਕਰਨਾ ਸਕੂਨ ਬਖਸ਼ਦਾ ਹੈ।ਮੇਰਾ ਵਾਹ ਤਾਂ ਕਾਲਜ ਜਾਂਦੇ ਸਮੇਂ ਬੱਸ ਕੰਡਕਟਰਾਂ ਨਾਲ ਪੈਦਾ ਹੈ, ਉਹ ਵੀ ਕਮਜ਼ੋਰਾਂ ਨਾਲ ਵਧੀਕੀਆਂ ਕਰਦੇ ਹਨ।ਧੀਆਂ ਭੈਣਾਂ ਧੱਕੇਸ਼ਾਹੀ ਦਾ ਸ਼ਿਕਾਰ ਹੁੰਦੀਆਂ ਹਨ।ਪਰ ਸਾਡੇ ਲੋਕਾਂ ਦੀ ਗੈਰਤ ਜਾਗਦੀ ਹੀ ਨਹੀਂ।ਬਲਜਿੰਦਰ ਪੁੱਤ ਪਤਾ ਨਹੀਂ ਲੋਕ ਕਿਉਂ ਭੁੱਲ ਜਾਦੇ ਨੇ ਜੇ ਅੱਜ ਇਨ੍ਹਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਤਾਂ ਕੱਲ ਸਾਡੇ ਨਾਲ ਵੀ ਹੋ ਸਕਦੀ ਹੈ।ਮੈਂ ਤਾਂ ਇਹ ਵੀ ਦੇਖਿਆ ਜੋ ਵਿਦਿਆਰਥੀ ਵੈੱਲ਼ੀਪੁਣਾ ਕਰਦੇ ਹਨ ਉਨ੍ਹਾਂ ਨੂੰ ਇਹੀ ਕੰਡਕਟਰ ਬਾਪੂ ਕਹਿੰਦੇ ਹਨ।
ਹਾਂ ਭਤੀਜ ਦੁਨੀਆਂ ਡੰਡੇ ਦੀ ਪੀਰ ਹੈ।ਲੋਟੂਆਂ ਦੇ ਝਾਂਸੇ ‘ਚ ਆਕੇ ਸ਼ਰੀਫ ਇਨ੍ਹਾਂ ਨੂੰ ਹਕੂਮਤ ਬਖਸ਼ ਦਿੰਦੇ ਹਨ।ਪਤੰਦਰਾਂ ਨੇ ਮੁਲਕ ਨੂੰ ਲੁੱਟ ਕੇ ਬਾਹਰ ਦੀਆਂ ਬੈਕਾਂ ਭਰ ਛੱਡੀਆਂ ਨੇ ਤੇ ਇੱਥੇ ਮੇਰੇ ਵਰਗੇ ਹਮਾਤੜ ਤੰਗੀਆਂ ਤਰੁਸ਼ੀਆਂ ‘ਚ ਜਿਉਂਦੇ ਮਰਦੇ ਆ।ਹਾਂ ਤਾਇਆ ਸਾਡੇ ਦੇਸ ਦੀ ਸਿਆਸਤ ‘ਚ ਬੇਦਾਗ ਬੜੇ ਘੱਟ ਹਨ।ਬਹੁਤਿਆਂ ਨੇ ਤਾਂ ਇਹ ਖੇਤਰ ਚੌਧਰ ਅਤੇ ਪੈਸੇ ਟਕੇ ਲਈ ਚੁਣ ਰੱਖਿਆ ਹੈ।ਸੰਸਦ ‘ਚ ਇਹ ਵੈੱਲੀਪੁਣਾ ਦਿਖਾਉਂਦੇ ਹਨ ਤੇ ਜੱਫੋਜਫੀ ਹੁੰਦੇ ਹਨ ਤੇ ਕਾਵਾਂ ਰੌਲੀ ਪਾ ਕੇ ਘਰ ਮੁੜ ਆਉਦੇ ਨੇ।ਹੋਰ ਕੀ ਬਲਜਿੰਦਰ ਭਾਊ ਇਹ ਤਾਂ ਇੱਕ ਦੂਜੇ ਦੀਆਂ ਕਮੀਆਂ ਵੀ ‘ਗਰੇਜੀ ‘ਚ ਕੱਢਦੇ ਹਨ ਤੇ ਹਿੰਦੀ ਨੂੰ ਤਾਂ ਮਾਂ ਦੇ ਪੁੱਤ ਮੂੰਹ ਨਹੀਂ ਲਾਉਂਦੇ ਤਾਂ ਜੋ ਮੇਰੇ ਵਰਗੇ ਕੁਝ ਸਮਝ ਨਾ ਸਕਣ।ਅਸੀ ਉੱਲੂਆਂ ਵਾਂਗ ਮੂੰਹ ਚੁੱਕ ਕੇ ਟੈਲੀਵਿਜਨ ਵੱਲ ਤਸਵੀਰਾਂ ਦੇਖਦੇ ਰਹਿੰਦੇ ਹਾਂ।ਹਾਂ ਤਾਇਆ ਇਹੀ ਨੇਤਾ ਲੋਕ ਮਾਂ ਬੋਲੀ ਦਿਵਸ ‘ਤੇ ਜ਼ਿਆਦਾ ਰੌਲਾ ਪਾਉਂਦੇ ਹਨ।
ਪਰ ਭਤੀਜ ਹੁਣ ਜ਼ਿਆਦਾ ਦੇਰ ਤੱਕ ਚੱਲਣ ਵਾਲਾ ਨਹੀਂ ਲੋਕ ਛੇ ਦਹਾਕਿਆਂ ਤੋਂ ਇਨ੍ਹਾਂ ਵੱਲ ਦੇਖ ਰਹੇ ਨੇ ਕਿ ਕਦੇ ਤਾਂ ਲਾਈਨ ‘ਤੇ ਆਉਣਗੇ ਪਰ ਇਨ੍ਹਾਂ ਨੇ ਤਾਂ ਸ਼ਰਮ ਲਾਹ ਰੱਖੀ ਹੈ।ਇਸੇ ਆਸ ‘ਚ ਮੇਰੀ ਤਾਂ ਦਾਹੜੀ ਬੱਗੀ ਹੋ ਗਈ।ਤੀਜੀ ਧਿਰ ਵਾਲੇ ਆਮ ਆਦਮੀ ਤੋਂ ਥੋੜੀ ਬਹੁਤ ਉਮੀਦ ਆ ਹੁਣ ਤਾਂ।ਤਾਇਆ ਉਸ ਆਮ ਆਦਮੀ ਦੇ ਨੁੰਮਾਇਦੇ ਲੋਕਾਂ ਖਾਤਿਰ ਰਾਤਾਂ ਨੂੰ ਸੜਕਾਂ ‘ਤੇ ਘੁੰਮਦੇ ਦੇਖੇ ਗਏ ਤੇ ਵੈੱਲੀਆਂ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਨੇ ਵੀ ਥੋੜਾ ਵੈੱਲੀਪੁਣਾ ਦਿਖਾਇਆ ਸੀ ਪਰ ਉਹ ਲੋਕ ਹਿਤ ‘ਚ ਸੀ।
ਬਲਜਿੰਦਰ ਪੁੱਤਰ! ਸ਼ਰੀਫਾਂ ਦਾ ਜੀਣਾ ਅੱਜ ਦੁੱਭਰ ਹੈ।ਹੁਣ ਵੈੱਲੀ ਬਣ ਕੇ ਦੇਸ ਸਮਾਜ ਦਾ ਹੋ ਰਹੇ ਘਾਣ ਨੂੰ ਰੋਕਣਾ ਪੈਣਾ।ਪਰ ਵੈੱਲੀ ਦੀ ਪਰਿਭਾਸ਼ਾ ਜੋ ਪਹਿਲਾਂ ਜੋ ਮੈਂ ਦਿੱਤੀ ਸੀ ਕਿ ਆਪਣੀ ਤਾਕਤ,ਦਿਮਾਗ,ਉੱਚੀ ਪਹੁੰਚ ਨੂੰ ਜਨਹਿਤ ਬਣਾਉਣਾ।ਅਜਿਹੇ ਵੈੱਲੀ ਸ਼ਰੀਫਾਂ ਤੋਂ ਜ਼ਿਆਦਾ ਬਿਹਤਰ ਜਾਪਦੇ ਨੇ।ਸੱਚੀ ਗੱਲ ਆ ਤਾਇਆ ਅਜਿਹੇ ਵੈੱਲੀ ਕਾਨੂੰਨ ਦੀ ਹੱਦ ‘ਚ ਰਹਿ ਕੇ ਪ੍ਰਸ਼ਾਸ਼ਨ ਦੀ ਮੱਦਦ ਸਮਾਜ ‘ਚੋਂ ਗੁੰਡਾਗਰਦੀ ਖਤਮ ਕਰਨ ਵਿੱਚ ਕਰ ਸਕਦੇ ਹਨ।ਭਤੀਜ ਸਮਾਜ ਦੇ ਦੁਸ਼ਮਣ ਬਣੇ ਵੈੱਲੀ ਇਹ ਗੱਲ ਜਰੂਰ ਸਮਝਣ ਕਿ ਬਹਾਦਰੀ ਰਣ ਖੇਤਰ ਵਿੱਚ ਵੈਰੀ ਨੂੰ ਹਰਾਉਣ ‘ਚ ਹੈ ਨਾਂ ਕਿ ਆਮ ਤੇ ਭੋਲੇ ਭਾਲੇ ਲੋਕਾਂ ਨੂੰ ਡਰਾਉਣ ਵਿੱਚ।ਵਾਹ ਤਾਇਆ ਬੜੀ ਵਜਨਦਾਰ ਗੱਲ ਕੀਤੀ ਆ।ਅਗਰ ਵੈੱਲੀ ਬਣਨਾ ਤਾਂ ਤੁਹਾਡੀ ਪਰਿਭਾਸ਼ਾ ਅਨੁਸਾਰ ਬਣਨਾ ਹੈ ਕਿਉਂਕਿ ਅੱਜ ਸ਼ਰੀਫ ਬਣਨਾ ਮਨ੍ਹਾਂ ਹੈ।ਇਹ ਕਹਿੰਦੇ ਹੋਏ ਬਲਜਿੰਦਰ ਨੇ ਤਾਏ ਤੋਂ ਅਗਲੇ ਐਤਵਾਰ ਆਉਣ ਦੇ ਵਾਅਦੇ ਨਾਲ ਵਿਦਾਇਗੀ ਲਈ।

