ਘਰ ਬਾਰ ਛੱਡ ਕੇ
ਹਥਿਆਰ ਚੁੱਕੀ
ਮੌਤ ਦੇ ਅੰਗ ਸੰਗ
ਫਿਰਨ ਵਾਲੇ ਹੀ
ਅੱਤਵਾਦੀ ਨਹੀਂ ਹੁੰਦੇ,
ਭਿ੍ਰਸ਼ਟ,ਰਿਸ਼ਵਤਖੋਰ
ਤੇ ਦੁੱਧ ਚਿੱਟੇ ਕੱਪੜੇ,
ਕਾਲੀਆਂ ਐਨਕਾਂ ਵਾਲੇ ਵੀ
ਹੁੰਦੇ ਨਹੀਂ ਭੱਦਰਪੁਰਸ਼
ਚੱਕਰਾਂ ’ਚ ਪਾ ਕੇ
ਵਰਗਲਾ ਕੇ
ਬੁੱਧੂ ਬਣਾ ਕੇ,
ਆਪਸ ’ਚ ਲੜਾਉਂਦੇ
ਵੰਡੀਆਂ ਪਾਉਂਦੇ
ਦੰਗੇ ਕਰਵਾਉਂਦੇ,
ਤੇ ਹਰ ਵਾਰੀ ਨਵਾਂ ਲਾਲੀ ਪੌਪ ਦਿਖਾ ਕੇ
ਸਾਡੇ ਹੱਥ ਵਢ ਲੈਂਦੇ ਨੇ
ਪੰਜ ਸਾਲਾਂ ਲਈ ।
ਹੁਣ ਤੁਸੀਂ ਹੀ ਦੱਸੋ
ਕੌਣ ਨੇ ਅੱਤਵਾਦੀ
ਦੰਗਾਕਾਰੀ ਤੇ ਦੇਸ਼ ਦੇ ਦੁਸ਼ਮਨ ।
***
–ਰੱਬ ਦੇ ਬੰਦੇ–
ਮੂੰਹ ‘ਚ ਰਾਮ ਰਾਮ
ਬਗਲ ‘ਚ ਛੁਰੀਆਂ ਵਾਲੇ
ਅਮਾਨਵੀ ਚਿਹਰੇ
ਚਿੱਟੇ, ਪੀਲ਼ੇ
ਨੀਲੇ ਤੇ ਭਗਵੇਂ ਪਾ ਕੇ
ਨਾਵਾਂ ਪਿੱਛੇ ਕਈ ਹਿੰਦਸੇ ਲਗਾ ਕੇ
ਸਾਧੂ ਸੰਤ ਅਖਵਾੳਣ ਵਾਲੇ ਵੀ
ਮਹਾਨ ਪੁਰਸ਼ ਨਹੀਂ ਹੁੰਦੇ
ਧਰਤੀ ਤੇ ਪਸੀਨਾਂ ਵਹਾਉਂਦੇ
ਕਾਮੇ ਸਾਂਝੀ ਤੇ ਮਜੂਰ ਕਹਾਉਂਦੇ,
ਮਿੱਟੀ ਨਾਲ ਮਿੱਟੀ ਹੋ ਕੇ
ਮਿੱਟੀ ਦੇ ਭਾਅ
ਸੋਨਾ ਵੇਚਣ ਵਾਲੇ,
ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ
ਹੱਕ, ਸੱਚ ਤੇ ਇਮਾਨਦਾਰੀ ਤੇ ਰਹਿ ਕੇ
ਮੂੰਗੀ ਦੀ ਦਾਲ ਨਾਲ ਕਾਲਜਾ ਧਾਫੜਨ ਵਾਲੇ
ਹੀ ਹੁੰਦੇ ਨੇ
ਰੱਬ ਦੇ ਬੰਦੇ,ਭਗਤ ,ਧੰਨੇ
ਜੱਟ ਤੇ ਸਤਿਕਾਰ ਦੇ ਪਾਤਰ।

