By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮੰਗੋ ਮਾਈ -ਮੁਖਤਿਆਰ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਮੀਡੀਆ-ਸਾਰ > ਮੰਗੋ ਮਾਈ -ਮੁਖਤਿਆਰ ਸਿੰਘ
ਮੀਡੀਆ-ਸਾਰ

ਮੰਗੋ ਮਾਈ -ਮੁਖਤਿਆਰ ਸਿੰਘ

ckitadmin
Last updated: June 15, 2025 7:21 am
ckitadmin
Published: September 20, 2016
Share
SHARE
ਲਿਖਤ ਨੂੰ ਇੱਥੇ ਸੁਣੋ

ਸੰਤੋ ਸਰੂਰ ‘ਚ ਤੁਰੀ ਆਈ।ਉਸ ਨੇ ਰਾਤੀਂ,ਛੋਟਾ ਹਾੜਾ ਹੀ ਲਿਆ ਸੀ।ਉਹ ਸਰਦਾਰ ਕਰਨੈਲ ਸਿਉਂ ਦੇ ਘਰੋਂ ਤੁਰਨ ਲੱਗਿਆ ਹੀ ਠੀਕ ਹੋ ਗਈ ਸੀ।ਉਹ ਆਪਣੇ ਘਰ ਤਕ ਤੁਰੀ ਆਉਂਦੀ ਹੌਲੀ ਫੁੱਲ ਹੋ ਗਈ ਸੀ।ਉਸ ਦਾ ਪੈਰ ਟਿਕਾਣੇ ਸਿਰ ਧਰ ਹੋ ਰਿਹਾ ਸੀ।ਸੁੰਦਰ ਮੁਹੱਲੇ ਵਾਲੀ ਗੰਦੇ ਪਾਣੀ ਦੀ ਟੇਢੀ-ਮੇਢੀ ਨਾਲੀ ਧਿਆਨ ਨਾਲ ਟੱਪ ਰਹੀ ਸੀ।ਉਸ ਨੇ ਬੀਹੀ ਵਾਲੀਆਂ ਜਨਾਨੀਆਂ ਅਤੇ ਬੱਚਿਆਂ ਵੱਲ ਬਹੁਤਾ ਖਿਆਲ ਨਹੀਂ ਕੀਤਾ।ਕਈ ਜਣੀਆਂ ਹੈਰਾਨ ਸਨ ਕਿ ਨੀਵੀਂ ਪਾਈ ਬਗੈਰ ਬੋਲੇ ਹੀ ਲੰਘ ਗਈ।

ਮੰਗੋ ਮਾਈ ਨੂੰ ਤਾਂ ਉਹ ਜ਼ਰੂਰ ਬੁਲਾਅ ਕੇ ਲੰਘਦੀ, “ਚਾਚੀ ਕੀ ਹਾਲ ਐ?ਖੰਘ ਨੂੰ ਰਾਮ ਐ?”

ਅਗੋਂ ਮੰਗੋ ਮਾਈ ਖੰਘ ਕੇ ਬੋਲਦੀ, “ਹਾਂ ਧੀਏ ਫਰਕ ਐ।ਮੁੰਡਾ ਦਵਾਈ ਲੈ ਕੇ ਆਇਆ ਤੀ।”

“ਚੰਗਾ ਚਾਚੀ ਰਾਮ ਆ ਜੂਗਾ।ਦਵਾਈ ਲਈ ਜਾਈਂ ਜਿਮੇਂ ਡਾਕਧਾਰ ਨੇ ਦੱਸਿਐ।” ਸੰਤੋ ਜਾਂਦੀ ਹੋਈ ਕਹਿ ਜਾਂਦੀ।

ਸੰਤੋ ਅੱਜ ਜਦੋਂ ਚੁੱਪ ਕਰਕੇ ਲੰਘ ਗਈ ਤਾਂ ਮੰਗੋ ਮਾਈ ਨੇ ਅੱਖਾਂ ਉੱਤੇ ਹੱਥ ਧਰ ਕੇ ਗਲੀ ਵਿਚ ਦੂਰ ਤਕ ਵੇਖਿਆ, ਹੈਂ ?ਇਹ ਭਾਈ ਸੰਤੋ ਈ ਐ?ਅੱਜ ਕਿਆ ਸੱਪ ਸੁੰਘ ਗਿਐ?ਸੁੱਖ ਹੋਵੇ ਸਈ।ਕਿਤੇ ਕੋਈ ਲੜਾਈ-ਝਗੜਾ?ਪਤਾ ਨੀ ਕਿਉਂ ਲੰਘਗੀ ?ਐਨੀ ਨਿਰਮੋਹੀ ਹੋਗੀ …ਮਰਜੀ ਓਹਦੀ …ਮੁੜ ਕੇ ਆਈ ਨੂੰ ਪੁੱਛਦੀ ਆਂ,ਨੀ ਕਿਹੜੇ ਖਿਆਲਾਂ ‘ਚ ਗੁਆਚਗੀ ਤੀ …ਕੋਈ ਨਵਾਂ ਚੰਦ ਚਾੜ੍ਹ ਆਈ ਤੀ।ਬਛੇਰੀ ਦਾ ਲੂੰ ਲ਼ੂੰ ਟੱਪਦੈ…ਮੁਟਿਆਰ ਐ, ਲੂੰ ਲੂੰ ਟੱਪੇ ਕਿਮੇਂ ਨਾ … ।”

ਮੰਗੋ ਮਾਈ ਆਪਣੇ ਖਿਆਲਾਂ ‘ਚ ਵਹਿ ਗਈ , ‘ ਇਹ ਕਿਆ ਕਰਦੀਆਂ ਨੇ।ਲੋਕਾਂ ਦੇ ਘਰਾਂ ‘ਚ ਭਾਂਡੇ ਮਾਜਣੇ ,ਸਫਾਈ ਕਰਨੀ ,ਕਪੜੇ ਧੋਣੇ ਹੋਰ ਪਤਾ ਨੀ ਕੀ ਕੀ ਕਰਦੀਆਂ ਨੇ ਕੁੱਤੀਆਂ ਜਹਾਨ ਦੀਆਂ।ਓ ਵੀ ਦਿਨ ਤੀ ,ਜਦ ਅਸੀਂ ਭਰ ਜੁਆਨੀ ‘ਚ ਖੇਤਾਂ ‘ਚ ਘਾਹ ਖੋਤਣ ਜਾਂਦੀਆਂ।ਧੁੱਪ ‘ਚ ਪਸੀਨੇ ਨਾਲ ਕੁੜਤੀ ਭਿਜ ਕੇ ਸਰੀਰ ਦੇ ਨਾਲ ਚਿਪਕ ਜਾਂਦੀ।ਜਦੋਂ ਹਵਾ ਦਾ ਬੁੱਲਾ ਆਉਂਦਾ।ਸਾਰਾ ਸਰੀਰ ਠੰਢਾ ਹੋ ਜਾਂਦਾ।ਸੁਆਦ ਆ ਜਾਂਦਾ।’

‘ਨਰਮੇਂ ,ਮੱਕੀ,ਇੱਖ ਦੀਆਂ ਵੱਟਾਂ ਦਾ ਲੈਰਾ ਲੈਰਾ ਘਾਹ ਖੋਤਦੀਆਂ ਨੂੰ ਜੱਟ ਨੀ ਤੀ ਰੋਕਦਾ।ਜੱਟ ,ਸਰੀਰ ਨਾਲ ਚਿੰਬੜੀ ਕੁੜਤੀ ਵੱਲ ਦੇਖ ਕੇ ਮੁਸਕੜੀਆਂ ਹੱਸਦਾ ਪਰੇ ਚਲਾ ਜਾਂਦਾ।ਜਦੋਂ ਕਿਸੇ ਦਿਨ ਇਕੱਲੀਆਂ ਇਕੱਲੀਆਂ ਹੁੰਦੀਆਂ ਤਾਂ ਕੋਈ ਕੋਈ ਮੁਸ਼ਕੀ ਜੱਟ ਧੱਕਾ ਵੀ ਕਰ ਜਾਂਦਾ।ਉਹ ਕੁਝ ਗਾ ਕੇ ਵੀ ਸੁਣਾ ਜਾਂਦਾ , ‘ਕਾਲ਼ੀ ਤਿੱਤਰੀ ਕਮਾਦੋਂ ਨਿਕਲੀ,ਉਡਦੀ ਨੂੰ ਬਾਜ਼  ਪੈ ਗਿਆ।’ ਫੇਰ ਤਾੜਨਾ ਵੀ ਕਰ ਦਿੰਦਾ ,
‘ਕਿਹੜੀ ਐਂ ਨੀ ਸਾਗ ਤੋੜਦੀ ,
ਹੱਥ ਸੋਚ ਕੇ ਗੰਦਲ ਨੂੰ ਪਾਈਂ ’
ਫਿਰ ਜੱਟ ਆਪੇ ਹੀ ਹਰੇ ਦਾ ਥੱਬਾ ਘਾਹ ਦੀ ਪੰਡ ਵਿਚ ਪਾ ਦਿੰਦਾ।’

‘ ਨੀ ਓਹ ਵੀ ਦਿਨ ਤੀ ਜਦ ਏਥੋਂ ਛੋਟਾ ਜਿਹਾ ਸ਼ਹਿਰ ਚਾਰ ਪੰਜ ਕੋਹਾਂ ਦੂਰ ਹੁੰਦਾ ਤੀ।ਜੱਟ ਸਬਜ਼ੀ ਵੇਚਣ ਲਈ ਨਹੀਂ ਲਾਉਂਦੇ ਤੀ।ਸਭ ਆਪ ਦੇ ਖਾਣ ਜੋਗੀ ਲਾਉਂਦੇ।ਗੰਨੇ ਘੜ੍ਹ ਕੇ ਆਗ ਲੈ ਆਉਂਦੀਆਂ। ਨਰਮਾ-ਕਪਾਹ, ਦਿਹਾੜੀ ‘ਤੇ ਚੁਗਾਅ ਦਿੰਦੀਆਂ।ਮੱਕੀਆਂ ਦੀਆਂ ਛੱਲੀਆਂ ਕਢਾਉਂਣ ਦੇ ਬੰਦ(ਟਾਂਡੇ) ਲੈ ਆਉਂਦੀਆਂ।ਮੈਸਾਂ ਕਈ ਦਿਨ ਸੁਕੇ ਬੰਦ ਖਾਈ ਜਾਂਦੀਆਂ।ਕਦੇ ਟਾਂਡਿਆਂ ਦੇ ਵਿਚ ਹਰਾ ਰਲਾਅ ਕੇ ਟੋਕਾ ਕਰਕੇ ਦੁੱਧ ਦੇਣ ਵਾਲੀ ਮੈਂਸ ਨੂੰ ਪਾ ਦਿੰਦੀਆਂ।ਸਾਡੇ ਬੰਦੇ ਬੀ ਜੱਟਾਂ ਨਾਲ ਸਾਂਝੀ ਰਲੇ ਹੁੰਦੇ।ਕਈ ਕਈ ਸਾਲ ਇਕ ਜੱਟ ਨਾਲ ਹੀ ਸੀਰ ਚਲੀ ਜਾਂਦਾ।ਸਾਂਝ ਬਣੀ ਰਹਿੰਦੀ।ਉਹ ਆਪਣੇ ਘਰ ਦਾ ਜੀਅ ਸਮਝਣ ਲੱਗ ਪੈਂਦੇ।ਇਕ ਦੂਜੇ ਦੀ ਗਰਜ਼ ਵੀ ਸਾਰ ਦੇ।ਕਦੇ ਕਣਕ ਲੈ ਆਉਂਣੀ, ਕਦੇ ਮੱਕੀ, ਕਦੇ ਗੁੜ੍ਹ ਲੈ ਆਉਂਦੇ ਤੀ।ਲਾਟ ਦਾ ਗੁੜ੍ਹ ਤਾਂ ਐਵੇਂ ਚੁੱਕਾ ਦਿੰਦੇ।ਜਿੰਨਾ ਮਰਜ਼ੀ ਲੈ ਆਉਂਦੇ।ਲਾਟ ਦੇ ਗੁੜ੍ਹ ਦੀ ਚਾਹ ਗਾੜ੍ਹੀ ਬਣਦੀ।ਉਸ ਦਾ ਫੀਮ ਜਿੰਨਾ ਨਸ਼ਾ ਹੋ ਜਾਂਦਾ।ਕੰਮ ਨੂੰ ਉਡੇ ਫਿਰਦੇ।’

‘ਆ ਦਾਦਣੀਆਂ ਬੜੀਆਂ ਸ਼ੜਕਾਂ, ਉਚੇ ਉਚੇ ਮਕਾਨ, ਜਿਨ੍ਹਾਂ ਨੂੰ ਸੰਤੋ ਕੋਠੀਆਂ ਦੱਸਦੀ ਐ।ਖੋਖੇ, ਦੁਕਾਨਾਂ, ਦਾਦਣੀਆਂ ਲੈਟਾਂ ਅੱਖਾਂ ਨੂੰ ਅੰਨੀਆਂ ਕਰਦੀਆਂ ਨੇ।ਕਾਰਾਂ, ਟਰੱਕ, ਫਿਟ-ਫਿਟੀਏ ਪਤਾ ਨੀ ਦਾਦਣਾ ਕੀ ਕੀ ਕੰਨ ਪਾੜਵੀਆਂ ਵਾਜਾਂ ਲਾਟ ਦੇ ਲਾਲ਼ੇ(ਸੀਰ) ਵਾਂਗੂ ਪਿੰਡਾਂ ਵੱਲ ਰੁੜੀਆਂ ਆਈਆਂ ਨੇ, ਜਿਵੇਂ ਲਾਟ ਦਾ ਲਾਲ਼ਾ ਗੰਡ ‘ਚ ਪਾਇਆਂ ਆਲੇ-ਦੁਆਲੇ ਨੂੰ ਆਪੇ ਰੁੜਿਆ ਜਾਂਦਾ ਤੀ।ਸਾਰੇ ਗੰਡ ‘ਚ ਫੈਲ ਜਾਂਦਾ।’
‘ਨੀ ਕੀ ਕਰਨ ਜੱਟ ਬੀ, ਸਾਰੀਆਂ ਜ਼ਮੀਨਾਂ,ਕਲੋਨੀਆਂ-ਦੁਕਾਨਾਂ ਨੇ ਦੱਬਲੀਆਂ। ਕੋਈ ਕੋਈ ਅੜੀ ਨਾਲ ਜ਼ਮੀਨ ਰੱਖ ਗਿਆ।ਉਹ ਸਬਜੀ-ਭਾਜੀ ਲਾਉਣ ਲੱਗ ਪਿਆ।ਅਸੀਂ ਉਸ ਦੀ ਸਬਜੀ ਤੋੜਨ ਲੱਗ ਪਈਆਂ।ਜਦੋਂ ਉਹਨਾਂ ਦੇ ਭਈਏ ਚੰਗਾ-ਮੰਦਾ ਬੋਲਣ ਲੱਗ ਪਏ, ਫਿਰ ਕਈ ਜਣੀਆਂ ਕੋਠੀਆਂ ‘ਚ ਕੰਮ ‘ਤੇ ਜਾਣ ਲੱਗ ਪਈਆਂ।’

‘ਨੀ ਓ ਔਤਰੀਆਂ ਬੱਸਾਂ ਆਉਣ ਲੱਗ ਪਈਆਂ।ਕੁੜੀਆਂ-ਮੁਟਿਆਰਾਂ-ਵਹੁਟੀਆਂ ਉਹਨਾਂ ‘ਚ ਚੜ੍ਹ ਕੇ ਫੈਕਟਰੀਆਂ ‘ਚ ਜਾਣ ਲੱਗ ਪਈਆਂ।ਕੀ ਕਰਦੀਆਂ ਵਿਹਲੀਆਂ। ਫੈਕਟਰੀਆਂ ਵਾਲੇ ਸਾਰਾ ਦਿਨ ਓ ਮੜ੍ਹ ਕੁਟਦੇ, ਆਥਣੇ ਸਰੀਰ ਦਾ ਤੂੰਬਾ ਤੂੰਬਾ ਬਣਾ ਕੇ ਬੱਸਾਂ ‘ਚ ਘਰ ਘਰ ਛੱਡ ਜਾਂਦੇ ਨੇ।ਬੰਦਿਆਂ ਦਾ ਬੁਰਾ ਹਾਲ।ਕਈ, ਦਿਹਾੜੀ ਲਈ ਚੌਕਾਂ ‘ਚ ਖੜਨ ਲੱਗ ਪਏ।ਕਈ ਰਿਕਸ਼ਾ ਕਿਰਾਏ ‘ਤੇ ਲੈ ਕੇ ਫੇਰੇ ਲਾਉਣ ਲੱਗ ਪਏ।ਜਿਹੜਾ ਵੀ ਧੰਦਾ ਮਿਲਿਆ, ਓਹੀ ਕਰ ਲਿਆ।ਜੱਟਾਂ ਦੇ ਤਾਂ ਸੀਰੀ ਵੀ ਰਲਣ ਦਾ ਕੰਮ ਨੀ ਰਿਹਾ।ਸਾਰਾ ਕੰਮ ਮਸ਼ੀਨੀ ਹੋਣ ਕਰਕੇ ਮਾੜੇ-ਮੋਟੇ ਕੰਮ ਲਈ ਭੱਈਏ ਆ ਗਏ।

“ਨੀ ਚਾਚੀ ਨੀ ਚਾਚੀ, ਮੇਰਾ ਹੈਪੀ ਤੇ ਨਿੱਕੀ ਨੀ ਦੇਖੇ ਏਧਰੋਂ ਲੰਘਦੇ ?” ਸੰਤੋ ਭੱਜੀ-ਭੱਜੀ ਆਈ ਨੇ ਦੂਰੋਂ ਹੀ ਕਿਹਾ।

ਮੰਗੋ ਮਾਈ ਦਾ ਧਿਆਨ ਉਸ ਦੇ ਬੋਲਾਂ ਨੇ ਤੋੜ ਦਿੱਤਾ।ਉਹ ਘਬਰਾ ਕੇ ਉਸ ਵੱਲ ਅੱਖਾਂ ਉਤੇ ਹੱਥ ਰੱਖ ਕੇ ਵੇਖਣ ਲੱਗ ਪਈ, “ਹੈਂ ਨੀ …ਕੀ…ਕੈਹਨੀ ਐਂ ?ਮੈਂ ਨੀ ਤੇਰੇ ਨਿਆਣੇ ਦੇਖੇ …।”

“ਨੀ ਚਾਚੀ ਤੂੰ ਦਰਾਂ ਮੂਹਰੇ ਅੱਖਾਂ ਮੀਚੀ ਬੈਠੀ ਐਂ ? ਤੈਨੂੰ ਕਿਸੇ ਦੇ ਲੰਘਦੇ ਦਾ ਪਤਾ ਬੀ ਨੀ ਲੱਗਦਾ?” ਉਹ ਜਿਵੇਂ ਛੇਤੀ-ਛੇਤੀ ਆਈ, ਉਵੇਂ ਰੌਲਾ ਪਾਉਂਦੀ ਮੁੜ ਗਈ।

ਮੰਗੋ ਮਾਈ ਫੇਰ ਅੱਖਾਂ ਉੱਤੇ ਹੱਥ ਧਰ ਕੇ ਉਸ ਵੱਲ ਵੇਖਣ ਲੱਗ ਪਈ, “ਹੈਂ ਨੀ ਲੋਹੜਾ, ਨਿਆਣੇ ਕਿਥੇ ਖਿਸਕ ਗਏ।ਉਹ ਤਾਂ ਏਸ ਭੰਬੀਰੀ ਜਿਹੀ ‘ਤੇ ਗਏ ਨੀ।ਸਾਊ ਨੇ।ਆਪ ਕੁੱਤੀ ਘਰੇ ਨੀ ਵੜਦੀ।ਨਿਆਣਿਆਂ ਨੂੰ ਕੀ ਦੋਸ਼।ਏਹਦਾ ਆਦਮੀ ਕਦੇ ਦੇਖਿਆ ਨੀ।ਕਦੋਂ ਘਰ ਆੳਂੁਦੇਂ-ਜਾਂਦੈ।ਕਿਤੇ ਮਜਦੂਰੀ ਕਰਦਾ ਹੋਊ ਬਿਚਾਰਾ ਸਿਧਰਾ।ਲਾਈ ਲੱਗ ਐ।ਮਾਲਕ ਦਾ ਆਗਿਆਕਾਰੀ।ਜਿਵੇਂ ਮਾਲਕ ਕਹਿੰਦਾ ਹੋਊ ਉਮੇਂ ਕਰਦਾ ਹੋਊ ਭਗਤ ਦਰਵੇਸ਼।”

“ਏ ਬੁੜੀਏ ਐਥੇ ਕਿਆ ਕਰਦੀ ਐਂ ਗਲੀ ‘ਚ ਬੈਠੀ?ਕਦੇ ਅੰਦਰ ਵੀ ਬੈਠ ਜਾਇਆ ਕਰ।ਅਜੇ ਬੀ ਗਲੀ ‘ਚ ਆਉਂਦੇ ਜਾਂਦਿਆਂ ਵੱਲ ਝਾਕਣ ਦਾ ਚਸਕਾ ਨੀ ਛੱਡਿਆ।” ਕਰਮੀ ਨੇ ਦੂਰੋਂ ਹੀ ਆਉਂਦੀ ਨੇ ਮੰਗੋ ਮਾਈ ਨੂੰ ਦਰਾਂ ਮੂਹਰੇ ਗਲੀ ‘ਚ ਬੈਠੀ ਵੇਖ ਕੇ ਲਲਕਾਰਾ ਮਾਰਿਆ।

ਮੰਗੋ ਮਾਈ ਨੇ ਦੂਜੇ ਪਾਸੇ ਗਲੀ ‘ਚ ਝਟਕੇ ਨਾਲ ਵੇਖਿਆ।ਕਰਮੀ ਉਸ ਦੇ ਕੋਲ ਆ ਗਈ ਸੀ।ਮੰਗੋ ਮਾਈ ਤੋਂ ਕੁਝ ਨਾ ਬੋਲ ਹੋਇਆ।ਉਸ ਦੀ ਜ਼ੁਬਾਨ ਇਕ ਦਮ ਠਾਕੀ ਗਈ। ਖਿਆਲਾਂ ਦੇ ਸੁਪਨੇ ਕਿਧਰੇ ਹੀ ਉਡ-ਪੁਡ ਗਏ।

ਕਰਮੀ ਨੇ ਅੰਦਰ ਜਾ ਕੇ ਸਬਜੀ ਵਾਲਿਆਂ ਦੇ ਖੇਤ ‘ਚੋਂ ਲਿਆਂਦੀਆਂ ਮੂਲੀਆਂ ਸੁਟ ਦਿੱਤੀਆਂ।ਛੋਟੀ ਜਿਹੀ ਕੋਠੜੀ ਅੰਦਰ ਵੇਖਿਆ।ਨਿਆਣੇ ਅਜੇ ਆਏ ਨਹੀਂ ਸਨ।ਉਹ ਬਾਹਰ ਆ ਕੇ ਮੰਗੋ ਮਾਈ ਵੱਲ ਫਿਰ ਬੋਲੀ, “ਤੈਨੂੰ ਬੁੜੀਏ ਸੁਣਿਆਂ ਨੀ, ਆ ਜਾ ਅੰਦਰ।ਚਾਹ ਬਣਾ ਦੋ ਗਲਾਸ।” ਉਹ ਮੰਜੇ ਉੱਤੇ ਡਿਗ ਪਈ।ਮੂਲੀਆਂ ਪੁਟਦੀ ਦਾ ਲੱਕ ਟੁੱਟਦਾ ਜਾਂਦਾ ਸੀ।ਸਾਰਾ ਦਿਨ ਕੋਡੀ ਕੋਡੀ ਰਹਿਣ ਕਰਕੇ ਸਿਧੀ ਨਹੀਂ ਸੀ ਹੋਇਆ ਜਾਂਦਾ। ਮਸਾਂ ਆ ਕੇ ਲੱਕ ਸਿਧਾ ਹੋਇਆ। ਚਾਹ ਪੀ ਕੇ ਉਹ ਗਰਮ ਹੋ ਜਾਵੇਗੀ।

ਮੰਗੋ ਮਾਈ ਹੌਲੀ-ਹੌਲੀ ਉਠੀ।ਸੋਟੀ ਦੇ ਸਹਾਰੇ ਛੋਟੀ-ਛੋਟੀ ਡਿੰਘ ਪੁੱਟਦੀ ਤੁਰ ਪਈ, “ਪਤਾ ਨੀ ਏਹਦਾ ਲੱਕ ਕੀਹਨੇ ਮਰੋੜਤਾ, ਢਾਅ-ਢਾਅ ਮਾਰਦੀ ਐ।ਕਰਨਾ ਈ ਪੈਣੈ ਅੰਮੜੀਏ ਦੋ ਟੁਕਾਂ ਖਾਤਰ …।” ਉਹ ਮੂੰਹ ‘ਚ ਬੋਲਦੀ ਤੁਰ ਆਈ। ਚੁਲ੍ਹੇ ‘ਤੇ ਪਤੀਲੀ ‘ਚ ਦੋ ਗਲਾਸ ਪਾਣੀ ਪਾ ਕੇ ਧਰ ਦਿੱਤੀ।ਖੰਡ,ਚਾਹ-ਪੱਤੀ ਤੇ ਹੋਰ ਭਾਂਡੇ ਨੇੜੇ ਹੀ ਰੱਖੇ ਹੋਏ ਸਨ।ਪਾਣੀ ਦੀ ਬਾਲਟੀ ਵੀ ਉਥੇ ਹੀ ਪਈ ਸੀ।ਮੰਗੋ ਮਾਈ ਨੇ ਚੁਲ੍ਹੇ ‘ਚ ਫੂਸ ਤੇ ਪਾਥੀ ਦੇ ਟੁਕੜੇ ਰੱਖ ਕੇ ਅੱਗ ਤੀਲੀ ਲਾ ਦਿੱਤੀ।ਧੂੰਆਂ ਉਠਿਆ ਤੇ ਮਸਾਂ ਫੂਕਾਂ ਮਾਰ ਕੇ ਅੱਗ ਸੁਲਘ ਪਈ।ਉਸ ਨੂੰ ਧੂੰਏਂ ਨਾਲ ਖੰਘ ਵੀ ਛਿੜੀ।

ਕਰਮੀ ਸਵੇਰੇ ਹੀ ਚਾਹ ਅਤੇ ਰੋਟੀ ਲਈ ਚਾਹੀਦਾ ਸਮਾਨ ਚੁਲ੍ਹੇ ਦੇ ਲਾਗੇ ਹੀ ਰੱਖ ਦਿੰਦੀ ਸੀ ਤਾਂ ਕਿ ਮੰਗੋ ਮਾਈ ਸੌਖ ਨਾਲ ਬੈਠੀ ਬੈਠੀ ਹੀ ਰੋਟੀ ਅਤੇ ਚਾਹ ਬਣਾ ਸਕੇ।ਜਦੋਂ ਬਾਹਰੋਂ ਨਿਆਣੇ ਆਉਂਦੇ ਤਾਂ ਮੰਗੋ ਮਾਈ ਹੀ ਰੋਟੀ ਬਣਾ ਕੇ ਦਿੰਦੀ ਤੇ ਚਾਹ ਵੀ ਬਣਾ ਕੇ ਪਿਆ ਦਿੰਦੀ।ਉਹ ਸਮਝਦੀ ਜਿਨ੍ਹਾਂ ਚਿਰ ਚਲਦੀਆਂ ਨੇ ਚਲਾਈ ਜਾਂਦੀ ਹਾਂ, “ਹੈ ਨੀ ਅੰਬੜੀਏ ਕੌਣ ਦਿੰਦੇ ਵਿਹਲੜਾਂ ਨੂੰ।ਕੁਝ ਕਰ ਕੇ ਹੀ ਖਾਣਾ ਪਊ।ਰੱਬ ਚੁੱਕ ਲਵੇ, ਹੁਣ ਤਾਂ ਹੱਡ ਭਨਾਉਣ ਨਾਲੋਂ।ਸ਼ੁਕਰ ਹੋਊ ਜਿਦਣ ਉਪਰ ਆਲੇ ਨੇ ਬੁਲਾਇਆ।ਪਤਾ ਨੀ ਕਿਉਂ ਹਾਲੇ ਸੱਦਾ ਨੀ ਆਇਆ। ਅਜੇ ਹੋਰ ਲੇਖੇ ਦੇਣੇ ਨੇ ਏਸ ਕੰਜਰੀ ਦੇ।ਕਿਮੇਂ ਪਈ ਐ ਲੱਤਾਂ ਚੌੜੀਆਂ ਕਰੀਂ …ਨੀ ਐਕਣ ਤਾਂ ਕਦੇ ਨੀ ਤੀ ਪਈਆਂ।ਨਾਲੇ ਸਾਰਾ ਦਿਨ ਟਿਕਦੇ ਨੀ ਤੀ।ਤੇਰੇ ਬਾਪ ਨਾਲ ਸਾਰਾ ਦਿਨ ਕਣਕ ਦੀ ਵਾਢੀ ਕਰਦੀ।ਆਥਣੇ ਸਾਰੀਆਂ ਭਰੀਆਂ ਬੰਨ ਕੇ ਆਪਣੇ ਹਿੱਸੇ ਦੀ ਇਕ ਭਰੀ ਸਿਰ ਉਤੇ ਚੁੱਕ ਲਿਆਉਂਦੀ।ਚਾਰ ਮੂਲੀਆਂ ਚੁੱਕ ਕੇ ਥੱਕਗੀ ਝੋਟੀ ਜਿਹੀ।”

ਉਹ ਬੋਲੀ ਨਹੀਂ।ਦਿਲ ‘ਚ ਹੀ ਕਹਿ ਰਹੀ ਸੀ।ਉਚੀ ਬੋਲ ਕੇ ਨੂੰਹ ਕੋਲੋਂ, ਹੋਰ ਖਰੀਆਂ-ਖਰੀਆਂ ਨਹੀਂ ਸੁਣਨੀਆਂ ਚਾਹੁੰਦੀ ਸੀ।ਉਸ ਨੇ ਤਾਂ ਖਹਿੜਾ ਨਹੀਂ ਛੱਡਣਾ।

ਚਾਹ ਬਣ ਗਈ। ਮੰਗੋ ਮਾਈ ਨੇ ਦੋ ਗਲਾਸਾਂ ਵਿਚ ਪਾ ਦਿੱਤੀ।ਕਰਮੀ ਨੂੰ ਕਿਹਾ, “ਲੈ ਪੁੱਤ ਚਾਹ ਪੀ ਲੈ।ਥੱਕ ਕੇ ਆਈ ਐਂ।ਸਾਰਾ ਦਿਨ ਲੱਕ ਸਿਧਾ ਨਹੀਂ ਹੋਣ ਦਿੰਦੇ।ਸਿਰ ‘ਤੇ ਖੜ੍ਹੇ ਰਹਿੰਦੇ ਨੇ ਦਾਦਣੇ।”
ਕਰਮੀ ਨੇ ਅੱਖਾਂ ਮੀਚ ਲਈਆਂ ਸਨ ਜਾਂ ਆਪਣੇ ਆਪ ਹੀ ਅੱਖਾਂ ਬੰਦ ਹੋ ਗਈਆਂ ਸਨ।ਉਸ ਨੇ ਚਾਹ ਦਾ ਗਲਾਸ ਚੁੱਕਿਆ ਤੇ ਫੇਰ ਰੱਖ ਦਿੱਤਾ, “ਤੱਤੀ ਐ ਚਾਹ।ਥੋੜੀ ਠੰਢੀ ਹੋ ਲੈਣਦੇ।ਗਲਾਸ ਨੂੰ ਨੀ ਹੱਥ ਲੱਗਦਾ ਅਜੇ ਤਾਂ।”

“ਲਿਆ ਕੁੜੇ ਪਤੀਲੀ ‘ਚ ਪਾ ਕੇ ਹਵਾ ਲੁਆ ਦਿਆਂ।ਤੂੰ ਤੱਤੀ ਪੀ ਲੈ, ਥਕੇਵਾਂ ਲੈਹ ਜੂ।” ਮੰਗੋ ਮਾਈ ਨੇ ਇਕ ਵਾਰ ਪਤੀਲੀ ‘ਚ ਪਾ ਕੇ ਚਾਹ ਹਿਲਾ ਦਿੱਤੀ।

ਕਰਮੀ ਨੇ ਦੋ ਕੁ ਘੁੱਟ ਭਰੇ।ਉਸ ਦੇ ਸਰੀਰ ‘ਚ ਕਰੰਟ ਜਿਹਾ ਆ ਗਿਆ।ਉਸ ਨੂੰ ਹੱਡ-ਪੈਰ ਜੁੜਨ ਲੱਗੇ ਮਹਿਸੂਸ ਹੋਏ।ਉਹ ਝੁਰੜੀਆਂ ਭਰੇ ਮੰਗੋ ਮਾਈ ਦੇ ਚਿਹਰੇ ਵੱਲ ਵੇਖ ਕੇ ਬੋਲ ਪਈ, “ਬੁੜੀਏ ਤੇਰੀ ਉਮਰ ‘ਚ ਜਾ ਕੇ ਮੇਰਾ ਕੀ ਹਾਲ ਹੋਊ? ਮੈਥੋਂ ਚਾਹ ਵੀ ਨੀ ਬਣਾ ਹੋਣੀ।ਰਹਿ ਖੜੀ ਮੈਂ ਤਾਂ।”

ਮੰਗੋ ਮਾਈ ਨੇ ਉਸ ਵੱਲ ਝਾਕ ਕੇ ਕਿਹਾ, “ਲੈ ਪੁੱਤ ਤੇਰੀ ਨੂੰਹ ਬਣਾ ਕੇ ਦਿਆ ਕਰੂ।ਤੂੰ ਬੈਠੀਂ ਮੰਜੇ ‘ਤੇ ।”
“ਬੁੜੀਏ ਤੇਰਾ ਪੁੱਤ ਤਾਂ ਭੱਜਿਆ ਫਿਰਦੈ,ਲੱਕੜਾਂ ਦੀ ਠੇਕੇਦਾਰੀ ‘ਚ।ਕਦੇ ਕਿਸੇ ਪਿੰਡ ਸਫੈਦੇ ਵੱਢਣੈ ਐ,ਕਦੇ ਕਿਸੇ ਹੋਰ ਪਿੰਡ ਪਾਪੂਲਰ ਵੱਢਦੇ ਫਿਰਦੇ ਨੇ।ਕਹਿੰਦੇ , ‘ਟਾਹਲੀਆਂ, ਕਿਕਰਾਂ, ਬੇਰੀਆਂ, ਤੂਤ ਤਾਂ ਸਾਰੇ ਵੱਢੇ ਗਏ।ਪਿੰਡਾਂ ਦੇ ਆਲੇ-ਦੁਆਲੇ, ਪਿੱਪਲ-ਬਰੋਟੇ ਵੀ ਨੀ ਕੋਈ ਛੱਡਿਆ।ਹੁਣ ਫਿਰਦੇ ਯੂਪੀ ‘ਚ।ਉਥੇ ਸਫੈਦੇ ਤੇ ਪਾਪੂਲਰ ਦਾ ਵਪਾਰ ਬਹੁਤ ਚਲਦੈ।”

“ਪੁੱਤ ਐਡੀ ਐਡੀ ਦੂਰ ਫਿਰਦੈ ਕਮਾਈ ਕਰਦਾ।ਜਿਦਣ ਆਊ, ਦਾਰੂ ਨਾਲ ਰੱਜਿਆ ਹੋਊ।” ਮੰਗੋ ਨੂੰ ਪੁੱਤ ਦਾ ਫਿਕਰ ਹੋ ਗਿਆ।

ਕਰਮੀ ਨੂੰ ਚਾਹ ਦੇ ਚਾਰ-ਪੰਜ ਘੁੱਟ ਭਰ ਕੇ ਅਰਾਮ ਆ ਗਿਆ ਜਾਪਿਆ, “ਬੁੜੀਏ ਇਹ ਲੱਕੜਾਂ ਦਾ ਕੰਮ ਈ ਅਣਖਿਝ ਐ।ਕੀ ਕਰਨ ਸਾਰਾ ਦਿਨ ਥੱਕ ਜਾਂਦੇ ਨੇ।ਲੱਕੜਾਂ ਦੀ ਕੱਟ-ਕਟਾਈ ਤੇ ਸਾਂਭ-ਸਭਾਈ,ਲੱਕੜ ਨਾਲ ਲੱਕੜ ਹੋਣਾ ਪੈਂਦਾ ਹੈ।ਆਥਣੇ ਘੁੱਟ ਲਾ ਲੈਂਦੇ ਨੇ।”

“ਆਹੋ ਪੁੱਤ ਤੇਰਾ ਬਾਪੂ ਬੀ ਜੱਟ ਦੇ ਘੱੁਟ ਲਾ ਆਉਂਦਾ ਤੀ।ਉਹ ਘਰ ਦੀ ਕੱਢ ਲੈਂਦੇ।ਇਕ ਤਕੜਾ ਜਿਹਾ ਹਾੜਾ ਲਾ ਕੇ ਘਰ ਨੂੰ ਤੋਰ ਦਿੰਦੇ ਤੀ।ਕਈ ਵਾਰ ਤਾਂ ਉਹ ਸਾਰੀ ਸਾਰੀ ਰਾਤ ਦਾਰੂ ਕੱਢਦੇ ਰਹਿੰਦੇ।ਕਿਤੇ ਤੜਕੇ ਜਾ ਕੇ ਤੇਰਾ ਬਾਪੂ ਘਰ ਆਉਂਦਾ ਤੀ।ਆਉਂਦੀ ਸਾਰ ਤਾਜ਼ੀ ਕੱਢੀ ਪੀਤੀ ਦਾ ਮੇਰੇ ‘ਤੇ ਨਸ਼ਾ ਖਿੜਾ ਦਿੰਦਾ।ਸਵੇਰੇ ਉਠ ਕੇ ਘਰਦਾ ਸਾਰਾ ਕੰਮ ਰਕਦੀ।” ਮੰਗੋ ਮਾਈ ਨੇ ਚਾਹ ਪੀ ਕੇ ਗਲਾਸ ਰੱਖ ਦਿੱਤਾ।
“ਬੁੜੀਏ ਤਾਂਹੀ ਤਾਂ ਤੇਰੇ ਪੁੱਤ ਨੂੰ ਓਹੀ ਆਦਤ ਪੈਗੀ।ਤੇਰੇ ਹੱਡ ਕੈੜੇ ਹੁੰਦੇ ਤੀ।ਹੁਣ ਤਾਂ ਸਰੀਰਾਂ ‘ਚ ਕੀ ਐ।ਵਿਚੋਂ ਪੋਲੇ।ਉਪਰੋਂ ਈ ਰੰਗ-ਰੂਪ ਦਿਸਦੈ।ਨਕਲੀ ਖੁਰਾਕਾਂ।ਹਰੇਕ ਖੁਰਾਕ ‘ਚ ਜ਼ਹਿਰ ਪਈ ਐ।” ਉਸ ਨੇ ਵੀ ਚਾਹ ਪੀ ਕੇ ਗਲਾਸ ਰੱਖ ਦਿੱਤਾ।

ਉਹਨਾਂ ਨੂੰ ਕੁਝ ਚਿਰ ਕੋਈ ਗੱਲ ਨਾ ਔੜੀ।ਫਿਰ ਕਰਮੀ ਨੇ ਹੀ ਕੁਝ ਯਾਦ ਕਰਕੇ ਕਿਹਾ, “ਬੁੜੀਏ ਜੇ ਮੈਂ ਮਾਜਰੀ ਚਲੀ ਜਾਇਆ ਕਰਾਂ ?”

ਮੰਗੋ ਮਾਈ ਨੇ ਇਕ ਦਮ ਕੰਨ ਚੁੱਕ ਲਏ, “ਕਿਆ ਐ ਉਥੇ ?”

“ਉਥੇ ਪਿੰਡਾਂ ‘ਚ ਨਰੇਗਾ ਸਕੀਮ ਚਲਦੀ ਐ।ਮੇਰੀ ਭੈਣ ਦੱਸਦੀ ਤੀ।ਸੜਕਾਂ, ਰਸਤਿਆਂ, ਟੋਭਿਆਂ ਦੇ ਆਲੇ-ਦੁਆਲੇ ਮਿੱਟੀ ਪਾਉਣੀ ਹੁੰਦੀ ਐ।ਰੋਜ਼ ਹੀ ਸਮੇਂ ਸਿਰ ਮਿੱਟੀ ਦੇ ਦੋ ਦੋ ਚੇਪੇ, ਤਸਲੇ ‘ਚ ਪਾ ਕੇ ਲਾਗੇ ਈ ਸੁਟਦੇ ਜਾਂਦੇ ਨੇ।ਜਨਾਨੀਆਂ ਨੇ ਕਹੀ ਦਾ ਇਕ ਇਕ ਚੇਪਾ ਈ ਚੁੱਕਣੈ।ਦੁਪਹਿਰ ਨੂੰ ਘੰਟੇ ਦੀ ਛੁੱਟੀ।ਆਥਣੇ ਪੰਜ ਵਜੇ ਛੁੱਟੀ।ਨਕਦ ਪੈਸੇ ਮਿਲਦੇ ਨੇ ਹਰੇਕ ਨੂੰ, ਵੀਹ ਘੱਟ ਦੋ ਸੌ।ਹੈ ਕਿਨੀ ਮੌਜ਼ ?ਮੇਰਾ ਤਾਂ ਜੀ ਕਰਦੈ ਏਥੋਂ ਟੈਂਪੂ ਚੜ੍ਹ ਕੇ ਚਲੀ ਜਾਇਆ ਕਰਾਂ।ਛੀ ਸੱਤ ਕਿਲੋਮੀਟਰ ਦੂਰ ਐ ਸਾਰਾ ਈ।”
ਮੰਗੋ ਮਾਈ ਸੁਣ ਕੇ ਹੈਰਾਨ ਰਹਿ ਗਈ, “ਨੀ ਇਹ ਕਿਹੜੀ ਦਾਦਣੀ ਸਕੀਮ ਹੋਈ ਚੇਪਾ ਕੁ ਮਿੱਟੀ ਚੁੱਕ ਕੇ ਲਾਗੇ ਈ ਸੁਟੀ ਜਾਣ ਦੀ।ਕਦੇ ਵੇਖੀ ਸੁਣੀ ਨੀ ਤੀ।”

“ਬੁੜੀਏ ਤੈਨੂੰ ਕਿਆ ਪਤੈ ਘਰ ਬੈਠੀ ਨੂੰ।ਕਈ ਸਾਲ ਹੋਗੇ ਪਿੰਡਾਂ ਆਲੀਆਂ ਜਨਾਨੀਆਂ ਵੱਡੀਆਂ-ਛੋਟੀਆਂ ਸਣੇ ਨਿਆਣੇ-ਆਦਮੀ ਇਹੋ ਦਿਹਾੜੀਆਂ ਕਰਦੇ ਨੇ। ਹੋਰ ਸੁਣ।ਹੁਣ ਉਹ ਸਰਕਾਰੀ ਡਿਪੂਆਂ ਤੋਂ ਆਟਾ-ਦਾਲ ਸਸਤੇ ਭਾਅ, ਮਹੀਨੇ ਦੇ ਲੈਂਦੀਆਂ ਨੇ।ਸਰਕਾਰ, ਗਰੀਬਾਂ ਨੂੰ ਬਹੁਤ ਕੁਛ ਦਿੰਦੀ ਐ, ਵੋਟਾਂ ਖਾਤਰ।ਏਸ ਕੰਮ ਲਈ ਓਧਰ ਦਿੱਲੀ ਸਰਕਾਰ ਦਾ ਜ਼ੋਰ ਲੱਗਿਆ ਪਿਐ।ਏਧਰ ਪੰਜਾਬ ਸਰਕਾਰ ਦਾ।ਕਹਿੰਦੇ ਘਰ ਬੈਠੇ ਖਾਓ।ਨਰੇਗਾ ਨੂੰ ਕਾਮਯਾਬ ਬਣਾਓ।ਮੈਂ ਸੰਤੋ-ਬੰਤੋ ਨੂੰ ਬੀ ਦੱਸਦੀਆਂ।ਸਾਰੀਆਂ ਕੱਠੀਆਂ ਹੋ ਕੇ ਚੱਲਿਆ ਕਰੀਏ।” ਕਰਮੀ ਨਰੇਗਾ ‘ਚ ਦਿਹਾੜੀਆਂ ਕਰਨ ਲਈ ਤਿਆਰ ਹੋ ਗਈ।
ਮੰਗੋ ਮਾਈ ਨੇ ਉਸ ਦੀਆਂ ਗੱਲਾਂ ਤੋਂ ਅੱਕ ਕੇ ਇਕ ਅਖਾਣ ਸੁਣਾ ਦਿੱਤਾ, “ਨੀ ਪੁੱਤ ਸੁਣ , ‘ ਛੱਪੜ ਵਿਚੋਂ ਮਹਿੰ , ਗੰਦ ਵਿਚੋਂ ਆਪਾਂ ਨੂੰ , ਕੱਢਣਾ ਔਖੈ।’

ਕਰਮੀ ਨੇ ਝੱਟ ਸੁਣਾ ਦਿੱਤਾ , “ਬੁੜੀਏ ਤੈਨੂੰ ਕੀ ਪਤਾ।ਹੁਣ ਨੀ ਔਖਾ ? ਹੁਣ ਤਾਂ ਨਿਕਲਾਂਗੇ ।”
ਮੰਗੋ ਮਾਈ ਨੇ ਗੱਲ ਹੀ ਬਦਲ ਦਿੱਤੀ, “ਪੁਤ ਸੰਤੋ ਭੱਜੀ ਭੱਜੀ ਆਈ ਤੀ। ਓਹਦੇ ਨਿਆਣੇ ਨੀ ਕਿਤੇ ਦਿਸਦੇ।ਲੱਭਦੀ ਫਿਰਦੀ ਐ।ਜਾਹ ਪਤਾ ਕਰਕੇ ਆ…।”

“ਹੈਂ ? ਨਿਆਣੇ ਕਿਥੇ ਗਏ ?” ਉਹ ਇਕ ਦਮ ਫਿਕਰਮੰਦ ਹੋ ਗਈ, “ਬੁੜੀਏ ਅਪਣੇ ਨਿਆਣੇ ਨੀ ਆਏ ਅਜੇ ? ਦੇਖਦੀਆਂ ਜਾ ਕੇ ਕਿਥੇ ਨੇ ?”

ਕਰਮੀ ਆਪਣੇ ਨਿਆਣੇ ਵੇਖਣ ਬਾਹਰ ਨਿਕਲ ਗਈ।ਮੰਗੋ ਮਾਈ ਉਸ ਵੱਲ ਵੇਖਦੀ ਹੀ ਰਹਿ ਗਈ।ਉਸ ਨੂੰ ਹੁਣ ਆਪਣੇ ਪੋਤੇ-ਪੋਤੀ ਦਾ ਫਿਕਰ ਹੋ ਗਿਆ।

ਸੰਪਰਕ: +91 98728 23511
ਪੱਤ ਕੁਮਲਾ ਗਏ (ਕਾਂਡ-5) -ਅਵਤਾਰ ਸਿੰਘ ਬਿਲਿੰਗ
ਪੱਤ ਕੁਮਲਾ ਗਏ (ਕਾਂਡ-2) -ਅਵਤਾਰ ਸਿੰਘ ਬਿਲਿੰਗ
ਪੱਤ ਕੁਮਲਾ ਗਏ (ਕਾਂਡ-7) -ਅਵਤਾਰ ਸਿੰਘ ਬਿਲਿੰਗ
ਸੋਸ਼ਲ ਮੀਡੀਆ ਤੇ ਗ਼ੈਰ ਜ਼ਰੂਰੀ ਵੀਡੀਓ : ਕਾਰਨ ਤੇ ਨਿਵਾਰਣ -ਡਾ. ਨਿਸ਼ਾਨ ਸਿੰਘ ਰਾਠੌਰ
ਐਨ.ਡੀ.ਟੀ.ਵੀ ਉੱਪਰ ਸੇਬੀ ਦਾ ਹਮਲਾ -ਨਰਾਇਣ ਦੱਤ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਿਤਾਬਾਂ

ਚੁੱਪ ਵਿੱਚੋਂ ਬੋਲਦੇ ਸ਼ਬਦ ‘ਚੁੱਪ ਨਦੀ ਤੇ ਮੈਂ’

ckitadmin
ckitadmin
September 9, 2020
ਗੁਰਿੰਦਰ ਕਲਸੀ ਦੀਆਂ ਕੁਝ ਕਵਿਤਾਵਾਂ
ਨੂਰਜਹਾਂ (ਕਿਸ਼ਤ ਦੂਜੀ) – ਖ਼ਾਲਿਦ ਹਸਨ
8 ਮਾਰਚ ਔਰਤ ਕੌਮਾਂਤਰੀ ਦਿਵਸ ਤੇ ਕਾਮਰੇਡ ਸਟਾਲਿਨ ਦਾ ਸੰਦੇਸ਼
ਪੁਸਤਕ ਸਮੀਖਿਆ: “ਕਸਤੂਰੀ”
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?