ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ।’
ਬਾਬਾ ਫਰੀਦ ਜੀ ਦੀਆਂ ਅਰਜ਼ ਕੀਤੀਆਂ ਇਹ ਸਤਰਾਂ ਸਾਡੀ ਹੋਂਦ ਨੂੰ ਵਿਅਕਤ ਕਰਦੀਆਂ ਹਨ। ਇਸ ਦੁਨੀਆਂ ਵਿੱਚ ਹਰੇਕ ਮਨੁੱਖ ਦੇ ਜ਼ਿੰਦਗੀ ਜਿਉਣ ਅਤੇ ਉਸ ਨੂੰ ਵੇਖਣ ਦੇ ਅਨੇਕਾਂ ਢੰਗ ਤਰੀਕੇ ਅਤੇ ਆਪਣਾ ਨਜ਼ਰੀਆ ਹੁੰਦਾ ਹੈ, ਪਰ ਬਹੁਤ ਘੱਟ ਲੋਕ ਇਸ ਜ਼ਿੰਦਗੀ ਦੇ ਅਸਲ ਮਕਸਦ ਤੋ ਵਾਕਿਫ ਹੁੰਦੇ ਹਨ। ਸਮਾਜ ਵਿੱਚ ਰਹਿੰਦੇ ਹੋਏ ਅਸੀਂ ਦੁਨਿਆਵੀ ਰਿਸ਼ਤਿਆਂ ਅਤੇ ਅਹੁਦਿਆਂ ਦੇ ਗੁਲਾਮ ਹੋ ਜਾਂਦੇ ਹਾਂ, ਪਰ ਕਦੇ ਇਹ ਨਹੀਂ ਸੋਚਦੇ ਕਿ ਮਿੱਟੀ ਦੀ ਮੂਰਤਨੁਮਾ ਇਸ ਪੰਜ ਤੱਤ ਦੇ ਸਰੀਰ ਦਾ ਅਸਲ ਮਕਸਦ ਕੀ ਹੈ ? ਇਸ ਨੇ ਕਿਹੜੇ ਸੱਚ ਤੱਕ ਪਹੁੰਚਣਾ ਹੈ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਰਹਿਨੁਮਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਨੁਭਵਾਂ ਅਤੇ ਵਿਚਾਰਾਂ ਦਾ ਨਿਚੋੜ ਸਾਨੂੰ ਸਾਹਿਤ ਦੇ ਰੂਪ ਵਿੱਚ ਪ੍ਰਦਾਨ ਕੀਤਾ ਹੈ। ਬਾਬਾ ਫਰੀਦ, ਬਾਬਾ ਨਾਨਕ, ਬੁੱਲੇ ਸ਼ਾਹ ਵਰਗੇ ਅਨੇਕਾਂ ਮਹਾਨ ਵਿਚਾਰਕ ਸਾਨੂੰ ਮਿਲੇ ਹਨ ਜਿਨ੍ਹਾਂ ਨੇ ਮਨੁੱਖ ਦੀ ਅਸਲ ਹੋਂਦ ਦੀ ਮਹੱਤਤਾ ਉੱਪਰ ਖ਼ਲਕਤ ਦਾ ਧਿਆਨ ਆਕਰਸ਼ਿਤ ਕੀਤਾ ਹੈ।
ਇਸ ਖੁਸ਼ਨੁਮਾ ਅਤੇ ਪਾਕੀਜ਼ ਕੁਦਰਤ ਦੀ ਛਾਂ ਵਿੱਚ ਰਹਿੰਦੇ ਹੋਏ ਕਦੇ ਵੀ ਉਦਾਸ ਨਾ ਹੋਵੋ , ਹਰੇਕ ਪਲ ਇਸ ਤਰ੍ਹਾਂ ਬਤੀਤ ਕਰੋ ਕਿ ਇਹ ਕੁਝ ਨਵਾਂ ਅਤੇ ਚੰਗਾ ਹੋਣ ਦਾ ਅਹਿਸਾਸ ਕਰਵਾ ਰਿਹਾ ਹੋਵੇ। ਆਪਣੇ ਅੰਦਰਲੇ ਨਾਲ਼ ਇਕ-ਮਿਕ ਹੋਵੋ, ਅੰਦਰ ਕਦੇ ਝਾਤੀ ਮਾਰ ਕੇ ਤਾਂ ਦੇਖੋ, ਤੁਹਾਨੂੰ ਉਸ ਦੁਨੀਆਂ ਨੂੰ ਵੇਖਣ ਦਾ ਮੌਕਾ ਮਿਲੇਗਾ ਜੋ ਸ਼ਾਇਦ ਤੁਹਾਡੀ ਕਲਪਨਾ ਤੋਂ ਕੋਹਾਂ ਦੂਰ ਹੈ ਅਤੇ ਤੁਹਾਡੇ ਅੰਦਰ ਛੁਪੀ ਹੋਈ ਹੈ। ਤੁਹਾਡੀ ਵਿਚਾਰਧਾਰਾ ਹੀ ਬਦਲ ਜਾਵੇਗੀ, ਅੰਦਰੋਂ ਆਪ-ਮੁਹਾਰੇ ਫੁੱਟੇ ਉੁੱਚੇ ਤੇ ਸੁੱਚੇ ਵਿਚਾਰ ਤੁਹਾਡੀ ਹੋਂਦ ਸਮਝਣ, ਸਮਝਾਉਣ ਦੇ ਸਮਰੱਥ ਹੋਣਗੇ ਅਤੇ ਤੁਸੀਂ ਮਿੱਟੀ ਦੇ ਅਸਲ ਵਾਰਿਸ ਹੋਣ ਦਾ ਮਾਣ ਪਾਓਂਗੇ।
ਗੁਰਬਾਣੀ ਵਿੱਚ ਲਿਖਿਆ ਹੈ ਕਿ
‘ਮਨਿ ਤੂੰ ਜੋਤਿ ਸਰੂਪੁ ਹੈ ਅਪਣਾ ਮੂਲ ਪਛਾਣੁ।।’
ਸਾਡੀ ਆਤਮਾ, ਜੋ ਸਾਡੇ ਮੂਲ ਨੂੰ ਪ੍ਰਦਰਸ਼ਿਤ ਕਰਦੀ ਹੋਈ ਪਰਮਾਤਮਾ ਦਾ ਗਿਆਨ ਕਰਵਾਉਂਦੀ ਹੈ। ਇਹ ਬ੍ਰਹਿਮੰਡ ਬਾਹਰ ਨਹੀ ਹੈ ਸਾਡੇ ਅੰਦਰ ਹੈ ਅਤੇ ਹਰ ਉਹ ਅਧਿਆਤਮਿਕ ਅਹਿਸਾਸ ਜੋ ਅਸੀਂ ਬਹਰੋਂ ਚਾਹੁੰਦੇ ਹਾਂ ਉਹ ਪਹਿਲਾਂ ਹੀ ਸਾਡੇ ਕੋਲ ਮੌਜੂਦ ਹੁੰਦਾ ਹੈ। ਜ਼ਿੰਦਗੀ ਵਿੱਚ ਆਪਣੇ ਆਪ ਉੱਤੇ ਵਿਸ਼ਵਾਸ ਸਾਨੂੰ ਇੱਕ ਨਵੀਂ ਦਿਸ਼ਾ ਅਤੇ ਸੋਚ ਪ੍ਰਦਾਨ ਕਰਦਾ ਹੈ , ਇਹ ਇੱਕ ਅਜਿਹੀ ਅਵਸਥਾ ਹੈ ਜੋ ਨਾਕਾਰਾਤਮਿਕ ਪ੍ਰਸਥਿਤੀਆਂ ਵਿੱਚ ਵੀ ਸਾਨੂੰ ਸਾਕਾਰਾਤਮਿਕਤਾ ਦਾ ਅਹਿਸਾਸ ਕਰਵਾਉਂਦੀ ਹੈ।
ਆਉ ਆਪਾਂ ਆਪਣੇ ਆਪ ਨੂੰ ਜਾਣੀਏ, ਸਮਝੀਏ, ਆਪਣੇ ਵਿਚਾਰਾਂ ਨੂੰ ਚੰਗੇ ਚਰਿੱਤਰ ਅਤੇ ਸਮਾਜ ਦੀ ਚੰਗੀ ਸਿਰਜਣਾ ਲਈ ਅਰਪਿਤ ਕਰੀਏ ਜੋ ਸਾਨੂੰ ਸਾਡੀ ਅਸਲ ਹੋਂਦ ਨਾਲ ਰੂਬਰੂ ਕਰਵਾਉਂਦਾ ਹੋਵੇ।

