ਸਮੁੰਦਰਾਂ ਤੋਂ ਪਾਰ ਨਾ ਵਿਆਹੀਂ ਬਾਬਲਾ, ਲਾਡੋਂ ਰਾਣੀ ਨੂੰ
ਉਥੇ ਮਿਲਣਾ ਨੀ ਤੇਰੇ ਜਿਹਾ ਪਿਆਰ ਬਾਬਲਾ,ਲਾਡੋ ਰਾਣੀ ਨੂੰ।
ਭੈਣ ਮੇਰੀ ਤਾਂ ਜਾਕੇ ਉਥੇ ਮੁੜ ਵਾਪਸ ਨਾ ਆਈ
ਪੌਂਡਾ ਦੇ ਸਭ ਲਾਲਚੀਆਂ ਨੇ ਵਾਂਗ ਮਸ਼ੀਨ ਚਲਾਈ
ਬਾਪੂ ਕਿਵੇਂ ਤੂੰ ਗੰਢ ਲਵੇਗਾਂ ਟੁੱਟੀ ਹੋਈ ਤਾਣੀ ਨੂੰ
ਡਾਲਰ ਪੌਂਡ ਦੇ ਹੇਠਾਂ ਉਥੇ ਮਰ ਜਾਏ ਸਾਰੀ ਜੁਆਨੀ
ਰਿਸ਼ਤੇ ਨਾਤੇ ਭੁੱਲ ਜਾਂਦੇ ਨੇ ਬਣਕੇ ਦਿਲਬਰ ਜਾਨੀ
ਲੱਭਦੀ ਮੈਂ ਤਾਂ ਮਰ ਜਾਵਾਂਗੀ ਦਿਲ ਮੇਰੇ ਦੇ ਹਾਣੀ ਨੂੰ
ਦਸ ਬਣਕੇ ਗੁਲਾਮ ਕਿੰਜ ਦਿਨ ਮੈਂ ਲੰਘਾਵਾਂਗੀ
ਤੇਰੀਆਂ ਉਮੀਦਾਂ ਕਿਵੇਂ ਸਿਰੇ ਮੈਂ ਲਗਾਵਾਂਗੀ
ਕਰ ਲੈਣ ਦੇ ਪੜ੍ਹਾਈਆਂ ਮੈਨੂੰ ਮਰ ਜਾਣੀ ਨੂੰ
ਆਖਦੀ ਆਂ ਆਗੂਆਂ ਨੂੰ ਬਦਲੋ ਜਮਾਨੇ ਨੂੰ
ਆਪਣਾ ਨਾ ਛੱਡ ਜਾਵੇ ਦੇਸ਼ ਕੋਈ ਬਿਗਾਨੇ ਨੂੰ
ਗੰਧਲਾ ਨਾ ਹੋਣ ਦੇਈਏ ਸੁੱਚੇ ਪਾਣੀ ਨੂੰ
ਜ਼ਿੰਦਗੀ ਦੀ ਡੋਰੀ ਉਤੇ ਫੇਰੇ ਨਾ ਕੋਈ ਆਰੀਆਂ
“ਮਾਨ” ਸਭ ਧੀਆਂ ਹੋਣ ਜਗ ਨੂੰ ਪਿਆਰੀਆਂ
ਅਸੀਂ ਲੁੱਟ ਨਹੀਂ ਹੋਣ ਦੇਣਾ ਕਿਸੇ ਹਾਣੀ ਨੂੰ
ਸੰਪਰਕ: +91 98150 18947

