ਨੌਜਵਾਨ ਹਰ ਲਹਿਰ ਦੀ ਜਿੰਦ ਜਾਨ ਹੁੰਦੇ ਹਨ, ਇਹ ਇੱਕ ਐਸੀ ਤਾਕਤ ਹਨ ਜੋ ਹਵਾ ਦਾ ਰੁੱਖ ਪਲਟਣ ਦੀ ਹਿੰਮਤ ਰੱਖਦੇ ਹਨ। ਪਰ ਕਾਂਗਰਸ ਪਾਰਟੀ ਲਈ ਪੰਜਾਬ ਹੀ ਨਹੀਂ ਬਾਕੀ ਰਾਜਾਂ ਵਿੱਚ ਵੀ ਉਸ ਦਾ ਯੂਥ ਵਿੰਗ ਸਿਰਦਰਦੀ ਬਣ ਚੁੱਕਾ ਹੈ। ਭਾਰਤ ਦੀ ਰਾਜਨੀਤੀ ਵਿੱਚ ਇੱਕ ਮੱਹਤਵਪੂਰਨ ਬਦਲਾਓ ਇਹ ਆ ਰਿਹਾ ਕਿ ਨੈਸ਼ਨਲ ਪਾਰਟੀਆ ਖੇਤਰੀ ਪਾਰਟੀਆ ਦੇ ਮੁਕਾਬਲੇ ਕਮਜ਼ੋਰ ਹੋ ਰਹੀਆ ਹਨ ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਯੂਥ ਦਾ ਰਾਜਨੀਤੀ ਵਿੱਚ ਰੁਝਾਨ ਵੱਧ ਰਿਹਾ ਹੈ, ਖੇਤਰੀ ਪਾਰਟੀਆਂ ਦੇ ਯੂਥ ਵਿੰਗ ਵਿੱਚ ਪ੍ਰਵੇਸ਼ ਨੌਜਵਾਨਾਂ ਦੀ ਵਰਕਿੰਗ ਸਮਰੱਥਾ ਦੇ ਆਧਰ ’ਤੇ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ਦੇ ਵਿੰਗ ਵਿਚ ਸਿਰਫ ਮਿਹਨਤੀ ਅਤੇ ਕਾਬਲ ਵਰਕਰ ਹੀ ਜਗ੍ਹਾ ਬਣਾ ਪਾਉਂਦੇ ਹਨ ਅਤੇ ਬਹੁਤੀ ਵਾਰ ਇਸ ਵਿੰਗ ਵਿੱਚ ਮੈਂਬਰ ਸਥਾਨਕ ਲੀਡਰਾਂ ਦੀ ਸਲਾਹ ਤੋਂ ਬਆਦ ਹੀ ਲਏ ਜਾਂਦੇ ਹਨ, ਜਿਸ ਨਾਲ ਕਿ ਪਾਰਟੀ ਵਿੱਚ ਅੰਦਰੂਨੀ ਕਲੇਸ਼ ਵੀ ਘੱਟ ਹੁੰਦੇ ਹਨ ਅਤੇ ਖੁੱਲੇਆਮ ਵਿਰੋਧ ਵੀ। ਇਸ ਤੋਂ ਅੱਗੇ ਚੁਣੇ ਗਏ ਯੂਥ ਲੀਡਰ ਵੀ ਆਪਣੀ ਮਰਜ਼ੀ ਦੀ ਬਲਾਕ ਜਾਂ ਜ਼ਿਲ੍ਹੇ ਪੱਧਰ ਦੀ ਬਾਡੀ ਚੁਣਦੇ ਹਨ, ਜਿਸ ਕਾਰਨ ਮਜ਼ਬੂਤ ਯੂਥ ਵਿੰਗ ਸਥਾਪਤ ਹੁੰਦਾ ਹੈ। ਹੁਣ ਯੂਥ ਕਾਂਗਰਸ ਦੇ ਵਿੰਗ ਦੀ ਗੱਲ ਕਰੀਏ ਤਾਂ ਇਹ ਵੋਟਾਂ ਵਾਲਾ ਸਿਸਟਮ ਬਹੁਤਾ ਕਾਰਗਰ ਨਹੀਂ ਹੈ। ਚਾਹੇ ਕਿ ਇਹ ਹਾਈਕਮਾਂਡ ਦਾ ਫੈਸਲਾ ਹੈ ਇਸ ਲਈ ਬਹੁਤੇ ਲੀਡਰ ਇਸ ਕੋੜੇ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ ਜਾਂ ਇਸ ਬਾਰੇ ਚੁੱਪ ਰਹਿੰਦੇ ਹਨ। ਕਾਂਗਰਸ ਦੇ ਯੂਥ ਵਿੰਗ ਦੀ ਚੋਣ ਵੋਟਾਂ ਰਾਹੀਂ ਹੁੰਦੀ ਹੈ, ਜਿਸ ਵਿੱਚ ਵਰਕਿੰਗ ਜਾਂ ਕਾਬਲੀਅਤ ਦੀ ਬਜਾਏ ਯੂਥ ਲੀਡਰ ਪਾਰਟੀ ਅੰਦਰ ਹੋਈਆ ਵੋਟਾਂ ਨਾਲ ਪ੍ਰਧਾਨਗੀਆਂ ’ਤੇ ਕਾਬਜ਼ ਹੋ ਜਾਂਦੇ ਹਨ। ਉਨ੍ਹਾਂ ਦੇ ਹੇਠਾ ਚੁਣੀ ਗਈ ਬਾਡੀ ਵਿੱਚ ਵੀ ਵਿਰੋਧ ਤੇ ਹੱਕ ਵਿੱਚ ਖੜ੍ਹਨ ਵਾਲੇ ਦੋਹਾਂ ਤਰ੍ਹਾਂ ਦੇ ਲੋਕਾਂ ਦਾ ਮਿਲਗੋਭਾ ਤਿਆਰ ਹੋ ਜਾਂਦਾ ਹੈ, ਜਿਸ ਵਿੱਚ ਤਾਲਮੇਲ ਦੀ ਆਸ ਰੱਖਣਾ ਸਿਰਫ ਭਰਮ ਹੈ। ਇਹੀ ਵਿਰੋਧ ਅੱਗੇ ਚੱਲ ਕੇ ਪਾਰਟੀ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੰਦੇ ਹਨ। ਇਸ ਤਰ੍ਹਾਂ ਨਾਲ ਚੁਣਿਆ ਗਿਆ ਯੂਥ ਵਿੰਗ ਵਰਕਿੰਗ ਦੀ ਜ਼ਿੰਮੇਵਾਰੀ ਤੋਂ ਵੀ ਮੁਕਤ ਹੋ ਜਾਂਦਾ ਹੈ ਕਿਉਂਕਿ ਉਸ ਦੀ ਸਥਾਪਨਾ ਵਰਕਿੰਗ ਦੇ ਸਿਰ ’ਤੇ ਨਹੀਂ ਹੋਈ। ਇਹ ਹੀ ਕਾਰਨ ਹੈ ਕਿ ਮਿਹਨਤੀ ਤੇ ਕਾਬਲ ਨੌਜਵਾਨ ਵਰਕਰ ਨੈਸ਼ਨਲ ਪਾਰਟੀਆਂ ਦੀ ਬਜਾਏ ਖੇਤਰੀ ਪਾਰਟੀਆ ਨੂੰ ਤਰਜੀਹ ਦਿੰਦੇ ਹਨ, ਜਿੱਥੇ ਉਨ੍ਹਾਂ ਦੀ “ਕਾਬਲੀਅਤ” ਦੀ ਕਦਰ ਪੈਣ ਦੀ ਆਸ ਕਾਂਗਰਸ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ। ਜਿਸ ਕਾਰਨ ਨੈਸ਼ਨਲ ਪਾਰਟੀਆ ਦਾ ਆਧਰ ਕਮਜ਼ੋਰ ਹੋ ਰਿਹਾ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਯੂਥ ਵਿੰਗ ਦੀਆ ਚੋਣਾਂ ਇੱਕ ਭਾਰੀ ਗਲਤੀ ਸੀ ਜੋ ਹੁਣ ਥੋੜੇ ਦਿਨਾਂ ਬਆਦ ਹਿਮਾਚਲ ਵਿੱਚ ਫਿਰ ਦੁਹਰਾਈ ਜਾਣ ਵਾਲੀ ਹੈ। ਬਿਕਰਮਜੀਤ ਮਜੀਠਏ ਦੀ ਫੌਜ ਅੱਗੇ ਯੂਥ ਕਾਂਗਰਸ ਦੇ ਲੀਡਰ ਕਿਤੇ ਵੀ ਨਜ਼ਰ ਨਹੀਂ ਆਏ। ਉਹ ਪ੍ਰਧਾਨਗੀਆਂ ’ਤੇ ਕਬਜ਼ੇ ਕਰ ਘਰੋਂ ਘਰੀ ਜਾ ਬੈਠੇ ਜਦ ਕਿ ਦੂਜੇ ਪਾਸੇ ਬਿਕਰਮਜੀਤ ਮਜੀਠੀਆਂ ਬ੍ਰਿਗੇਡ ਚੋਣਾਂ ਵਿੱਚ ਦਿਨ ਰਾਤ ਇੱਕ ਕਰਦੀ ਰਹੀ। ਇਹ ਇੱਕ ਵੱਡਾ ਫੈਕਟਰ ਹੈ ਜਿਸ ਬਾਰੇ ਕਾਂਗਰਸ ਪਾਰਟੀ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੀ ਹੈ। ਇਸ ਸਬੰਧੀ ਧਾਰੀ ਗਈ ਚੁੱਪ ਲੋਕ ਸਭਾ ਚੋਣਾਂ ਵਿੱਚ ਹੋਰ ਜ਼ਿਆਦਾ ਖਤਰਨਾਕ ਹੋਣ ਵਾਲੀ ਹੈ।
ਹਰ ਚੋਣ ਮੁੱਦਿਆ ’ਤੇ ਲੜੀ ਜਾਂਦੀ ਹੈ, ਹਰ ਪਾਰਟੀ ਜਦ ਵੀ ਕੋਈ ਚੋਣ ਲੜਦੀ ਹੈ ਤਾਂ ਲੋਕਾਂ ਨਾਲ ਕੁਝ ਵਾਦੇ ਕਰਦੀ ਹੈ, ਲੋਕਾਂ ਦੀਆਂ ਬੁਨਿਆਦੀ ਮੁਸ਼ਕਲਾਂ ਦੇ ਹੱਲ ਬਾਰੇ ਗੱਲ ਕਰਦੀ ਹੈ,ਪਰ ਸਦਕੇ ਜਾਵਾਂ ਕਾਂਗਰਸ ਪਾਰਟੀ ਦੇ ਜਿਸ ਨੂੰ ਚੋਣ ਮਨੋਰਥ ਪੱਤਰ ਦੀ ਯਾਦ ਆਈ ਸਿਰਫ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ, ਬਹੁਤੇ ਵਰਕਰਾਂ ਤੱਕ ਤਾਂ ਇਸ ਦੀ ਕਾਪੀ ਵੀ ਨਹੀਂ ਪੁਹੰਚੀ,ਲੋਕਾਂ ਵਿੱਚ ਉਹ ਕੀ ਪਰਚਾਰ ਕਰਦੇ। ਜਿਨ੍ਹਾਂ ਨੂੰ ਮਿਲਿਆ ਵੀ ਉਹਨਾਂ ਨੇ ਵੀ ਇਸ ਬਾਰੇ ਪਰਚਾਰ ਕਰਨ ਦੀ ਜ਼ਰੂਰਤ ਹੀ ਨਹੀਂ ਸਮਝੀ ਕਿਉਂਕਿ ਵਾਰੀ ਤਾਂ ਪੱਕੀ ਸੀ। ਰਾਜਨੀਤੀ ਵਿੱਚ ਇੱਕ ਸਿੱਧ ਪੱਧਰਾ ਫਾਰਮੂਲਾ ਹੈ ਇੰਨੇ ਮਿੱਠੇ ਨਾ ਬਣੋ ਕਿ ਲੋਕ ਤਾਹਨੂੰ ਖਾ ਜਾਣ ਅਤੇ ਇੰਨੇ ਕੌੜੇ ਵੀ ਨਾ ਬਣੋ ਕਿ ਲੋਕੀ ਤਾਹਨੂੰ ਥੁੱਕ ਦੇਣ। ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਨਾਲੋ “ਬੜ੍ਹਕਾ” ਮਾਰਨ ਨੂੰ ਜ਼ਿਆਦਾ ਤਰਜੀਹ ਦਿੱਤੀ। ਕਾਂਗਰਸੀ ਲੀਡਰ ਲੋਕਾਂ ਨੂੰ ਯਕੀਨ ਹੀ ਨਹੀਂ ਦਵਾ ਸਕੇ ਕਿ ਉਹ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਅਕਾਲੀ ਦਲ ਨਾਲੋਂ ਜ਼ਿਆਦਾ ਬੇਹਤਰ ਸਮਝਦੇ ਹਨ ਤੇ ਹੱਲ ਕਰ ਸਕਦੇ ਹਨ। ਚਾਹੀਦਾ ਤਾਂ ਇਹ ਸੀ ਕਿ ਕਾਂਗਰਸ ਵਲੋਂ ਚੋਣ ਮਨੋਰਥ ਪੱਤਰ ੬ ਮਹੀਨੇ ਪਹਿਲਾਂ ਤਿਆਰ ਕਰਕੇ ਲੋਕਾਂ ਵਿੱਚ ਲਿਆਂਦਾ ਜਾਂਦਾ, ਪਰ ਇਹ ਨਾ ਹੋ ਸਕਿਆ,ਸੱਚੀ ਗੱਲ ਤਾਂ ਇਹ ਸੀ ਕਿ ਕਾਂਗਰਸ ਇਸ ਬਾਰੇ ਕਦੇ ਵੀ ਗੰਭੀਰ ਹੋਈ ਹੀ ਨਹੀਂ।ਜੇ ਇਸ ਵਾਰੀ ਵਾਰੀ ਪੱਕੀ ਸੀ ਤਾਂ ਹਰ ਕੋਈ ਐਮ ਐਲ ਏ ਸੀਟ ਲਈ ਦਾਵੇਦਾਰੀ ਪੇਸ਼ ਕਿਉਂ ਨਾ ਕਰਦਾ।ਸੀਟਾਂ ਦੀ ਵੰਡ ਨੂੰ ਲੈ ਕੇ ਸ਼ੁਰੂ ਹੋਈ ਕਲ੍ਹਾ ਨੇ ਲੋਕਾਂ ਵਿੱਚ ਕਾਂਗਰਸ ਦੀ ਜੋ ਕਿਰਕਰੀ ਕੀਤੀ ਉਹ ਕਿਸੇ ਤੋਂ ਲੁੱਕੀ ਨਹੀਂ, ਪਰ ਸਵਾਲ ਇਹ ਹੈ ਕਿ ਇਹ ਮਹਾਂਭਾਰਤ ਸ਼ੁਰੂ ਕਿਵੇਂ ਹੋਈ। ਬਿਲਕੁਲ ਸਾਫ ਪੱਧਰੀ ਗੱਲ ਸੀ ਇੱਕ ਇਨਸਾਨ ਜੋ ਕਿਸੇ ਹਲਕੇ ਵਿੱਚ ਪਿਛਲੇ ਪੰਜ ਸਾਲ ਜਿਆਦਤੀ ਝਲਦਾ ਰਿਹਾ ਹੋਵੇ,ਪਾਰਟੀ ਦੇ ਦੁੱਖ ਸੁੱਖ ਵਿੱਚ ਨਾਲ ਖੜ੍ਹਾ ਰਿਹਾ ਹੋਵੇ ਜੇ ਉਸ ਦੀ ਜਗ੍ਹਾ ਕਿਸੇ ਬਾਹਰੋਂ ਲਿਆਂਦੇ ਗਏ ਇਨਸਾਨ ਦੇ ਹੱਥ ਟਿਕਟ ਦੇ ਦਿੱਤੀ ਜਾਵੇ ਜਾਂ ਕਿਸੇ ਉਸ ਤੋਂ ਜੂਨੀਅਰ ਨੂੰ ਟਿਕਟ ਫੜ੍ਹਾ ਦਿੱਤੀ ਜਾਵੇ ਤਾਂ ਜੋ ਹੋਣਾ ਚਾਹੀਦਾ ਸੀ ਬਿਲਕੁਲ ਉਹ ਹੀ ਹੋਇਆ। 2007 ਵਿੱਚ ਵੀ ਇਹ ਹੀ ਗਲਤੀ ਕੀਤੀ ਸੀ ਤੇ ਇਸ ਵਾਰ ਫਿਰ ਉਹ ਹੀ। ਸੀਟਾਂ ਦਾ ਐਲਾਨ ਹੋਇਆ ਸਿਰਫ ਚੰਦ ਦਿਨ ਪਹਿਲਾਂ ਬਹੁਤੇ ਲੀਡਰਾਂ ਦਾ ਜ਼ੋਰ ਟਿਕਟ ਉੱਪਰ ਹੀ ਲੱਗਾ ਰਿਹਾ। ਜੇ ਕਿਤੇ ਐਲਾਨ ੬ ਮਹੀਨੇ ਪਹਿਲਾਂ ਕਰ ਦਿੱਤਾ ਜਾਂਦਾ ਤਾਂ ਉਮੀਦਵਾਰ ਆਪਣੇ ਹਲਕੇ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੰਦੇ {ਬਹੁਤੇ ਨਵੇਂ ਉਮੀਦਵਾਰ ਨਵੀਂ ਹਲਕਾ ਬੰਦੀ ਨੂੰ ਵੀ ਨਹੀਂ ਘੋਖ ਸਕੇ } ਅਤੇ ਜੇ ਕੋਈ ਬਗਾਵਤ ਹੁੰਦੀ ਵੀ ਤਾਂ ਉਸ ਨੂੰ ਸੁਲਝਉਣ ਲਈ ਕੋਲ ਸਮਾਂ ਵੀ ਹੁੰਦਾ. ਕਾਂਗਰਸ ਦੀ ਟਿਕਟਾਂ ਸਬੰਧੀ ਰਣਨੀਤੀ ਇੰਨੀ ਜ਼ਿਆਦਾ ਅਸਪਸ਼ਟ ਸੀ ਕਿ ਦਬਾਅ ਪੈਣ ਤੇ ਉਮਦੀਵਾਰ ਵੀ ਬਦਲੇ ਗਏ।ਇਹ ਕੁਝ ਖਾਸ ਕਾਰਨ ਸਨ ਜਿਨ੍ਹਾਂ ਨੇ ਕਾਂਗਰਸ ਦੀ ਹਾਰ ਵਿੱਚ ਵੱਡੀ ਭੂਮਿਕਾ ਨਿਭਾਈ। ਇਸ ਤੋਂ ਬਿਨਾਂ ਕਮਜ਼ੋਰ ਪਰਚਾਰ, ਮੀਡੀਆ ਉੱਪਰ ਢਿੱਲੀ ਪਕੜ ਵੀ ਕਾਂਗਰਸ ਨੂੰ ਲੈ ਬੈਠੀ, ਸਿਰਫ ਇਹ ਕਹਿ ਕੇ ਬਰੀ ਨਹੀ ਹੋਇਆ ਜਾ ਸਕਦਾ ਕਿ ਮੀਡੀਆ ਉੱਪਰ ਅਕਾਲੀ ਦਲ ਕਾਬਜ਼ ਸੀ, ਉਸ ਦਾ ਹੱਲ ਕਿਉਂ ਨਾ ਲੱਭਿਆ ਗਿਆ,ਪਰ ਕਿਉਂ ਲੱਭਦੇ ਵਾਰੀ ਤਾ ਪੱਕੀ ਸੀ। ਇਸੇ ਲਈ ਤਾਂ ਕਾਂਗਰਸ ਨੇ ਕਿਸੇ ਵੀ ਛੋਟੀ ਖੇਤਰੀ ਪਾਰਟੀ ਜਾਂ ਗੁਰੱਪ ਨਾਲ ਮੇਲਜੋਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਪਾਰਟੀ ਦੀ ਕਮਜ਼ੋਰ ਐਡਮਿਨਸ਼ਟ੍ਰੇਸ਼ਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਾਫ ਸ਼ਬਦਾਂ ਵਿੱਚ ਆਖਿਆ ਜਾਵੇ ਤਾਂ ਪਾਰਟੀ ਕੋਲ ਨੇਤਾ ਤਾਂ ਬਹੁਤ ਸਨ ਪਰ ਨੀਤੀ ਕੋਈ ਨਹੀਂ ਸੀ। ਕਾਂਗਰਸ ਤਾਂ ਮਨਪ੍ਰੀਤ ਤੋਂ ਹੀ ਆਸ ਲਾਈ ਬੈਠੀ ਸੀ ਕਿ ਉਸ ਨੇ ਅਕਾਲੀ ਦਲ ਦਾ ਕਾਫੀ ਨੁਕਸਾਨ ਕਰ ਦੇਣਾ ਅਤੇ ਸਾਡੀ ਜਿੱਤ ਹੋਰ ਵੀ ਅਸਾਨ ਕਰ ਦੇਣੀ ਹੈ। ਆਖੀਰ ਵਿੱਚ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਨਿਘਾਰ ਵੱਲ ਜਾ ਰਹੀ ਹੈ ਜੇ ਫੌਰੀ ਤੌਰ ’ਤੇ ਉਪਰਾਲੇ ਨਾ ਸ਼ੁਰੂ ਕੀਤੇ ਗਏ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਵਿੱਚ ਕਾਂਗਰਸ ਦਾ ਹਾਲ ਵੀ ਬੀ.ਐੱਸ.ਪੀ ਵਰਗਾ ਹੋ ਜਾਵੇਗਾ। ਕਿਉਂਕਿ ਇੱਕ ਮਸ਼ਹੂਰ ਐਕਟਰ ਅਤੇ ਲੇਖਕ ben stein ਕਹਿੰਦਾ ਹੈ ਕਿ ਜਿੱਤਾਂ ਨਾਲ ਭਰਪੂਰ ਜ਼ਿੰਦਗੀ ਵਿੱਚ ਵੀ ਹਾਰਾਂ ਆਉਂਦੀਆਂ ਹਨ ਪਰ ਇਸ ਨਾਲ ਕਦੇ ਜਿੱਤ ਪ੍ਰਤੀ ਇੱਛਾਸ਼ਕਤੀ ਖਤਮ ਨਹੀਂ ਹੁੰਦੀ…ਇਹ ਸਿਰਫ ਉਸ ਵੇਲੇ ਖਤਮ ਹੁੰਦੀ ਹੈ ਜਦੋਂ ਤੁਸੀਂ ਹਾਰ ਅੱਗੇ ਗੋਢੇ ਟੇਕ ਦਿੰਦੇ ਹੋ। ਸੰਪਰਕ: 98881 28634

