
ਸਵਾਤ ਘਾਟੀ ਤਾਲਿਬਾਨੀਆਂ ਦਾ ਗੜ੍ਹ ਮੰਨੀ ਜਾਂਦੀ ਹੈ। ਇਸ ਖੂਬਸੂਰਤ ਵਾਦੀ ਦੇ ਲੋਕ ਡਰ,ਸਹਿਮ ਤੇ ਚੁੱਪ ਦੇ ਹਨੇਰੇ ’ਚ ‘ਜ਼ਿਦਗੀ ਕੱਟ’ ਰਹੇ ਹਨ।ਇਹਨਾਂ ਹੁਸੀਨ ਵਾਦੀਆਂ ’ਚੋਂ ਦਲੇਰੀ ਤੇ ਹੌਂਸਲੇ ਨਾਲ ਭਰੀ ਹੋਈ ਇੱਕ 14 ਸਾਲਾ ਮਲਾਲਾ ਯੂਸਫ਼ਜ਼ਈ ਦੀ ਅਵਾਜ ਚਿੰਗਆੜੀ ਬਣ ਉੱਠਦੀ ਹੈ ਤੇ ਅੱਤਵਾਦੀ ਗੜ ਅੰਦਰ ਭਾਂਬੜ ਬਾਲ ਦਿੰਦੀ ਹੈ।1998 ’ਚ ਜਨਮੀ ਮਲਾਲਾ ਸਵਾਤ ਘਾਟੀ ਦੇ ਕਸਬੇ ਮੰਗੋਰਾ ’ਚ ਕਵੀ ਪਿਤਾ ਜ਼ਿਆ-ਉੱਦ-ਦੀਨ ਯੂਸਫ਼ਜ਼ਈ ਦੀ ਨਿਡਰ ਸੋਚ ਵਾਲੀ ਜਾਈ ਹੈ। ਉਹ ਬਚਪਨ ਤੋਂ ਹੀ ਸਵਾਤ ਦੀਆਂ ਸੁੰਦਰ ਵਾਦੀਆਂ ਅੰਦਰ ਤਾਲਿਬਾਨੀ ਦਹਿਸ਼ਤ ਦਾ ਨੰਗਾ ਨਾਚ ਅੱਖੀਂ ਵੇਖਦੀ ਆ ਰਹੀ ਹੈ।ਗਲੀਆਂ-ਸੜਕਾਂ ਤੇ ਮਨੁੱਖੀ ਲਾਸ਼ਾਂ ਦੇ ਢੇਰ ਕੋਲੋਂ ਲੰਘਦਿਆਂ,ਘਰਾਂ-ਸਕੂਲਾਂ ਅੰਦਰ ਅਨੇਕਾਂ ਪਾਬੰਦੀਆਂ ਦੇ ਜਾਰੀ ਹੁੰਦੇ ਫ਼ਤਵੇ ਸੁਣਦਿਆਂ,ਉਸਨੇ ਛੋਟੀ ਉਮਰੇ ਅੱਤਵਾਦੀ ਦਹਿਸ਼ਤੀ ਬਰਬਰਤਾ ਨੂੰ ਮਹਿਸੂਸ ਕਰ ਲਿਆ ਸੀ, ਪਰ ਉਹ ਨਿਰਮਲ ਬਾਲ ਮਨ ਹਾਲੇ ਨਹੀਂ ਜਾਣਦਾ ਕਿ ਅੱਤਵਾਦ ਦੀ ਜੰਮਣ-ਭੋਂਇ ਤੇ ਇਸਦੀ ਕਬਰ ਕਿਵੇਂ ਪੁੱਟੀ ਜਾ ਸਕਦੀ ਹੈ।
ਮਲਾਲਾ ਨੇ ਆਪਣੇ ਅਨੁਭਵੀ ਵਿਚਾਰ ਬੀ.ਬੀ.ਸੀ. ਦੇ ਇੱਕ ਉਰਦੂ ਬਲਾਗ ’ਤੇ ਆਪਣੇ ਕਲਮੀ ਨਾਂਅ ‘ਗੁਲ ਮੱਕਈ’ਹੇਠ ਪ੍ਰਗਟ ਕਰਨੇ ਸ਼ੁਰੂ ਕਰ ਦਿੱਤੇ ਤੇ ਦਿਨਾਂ ’ਚ ਹੀ ਉਸਦੀ ਅਵਾਜ ਰਾਸ਼ਟਰੀ-ਅੰਤਰਰਾਸ਼ਟਰੀ ਮੰਚ ’ਤੇ ਜਾਣੀ ਜਾਣ ਲੱਗੀ ।ਉਸਨੂੰ ਰਾਸ਼ਟਰੀ-ਅੰਤਰਰਾਸ਼ਟਰੀ ਸ਼ਾਂਤੀ ਪੁਰਸਕਾਰ ਮਿਲੇ।ਉਸਨੇ ਇੱਕ ਰਾਜਨਿਤਕ ਪਾਰਟੀ ਬਣਾ ਕੇ ਅੱਤਵਾਦ ਖਤਮ ਕਰਕੇ ਅਮਨ-ਸ਼ਾਂਤੀ ਸਥਾਪਤ ਕਰਨ ਦਾ ਸੁਪਨਾ ਪਾਲਿਆ।ਉਸ ਨਿਡਰ ਬੱਚੀ ਦੀ ਅਵਾਜ,ਦਲੇਰੀ ਤੇ ਸੁਪਨਿਆਂ ਨੇ ਤਾਲਿਬਾਨੀ ਧੌਂਸ ਨੂੰ ਬੁਖਲਾ ਦਿੱਤਾ,ਦਹਿਸ਼ਤਗਰਦਾਂ ਨੇ ਆਪਣੇ ਗੈਰ-ਮਨੁੱਖੀ ਕਿਰਦਾਰ ਮੁਤਾਬਕ ਸਕੂਲ ਵੈਨ ’ਚ ਘਰ ਵਾਪਸ ਪਰਤ ਰਹੀ ਮਲਾਲਾ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।ਮਲਾਲਾ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।ਦੁਨੀਆਂ ਭਰ ਦੇ ਇਨਸਾਫ਼ਪਸੰਦ ਲੋਕ ਉਸਦੀ ਸਿਹਤਯਾਬੀ ਦੀ ਨਿੱਘੀ ਦਿਲੀਂ ਭਾਵਨਾ ਰੱਖ ਰਹੇ ਹਨ।
ਅੱਤਵਾਦ ਤੇ ਧਾਰਮਿਕ ਮੂਲਵਾਦ ਦੀਆਂ ਜਨਮਦਾਤੀਆਂ ਸਾਮਰਾਜੀ-ਪੂੰਜੀਵਾਦੀ ਤਾਕਤਾਂ ਇਹਨਾਂ ਨੂੰ ਦੁਨੀਆਂ ਲਈ ਵੱਡਾ ਖਤਰਾ ਪੇਸ਼ ਕਰਦੀਆਂ ਹੋਈਆਂ ਲੋਕਾਂ ਦਾ ਧਿਆਨ ਅਸਲ ਦੁਸ਼ਮਣ (ਸਾਮਰਾਜੀ-ਪੂੰਜੀਵਾਦੀ ਲੁਟੇਰੇ ਪ੍ਰਬੰਧ) ਤੋਂ ਵਟਾਉਣਾ ਚਾਹੁੰਦੀਆਂ ਹਨ।ਵਿਸ਼ਵ ਮਨੁੱਖਤਾ ਲਈ ਦਰਪੇਸ਼ ਸਭਨਾਂ ਬੁਰਾਈਆਂ ਦਾ ਖਾਤਮਾ ਕਰਨ ਲਈ,ਮਲਾਲਾ ਨੂੰ ਸੱਚ ਬੋਲਣ ਦੀ ਸਜਾ ਦੇਣ ਵਾਲੇ ਅੱਤਵਾਦੀ ਦਹਿਸ਼ਤਗਰਦਾਂ ਦੇ ਖਾਤਮੇ ਲਈ,ਮਲਾਲਾ ਸਮੇਤ ਅਨੇਕਾਂ ਅਤਿਆਚਾਰਾਂ ਦੀ ਸ਼ਿਕਾਰ ਲੋਕਾਈ ਦੀ ਭਲਾਈ ਲਈ ਚੇਤੰਨ ਤੇ ਇਨਸਾਫਪਸੰਦ ਲੋਕਾਂ ਦੁਆਰਾ ਸਾਮਰਾਜੀ-ਪੂੰਜੀਵਾਦੀ ਵਿਰੋਧੀ ਸੰਘਰਸ਼ਾਂ ਦੇ ਰਾਹ ਚੱਲਦਿਆਂ ਲੋਕਪੱਖੀ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਵੱਲ ਵਧਣ ਤੇ ਹੀ ਇਹਨਾਂ ਕਰੂਰ ਅਲਾਮਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਜਿਹੜੀ ਤਾਲਿਬਾਨੀ ਦਹਿਸ਼ਤੀ ਧੌਂਸ ਨੂੰ ਉਸੇ ਦੇ ਗੜ ਅੰਦਰ 14 ਸਾਲਾ ਬੱਚੀ ਦੀ ਅਵਾਜ ਕੰਬਣੀਆਂ ਛੇੜ ਸਕਦੀ ਹੈ,ਉਸਦੇ ਖੋਖਲੇਪਣ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਕੀ ਹੋ ਸਕਦੀ ਹੈ।ਆਪਣੇ ਹਸ਼ਰ ਨੂੰ ਜਾਣਦਿਆਂ ਅੱਤਵਾਦ ਨਾਲ ਟੱਕਰ ਲੈਣ ਵਾਲੀ ਹਸਪਤਾਲ ਵਿੱਚ ਜ਼ੇਰੇ ਇਲਾਜ ਬੱਚੀ ਮਲਾਲਾ ਦੀ ਇਹ ਕੁਰਬਾਨੀ ਆਪਣੇ-ਆਪ ’ਚ ਇਕ ਸਵਾਲ ਉਭਾਰਦੀ ਹੈ ਕਿ ਤੁਸੀਂ ਜੋ ਚੰਗੇ ਮਿਹਨਤੀ-ਇਮਾਨਦਾਰ ਇਨਸਾਨ ਹੋ, ਤੁਸੀਂ ਹਰ ਤਰ੍ਹਾਂ ਦੇ ਲੁੱਟ-ਜ਼ਬਰ ਤੇ ਅਨਿਆਂ ਦੇ ਜ਼ਿੰਮੇਵਾਰ ਕਾਰਨਾਂ ਨੂੰ ਖਤਮ ਕਰਨ ਲਈ ਕੀ ਕਰ ਰਹੇ ਹੋ?

