ਸ਼ਾਮ ਤੋਂ ਕਣਕ ਗਾਹ ਕੇ
ਥੱਕਿਆ ਟੁੱਟਿਆ
ਮੈਂ ਘਰ ਲਾਗੇ ਪਹੁੰਚਿਆ
ਤਾਂ ਨਾਈਆਂ ਦਾ ਬੁੜਾ
ਖੰਘ ਰਿਹਾ ਸੀ
ਜਿਸ ਨੂੰ ਗਲ ਦਾ ਕੈਂਸਰ ਸੀ
ਇੰਝ ਲੱਗ ਰਿਹਾ ਸੀ
ਕਿ ਹੁਣ ਬਾਪੂ ਨੂੰ
ਸਾਹ ਅੋਖਾ ਆ ਰਿਹਾ ਹੈ ।
ਮੰਜੇ ’ਤੇ ਡਿੱਗਿਆ
ਤਾਂ ਓੁੱਸਲ ਵੱਟੀਆਂ ਲਈਆਂ
ਪਰ ਨੀਂਦ ਨਾ ਆਵੇ
ਨਾਈਆਂ ਦਾ ਬੁੜਾ
ਅਜੇ ਵੀ ਖੰਘ ਰਿਹਾ ਸੀ ।
ਚਾਰ ਕੁ ਵਜੇ
ਨਾਈਆਂ ਦਾ ਬਾਪੂ
ਸ਼ਾਂਤ ਹੋਇਆ
ਫਿਰ ਕਿਧਰੇ ਅੱਖ ਲੱਗੀ ।
ਅੱਖ ਅਜੇ ਲੱਗੀ ਹੀ ਸੀ
ਕਿ ਗੁਰਦੁਆਰੇ ਦੇ ਭਾਈ
ਨੇ ਕੰਨ ਪਾੜਵੀ ਅਵਾਜ਼ ‘ਚ
ਸਪੀਕਰ ਲਾ ਦਿੱਤਾ ।
ਨਾਈਆਂ ਦਾ ਬੁੜਾ ਵੀ
ਫੇਰ ਖੰਘਣ ਲੱਗ ਪਿਆ
ਮੇਰੀ ਵੀ ਨੀਂਦ ਟੁੱਟ ਗਈ ।
ਮੈਂ ਓੁੱਚੀ ਦੇਣੀਂ ਬੋਲਿਆ
“ਸੋ ਲੈਣ ਦਿਓ ਬਜ਼ੁਰਗ ਨੂੰ”
ਘਰ ਦੇ ਕਹਿੰਦੇ ਚੁੱਪ ਕਰ
ਅੱਜ ਸੰਗਰਾਂਦ ਆ ।
ਚਲੋ ਕਈ ਘੰਟੇ ਬੀਤੇ
ਤਾਂ ਪਾਠੀ ਨੇ ਹੁਕਮਨਾਮਾ ਸੁਣਾਇਆ
“ਮਾਨਸ ਕੀ ਜਾਤ
ਸਭੈ ਏਕਾ ਪਹਿਚਾਨਵੋ”
ਫਿਰ ਅਨਾਓੂਮਸਮੈਂਟ ਹੋਈ
“ਲੰਗਰ ਤਿਆਰ ਹੈ
ਸਭ ਨਗਰ ਨਿਵਾਸੀਆਂ ਨੇ
ਛਕ ਕੇ ਜਾਣ ਦੀ ਕ੍ਰਿਪਾਲਤਾ ਕਰਨੀ
“ਆਧਰਮੀਂ ਵੀਰ ਵੀ ਜ਼ਰੂਰ ਪਹੁੰਚਣ”
ਦਿਲ ਕੀਤਾ ਕਿ
ਪਾਠੀ ਨੂੰ ਗਲ ਤੋਂ ਫੜ੍ਹ ਲਵਾਂ
ਤੇ ਦੋ ਚਪੇੜਾਂ ਮਾਰ ਕੇ ਪੁੱਛਾਂ
ਕੀ “ਆਧਰਮੀਂ ਵੀਰ”
ਨਗਰ ਨਿਵਾਸੀਆਂ ‘ਚ ਨਹੀਂ ਆਓੁਂਦੇ ?
ਜਾਂ ਫਿਰ
“ਮਾਨਸ ਕੀ ਜਾਤ
ਸਭੈ ਏਕਾ ਪਹਿਚਾਨਵੋ”
ਆਧਰਮੀਂ ਵੀਰਾਂ ਲਈ ਨਹੀਂ ਹੈ ?
ਇੰਨੇ ਨੂੰ ਗਵਾਂਡ ‘ਚ
ਚੀਕ ਚਿਹਾੜਾ ਪੈ ਗਿਆ
ਕਹਿੰਦੇ ਨਾਈਆਂ ਦਾ ਬੁੜਾ
ਖਤਮ ਹੋ ਗਿਆ ।
ਮੈਨੂੰ ਇਹ ਮੌਤ ਕਤਲ ਲੱਗ ਰਹੀ ਸੀ
ਇੰਝ ਲੱਗ ਰਿਹਾ ਸੀ
ਜਿਵੇਂ ਚਿੱਟੇ ਕੱਪੜਿਆਂ ਵਾਲੇ ਪਾਠੀ ਨੇ
ਨਾਈਆਂ ਦੇ ਬੁੜੇ ਦਾ ਗਲ੍ਹ ਘੁੱਟ ਕੇ
ਕਤਲ ਕਰ ਦਿੱਤਾ ਹੋਵੇ ।

