ਜੇ ਇਸ ਮੌਸਮ ਵਿਚ ਚਮੜੀ ਦੀ ਦੇਖਭਾਲ ਠੀਕ ਢੰਗ ਨਾਲ ਨਾ ਕੀਤੀ ਜਾਏ ਤਾਂ ਝੁਰੜੀਆਂ, ਛਾਈਆਂ, ਕਿੱਲ-ਮੁਹਾਂਸੇ ਆਦਿ ਕਈ ਤਰ੍ਹਾਂ ਦੇ ਚਮੜੀ ਦੇ ਰੋਗ ਹੋ ਜਾਂਦੇ ਹਨ। ਚਮੜੀ ਦੇ ਖੁੱਲ੍ਹੇ ਰੋਮ-ਛਿੱਦਰਾਂ ਦੀ ਜੇ ਠੀਕ ਢੰਗ ਨਾਲ ਸਫਾਈ ਨਾ ਕੀਤੀ ਜਾਏ ਤਾਂ ਚਮੜੀ ਦੀ ਸੁੰਦਰਤਾ ਨਸ਼ਟ ਹੋ ਜਾਂਦੀ ਹੈ। ਜੇ ਚਮੜੀ ਸਿਹਤਮੰਦ ਹੋਵੇ ਤਾਂ ਉਮਰ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ। ਕੁਝ ਨੁਕਤੇ ਹਨ, ਜਿਨ੍ਹਾਂ ਨਾਲ ਅਸੀਂ ਇਸ ਮੌਸਮ ਵਿਚ ਚਮੜੀ ਦੀ ਠੀਕ ਦੇਖਭਾਲ ਕਰ ਸਕਦੇ ਹਾਂ।
ਚਮੜੀ ਦੀ ਸਫਾਈ
ਜੇ ਚਮੜੀ ਦੀ ਦੇਖਭਾਲ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਇਸ ਉੱਤੇ ਵੱਧਦੀ ਉਮਰ ਅਤੇ ਤਣਾਅ ਦਾ ਅਸਰ ਨਹੀਂ ਹੁੰਦਾ। ਚਮੜੀ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿਓ। ਇਸ ਲਈ ਵਧੀਆ ਕਲੀਨਜ਼ਰ ਦੀ ਵਰਤੋਂ ਕਰੋ। ਕਲੀਨਜ਼ਰ ਹਮੇਸ਼ਾ ਆਪਣੀ ਚਮੜੀ ਦੇ ਅਨੁਸਾਰ ਹੀ ਇਸਤੇਮਾਲ ਕਰੋ। ਦਹੀ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ। ਦਿਨ ਵਿਚ ਦੋ ਵਾਰ ਨਹਾਉਣਾ ਚਾਹੀਦਾ ਹੈ। ਇਸ ਮੌਸਮ ਵਿਚ ਮਸਾਜ਼ ਕਰਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਖਾਣ ਪੀਣ ਵੱਲ ਧਿਆਨ
ਆਪਣੇ ਖਾਣ ਪੀਣ ਵੱਲ ਧਿਆਨ ਦਿਓ। ਫਰੂਟ, ਸਲਾਦ ਜ਼ਿਆਦਾ ਖਾਣਾ ਚਾਹੀਦਾ ਹੈ। ਵਿਟਾਮਿਨ-ਸੀ ਲਹੂ ਨੂੰ ਸਾਫ ਰੱਖਦਾ ਹੈ। ਇਸ ਲਈ ਅੰਗੂਰ, ਸੰਤਰਾ, ਨਿੰਬੂ, ਹਰੀਆਂ ਸਬਜੀਆਂ ਖਾਓ। ਤਾਜ਼ੀਆਂ ਸਬਜ਼ੀਆਂ ਅਤੇ ਦੁੱਧ ਤੋਂ ਵਿਟਾਮਿਨ-ਬੀ ਮਿਲਦਾ ਹੈ, ਜਿਹੜਾ ਚਮੜੀ ਨੂੰ ਸੁੰਦਰ ਬਣਾਉਦਾ ਹੈ। ਖਾਣੇ ਵਿਚ ਦਹੀਂ ਦੀ ਵਰਤੋ ਵਧਾਉਣੀ ਚਾਹੀਦੀ ਹੈ। ਡਾਕਟਰ ਦੀ ਸਲਾਹ ਨਾਲ ਉਮੇਗਾ ਥ੍ਰੀ ਫੈਟੀ ਐਸਿਡ ਤੇ ਜ਼ਰੂਰੀ ਵਿਟਾਮਿਨਾਂ ਦੇ ਕੈਪਸੂਲ ਲੈ ਲੈਣੇ ਚਾਹੀਦੇ ਹਨ।
ਖੁੱਲ੍ਹਾ ਪਾਣੀ ਪੀਓ
ਚਮੜੀ ਨੂੰ ਤਾਜ਼ਾ ਰੱਖਣ ਲਈ ਪਾਣੀ ਦਾ ਬੜਾ ਮਹੱਤਵ ਹੈ। ਦਿਨ ਵਿਚ 10-15 ਗਿਲਾਸ ਪਾਣੀ ਪੀਓ। ਜਿਨ੍ਹਾਂ ਦੀ ਚਮੜੀ ਥਿੰਦੀ ਹੋਵੇ ਉਹ ਚਰਬੀ ਵਾਲੇ ਪਦਾਰਥਾਂ ਦਾ ਸੇਵਨ ਘੱਟ ਕਰਨ। ਇਸ ਨਾਲ ਤੇਲ ਵਾਲੀਆਂ ਗਰੰਥੀਆਂ ਜ਼ਿਆਦਾ ਕੰਮ ਕਰਨ ਲੱਗ ਪੈਂਦੀਆਂ ਹਨ ਅਤੇ ਰੋਮ-ਛਿੱਦਰਾਂ ਵਿਚ ਰੁਕਾਵਟ ਪੈਦਾ ਹੋ ਜਾਂਦੀ ਹੈ। ਚਾਹ ਕੌਫੀ ਵਰਗੇ ਪਦਾਰਥਾਂ ਦੀ ਵਰਤੋਂ ਵੀ ਘੱਟ ਮਾਤਰਾ ਵਿਚ ਕਰੋ।
ਕਸਰਤ ਕਰੋ
ਕਸਰਤ ਵੀ ਚਮੜੀ ਨੂੰ ਸਿਹਤਮੰਦ ਰੱਖਦੀ ਹੈ। ਇਸ ਲਈ ਰੋਜ਼ਾਨਾ ਕਸਰਤ ਅਤੇ ਸੈਰ ਜ਼ਰੂਰ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਬਹੁਤ ਜ਼ਿਆਦਾ ਸਖਤ ਕਸਰਤ ਅਤੇ ਪਸੀਨਾ ਨਾ ਵਹਾਉਣਾ ਪਵੇ।
ਧੁੱਪ ਤੋਂ ਬਚੋ
ਜ਼ਿਆਦਾ ਦੇਰ ਧੁੱਪ ਵਿਚ ਰਹਿਣ ਨਾਲ ਚਮੜੀ ਝੁਲਸ ਜਾਂਦੀ ਹੈ। ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਤੋਂ ਬਚਣ ਲਈ ਚੰਗਾ ਸਨਸਕਰੀਨ ਵਰਤੋ। ਧੁੱਪ ਵਿਚ ਜਾਣ ਤੋਂ ਪਹਿਲਾਂ ਪਾਣੀ ਜ਼ਰੂਰ ਪੀਓ। ਹਲਕੇ ਰੰਗ ਦੇ ਕਪੜੇ ਪਹਿਨਣੇ ਚਾਹੀਦੇ ਹਨ ਅਤੇ ਗੌਗਲਜ਼ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

