ਉਂਝ ਵੀ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਚੁੱਕੀ ਹੈ ਕਿ ਅਜੋਕੀ ਰਾਜਨੀਤੀ ਐਨੀ ਭ੍ਰਿਸ਼ਟ ਤੇ ਗੰਦੀ ਹੋ ਚੁੱਕੀ ਹੈ ਕਿ ਇਸ ਵਿੱਚ ਇੱਕ ਇਮਾਨਦਾਰ ਇਨਸਾਨ ਦਾ ਕਾਮਯਾਬ ਹੋਣਾ ਤਾਂ ਦੂਰ ਬਹੁਤੀ ਦੇਰ ਟਿਕਣਾ ਵੀ ਸੰਭਵ ਨਹੀਂ ਹੈ ਕਿਉਂਕਿ ਇਸ ਖੇਤਰ ਵਿੱਚ ਅੱਜ ਕੱਲ ਧੱਕੜ ਤੇ ਧਨਾਢ ਬੰਦਿਆਂ ਦਾ ਹੀ ਬੋਲਬਾਲਾ ਤੇ ਅਜਾਰੇਦਾਰੀ ਹੈ । ਅਨੇਕਾਂ ਪ੍ਰਕਾਰ ਦੀਆਂ ਅਲਾਮਤਾਂ ਨਾਲ ਰਾਜਨੀਤੀ ਦੇ ਪੂਰੀ ਤਰ੍ਹਾਂ ਗਲ-ਸੜ ਚੁੱਕੇ ਛੱਪੜ ਵਿੱਚ ਵੜ ਕੇ ਕਿਸੇ ਦਾ ਉਸਦੇ ਅੰਦਰਲੇ ਚਿੱਕੜ ਰੂਪੀ ਗੰਦ ਤੋਂ ਨਿਰਲੇਪ ਰਹਿਣਾ ਮੁਸ਼ਕਿਲ ਹੀ ਨਹੀਂ ਅਸੰਭਵ ਵੀ ਹੈ । ਜੇਕਰ ਵੱਖੋ-ਵੱਖ ਖੇਤਰਾਂ ਵਿੱਚੋਂ ਰਾਜਨੀਤੀ ਵਿੱਚ ਆਏ ਲੋਕਾਂ ਦੀ ਬਾਰੀਕੀ ਨਾਲ ਘੋਖ ਪੜਤਾਲ ਕੀਤੀ ਜਾਵੇ ਤਾਂ ਸਭ ਦਾ ਏਹੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਇਹ ਸਾਰੇ ਆਪਣੇ ਪਹਿਲੇ ਖੇਤਰ ਵਿੱਚ ਉਮਰ ਹੰਢਾਉਣ ਉਪਰੰਤ ਹੀ ਰਾਜਨੀਤੀ ਵਿੱਚ ਆਏ ਸਨ ਤੇ ਆ ਰਹੇ ਹਨ । ਫੇਰ ਭਾਵੇਂ ਉਹ ਖੇਤਰ ਮੁੰਬਈ ਫਿਲਮ ਇੰਡਸਟਰੀ ਦੇ ਕਲਾਕਾਰਾਂ, ਸਾਹਿਤਕਾਰਾਂ, ਖਿਡਾਰੀਆਂ ਜਾਂ ਫਿਰ ਪੰਜਾਬੀ ਗਾਇਕੀ ਦਾ ਹੀ ਕਿਉਂ ਨਾ ਹੋਵੇ । ਇਸ ਦੀ ਸਭ ਤੋਂ ਵੱਡੀ ਮਿਸਾਲ ਪੰਜਾਬ ਸਰਕਾਰ ਦੀ ਮਿਹਰਬਾਨੀ ਨਾਲ ਪਿਛਲੇ ਲੰਬੇ ਸਮੇਂ ਤੋਂ ਰਾਜ ਗਾਇਕੀ ਦੀ ਉਪਾਧੀ ਦਾ ਆਨੰਦ ਮਾਣ ਰਹੇ ਗਾਇਕ ਦੀ ਲਈ ਜਾ ਸਕਦੀ ਹੈ ਜੋ ਪੰਜਾਬੀ ਗਾਇਕੀ ਦੀ ਮਾਰਕੀਟ ਵਿੱਚੋਂ ਮਨਫੀ ਹੋਣ ਦੇ ਬਾਵਜੂਦ ਵੀ ਇਸ ਖਿਤਾਬ ’ਤੇ ਬਰਕਰਾਰ ਹੈ । ਜਦਕਿ ਸੰਗੀਤ ਦੀ ਸੁਰ-ਸਾਧਨਾ ਤੇ ਸਰੋਤਿਆਂ ਵਿੱਚ ਲੋਕ-ਪ੍ਰਿਅਤਾ ਦੇ ਲਿਹਾਜ ਤੋਂ ਬਹੁਤ ਸਾਰੇ ਨਵੇਂ ਗਾਇਕ ਇਸ ਤੋਂ ਕਾਫੀ ਅੱਗੇ ਨਿਕਲ ਚੁੱਕੇ ਹਨ । ਇਹ ਸਭ ਕੁਝ ਜਾਣਦੇ ਬੁੱਝਦੇ ਹੋਏ ਵੀ ਰਾਜ ਗਾਇਕ ਦਾ ਖਿਤਾਬ ਕਿਸੇ ਹੱਕਦਾਰ ਨੂੰ ਨਾ ਦੇਣਾ ਇਸ ਭਾਈ ਸਾਹਿਬ ਦੀ ਸਿਆਣਪ ਨਹੀਂ ਕਹੀ ਜਾਵੇਗੀ । ਬਾਕੀ ਆਪਣੇ ਆਪ ਨੂੰ ਫੱਕਰ ਗਾਇਕ ਤੇ ਸਾਈਂ ਲੋਕ ਸਮਝਣ ਵਾਲੇ ਇਸ ਸ਼ਖ਼ਸ ਵੱਲੋਂ ਪਿਛਲੇ ਸਮੇਂ ਦੌਰਾਨ ਲੋਕ ਸਭਾ ਦੀ ਚੋਣ ਹਾਰਨ ਉਪਰੰਤ ਸਿਆਸਤ ਤਿਆਗਣ ਦੇ ਦਿੱਤੇ ਬਿਆਨ ਤੋਂ ਚੰਦ ਦਿਨ ਬਾਅਦ ਇੱਕ ਖਾਸ ਪਾਰਟੀ ਦਾ ਵੱਡਾ ਅਹੁਦਾ ਲੈਣਾ ਇਸਦੀ ਕਹਿਣੀ ਤੇ ਕਰਨੀ ਉਪੱਰ ਕਿੰਤੂ ਪਰੰਤੂ ਤੇ ਸ਼ੱਕ ਕਰਨ ਲਈ ਮਜਬੂਰ ਕਰਦਾ ਹੈ ਅਤੇ ਇਸ ਦੁਆਰਾ ਦਿੱਤੇ ਗਏ ਪਹਿਲੇ ਬਿਆਨ ਨੂੰ ਵੱਡਾ ਅਹੁਦਾ ਲੈਣ ਲਈ ਖੇਡੀ ਗਈ ਸਿਆਸਤ ਦੀ ਚਾਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਅਤੇ ਜੋ ਇਹਨਾਂ ਲੋਕਾਂ ਦੇ ਸਿਆਸਤ ਵਿੱਚ ਆਉਣ ਦੀ ਮਨਸ਼ਾ ਦਾ ਵੀ ਸਾਫ-ਸਾਫ ਪ੍ਰਗਟਾਵਾ ਕਰਦੀ ਹੈ ।
ਅੰਤ ਵਿੱਚ ਮੈਂ ਇਹਨਾਂ ਦੋਵਾਂ ਗਾਇਕਾਂ ਦਾ ਰਾਜਨੀਤੀ ਵਿੱਚ ਆਉਣ ਦੀ ਮਨਸ਼ਾ ਨੂੰ ਹੋਰ ਵਧੇਰੇ ਵਧੀਆ ਤਰੀਕੇ ਨਾਲ ਸਾਫ ਕਰਦਾ ਹੋਇਆ ਲਿਖਣਾ ਚਾਹੁੰਦਾ ਹਾਂ ਕਿ ਇਹ ਦੋਵੇਂ ਸ਼ਖ਼ਸ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਹੋਏ ਹਨ ਪਰ ਇਹਨਾਂ ਦੀ ਅਜੇ ਤੱਕ ਪੰਜਾਬ ਦੇ ਲੋਕਾਂ ਨੂੰ ਸਮੇਂ-ਸਮੇਂ ਦਰਪੇਸ਼ ਆਈਆਂ ਮੁਸ਼ਕਿਲਾਂ, ਵਾਪਰੇ ਹਾਦਸਿਆਂ ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਕੋਈ ਗੱਲ ਸੁਣਨੀ ਤਾਂ ਦੂਰ ਕਦੇ ਉਹਨਾਂ ਦੁਖੀ ਬੇਸਹਾਰਾ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਦੀ ਵੀ ਕੋਈ ਉਦਾਹਰਣ ਘਟਨਾ ਭਾਲਿਆਂ ਨਹੀਂ ਲੱਭਦੀ ਇਸ ਕਾਰਨ ਜੇਕਰ ਇਹ ਕਹਿ ਲਿਆ ਜਾਵੇ ਕਿ ਇਹ ਭਾਈ ਸਾਹਿਬ ਵੀ ਦੂਜੇ ਰਾਜਨੀਤਿਕ ਨੇਤਾਵਾਂ ਵਾਂਗ ਰਾਜਨੀਤੀ ਵਿੱਚ ਲੋਕਾਂ ਦਾ ਨਹੀਂ ਆਪਣਾ ਨਿੱਜ ਸੰਵਾਰਨ ਲਈ ਆਏ ਹਨ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ । ਬਾਕੀ ਅੰਤ ਵਿੱਚ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਵੇਂ ਮਾੜੇ ਤੋਂ ਮਾੜੇ ਸਮੇਂ ਵਿੱਚ ਵੀ ਕੁਝ ਚੰਗਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਉਸੇ ਤਰ੍ਹਾਂ ਇਸ ਅਤਿ ਗੰਦਲੀ ਹੋ ਚੁੱਕੀ ਸਿਆਸਤ ਦੇ ਖੇਤਰ ਵਿੱਚ ਵੀ ਇਹਨਾਂ ਦੋਵਾਂ ਕਲਾਕਾਰਾਂ ਕੋਲੋਂ ਪੰਜਾਬ ਦੇ ਲੋਕਾਂ ਦੀ ਭਲਾਈ ਦੀ ਆਸ ਬਾਕੀ ਹੈ ।

