ਯਖ਼ ਹੋਏ ਦਿਮਾਗ਼ ਦਾ ਮੈਂ ਕੀ ਕਰਾਂ।
ਜ਼ਿੰਮੇਵਾਰੀਆਂ ਦੇ ਅਹਿਸਾਸ ਦਾ ਮੈਂ ਕੀ ਕਰਾਂ।
ਮੇਰੇ ਅੰਦਰ ਇੱਕ ਸੂਰਜ ਮਘਦਾ ਹੀ ਸਈ,
ਪਰ ਬਾਹਰ ਪਸਰੇ ਸੰਘਣੇ ਘੁੱਪ ਹਨੇਰੇ ਦਾ ਮੈਂ ਕੀ ਕਰਾਂ।
ਅੰਦਰ ਖਿੜੀ ਸੰਵੇਦਨਾ ਦੀ ਕਲੀ ਬਚਾਉਂਦਾ ਰਿਹਾ,
ਪਰ ਸ਼ਰੇਆਮ ਹੁੰਦੇ ਸੰਵੇਦਨਾ ਦੇ ਘਾਣ ਦਾ ਮੈਂ ਕੀ ਕਰਾਂ।
ਜ਼ਮਾਨੇ ਦੀਆਂ ਤਲਖ਼ ਠੋਕਰਾਂ ਦੀ ਮਾਰ ਹੀ ਕੁਝ ਐਸੀ ਸੀ,
ਆਪਣੀ ਹੋਂਦ ਵਿੱਚੋਂ ਝਲਕਦੀ ਹੁਣ ਇਸ ਟੇਡ ਦਾ ਮੈਂ ਕੀ ਕਰਾਂ।
ਆਖਣਾ ਸੀ ਉਸ ਨੂੰ ਨਾ ਜਾਈਂ ਪਰਦੇਸ ਕਿਤੇ,
ਪਰ ਜਾਂਦੀ ਵਾਰੀ ਬਿਨਾਂ ਮਿਲੇ ਉਹਦੇ ਜਾਣ ਨੂੰ ਮੈਂ ਕੀ ਕਰਾਂ।
ਬੜੀ ਰੀਝ ਨਾਲ ਸੰਜੋਇਆ ਇੱਕ ਸੁਫ਼ਨਾ ਹੀ ਸੀ ਉਹ,
ਪਰ ਅੱਖ ਖੁੱਲ੍ਹ ਜਾਣ ਤੋਂ ਪਹਿਲਾਂ ਉਹਦੇ ਟੁੱਟ ਜਾਣ ਨੂੰ ਮੈਂ ਕੀ ਕਰਾਂ।
ਬਹੁਤ ਕੁਝ ਕਿਹਾ ਸੀ ਉਸ ਮੈਨੂੰ ਕਈ ਕਈ ਵਾਰ,
ਪਰ ਆਪਣੇ ਮੂੰਹੋਂ ਨਾ ਨਿਕਲੇ ਕੁਝ ਬੋਲਾਂ ਦਾ ਮੈਂ ਕੀ ਕਰਾਂ।
ਜਗਰੂਪ ਸਹਾਰ ਹੁਣ ਬਿਰਹਾ ਦੀ ਤਿੱਖੀ ਪੀੜ,
ਤੇਰੇ ਪੱਛੜ ਕੇ ਜਾਗੇ ਅਹਿਸਾਸਾਂ ਦਾ ਮੈਂ ਕੀ ਕਰਾਂ।

