ਜਿਸ ਦੀਆਂ ਤਾਰਾਂ ਨੂੰ ਵਰ੍ਹਿਆਂ ਤੋਂ ਕਿਸੇ ਨੇ ਛੇੜਿਆ ਨਹੀਂ …
ਕੀ ਕੋਈ ਹੈ ?
ਕਿ ਜਿਸ ਨੂੰ ਸੁਰਾਂ ਦੀ ਸੋਝ੍ਹੀ ਹੋਵੇ, ਓਹ ਆਵੇ , ਮੈਨੂੰ ਵਜਾ ਲਵੇ …
ਇਸ ਉੱਪਰ ਆਪਣੇ ਗੀਤਾਂ ਦਾ ਇੱਕ ਅਨਹਦ ਨਾਦ ਛੇੜ ਲਵੇ
ਅਤੇ ਮੈਂ ਉਸਦੇ ਨਾਦ ਉੱਪਰ ਨੱਚ ਕੇ ਵੇਖ ਲਵਾਂ..
ਜਿਊ ਕੇ ਵੇਖ ਲਵਾਂ ….!
ਮੈਂ ਇੱਕ ਅਜਿਹੇ ਬਾਂਸ ਦੀ ਪੋਰੀ ਹਾਂ
ਸੀਨੇ ਵਿੱਚ ਸ਼ੇਕ ਪੁਆਈ ਇੱਕ ਵੰਝਲੀ ਜੇਹੀ…
ਕੀ ਕੋਈ ਹੈ ?
ਜਿਸਦੇ ਬੁੱਲ੍ਹ ਫ਼ਰਕ ਰਹੇ ਹੋਣ …
ਓਹ ਆਵੇ ਮੇਰੇ ਛੇਕਾਂ ਨੂੰ ਚੁੰਮ ਲਵੇ,
ਇੱਕ ਮਰਹਮ ਦੀ ਤਰ੍ਹਾਂ…
ਮੈਨੂੰ ਵਜਾ ਲਵੇ ਤੇ ਆਪਣੀਆਂ ਹੂਕਾਂ ਨੂੰ ਖਿਲਾਰ ਲਵੇ
ਸੰਨਾਟੇ ਦੀ ਸੁੰਨ ਵਿੱਚ …

ਅਤੇ ਮੈਂ ਉਸਦੀ ਵੇਦਨਾ ਵਿੱਚ ਫੜਕ ਕੇ ਵੇਖ ਲਵਾਂ …
ਵਿਗਸ ਕੇ ਵੇਖ ਲਵਾਂ ..
ਤੜਫ਼ ਕੇ ਵੇਖ ਲਵਾਂ…!
ਮੈਂ ਇੱਕ ਅਜੇਹੀ ਪੱਟੀ ਹਾਂ ਰੀਝਾਂ ਦੀ,
ਆਪਣੇ ਪੱਲੂ ਉੱਪਰ ਘੁੰਗਰੂਆਂ ਦੇ ਸੁਪਨੇ ਜੜਾਈ ਬੈਠੀ….
ਜਿਸਦੇ ਪੈਰਾਂ ਵਿੱਚ ਅੱਚੋਤਾਈ ਹੋਵੇ
ਜੀਵਨ- ਰਾਹਾਂ ਉੱਪਰ ਨੱਚਣ ਦੀ ਤੜਫ ਹੋਵੇ …
ਓਹ ਆਵੇ….
ਆਪਣੇ ਤਾਂਡਵ ਨਾਚ ਦਾ ਝੂੰਮਰ ਨੱਚ ਕੇ ਵੇਖ ਲਵੇ
ਅਤੇ ਮੈਂ ਉਸਦੀ ਲੋਰ ਵਿੱਚ ਛਣਕ ਕੇ ਵੇਖ ਲਵਾਂ …
ਛੰਨ ਛਨਾ ਕੇ ਵੇਖ ਲਵਾਂ…
ਜ਼ਿੰਦਗੀ !
ਕਦੀ ਮੇਰੇ ਕੋਲ , ਇੱਕ ਵਾਰੀ ਆ ਤੇ ਸਹੀ !
ਬਾਂਹ ਵਿੱਚ ਬਾਂਹ, ਮੇਰੇ ਤੂੰ ਕਦੀ ਪਾ ਤੇ ਸਹੀ !
ਤੂੰ ਦੋ ਪੈਰ ਮੇਰੇ ਨਾਲ ਇੱਕ ਵਾਰ ਤੁਰ ਕੇ ਤਾਂ ਵੇਖ !
ਜੇ ਤੂੰ ਕਿੱਕਲੀ ਨਾਂ ਪਾਉਣ ਲੱਗ ਜਾਵੇਂ ਤਾਂ ਮੇਰਾ ਜੁੰਮਾਂ !!
ਮੈਂ ਉਸ ਨੂੰ ਉਡੀਕ ਰਿਹਾਂ ਹਾਂ ਓਸ ਗੀਤ ਨੂੰ ..
ਉਸ ਹੂਕ ਨੂੰ …
ਓਸ ਹਮਰਾਹੀ ਨੂੰ…
ਮੈਂ ਜਿਸਦਾ ਸਾਜ਼ ਹਾਂ ,
ਜਿਸਦੀ ਵੰਝਲੀ ਹਾਂ …
ਜਿਸਦੇ ਜੀਵਨ ਨਾਚ ਦੇ ਘੁੰਗਰੂ ਹਾਂ
ਜਿਸਦੀ ਵਰ੍ਹਿਆਂ ਭਰੀ ਉਡੀਕ ਹਾਂ ….!
ਤੂੰ ਇੱਕ ਵਾਰੀ ਆ ਤੇ ਸਹੀ …
ਜੇ ਕਦੇ ਮੁੜ ਕੇ ਜਾਣ ਦੀ ਸੋਚ ਵੀ ਜਾਵੇਂ ਤਾਂ ਮੇਰਾ ਜੁੰਮਾਂ…


