ਗ਼ਦਰ ਸ਼ਤਾਬਦੀ ਨੂੰ ਸਮਰਪਿਤ
ਸਕੂਲੋਂ ਛੁੱਟੀ ਸਮੇਂ
ਅਕਸਰ ਹੀ ਮੇਰੀ ਬੱਚੀ
ਕਰਦੀ ਹੈ ਤਗੀਦ
ਆਪਣੇ ਪਿਉ ਤੇ ਦਾਦੇ ਨੂੰ
ਕਿ ਉਹ ਖੜ੍ਹਿਆ ਕਰਨ
ਸਕੂਲ ਦੇ ਗੇਟ ਤੋਂ ਬਾਹਰ
ਦਾਹੜੀ,ਪੱਗ ‘ਚ ਮੌਜੂਦਗੀ ਦੇਖ
ਹੀਣ ਭਾਵਨਾ ਮਹਿਸੂਸ ਹੁੰਦੀ ਹੈ
ਉਸ ਨੂੰ ਗੋਰੀਆਂ ਸਹੇਲੀਆਂ ‘ਚ
ਵਿਰਸੇ ਤੋਂ ਅਣਭੋਲ
ਗੁਲਾਬ ਕੌਰ ਦੀ ਵਾਰਸ
ਇਸ ਬੱਚੀ ਤੇ
ਮੈਂਨੂੰ ਤਰਸ ਆਉਂਦਾ ਹੈ
ਇੱਧਰ ਵੱਖਰੀ ਰੰਗ ਨਸਲ ਦੀਆਂ
ਮੇਰੀਆਂ ਸਹਿਕਰਮਣਾਂ
ਫਿਕਰਮੰਦ ਹਨ
ਮੇਰੇ ਘਰ ਦੀ ਚਾਰ ਦੀਵਾਰੀ ਅੰਦਰ
ਮੇਰੀ ਸੁਰੱਖਿਅਤਾਂ ਨੂੰ ਲੈ ਕੇ
ਲੰਚ ਬਰੇਕ ਵੇਲੇਂ
ਅਕਸਰ ਹੀ ਛੇੜ ਲੈਂਦੀਆਂ ਹਨ
ਪੰਜਾਬੀ ਪਤੀਆਂ ਹੱਥੋਂ
ਬੇਰਹਿਮੀ ਨਾਲ ਕਤਲ਼ ਹੋਈਆਂ
ਪਤਨੀਆਂ ਦੀਆਂ ਕਹਾਣੀਆਂ
ਉਹ ਚਟਕਾਰੇ ਲੈ ਲੈ ਦੱਸਦੀਆਂ
ਗੁਰਦੁਆਰੇ ਦੇ ਭਾਈਆਂ,ਪਾਠੀਆਂ ਦੀ
ਜਿਣਸੀ ਹਮਲਿਆਂ ਵਿੱਚ ਸ਼ਮੂਲੀਅਤ,
ਪਿਉ,ਭਰਾ,ਮਾਮਿਆਂ ,ਚਾਚਿਆਂ ਨਾਲ
ਵਿਆਹ ਕਰਵਾ ਵਿਦੇਸ਼ ਆਉਣ ਦੇ ਕਿੱਸੇ,
ਹਵਾਈ ਅੱਡਿਆਂ ਤੋਂ ਹੀ ਵਿਆਦੜਾਂ ਦੇ
ਫਰਾਰ ਹੋਣ ਦੀ ਚਰਚਾ,
ਮੌਲਾਂ ਵਿੱਚ ਬਹਿ ਗੋਰੀਆਂ ਦੀ
ਅਰਧ ਨਗਨਤਾ ਤੱਕਦੇ
ਫਿਕਰੇ ਕੱਸਦੇ,ਚਿੱਟੀਆਂ ਦਾਹੜੀਆਂ ‘ਚ
ਹੱਥ ਫੇਰ ਖਚਰੀ ਹਾਸੀ ਹੱਸਦੇ
ਤੇ ਕਦੇ ਡਾਲਰ ਦਿਖਾ ਇਸ਼ਾਰੇ ਕਰਦੇ
ਬਾਬਿਆਂ ਨੂੰ ਲੰਬੇ ਹੱਥੀ ਲੈਂਦੀਆਂ
ਉਹ ਸਾਡੇ ਭੱਦਰ ਪੁਰਸ਼ਾਂ ਦੇ ਨਸ਼ਿਆਂ ਰੂਪੀ
ਜ਼ਹਿਰ ਦੇ ਵਪਾਰ ਵਿੱਚ ਰੰਗੇ ਹੱਥਾਂ ਦੀਆਂ
ਖਬਰਾਂ ਨੂੰ ਨਸ਼ਰ ਕਰਦੀਆਂ
ਮੈਂ ਖਮੋਸ਼ ਰਹਿੰਦੀ ਹਾਂ
ਕਿਉਂ ਕਿ ਮੈਂ ਜਾਣਦੀ ਹਾਂ
ਇਹ ਕੁਝ ਕਾਲੀਆਂ ਭੇਡਾਂ
ਨਹੀਂ ਹਨ ਵਾਰਸ ਗ਼ਦਰੀ ਬਾਬਿਆਂ ਦੀਆਂ
ਜੋ ਗੁਲਾਮੀ ਤੇ ਗਰੀਬੀ ਦੇ ਸਤਾਏ
ਖੱਟਣ ਕਮਾਉਣ ਆਏ
ਨਸਲੀ ਵਿਤਕਰੇ ਦੇ ਨਸ਼ਤਰ ਸਹਿੰਦੇ
ਜ਼ਮੀਰਾਂ ਦੀ ਅਵਾਜ਼ ਸੁਣ
ਪਰਿਵਾਰਾਂ ਦਾ ਸੁੱਖ ਤਿਆਗ
ਮੁੜ ਗਏ ਸਨ ਵਤਨਾਂ ਨੂੰ
ਗੁਲਾਮੀ ਦਾ ਜੂਲਾ ਲਾਉਣ
ਜੁਅਨੀਆਂ ਨੂੰ ਝੋਕਣ
ਜੇਲ੍ਹਾਂ ਕੱਟਣ ,ਚੱਕੀਆਂ ਪੀਸਣ
ਫਾਂਸੀਆਂ ਚੜ੍ਹਣ, ਸ਼ਹੀਦੀਆਂ ਪਾਉਣ
ਇਹ ਕਿਰਪਾਲ ਤੇ ਬੇਲਾਂ ਸਿੰਘ ਦੇ ਸਕੇ ਸੋਦਰੇ
ਨਹੀਂ ਕਰ ਸਕਦੇ ਧੁੰਦਲਾਂ
ਗ਼ਦਰੀ ਬਾਬਿਆਂ ਦੇ ਸੱਚੇ ਸੁੱਚੇ ਅਕਸ ਨੂੰ
ਕਿਉਂ ਕਿ ਉਹਨਾਂ ਦੀ ਜੋਤ ਅੱਜ ਵੀ ਜਗਦੀ ਹੈ
ਦੁਨੀਆਂ ਭਰ ‘ਚ ਨਸਲੀ ਵਿਤਕਰਿਆਂ ਖਿਲਾਫ਼ੳਮਪ; ਲੜਦੇ
ਚੇਤਨ ਮਨੁੱਖ ਅੰਦਰ ।

