By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੀ ਪੰਜਾਬ ਲਈ ਵਾਕਿਆ ਹੀ ਖ਼ਤਰਨਾਕ ਹੈ ਪ੍ਰਵਾਸੀ ਮਜ਼ਦੂਰਾਂ ਦੀ ਆਮਦ? – ਸ਼ਿਵ ਇੰਦਰ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸਿੱਧੀ-ਸਾਦੀ ਗੱਲ > ਕੀ ਪੰਜਾਬ ਲਈ ਵਾਕਿਆ ਹੀ ਖ਼ਤਰਨਾਕ ਹੈ ਪ੍ਰਵਾਸੀ ਮਜ਼ਦੂਰਾਂ ਦੀ ਆਮਦ? – ਸ਼ਿਵ ਇੰਦਰ ਸਿੰਘ
ਸਿੱਧੀ-ਸਾਦੀ ਗੱਲ

ਕੀ ਪੰਜਾਬ ਲਈ ਵਾਕਿਆ ਹੀ ਖ਼ਤਰਨਾਕ ਹੈ ਪ੍ਰਵਾਸੀ ਮਜ਼ਦੂਰਾਂ ਦੀ ਆਮਦ? – ਸ਼ਿਵ ਇੰਦਰ ਸਿੰਘ

ckitadmin
Last updated: July 12, 2025 7:37 am
ckitadmin
Published: March 24, 2012
Share
SHARE
ਲਿਖਤ ਨੂੰ ਇੱਥੇ ਸੁਣੋ

ਇਹ ਲੇਖ ਜਦੋਂ 2005 – 6 ਵਿੱਚ `ਪੰਜਾਬੀ ਟ੍ਰਿਬਿਊਨ`, `ਦੇਸ਼ ਸੇਵਕ` ਅਤੇ `ਨਵਾਂ ਜ਼ਮਾਨਾ ` `ਚ ਛਪਿਆ ਤਾਂ ਬਹੁਤ ਸਾਰੇ ਗਰਮ ਖਿਆਲੀ ਗੁੱਟਾਂ ਵੱਲੋਂ ਸਾਡਾ ਵਿਰੋਧ ਕੀਤਾ ਗਿਆ ਕੁਝ ਨੇ ਸਾੰਨੂ ਪੰਜਾਬ ਤੇ ਪੰਥ ਵਿਰੋਧੀ ਵੀ ਗਰਦਾਨਿਆ | ਇੱਥੇ ਅਸੀਂ ਇੱਕ ਗੱਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਕੋਈ ਬਵਾਲ ਖੜ੍ਹਾ ਕਰਨਾ ਸਾਡਾ ਉਦੇਸ਼ ਨਹੀਂ ਹੈ ਪਰ ਕਿਸੇ ਵੀ ਮੁੱਦੇ ਬਾਰੇ ਖੁੱਲ੍ਹੀ ਵਿਚਾਰ- ਚਰਚਾ ਜਾਂ ਚਿੰਤਨ ਤੇ ਸੰਵਾਦ ਦੇ ਅਸੀਂ ਸਦਾ ਮੁਦੱਈ ਰਹੇ ਹਾਂ ਇਹੀ ਸੋਚ ਨਾਲ ਹਥਲੇ ਲੇਖ ਨੂੰ `ਸੂਹੀ ਸਵੇਰ ` ਵਿੱਚ ਦੁਬਾਰਾ ਛਾਪ ਰਹੇ ਹਾਂ । ( ਲੇਖਕ)

ਆਪਣੇ-ਆਪ ਨੂੰ ਪੰਜਾਬੀਅਤ ਦੇ ਅਲੰਬਰਦਾਰ ਕਹਾਉਣ ਵਾਲਿਆਂ ਦੇ ਮੂੰਹੋਂ ਕਾਫ਼ੀ ਸਮੇਂ ਤੋਂ ਅਸੀਂ ਇਹ ਗੱਲ ਆਮ ਹੀ ਸੁਣਦੇ ਆ ਰਹੇ ਆਂ ਕਿ ਪੰਜਾਬ ਵਿੱਚ ਬਾਹਰੀ ਸੂਬਿਆਂ, ਖ਼ਾਸ ਕਰ ਬਿਹਾਰ ਤੇ ਯੂ.ਪੀ ਤੋਂ ਰੋਜ਼ੀ-ਰੋਟੀ ਲਈ ਆਉਣ ਵਾਲੇ ਮਜ਼ਦੂਰ ਪੰਜਾਬੀ ਸੱਭਿਆਚਾਰ ਲਈ ਖ਼ਤਰਾ ਹਨ। ਇਸ ਤੋਂ ਬਿਨਾਂ ਇਹਨਾਂ ਪ੍ਰਵਾਸੀ ਮਜ਼ਦੂਰਾਂ ’ਤੇ ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਹ ਪੰਜਾਬੀ ਭਾਸ਼ਾ ਲਈ ਵੀ ਖ਼ਤਰਾ ਸਾਬਤ ਹੋ ਰਹੇ ਹਨ। ਇਕ ਹੋਰ ਸੰਗੀਨ ਦੋਸ਼ ਇਹ ਲਗਾਇਆ ਜਾ ਰਿਹਾ ਹੈ ਕਿ ਪ੍ਰਵਾਸੀ ਲੁੱਟਾਂ-ਖੋਹਾਂ ਕਰ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਪੰਜਾਬੀਅਤ ਦੇ ਅਲੰਬਰਦਾਰਾਂ ਦਾ ਕਹਿਣਾ ਹੈ ਕਿ ਇਹਨਾਂ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਆਮਦ ’ਤੇ ਰੋਕ ਲਗਾਉਣੀ ਚਾਹੀਦੀ ਹੈ। ਇੰਝ ਕਰਨ ਨਾਲ ਹੀ ਪੰਜਾਬ ਬਚ ਸਕਦਾ ਹੈ। ਆਓ, ਅਸੀਂ ਇਹਨਾਂ ਦਾਅਵਿਆਂ ਦੀ ਨਿਰਪੱਖਤਾ-ਪੂਰਨ ਪਰਖ-ਪੜਚੋਲ ਕਰੀਏ।

 


ਜੇਕਰ ਵਿਵੇਕਸ਼ੀਲ ਨਜ਼ਰੀਏ ਤੋਂ ਝਾਤ ਮਾਰੀਏ ਤਾਂ ਅਸੀਂ ਵੇਖਦੇ ਹਾਂ ਕਿ ਪੰਜਾਬ ਵਿੱਚ ਆਰੀਅਨ, ਈਰਾਨੀ, ਦੁਹਾਨੀ, ਟੱਕ, ਮੁੰਡਾ, ਮੁਗਲ ਆਦਿ ਅਨੇਕਾਂ ਜਾਤੀਆਂ ਵਾਲੇ ਵੀ ਲੁੱਟ-ਖਸੁੱਟ ਤੇ ਰਾਜ ਕਰਨ ਦੇ ਮਨਸ਼ੇ ਨਾਲ ਆਏ ਸਨ। ਉਨਾਂ ਇਥੋਂ ਦੀਆਂ ਔਰਤਾਂ ਨਾਲ ਵਿਆਹ ਕਰਵਾ ਕੇ ਇਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਇਨਾਂ ਜਾਤੀਆਂ ਨੇ ਅਨੇਕਾਂ ਸੱਭਿਆਚਾਰਕ ਤੇ ਭਾਸ਼ਾਈ ਗੁਣ ਤੇ ਹੋਰ ਵੀ ਬਹੁਤ ਕੁਝ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਦਿੱਤਾ ਮਿਸਾਲ ਵਜੋਂ ਪੰਜਾਬੀ ਨੂੰ ਇੱਕ ਸ਼ਾਨਾ-ਮੱਤਾ ਵਿਰਸਾ ਮਿਲਿਆ। ਨਵੀਂ ਭਾਸ਼ਾ ਉਰਦੂ ਦਾ ਜਨਮ ਏਥੇ ਹੀ ਹੋਇਆ। ਸਾਡੀ ਗੁਰਮੁਖੀ ਦੇ ਕਈ ਅੱਖਰ ਵੀ ਹੋਰ ਕਬੀਲਿਆਂ ਵੱਲੋਂ ਬੋਲੀਆਂ ਜਾਂਦੀਆਂ ਜ਼ੁਬਾਨਾਂ ਵਿੱਚੋਂ ਹੀ ਆਏ ਹਨ। ਉਦਾਹਰਨ ਵਜੋਂ ਗੁਰਮੁਖੀ ਦਾ ‘ੜ’ ਅੱਖਰ ਦ੍ਰਾਵਿੜ ਕਬੀਲੇ ਦਾ ਹੈ ਤੇ ‘ਮ’ ਮੁੰਡਾ ਜਾਤੀ ਵਿੱਚੋਂ ਆਇਆ ਹੈ। ਇਸ ਤੋਂ ਬਿਨਾਂ ਹੋਰ ਜਾਤੀਆਂ ਤੇ ਭਾਸ਼ਾਵਾ ਦੇ ਅਨੇਕ ਸ਼ਬਦ ਹਨ ਜੋ ਪੰਜਾਬੀ ਭਾਸ਼ਾ ਦੇ ਆਪਣੇ ਹੀ ਲੱਗਦੇ ਹਨ ਜਿਵੇਂ ਚਾਕੂ, ਛੁਰੀ, ਮੇਜ਼, ਕੁਰਸੀ, ਕਮਰਾ, ਛਿੱਤਰ, ਸਕੂਲ, ਸਟੇਸ਼ਨ, ਵਗੈਰਾ-ਵਗੈਰਾ ਅਸਲ ’ਚ ਪੰਜਾਬੀ ਜ਼ੁਬਾਨ ’ਚ ਬੋਲੇ ਜਾਂਦੇ 80 ਫੀਸਦੀ ਤੋਂ ਵੱਧ ਸ਼ਬਦ ਗੈਰ-ਪੰਜਾਬੀ ਹਨ। ਇਹ ਸਭ ਹੋਣ ਦੇ ਬਾਵਜੂਦ ਨਾ ਤਾਂ ਪੰਜਾਬੀ ਭਾਸ਼ਾ ਨੂੰ ਕੋਈ ਨੁਕਸਾਨ ਹੋਇਆ ਹੈ, ਨਾ ਪੰਜਾਬੀ ਸੱਭਿਆਚਾਰ ਨੂੰ ਤੇ ਨਾ ਪੰਜਾਬ ਨੂੰ। ਜਦੋਂ ਵਿਦੇਸ਼ੀਆਂ ਤੋਂ ਪੰਜਾਬੀ ਸੱਭਿਆਚਾਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਤਾਂ ਫੇਰ ਆਪਣੇ ਹੀ ਦੇਸ਼ ਦੇ ਬਿਹਾਰੀ ਪੰਜਾਬੀ ਸੱਭਿਆਚਾਰ ਨੂੰ ਕਿਵੇਂ ਨੁਕਸਾਨ ਪਹੰਚਾਉਣਗੇ? ਹਾਂ, ਇਹ ਗੱਲ ਜ਼ਰੂਰ ਹੈ ਕਿ ਕੁਝ ਤਬਦੀਲੀ ਅਵੱਸ਼ ਆਵੇਗੀ, ਜੋ ਕੁਦਰਤ ਦਾ ਨੇਮ ਹੈ। ਆਪਣੇ ਆਪ ਨੂੰ ਪੰਜਾਬੀਅਤ ਦੇ ਮੁਦਈ ਕਹਾਉਣ ਵਾਲੇ ਕੁਝ ਤਲਖ ਹਕੀਕਤਾਂ ਨੂੰ ਤਾਂ ਭੁੱਲ ਹੀ ਰਹੇ ਹਨ ਜਾਂ ਫੇਰ ਜਾਣ-ਬੁੱਝ ਕੇ ਪਾਸਾ ਵੱਟ ਰਹੇ ਹਨ।

 

 

 

ਪਹਿਲੀ ਹਕੀਕਤ ਇਹ ਹੈ ਕਿ ਵਿਅਕਤੀ ’ਤੇ ਸਭ ਤੋਂ ਵੱਧ ਪ੍ਰਭਾਵ ਉਸਦੇ ਆਲੇ-ਦੁਆਲੇ ਦਾ ਪੈਂਦਾ ਹੈ ਜਿਸ ’ਚ ਉਹ ਵਿਚਰਦਾ ਹੈ। ਠੀਕ ਇਸੇ ਤਰਾਂ ਦਾ ਪ੍ਰਭਾਵ ਬਿਹਾਰੀਆਂ ’ਤੇ ਪੈਣਾ ਵੀ ਲਾਜ਼ਮੀ ਹੈ। ਪੰਜਾਬ ’ਚ ਆਉਣ ਵਾਲੇ ਪ੍ਰਵਾਸੀ ਮਜ਼ਦੂਰ ਪੰਜਾਬੀ ਸੱਭਿਆਚਾਰ ਤੇ ਭਾਸ਼ਾ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ। ਇਹ ਬਿਲਕੁਲ ਉਸੇ ਤਰਾਂ ਹੈ, ਜਿਵੇਂ ਪੰਜਾਬ ’ਚੋਂ ਜਾ ਕੇ ਬਾਹਰਲੇ ਮੁਲਕਾਂ ’ਚ ਵਸੇ ਪੰਜਾਬੀ ਉਥੋਂ ਦੀ ਰਹਿਣੀ-ਬਹਿਣੀ ਤੋਂ ਪ੍ਰਭਾਵਤ ਹੋਣ ਤੋਂ ਨਹੀਂ ਰਹਿ ਸਕੇ। ਉਨਾਂ ਦੇ ਬੱਚੇ ਬਿਲਕੁਲ ਅੰਗਰੇਜ਼ ਬਣ ਗਏ ਹਨ। ਪੱਛਮੀ ਦੇਸ਼ਾਂ ਵਿਚ ਵਾਲਾ ਪੰਜਾਬੀ ਸਾਹਿਤ ਵੀ ਉਨਾਂ ਦੇਸ਼ਾਂ ਦੇ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਹੈ ਨਾ ਕਿ ਪੰਜਾਬ ਦੇ ਪਿੰਡਾ ਦੀ। ਇਸੇ ਤਰਾਂ ਉਨਾਂ ਦੇਸ਼ਾਂ ਦਾ ਪੰਜਾਬੀ ਸਾਹਿਤ ਉਨਾਂ ਦਾ ਹੀ ਵੱਜੇਗਾ ਜਿੱਥੇ ਇਹ ਲਿਖਿਆ ਗਿਆ ਹੈ ਨਾ ਕਿ ਪੰਜਾਬ ਦਾ।

ਇੱਥੇ ਇੱਕ ਗੱਲ ਹੋਰ ਦਿਲਚਸਪੀ ਵਾਲੀ ਹੈ ਕਿ ਅੰਗਰੇਜ਼ੀ ਦੇ ਜ਼ਿਆਦਾਤਰ ਲੇਖਕਾਂ ਨੇ ਆਪਣੀਆਂ ਕਿਰਤਾਂ ’ਚ ਆਪਣੇ ਦੇਸ਼ ਤੋਂ ਬਾਹਰਲੀਆਂ ਥਾਵਾਂ ਦਾ ਜ਼ਿਕਰ ਕੀਤਾ ਹੈ ਜਾਂ ਆਪਣੇ ਦੇਸ਼ਾਂ ਤੋਂ ਬਾਹਰਲੇ ਦੇਸ਼ਾਂ ਦਾ ਸੱਭਿਆਚਾਰ ਦਰਸਾਇਆ ਹੈ, ਜਦਕਿ ਪ੍ਰਵਾਸੀ ਪੰਜਾਬੀ ਲੇਖਕਾਂ ਨੇ ਆਪਣੀਆਂ ਕਿਰਤਾਂ ’ਚ ਆਮ ਕਰਕੇ ਉਸੇ ਹੀ ਦੇਸ਼ ਦੇ ਸੱਭਿਆਚਾਰ ਨੂੰ ਦਰਸਾਇਆ ਹੈ ਜਿੱਥੋਂ ਦੇ ਉਹ ਵਸਨੀਕ ਹਨ।

ਇੱਕ ਦੂਸਰੀ ਵੱਡੀ ਤਲਖ ਹਕੀਕਤ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਕੋਈ ਵੀ ਕੌਮ ਕਿਸੇ ਦੂਸਰੀ ਕੌਮ ’ਤੇ ਤਾਂ ਆਪਣਾ ਪ੍ਰਭਾਵ ਪਾ ਸਕਦੀ ਹੈ (ਜਾਂ ਗੁਲਾਮ ਬਣ ਸਕਦੀ ਹੈ) ਜੇ ਉਸ ਕੋਲ ਤਕੜੀ ਆਰਥਿਕਤਾ (ਇਕਨਾਮਿਕ ਪਾਵਰ) ਹੋਵੇ। ਇਸ ਦੀਆਂ ਦੋ ਆਮ ਹੀ ਮਿਸਾਲਾਂ ਸਾਡੇ ਸਨਮੁਖ ਹਨ। ਪਹਿਲੀ ਇਹ ਕਿ ਜੇ ਅੰਗਰੇਜ਼ਾਂ ਨੇ ਪੂਰੀ ਦੁਨੀਆ ’ਤੇ ਰਾਜ ਕੀਤਾ ਇਸ ਕਾਰਨ ਨਹੀਂ ਕਿ ਉਹ ਦੁਨੀਆ ਦੀ ਸਭ ਤੋਂ ਆਹਲਾ ਕੌਮ ਹੈ ਸਗੋਂ ਉਹ ਜਿਹੜੇ ਵੀ ਮੁਲਕ ਗਏ ਉਥੇ ਆਪਣੀ ਮਜ਼ਬੂਤ ਆਰਥਿਕਤਾ ਲੈ ਕੇ ਗਏ ਜਦਕਿ ਭਾਰਤ ਤੋ ਗਏ ਵਿਦੇਸ਼ਾਂ ’ਚ ਗਏ ਭਾਰਤੀ ਅਜਿਹਾ ਨਹੀਂ ਕਰ ਸਕੇ ਕਿਉਕਿ ਉਹ ਮਜ਼ਬੂਤ ਆਰਥਿਕਤਾ ਨਹੀਂ ਬਲਕਿ ਉਹ ਕਿਰਤੀ ਜਮਾਤ ਦੇ ਰੂਪ ’ਚ ਉਥੇ ਗਏ ਸਨ ਰੋਜ਼ੀ-ਰੋਟੀ ਲਈ। ਇਸ ਤੋਂ ਤਾਂ ਇਹੀ ਸਾਬਤ ਹੁੰਦਾ ਹੈ ਰੋਟੀ ਲਈ ਪੰਜਾਬ ਆਏ ਇਹ ਮਜ਼ਦੂਰ ਪੰਜਾਬ ਦੇ ਸੱਭਿਆਚਾਰ ਦਾ ਭਲਾ ਕੀ ਵਿਗਾੜਨਗੇ?

ਸਮਾਂ ਪਾ ਕੇ ਇਹ ਵੀ ਪੰਜਾਬੀ ਸੱਭਿਆਚਾਰ ਦੇ ਰੰਗ ’ਚ ਰੰਗੇ ਜਾਣਗੇ। ਏਥੇ ਮੈਂ ਇਕ ਉਦਾਹਰਨ ਆਪਣੇ ਪਿੰਡ ਦੇ ਬਿਹਾਰੀ ਮਜ਼ਦੂਰ ਦੀ ਦਿੰਦਾ ਹਾਂ। ਸਾਡੇ ਪਿੰਡ ਦਾ ਇਕ ‘ਭਈਆ’ ਰਾਮ ਲਾਲ ਜਦੋਂ 25 ਕੁ ਸਾਲ ਪਹਿਲਾਂ ਪਿੰਡ ਆਇਆ ਸੀ ਤਾਂ ਉਸਦੀ ਬੋਲੀ ਬਿਲਕੁਲ ਬਿਹਾਰੀ ਸੀ, ਪਰ ਅੱਜ ਉਹ ਚੰਗੀ ਪੰਜਾਬੀ ਬੋਲਦਾ ਹੈ। ਉਸਦੇ ਬੱਚੇ ਵੀ ਸੋਹਣੀ ਪੰਜਾਬੀ ਉਚਾਰਦੇ ਹਨ, ਏਨੀ ਸੋਹਣੀ ਕਿ ਸਾਡੇ ਮੂਲ ਪੰਜਾਬੀ ਬੱਚੇ ਵੀ ਨਹੀਂ ਉਚਾਰਦੇ। ਅਸਲ ’ਚ ਉਹ ਪੰਜਾਬੀ ਸੱਭਿਆਚਾਰ ਤੋਂ ਨਹੀਂ ਸਗੋਂ ਸਿੱਖ ਸੱਭਿਆਚਾਰ ਤੋਂ ਵੀ ਪ੍ਰਭਾਵਤ ਹੋਇਆ। ਉਸਨੇ ਆਪਣਾ ਨਾਮ ਰਾਮ ਸਿੰਘ ਰੱਖ ਲਿਆ ਹੈ ਤੇ ਬੇਟੇ ਦਾ ਗੁਰਦੀਪ ਸਿੰਘ ਜੋ ਕਿ ਇਕ ਕੇਸਧਾਰੀ ਬੱਚਾ ਹੈ।

ਅਸਲ ’ਚ ਪੰਜਾਬੀ ਸੱਭਿਆਚਾਰ ਨੂੰ ਖ਼ਤਰਾ ਬਾਹਰਲਿਆਂ ਤੋਂ ਨਹੀਂ ਸਗੋਂ ਉਸਦੇ ਆਪਣਿਆਂ ਤੋਂ ਹੈ। ਪੰਜਾਬੀਆਂ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ ’ਚੋਂ ਹਟਾ ਕੇ ਅੰਗਰੇਜ਼ੀ ਸਕੂਲਾਂ ’ਚ ਲਾਉਣੇ   ਸ਼ੁਰੂ ਕਰ ਦਿੱਤੇ ਹਨ। ਅਜਿਹੇ ਸਕੂਲਾਂ ’ਚ ਮਾਂ ਬੋਲੀ ਦੀ ਕੋਈ-ਕਦਰ ਨਹੀਂ ਹੈ। ਜਦਕਿ ਬਿਹਾਰ ਤੋਂ ਆਏ ਨੰਦ ਕਿਸ਼ੋਰ ਦੇ ਬੱਚੇ ਸਰਕਾਰੀ ਸਕੂਲਾਂ ’ਚ ‘ਊੜਾ-ਐੜਾ’ ਪੜਦੇ ਹਨ ਤੇ ਫੱਟੀ ’ਤੇ ਲਿਖਦੇ ਹਨ ‘ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਭੋਇ ਦੀ ਤਲਵੰਡੀ ਜ਼ਿਲਾ ਸ਼ੇਖੂਪੁਰਾ ਨਨਕਾਣਾ ਸਾਹਿਬ ਹੋਇਆ’। ਪੰਜਾਬੀਆਂ ਦੇ ਆਪਣਿਆਂ ਬੱਚਿਆਂ ਦੇ ਸਿਰ ਵਿਦੇਸ਼ ਜਾਣ ਦਾ ਭੂਤ ਸਵਾਰ ਹੈ। ਪੱਛਮ ਦੀ ਤੜਕ-ਭੜਕ ਉਨਾਂ ’ਤੇ ਪੂਰੀ ਤਰ੍ਹਾਂ ਸਵਾਰ ਹੈ। ਇਸ ਤੋਂ ਸਹਿਜੇ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ ਤੇ ਪੰਜਾਬ ਨੂੰ ਕਿਸ ਤੋਂ ਖ਼ਤਰਾ ਹੈ?

ਪ੍ਰਵਾਸੀ ਮਜ਼ਦੂਰਾਂ ਤੋਂ ਪੰਜਾਬੀ ਸੱਭਿਆਚਾਰ ਨੂੰ ਖ਼ਤਰਾ ਦੱਸਣ ਵਾਲਿਆਂ ਨੂੰ ਅਸਲ ’ਚ ਪੰਜਾਬੀ ਸੱਭਿਆਚਾਰ ਦੀ ਚਿੰਤਾ ਘੱਟ ਤੇ ਸਿੱਖ ਸੱਭਿਆਚਾਰ ਦੀ ਤੇ ਆਪਣਾ ਰਾਜ-ਭਾਗ ਖੁੱਸਣ ਦਾ ਖ਼ਤਰਾ ਵੱਧ  ਹੈ। ਅਸੀਂ ਜਾਣਦੇ ਹਾਂ ਕਿ ਪ੍ਰਵਾਸੀ ਮਜ਼ਦੂਰਾਂ ਨੇ ਕਿਵੇਂ ਮਿਹਨਤ-ਮਜ਼ਦੂਰੀ ਕਰ ਕੇ ਉੱਚੀਆਂ ਮੰਜ਼ਿਲਾਂ ਹਾਸਲ ਕਰ ਲਈਆਂ ਹਨ। ਅੱਜ ਇਹੀ ਮਜ਼ਦੂਰ ਪੰਜਾਬ ’ਚ ਫੈਕਟਰੀਆਂ ਲਾਈ ਬੈਠੇ ਹਨ। ਪੰਜਾਬ ਦੀ ਰਾਜਨੀਤੀ ’ਚ ਇਹ ਵੱਧ ਚੜ ਕੇ ਹਿੱਸਾ ਲੈਣ ਲੱਗ ਪਏ ਹਨ। ਕੁਝ ਪ੍ਰਵਾਸੀਆਂ ਨੇ ਤਾਂ ਸਿੱਖ ਬਣ ਕੇ ਸਿੱਖ ਰਾਜਨੀਤੀ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਅਖੌਤੀ ਚਿੰਤਕਾਂ ਨੂੰ ਇਹ ਗੱਲਾਂ ਰਾਸ ਨਹੀਂ ਆ ਰਹੀਆਂ ਕਿਉਕਿ ਹੁਣ ਧਰਮ ਦੇ ਆਧਾਰ ’ਤੇ ਵੋਟਾਂ ਮੰਗ ਕੇ ਕੁਰਸੀ ਹਾਸਲ ਕਰਨ ਵਾਲਾ ਉਨਾਂ ਦਾ ਪਰਪੰਚ ਖ਼ਤਮ ਹੋਣ ਵਾਲਾ ਹੈ।

ਪ੍ਰਵਾਸੀ ਮਜ਼ਦੂਰਾਂ ਦੀ ਤਰੱਕੀ ਨੇ ਮਜ਼ਦੂਰ ਏਕਤਾ ਨੂੰ ਤੇ ਮਜ਼ਦੂਰ ਸ਼ਕਤੀ ਨੂੰ ਬਲ ਦਿੱਤਾ ਹੈ। ਇਸੇ ਹੀ ਕਰਕੇ ਸਰਮਾਏਦਾਰ ਪਾਰਟੀਆਂ ਨੂੰ ਇਹ ਗੱਲਾਂ ਰਾਸ ਨਹੀਂ ਆ ਰਹੀਆਂ। ਪ੍ਰਵਾਸੀਆਂ ਦੇ ਸਿੱਖ ਰਾਜਨੀਤੀ ’ਚ ਦਖਲ ਹੋਣ ਨਾਲ ਕਈਆਂ ਨੂੰ ਆਪਣੀ ਜਥੇਦਾਰੀਆਂ ਖੁੱਸਣ ਦੇ ਆਸਾਰ ਨਜ਼ਰ ਆ ਰਹੇ ਹਨ। ਜੇ ਹੁਣ ਨਹੀਂ ਤਾਂ ਭਵਿੱਖ ’ਚ ਦੇਰ ਸਵੇਰ ਅਜਿਹਾ ਹੋ ਜਾਵੇਗਾ। ਏਨੇ ਵੱਡੇ ਸਦਮੇ ਨੂੰ ਇਹ ਅਖੌਤੀ ਚਿੰਤਕ ਤੇ ਲੀਡਰ ਸਹਾਰ ਨਹੀਂ ਸਕਦੇ, ਜਿਸ ਕਰਕੇ ਇਹ ਪ੍ਰਵਾਸੀਆਂ ਬਾਰੇ ਕੂੜ ਪ੍ਰਚਾਰ ਕਰੀ ਜਾ ਰਹੇ ਹਨ।

ਅਖੌਤੀ ਧਾਰਮਿਕ ਆਗੂਆਂ ਦੀ ਇਹ ਮਾਨਸਿਕਤਾ ਹੈ ਕਿ ਪੰਜਾਬ ਸਿੱਖ ਦਬਦਬੇ ਵਾਲਾ ਇਲਾਕਾ ਬਣਿਆ ਰਹੇ। ਅਜਿਹੀ ਧਰਮਪ੍ਰਸਤੀ ਨੇ ਸਮੁੱਚੀ ਪੰਜਾਬੀ ਕੌਮ ’ਚ ਪੰਜਾਬਪ੍ਰਸਤੀ ਤੇ ਪੰਜਾਬੀਅਤ ਦੀ ਭਾਵਨਾ ਪੈਦਾ ਨਹੀਂ ਹੋਣ ਦਿੱਤੀ। ਅਖੌਤੀ ਸਿੱਖ ਆਗੂ ਪ੍ਰਵਾਸੀਆਂ ਦੇ ਸਿੱਖ ਧਰਮ ’ਚ ਪ੍ਰਵੇਸ਼ ਹੋ ਕੇ ਸਿੱਖ ਰਾਜਨੀਤੀ ’ਚ ਆਉਣ ਨੂੰ ਚੰਗਾ ਨਹੀਂ ਸਮਝਦੇ। ਉਹ ਇਹ ਜ਼ਰੂਰ ਚਾਹੁੰਦੇ ਹਨ ਕਿ ਪ੍ਰਵਾਸੀ ਸਿੱਖ ਧਰਮ ਅਪਨਾਉਣ ਪਰ ਉਨਾਂ ਨਾਲ ਕੋਈ ਸਾਂਝ ਪਾਉਣ ਲਈ ਤਿਆਰ ਨਹੀਂ। ਉਹ ਪ੍ਰਵਾਸੀ ਮਜ਼ਦੂਰਾਂ ਨੂੰ ਦੂਜੇ ਜਾਂ ਤੀਜੇ ਦਰਜੇ ਦੇ ਸਿੱਖਾਂ ਦੀ ਕਤਾਰ ’ਚ ਰੱਖਣਾ ਪਸੰਦ ਕਰਦੇ ਹਨ। ਸਿੱਖ ਰਾਜਨੀਤੀ ਵਿੱਚ ਉਹ ‘ਖਾਲਸ ਸਿੱਖ’ ਹੀ ਭਾਲਦੇ ਹਨ।

ਜਿੱਥੋਂ ਤੱਕ ਸਵਾਲ ਲੁੱਟਾਂ-ਖੋਹਾਂ ਤੇ ਹੋਰ ਵਾਰਦਾਤਾਂ ਦਾ ਹੈ, ਇਸ ਸਬੰਧੀ ਅਸੀਂ ਸਮੁੱਚੇ ਪ੍ਰਵਾਸੀ ਮਜ਼ਦੂਰਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਇਨਾਂ ’ਚੋ ਥੋੜੇ ਵਿਅਕਤੀ ਅਜਿਹੇ ਜ਼ਰੂਰ ਹੋ ਸਕਦੇ ਹਨ, ਪਰ ਇਸ ਲਈ ਪੂਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੋਵੇਗਾ। ਇਹ ਇਮਾਨਦਾਰ, ਮਿਹਨਤੀ ਮਜ਼ਦੂਰ ਹਨ। ਇਹੋ ਕਾਰਨ ਹੈ ਕਿ ਸ਼ਹਿਰਾਂ ਦੇ ਕਈ ਲੋਕ ਇਨਾਂ ਨੂੰ ਨੋਕਰ ਵਜੋਂ ਘਰਾਂ ’ਚ ਵੀ ਰੱਖਦੇ ਹਨ। ਅਸਲ ’ਚ ਲੁੱਟਾਂ-ਖੋਹਾਂ, ਚੋਰੀ-ਡਾਕੇ ਦੇ ਕਾਰਨ ਆਰਥਿਕ ਹਨ। ਇਹ ਸਾਡੇ ਮਾੜੇ ਆਰਥਿਕ ਸਿਸਟਮ ਦੀ ਦੇਣ ਹਨ, ਨਾ ਕਿ ਭੈੜੀਆਂ ਰੁਚੀਆਂ ਪ੍ਰਵਾਸੀਆਂ ਦੇ ਖੂਨ ਵਿਚ ਹੁੰਦੀਆਂ ਹਨ। ਨਿਰਪੱਖ ਹੋ ਕੇ ਜਾਂਚਣ ’ਤੇ ਪਤਾ ਲੱਗਦਾ ਹੈ ਕਿ ਲੁੱਟਾਂ-ਖੋਹਾਂ ’ਚ ਪੰਜਾਬੀ ਵੀ ਪਿੱਛੇ ਨਹੀਂ ਹਨ। ਵੱਡੇ ਘਰਾਂ ਦੇ ਵਿਗੜੇ ਕਾਕੇ ਤੇ ਬੇਰੁਜ਼ਗਾਰ ਨੌਜਵਾਨ ਆਮ ਹੀ ਇਨਾਂ ਵਾਰਦਾਤਾਂ ’ਚ ਸ਼ਾਮਿਲ ਲੱਭਦੇ ਹਨ। ਕਈ ਪੰਜਾਬੀ ਤਾਂ ਵਿਦੇਸ਼ਾਂ ’ਚ ਜਾ ਕੇ ਵੀ ਲੁੱਟਾਂ-ਖੋਹਾਂ ਤੇ ਸਮਗਲਿੰਗ ਕਰਦੇ ਹਨ। ਕੀ ਇਸ ਲਈ ਅਸੀਂ ਪੂਰੀ ਪੰਜਾਬੀ ਕੌਮ ਨੂੰ ਹੀ ਲੁਟੇਰੀ ਕੌਮ ਕਹਿ ਦਿਆਂਗੇ?

ਜੇਕਰ ਪ੍ਰਵਾਸੀ ਮਜ਼ਦੂਰ ਆਪਣੇ ਹੀ ਮੁਲਕ ਦੇ ਦੂਜੇ ਹਿੱਸੇ ’ਚ ਮਿਹਨਤ ਮਜ਼ਦੂਰੀ ਕਰ ਕੇ ਕਾਮਯਾਬੀ ਦੀਆਂ ਬੁਲੰਦੀਆਂ ਛੂੰਹਦੇ ਹਨ ਤਾਂ ਇਸ ’ਚ ਕੀ ਬੁਰਾਈ ਹੈ? ਜੇਕਰ ਬੁਰਾਈ ਹੈ ਤਾਂ ਪੰਜਾਬੀਆਂ ਦਾ ਬੇਗਾਨੇ ਮੁਲਕਾਂ ’ਚ ਜਾ ਕੇ ਉੱਚੇ ਅਹੁਦਿਆਂ ’ਤੇ ਕੰਮ ਕਰਨਾ ਕਿਵੇਂ ਸਹੀ ਹੈ?

ਜੇਕਰ ਇਸ ਵਿਸ਼ੇ ਨੂੰ ਸੰਵਿਧਾਨਕ ਨਜ਼ਰੀਏ ਤੋਂ ਦੇਖੀਏ ਤਾਂ ਇਹ ਵਿਰੋਧ ਨਾਗਰਿਕ ਅਧਿਕਾਰਾਂ ਦੇ ਵਿਰੋਧੀ ਹੈ। ਸੰਵਿਧਾਨ ਦੀ ਅਨੁਛੇਦ 19’ਚ ਦਰਜ ਹੈ ਕਿ ਹਰ ਨਾਗਰਿਕ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ’ਚ ਤੁਰਨ-ਫਿਰਨ, ਕਿਸੇ ਵੀ ਭਾਗ ’ਚ ਰਹਿਣ ਤੇ ਨੌਕਰੀ ਕਰਨ ਦਾ ਅਧਿਕਾਰ ਹੈ। ਅਸਲ ’ਚ ਪੰਜਾਬ ਦੇ ‘ਮਹਾਨ ਚਿੰਤਕਾਂ’ ਤੇ ਲੀਡਰਾਂ ਨੂੰ ਸੰਵਿਧਾਨ ਤੇ ਕੌਮੀ ਏਕਤਾ ਜਿਹੇ ਵਿਸ਼ਿਆਂ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਉਨਾਂ ਤਾਂ ਫਿਰਕੂ ਵੰਡ ਤੇ ਸ਼੍ਰੇਣੀ ਭੇਦ ਰਾਹੀਂ ਵੋਟਾਂ ਵਟੋਰਨੀਆਂ ਹਨ।

ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਦੀ ਖੁਸ਼ਹਾਲੀ ’ਚ ਅਹਿਮ ਯੋਗਦਾਨ ਹੈ। ਸਾਨੂੰ ਇਸਨੂੰ ਭੁੱਲਣਾ ਨਹੀਂ ਚਾਹੀਦਾ। ਵਰਤਮਾਨ ਯੁੱਗ ’ਚ ਜਦ ਅਸੀਂ ਆਪਣੇ ਗੁਆਂਢੀ ਦੇਸ਼ਾਂ ’ਚ ਬਿਨਾਂ ਵੀਜ਼ੇ ਜਾਣ ਦੀਆਂ ਗੱਲਾਂ ਕਰਦੇ ਹਾਂ ਤਾਂ ਇਨਾਂ ਮਜ਼ਦੂਰਾਂ ਦੇ ਆਪਣੇ ਹੀ ਮੁਲਕ ’ਚ ਆਉਣ ’ਤੇ ਰੋਕ ਲਾਉਣੀ ਚੰਗੀ ਸੋਚ ਨਹੀਂ ਕਹੀ ਜਾ ਸਕਦੀ। ਸਾਡੇ ਅਖੌਤੀ ਨੇਤਾਵਾਂ ਤੇ ਸਮੁੱਚੀ ਕੌਮ ਨੂੰ ਇਨਾਂ ਮਜ਼ਦੂਰਾਂ ਪ੍ਰਤੀ ਸੋਚ ਬਦਲਣੀ ਪਵੇਗੀ। ਇਸ ਤੋਂ ਬਿਨਾਂ ਪੰਜਾਬੀ ਮੂਲ ਦੇ ਮਜ਼ਦੂਰਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਘਟੀਆ ਪ੍ਰਚਾਰ ’ਚ ਨਾ ਆ ਕੇ ਪ੍ਰਵਾਸੀ ਮਜ਼ਦੂਰਾਂ ਨਾਲ ਸਾਂਝ ਵਧਾਉਣ। ਇਸ ਨਾਲ ਹੀ ਮਜ਼ਦੂਰ ਏਕਤਾ ਮਜ਼ਬੂਤ ਹੋਵੇਗੀ। ਸਰਮਾਏਦਾਰੀ ਨਿਜ਼ਾਮ ਤੇ ਪੰਜਾਬ ਵਿਚਲੇ ਬਚੇ-ਖੁਚੇ ਜਗੀਰੂ ਸਿਸਟਮ ਵਿਰੁੱਧ ਲਾਮਬੰਦ ਹੋਣਾ ਸਮੇਂ ਦੀ ਲੋੜ ਹੈ। ਇਹ ਮਜ਼ਦੂਰ ਏਕਤਾ ਇੱਕ ਦਿਨ ਰੰਗ ਲਿਆਵੇਗੀ।

ਕੀ ਬਣਨਗੇ ਹਿਮਾਚਲ ਪ੍ਰਦੇਸ਼ ਚੋਣਾਂ ਦੇ ਸਮੀਕਰਨ ? – ਸ਼ਿਵ ਇੰਦਰ ਸਿੰਘ
ਰੈੱਡ ਐੱਫ਼ ਐੱਮ ਗ਼ਲਤ ਬਿਆਨੀਆਂ
ਅਜੋਕੇ ਦੌਰ `ਚ ਹਿੰਦੂਤਵ ਵਿਰੋਧੀ ਸੁਰਾਂ ਦੀ ਅਹਿਮੀਅਤ – ਸ਼ਿਵ ਇੰਦਰ ਸਿੰਘ
ਅਸਰ-ਰਸੂਖ਼ ਵਾਲੇ ਲੋਕਾਂ ਲਈ ਜੇਲ੍ਹਾਂ ਬਣੀਆਂ ਆਰਾਮਗਾਹਾਂ – ਸ਼ਿਵ ਇੰਦਰ ਸਿੰਘ
ਨਰਿੰਦਰ ਦਾਭੋਲਕਰ ਦੀ ਮੌਤ ਦੇ ਅਰਥ -ਸ਼ਿਵ ਇੰਦਰ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਵਤਨ -ਪਵਨ ਕੁਮਾਰ

ckitadmin
ckitadmin
April 19, 2012
ਦਿਆਲਪੁਰ ਵਿੱਚ ਚੱਲਦੀ ਹੈ ਸਕੂਲ ਦੀਆਂ ਕੰਧਾਂ ਭੰਨ ਮੁਹਿੰਮ
“ਧੌਣ ’ਤੇ ਗੋਡਾ ਰੱਖ ਦਿਆਂਗੇ” – ਮਿੰਟੂ ਬਰਾੜ
ਆਜ਼ਾਦ ਭਾਰਤ ਤੇ ਅਸੰਵੇਦਨਸ਼ੀਲ ਸਰਕਾਰਾਂ – ਗੋਬਿੰਦਰ ਸਿੰਘ ਢੀਂਡਸਾ
ਮਾਲ ਵਿਭਾਗ ਨੇ ਚਿੱਟੀ ਮੱਖੀ ਪੀੜਤਾਂ ਲਈ ਜਾਰੀ ਰਾਸ਼ੀ ’ਚੋਂ 3.05 ਲੱਖ ਰੁਪਏ ਕੀਤੇ ਗੋਲ-ਮਾਲ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?