(1)
ਕੀ ਹੋਇਆ ਜੇ ਪਿਉ ਤੇਰਾ
ਕਰਜ਼ਾ ਸਿਰ ਧਰ ਗਿਆ
ਆਪਣੇ ਕੋਲ ਅਜੇ ਕਿੱਲਾ ਬਾਕੀ ਹੈ
ਸਰਦਾਰੇ ਦਾ ਵੱਡਾ
ਨਾਲੇ ਫਾਹਾ ਲੈ ਮਰ ਗਿਆ
ਸਾਰੀ ਬੈਅ ਕਰ ਗਿਆ
ਪੁੱਤ ਤੂੰ ਹੌਸਲਾ ਨਾ ਹਾਰੀ
ਮੈਂ ਬਹੁਤ ਕੁਝ ਸਹਿ ਸਕਦੀ ਹਾਂ
ਕਰਜ਼ਾ ਭਾਵੇਂ ਕਰ ਲਵੇ ਖੁਦਕਸ਼ੀ
ਆਹ ਨਰਮੇ ਦੀਆਂ ਦੋ ਪੰਡਾਂ ‘ਤੇ
ਮਾਣ ਨਾਲ ਬਹਿ ਸਕਦੀ ਹਾਂ
ਪੁੱਤ ਦਾਤੇ ਦੀ ਮਿਹਰ ਨਾਲ
ਸਾਲ ਬਾਅਦ ਢੁੱਕ ਜਾਂਵੇਗਾਂ
ਨਾਲੇ ਉਦੋ ਨੂੰ ਮਰੀਕਨ ਸੁੰਡੀ ਦਾ
ਸਿਆਪਾ ਮੁੱਕ ਜਾਵੇਗਾ
ਸੁੱਖ ਨਾਲ ਵੋਟਾ ਨੇ ਇਸ ਸਾਲ
ਕੁਸ਼ ਮਾਫੀ ਵੀ ਆ ਜਾਣੀ ਹੈ
ਭੈਣ ਤੇਰੀ ਕਰਮੋ
ਜੰਮੀ ਲੈ ਮੁਫਤ ਪਾਣੀ ਹੈ
ਪੁੱਤ…
ਦੇਖ ਮੇਰੇ ਆਹ ਗੋਲੇ ਦਾ ਦੁੱਖ ਥੋੜੈ
ਫੇਰ ਵੀ ਬਾਬੇ ਦੇ ਥੌਲੇ ਨਾਲ ਮੋੜੈ
ਦੇਖੀ ਆਪਣੇ ਹੁਣ ਸ਼ਾਤੀ ਜਊਗੀ
ਸੰਤਾਂ ਦੀ ਟੋਲੀ ਪਿੰਡ
ਪਰਭਾਤ ਫੇਰੀ ਪਾਊਗੀ
ਪੁੱਤ ਹੌਸਲਾ ਨਾ ਹਾਰੀ
ਪੁੱਤ…
(2)
ਹੋਰ ਨਾ ਭਰ ਇਸ ਖਾਰੇ ਸਮੁੰਦਰ ‘ਚੋ ਪਾਣੀ
ਜ਼ਖਮ ਬੁੱਲਾਂ ‘ਤੇ ਤੇਰੇ ਪਹਿਲੇ ਹੀ ਹਰੇ ਨੇ।
ਇਤਫਾਕ ਹੈ ਕਿ ਤੂੰ ਅਜੇ ਤੀਕ ਹੈਂ ਜਿੰਦਾਂ
ਡੰਗੇ ਹੋਏ ਸਾਡੇ ਪੱਤਣਾਂ ‘ਤੇ ਹੀ ਮਰੇ ਨੇ।
ਵਹਿੰਦੀ ਤੇ ਲਹਿੰਦੀ ਦੀ ਤਸਵੀਰ ਮੇਰੇ ਕੋਲ
ਤੇਰੀ ਹਾਮੀਂ ਤੇ ਰਾਜ਼ ਮੈਂ ਇਸ ਵਿਚ ਭਰੇ ਨੇ।
ਕੈਦ ਕੀਤਾ ਸਾਨੂੰ ਤੇਰੀ ਨਜ਼ਰ ਨਜ਼ਮ ਬਣਕੇ
ਹਰਫ ਬਣ ਕਿਸਤੀ ਤੇਰੇ ਹੰਝੂਆਂ ‘ਚ ਤਰੇ ਨੇ।
ਖੇਲ ਖੇਡਦੀ ਰਹੀ ਤੂੰ ਬਸਤਰਾ ਸਸ਼ਤਰਾਂ ਦੀ
ਵਾਰ ਤੇਰੇ ਬਣ ਪੱਥਰ ਇਸ ਪਿੰਡੇ ਜਰੇ ਨੇ ।
ਇਲਜ਼ਾਮ ਕਿ ਮਹੁੱਬਤ ਲੁਕਾਈ ਅਸੀਂ ਸੀਨੇ
ਬਾਕੀ ਸਭ ਝੂਠ ਜੋ ਮੇਰੇ ਸਿਰ ਮੜੇ ਨੇ।

