ਵੀਹਵੀਂ ਸਦੀ ਦਾ ਸੱਤਵਾਂ ਦਹਾਕਾ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ‘ਪਾਸ਼ ਯੁੱਗ’ ਦਾ ਦਹਾਕਾ ਕਿਹਾ ਜਾ ਸਕਦਾ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਕਿ ਪਾਸ਼ ਨੇ ਆਪਣੀ ਕਵਿਤਾ ਰਾਹੀਂ ਨਕਸਲਬਾੜੀ ਲਹਿਰ ਦੇ ਵਿਭਿੰਨ ਸਰੋਕਾਰਾ, ਸਰੂਪਾਂ ਤੇ ਸੰਕਲਪਾਂ ਨੂੰ ਰੂਪਮਾਨ ਕਰਕੇ ਤਤਕਾਲੀਨ ਪੰਜਾਬੀ ਕਵਿਤਾ ਨੂੰ ਨਵੀਆਂ ਲੀਹਾਂ ’ਤੇ ਤੋਰਿਆ। ਪਾਸ਼ ਦੀ ਕਵਿਤਾ ਨੇ ਜਿੱਥੇ ਉਸ ਵੇਲੇ ਲਿਖੀ ਜਾ ਰਹੀ ਪ੍ਰਯੋਗਵਾਦੀ ਕਵਿਤਾ ਸਾਹਮਣੇ ਪ੍ਰਸ਼ਨ-ਚਿੰਨ੍ਹ ਲਗਾਇਆ ਉਥੇ ਪਰੰਪਰਾਗਤ ਪ੍ਰਗਤੀਵਾਦੀ ਕਾਵਿ-ਸਿਰਜਣਾ ਦੇ ਅਮਲ ਦੇ ਸਨਮੁੱਖ ਚਣੌਤੀ ਪੇਸ਼ ਕੀਤੀ। ਪਾਸ਼ ਨੇ ਆਪਣੇ ਸਮਕਾਲੀ ਕਵੀਆਂ ਦੇ ਮੱਧ-ਵਰਗੀ ਚਰਿੱਤਰ ਅਤੇ ਸਮਝੌਤਾਵਾਦੀ ਸਿਆਸਤ ਨੂੰ ਨਕਾਰਿਆ। ਸਮਾਜ ਦੀਆਂ ਠੋਸ, ਅਦਿੱਖ ਤੇ ਅਣਮਨੁੱਖੀ ਹਕੀਕਤਾਂ ਨੂੰ ਸਮਝ ਕੇ ਕਵਿਤਾ ਲਿਖਣ ਦੀ ਗੱਲ ਆਖੀ :
ਕਿ ਆਪੋ ਵਿਚਲੇ ਰਿਸ਼ਤੇ ਦਾ ਇਕਬਾਲ ਕਰੀਏ
ਤੇ ਵਿਚਾਰਾਂ ਦੀ ਲੜਾਈ
ਮੱਛਰਦਾਨੀ ਵਿੱਚੋਂ ਬਾਹਰ ਹੋ ਕੇ ਲੜੀਏ। (ਪਾਸ਼-ਕਾਵਿ, ਪੰਨਾ 32)
ਸਪੱਸ਼ਟ ਕਿ ਪਾਸ਼ ਨੇ ਆਪਣੇ ਸਮੇਂ ਦੇ ਸਾਹਿਤਕ, ਸਮਾਜਿਕ, ਸਿਆਸੀ ਤੇ ਇਤਿਹਾਸਕ ਆਦਿ ਪੱਖਾਂ ਨਾਲ ਸੰਵਾਦ ਰਚਾ ਕੇ ਅਜਿਹੀ ਕਵਿਤਾ ਦੀ ਰਚਨਾ ਕੀਤੀ ਜੋ ਹਥਿਆਰਬੰਦ-ਸੰਘਰਸ਼ ਰਾਹੀਂ ਲੋਕ ਹਿੱਤਾਂ ਦੀ ਹਾਮੀ ਭਰਦੀ ਸੀ। ਭਾਵੇਂ ਪਾਸ਼ ਦੀ ਕਵਿਤਾ ਨਕਸਲਬਾੜੀ ਅੰਦੋਲਨ ਅਧੀਨ ਲੜੇ ਹਥਿਆਰਬੰਦ-ਘੋਲ ਦੀ ਤਰਜਮਾਨੀ ਕਰਦੀ ਹੈ ਪਰ ਇਹ ਕਵਿਤਾ ਨਕਸਲਬਾੜੀ ਅੰਦੋਲਨ ਦੀਆਂ ਸੀਮਾਵਾਂ ਨੂੰ ਉਲੰਘ ਕੇ ਕਿਰਤੀ, ਕਿਸਾਨ, ਦਲਿਤ, ਔਰਤ ਆਦਿ ਦੇ ਵਡੇਰੇ ਸਰੋਕਾਰਾਂ ਨੂੰ ਵੀ ਆਪਣੇ ਅੰਦਰ ਸਮੋ ਲੈਂਦੀ ਹੈ। ਇਹੋ ਕਾਰਨ ਕਿ ਪਾਸ਼ ਦੀ ਕਵਿਤਾ ਦੀ ਪ੍ਰਸੰਗਿਕਤਾ ਸਮਕਾਲ ਤੇ ਭਵਿੱਖ ਵਿੱਚ ਵੀ ਬਣੀ ਰਹੇਗੀ।

ਪਾਸ਼ ਦੀ ਕਵਿਤਾ ਦਾ ਨਕਸਲਬਾੜੀ ਲਹਿਰ ਦੇ ਸਿਆਸੀ ਮੋਰਚੇ ਨਾਲੋਂ ਸਾਹਿਤਕ ਖੇਤਰ ਵਿੱਚ ਪਾਇਆ ਯੋਗਦਾਨ ਵੱਡਮੁੱਲਾ ਤੇ ਵਡੇਰਾ ਹੈ। ਇਹ ਕਵਿਤਾ ਸਿਆਸੀ ਅਜ਼ਾਦੀ ਦੇ ਨਾਲ-ਨਾਲ ਸੰਪੂਰਨ ਮਨੁੱਖੀ ਅਜ਼ਾਦੀ ਲਈ ਨਵੇਂ ਸਮਾਜਵਾਦੀ ਸਮਾਜ ਦੀ ਸਥਾਪਨਾ ਦੇ ਆਦਰਸ਼ ਨੂੰ ਵਾਰ-ਵਾਰ ਦਿ੍ਰੜਾਦੀ ਤੇ ਦੁਹਰਾਂਦੀ ਹੈ। ਇਸ ਮਕਸਦ ਲਈ ਜਿੱਥੇ ਇਹ ਕਵਿਤਾ ਬੁਰਜੂਆ ਸਿਆਸਤ ਦੀਆਂ ਮਿੱਥਾਂ, ਕੂਟਨੀਤੀਆਂ, ਦਾਅ ਪੇਚਾਂ ਤੇ ਦਾਅਵੇਦਾਰੀਆਂ ਦਾ ਪਰਦਾਫ਼ਾਸ਼ ਕਰਦੀ ਹੈ ਉਥੇ ਨਵੇਂ ਸਮਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣਾ ਬਣਦਾ ਰੋਲ ਵੀ ਅਦਾ ਕਰਦੀ ਹੈ। ਆਪਣੀ ਸਮਕਾਲੀ ਕਵਿਤਾ ਨਾਲੋਂ ਵਿਲੱਖਣ ਤੇ ਵੱਖਰੇ ਸਾਹਿਤ-ਸੁਹਜ, ਸਾਹਿਤ-ਦਿ੍ਰਸ਼ਟੀ ਤੇ ਵਿਚਾਰਧਾਰਾ ਰਾਹੀਂ ਪਾਸ਼ ਦੀ ਕਵਿਤਾ ਨੇ ਪੰਜਾਬੀ ਕਵਿਤਾ ਨੂੰ ਨਵੀਂ ਇਨਕਲਾਬੀ ਨੁਹਾਰ ਪ੍ਰਦਾਨ ਕੀਤੀ। ਇਸ ਦਾ ਪ੍ਰਮੁੱਖ ਕਾਰਨ ਪਾਸ਼ ਦੀ ਜ਼ਿੰਦਗੀ ਦੀਆਂ ਘਟਨਾਵਾਂ ਤੇ ਵੱਖਰੀ ਸਖ਼ਸ਼ੀਅਤ ਸੀ।
ਪਾਸ਼ ਨੇ ਆਪਣੀ ਜ਼ਿੰਦਗੀ ਦੇ ਤਲਖ਼ ਤਜਰਬਿਆਂ ਦੇ ਆਧਾਰ ’ਤੇ ਨਪੀੜੇ ਜਾ ਰਹੇ ਮਨੁੱਖ ਦੀ ਜ਼ਿਲੱਤ ਤੋਂ ਮੁੱਕਤੀ ਲਈ ਕਵਿਤਾ ਲਿਖੀ। ਇਹੋ ਕਾਰਨ ਹੈ ਕਿ ਉਸ ਦੀ ਕਵਿਤਾ ਲੁੱਟੇ ਤੇ ਥੱਕੇ-ਟੁੱਟੇ ਮਨ ਦਾ ਆਸਰਾ ਤੇ ਮਨੁੱਖ ਦੇ ਜੂਝਣ ਦੀ ਪ੍ਰੇਰਨਾ ਬਣਦੀ ਹੈ। ਪਾਸ਼ ਦੀ ਕਵਿਤਾ ਦਾ ਨਾਇਕ ਇਨਕਲਾਬੀ ਤੇ ਇਨਸਾਨੀ ਹੱਕਾਂ ਲਈ ਜੂਝਣ ਵਾਲਾ ਹੈ। ਇਸ ਨਾਇਕ ਦੁਆਰਾ ਇਨਕਲਾਬ ਲਈ ਲਿਆ ਸੁਪਨਾ ਸਮਕਾਲ ਦੇ ਆਰ-ਪਾਰ ਫੈਲਦਾ ਦਿਖਾਈ ਦਿੰਦਾ ਹੈ। ਇਹ ਨਾਇਕ ਕਠੋਰ ਸਮਾਜਿਕ ਪ੍ਰਸਥਿਤੀਆਂ ਲਈ ਪ੍ਰਤੀਰੋਧ ਤੇ ਵਿਦਰੋਹ ਦਾ ਬਿੰਬ ਬਣਕੇ ਗੈਰ-ਮਨੁੱਖੀ ਸਮਾਜ ਨਾਲ ਜੂਝਦਾ :
ਆਪਣੀ ਚੋਰੀ ਹੋਈ ਰਾਤਾਂ ਦੀ ਨੀਂਦ
ਅਸੀਂ ਟੋਹਣਾ ਜ਼ੋਰ
ਖ਼ੂਨ ਲਿਬੜੇ ਹੱਥਾਂ ਦਾ
ਉਨ੍ਹਾਂ ਨੂੰ ਭਲੇ ਲੱਗਣ ਲਈ
ਅਸੀਂ ਹੁਣ ਵੈਣ ਨਹੀਂ ਪਾਉਣੇ (ਪਾਸ਼-ਕਾਵਿ, ਪੰਨਾ 54)
ਕਵਿਤਾ ਦੀਆਂ ਉਪਰੋਕਤ ਤੁਕਾਂ ਸਪੱਸ਼ਟ ਕਰਦੀਆਂ ਹਨ ਕਿ ਪਾਸ਼ ਦੀ ਕਵਿਤਾ ਇੱਕ ਵਿਸ਼ੇਸ਼ ਸਿਆਸੀ ਮਹੌਲ ਵਿੱਚ ਲਿਖੀ ਹੋਣ ਕਰਕੇ ਇਨਕਲਾਬ ਲਈ ਪ੍ਰਤੀਬੱਧਤਾ ਦੀ ਕਵਿਤਾ । ਸਿਆਸਤ ਇਸ ਕਵਿਤਾ ਦੀ ਕਾਵਿਕ ਬਣਤਰ ਦੀ ਲਾਜ਼ਮੀ ਕੜੀ ਹੈ। ਇਹੋ ਕਾਰਨ ਕਿ ਇਸ ਕਵਿਤਾ ਦੀ ਸ਼ਕਤੀ ਤੇ ਸੁਹਜ ਸਿਆਸਤ ਦੇ ਦਾਅ-ਪੇਚਾਂ ਨੂੰ ਪੇਸ਼ ਕਰਨ ਵਿੱਚ ਮੌਜੂਦ ਹੈ। ਇਸ ਕਵਿਤਾ ਵਿੱਚ ਗ਼ਰੀਬ ਕਿਸਾਨੀ ਤੇ ਦਲਿਤ ਜਾਤਾਂ/ਜਮਾਤਾਂ ਦੀ ਵਿਦਰੋਹੀ ਸੁਰ ਦੇ ਨਾਲ-ਨਾਲ ਬੁਰਜੂਆ ਸਿਆਸਤ ਪ੍ਰਤੀ ਨਫ਼ਰਤ ਵੀ ਪੇਸ਼ ਹੁੰਦੀ ਹੈ। ਨਵ-ਸਾਮਰਾਜੀ ਸਿਆਸਤ ਦੇ ਜ਼ੁਲਮ, ਲੁੱਟ, ਭੈਅ ਤੇ ਝੂਠ ਨੂੰ ਪਾਸ਼ ਦੀ ਕਵਿਤਾ ਗੁੱਸੇ ਤੇ ਰੋਹ ਰਾਹੀਂ ਸਿਰਜਦੀ:
ਸਾਡੀ ਚੈਨ ਦਾ ਇੱਕ ਪਲ ਬਿਤਾ
ਸਕਣ ਦੀ ਖ਼ਾਹਸ਼
ਦੋਸਤੋ ਹੁਣ ਚੱਲਿਆ ਜਾਵੇ
ਉਡਦਿਆਂ ਬਾਜ਼ਾਂ ਮਗਰ… (ਪਾਸ਼-ਕਾਵਿ, ਪੰਨਾ 50)
ਪਾਸ਼ ਇਸ ਗੱਲੋਂ ਚੇਤੰਨ ਸੀ ਕਿ ਅਜੋਕੇ ਬੁਰਜੂਆ-ਜਗੀਰੂ ਸੱਭਿਆਚਾਰ ਨੂੰ ਖ਼ਤਮ ਕਰਨ ਲਈ ਸਾਹਿਤ ਤੇ ਕਲਾ ਦੇ ਖੇਤਰ ਦੇ ਨਾਲ-ਨਾਲ ਆਰਥਿਕ ਤੇ ਸਿਆਸੀ ਲੜਾਈਆਂ ਵੀ ਲੜੀਆਂ ਜਾਣ। ਉਹ ਆਪਣੀ ਕਾਵਿ-ਕਲਾ ਨੂੰ ਜਮਾਤੀ ਨਜ਼ਰੀਏ ਤੋਂ ਵੇਖਦਾ ਤੇ ਲਿਖਦਾ ਹੈ। ਇਹੋ ਕਾਰਨ ਕਿ ਪਾਸ਼ ਆਪਣੇ ਆਪ ਨੂੰ ਸੁਧਾਰਵਾਦੀ ਕਵੀ ਨਹੀਂ ਕਹਾਉਣਾ ਚਾਹੁੰਦਾ ਸਗੋਂ ਜੁਝਾਰਵਾਦੀ ਕਵੀ ਕਹਾਉਣ ਦੇ ਹੱਕ ਵਿੱਚ ਸੀ। ਉਹ ਆਪਣੇ ਪਾਠਕ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦਾ ਸਗੋਂ ਸਮਾਜਿਕ ਪ੍ਰਸਥਿਤੀਆਂ ਨੂੰ ਬਦਲਣ ਲਈ ਕਹਿੰਦਾ ਹੈ। ਅਜਿਹਾ ਕਰਦਿਆਂ ਉਹ ਇੱਕ ਵਿਸ਼ੇਸ਼ ਵਿਚਾਰਧਾਰਾ ਦੇ ਪ੍ਰਚਾਰ ਤੇ ਪਾਸਾਰ ਉਤੇ ਬਲ ਦਿੰਦਾ ਹੋਇਆ ਵੀ ਕਵਿਤਾ ਦੀ ਕਲਾਤਮਿਕਤਾ ਵੱਲ ਵਿਸ਼ੇਸ਼ ਤਵੱਜੋ ਦਿੰਦਾ ਹੈ। ਪਾਸ਼ ਦਾਰਸ਼ਨਿਕ ਪ੍ਰਤੀਬੱਧਤਾ ਦੇ ਪੱਖ ਤੋਂ ਮਾਰਕਸਵਾਦ ਨਾਲ ਪ੍ਰਤੀਬੱਧ ਸ਼ਾਇਰ ਹੈ। ਮਾਰਕਸਵਾਦੀ ਫ਼ਲਸਫ਼ਾ ਉਸਦੇ ਕਾਵਿ-ਵਸਤੂ ਤੇ ਕਾਵਿ-ਵਿਧੀ ਨੂੰ ਵੀ ਨਿਰਧਾਰਤ ਕਰਦਾ ਹੈ।
ਪਾਸ਼ ਨੇ ਮਾਰਕਸਵਾਦ ਬਾਰੇ ਮੁੱਢਲੀ ਜਾਣਕਾਰੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀ. ਪੀ. ਆਈ) ਦੇ ਪੰਜਾਬ ਵਿੱਚ 1967 ਈ. ਦੌਰਾਨ ਲੱਗਦੇ ਸਕੂਲਾਂ ਵਿੱਚੋਂ ਹਾਸਲ ਕੀਤੀ। ਸੰਨ 1969 ਵਿੱਚ ਉਸ ਦਾ ਨਕਸਲੀ ਕਾਮਰੇਡਾਂ ਨਾਲ ਮੇਲ-ਜੋਲ ਹੋਇਆ। ਇਸ ਮੇਲ-ਜੋਲ ਕਾਰਨ ਉਸ ਨੂੰ ਜ਼ੇਲ੍ਹ ਜਾਣਾ ਪਿਆ। ਜੇਲ੍ਹ ਵਿੱਚ ਰਹਿੰਦਿਆਂ ਉਸ ਦੇ ਮਾਰਕਸੀ ਵਿਚਾਰਾਂ ਵਿੱਚ ਹੋਰ ਪਰਿਪੱਕਤਾ ਆਈ। ਇਸ ਵਿਚਾਰਧਾਰਕ ਪਰਿਪੱਕਤਾ ਨੇ ਉਸ ਦੇ ਮਨ ਵਿੱਚ ਆਪਣੇ ਲੋਕਾਂ ਤੇ ਸਮਾਜ ਪ੍ਰਤੀ ਬੇਚੈਨੀ ਪੈਦਾ ਕੀਤੀ। ਇਹ ਬੇਚੈਨੀ ਪਾਸ਼ ਦੀ ਕਵਿਤਾ ਵਿੱਚ ਕੇਵਲ ਸ਼ਬਦਾਂ ਤੇ ਸ਼ਬਦ-ਚਿੱਤਰਾਂ ਦੇ ਭੇੜ ਵਿੱਚੋਂ ਹੀ ਪੈਦਾ ਨਹੀਂ ਹੁੰਦੀ ਸਗੋਂ ਸਮਾਜਕ ਯਥਾਰਥ ਦੇ ਅੰਤਰ-ਵਿਰੋਧਾਂ ਵਿੱਚੋਂ ਪਨਪਦੀ ਹੈ।
ਪਾਸ਼ ਆਪਣੀ ਸਿਆਸੀ ਚੇਤਨਾ ਨੂੰ ਸਮਾਜਵਾਦ ਲਈ ਜੂਝਣ ਹਿੱਤ ਪ੍ਰਯੋਗ ਵਿੱਚ ਲਿਆਉਂਦਾ। ਉਹ ਲੁੱਟੇ ਜਾ ਰਹੇ ਵਰਗਾਂ ਦੀ ਵਿਚਾਰਧਾਰਾ ਨਾਲ ਸੰਬੰਧਤ ਪਾਰਟੀਆਂ ਦੀ ਸਿਆਸਤ ਨਾਲ ਪ੍ਰਤੀਬੱਧ ਹੋ ਕੇ ਲਿਖਦਾ ਹੈ। ਪਰ ਇੱਕ ਚੰਗੇ ਕਮਿਊਨਿਸਟ ਵਾਂਗ ਉਹ ਕਮਿਊਨਿਸਟ ਪਾਰਟੀਆਂ ਦੀ ਆਲੋਚਨਾ ਵੀ ਕਰਦਾ ਹੈ। ਇਹ ਆਲੋਚਨਾ ਗੈਰ-ਮਾਰਕਸੀ ਨਹੀਂ ਹੁੰਦੀ ਸਗੋਂ ਮਾਰਕਸੀ ਵਿਚਾਰਧਾਰਾ ਨਾਲ ਪ੍ਰਤੀਬੱਧ ਹੋ ਕੇ ਹੁੰਦੀ ਹੈ। ਕਮਿਊਨਿਸਟ ਲਹਿਰ ਵਿੱਚ ਆਈਆਂ ਵਿਗਾੜਾਂ ਉਪਰ ਉਹ ‘ਕਾਮਰੇਡ ਨਾਲ ਗੱਲਬਾਤ’ ਵਰਗੀਆਂ ਕਵਿਤਾਵਾਂ ਲਿਖ ਕੇ ਗਲ ਕਰਦਾ ਹੈ।
ਪਾਸ਼ ਦੀ ਕਵਿਤਾ ਨੇ ਆਪਣਾ ਇਤਿਹਾਸਕ ਫਰਜ਼ ਪਛਾਣਦਿਆਂ ਸੱਚ ਨੂੰ ਸੱਚ ਕਹਿਣ ਦੀ ਜੁਰਅਤ ਕੀਤੀ। ਨਵ-ਸਾਮਰਾਜੀ ਸਿਆਸਤ ਦੁਆਰਾ ਜਦੋਂ ਵੀ ਜ਼ਿੰਦਗੀ ਦੀ ਉਲੰਘਣਾ ਕੀਤੀ ਗਈ ਤਾਂ ਪਾਸ਼ ਦੀ ਕਲਮ ਇਸ ਜ਼ੁਲਮ ਵਿਰੁੱਧ ਸੰਗੀਨ ਬਣ ਕੇ ਖੜੀ ਹੋਈ। ਉਹ ਸੁਚੇਤ ਸੀ ਕਿ ਜੁਝਾਰਵਾਦੀ ਕਵਿਤਾ ਦੇ ਨਾਂ ਹੇਠ ਅਜਿਹੀ ਕਵਿਤਾ ਵੀ ਲਿਖੀ ਗਈ ਜੋ ਮੁੱਠੀਭਰ ਬੁੱਧੀਜੀਵੀਆਂ, ਵਿਦਿਆਰਥੀਆਂ ਅਧਿਆਪਕਾਂ ਤੇ ਪੜ੍ਹੇ-ਲਿਖੇ ਮੁਲਾਜ਼ਮਾਂ ਦਾ ਮਨ-ਪ੍ਰਚਾਵਾ ਹੀ ਕਰਦੀ ਰਹੀ। ਅਜਿਹੇ ਮੱਧ-ਵਰਗੀ ਸ਼ਾਇਰਾਂ ਕੋਲੋਂ ਆਪਣੇ ਆਪ ਨੂੰ ਨਿਖੇੜਦਿਆਂ ਪਾਸ਼ ਨੇ ਇੱਕ ਵੱਖਰਾ ਮੁਕਾਮ ਹਾਸਲ ਕੀਤਾ। ‘ਸੱਭਿਆਚਾਰ ਦੀ ਖੋਜ’ ਨਾਂ ਦੀ ਕਵਿਤਾ ਵਿੱਚ ਉਹ ਆਪਣੇ ਆਪ ਨੂੰ ਲੁੱਟੇ ਜਾ ਰਹੇ ਲੋਕਾਂ ਨਾਲ ਜੋੜਦਾ ਹੈ:
ਭੁੱਖਾ ਮਰਦਾ ਕਲਾਕਾਰ ਹਾਂ
ਤੂੰ ਮੇਰੀ ਜੀਵਨ ਸਾਥੀ ਬਣ ਕੇ ਕੀ ਲੈਣਾ ?(ਪਾਸ਼ ਕਾਵਿ, ਪੰਨਾ 31)
ਪਾਸ਼ ਲਈ ਕਵਿਤਾ ਲਿਖਣਾ ਇੱਕ ਸੁਚੇਤ ਰਚਨਾਤਮਕ ਅਮਲ ਸੀ। ਉਹ ਚੇਤੰਨ ਸੀ ਕਿ ਨਿਜ਼ਾਮ ਨੂੰ ਕ੍ਰਾਂਤੀਕਾਰੀ ਅਮਲ ਰਾਹੀਂ ਹੀ ਬਦਲਿਆ ਜਾ ਸਕਦਾ । ਇਹੋ ਕਾਰਨ ਕਿ ਪਾਸ਼ ਕਈ ਹਾਲਤਾਂ ਵਿੱਚ ਇਸ ਅਮਲ ਵਿੱਚ ਆਪਣੇ ਆਪ ਨੂੰ ਸ਼ਾਮਲ ਵੀ ਕਰਦਾ ਹੈ। ਇਸ ਮਕਸਦ ਲਈ ਉਸ ਦੁਆਰਾ ਰਚੀ ਗਈ ਕਵਿਤਾ ਵੀ ਬੁੁਰਜੂੁਆ ਸਭਿਆਚਾਰਕ ਮਾਪਦੰਡਾਂ ਨੂੰ ਨਕਾਰਦੀ ਅਤੇ ਕਿਰਤੀ ਸਭਿਆਚਾਰ ਦੀ ਸਿਰਜਣਾ ਲਈ ਯਤਨ ਕਰਦੀ । ਪਰ ਪਾਸ਼ ਨੂੰ ਪਤਾ ਹੈ ਕਿ ਪੁਰਾਣੇ ਬੁਰਜੂਆ ਮਾਪਦੰਡਾਂ ਨੂੰ ਬਦਲਣਾ ਇੱਕ ਲੰਮਾ ਤੇ ਔਖਾ ਕਾਰਜ ਹੈ। ਸਮਾਜ ਦੇ ਬੁਨਿਆਦੀ ਢਾਂਚੇ ਨੂੰ ਬਦਲ ਕੇ ਨਵੇਂ ਸਮਾਜ ਵਿੱਚ ਤਬਦੀਲ ਕਰਨ ਸੰਬੰਧੀ ਪਾਸ਼ ਦੇ ਵਿਚਾਰ ਯਥਾਰਥਮੁਖੀ ਹਨ। ਇਸ ਤਰ੍ਹਾਂ ਆਪਣੀ ਇੱਕ ਹੋਰ ਕਵਿਤਾ ਵਿੱਚ ਪਾਸ਼ ਯੂਟੋਪੀਆ ਕ੍ਰਾਂਤੀਕਾਰੀ ਵਿਚਾਰਾਂ ’ਤੇ ਕਟਾਖ਼ਸ਼ ਕਰਦਾ ਹੋਇਆ ਲਿਖਦਾ :
ਨਸੀਹਤ ਦੇਣ ਵਾਲਿਓ
ਕ੍ਰਾਂਤੀ, ਜਦ ਆਈ ਤਾਂ
ਤੁਹਾਨੂੰ ਵੀ ਤਾਰੇ ਦਿਖਾ ਦਏਗੀ। (ਪਾਸ਼ ਕਾਵਿ, ਪੰਨਾ 39)
ਪਾਸ਼ ਦਾ ਮੰਨਣਾ ਦਰੁਸਤ ਹੈ ਕਿ ਨਕਸਲਬਾੜੀ ਲਹਿਰ ਨਾਲ ਸੰਬੰਧਤ ਜੂਝਾਰ ਕਵਿਤਾ ਨਕਸਲੀ ਲਹਿਰ ਤੋਂ ਭਾਵੇਂ ਪ੍ਰਭਾਵਤ ਸੀ ਪਰ ਇਸ ਦੀ ਸਾਰੀ ਹੋਂਦ, ਪਾਸਾਰਤਾ ਤੇ ਵਿਸ਼ਾਲਤਾ ਨਕਸਲੀ ਲਹਿਰ ਵਾਲੀ ਨਹੀਂ ਸੀ। ਉਹ ਸਵੀਕਾਰ ਕਰਦਾ ਕਿ ਜੁਝਾਰ ਕਵਿਤਾ ਨੇ ਪੰਜਾਬੀ ਕਵਿਤਾ ਵਿੱਚ ਕ੍ਰਾਂਤੀਕਾਰੀ ਅੰਸ਼ ਭਰਨ ਵਿੱਚ ਵੱਡਾ ਯੋਗਦਾਨ ਪਾਇਆ। ਭਾਵੇਂ ਇਹ ਕਵਿਤਾ ਨਕਸਲੀ ਸਿਆਸਤ ਤੋਂ ਪ੍ਰਭਾਵਤ ਸੀ ਪਰ ਇਸ ਕਵਿਤਾ ਨੂੰ ਕੇਵਲ ਇਸ ਪੱਖ ਨਾਲ ਜੋੜ ਕੇ ਵੇਖਣਾ ਇਸ ਕਵਿਤਾ ਨਾਲ ਨਿਆਂ ਨਹੀਂ ਹੋ ਸਕਦਾ। ਸੋ, ਪਾਸ਼ ਨੇ ਜੂਝਾਰ ਕਵਿਤਾ ਦੇ ਵੱਖ-ਵੱਖ ਪ੍ਰਸੰਗਾਂ ਨੂੰ ਸਹੀ ਨਜ਼ਰੀਏ ਤੋਂ ਵੇਖਣ ਦਾ ਯਤਨ ਕੀਤਾ।
ਪਾਸ਼ ਜੁਝਾਰ ਕਵਿਤਾ ਦੀਆਂ ਖ਼ੂਬੀਆਂ ਤੇ ਖ਼ਮੀਆਂ ਬਾਰੇ ਵੀ ਚੇਤਨ ਸੀ। ਉਸ ਅਨੁਸਾਰ ਜੁਝਾਰ ਕਵਿਤਾ ਭਾਵੇਂ ਗੁਣਾਤਮਕ ਪੱਖ ਤੋਂ ਪ੍ਰਗਤੀਵਾਦੀ ਪੰਜਾਬੀ ਕਵਿਤਾ ਨੂੰ ਉਚਾ ਸਾਹਿਤਕ ਪੱਧਰ ਪ੍ਰਦਾਨ ਕਰਨ ਵਿੱਚ ਵਿਸ਼ੇਸ਼ ਰੋਲ ਅਦਾ ਕਰਦੀ ਪਰ ਗਿਣਾਤਮਕ ਪੱਖ ਤੋਂ ਸਮੁੱਚੀ ਜੁਝਾਰ ਕਵਿਤਾ ਵਿੱਚ ਸਾਹਿਤਕ ਚੇਤਨਾ ਤੇ ਸਾਹਿਤਕ ਗੁਣਾਂ ਦੀ ਘਾਟ ਵੀ ਰੜਕਦੀ ਰਹੀ। ਬਹੁਤ ਸਾਰੀਆਂ ਕਵਿਤਾਵਾਂ ਕੇਵਲ ਨਾਅਰਾ ਬਣ ਕੇ ਰਹਿ ਗਈਆਂ। ਪਾਸ਼ ਨੂੰ ਕਲਾਤਮਿਕਤਾ ਤੋਂ ਰਹਿਤ ਪ੍ਰਚਾਰ ਪਸੰਦ ਨਹੀਂ ਸੀ। ਉਹ ਤਾਂ ਬੰਦੂਕ ਚੁੱਕਣ ਦੀ ਲੋੜ ਵੀ ਲੋਕ ਰਾਏ ਤੇ ਛੱਡਦਾ ਹੈ। ਪਾਸ਼ ਅਨੁਸਾਰ ਜ਼ਰੂਰੀ ਨਹੀਂ ਕਿ ਹਰ ਵੇਲੇ ਹਥਿਆਰਬੰਦ ਸੰਘਰਸ਼ ਦੀ ਗੱਲ ਸਮਾਜ ਤੇ ਲਾਗੂ ਹੁੰਦੀ ਹੋਵੇ।
ਪਾਸ਼ ਨੇ ਆਪਣੀ ਕਵਿਤਾ ਰਾਹੀਂ ਜਿੱਥੇ ਨਵੀਂ ਸਭਿਆਚਾਰਕ, ਆਰਥਿਕ, ਸਮਾਜਿਕ ਸਥਿਤੀ ਲਈ ਸੁਪਨੇ ਸਿਰਜੇ ਉਥੇ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਦੀ ਵਿਧੀ ਬਾਰੇ ਵੀ ਦੱਸਿਆ। ਆਪਣੀ ਪ੍ਰਸਿੱਧ ਕਵਿਤਾ ‘ਸਭ ਤੋਂ ਖ਼ਤਰਨਾਕ’ ਵਿੱਚ ਉਹ ਨਵੇਂ ਸਮਾਜ ਲਈ ਮਰ ਰਹੇ ਸੁਪਨੇ ਨੂੰ ਸਭ ਤੋਂ ਖ਼ਤਰਨਾਕ ਸਮਝਦਾ ਹੈ। ਇਸ ਕਵਿਤਾ ਰਾਹੀਂ ਆਪਣੇ ਪਾਠਕ ਨੂੰ ਸਿਧਾਂਤਕ ਤੇ ਸਿਆਸੀ ਚੇਤਨਾ ਦੇਣ ਦਾ ਕਾਰਜ ਉਸਦੀ ਪ੍ਰਤੀਬੱਧਤਾ ਦਾ ਮਹੱਤਵਪੂਰਨ ਅੰਗ ਹੈ। ਨਵੇਂ ਸਮਾਜ ਦੀ ਸਿਰਜਣਾ ਉਪਰ ਜ਼ੋਰ ਦਿੰਦਾ ਹੋਇਆ ਪਾਸ਼ ਸਿਆਸੀ ਸੰਘਰਸ਼ ਦੇ ਨਾਲ-ਨਾਲ ਆਪਣੇ ਪਾਠਕ ਨੂੰ ਉਸ ਦੀ ਇਤਿਹਾਸਕ ਜ਼ਿੰਮੇਵਾਰੀ ਤੋਂ ਵੀ ਜਾਣੂ ਕਰਵਾਦਾਂ ਹੈ। ਲੋਕਾਂ ਵਿੱਚ ਜਾਗੇ ਵਿੱਚ ਜ਼ਿੰਮੇਵਾਰੀ ਦੇ ਅਹਿਸਾਸ ਵਿੱਚੋਂ ਹੀ ਨਵੀਂ ਸਵੇਰ ਵਾਂਗ ਨਵੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ। ਉਸ ਨੂੰ ਉਮੀਦ ਕਿ ਜਦੋਂ ਪਰਿਵਰਤਨ ਸਦਕਾ ਨਵੀਂ ਸਵੇਰ ਆਵੇਗੀ ਤਾਂ ਬਰਾਬਰੀ, ਪ੍ਰੇਮ, ਪਿਆਰ ਆਦਿ ਦੇ ਰੰਗ ਗੂੜ੍ਹੇ ਹੋ ਜਾਣਗੇ :
ਧਰਤੀ ’ਤੇ ਸੁਰਗ ਬਣਾਉਣਾ ਲੋਕਾਂ ਨੇ
ਇੱਕੋ ਜਿੰਨੀ ਖੁਸ਼ੀ ਸਾਰਿਆਂ ਦੇ ਜੀਣ ਨੂੰ
ਬਚੇਗਾ ਨਾ ਲੋਟੂ ਕੋਈ ਲਹੂ ਪੀਣ ਨੂੰ
ਸੂਹਾ ਝੰਡਾ ਉੱਚਾ ਲਹਿਰਾਊ ਹਾਣੀਆ। (ਪਾਸ਼-ਕਾਵਿ, ਪੰਨਾ 97)
ਪਾਸ਼ ਦੀ ਪ੍ਰਸੰਗਿਕਤਾ ਜਿੱਥੇ ਉਸ ਦੀ ਕਾਵਿ-ਕਲਾ ਤੇ ਵਿਚਾਰਧਾਰਕ ਸਪੱਸ਼ਟਤਾ ਕਰਕੇ ਉਥੇ ਉਸ ਦੀ ਆਪਣੇ ਸਮਾਜ ਪ੍ਰਤੀ ਪ੍ਰਗਤੀਸ਼ੀਲ ਪਹੁੰਚ ਕਰਕੇ ਵੀ ਹੈ। ਉਸ ਨੂੰ ਲੱਗਦਾ ਕਿ ਮੰਡੀ ਦੇ ਮੌਜੂਦਾ ਦੌਰ ਵਿੱਚ ਜਿੱਥੇ ਕਿਰਤੀ ਆਪਣੀ ਕਿਰਤ-ਸ਼ਕਤੀ ਤੋਂ ਵਿਯੋਗਿਆ ਜਾ ਰਿਹਾ ਉਥੇ ਉਪਰਲਾ ਤਬਕਾ ਆਪਣੇ ਲੋਟੂ ਰੱਵਈਏ ਕਾਰਨ ਅਣਮਨੁੱਖੀ ਹੋਂਦ ਗ੍ਰਹਿਣ ਕਰਦਾ ਜਾ ਰਿਹਾ ਹੈ। ਇਸ ਦੇ ਸਿੱਟੇ ਵੱਜੋਂ ਮਨੁੱਖ ਆਪਣੀ ਮਨੁੱਖਤਾ ਕੋਲੋਂ ਟੁੱਟਦਾ ਜਾ ਰਿਹਾ ਹੈ। ਮਨੁੱਖ ਦੀ ਇਸ ਅਣਮਨੁੱਖੀ ਸਥਿਤੀ ਨੂੰ ਪ੍ਰਗਟ ਕਰਦੀ ਪਾਸ਼ ਦੀ ਕਵਿਤਾ ‘ਕੰਡੇ ਦਾ ਜ਼ਖ਼ਮ’ ਵਿਚਲੀਆਂ ਸਤਰਾਂ ਪੇਸ਼ ਹਨ :
ਉਮਰ ਦੇ ਸਾਲ
ਬਿਨਾ ਚੀਰਿਆਂ ਹੀ ਨਿਗਲੇ ਗਏ
ਤੇ ਕੱਚੇ ਦੁੱਧ ਵਰਗੀ ਉਸ ਦੀ ਸੀਰਤ
ਬੜੇ ਹੀ ਸੁਆਦ ਨਾਲ ਪੀਤੀ ਗਈ
ਉਸ ਨੂੰ ਕਦੇ ਵੀ ਨਾ ਪਤਾ ਲੱਗ ਸਕਿਆ
ਉਹ ਕਿੰਨਾ ਸਿਹਤ ਅਫ਼ਤਾ ਸੀ। (ਪਾਸ਼-ਕਾਵਿ, ਪੰਨਾ 111)
ਪਾਸ਼ ਦੀ ਕਵਿਤਾ ਹੁਕਮਰਾਨ ਜਮਾਤ ਦੀ ਅਖੌਤੀ ਰਾਸ਼ਟਰਵਾਦੀ ਪਹੁੰਚ ਨੂੰ ਵੀ ਅਸਵੀਕਾਰ ਕਰਦੀ ਹੈ। ਉਸ ਦੀ ਕਵਿਤਾ ਵਿਚਲੇ ਰਾਸ਼ਟਰ ਦਾ ਸੰਕਲਪ ਅਜੋਕੇ ਬੁਰਜੂਆ ਰਾਸ਼ਟਰਵਾਦੀਆਂ ਵਾਲਾ ਨਹੀਂ ਸਗੋਂ ਇਹ ਰਾਸ਼ਟਰ ਦੀ ਸੰਪੂਰਨ ਖ਼ੁਦਮੁਖ਼ਤਿਆਰੀ ਵਾਲਾ ਹੈ। ਪਾਸ਼ ਆਪਣੀ ਇੱਕ ਹੋਰ ਪ੍ਰਸਿੱਧ ਕਵਿਤਾ ‘ਭਾਰਤ’ ਵਿੱਚ ਆਜ਼ਾਦੀ ਤੋਂ ਬਾਅਦ ਦੇ ਭਾਰਤ ਦੀਆਂ ਸਮਾਜ-ਸਭਿਆਚਾਰਕ ਪ੍ਰਸਥਿਤੀਆਂ ਬਾਰੇ ਸਰਕਾਰੀ ਜਾਂ ਗੈਰ-ਸਰਕਾਰੀ ਵਸੀਲਿਆਂ ਰਾਹੀਂ ਫੈਲਾਈਆਂ ਮਿੱਥਾਂ ਨੂੰ ਤੋੜਦਾ ਹੈ। ਪਾਸ਼ ਇਹ ਭਲੀ ਪ੍ਰਕਾਰ ਜਾਣਦਾ ਕਿ ਹਾਕਮਾਂ ਦੁਅਰਾ ਦੇਸ਼ ਦੀ ਅਖੰਡਤਾ ਦੇ ਨਾਂ ਹੇਠ ਕਈ ਤਰ੍ਹਾਂ ਦੀਆਂ ਵਿਰੋਧਤਾਈਆਂ ਨੂੰ ਦਬਾਇਆ ਜਾਂਦਾ ਹੈ। ਹਾਕਮ ਆਪਣੀ ਵਿਚਾਰਧਾਰਕ ਸਰਦਾਰੀ ਰਾਹੀਂ ‘ਅਨੇਕਤਾ ਵਿੱਚ ਏਕਤਾ’ ਦਾ ਨਾਅਰਾ ਦੇ ਕੇ ਅਨੇਕ ਮਿੱਥਾਂ ਘੜਦੇ ਹਨ। ਪਾਸ਼ ਭਾਰਤ ਦੀਆਂ ਜਾਤੀ, ਜਮਾਤੀ, ਭਾਸ਼ਾਈ, ਧਾਰਮਿਕ ਆਦਿ ਵਿਰੋਧਤਾਈਆਂ ਤੇ ਤਣਾਵਾਂ ਤੋਂ ਪਰਦਾ ਚੁੱਕਦਾ ਹੈ। ਪਾਸ਼ ਦੀ ਇਹ ਕਵਿਤਾ ਬੁਰਜੂਆ ਰਾਸ਼ਟਰਵਾਦ ਉਪਰ ਕਟਾਖ਼ਸ਼ ਕਰਦੀ ਹੋਈ ਕੌਮੀ ਏਕਤਾ ਦੇ ਨਵੇਂ ਦਿਸਹਦਿਆਂ ਨੂੰ ਛੂੰਹਦੀ ਹੈ। ਪਾਸ਼ ਆਪਸੀ ਸਾਂਝ ਦੇ ਟੁੱਟਣ ਦੇ ਬੁਨਿਆਦੀ ਕਾਰਨ ਆਰਥਿਕ ਨਾ-ਬਰਾਬਰੀ ਮੰਨਦਾ ਅਤੇ ਭਾਰਤ ਦੀ ਕੌਮੀ ਏਕਤਾ ਨੂੰ ਨਵੇਂ ਅਰਥ ਪ੍ਰਦਾਨ ਕਰਦਾ ਹੈ।
ਕਵਿਤਾ ਦੀਆਂ ਵੱਖ-ਵੱਖ ਪੁਸਤਕਾਂ ਰਾਹੀਂ ਪਾਸ਼ ਲਗਾਤਾਰ ਕਾਵਿ-ਕਲਾ ਦੇ ਵਿਕਾਸ ਵੱਲ ਵੱਧਦਾ ਰਿਹਾ। ਆਪਣੀ ਸਿਧਾਂਤਕ ਪਰਿਪੱਕਤਾ, ਅਨੁਭਵ, ਭਾਸ਼ਾ ਤੇ ਕਾਵਿ-ਜੁਗਤਾਂ ਰਾਹੀਂ ਉਸ ਦੀ ਕਵਿਤਾ ਵਿਕਾਸ ਦਾ ਰੁਖ਼ ਅਖ਼ਤਿਆਰ ਕਰਦੀ ਰਹੀ। ਪਾਸ਼ ਦੀ ਕਵਿਤਾ ਪੰਜਾਬੀ ਕਵਿਤਾ ਦੇ ਰੂੜ੍ਹ ਹੋ ਚੁੱਕੇ ਪ੍ਰਤੀਮਾਨਾਂ ਨੂੰ ਤੋੜਦੀ ਹੋਈ ਨਿਵੇਕਲਾ ਆਲੋਚਨਾਤਮਕ ਨਜ਼ਰੀਆ ਵੀ ਰੱਖਦੀ ਹੈ। ਅਜਿਹੇ ਨਜ਼ਰੀਏ ਰਾਹੀਂ ਪਾਸ਼ ਦੀ ਕਵਿਤਾ ਜੀਵਨ ਦਾ ਪ੍ਰਤੀਬਿੰੰਬ ਹੀ ਪੇਸ਼ ਨਹੀਂ ਕਰਦੀ ਸਗੋਂ ਸੇਧ ਦੇਣ ਤੇ ਜੀਵਨ ਦੀ ਆਲੋਚਨਾ ਕਰਨ ਦਾ ਕਾਰਜ ਵੀ ਕਰਦੀ ਹੈ। ਇਹ ਕਵਿਤਾ ਕਿਰਤ ਕਰਨ ਵਾਲੀਆਂ ਜਮਾਤਾਂ ਦੀ ਪੀੜ ਨੂੰ ਜ਼ੁਬਾਨ ਦਿੰਦੀ ਹੋਈ ਉਨ੍ਹਾਂ ਨੂੰ ਨਵੀਂ ਸਭਿਅਤਾ ਉਸਾਰਨ ਦਾ ਸੁਪਨਾ ਵੀ ਵਿਖਾਂਦੀ ਹੈ। ਪਾਸ਼ ਆਪਣੀ ਗੰਭੀਰ ਤੇ ਵਿਅੰਗਾਤਮਕ ਸ਼ੈਲੀ ਰਾਹੀਂ ਸਮਾਜਿਕ, ਸਿਆਸੀ ਤੇ ਸਭਿਆਚਾਰਕ ਸਥਿਤੀ ਦੀ ਪੇਸ਼ਕਾਰੀ ਕਰਦਾ ਹੋਇਆ ਨਤੀਜਾ ਕੱਢਦਾ ਕਿ ਹੁਣ ਤੱਕ ਪ੍ਰਗਤੀ ਦੇ ਨਾਂ ’ਤੇ ਸਭ ਕੁਝ ਕਾਬਜ਼ ਜਮਾਤਾਂ ਲਈ ਅਤੇ ਉਨ੍ਹਾਂ ਦੇ ਹਿੱਤਾਂ ਵਿੱਚ ਵਿਕਸਤ ਹੋਇਆ ਹੈ। ਆਮ ਆਦਮੀ ਵੱਖ-ਵੱਖ ਕਦਰਾਂ-ਕੀਮਤਾਂ ਨੂੰ ਸਿਰਫ਼ ਸਵੀਕਾਰਦਾ ਹੈ, ਪੈਦਾ ਨਹੀਂ ਕਰਦਾ। ਨਿੱਜੀ ਜਾਇਦਾਦ ਦੇ ਜਨਮ ਤੋਂ ਬਾਅਦ ਸਭਿਆਚਾਰਕ ਤੇ ਸਦਾਚਾਰਕ ਹਿੱਤ ਉਪਰਲੀਆਂ ਜਮਾਤਾਂ ਦੇ ਹੱਕ ਵਿੱਚ ਭੁਗਤਦੇ ਰਹੇ ਹਨ। ਆਪਣੀ ਇੱਕ ਹੋਰ ਮਹੱਤਵਪੂਰਨ ਕਵਿਤਾ ‘ਜਿੱਥੇ ਕਵਿਤਾ ਖ਼ਤਮ ਨਹੀਂ ਹੁੰਦੀ’ ਵਿੱਚ ਪਾਸ਼ ਹਾਕਮ ਜਮਾਤਾਂ ਦੁਆਰਾ ਵਿਕਸਤ ਕੀਤੀਆਂ ਕਦਰਾਂ-ਕੀਮਤਾਂ ਨੂੰ ਚੈਜ ਕਰਦਾ ਹੋਇਆ ਸਥਾਪਤੀ ਦੇ ਅਸਲੀ ਕਿਰਦਾਰ ਦਾ ਪਰਦਾਫ਼ਾਸ਼ ਕਰਦਾ :
ਜਦ ਮੈਂ ਝੂਠ, ਚੋਰੀ, ਮਿਹਰਬਾਨ ਪ੍ਰਮਾਤਮਾ
ਤੇ ਸਭ ਮਨੁੱਖਾਂ ਦੇ ਬਰਾਬਰ ਹੋਣ ਦੀਆਂ ਧਾਰਨਾਵਾਂ ਤੇ
‘ਦੁਬਾਰਾ ਸੋਚਣਾ’ ਚਾਹਿਆ
ਤਾਂ ਮੇਰੇ ਇੰਜ ਸੋਚਣ ਨੂੰ
ਹਿੰਸਾ ਗਰਦਾਨਿਆ ਗਿਆ। (ਪਾਸ਼-ਕਾਵਿ, ਪੰਨਾ 121)
ਖ਼ੂਬਸੂਰਤ ਜ਼ਿੰਦਗੀ ਦੇ ਸੁਪਨੇ ਤੇ ਸਮਾਜਵਾਦ ਨੂੰ ਸੱਚੀ-ਮੁੱਚੀ ਵਾਪਰਿਆ ਵੇਖਣ ਦੀ ਰੀਝ ਰੱਖਣ ਵਾਲਾ ਪਾਸ਼ ਪਾਰਟੀ ਲੇਬਲਾਂ ਤੋਂ ਪਿੱਛਾ ਛੁਡਾਉਣ ਲਈ ਬੜੀਆਂ ‘ਸ਼ਰਾਰਤਾਂ’ ਕਰਦਾ ਰਿਹਾ। ਪਾਸ਼ ਨੂੰ ਦੁੱਖ ਸੀ ਕਿ ਅਨੇਕ ਖ਼ਤਰਿਆਂ ਨੂੰ ਸਹਿ ਰਹੇ ਆਮ ਆਦਮੀ ਦੀ ਕਿਸੇ ਇਨਕਲਾਬੀ ਪਾਰਟੀ ਨੇ ਬਾਂਹ ਨਾ ਫੜੀ। ਸਾਡੀਆਂ ਖੱਬੇ ਪੱਖੀ ਧਿਰਾਂ ਨੇ ਪੰਜਾਬੀ ਕੌਮ ਜਾਂ ਪੰਜਾਬੀ ਲੋਕਾਂ ਦੀ ਵੇਲੇ ਸਿਰ ਅਗਵਾਈ ਨਾ ਕੀਤੀ। ਸਿੱਟੇ ਵੱਜੋਂ, ਪੰਜਾਬ ਦਾ ਸਿਆਸੀ ਦਿ੍ਰਸ਼ ਸੱਜੀਆਂ, ਫਿਰਕਾਪ੍ਰਸਤ ਤੇ ਮੌਕਾਪ੍ਰਸਤ ਪਾਰਟੀਆਂ ਦਾ ਸ਼ਿਕਾਰ ਹੋ ਗਿਆ। ਪੰਜਾਬ ਸੱਜੇ-ਪੱਖੀ ਸਿਆਸਤ ਦੇ ਜਾਲ ਵਿੱਚ ਸਫ ਕੇ ਹਿੰਦੂ-ਸਿੱਖ ਮੂਲਵਾਦੀ ਸਿਆਸਤ ਦਾ ਸ਼ਿਕਾਰ ਹੋ ਗਿਆ। ਇਸ ਦੇ ਬਾਵਜੂਦ ਪਾਸ਼ ਪੰਜਾਬ ਜਾਂ ਭਾਰਤ ਵਿੱਚ ਸਹੀ ਮਾਅਨਿਆਂ ਵਿੱਚ ਇਨਕਲਾਬੀ ਪਾਰਟੀ ਦੀ ਲੋੜ ਨੂੰ ਮਹਿਸੂਸਦਾ ਰਿਹਾ।
ਪਾਸ਼ ਦੀ ਕਵਿਤਾ ਭਾਵੇਂ ਕਿਸੇ ਛੰਦ ਵਿੱਚ ਬੱਝੀ ਹੋਈ ਨਹੀਂ, ਇਸ ਦੇ ਬਾਵਜੂਦ ਇਸ ਵਿੱਚ ਆਪਣੀ ਤਰ੍ਹਾਂ ਦੀ ਲੈਅ ਤੇ ਤਾਲ ਮੌਜੂਦ । ਨਵੇਂ-ਨਕੋਰ ਪ੍ਰਤੀਕਾਂ ਰਾਹੀਂ ਪਾਸ਼ ਨੇ ਆਪਣੀ ਸਿਰਜਣ ਸ਼ਕਤੀ ਤੇ ਮੌਲਿਕ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਹੈ। ਉਸ ਦੀਆਂ ਕਵਿਤਾਵਾਂ ਪੰਜਾਬੀ ਖੁਲ੍ਹੀ ਕਵਿਤਾ ਦਾ ਪ੍ਰਤਿਨਿਧ ਰੂਪ ਹੋ ਨਿਬੜੀਆਂ ਹਨ। ਮਨੁੱਖ ਦੀ ਤਰਸਯੋਗ ਹਾਲਤ ਦਾ ਪ੍ਰਗਟਾਵਾ ਪਾਸ਼ ਬਹੁਤ ਹੀ ਸੁਚੇਤ ਤੇ ਸੂਝ ਨਾਲ ਵੱਖ-ਵੱਖ ਚਿੰਨ੍ਹਾਂ ਤੇ ਪ੍ਰਤੀਕਾਂ ਰਾਹੀਂ ਕਰਦਾ ਹੈ। ਅਜਿਹਾ ਕਰਦਿਆਂ ਪਾਸ਼ ਦੀ ਕਵਿਤਾ ਨਾ ਤਾਂ ਪੇਤਲੀ ਪੱਧਰ ਦੀ ਰੁਮਾਂਟਿਕ ਨਾਅਰੇਬਾਜ਼ੀ ਤੇ ਉਤਰਦੀ ਅਤੇ ਨਾ ਹੀ ਇਹ ਆਪਣੀ ਕਾਵਿ-ਵਿਰਾਸਤ ਤੋਂ ਟੁੱਟਦੀ ਹੈ। ਇਸ ਦਾ ਆਪਣਾ ਇੱਕ ਸਿਆਸੀ ਤੇ ਸਿਧਾਂਤਕ ਆਧਾਰ ਅਤੇ ਇਸ ਦਾ ਆਪਣਾ ਇੱਕ ਸੁਹਜ ਮੁੱਲ ਵੀ ਹੈ। ਇੱਕੀਵੀਂ ਸਦੀ ਵਿੱਚ ਲੜੇ ਜਾਣ ਵਾਲੇ ਲੋਕ-ਪੱਖੀ ਸੰਘਰਸ਼ਾਂ ਲਈ ਪਾਸ਼ ਦੀ ਕਵਿਤਾ ਪ੍ਰੇਰਨਾ-ਸ੍ਰੋਤ ਬਣਦੀ ਰਹੇਗੀ। ਪਾਸ਼ ਨੇ ਪ੍ਰਯੋਗਵਾਦੀ ਅਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਕਵੀਆਂ ਦੁਆਰਾ ਲਿਖੀ ਜਾ ਰਹੀ ਨਿਰਾਸ਼ਾਵਾਦੀ ਕਵਿਤਾ ਨੂੰ ਵੰਗਾਰਿਆ ਹੀ ਨਹੀਂ ਸਗੋਂ ਖ਼ੁਦ ਇੱਕ ਨਵੇਂ ਨਰੋਏ ਆਸ਼ਾਵਾਦੀ ਨਾਇਕ ਦੀ ਸਿਰਜਣਾ ਕੀਤੀ। ਪਾਸ਼ ਦੀ ਕਵਿਤਾ ਜਿੱਥੇ ਵਾਸਤਵਿਕ ਯਥਾਰਥ ਦੀ ਜਟਿਲਤਾ ਨੂੰ ਪੇਸ਼ ਕਰਦੀ, ਉਥੇ ਇਹ ਆਪਣੇ ਪਾਠਕ ਦੀ ਮਾਨਸਿਕਤਾ ਦੀ ਕ੍ਰਾਂਤੀਕਾਰੀ ਮਨੋਦਿਸ਼ਾ ਨੂੰ ਵੀ ਸਿਰਜਦੀ ਹੈ। ਮੁੱਖ ਤੌਰ ’ਤੇ ਪਾਸ਼ ਦੀ ਕਵਿਤਾ ਕਿਸਾਨਾਂ, ਕਿਰਤੀਆਂ ਤੇ ਹੋਰ ਸੰਘਰਸ਼ੀਲ ਜਮਾਤਾਂ ਤੇ ਜਾਤਾਂ ਦੀ ਅਣਖ, ਦਲੇਰੀ, ਸੂਝ-ਸਿਆਣਪ ਅਤੇ ਇਨਕਲਾਬੀ ਜਜ਼ਬੇ ਦੀ ਕਵਿਤਾ ਹੈ। ਇਹ ਕਵਿਤਾ ਭਵਿੱਖ ਵਿੱਚ ਵੀ ਸਾਨੂੰ ਲੜਨ ਦੀ ਪ੍ਰੇਰਨਾ ਦਿੰਦੀ ਰਹੇਗੀ। ਇਹੋ ਪ੍ਰੇਰਨਾ ਪਾਸ਼ ਦੀ ਕਵਿਤਾ ਦੀ ਅਦੁੱਤੀ ਪਹਿਚਾਣ ਤੇ ਪ੍ਰਾਪਤੀ ਹੈ।

