By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਅਤੇ ਦਮ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਅਤੇ ਦਮ
ਨਜ਼ਰੀਆ view

ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਅਤੇ ਦਮ

ckitadmin
Last updated: July 15, 2025 10:05 am
ckitadmin
Published: March 12, 2021
Share
SHARE
ਲਿਖਤ ਨੂੰ ਇੱਥੇ ਸੁਣੋ

(80 ਵਿਆਂ ‘ਚ ਇਨਕਲਾਬੀ ਮੈਗਜ਼ੀਨ ‘ਜ਼ਫ਼ਰਨਾਮਾ’ ਵਿਚ ਛਪਿਆ ਇਹ ਲੇਖ ‘ਸੂਹੀ ਸਵੇਰ’ ਦੇ ਪਾਠਕਾਂ ਲਈ ਛਾਪ ਰਹੇ ਹਾਂ )
 

ਖੇਤ ਮਜ਼ਦੂਰ ਔਰਤਾਂ ਸਾਡੇ ਸਮਾਜ ਦਾ ਸਭ ਤੋਂ ਹੇਠਲਾ, ਸਭ ਤੋਂ ਵੱਧ ਤਿੱਖੀ ਤਰ੍ਹਾਂ ਲੁੱਟਿਆ, ਲਤਾੜਿਆ ਅਤੇ ਦੁਰਕਾਰਿਆ ਜਾਂਦਾ ਹਿੱਸਾ ਹਨ। ਉਹ ਇੱਕੋ ਸਮੇਂ, ਪੂਰੇ-ਸੁਰੇ ਦੋਵੇਂ ਕਿਸਮ ਦੇ ਕੰਮਾਂ ਦਾ ਜ਼ਿੰਮਾ ਚੁੱਕਦੀਆਂ ਹਨ। ਉਹ ਖੇਤ ਮਜ਼ਦੂਰਾਂ ਵਜੋਂ ਸਾਰੇ ਦਾ ਸਾਰਾ ਮੁਸ਼ੱਕਤੀ ਕੰਮ ਕਰਦੀਆਂ ਹਨ। ਉਹ ਔਰਤਾਂ ਵਜੋਂ ਕੁਦਰਤ ਵੱਲੋਂ ਸੌਂਪੀ ਅਤੇ ਸਮਾਜ ਵੱਲੋਂ ਮੜ੍ਹੀ ਜ਼ਿੰਮੇਵਾਰੀ ਵੀ ਨਿਭਾਉਂਦੀਆਂ ਹਨ। ਕੁਦਰਤ ਵੱਲੋਂ ਸੌਂਪੀ ਜ਼ਿੰਮੇਵਾਰੀ ਹੈ, ਮਨੁੱਖੀ ਨਸਲ ਨੂੰ ਅੱਗੇ ਤੋਰਨ ਲਈ ਔਲਾਦ ਨੂੰ ਜਨਮ ਦੇਣਾ। ਸਮਾਜ ਵੱਲੋਂ ਮੜ੍ਹੀ ਜ਼ਿੰਮੇਵਾਰੀ ਹੈ, ਔਲਾਦ ਨੂੰ ਤੇ ਸਾਰੇ ਪਰਿਵਾਰ ਨੂੰ ਪਾਲਣ-ਪੋਸਣ ਲਈ ਘਰੇਲੂ ਕੰਮਾਂ ਦੇ ਭਾਰ ਦਾ ਕੋਹਲੂ ਗੇੜਨਾ।

ਇਨ੍ਹਾਂ ਦੋਵਾਂ ਕੰਮਾਂ ਦੇ ਭਾਰ ਨੂੰ ਮਿਨਣ-ਜੋਖਣ ਲਈ ਇਹ ਕਹਾਵਤ ਠੀਕ ਢੁਕਦੀ ਹੈ, “ਨਾ ਭੱਠਾ ਮੁੱਕੇ, ਨਾ ਗਧਾ ਛੁੱਟੇ।” ਉਨ੍ਹਾਂ ਦੇ ਕੰਮਾਂ ਦਾ ਬੋਝ ਬੇਅੰਤ ਹੈ। ਉਨ੍ਹਾਂ ਲਈ ਖਾਧ-ਖ਼ੁਰਾਕ, ਆਰਾਮ ਅਤੇ ਸੰਭਾਲ ਨਹੀਂ ਹੈ। ਨਿਰੀ ਸੁੱਕੀ ਹੱਡ ਰਗੜਾਈ ਹੈ। ਕਾਮੇ ਵਜੋਂ, ਬੱਝਵਾਂ ਤੇ ਸੁਰੱਖਿਅਤ ਰੁਜ਼ਗਾਰ ਮਿਲਣ ਪੱਖੋਂ, ਉਹ ਆਪਣੇ ਸਾਥੀ ਮਰਦ ਮਜ਼ਦੂਰਾਂ ਤੋਂ ਕਿਤੇ ਵਧੇਰੇ ਭੈੜੀ ਕਿਸਮ ਦੀ ਨੀਮ-ਰੁਜ਼ਗਾਰੀ ਦਾ ਸ਼ਿਕਾਰ ਹਨ।

 

 

ਕੰਮ ਦਾ ਪੂਰਾ ਸੂਰਾ ਮਿਹਨਤਾਨਾ ਝੋਲੀ ਪੈਣ ਪੱਖੋਂ ਉਹ ਆਪਣੇ ਸਾਥੀ ਮਰਦ ਖੇਤ ਮਜ਼ਦੂਰਾਂ ਵਿੱਚੋਂ ਫਾਡੀ ਹਨ। ਉਨ੍ਹਾਂ ਸਾਹਮਣੇ ਰਾਜ-ਭਾਗ ਅਤੇ ਜ਼ਮੀਨ, ਜਾਇਦਾਦ ਦੀਆਂ ਮਾਲਕ ਜਮਾਤਾਂ ਦੇ ਦਾਬੇ ਦਾ ਸਵਾਲ ਹੈ। ਉਨ੍ਹਾਂ ਦੇ ਮਰਦ-ਹੰਕਾਰ ਅਤੇ ਕਾਮ-ਵਾਸ਼ਨਾ ਦਾ ਸ਼ਿਕਾਰ ਹੋਣ ਦੇ ਖ਼ਤਰੇ ਦਾ ਸਵਾਲ ਹੈ। ਉਹ ਔਰਤਾਂ ਵਿੱਚੋਂ ਵੀ ਸਭ ਤੋਂ ਬੁਰੀ ਤਰ੍ਹਾਂ ਅਤੇ ਲਗਾਤਾਰ ਕੋਹੀ ਜਾਂਦੀ ਪਰਤ ਬਣਦੀਆਂ ਹਨ। ਉਨ੍ਹਾਂ ਦੀ ਹਾਲਤ ਜੰਗਲੀ ਭੇੜੀਆਂ ਦੀ ਹੇੜ੍ਹ ਮੂਹਰੇ ਬੰਨ੍ਹ ਕੇ ਸੁੱਟੇ ਪਠੋਰਿਆਂ ਦੇ ਵੱਗ ਵਰਗੀ ਹੈ। ਇਹ ਕੁਝ ਨਿਰਖਾਂ ਹਨ, ਜਿਹੜੀਆਂ ਖੇਤ ਮਜ਼ਦੂਰਾਂ ਦੀਆਂ ਕੰਮ ਹਾਲਾਤ ਨੂੰ ਜਾਨਣ-ਸਮਝਣ ਲਈ ਨੇੜਿਉਂ ਹੋ ਕੇ ਵਿਚਰਦਿਆਂ ਬਣੀਆਂ ਹਨ। ਇਨ੍ਹਾਂ ਨਿਰਖਾਂ ਨੂੰ ਉਭਾਰਦੀਆਂ ਕੁਝ ਹਕੀਕਤਾਂ ਇਥੇ ਦਰਜ਼ ਕੀਤੀਆਂ ਹਨ। ਇਹ ਹਕੀਕਤਾਂ ਬਠਿੰਡਾ-ਫਰੀਦਕੋਟ ਦੇ ਦਰਮਿਆਨ ਪੈਂਦੇ ਖਿੱਤੇ ਵਿਚਲੇ ਖੇਤਰ ‘ਤੇ ਆਧਾਰਤ ਹਨ।

ਪਾਪੀ ਪੇਟ ਦਾ ਸਵਾਲ
ਪੌਣ-ਪਾਣੀ ਤੇ ਅੰਨ! ਬੰਦੇ ਵਿੱਚ ਸਾਹ ਵਗਦੇ ਰੱਖਣ ਲਈ ਏਦੂੰ ਘੱਟ ਚੀਜ਼ਾਂ ਨਾਲ ਨਹੀਂ ਸਰਦਾ। ਕੁਦਰਤ ਦੀ ਦਾਤ, ਪੌਣ ਦੀ ਬਹੁਤਾਤ ਹੈ। ਇਹ ਕਿਸੇ ਦੇ ਬੰਨ੍ਹਣ-ਖੋਲ੍ਹਣ ਦੀ ਮੁਥਾਜ਼ ਨਹੀਂ। ਕਿਸੇ ਦੀ ਰੋਕ-ਟੋਕ ਤੋਂ ਬਿਨਾਂ ਵਗਦੀ ਹੈ। ਇਸ ਲਈ ਸਭ ਨੂੰ ਮਿਲਦੀ ਹੈ। ਪੀਣ, ਨਹਾਉਣ ਤੇ ਕੱਪੜੇ ਧੋਣ ਲਈ ਪਾਣੀ ਆਮੋ-ਆਮ ਨਹੀਂ ਹੈ। ਪਾਣੀ ਆਮ ਹੋਵੇ ਤਾਂ ਚੰਗੇ ਭਾਗਾਂ ਦੀ ਗੱਲ ਸਮਝੀ ਜਾਂਦੀ ਹੈ। ਬਹੁਤੇ ਪਿੰਡ ਅਜਿਹੇ ਹਨ, ਜਿਥੋਂ ਦਾ ਪਾਣੀ ਪੀਣ ਲਈ ਬੇਸੁਆਦ ਹੈ। ਸਰੀਰ ਦਾ ਨਾਸ਼ ਮਾਰਨ ਵਾਲਾ ਹੈ। ਇਹ ਹੱਡੀਆਂ ਨੂੰ ਗਾਲਦਾ ਹੈ। ਮਰੋੜਦਾ ਹੈ, ਸਾਹ-ਦਮਾ ਵਰਗੀਆਂ ਨਾ-ਮੁਰਾਦ ਬੀਮਾਰੀਆਂ ਦੇ ਹੱਲੇ ਨੂੰ ਹੱਲਾਸ਼ੇਰੀ ਦਿੰਦਾ ਹੈ। ਜੇ ਪਾਣੀ ਦੀ ਇਹ ਹਾਲਤ ਹੈ ਤਾਂ ਤੁਸੀਂ ਵਾਟਰ ਵਰਕਸ ਦੀ ਟੂਟੀ ਆਪਣੇ ਘਰੇ ਲਵਾ ਲਓ। ਕਿਉਂ ਨਹੀਂ ਲਵਾਉਂਦੇ? ਜੇ ਤੁਸੀਂ ਇਹ ਸਵਾਲ ਖੇਤ ਮਜ਼ਦੂਰ ਪਰਿਵਾਰਾਂ ਨੂੰ ਕਰ ਬੈਠੋ ਤਾਂ ਤੁਸੀਂ “ਨਿਰੇ ਯੱਬਲ੍ਹ” ਸਮਝੇ ਜਾਓਗੇ। ਇਹ ਪੱਕੀ ਗੱਲ ਹੈ; ਕਿਉਂਕਿ, ਪਹਿਲੇ, ਸਰਕਾਰੀ ਵਾਟਰ ਵਰਕਸ ਦੀ ਟੈਂਕੀ ਦਾ ਐਨਾ ਮਾਜਨਾ ਕਿੱਥੇ ਹੈ ਕਿ ਉਹ ਘਰ-ਘਰ ਨੂੰ ਟੂਟੀ ਦੇ ਸਕੇ। ਦੂਜਾ, ਖੇਤ ਮਜ਼ਦੂਰ ਪਰਿਵਾਰ ਦੀ ਕਮਾਈ ਵਿੱਚ ਐਨੀ ਬਰਕਤ ਕਿੱਥੇ ਹੈ ਕਿ ਉਹ ਪਾਣੀ ਵਰਗੀ ਸਹੂਲਤ ਨੂੰ ਮਾਨਣ ਲਈ ਪੈਸਾ ਖਰਚ ਸਕੇ। ਸੋ ਇਹ ਤਾਂ ਮਜ਼ਦੂਰ ਵਿਹੜੇ ਵਿੱਚ ਇੱਕ ਜਾਂ ਦੋ ਥਾਵਾਂ ‘ਤੇ ਲੱਗੀ ਟੂਟੀ ਹੀ ਹੈ, ਜਿਹੜੀ ‘ਬੜੀ ਨਿਆਮਤ ਵਾਲੀ ਚੀਜ਼ ਹੈ।’ ਉਹ ਦਿਹਾੜੀ ਵਿੱਚ ਇੱਕ ਵਾਰ ਵਗੇ ਜਾਂ ਦੋ ਵਾਰ। ਘੰਟੇ ਵਾਸਤੇ ਆਵੇ ਜਾਂ ਮਿੰਟਾਂ ਵਾਸਤੇ, ਇਹੀ ਦਾਤੀ ਹੈ। “ਟੂਟੀ ਆਗੀ” ਦਾ ਹੋਕਰਾ ਵੀਹੀ ਵਿੱਚ ਪੈਂਦਾ ਹੈ। ਹੋਕਰਾ ਪੈਣ ਸਾਰ ਇੱਕ ਦੂਜੀ ਤੋਂ ਜ਼ਿਆਦਾ ਤੇ ਪਹਿਲਾਂ ਪਾਣੀ ਭਰਨ ਲਈ ਟੂਟੀ ਦੇ ਘੜਮੱਸ ਪੈਂਦੀ ਹੈ। ਲਾਈਨ ਲੱਗਦੀ ਹੈ। ਕਈ ਵਾਰ ਤੂੰ-ਤੂੰ, ਮੈਂ-ਮੈਂ ਵੀ ਹੋ ਜਾਂਦੀ ਹੈ। ਧੀਓ-ਭੈਣੀ ਵੀ ਹੋ ਜਾਂਦੀ ਹੈ। ਸੋ ਘਰ ਦੇ ਸਾਰੇ ਜੀਆਂ ਦੇ ਪੀਣ ਤੇ ਨਹਾਉਣ ਦੇ ਪਾਣੀ ਦਾ ਪ੍ਰਬੰਧ ਕਰਨਾ ਔਰਤ ਦੀ ਜ਼ਿੰਮੇਵਾਰੀ ਹੈ। ਇਹ ਕੰਮ ਲੱਗਣਾ ਮਰਦਾਂ ਲਈ ਮਿਹਣਾ ਹੈ। ਔਰਤਾਂ ਲਈ 8-10 ਘੜੇ ਪਾਣੀ ਦੇ ਭਰੀ ਰੱਖਣਾ ਜ਼ਰੂਰੀ ਹੈ। ਤੋਟ ਦਾ ਪਾਣੀ ਵਰਤਣ ਲਈ ਸੰਜਮ ਤੋਂ ਕੰਮ ਲੈਣਾ ਜ਼ਰੂਰੀ ਹੈ। ਇਸ ਨੂੰ ਸੁਭਾਅ ਦਾ ਅੰਗ ਬਣਾਉਣਾ ਉਨ੍ਹਾਂ ਦੀ ਮਜਬੂਰੀ ਹੈ। ਕੱਪੜੇ ਧੋਣ ਤੇ ਪਸ਼ੂਆਂ ਨੂੰ ਨਹਾਉਣ ਪਿਆਉਣ ਦਾ ਆਹਰ ਕਰਨਾ ਇਸਤੋਂ ਵੱਖਰਾ ਰਿਹਾ।

“ਅੰਨ! ਜਾਣੀ ਦੋਵੇਂ ਡੰਗ ਤੇ ਰੱਜਵੀਂ ਰੋਟੀ! ਜੇ ਇਹ ਯਕੀਨੀ ਹੋ ਜਾਵੇ ਤਾਂ…।” ਤੁਸੀਂ ਕਿਸੇ ਖੇਤ ਮਜ਼ਦੂਰ ਪਰਿਵਾਰ ਨੂੰ ਇਉਂ ਪੁੱਛੋਂ। “ਫੇਰ ਕੀਹਦੇ ਲੈਣ ਦੇ ਆਂ” ਚਮਕਦੀਆਂ ਅੱਖਾਂ ਤੇ ਮੁਸਕਰਾਉਂਦੇ ਚਿਹਰੇ ਨਾਲ ਉਨ੍ਹਾਂ ਦਾ ਜੁਆਬ ਆਵੇਗਾ। “ਦੋਵੇ ਡੰਗ ਤੇ ਰੱਜਵੀਂ ਰੋਟੀ” ਤੋਂ ਉਨ੍ਹਾਂ ਦੀ ਕੀ ਮੁਰਾਦ ਹੈ? ਸਾਡੇ ਸਿਹਤ ਵਿਗਿਆਨੀਆਂ ਅਤੇ ਸਿਹਤ ਸੰਭਾਲ ਦੇ ਨੁਸਖ਼ੇ ਦੱਸਣ ਵਾਲੇ ਸਰਕਾਰੀ ਪ੍ਰਚਾਰਕਾਂ ਵੱਲੋਂ ਗਿਣਾਏ ਜਾਂਦੇ ਪਦਾਰਥਾਂ ਵਿੱਚੋਂ ਉਹ ਕੀ ਖਾਣਾ ਮੰਗਦੇ ਹਨ? ਦੁੱਧ, ਪਨੀਰ, ਅੰਡੇ, ਮੱਛੀ, ਮੀਟ, ਫਲ, ਫਲਾਂ ਦਾ ਰਸ, ਸੁੱਕੇ ਮੇਵੇ, ਦਾਲਾਂ, ਪੱਤੇਦਾਰ ਸਬਜ਼ੀਆਂ, ਫਲੀਦਾਰ ਸਬਜ਼ੀਆਂ, ਹਰੀਆਂ-ਕੱਚੀਆਂ ਸਬਜ਼ੀਆਂ, ਜਿਵੇਂ ਮੂਲੀ, ਗਾਜਰ, ਖੀਰਾ, ਟਮਾਟਰ ਜਾਂ ਹੋਰ ਕੋਈ ਸਲਾਦ? ਨਹੀਂ, ਨਹੀਂ। ਇਹੋ ਜਿਹਾ ਕੁਝ ਵੀ ਨਹੀਂ ਮੰਗਦੇ! ਕੀ ਉਹ “ਦੁੱਧ ਮੱਖਣ ਨਾਲ ਪਲਣ” ਵਾਲਾ, ਪੰਜਾਬੀਆਂ ਵਾਲਾ ਸ਼ੌਕ ਪੂਰਾ ਕਰਨ ਦੀ ਤਮੰਨਾ ਰੱਖਦੇ ਹਨ? ਦੋਵੇਂ ਡੰਗ ਰੱਜਵਾਂ ਥੰਦਾ-ਮਿੱਠਾ, ਦੁੱਧ ਤੇ ਦਹੀਂ ਮੰਗਦੇ ਹਨ? ਨਹੀਂ ਇਹ ਵੀ ਨਹੀਂ! ਇਹਦੇ ਵਿੱਚੋਂ ਕੁੱਝ ਵੀ ਨਹੀਂ। ਉਹ ਤਾਂ ਦੋ ਡੰਗਾਂ ਲਈ ਪੂਰੇ ਟੱਬਰ ਜੋਗਾ ਆਟਾ ਮੰਗਦੇ ਹਨ। ਜੇ ਹੋ ਸਕੇ ਤਾਂ ਨਾਲ ਖਾਣ ਨੂੰ ਦਾਲ ਮੰਗਦੇ ਹਨ। ਇਹ ਉਨ੍ਹਾਂ ਦਾ ਹਮੇਸ਼ਾਂ ਅਧੂਰਾ ਰਹਿੰਦਾ ਟੀਚਾ ਹੈ। ਦੋਵੇਂ ਡੰਗ ਦਾਲ-ਸਬਜ਼ੀ ਖਰੀਦਣ ਵਾਸਤੇ, ਪਹਿਲੀ ਗੱਲ ਤਾਂ ਪੱਲੇ ਪੈਸਾ ਹੀ ਨਹੀਂ ਹੁੰਦਾ। ਜਦੋਂ ਕਣਕ ਅਤੇ ਨਰਮੇ ਦੀ ਵਾਢੀ-ਚੁਗਾਈ ਵੇਲੇ ਪੈਸਾ ਹੱਥ ਹੁੰਦਾ ਹੈ ਤਾਂ ਕੰਮ ਦੇ ਕਸ ਸਦਕਾ ਬਣਾਉਣ ਦਾ ਸਮਾਂ ਨਹੀਂ ਹੁੰਦਾ। ਇੱਕ ਡੰਗ ਦਾਲ ਸਬਜ਼ੀ ਤੇ ਇੱਕ ਡੰਗ ਲੂਣ-ਮਿਰਚਾਂ ਨਾਲ ਰੋਟੀ ਜੁੜ ਜਾਵੇ ਤਾਂ “ਸ਼ੁਕਰ ਹੈ” ਕਿਹਾ ਜਾਂਦਾ ਹੈ। ਮੰਗਵੀਂ ਲੱਸੀ ਮਿਲ ਜਾਣੀ ਚੰਗੀ ਨਿਆਮਤ ਹੈ। ਟਾਵਿਆਂ ਘਰਾਂ ਦੇ ਨਸੀਬਾਂ ਵਿੱਚ ਹੈ। ਲੱਸੀ ਦੀ ਕੌਲੀ ਵਿੱਚ ਘੋਲੀਆਂ ਮਿਰਚਾਂ, ਮਿਰਚਾਂ ਵਿੱਚ ਕੁੱਟਿਆ ਗੰਢਾ ਜਾਂ ਚਿੱਬੜ ਜਾਂ ਲੂਣ ਤੇ ਪਾਣੀ ਦੀਆਂ ਤਿੱਪਾਂ, ਇਹੀ ਖਾਈਆ ਹੈ, ਮੰਨੀਆਂ ਦੇ ਨਾਲ ਖਾਣ ਵਾਲਾ।

ਕੁਝ ਪਰਿਵਾਰ, ਕੁਝ ਦਿਨਾਂ ਵਾਸਤੇ ਤਾਂ ਲਾਜ਼ਮੀ ਹੀ ਨਿਰੇ ਆਟੇ ਤੋਂ ਵੀ ਖਾਲੀ ਰਹਿ ਜਾਂਦੇ ਹਨ। ਉਹ ਫਾਕੇ ਕੱਟਦੇ ਹਨ। ਭੁੱਖ, ਢਿੱਡ ਦੀਆਂ ਆਂਦਰਾਂ ਨੂੰ ਅੰਦਰੋਂ ਖੁਰਚਦੀ ਹੈ। ਖੋਂਹਦੀ ਹੈ। ਸਰੀਰ ਨੂੰ ਤੜਪਾਉਂਦੀ ਹੈ। ਚਾਰੇ ਪਾਸਿਉਂ ਬੇਵਸ ਪਰਿਵਾਰ, ਹਿੱਕ ਨਾਲ ਗੋਡੇ ਘੁੱਟ ਕੇ ਗੁੱਛਾ-ਮੁੱਛਾ ਹੋ ਕੇ ਰਹਿੰਦਾ ਹੈ। ਬਹੁਤੇ ਪਰਿਵਾਰ ਅਗਾਊਂ ਡੂਢੀ-ਸਵਾਈ ਤੇ ਦਾਣੇ ਲੈ ਕੇ, ਆਉਂਦੀ ਫ਼ਸਲ ਵਿੱਚ ਮੋੜਨਾ ਕਰਕੇ ਜਾਂ ਵਿਆਜੂ ਫੜਕੇ ਗੁਜ਼ਾਰਾ ਕਰਦੇ ਹਨ। ਜਿਨ੍ਹਾਂ ਪਰਿਵਾਰਾਂ ਕੋਲ ਸਾਰੇ ਸਾਲ ਲਈ ਖਾਣ ਜੋਗਰੇ ਦਾਣੇ ਜਮ੍ਹਾਂ ਹੋਣ ‘ਤੇ ਸਿਰ ‘ਤੇ ਕਰਜ਼ ਨਾ ਹੋਵੇ, ਉਹ ਚੰਗੇ ਗੁਜ਼ਾਰੇ ਵਾਲੇ ਗਿਣੇ ਜਾਂਦੇ ਹਨ। ਟਾਵੇਂ ਹੀ ਅਜਿਹੇ ਪਰਿਵਾਰ ਹੋਣਗੇ। ਇਉਂ ਇਹ ਪਾਪੀ ਪੇਟ ਬਹੁਤ ਸਤਾਉਂਦਾ ਹੈ। ਇਸ ਨੂੰ ਭਰਨ ਦਾ ਹੀਲਾ-ਵਸੀਲਾ ਕਰਨਾ ਹੀ ਜ਼ਿੰਦਗੀ ਦਾ ਵੱਡਾ ਕੰਮ ਬਣਿਆ ਰਹਿੰਦਾ ਹੈ।

ਤਪਸ਼, ਠਾਰੀ ਤੇ ਮੀਂਹ ਦੀ ਮਾਰ

“ਨੰਗ ਢਕਣ ਤੇ ਸਿਰ ਢਕਣ ਦਾ ਮਾੜਾ- ਮੋਟਾ ਜੁਗਾੜ ਕਰੇ ਬਿਨਾਂ ਵੀ ਨਹੀਂ ਸਰਦਾ।” ਇਹ ਹੈ ਵੱਧੋ-ਵੱਧ ਆਸਾਂ ਦਾ ਘੇਰਾ। ਸਿਆਲ ਦੀ ਠੰਡ ਦੇ ਕਹਿਰ ਨੂੰ ਝੱਲਣ ਵਾਸਤੇ ‘ਕੱਲੇ ਸਰੀਰ ਦੀ ਤਾਕਤ ਤੇ ਗਰਮੀ, ਭਾਵੇਂ ਉਹ ਕਿੰਨੀ ਵੀ ਕਿਉਂ ਨਾ ਹੋਵੇ, ਪੂਰੀ ਨਹੀਂ ਪੁਗਦੀ। ਰਾਤਾਂ ਨੂੰ ਸਾਰੇ ਜੀਆਂ ਵਾਸਤੇ ਗਦੈਲਾ, ਰਜਾਈ ਚਾਹੀਦੀ ਹੈ। ਦਿਨ ਨੂੰ ਮੋਟੇ ਸਿਆਲੂ ਕੱਪੜੇ ਚਾਹੀਦੇ ਹਨ। ਕੋਈ ਸਵੈਟਰ ਜਾਂ ਕੋਟੀ ਅਤੇ ਉਪਰ ਲੈਣ ਨੂੰ ਕੋਈ ਖੇਸ ਜਾਂ ਕੰਬਲ। ਇਹ ਸਭ ਕੁਝ ਤਾਂ ਅਣਸਰਦੀ ਲੋੜ ਹੀ ਹੈ। ਖੇਤ ਮਜ਼ਦੂਰ ਪਰਿਵਾਰ ਇਸ ਅਣ-ਸਰਦੇ ਨਿੱਘ ਤੋਂ ਵਿਰਵੇ ਰਹਿੰਦੇ ਹਨ। ਪਾਲੇ ਦਾ ਕਹਿਰ ਆਪਣੇ ਪਿੰਡਿਆਂ ‘ਤੇ ਝੱਲਦੇ ਹਨ। ਇੱਕ ਬਿਸਤਰੇ ਵਿੱਚ ਪਰਿਵਾਰ ਦੇ ਵੱਡੇ ਜੀਆਂ ਨਾਲ ਇੱਕ ਦੋ ਜਾਂ ਤਿੰਨ ਜੁਆਕਾਂ ਨੂੰ ਪਾਉਣਾ ਆਮ ਗੱਲ ਹੈ। ਇਸ ਨੂੰ “ਲੋੜ ਜੋਗਰਾ ਹੈਗਾ” ਸਮਝ ਲਿਆ ਜਾਂਦਾ ਹੈ। ਕਿਸੇ ਆਏ ਗਏ ਵਾਸਤੇ ਰਾਖਵਾਂ ਸਿਆਲੂ ਬਿਸਤਰਾ ਹੋਣਾ, ਵਿਰਲੇ ਘਰਾਂ ਦਾ ਮਾਮਲਾ ਹੀ ਹੈ। ਇਸ ਨੂੰ ਪਰਿਵਾਰ ਦੀ ਚੰਗੀ ਹਾਲਤ ਸਮਝਿਆ ਜਾਂਦਾ ਹੈ। ਇਹੋ ਹਾਲ ਲੋੜੀਂਦੇ ਮੰਜਿਆਂ ਦਾ ਹੈ। ਬੱਸ ਮਜ਼ਦੂਰਾਂ ਦੇ ਪੱਲੇ ਚੁੱਲ੍ਹੇ ਦਾ ਨਿੱਘ ਜਾਂ ਧੂਣੀ ਵਿੱਚੋਂ ਉਠਦਾ ਸੇਕ ਹੀ ਹੈ। ਇਹੀ ਸਿਰ ਤੱਕ ਚੜ੍ਹਦੀ ਠਾਰੀ ਨੂੰ ਭੰਨਣ ਲਈ “ਸੁਆਦ ਵਾਲੀ ਚੀਜ਼ ਹੈ।” ਇਹਦੇ ਦੁਆਲੇ ਵੱਡਿਆਂ-ਛੋਟਿਆਂ ਦੇ ਗੁਫਲੇ ਜੁੜੇ ਰਹਿੰਦੇ ਹਨ।

ਗਰਮੀਆਂ ਦੀ ਧੁੱਪ ਦੇ ਸੇਕ ਤੇ ਭੜਦਾਅ ਨੂੰ ਝੱਲਣ ਵਾਸਤੇ ਸਿਰ-ਪੈਰ ਦਾ ਚੱਜ ਨਾਲ ਢਕਿਆ ਹੋਣਾ ਚਾਹੀਦਾ ਹੈ। ਹਵਾਦਾਰ, ਛਾਂ-ਦਾਰ ਵਿਹੜਾ ਤੇ ਘਰ ਹੋਣਾ ਚਾਹੀਦਾ ਹੈ। ਇਹ ਕੁਝ ਤਾਂ ਉਂਗਲਾਂ ‘ਤੇ ਗਿਣੇ ਜਾਣ ਜੋਗੇ ਪਰਿਵਾਰਾਂ ਕੋਲ ਵੀ ਨਹੀਂ ਹੁੰਦਾ। ਪਰਿਵਾਰ ਦੇ ਸਾਰੇ ਜੀਆਂ ਵਾਸਤੇ ਇੱਕੋ-ਇੱਕ ਕੋਠੜੀ ਹੁੰਦੀ ਹੈ। “ਏਨੇ ਨਾਲ ਸਿਰ ਢਕਣ ਹੋ ਗਿਆ” ਮੰਨ ਲੈਣ ਲਈ ਇਹੀ ਕੋਠੜੀ ਕਾਫ਼ੀ ਸਮਝੀ ਜਾਂਦੀ ਹੈ। ਪਰਿਵਾਰਾਂ ਦਾ ਵੱਡਾ ਹਿੱਸਾ ਇਉਂ ਹੀ ਰਹਿੰਦਾ ਹੈ। ਇਉਂ ਹੀ ਜਿਉਂਦਾ ਹੈ, ਸਬਰ ਕਰਦਾ ਹੈ। ਪਹਿਨਣ-ਪਚਰਨ ਦੇ ਨਿੱਤ ਬਦਲਦੇ ਫੈਸ਼ਨ, ਕੱਪੜੇ-ਜੁੱਤੇ ਦੇ ਨਵੇਂ-ਨਕੋਰ ਡੀਜ਼ਾਈਨ, ਉਨ੍ਹਾਂ ਦੇ ਸੁਪਨਿਆਂ ਵਿੱਚੋਂ ਵੀ ਗਾਇਬ ਹਨ। ਸਾਫ਼, ਖੁੱਲ੍ਹੇ ਤੇ ਹਵਾਦਾਰ ਘਰ ਤੇ ਸ਼ਾਦੀ-ਸ਼ੁਦਾ ਜੋੜਿਆਂ ਵਾਸਤੇ ਨਿਵੇਕਲਾ ਵੱਖਰਾ ਢਾਰਸ ਹੋਣ ਦੀ ਆਸ ਰੱਖਣੀ, “ਬਹੁਤ ਓਪਰੀ ਗੱਲ ਹੈ।” ਬਿਜਲੀ ਦਾ ਕੋਈ ਕੋਈ ਬੱਲਬ ਅੱਧੇ ਕੁ ਘਰਾਂ ਵਿੱਚ ਜਗਦਾ ਹੈ। ਬਾਕੀ ਥਾਵਾਂ ‘ਤੇ ਮਿੱਟੀ ਦੇ ਤੇਲ ਦਾ ਦੀਵਾ ਤੇ ਨਿੱਕੜੀ ਮੋਮਬੱਤੀ ਹੀ ਮੱਚਦੀ ਹੈ। ਰਾਤ ਨੂੰ ਘਰ ਦੀਆਂ ਮੋਟੀਆਂ ਚੀਜ਼ਾਂ ਪਛਾਨਣ ਵਾਲੇ “ਚੰਗਾ ਚਾਨਣ” ਗਿਣੀ ਜਾਂਦੀ ਹੈ।

ਬਰਸਾਤ ਸ਼ੁਰੂ ਹੋ ਜਾਵੇ ਤਾਂ ਖਾਣ-ਪਕਾਉਣ ਦਾ ਕੰਮ ਪੈਣ-ਸੌਣ ਵਾਲੀ ਕੋਠੜੀ ਵਿੱਚ ਹੀ ਆ ਜਾਂਦਾ ਹੈ। ਸੁੱਕਾ ਬਾਲਣ ਸਾਂਭਣ-ਲਿਆਉਣ ਤੇ ਨੀਰਾ ਲਿਆਉਣ ਦਾ ਕੰਮ ਦੁੱਭਰ ਹੋ ਜਾਂਦਾ ਹੈ। ਪਸ਼ੂਆਂ ਦੇ ਢਿੱਡ ਭਰਨਾ ਮੁਸ਼ਕਲ ਹੋ ਜਾਂਦਾ ਹੈ। ਜੇ ਮੀਂਹ ਵਧ ਜਾਵੇ, ਪਾਣੀ ਚੜ੍ਹ ਜਾਵੇ ਤਾਂ “ਕੱਚਾ ਸਿਰ-ਢਕਣ” ਫਿੱਸਣ-ਚੋਣ ਲੱਗ ਜਾਂਦਾ ਹੈ। ਗਰਨ-ਗਰਨ ਡਿਗਣ ਲੱਗ ਜਾਂਦਾ ਹੈ। ਨਾ ਹੜ੍ਹਾਂ ਸਦਕਾ ਮਰੇ ਰੁਜ਼ਗਾਰ ਦਾ ਮੁਆਵਜ਼ਾ ਮਿਲਦਾ ਹੈ। ਖੋਲੇ ਬਣੇ ਕੋਠੜਿਆਂ ਨੂੰ ਥੰਮ੍ਹੀਆਂ ਦੇਣ ਲਈ ਕੋਈ ਸਹਾਰਾ ਮਿਲਦਾ ਹੈ। ਬੱਸ ਆਪਣੀ ਬਣੀ, ਆਪੇ ਨਿਬੇੜਨ। ਬੱਸ ਇਹੋ ਜਿਹਾ ਹੈ, ਖੇਤ ਮਜ਼ਦੂਰ ਪਰਿਵਾਰਾਂ ਦਾ “ਖਾਣ-ਹੰਢਾਉਣ।” ਜੀਹਦੇ ਵਿੱਚ ਇਹ ਔਰਤਾਂ ਪੈਦਾ ਹੁੰਦੀਆਂ ਹਨ। ਬਚਪਨਾ ਗੁਜ਼ਾਰਦੀਆਂ ਹਨ। ਵੱਡੀਆਂ ਹੁੰਦੀਆਂ ਹਨ ਤੇ ਜ਼ਿੰਦਗੀ ਦੇ ਢਲੇ ਦਿਨ ਗੁਜ਼ਾਰਦੀਆਂ ਹਨ। ਉਨ੍ਹਾਂ ਦੀ ਸੋਚ, ਸੁਭਾਅ ਅਤੇ ਸਰੀਰ ਉੱਤੇ ਇਨ੍ਹਾਂ ਹਾਲਾਤ ਦੀ ਡੂੰਘੀ ਮੋਹਰਛਾਪ ਹੁੰਦੀ ਹੈ। ਸਪਸ਼ਟ, ਸਿੱਧੀ-ਸਾਦੀ ਤੇ ਮੋਟੀ-ਠੁੱਲ੍ਹੀ ਸੋਚਣੀ। ਸੰਸਿਆਂ, ਝੋਰਿਆਂ, ਤੇ ਤੰਗੀਆਂ-ਤੁਰਸ਼ੀਆਂ ਵਿੱਚ ਹੰਢਿਆ-ਤਪਿਆ, ਬੇਸੰਸ, ਸਖ਼ਤ ਤੇ ਲੜਾਕੂ ਸੁਭਾਅ। ਮਿਹਨਤਾਂ ਮੁਸ਼ੱਕਤਾਂ ਵਿੱਚ ਰੜ੍ਹਿਆ ਤੇ ਹਾੜ੍ਹ-ਸਿਆਲ ਦੇ ਤੱਤੇ-ਠੰਢੇ ਵਿੱਚ ਨਿਭ ਕੇ ਬਣਿਆ, ਕਾਠੀ ਹੱਡੀ ਵਾਲਾ ਸਰੀਰ।

ਸੋਕੜੇ ਮਾਰਿਆ ਰਿਜ਼ਕ
ਐਨੇ ਮਿਹਨਤੀ ਅਤੇ ਸਿਰੜੀ ਸੁਭਾਅ ਦੀਆਂ ਮਾਲਕ ਖੇਤ ਮਜ਼ਦੂਰ ਔਰਤਾਂ ਚੱਜ ਹਾਲ ਦਾ ਜਿਉਣ ਲਈ ਹੋਰ ਕੋਈ ਕਮਾਈ ਕਿਉਂ ਨਹੀਂ ਕਰ ਸਕਦੀਆਂ? ਹੋਰ ਮਿਹਨਤ-ਮੁਸ਼ੱਕਤ ਕਰਕੇ ਚੰਗਾ ਤੋਰਾ ਨਹੀਂ ਤੋਰ ਸਕਦੀਆਂ? ਇਉਂ ਸਵਾਲ ਪੁੱਛਿਆ ਜਾਣਾ ਕੁਦਰਤੀ ਹੈ। ਨਹੀਂ ਕਰ ਸਕਦੀਆਂ, ਜਿੰਨਾ ਚਿਰ ਜ਼ਮੀਨ ਜਾਇਦਾਦ ਦੀ ਕਾਣੀ ਵੰਡ ਵਾਲੀ ਮਾਲਕੀ ਵਾਲਾ ਮੌਜੂਦਾ ਪ੍ਰਬੰਧ ਨਹੀਂ ਬਦਲਦਾ। ਇਸ ਲੁੱਟ-ਖਸੁੱਟ ਤੇ ਕਾਣੀ ਵੰਡ ਵਾਲੇ ਆਰਥਕ ਪ੍ਰਬੰਧ ਦੀ ਰਾਖੀ ਕਰਦਾ, ਮੌਜੂਦਾ ਰਾਜ ਪ੍ਰਬੰਧ ਮੁੱਢੋਂ-ਸੁੱਢੋਂ ਨਹੀਂ ਬਦਲਦਾ। ਉਨ੍ਹਾਂ ਕੋਲ ਹੋਰ ਮਿਹਨਤ ਕਰਨ ਲਈ, ਨਾ ਹਿੰਮਤ ਦੀ ਤੋਟ ਹੈ, ਨਾ ਇਰਾਦੇ ਦੀ ਘਾਟ ਹੈ। ਜੇ ਤੋਟ ਹੈ ਤਾਂ ਰਿਜ਼ਕ ਦੀ, ਰੁਜ਼ਗਾਰ ਦੇ ਮੌਕਿਆਂ ਦੀ। ਰੁਜ਼ਗਾਰ ਦੇ ਇਵਜ਼ ਵਿੱਚ ਮਿਲਦੇ ਵਾਜਬ ਮਿਹਨਤਾਨੇ ਦੀ।

ਹਾੜੀ ਦੀ ਫ਼ਸਲ ਬੀਜਣ ਤੋਂ ਵੱਢਣ ਤੱਕ ਚਾਰ ਮਹੀਨੇ ਲੈਂਦੀ ਹੈ। ਵਾਢੀ ਦੇ ਜ਼ੋਰ ਵਾਲੇ ਪੰਦਰਾਂ ਜਾਂ ਵੀਹ ਦਿਨ ਕੰਮ ਮਿਲਦਾ ਹੈ। ਉਨ੍ਹਾਂ ਦੇ ਪਰਿਵਾਰਾਂ ਦੇ ਮਰਦ ਕਾਮਿਆਂ ਕੋਲੋਂ ਵੀ ਵਹਾਈ, ਬਿਜਾਈ ਤੇ ਗੁਡਾਈ ਦਾ ਕੰਮ ਟਰੈਕਟਰ ਤੇ ਦਵਾਈਆਂ ਨੇ ਖੋਹ ਲਿਆ ਹੈ। ਇਨ੍ਹਾਂ 15-20 ਦਿਨਾਂ ਵਿੱਚ ਹਰ ਉਮਰ ਦੀਆਂ ਔਰਤਾਂ ਕੰਮ ਵਿੱਚ ਜੁਟਦੀਆਂ ਹਨ। ਬੱਚੀਆਂ ਤੋਂ ਲੈ ਕੇ, ਚਲਦੇ ਨੈਣ-ਪਰਾਣਾਂ ਵਾਲੀਆਂ ਬੁੱਢੀਆਂ ਮਾਵਾਂ ਤੱਕ। ਕਿਸੇ ਨੂੰ ਦਿਹਾੜੀ ਮਿਲੇ ਜਾਂ ਪਰਿਵਾਰ ਵੱਲੋਂ ਠੇਕੇ-ਹਿੱਸੇ ‘ਤੇ ਵੱਢਣ ਲਈ ਖਿੱਤਾ ਮਿਲ ਜਾਵੇ, ਉਹ ਜਾਨ ਤੋੜ ਕੇ ਕੰਮ ਕਰਦੀਆਂ ਹਨ। ਨਰਮੇ ਦੀ ਫ਼ਸਲ ਬਾਕੀ ਦੇ ਅੱਠ ਮਹੀਨੇ ਲੈਂਦੀ ਹੈ। ਇਸ ਵਿੱਚੋਂ ਨਰਮੇ ਦੀ ਚੋਣੀ ਦੇ ਢਾਈ ਤੋਂ ਤਿੰਨ ਮਹੀਨੇ ਔਰਤਾਂ ਦੇ ਕਰਨ ਜੋਗਰਾ “ਚੋਣੀ” ਦਾ ਕੰਮ ਨਿਕਲਦਾ ਹੈ। ਇਥੇ ਫੇਰ ਉਹ, ਉਵੇਂ ਜਿਵੇਂ ਹੀ ਜੁਟਦੀਆਂ ਹਨ। ਜੀਅ-ਜਾਨ ਨਾਲ ਕੰਮ ਕਰਦੀਆਂ ਹਨ। ਹਰੇਕ ਉਮਰ ਦੀਆਂ, ਮਾੜੀ-ਚੰਗੀ ਸਿਹਤ ਵਾਲੀਆਂ ਸਭ ਦੀਆਂ ਸਭ ਖੇਤੀਂ ਹੁੰਦੀਆਂ ਹਨ। ਮਰਦ ਖੇਤ ਮਜ਼ਦੂਰਾਂ ਨੂੰ ਸੌਣੀ ਦੀ ਫ਼ਸਲ ਵਿੱਚੋਂ ਕੁੱਝ ਹੱਦ ਤੱਕ ਨਰਮੇ ਦੀ ਗੁਡਾਈ ਦਾ (ਸੀਜਨ ਦੇ ਵਾਧੇ ਘਾਟੇ ਸਮੇਤ) ਅਤੇ ਦਵਾਈ ਛਿੜਕਾਈ ਦਾ ਕੰਮ ਮਿਲਦਾ ਹੈ। ਦਵਾਈ ਛਿੜਕਾਈ ਦਾ ਕੰਮ ਹੁੰਦਾ ਵੀ ਥੋੜ੍ਹਾ ਹੈ। ਹੈ ਵੀ ਜਾਨ ਦਾ ਖੌਅ। ਮਰਦੇ ਨੂੰ ਅੱਕ ਚੱਬਣ ਵਾਲੇ ਦਾ ਹੀ ਕੰਮ ਹੈ। ਟਾਵੇਂ ਹੀ ਇਸ ਜ਼ਹਿਰ ਦੀ ਢੋਲੀ ਨੂੰ ਜੱਫੀ ਪਾਉਂਦੇ ਹਨ। ਬੱਸ ਇਹ ਹੈ ਸਾਲ ਦੇ ਬਾਰਾਂ ਮਹੀਨਿਆਂ ਵਿੱਚੋਂ ਬਾਕਾਇਦਾ ਰੁਜ਼ਗਾਰ ਮਿਲਣ ਦਾ ਸਮਾਂ। ਔਰਤਾਂ ਲਈ ਤਿੰਨ ਤੋਂ ਸਾਢੇ ਤਿੰਨ ਮਹੀਨੇ ਤੇ ਮਰਦਾਂ ਲਈ ਚਾਰ ਤੋਂ ਪੰਜ ਮਹੀਨੇ। ਜਿਹੜੇ ਮਜ਼ਦੂਰ ਸਾਲ ਲਈ ਠੇਕੇ ਤੇ ਰਲਦੇ ਹਨ, ਉਨ੍ਹਾਂ ਦੀ ਦਿਹਾੜੀ ਕੰਮ ਦੇ ਬਾਰਾਂ ਤੇਰਾਂ ਘੰਟਿਆਂ ਦੀ ਹੁੰਦੀ ਹੈ। ਸਾਰਾ ਸਾਲ ਇਹ ਤਾਂ ਪੱਕੀ ਹੀ ਰਹਿੰਦੀ ਹੈ। ਕਦੇ ਕਦਾਈ 17-18 ਘੰਟਿਆਂ ਤੱਕ ਵੀ ਜਾਂਦੀ ਰਹਿੰਦੀ ਹੈ। ਇਹ ਫ਼ਸਲ ਦੀ ਰਾਖੀ, ਪਾਣੀ, ਲੁਆਈ ਅਤੇ ਕੰਮ ਦੇ ਜ਼ੋਰ ਦੇ ਨਾਮ ਹੇਠ ਵਧਦੀ ਹੈ। ਠੇਕੇ ‘ਤੇ ਲੱਗੇ ਕਾਮੇ ਦੇ ਘਰ ਦੀਆਂ ਔਰਤਾਂ ਲਈ ਘਰ ਦਾ ਅਗਲਾ-ਪਿਛਲਾ ਕੰਮ ਕਰਨਾ ਜ਼ਰੂਰੀ ਹੋ ਜਾਂਦਾ ਹੈ। ਔਰਤਾਂ ਸਿਰ ਕੰਮ ਦਾ ਭਾਰ ਹੋਰ ਵਧ ਜਾਂਦਾ ਹੈ। ਖੇਤ ਮਜ਼ਦੂਰਾਂ ਦਾ ਮਿਹਨਤਾਨਾ ਬਹੁਤ ਊਣਾ ਹੈ। ਔਰਤਾਂ ਨੂੰ ਉਸੇ ਕੰਮ ਦਾ, ਓਨਾ ਹੀ ਸਮਾਂ ਲਾਉਣ ਦਾ, ਮਿਹਨਤਾਨਾ, ਮਰਦ ਕਾਮਿਆਂ ਨਾਲੋਂ ਤੀਜਾ ਜਾਂ ਚੌਥਾ ਹਿੱਸਾ ਘੱਟ ਮਿਲਦਾ ਹੈ। ਜੇ ਕਿਤੇ ਕੁਦਰਤ ਦੀ ਕਰੋਪੀ ਸਦਕਾ ਫ਼ਸਲਾਂ ਦਾ ਨੁਕਸਾਨ ਹੋ ਜਾਵੇ। ਕੋਈ ਬੀਮਾਰੀ ਫਸਲਾਂ ਨੂੰ ਦੱਬ ਲਵੇ ਤਾਂ ਮਜ਼ਦੂਰ ਦਾ ਰੁਜ਼ਗਾਰ ਨਾਲ ਹੀ ਦੱਬਿਆ ਜਾਂਦਾ ਹੈ। ਬਦਲਵੇਂ ਰੁਜ਼ਗਾਰ ਲਈ ਕੋਈ ਥਾਂ ਨਹੀਂ ਹੈ। ਸਗੋਂ ਨੇੜਲੇ ਕਸਬਿਆਂ ਦੇ ਬਦਲਵੇਂ ਰੁਜ਼ਗਾਰ ਦੇ ਕੰਮ ਵੀ ਸੁੰਗੜ ਜਾਂਦੇ ਹਨ। ਗ਼ਰੀਬੀ ਤੇ ਕਰਜ਼ੇ ਦਾ ਗੇੜਾ ਹੋਰ ਚੜ੍ਹ ਜਾਂਦਾ ਹੈ।

ਪੀੜਾਂ ਦਾ ਪਰਾਗਾ
ਐਨੇ ਕੁ ਰੁਜ਼ਗਾਰ ਨਾਲ, ਇਸ ਨਿਗੂਣੀ ਆਮਦਨ ਨਾਲ ਪੂਰੀ ਨਹੀਂ ਪੈਂਦੀ। ਜਿਉਣ ਲਈ ਤਾਂ ਹੋਰ ਵੀ ਅਣ-ਸਰਦੀਆਂ ਲੋੜਾਂ ਮੂੰਹ ਅੱਡੀਂ ਖੜ੍ਹੀਆਂ ਹਨ। ਔਲਾਦ ਨੂੰ ਜੰਮਣਾ ਤੇ ਪਾਲਣਾ ਬਾਕੀ ਹੈ। ਜੇ ਅੱਖਰਾਂ ਦੇ ਸੂੰਹੇ ਕਰਾਉਣਾ ਹੋਵੇ ਤਾਂ ਫੱਟੀ-ਬਸਤਾ ਦੇਣ ਦੇ ਖਰਚੇ ਬਾਕੀ ਹਨ। ਬੁੱਢੇ ਵਾਰੇ ਹੋ ਕੇ ਡੰਗ ਟਪਾਈ ਕਿਵੇਂ ਹੋਊ? ਇਹ ਝੋਰਾ ਦੂਰ ਕਰਨਾ ਰਹਿੰਦਾ ਹੈ। ਏਸ ਉਮਰ ਨੂੰ ਪਹੁੰਚੇ ਤੇ ਕੰਮੋਂ ਰਹੇ ਮਾਪਿਆਂ ਨੂੰ ਸਾਂਭਣਾ ਜ਼ਰੂਰੀ ਹੈ। ਧੀਆਂ, ਪੁੱਤਰਾਂ ਦੇ ਵਿਆਹਾਂ ਅਤੇ ਜਾਪਿਆਂ (ਜਣੇਪਿਆਂ) ਦੇ ਖਰਚੇ ਕਰਨੇ ਬਣਦੇ ਹਨ। ਅੱਡ-ਵਿੱਢ ਕਰਨ ਵੇਲੇ ਆਪਣੀ ਔਲਾਦ ਨੂੰ ਕੋਈ ਕੋਠੜੀ-ਬਠਲੀ ਦੇਣੀ ਪੈਣੀ ਹੈ। ਵੱਖਰੀ ਥਾਂ ਬਣਾਉਣੀ ਪੈਣੀ ਹੈ। ਜ਼ੋਰ ਵਾਲੀਆਂ ਨੇੜਲੀਆਂ ਸਕੀਰੀਆਂ ਵਿੱਚ ਦੁਖਦੇ-ਸੁਖਦੇ ਸਫ਼ਰ ਕਰਕੇ ਪਹੁੰਚਣ ਦਾ ਖਰਚਾ ਸਿਰ ਪੈਣਾ ਹੈ। ਉਨ੍ਹਾਂ ਦੀਆਂ ਵਿਆਹ ਸ਼ਾਦੀਆਂ ਤੇ ਹੋਰ ਰਸਮਾਂ ਵਿੱਚ ਸ਼ਾਮਲ ਹੋਣ ਵੇਲੇ “ਕੁਸ਼ ਨਾ ਕੁਸ਼” ਕਰਨਾ ਹੀ ਪੈਣਾ ਹੈ। ਉਹ ਕਿਹੜਾ ਘਰ ਹੈ ਜਿਥੇ ਕੋਈ ਨਾ ਕੋਈ ਬੀਮਾਰੀ ਜਾਂ ਕੋਈ ਨਾ ਕੋਈ ਜਹਿਮਤ ਵਾਰੀ ਸਿਰ ਗੇੜਾ ਨਾ ਮਾਰਦੀ ਹੋਵੇ। ਇਸ ਦੇ ਨਾਲ ਕੰਮ ਵਿੱਚ ਖਲਿਆਰ ਪੈਂਦੀ ਹੈ। ਦਵਾਈਆਂ-ਬੂਟੀਆਂ ਦੇ ਖਰਚੇ ਪੈਂਦੇ ਹਨ। ਡਾਕਟਰਾਂ ਦੀਆਂ ਫੀਸਾਂ ਤੇ ਵੱਢੀਆਂ ਘਰਾਂ ਦੇ ਭਾਂਡੇ ਚੱਟ ਜਾਂਦੀਆਂ ਹਨ। ਸਰੀਰ ਵਿੱਚ ਕਮਜ਼ੋਰੀ ਆਉਣ ਜਾਂ ਬੱਜ ਪੈਣ ਦਾ ਖ਼ਤਰਾ ਖੜ੍ਹਾ ਹੋ ਜਾਂਦਾ ਹੈ। ਇਉਂ ਬੀਮਾਰੀ ਦੀ ਫੇਟ ਬਹੁਤੇ ਪਾਸਿਆਂ ਤੋਂ ਮਾਰ ਕਰਦੀ ਹੈ। ਜੇ ਕੋਈ ਹਾਦਸਾ ਪੇਸ਼ ਆ ਜਾਵੇ, ਕੋਈ ਮੁਕੱਦਮਾ ਸਿਰ ਪੈ ਜਾਵੇ ਤਾਂ ਘਰ ਪੱਟੇ ਜਾਂਦੇ ਹਨ। ਵਰ੍ਹਿਆਂ ਬੱਧੀ ਤਾਬ ਨਹੀਂ ਆਉਂਦੇ। ਇਉਂ ਮਜ਼ਦੂਰ ਦੀ ਜ਼ਿੰਦਗੀ ਤਾਂ “ਕੰਢੇ ‘ਤੇ ਚਰਦੀ ਹੈ” ਮਾੜੇ ਜਿਹੇ ਧੱਫੇ ਨਾਲ ਚੌਫਾਲ ਜਾ ਪੈਂਦੀ ਹੈ।

ਇਨ੍ਹਾਂ ਅਣ-ਪੂਰੀਆਂ, ਅਣ-ਸਰਦੀਆਂ ਲੋੜਾਂ ਦੀ ਦਾਬ ਹੇਠ ਖੇਤ ਮਜ਼ਦੂਰ ਔਰਤਾਂ ਦੀ ਜ਼ਿੰਦਗੀ ਸੁੱਖਾਂ ਦੀ ਸੇਜ ਨਹੀਂ ਰਹਿੰਦੀ। ਪੀੜਾਂ ਦਾ ਪਰਾਗਾ ਬਣ ਜਾਂਦੀ ਹੈ। ਪੀੜਾਂ ਦੇ ਪਰਾਗੇ ਕੱਢਦੀ ਇਹ ਭੱਠੀ ਤਪੀ ਹੀ ਰਹਿੰਦੀ ਹੈ। ਇਸ ਨੂੰ ਝੋਕਾ ਲੱਗਿਆ ਹੀ ਰਹਿੰਦਾ ਹੈ। ਐਹੋ ਜਿਹੀ ਜੋਖਮ ਭਰੀ ਹਾਲਤ ਵਿੱਚ ਅੱਖਰ ਗਿਆਨ, ਸੂਝ-ਵਿਕਾਸ, ਬੌਧਿਕ-ਵਿਕਾਸ ਤੇ ਸਮਾਜਕ ਤਰੱਕੀ ਦੇ ਮੌਕਿਆਂ ਨੂੰ ਪਾਉਣ ਬਾਰੇ ਭਲਾ ਕੋਈ ਕਿਵੇਂ ਸੋਚ ਸਕਦਾ ਹੈ? ਹੱਸਣ-ਖੇਡਣ, ਗਾਉਣ-ਵਜਾਉਣ ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਵਰਗੀਆਂ ਲੱਭਤਾਂ ਨੂੰ ਕੋਈ ਕਿੱਥੋਂ ਭਾਲ ਸਕਦਾ ਹੈ? ਸੋਹਣੀ ਸਿਹਤ, ਸੋਹਜ ਅਤੇ ਸੂਖਮਤਾ ਨਾਲ ਭਰੀ ਪੂਰੀ ਜ਼ਿੰਦਗੀ ਜਿਉਣ ਦੇ ਲਾਇਕ ਹੋਣ ਯੋਗ ਕਿਵੇਂ ਕੋਈ ਹੋ ਸਕਦਾ ਹੈ? ਇਉਂ ਸਭਿਆਚਾਰਕ ਵਿਕਾਸ ਦੀਆਂ ਮੰਜ਼ਲਾਂ ਮਾਰਨ ਵੱਲ ਕੋਈ ਕਿਵੇਂ ਵਧ ਸਕਦਾ ਹੈ? ਸਗੋਂ ਜ਼ਿੰਦਗੀ ਦੇ ਵਿਕਾਸ ਨੂੰ ਪੁੱਠਾ ਗੇੜਾ ਇਨ੍ਹਾਂ ਹਾਲਾਤ ਸਦਕਾ ਹੀ ਪੈਂਦਾ ਹੈ। ਜ਼ਿੰਦਗੀ ਨੂੰ ਪੁੱਠਾ ਮੋੜਾ ਦੇ ਕੇ, ਕੋਹਲੂ ਗੇੜ ਵਿੱਚ ਪਾ ਦਿੱਤਾ ਜਾਂਦਾ ਹੈ। ਸ਼ੁਰੂ ਹੋ ਜਾਂਦਾ ਹੈ, ਜ਼ਿੰਦਗੀ ਦਾ ਕੰਡਿਆਲਾ ਸਫ਼ਰ। ਸਫ਼ਰ, ਜਿਸਦਾ ਪੈਂਡਾ ਮਾਰਦਿਆਂ, ਜਿਸਦੀ ਧੂੜ ਫੱਕਦਿਆਂ ਜ਼ਿੰਦਗੀ ਬੇਪਛਾਣ ਹੋ ਜਾਂਦੀ ਹੈ। ਸ਼ੁਰੂ ਹੋ ਜਾਂਦਾ ਹੈ, ਜਾਨ-ਖਪਾਈ ਵਾਲੇ, ਨਿਗੂਣੀ ਕਮਾਈ ਵਾਲੇ ਮੁਸ਼ੱਕਤੀ ਕੰਮਾਂ ਦਾ ਗੇੜ। ਚੁੱਕਣਾ ਪੈਂਦਾ ਹੈ, ਪਸ਼ੂ ਪਾਲਣ, ਗੋਹਾ-ਕੂੜਾ ਕਰਨ, ਸਿਲਾ ਚੁਗਣ ਤੇ ਬਾਲਣ ਚੁਗਣ ਵਰਗੇ ਕੰਮਾਂ ਦਾ ਭਾਰ। ਇਉਂ ਇਸ ਭਾਰ ਹੇਠ ਹੀ ਜ਼ਿੰਦਗੀ ਦੀ “ਚੱਲ ਸੋ ਚੱਲ” ਹੋਈ ਜਾਂਦੀ ਹੈ।

ਸਵੈ-ਰੁਜ਼ਗਾਰ?
ਸਰਕਾਰ ਦੀਆਂ ਸਵੈ-ਰੁਜ਼ਗਾਰ ਸਕੀਮਾਂ ਵਿੱਚ ਮਜ਼ਦੂਰ ਮਰਦ ਤੇ ਔਰਤਾਂ ਖਾਤਰ ਰੱਖੀ ਮਾਇਆ ਸੁੰਘਣ ਜੋਗਰੀ ਵੀ ਨਹੀਂ ਹੁੰਦੀ। ਸਬਸਿਡੀ ਤੇ ਮਿਲਦੀਆਂ ਮੱਝਾਂ ਕਾਗ਼ਜ਼ਾਂ ਵਿੱਚ ਹੀ ਖਰੀਦੀਆਂ ਜਾਂਦੀਆਂ ਹਨ ਤੇ ਕਾਗ਼ਜ਼ਾਂ ਵਿੱਚ ਹੀ ਬੀਮਾਰ ਹੋ ਕੇ ਮਰ ਜਾਂਦੀਆਂ ਹਨ। ਇਨ੍ਹਾਂ ਤੋਂ ਬਣੇ ਨੋਟਾਂ ਨੂੰ ਮਹਿਕਮਿਆਂ ਦੀ ਅਫ਼ਸਰਸ਼ਾਹੀ ਤੇ ਹਾਕਮ ਪਾਰਟੀ ਦੇ ਸਿਆਸੀ ਆਗੂ ਰਲ-ਮਿਲ ਕੇ ਛਕ ਲੈਂਦੇ ਹਨ। ਇਹਦੇ ਵਿੱਚੋਂ ਵੱਡੇ ਆਗੂਆਂ ਦੇ ਇੱਕ ਅੱਧ ਪਿੰਡ ਪੱਧਰੇ ਪਾਛੂ ਨੂੰ ਵੀ ਉਂਗਲ ਚਟਾਅ ਦਿੱਤੀ ਜਾਂਦੀ ਹੈ। ਪਿੰਡ ਤੱਕ ਪਹੁੰਚਦੀ ਸਕੀਮ ਦੀ ਰਕਮ ਮੁੱਕ ਜਾਂਦੀ ਹੈ। ਇਹੋ ਜਿਹਾ ਹੈ, ਸਵੈ-ਰੁਜ਼ਗਾਰ ਲਈ ਸਰਕਾਰੀ ਠੁੱਮਣਾ। ਖੇਤ ਮਜ਼ਦੂਰ ਔਰਤਾਂ ਤਾਂ ਅਣਸਰਦੇ ਨੂੰ ਜਾਗੀਰੂ ਪ੍ਰਬੰਧ ਦੇ ਵਗਾਰੀ ਕੰਮ-ਕਾਰ ਵਿੱਚ ਜਕੜੀਆਂ ਜਾਣ ਲਈ ਮਜਬੂਰ ਹਨ। ਪਸ਼ੂ ਪਾਲਣਾ ਮਜ਼ਦੂਰ ਔਰਤਾਂ ਦਾ ਸ਼ੌਕ ਨਹੀਂ ਹੈ। ਉਨ੍ਹਾਂ ਕੋਲ ਤਾਂ ਪਸ਼ੂਆਂ ਨੂੰ ਪਾਲਣ ਲਈ ਚਾਹੀਦੇ ਘੱਟੋ-ਘੱਟ ਸਾਧਨ ਵੀ ਥੁੜ੍ਹਦੇ ਹਨ। ਪਸ਼ੂਆਂ ਨੂੰ ਧੁੱਪ ਦੇ ਕੜਾਕੇ ਅਤੇ ਸਿਆਲ ਦੀ ਠੰਢ ਤੋਂ ਬਚਾਉਣ ਖਾਤਰ ਛਾਂ-ਛੱਤ ਚਾਹੀਦੀ ਹੈ। ਤੂੜੀ-ਤੰਦ ਸਾਂਭਣ ਖਾਤਰ ਢੱਕਣ ਚਾਹੀਦਾ ਹੈ। ਇਹਦੀ ਬੇਹੱਦ ਘਾਟ ਹੈ। ਕੁਝ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦਾ ਘਰ, ਮਰਲਾ ਜਾਂ ਦੋ ਮਰਲੇ ਥਾਂ ਵਿੱਚ, ਇੱਕ ਕੋਠੜੀ ਤੱਕ ਸੀਮਤ ਹੈ। ਘਰੇ ਛਾਂ-ਛੱਤ ਦੀ ਤੋਟ ਉਨ੍ਹਾਂ ਨੂੰ ਪਸ਼ੂ ਰੱਖਣੋਂ ਵਰਜਦੀ ਹੈ। ਤੂੜੀ-ਤੰਦ, ਪੱਠੇ-ਨੀਰੇ ਤੇ ਦਾਣੇ, ਖਲ ਵੜੇਵੇਂ ਖਾਤਰ ਕੋਈ ਘਰ ਦਾ ਖੇਤ-ਖਿੱਤਾ ਚਾਹੀਦਾ ਹੈ। ਜਾਂ ਕੋਈ ਪੈਸਾ ਹੱਥ ਵਿੱਚ ਚਾਹੀਦਾ ਹੈ। ਇਹ ਸਭ ਕੁੱਝ ਉੱਕਾ ਹੀ ਨਹੀਂ ਹੈ। ਬੱਸ, ਉਨ੍ਹਾਂ ਪਾਸ ਇੱਕ ਤਾਂ ਹੈ ਰੰਬਾ, ਦਾਤੀ ਤੇ ਪੱਲੀ। ਦੂਜਾ ਹੈ, ਹੱਥਾਂ, ਬਾਹਾਂ ਤੇ ਸਰੀਰ ਦੀ ਤਾਕਤ ਅਤੇ ਔਖੇ ਹਾਲਾਤ ਵਿੱਚ ਵਿਗਸਿਆ, ਉੱਦਮੀ, ਸਿਰੜੀ ਸੁਭਾਅ। ਇਹਦੇ ਜ਼ੋਰ ਹੀ ਪਸ਼ੂ ਪਾਲੇ ਜਾਂਦੇ ਹਨ। ਬੇਗ਼ਾਨੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਵਿੱਚੋਂ, ਖਾਲਾਂ ਤੇ ਖੇਤਾਂ ਦੀਆਂ ਵੱਟਾਂ ਤੋਂ, ਘਾਹ ਪੱਠਾ ‘ਕੱਠਾ ਕਰਨਾ, ਮਜਬੂਰੀ ਬਣ ਜਾਂਦਾ ਹੈ। ਵੱਡਾ ਕੰਮ ਬਣ ਜਾਂਦਾ ਹੈ। ਨਿੱਤ ਦਿਹਾੜੀ ਦਾ ਇੱਕ ਪਹਿਰ ਜਾਂ ਦੋ ਪਹਿਰ ਏਸੇ ਲੇਖੇ ਲੱਗਦਾ ਹੈ, ਢੋਅ-ਢੁਆਈ ਦੇ ਵਿਕਸਤ ਸਾਧਨਾਂ ਦਾ ਮਜ਼ਦੂਰ ਔਰਤਾਂ ਨੂੰ ਕੀ ਭਾਅ? ਟਰੈਕਟਰ-ਟਰਾਲੀ, ਗੱਡਾ ਤੇ ਰੇਹੜਾ, ਸਾਈਕਲ ਤੇ ਸਾਈਕਲ-ਰੇਹੜਾ, ਝੋਟਾ, ਖੋਤਾ ਤੇ ਬੋਤਾ, ਸਭ ਦੇ ਸਭ “ਕਿਸੇ ਹੋਰ ਦੀ ਦੌਲਤ ਹਨ।” ਐਡੇ ਸਾਧਨਾਂ ਦੀ ਮਾਲਕੀ ਦੀ ਕਿੱਥੋਂ ਆਸ? ਕੱਖ ਪੱਠੇ ਨੇੜਿਉਂ ਲਿਆਉਣੇ ਹੋਣ ਜਾਂ ਦੂਰੋਂ, ਪੰਡ ਹਲਕੀ ਹੋਵੇ ਜਾਂ ਭਾਰੀ, ਭਾਰ ਔਰਤ ਦੇ ਸਿਰ ਨੇ ਹੀ ਢੋਣਾ ਹੈ। ਜਦ ਪੰਡ ਦੇ ਭਾਰ ਨਾਲ ਸਿਰ ਦਾ ਤਾਲੂਆ ਮੱਚਣ ਲੱਗ ਜਾਵੇ ਤਾਂ ਕੋਈ ਇਕ ਲਾਹਾ ਕਰ ਲਵੇਂ ਜਾਂ ਦੋ ਕਰਕੇ ਦਮ ਮਾਰ ਲਵੇ, ਜਾਂ ਕੋਈ ਬਾਹਾਂ ਦੇ ਜ਼ੋਰ ਪੰਡ ਨੂੰ ਉਗਾਸ ਕੇ ਸਿਰ ਨੂੰ ਹਵਾ ਲਵਾ ਲਵੇ, ਪੰਡ ਨੇ ਆਉਣਾ ਸਿਰ ‘ਤੇ ਹੀ ਹੈ। ਹਾਲੇ ਕਿਸੇ ਜੁਆਕਾਂ ਵਾਲੀ ‘ਕਲਾਪੀ ਜਾਣੀ ਦੇ ਅੱਗੜ-ਪਿੱਛੜ ਜਾਂ ਕੁੱਛੜ ਜੁਆਕਾਂ ਦੀ ਹਾਜ਼ਰੀ ਵੀ ਲੱਗਣੀ ਹੁੰਦੀ ਹੈ।

ਖਜ਼ਾਲਤ ਤੇ ਜ਼ਲਾਲਤ ਝੱਲਣ ਦੀ ਇਹ ਮਜਬੂਰੀ ਦੁੱਧ, ਘਿਉ, ਪਨੀਰ, ਦਹੀਂ ਤੇ ਲੱਸੀ ਵਰਗੀ ਤਾਕਤਵਰ ਖ਼ੁਰਾਕ ਪੂਰੀ ਕਰਨ ਵਾਸਤੇ ਵੀ ਨਹੀਂ ਹੈ। ਘਰਾਂ ਦੀਆਂ ਹੋਰ ਥੁੜ੍ਹਾਂ ਪੂਰੀਆਂ ਕਰਨ ਖਾਤਰ ਪਸ਼ੂ ਪਾਲੇ ਜਾਂਦੇ ਹਨ। ਇਹ ਦੱਸਦਿਆਂ ਇੱਕ ਮਜ਼ਦੂਰ ਨੇ ਕਿਹਾ, “ਘਰੇ ਚੱਜ ਦਾ ਪਸ਼ੂ ਹੋਵੇ, ਉਹਦਾ ਫੈਦਾ ਹੀ ਫੈਦਾ ਹੈ। ਬੰਦੇ ਦੀ ਇੱਜ਼ਤ ਜੀ ਬਣੀ ਰਹਿੰਦੀ ਹੈ। ਪੈਸੇ ਸਿਰ ਟੁੱਟ ਜਾਣ, ਅੜੇ-ਥੁੜ੍ਹੇ ਖਰਚਾ ਕਰਨਾ ਪੈ ਜੇ, ਉਧਾਰ ਫੜਨਾ ਹੋਵੇ ਜਾਂ ਮੋੜਨਾ ਹੋਵੇ ਜਾਂ ਸਿਰ ਢਕਣ ਖਾਤਰ ਕੋਈ ਖਣ ਛੱਤਣਾ ਹੋਵੇ, ਵਿਆਹ ਸ਼ਾਦੀ ‘ਤੇ ਖਰਚਾ ਕਰਨਾ ਪਵੇ, ਪਸ਼ੂ ਕੰਮ ਆਉਂਦੇ ਆ। ਅਗਲੇ ਹੱਸ ਕੇ ਉਧਾਰ ਦਿੰਦੇ ਆ। ਘਰ ਦਾ ਚਾਹ ਪਾਣੀ ਚੱਲੀ ਜਾਵੇ, ਇਹ ਵਾਧੇ ਦਾ ਹੈ।” ਇੱਕ ਮਾਂ ਨੇ ਦੱਸਿਆ ਕਿ “ਆਹ ਜਦੋਂ ਬੁੱਧਾ ਹੋਇਆ, ਘਰੇ ਕੁਸ਼ ਨੀ ਸੀ। ਮੇਰੀ ਮਾਂ ਨੇ ਬੱਕਰਾ ਵੇਚ ਕੇ ੬੦ ਰੁਪਏ ਘੱਲੇ ਸੀ।” ਇੱਕ ਹੋਰ ਔਰਤ, ਸਿਰ ਦੇ ਕਮਾਊ ਸਾਈਂ ਦਾ ਸਾਇਆ ਸਿਰੋਂ ਉੱਠ ਜਾਣ ਦਾ ਦਰਦ ਫਰੋਲਦੀ ਦੱਸਦੀ ਹੈ, “ਜਦੋਂ ਉਹ ਮੁੱਕਿਆ ਸਾਰਾ ਕੁਸ਼ ਉਹਦੀਆਂ ਸੱਟਾਂ ਦੇ ਇਲਾਜ ਤੇ ਲੱਗ ਗਿਆ। ਕੁੜੀ ਦਾ ਵਿਆਹ ਧਰਿਆ ਹੋਇਆ ਸੀ। ਉਹ ਉਹਨੀਂ ਕੱਪੜੀਂ ਤੋਰਨੀ ਪਈ।” ਅੱੱਖਾਂ ਭਰ ਕੇ ਗੱਲ ਜਾਰੀ ਰੱਖਦੀ ਉਹ ਦੱਸਦੀ ਹੈ, ਆਹ ਕੱਟੀ ਡੇਢ ਸਾਲ ਦੀ ਹੋਗੀ ਆ। ਜਦ ਬਣਗੀ (ਲਵੇਰੀ ਹੋ ਗਈ) ਇਹਦਾ ਜੋ ਕੁਸ਼ ਵੀ ਆਇਆ, ਧੀ ਨੂੰ ਦੇ ਦੇਣੈ। ਵਿਚਾਰੀ ਉਦੋਂ ਖਾਲੀ ਤੋਰੀ ਸੀ। ਉਹਨੇ ਮੰਜਾ ਬਿਸਤਰਾ ਬਣਾਉਣ ਖਾਤਰ ਕੁਸ਼ ਪੈਸੇ ਜੋੜੇ ਆ, ਕੁਸ਼ ਥੁੜ੍ਹਦੇ ਆ, ਆਹ ਬੱਕਰਾ ਜਿੱਦਣ ਵਿਕ ਗਿਆ ਉਹਦੇ ਥੁੜ੍ਹਦੇ ਪੂਰੇ ਕਰ ਦੇਣੇ ਆ। ਤੇ ਆਹ ਕੱਟੀ ਦੂਜੀ ਦੇ ਵਿਆਹ ਵਾਸਤੇ ਰੱਖੀ ਆ। ਬੱਸ ਏਨੇ ਨਾਲ ਡੰਗ ਲਹਿਜੂ। ਨਿੱਤ ਦੀ ਜਾਨ ਖਪਾਈ ਦਾ ਆ ਹੀ ਕੁਸ਼ ਆ।” ਇੱਕ ਬੁੱਢੇ ਮਾਂ-ਬਾਪ ਦੀ ਧੀ, ਜਿਨ੍ਹਾਂ ਦੇ ਸਾਰੇ ਪੁੱਤਰ ਬੀਮਾਰੀਆਂ ਨੇ ਚੁੱਕ ਲਏ ਹਨ, ਸੇਵਾ-ਸੰਭਾਲ ਕਰਨ ਖਾਤਰ ਉਨ੍ਹਾਂ ਕੋਲ ਰਹਿੰਦੀ ਹੈ। ਘਰ ਦੇ ਗੁਜ਼ਾਰੇ ਲਈ ਇੱਕ ਬੁੱਢੀ ਮੱਝ ਨੂੰ ਸਾਂਭਦੀ ਹੈ। ਮੱਝ ਅੱਧਾ ਕਿਲੋ ਦੁੱਧ ਦਿੰਦੀ ਹੈ। ਪਾਈਆ ਘਰੇ ਰੱਖ ਲਿਆ ਜਾਂਦਾ ਹੈ। ਪਾਈਆ ਵੇਚ ਦਿੱਤਾ ਜਾਂਦਾ ਹੈ। ਜੀਹਦੇ ਆਸਰੇ ਚਾਹ-ਮਿੱਠੇ ਦਾ ਖਰਚਾ ਚੱਲਦਾ ਹੈ। ਸਭ ਦੇ ਪਸ਼ੂ ਖਲ, ਵੜੇਵੇਂ ਜਾਂ ਦਾਣੇ ਵਰਗੀ ਚੰਗੀ ਖ਼ੁਰਾਕ ਤੋਂ ਬਿਨਾਂ ਪਲਦੇ ਹਨ। ਕਈ ਵਾਰ ਤੂੜੀ ਤੋਂ ਵੀ ਬਿਨਾਂ, ਇਹ ਊਣਾ ਦੁੱਧ ਦਿੰਦੇ ਹਨ। ਊਣਾ ਮੁੱਲ ਵਟਾਉਂਦੇ ਹਨ। ਖੇਚਲ ਪੂਰੀ ਕਰਾਉਂਦੇ ਹਨ।

“ਖ਼ਬਰਦਾਰ ਜੇ ਸਾਡੇ ਖੇਤ ਵੜੀਆਂ!” “ਗਾਂਹ ਹੋ ਜੋ!” ਵਰਗੇ ਝਿੜਕਵੇਂ ਬੋਲ ਸੁਣਨ ਦੀ ਮਜਬੂਰੀ ਬਣਦੀ ਹੈ। ਕਈ ਖੇਤ ਮਾਲਕਾਂ ਦੀਆਂ ਸ਼ਰਾਰਤੀ, ਮੈਲੀਆਂ ਨਜ਼ਰਾਂ ਤੇ ਖੋਟੇ ਇਰਾਦੇ ਔਰਤਾਂ ਨੂੰ ਖੇਹ-ਖ਼ਰਾਬ ਕਰਦੇ ਹਨ। “ਖੇਤਾਂ ਵਿੱਚ ਜੰਗਲ-ਪਾਣੀ ਜਾਣ ‘ਤੇ ਕੱਖ ਪੱਠੇ ਲਿਆਉਣ ਦੀ ਬੰਦੀ” ਵਰਗੇ ਦਾਬੇ, ਮਜ਼ਦੂਰਾਂ ਨੂੰ ਆਪਣੀ ਮਨਮਰਜ਼ੀ ਪੁਗਾਉਣ ਤੇ ਉਜਰਤਾਂ ਦੇ ਵਾਧੇ ਲਈ ਲੜਨ ਤੋਂ ਰੋਕਣ ਲਈ ਜ਼ਮੀਨ ਮਾਲਕਾਂ ਦੇ ਹੱਥਾਂ ਵਿੱਚ ਹਥਿਆਰ ਬਣਦੇ ਹਨ। ਇਉਂ ਪਸ਼ੂ ਪਾਲਣ ਦੀ ਇਹ ਮਜਬੂਰੀ ਕਾਮੇ ਮਰਦਾਂ-ਔਰਤਾਂ ਨੂੰ ਜ਼ਮੀਨ ਮਾਲਕਾਂ ਦੇ ਮੁਥਾਜ ਬਣਾਉਂਦੀ ਹੈ।

ਸਿਲਾ ਚੁਗਣ ਬਾਰੇ ਕਹਿਣ ਦੀ ਲੋੜ ਨਹੀਂ ਕਿ ਇਹ ਕਿਸੇ ਦਾ ਸ਼ੌਕ ਜਾਂ ਸੁਭਾਅ ਹੋ ਸਕਦਾ ਹੈ। ਵਾਢੀ ਦਾ ਕੰਮ ਮੁਕਾਉਣ ਬਾਅਦ, ਦਸ ਜਾਂ ਪੰਦਰਾਂ ਦਿਨ, ਖੇਤਾਂ ਵਿੱਚੋਂ ਡਿਗੇ ਹੋਏ ਸਿੱਟੇ-ਤੀਲੇ ਚੁਗਣ ਦੇ ਲੇਖੇ ਲੱਗਦੇ ਹਨ। ਆਪਣੇ ਰਸੂਖ਼ ਵਾਲੇ ਕਿਸਾਨਾਂ ਦੇ ਪਿੜਾਂ ਵਿੱਚੋਂ ਤੂੜੀ ਹੂੰਝ ਕੇ ਚਾਰ ਪੰਡਾਂ ਬਣਾਉਣ ਦੀ ਛੋਟ ਵੀ ਮਿਲ ਸਕਦੀ ਹੈ। ਏਵੇਂ ਹੀ ਨਰਮੇ ਦੀ ਚੋਣੀ ਦਾ ਕੰਮ ਮੁੱਕਣ ਬਾਅਦ ਛਿਟੀਆਂ ਵਿੱਚੋਂ ਬਚੀਆਂ ਫੁੱਟੀਆਂ ਚੁਗਣਾ ਤੇ ਟੀਂਡੇ ਤੋੜਨਾ, ਔਰਤਾਂ ਲਈ ਕਮਾਈ ਦਾ ਸਾਧਨ ਬਣਦਾ ਹੈ। ਏਵੇਂ ਹੀ ਕਿਸਾਨ ਪਰਿਵਾਰਾਂ ਵੱਲੋਂ ਬਚਦੇ ਟੀਂਡੇ ਤੋੜਕੇ ਸੁਕਾਏ ਜਾਂਦੇ ਹਨ ਤੇ ਨਰਮਾ ਉਨ੍ਹਾਂ ਵਿੱਚੋਂ ਕੱਢਿਆ ਜਾਂਦਾ ਹੈ। ਇਹ ਕੰਮ ਵੀ ਮਜ਼ਦੂਰ ਔਰਤਾਂ ਨੂੰ ਮਿਲ ਜਾਂਦਾ ਹੈ। “ਔਸਤ ਦਿਹਾੜੀ ਕੀ ਪੈਂਦੀ ਹੈ, ਏਸ ਕੰਮ ਦੀ।” ਇਹਦੇ ਜੁਆਬ ਵਿੱਚ ਕੋਈ ਗਿਣਤੀ-ਮਿਣਤੀ ਨਹੀਂ ਬਣਦੀ। “ਘਰੇ ਬਹਿਣ ਨਾਲੋਂ ਤਾਂ ਚੰਗਾ ਹੀ ਚੰਗੈ! ਪੱਲਿਉਂ ਤਾਂ ਕੁਸ਼ ਜਾਂਦਾ ਈ ਨਹੀਂ।” “ਬੈਠਿਆਂ ਨੇ ਕਿਹੜਾ ਵਧਣੈ।” “ਦੋ-ਚਾਰ ਰੁਪੱਈਏ ਤਾਂ ਬਣਨਗੇ ਹੀ।” ਕਣਕ ਦੇ ਕਰਚਿਆਂ ਅਤੇ ਟੀਂਡਿਆਂ ਦੀਆਂ ਸਿਕਰੀਆਂ ਵਿੱਚ ਹੱਥ ਮਾਰਦਿਆਂ ਗਲਦੀਆਂ ਦਿਹਾੜੀਆਂ ਦੇ ਪਿੱਛੇ ਆਹ ਤਰਕ ਕੰਮ ਕਰਦਾ ਹੈ।

ਆਪਣੀ ਵੱਟ-ਡੌਲ ਨਾ ਹੋਵੇ ਤਾਂ ਬਾਲਣ ਪੂਰਾ ਕਰਨਾ ਮੁਹਾਲ ਹੋ ਜਾਂਦਾ ਹੈ। ਭਾਵੇਂ ਸਾਰੇ ਪਰਿਵਾਰ ਨਰਮੇ ਪੱਟਣ ਵੇਲੇ ਬਾਲਣ ਪੂਰਾ ਕਰਨ ਨੂੰ ਜ਼ੋਰ ਮਾਰਦੇ ਹਨ। ਕੰਮ ਵੱਟੇ ਛਿੱਟੀਆਂ ਵੱਢ ਲੈਂਦੇ ਹਨ। ਫੇਰ ਵੀ ਘਰ ਪੂਰਾ ਨਹੀਂ ਹੁੰਦਾ। ਇਹ ਰਹਿੰਦੀ ਕਸਰ ਪੂਰੀ ਕਰਨੀ ਔਰਤਾਂ ਦੀ ਜ਼ਿੰਮੇਵਾਰੀ ਹੈ ਸਰੋਂ ਦੇ ਸੱਲਰੇ ‘ਕੱਠੇ ਕਰਨਾ, ਨਰਮੇ ਦੀਆਂ ਮੁੱਢੀਆਂ ਚੁਗਣਾ ਤੇ ਢੋਣਾ ਉਨ੍ਹਾਂ ਦਾ ਕੰਮ ਹੈ। ਸੜਕਾਂ, ਰਾਹਾਂ, ਸੂਏ-ਕੱਸੀਆਂ ‘ਤੇ ਖੜ੍ਹੇ ਦਰਖਤਾਂ ਦੀਆਂ ਸੁੱਕੀਆਂ ਟਾਹਣੀਆਂ ਭਾਲਣਾ ਉਨ੍ਹਾਂ ਵਾਸਤੇ ਕੰਮ ਬਣਿਆ ਰਹਿੰਦਾ ਹੈ। ਕਹਿਣ ਦੀ ਲੋੜ ਨਹੀਂ ਕਿ ਸਮਾਜ ਦੇ ਦੂਜੇ ਹਿੱਸਿਆਂ ਦੀ ਰਸੋਈ ਵਿੱਚ ਵਰਤੀ ਜਾਂਦੀ ਰਸੋਈ ਗੈਸ, ਬਿਜਲੀ ਚੁੱਲ੍ਹਾ ਤੇ ਮਿੱਟੀ ਦੇ ਤੇਲ ਦਾ ਸਟੋਵ ਵਗੈਰਾ, ਖੇਤ ਮਜ਼ਦੂਰ ਔਰਤਾਂ ਦੀ ਪਹੁੰਚ ਤੋਂ ਕਿਤੇ ਬਾਹਰ ਹੈ। ਸਗੋਂ ਇਹਦੀ ਬਜਾਏ ਘਰੇ ਬਾਲਣ ਲਈ ਪਾਥੀਆਂ ਜੋੜਨ ਵਾਸਤੇ, ਗਲੀਆਂ ਵਿੱਚੋਂ ਗੋਹਾ ਚੁਗਣ ਦੀ ਮਜਬੂਰੀ ਤਾਂ ਕਿਸੇ ਲਈ ਖੜ੍ਹੀ ਹੋ ਸਕਦੀ ਹੈ।

ਚੰਗੇ ਗੁਜ਼ਾਰੇ ਵਾਲੇ ਘਰਾਂ ਦਾ ਗੋਹ-ਕੂੜਾ ਕਰਕੇ, ਧੋਣਾ-ਪੀਹਣਾ ਕਰਕੇ ਤੇ ਵਿਆਹਾਂ-ਸ਼ਾਦੀਆਂ ਵਿੱਚ ਜੂਠ ਧੋਣ ਵਰਗੇ ਧੰਦੇ ਕਰਕੇ ਵੀ ਜ਼ਿੰਦਗੀ ਨੂੰ ਠੁੰਮਣਾ ਦੇਣ ਦਾ ਮੌਕਾ ਆਹਲਾ ਨਹੀਂ ਜਾਣ ਦਿੱਤਾ ਜਾਂਦਾ। ਇਹ ਕੰਮ ਅਕਸਰ ਹੀ ਉਨ੍ਹਾਂ ਪਰਿਵਾਰਾਂ ਦੀਆਂ ਔਰਤਾਂ ਨੂੰ ਕਰਨੇ ਪੈਂਦੇ ਹਨ। ਜਿਹੜੇ ਇੱਕ ਜਾਂ ਦੂਜੀ ਵਜ੍ਹਾ ਕਰਕੇ ਕਮਾਈ ਪੱਖੋਂ ਜਮ੍ਹਾਂ ਹੀ ਭੁੰਜੇ ਲੱਥ ਜਾਂਦੇ ਹਨ। ਕਿਸੇ ਪਰਿਵਾਰ ਵਿੱਚ ਕਮਾਊ ਮਰਦ ਨਹੀਂ ਰਿਹਾ। ਕਿਸੇ ਦਾ ਮਰਦ ਔਜੜੇ ਰਾਹੀਂ ਪੈ ਗਿਆ ਹੈ। ਨਸ਼ਿਆਂ-ਪੱਤਿਆਂ ਦਾ ਖਾਧਾ ਪਿਆ ਹੈ। ਘੋਰੀ ਹੋ ਗਿਆ ਹੈ ਕਿਉਂਕਿ ਅਜਿਹੇ ਕੰਮ ਕਮਾਈ ਦਾ ਸਾਧਨ ਤਾਂ ਮੂਲੋਂ ਹੀ ਨਿਗੂਣਾ ਬਣਦੇ ਹਨ। ਸਮਾਜਕ ਤੌਰ ‘ਤੇ ਨੀਵੇਂ ਵਧ ਗਿਣੇ ਜਾਂਦੇ ਹਨ। ਵਿਆਹ ਕਮਾਉਣ, ਜਾਣੀ ਵਿਆਹ ਅਤੇ ਇਸ ਦੀ ਤਿਆਰੀ ਦੇ ਦਿਨਾਂ ਦਾ ਸਾਰਾ ਕੰਮ ਕਰਨ ਦਾ ਜ਼ਿਕਰ ਕਰਦੀ ਇੱਕ ਔਰਤ ਦੱਸਦੀ ਹੈ, “ਪੂਰੇ ਦਸ ਦਿਨ ਲੱਗੇ, ਉਨ੍ਹਾਂ ਦੇ ਵਿਆਹ ‘ਚ। ਸਾਰੇ ਕੰਧਾਂ-ਕੌਲੇ ਤੇ ਅੰਦਰ-ਬਾਹਰ ਲਿਪਿਆ। ਇਹਦੇ ਵਾਸਤੇ ਮਿੱਟੀ ਢੋਈ, ਲਵਾਈ ਤੇ ਸਾਰਾ ਧੋਤਾ ਲੀੜਾ-ਲੱਤਾ। ਲਾ ਰਜਾਈਆਂ ਗਦੈਲਿਆਂ ਤੇ ਖੇਸਾਂ ਤੋਂ, ਚਾਦਰਾਂ ਸਰਾਹਣਿਆਂ ਤੱਕ। ਨਾਲੇ ਨਗੰਦੇ ਪਾਏ। ਸਾਰੀ ਧੋਤੀ ਵਿਆਹ ਦੀ ਜੂਠ ਤੇ ਦਿੱਤੀ ਉਨ੍ਹਾਂ ਨੇ ਫੁੱਟੀ ਕੌਡੀ। ਵੀਹ ਰੁਪਈਏ ਤੇ ਲੈਣ ਦੇਣ ਵਿੱਚ ਆਇਆ ਇੱਕ ਸੂਟ ਮਸਾਂ ਪੰਜਾਹਾਂ ਦਾ ਹੋਉੂ। ਸੁਆਹ ਹੈ ਇਹ ਕਮਾਈ। ਮਰਦੇ ਨੂੰ ਅੱਕ ਚੱਬੀਦੈ।” ਇਹ ਦੱਸਦਿਆਂ ਉਹਦੀਆਂ ਅੱਖਾਂ ਭਰ ਆਈਆਂ।

ਜਾਗੀਰਦਾਰਾਂ ਦੇ ਘਰ ਠੇਕੇ ‘ਤੇ ਲੱਗੇ ਕਾਮੇ ਦੇ ਘਰ ਵਾਲੀ ਨੂੰ ਜਦ ਪੁੱਛਿਆ ਕਿ “ਤੁਹਾਨੂੰ ਕੋਈ ਵਗਾਰ ਵੀ ਕਰਨੀ ਪੈਂਦੀ ਹੈ?” ਤਾਂ ਉਸਨੇ ਕਿਹਾ, “ਨਹੀਂ, ਅਸੀਂ ਕਦੇ ਵਗਾਰ ਨੀ ਕੀਤੀ। ਹਾਂ ਉਨ੍ਹਾਂ ਦੇ ਲੀੜਾ-ਲੱਤਾ ਧੋਣ ਵਾਲਾ ਹੋਵੇ, ਬੋਲ ਮਾਰ ਲੈਂਦੇ ਆ। ਏਨੇ ਨਾਲ ਅਗਲੇ ਚਾਹ ਵੇਲੇ ਚਾਹ ਪਿਆ ਦਿੰਦੇ ਆ। ਨਹੀਂ ਤਾਂ ਚਾਹ ਕਰਨ ਜੋਗਰਾ ਮਿੱਠਾ ਤਾਂ ਦੇ ਹੀ ਦਿੰਦੇ ਆ। ਚੰਗੀਆਂ ਵਿਚਾਰੀਆਂ! ਆਪਣੇ ਨਾਲ ਕੋਈ ਜੁਆਕ ਜੱਲਾ ਹੋਵੇ ਤਾਂ ਚਾਹ ਨੂੰ ਨੱਕ ਨੀ ਵੱਟਦੀਆਂ। ਜੁਆਕ ਨੂੰ ਵੀ ਦੇ ਦਿੰਦੀਆਂ।”

ਗੋਹਾ ਕੂੜਾ ਕਰਨਾ ਔਰਤਾਂ ਲਈ ਇੱਜ਼ਤ-ਅਣਖ ਦੀ ਸੁਰੱਖਿਆ ਪੱਖੋਂ ਸਭ ਤੋਂ ਕਸੂਤਾ ਹੈ। ਗੋਹਾ ਚੁੱਕਣ ਤੇ ਮੁਤਰਾਲ ਹੂੰਝਣ ਖਾਤਰ ਅਗਲਿਆਂ ਦੇ ਨੇਰ੍ਹੇ ਭਰੇ ਅੰਦਰਾਂ ਦੀਆਂ ਖੱਲਾਂ-ਖੂੰਜਿਆਂ ਵਿੱਚ ਹੱਥ ਮਾਰਨੇ ਪੈਂਦੇ ਹਨ। ਇੱਕ ਔਰਤ ਜਿਸਦੇ ਘਰੇ ਕੋਈ ਕਮਾਊ ਨਹੀਂ ਸੀ ਬਚਿਆ, ਐਹੋ ਜਿਹੇ ਖ਼ਤਰੇ ਵੱਲ ਸੰਕੇਤ ਕਰਦੀ ਦੱਸਦੀ ਹੈ, “ਮੈਂ ਉਹਦੇ ਮੁੱਕਣ ਬਾਅਦ ਸਾਰੀਆਂ ਔਖਾਂ ਕੱਟਲੀਆਂ। ਵਿਆਹਾਂ ਦੀ ਜੂਠ ਧੋ ਲੀ। ਅਗਲੇ ਦੇ ਘਰਾਂ ਦੇ ਭਾਂਡੇ ਮਾਂਜਲੇ। ਗੋਹਾ ਮਿੱਟੀ ਫੇਰਲੀ। ਵਿਆਹ ਕਮਾ ਲਏ। ਪਰ ਗੋਹੇ ਕੂੜੇ ਨੂੰ ਨੀ ਲੱਗੀ। ਮੈਂ ਆਪਣੀ ਅਣਖ ਰੱਖ ਕੇ ਦਿਖਾ ਦਿੱਤੀ। ਇਹ ਕੰਮ ਬਹੁਤ ਖ਼ਰਾਬ ਐ।” ਇੱਕ ਹੋਰ ਘਰ ਬਾਰੇ ਜਾਣਕਾਰੀ ਦਿੰਦਿਆਂ ਇੱਕ ਮਜ਼ਦੂਰ ਗੱਲ ਦੱਸਦਾ ਹੈ, “ਉਹ ਤਾਂ ਵਿਚਾਰੇ ਜਮਾਂ ਈ ਥੱਲੇ ਲਹਿ ਗਏ। ਜੁਆਕ ਨਿਆਣੇ ਆ। ਘਰੇ ਕਮਾਊ ਬੰਦਾ ਨੀ ਰਿਹਾ। ਬੁੜੀ ਨੂੰ ਗੋਹਾ ਕੂੜਾ ਕਰਨਾ ਪੈ ਗਿਆ। ਹੁਣ ਉਹਦਾ ਕੰਮ ਬਹੁਤ ਖ਼ਰਾਬ ਐ।” ਇਹ ਹੈ ਜਿਉਣ, ਖੇਤ ਮਜ਼ਦੂਰ ਔਰਤਾਂ ਦਾ। ਇਉਂ ਪੱਛੀਦੀ ਹੈ ਇਥੇ ਜਿੰਦ। ਇਉਂ ਮਧੋਲੀ ਜਾਂਦੀ ਹੈ, ਇਥੇ ਅਣਖ।

ਔਲਾਦ ਪੈਦਾ ਕਰਨਾ ਤੇ ਪਾਲਣਾ
ਇੱਕ ਖੇਤ ਮਜ਼ਦੂਰ ਔਰਤ ਤੋਂ ਬੱਚਾ ਹੋਣ ਸਮੇਂ ਮਿਲਦੀ ਖ਼ੁਰਾਕ ਦੀ ਜਾਣਕਾਰੀ ਲੈਣ ਵਾਸਤੇ ਪੁੱਛਿਆ ਗਿਆ ਕਿ “ਕਿੰਨੀ ਕੁ ਪੰਜੀਰੀ ਖਾਣ ਨੂੰ ਬਣਾ ਕੇ ਦਿੱਤੀ ਸੀ?” ਤਾਂ ਉਸਨੇ ਹੈਰਾਂ ਹੋ ਕੇ ਤੇ ਭਖ ਕੇ ਕਿਹਾ, “ਵਾਅਹ… ਨੀ! ਪੰਜੀਰੀ ਨਾ ਭੁੱਬਲ! ਸੁਆਹ ਸੱਤਾਂ ਚੁੱਲ੍ਹਿਆਂ ਦੀ।” ਵਿਸਥਾਰ ਦੱਸਦਿਆਂ ਉਹ ਬੋਲੀ, “ਦਿਨੇ ਦੋ ਪੰਡਾਂ ਪੱਠਿਆਂ ਦੀਆਂ ਲਿਆਂਦੀਆਂ। ਆ ਕੇ ਚਾਰ ਘੜੇ ਪਾਣੀ ਦੇ ਢੋਏ। ਆਥਣੇ ਟੱਬਰ ਦੀ ਰੋਟੀ ਪਕਾਈ। ਰਾਤ ਨੂੰ ਮੁੰਡਾ ਜੰਮ ਲਿਆ ਆਹ ਬੁੱਧਾ ਹੋਇਆ ਸੀ, ਉਦੋਂ। ਸਵੇਰੇ ਉੱਠ ਕੇ ਬਾਜਰੇ ਦੀ ਰੁੱਖੀ ਰੋਟੀ ਖਾਧੀ ਆ, ਮਿਰਚਾਂ ਨਾਲ। ਆਪੇ ਬਣਾਲੀ ਆ। ਆਪੇ ਖਾ ਲੀ ਆ। ਆਪਾਂ ਨੂੰ ਸਹੁੰ ਲੱਗੇ ਜੇ ਕੁਸ਼ ਹੋਰ ਮਿਲਿਆ ਹੋਵੇ। ਆਹ ਸੁੱਕੀ ਚੁਗਾਠ ਤੇ ਬੈਠੀ ਆਂ ਮੇਰੀ ਮਾਂ ਚੌਥੇ ਦਿਨ ਆਈ ਸੀ। ਜਾ ਕੇ ਉਸਨੇ ਬੱਕਰਾ ਵੇਚਿਆ ਸੀ ਤੇ ਸੱਠ ਰੁਪਏ ਘੱਲੇ। ਪਹਿਲੀ ਵਾਰੀ ਜਦ ਕੁੜੀ ਹੋਈ ਸੀ, ਆਹ ਮੇਲੋ ਤਾਂ ਸੇਰ ਥੰਦਾ ਰਲਾਇਆ ਸੀ। ਬਾਹਲਾ ਆਪੇ ਹੀ ਖਾ ਗਿਆ। ਆਹ ਤੇਰੇ ਕੋਲੇ ਬੈਠਾ ਹੈ, ਪੁੱਛ ਲੈ।” ਉਸ ਮਾਂ ਦੀ ਹੱਡ-ਬੀਤੀ ਸੱਚੀ ਸੀ। ਉਹਦੇ ਘਰਵਾਲਾ ਸਿਰੇ ਦਾ ਕਾਮਾ ਤੇ ਸੰਜਮੀ ਬੰਦਾ ਸੀ। ਉਹਦੇ ਪਾਸ ਬਚਦੀ ਕਮਾਈ ਵਿੱਚੋਂ ਇਹੀ ਕੁੱਝ ਸੀ, ਜੋ ਪੁਗਦਾ ਸੀ। ਇੱਕ ਹੋਰ ਔਰਤ ਨੂੰ ਜਦ ਨਰਮੇ ਦੀ ਚੋਣੀ ਸ਼ੁਰੂ ਹੋਣ ਦੇ ਦਿਨਾਂ ਵਿੱਚ ਜੰਮੇ ਮੁੰਡੇ ਬਾਰੇ ਪੁੱਛਿਆ, “ਜਿਹੜਾ ਇਹ ਰਿਵਾਜ ਹੁੰਦੇ ਬਈ ਸਵਾ ਮਹੀਨਾ ਜੁਆਕ ਬਾਹਰ ਨਹੀਂ ਵਧਾਉਣਾ, ਤੁਸੀਂ ਉਹਦਾ ਕੀ ਕੀਤਾ? ਕੀ ਸੀਜਨ ਮਰਿਆ?” ਉਸਨੇ ਝੱਟ ਕਿਹਾ, “ਮਸਾਂ ਰਿਜ਼ਕ ਮਿਲਦੈ, ਮਰਨਾ ਕਾਹਤੋਂ ਸੀ। ਸੱਤਾਂ ਦਿਨਾਂ ਦਾ ਸੀ, ਜਦੋਂ ਉਹਨੂੰ ਨਾਲ ਹੀ ਲੈਗੇ। ਖੇਤ ਹੀ ਲੈ ਗਏ। ਟੋਕਰੇ ਵਿੱਚ ਪਾ ਕੇ ਢਕ ਲਿਆ। ਟੋਕਰਾ ਚਾਰ ਕਰਮਾਂ ਗਾਂਹ ਰੱਖ ਲੈਂਦੇ। ਜਦੋਂ ਬਰਾਬਰ ਹੋ ਜਾਂਦਾ ਫੇਰ ਅਗਾਂਹ ਕਰ ਲੈਂਦੇ। ਇਉਂ ਹੀ ਚੁਗਿਆ, ਸਾਰਾ ਨਰਮਾ। ਤੈਨੂੰ ਪਤੈ ਸੀਜਨ ਵਿੱਚ ਬੁੜੀ-ਕੁੜੀ ਵਾਸਤੇ ਕਿਸੇ ਸਕੀਰੀ ਵਿੱਚ ਸੁਆਲ ਪਾਉਣਾ ਬਹੁਤ ਔਖੇ!” ਹੱਡ-ਬੀਤੀਆਂ ਇਹ ਵਾਰਤਾਵਾਂ, ਟੁੱਟਵੀਆਂ ਕਹਿਰੀਆਂ ਘਟਨਾਵਾਂ ਨਹੀਂ ਹਨ। ਮਜ਼ਦੂਰ ਔਰਤਾਂ ਦੀ ਜ਼ਿੰਦਗੀ ਦਾ ਕੌੜਾ ਸੱਚ ਹਨ। ਸਭ ਨਾਲ ਬੀਤਦੀਆਂ ਹਨ। ਜੇ ਕਿਤੇ ਜਾਪੇ ਸਮੇਂ ਕੋਈ ਔਹਰ ਪੈਜੇ ਤਾਂ ਜਾਣੀ ਘਰ ਦਾ ਝੁੱਗਾ ਚੌੜ ਹੋ ਜਾਂਦੈ, ਜਾਨ ਜਾਨ ਦਾ।

ਪਰਸੂਤਾ ਛੁੱਟੀਆਂ ਹੋਣਾ, ਇਨ੍ਹਾਂ ਦਿਨਾਂ ਵਿੱਚ ਉੱਚੇ ਨੀਵੇਂ ਨਾ ਤੁਰਨਾ, ਭਾਰ ਨਾ ਚੁੱਕਣਾ, ਜਾਪੇ ਤੋਂ ਬਾਅਦ ਚੰਗੀ ਖ਼ੁਰਾਕ ਮਿਲਣਾ ਕਿਸੇ ਹੋਰ ਜਗਤ ਦੀਆਂ ਬਾਤਾਂ ਹਨ। ਅਰਸਾਵਾਰ ਡਾਕਟਰੀ ਮੁਆਇਨਾ, ਡਾਕਟਰੀ ਨਸੀਹਤ ਮੁਤਾਬਕ ਖ਼ੁਰਾਕ ਤੇ ਦਵਾਈ ਉਨ੍ਹਾਂ ਦੇ ਸੁਣਨ ਵਿੱਚ ਆਉਂਦੀਆਂ ਗੱਲਾਂ ਤੋਂ ਵੱਧ ਨਹੀਂ ਹੋ ਸਕਦੀਆਂ। ਏਸ ਕੰਮ ਖਾਤਰ ਹੋਇਆ ਸਿਹਤ ਵਿਗਿਆਨ ਦਾ ਵਿਕਾਸ, ਮਾਹਰਾਂ ਤੇ ਮਸ਼ੀਨਰੀ ਦੇ ਲੱਗੇ ਅੰਬਾਰ ਖੇਤ ਮਜ਼ਦੂਰਾਂ ਦੇ ਮੂੰਹ ਚਿੜਾਉਣ ਦਾ ਸਾਧਨ ਤਾਂ ਹੋ ਸਕਦਾ ਹੈ ਉਨ੍ਹਾਂ ਦੇ “ਕਿਸੇ ਕੰਮ ਦਾ” ਨਹੀਂ ਹੈ। ਵੱਧੋ ਵੱਧ ਡਾਕਟਰੀ ਸਹਾਇਤਾ ਲਈ ਪਿੰਡ ਦੀ ਦਾਈ ਹਾਜ਼ਰ ਰਹਿੰਦੀ ਹੈ। ਖ਼ੁਰਾਕ ਲਈ ਢਿੱਡੋਂ ਉੱਠਦੀ ਭਲ ਨੂੰ ਮਾਰਨ ਲਈ ਕੰਧਾਂ ਦੇ ਰੋੜ ਨਹੀਂ ਮੁੱਕਦੇ ਜਾਂ ਚੁੱਲ੍ਹੇ ਦੀ ਪੱਕੀ ਮਿੱਟੀ ਹਰ ਸਮੇਂ ਹਾਜ਼ਰ ਹੈ। ਇਨ੍ਹਾਂ ਦੀ ਕੋਈ ਘੱਟ ਵਰਤੋਂ ਕਰ ਲਵੇ ਕੋਈ ਵੱਧ। ਐਥੇ ਖੜ੍ਹੀ ਹੈ, ਸਿਹਤ, ਖ਼ੁਰਾਕ ਅਤੇ ਸਿਹਤ-ਵਿਗਿਆਨ ਦੀ ਵਰਤੋਂ। ਚਿਹਰਿਆਂ ਦੀਆਂ ਪਿਲੱਤਣਾਂ ਅਤੇ ਸਿਆਹੀਆਂ, ਖ਼ੂਨ ਦੀ ਘਾਟ ਸਦਕਾ ਆਉਂਦੀ ਘੇਰ (ਘਮੇਰ), ਘਰ ਘਰ ਵਿੱਚ ਜਾਣੀ-ਪਛਾਣੀ ਬੀਮਾਰੀ ਹੈ।

“ਘਰ ਦਾ ਕੰਮ ਤਾਂ ਭਲਾ ਬੁੜੀ ਨੇ ਕਰਨਾ ਹੀ ਹੋਇਆ, ਇਹਦਾ ਕੀ ਗਿਣਨੈ? ਇਹਦਾ ਤਾਂ ਕੀ ਭਾਰ ਐ?” ਇਹ ਹੈ ਮਜ਼ਦੂਰ ਵਿਹੜਿਆਂ ਦੇ ਮਰਦਾਂ-ਔਰਤਾਂ ਦਾ ਪੱਕਾ ਵਿਚਾਰ। ਔਰਤ ਮਰਦ ਦੇ ਬਰੋਬਰ ਖੇਤ ਦਾ ਕੰਮ ਕਰਕੇ ਆਵੇ, ਸੀਜਨ ਦਾ ਪੂਰਾ ਜ਼ੋਰ ਹੋਵੇ ਜਾਂ ਕੋਈ ਸਰੀਰਕ ਢਿੱਲ ਮੱਠ, ਸਾਰਾ ਘਰੇਲੂ ਕੰਮ, ਬਿਨਾਂ ਕਿਸੇ ਉਜਰ ਦੇ, ਉਸੇ ਨੇ ਕਰਨਾ ਹੈ। ਇਨ੍ਹਾਂ ਸਾਰੇ ਕੰਮਾਂ ਵਿੱਚ ਨਿਭਣ ਵਾਲੀ ਔਰਤ ਦਾ ਘਰ ਵਿੱਚ ਕਿੰਨਾ ਕੁ ਮੁੱਲ ਪੈਂਦਾ ਹੈ? ਘਰ ਵਿੱਚ ਮਰਦ-ਔਰਤ ਦਾ ਕਿੰਨਾ ਕੁ ਸਤਿਕਾਰ ਕਰਦਾ ਹੈ? “ਆਹ ਕੀਤਾ ਨੀਂ? ਆਹ ਕਿਉਂ ਕੀਤਾ?” “ਐਥੇ ਗਈ ਕਿਉਂ ਨੀਂ? ਉਥੇ ਗਈ ਕਿਉਂ?” ਇਹੋ ਜਿਹੇ ਬਹਾਨੇ ਹੇਠ ਮਰਦ ਦੇ ਬੋਲ-ਕੁਬੋਲਾਂ ਦਾ ਛੜਾਕਾ ਵਰ੍ਹ ਸਕਦੈ। ਧੌਲ-ਧੱਫਾ ਹੋ ਸਕਦੈ। ਡਾਂਗ-ਸੋਟੇ ਦਾ ਖੜਕਾਟਾ ਉੱਠ ਸਕਦਾ ਹੈ। ਔਰਤ ਦਾ ਤਮਾਸ਼ਾ ਬਣ ਸਕਦਾ ਹੈ। ਪਰ ਸਾਬਾਸ਼ੇ! ਐਡੀ ਕਮਾਊ ਦੇ, ਸਿਰੜੀ ਦੇ, ਸਚਿਆਰੀ ਦੇ।” ਐਹੋ ਜਿਹੇ ਵਾਜਬ ਤੇ ਹੱਕੀ ਬੋਲ ਸੁਣਨ ਨੂੰ ਘੱਟ ਹੀ ਟੱਕਰਦੇ ਹਨ। ਖੇਤ ਮਜ਼ਦੂਰ ਔਰਤ ਆਮ ਤੌਰ ‘ਤੇ ਦੱਬੂ ਨਹੀਂ ਰਹਿੰਦੀ। ਬਹੁਤੀ ਵਾਰ ਬਰਾਬਰ ਖੜਕਦੀ ਹੈ।

ਜਾਤ-ਪਾਤ ਦੀ ਭਿੱਟ ਵਾਲੀ ਸੋਚਣੀ ਦੇ ਸ਼ਿਕਾਰ ਹੋਰਨਾਂ ਤਬਕਿਆਂ ਦੇ ਹਿੱਸੇ ਇਨ੍ਹਾਂ ਕਿਰਤ ਤੇ ਸਿਦਕ ਦੀਆਂ ਧਨੀ ਔਰਤਾਂ ਨੂੰ ਨਫ਼ਰਤ ਨਾਲ ਦੇਖਦੇ ਹਨ। ਮੰਦਕਲਾਮੀ ਨਾਲ ਬੁਲਾਉਂਦੇ ਹਨ। ਉਨ੍ਹਾਂ ਦਾ ਸਮਾਜਕ ਰੁਤਬਾ ਤੇ ਕਿੱਤਾ ਗਾਲ੍ਹ ਕੱਢਣ ਵਾਸਤੇ ਵਰਤਿਆ ਜਾਂਦਾ ਹੈ। ਪਿੰਡ ਤੇ ਸਮਾਜ ਦੇ ਕਿਸੇ ਵੀ ਸਾਂਝ ਇਕੱਠ ਵਿੱਚ ਉਨ੍ਹਾਂ ਦੀ ਸੱਦ ਪੁੱਛ ਤੇ ਪੁੱਗਤ ਦਾ ਕੋਈ ਨਿਸ਼ਾਨ ਤੱਕ ਨਹੀਂ ਮਿਲਦਾ। ਇਉਂ ਆਪਣੀ ਕਿਰਤ, ਅਣਖ-ਇੱਜ਼ਤ ਤੇ ਪੁੱਗਤ ਦੀ ਸਿਰੇ ਦੀ ਬੇਕਦਰੀ ਹੰਢਾਉਣ ਲਈ ਸਰਾਪੀਆਂ ਹੋਈਆਂ ਨੇ ਇਹ ਖੇਤ ਮਜ਼ਦੂਰ ਔਰਤਾਂ।

ਇਨਕਲਾਬੀ ਗੁਣਾਂ ਦੀ ਗੁਥਲੀ
ਜੇ ਖੇਤ ਮਜ਼ਦੂਰ ਔਰਤਾਂ ਨੂੰ ਆਪਣੇ ‘ਕੱਠ ਦੀ ਤਾਕਤ ਦਾ ਅਹਿਸਾਸ ਹੋ ਜਾਵੇ, ਆਪਣੇ ਬੁਰੇ ਭਲੇ ਦੀ ਸੂੰਹ ਲੱਗ ਜਾਵੇ ਤਾਂ ਇਹੀ ਸਰਾਪ, ਵਰਦਾਨ ਬਣ ਸਕਦਾ ਹੈ। ਉਨ੍ਹਾਂ ਦੇ ਜ਼ਿੰਮੇ ਲੱਗੇ ਕੰਮਾਂ ਦਾ ਮੁਸ਼ੱਕਤੀ ਸੁਭਾਅ, ਉਨ੍ਹਾਂ ਨੂੰ ਮਿਲਦਾ ਨਿਗੂਣਾ ਮਿਹਨਤਾਨਾ ਤਿੱਖੀ ਲੜਾਕੂ ਭਾਵਨਾ ਨੂੰ ਜਨਮ ਦਿੰਦਾ ਹੈ। ਲੜਾਈ ਦੇ ਹਰ ਰੂਪ ਵਿੱਚ ਮੋਹਰੀ ਹੋ ਕੇ ਪੁੱਗਣ ਦਾ ਬਲ ਬਖਸ਼ਦਾ ਹੈ।

ਉਨ੍ਹਾਂ ਨੂੰ ਛੇਤੀ ਹੀ ਇਸ ਗੱਲ ਦਾ ਚਾਨਣ ਹੋ ਸਕਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਕਲਿਆਣ ਜ਼ਮੀਨ ਤੋਂ ਜਾਗੀਰਦਾਰੀ ਦਾ ਜੱਫਾ ਤੋੜੇ ਬਿਨਾਂ ਨਹੀਂ ਹੋ ਸਕਦਾ। ਜਾਗੀਰਦਾਰੀ ਪ੍ਰਬੰਧ ਅਤੇ ਉਸਦੀ ਰਾਖੀ ਲਈ ਬਹੁੜਦਾ ਰਾਜ ਪ੍ਰਬੰਧ ਖ਼ਤਮ ਕਰਨਾ ਅਣਸਰਦੀ ਲੋੜ ਹੈ। ਕਿਉਂਕਿ ਇਸ ਪ੍ਰਬੰਧ ਦਾ ਸਿੱਧਾ ਸੰਬੰਧ ਤੇ ਦਖ਼ਲ ਉਨ੍ਹਾਂ ਦੀ ਰੋਜ਼ ਦੀ ਜ਼ਿੰਦਗੀ ਵਿੱਚ ਤਿੱਖੀ ਤਰ੍ਹਾਂ ਰੜਕਦਾ ਹੈ। ਇਸ ਲਈ ਇਨਕਲਾਬ ਉਨ੍ਹਾਂ ਦਾ ਟੀਚਾ ਬਣ ਜਾਂਦਾ ਹੈ।

ਉਨ੍ਹਾਂ ਦੀਆਂ ਮੰਗਾਂ ਦੀ ਮੁਢਲੀ ਲੜਾਈ ਨੂੰ ਵੀ ਧੁਰ ਇਨਕਲਾਬ ਤੱਕ ਚੱਲਣ ਵਾਲੀ ਲੜਾਈ ਨਾਲ ਜੋੜ ਕੇ ਦੇਖਣ ਦੀ ਸਮਰੱਥਾ ਬਹੁਤ ਹੈ, ਜ਼ਿਆਦਾ ਹੁੰਦੀ ਹੈ। ਇਨਕਲਾਬ ਨੂੰ ਪੂਰਾ ਕਰਨ ਦਾ ਲੰਬਾ ਕਾਰਜ ਉਨ੍ਹਾਂ ਨੂੰ ਫੌਰੀ ਲੋੜ ਲੱਗਣ ਲੱਗ ਜਾਂਦਾ ਹੈ। ਇਹ ਇਨਕਲਾਬੀ ਪ੍ਰਚੰਡ ਤਾਂਘ ਨੂੰ ਜਨਮ ਦਿੰਦਾ ਹੈ। ਸਾਰੀਆਂ ਮੌਕਾਪ੍ਰਸਤ ਸਿਆਸੀ ਧਿਰਾਂ ਪਿੰਡਾਂ ਦੇ ਚੌਧਰੀਆਂ ਰਾਹੀਂ ਆਪਣੀਆਂ ਜੜ੍ਹਾਂ ਪਿੰਡਾਂ ਵਿੱਚ ਲਾਉਂਦੀਆਂ ਹਨ। ਇਵਜ਼ਾਨੇ ਵਜੋਂ ਇਹ ਧਿਰਾਂ ਮੋੜਵੇਂ ਰੂਪ ਵਿੱਚ ਇਨ੍ਹਾਂ ਦੀ ਲੁੱਟ ਤੇ ਦਾਬੇ ਨੂੰ ਪੱਠੇ ਪਾਉਂਦੀਆਂ ਹਨ, ਪੱਕਾ ਕਰਦੀਆਂ ਹਨ। ਵੋਟ ਪਾਰਟੀਆਂ ਦੀਆਂ ਵੋਟਾਂ ਤੇ ਨੋਟਾਂ ਦੇ ਥੈਲੇ, ਇਹ ਚੌਧਰੀ, ਸਿੱਧਮ-ਸਿੱਧੇ ਮਜ਼ਦੂਰ ਔਰਤਾਂ ਦੀ ਅਣਖ-ਇੱਜਤ ਨੂੰ ਰੋਲਣ ਤੇ ਕਮਾਈ ਨੂੰ ਮਾਂਜ ਲਿਜਾਣ ਦੇ ਪੱਖ ਵਿੱਚ ਭੁਗਤਦੇ ਹਨ। ਮਜ਼ਦੂਰ ਔਰਤਾਂ ਨੂੰ ਜਥੇਬੰਦ ਕਰਨ ਦੇ ਮੁਢਲੇ ਯਤਨ ਹੀ, ਇਨ੍ਹਾਂ ਪਾਰਟੀਆਂ ਦਾ ਅਸਲਾ ਇਨ੍ਹਾਂ ਸਾਹਮਣੇ ਨੰਗਾ ਕਰਨ ਦਾ ਸਾਧਨ ਬਣ ਜਾਂਦੇ ਹਨ। ਇਉਂ ਇਨ੍ਹਾਂ ਵੱਲੋਂ ਲੁਟੇਰੀ ਤੇ ਭਰਮਾਊ ਸਿਆਸਤ ਦਾ ਪੱਲਾ ਛੱਡਕੇ ਇਨਕਲਾਬੀ ਸਿਆਸਤ ਦਾ ਲੜ ਫੜਨ ਦੀ ਬਿਰਤੀ ਬਹੁਤ ਤੇਜ਼ ਰਹਿੰਦੀ ਹੈ, ਆਪਣੀ ਖਰੀ ਪਾਰਟੀ ਦੀ ਪਛਾਣ ਕਰਨ ਦੀ ਲੋੜ ਤੇ ਸੋਝੀ ਤਿੱਖੀ ਹੁੰਦੀ ਹੈ।

ਦਰਮਿਆਨੇ ਤਬਕਿਆਂ ਦੀਆਂ ਘਰੇਲੂ ਔਰਤਾਂ ਉਪਰ ਘਰ ਦੀ ਦੇਹਲੀ ਟੱਪ ਕੇ ਸੰਘਰਸ਼ ਦੇ ਅਖਾੜਿਆਂ ਵਿੱਚ ਸ਼ਾਮਲ ਹੋਣ ਦੇ ਰਾਹ ਵਿੱਚ ਭਾਰੀ ਰੋਕਾਂ ਹਨ। ਪਰਿਵਾਰਕ ਤੇ ਸਮਾਜਕ ਪ੍ਰੰਪਰਾਵਾਂ ਦੇ ਬੰਧਨ ਤੇ ਸਵੈ ਭਰੋਸੇ ਦੀ ਘਾਟ ਉਨ੍ਹਾਂ ਦੇ ਪੈਰਾਂ ਦੀ ਬੇੜੀ ਬਣ ਖਲੋਂਦੇ ਹਨ। ਖੇਤ ਮਜ਼ਦੂਰ ਔਰਤਾਂ ਦਾ ਇਹ ਪੱਖ ਸਪਸ਼ਟ ਤੌਰ ‘ਤੇ ਵੱਖਰਾ ਹੈ। ਉਹ ਘਰ ਦੀ ਚਾਰ ਦਿਵਾਰੀ ਦੀਆਂ ਕੈਦੀ ਨਹੀਂ ਹਨ। ਉਹ ਪਰਿਵਾਰ ਦੇ ਮਰਦਾਂ ਦੇ ਬਰਾਬਰ ਨਿਭਦੀਆਂ ਹਨ। ਕੰਮ ਕਰਦੀਆਂ, ਕਮਾਉਂਦੀਆਂ ਹਨ। ਇੱਥੇ ਔਰਤਾਂ ਘਰ ਦੀ ਦੇਹਲੀ ਦੇ ਅੰਦਰ ਲੁਕੋਣ ਦੀ ਸਮਾਜਕ ਤੇ ਪਰਿਵਾਰਕ ਪਰੰਪਰਾ ਪਹਿਲਾਂ ਹੀ ਕਰੀਹ ਕੀਤੀ ਜਾ ਚੁੱਕੀ ਹੈ। ਇਥੇ ਔਰਤਾਂ ਪਹਿਲੋਂ ਹੀ ਅਥਾਹ ਮੁਸ਼ਕਲਾਂ ਨੂੰ ਸਰ ਕਰਕੇ, ਉੱਦਮੀ ਤੇ ਹਿੰਮਤੀ ਸੁਭਾਅ ਹਾਸਲ ਕਰ ਚੁੱਕੀਆਂ ਹਨ। ਆਪਣੇ ਪੈਰਾਂ ‘ਤੇ ਖਲੋਂਦੀਆਂ ਹਨ। ਇਸ ਲਈ ਉਹ ਕਿਸੇ ਵੀ ਸੰਘਰਸ਼ ਵਿੱਚ ਬਹੁਤ ਧੜੱਲੇ ਨਾਲ ਕੁੱਦਣ ਦਾ ਜੇਰਾ ਰੱਖਦੀਆਂ ਹਨ। ਸੰਘਰਸ਼ ਦੀਆਂ ਮੋਹਰਲੀਆਂ ਕਤਾਰਾਂ ਵਿੱਚ ਹੋ ਕੇ ਲੜਨ-ਖੜ੍ਹਨ ਦੀ ਸਮਰੱਥਾ ਰੱਖਦੀਆਂ ਹਨ।

ਸਿਦਕ ਤੇ ਸਬਰ ਨਾਲ, ਘਾਲਣਾ ਭਰਿਆ ਸੰਘਰਸ਼ ਕਰਨ ਦੀ ਜਾਚ ਉਨ੍ਹਾਂ ਨੇ ਨਿੱਤ-ਦਿਹਾੜੀ ਦੇ ਕੰਮਾਂ ਵਿੱਚੋਂ ਸਿੱਖ ਲਈ ਹੁੰਦੀ ਹੈ। ਨਾਕਾਮੀਆਂ ਤੇ ਹਾਰਾਂ ਦੇ ਬਾਵਜੂਦ, ਬੇ-ਮੇਚੀ ਟੱਕਰ ਵਿੱਚ ਵੀ, ਟਹਿਕਦੇ ਰਹਿਣ ਤੇ ਡਟੇ ਰਹਿਣ ਦੀ ਜਾਚ ਉਨ੍ਹਾਂ ਦੇ ਜਿਉਣ ਦੇ ਢੰਗ ਵਿੱਚ ਹੀ ਰਚੀ ਹੁੰਦੀ ਹੈ। ਇਨ੍ਹਾਂ ਉੱਤਮ ਇਨਕਲਾਬੀ ਗੁਣਾਂ ਦਾ ਪ੍ਰਗਟਾਵਾ ਜਮਾਤੀ ਸੰਘਰਸ਼ ਦੇ ਪਿੜਾਂ ਵਿੱਚ ਹੋਣਾ ਕੁਦਰਤੀ ਤੇ ਲਾਜ਼ਮੀ ਹੈ। ਇਉਂ ਕੁੱਲ ਮਿਲਾਕੇ, ਇਹ ਖੇਤ ਮਜ਼ਦੂਰ ਔਰਤਾਂ, ਔਰਤ ਮੁਕਤੀ ਲਹਿਰ ਦੀਆਂ ਆਗੂ ਟੁਕੜੀਆਂ ਵਜੋਂ ਨਿਭ ਸਕਣ ਦੀ ਸਮਰੱਥਾ ਸਾਂਭੀ ਬੈਠੀਆਂ ਹਨ। ਲੋੜ ਹੈ, ਉਡੀਕ ਹੈ, ਔਰਤ ਚੇਤਨਾ ਦੀ ਚਿਣਗ ਇਥੇ ਪਹੁੰਚਦੀ ਕਰਨ ਦੀ

ਪੰਜਾਬ ਜਿਹੜਾ ਕਦੇ ਰੰਗੀਂ ਵਸਦਾ ਸੀ… -ਅਮਰਜੀਤ ਟਾਂਡਾ
ਮਹਾਨ ਅਕਤੂਬਰ ਇਨਕਲਾਬ : ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿੱਤੀ -ਪਿ੍ਰਥੀਪਾਲ ਸਿੰਘ ਮਾੜੀਮੇਘਾ
ਜਦੋਂ ਇੱਕ ਬੁਰੀ ਧਾਰਣਾ ਅਸਲੀਅਤ ਨੂੰ ਟੱਕਰਦੀ ਹੈ -ਪ੍ਰਾਗਿਆ ਸਿੰਘ
ਹਿੰਦੂਤਵੀ ‘ਥਿੰਕ ਟੈਂਕ’ ਨੇ ਜੱਜਾਂ ਨੂੰ ਪੜ੍ਹਾਇਆ ਮੁਲਕ ਦੀ ‘ਸੁਰੱਖਿਆ ਨੂੰ ਖ਼ਤਰੇ’ ਦਾ ਪਾਠ -ਬੂਟਾ ਸਿੰਘ
ਵਿਸ਼ਵ ਦੀਆਂ ਪ੍ਰਮੁੱਖ ਸੱਭਿਅਤਾਵਾਂ ਇੱਕ ਫੇਰ ਆਹਮੋ ਸਾਹਮਣੇ – ਹਰਜਿੰਦਰ ਸਿੰਘ ਗੁਲਪੁਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪੈਟਰੋਲ ਦੀ ਕੀਮਤ ’ਚ ਵਾਧਾ ਲੋਕਾਂ ਦੀ ਜੇਬ ਉੱਤੇ ਸਰਕਾਰੀ ਡਾਕਾ

ckitadmin
ckitadmin
July 25, 2012
ਜਨਤਾ ਨੂੰ ਉਲਝਾਉਣਾ ਹੈ – ਹਰਦੀਪ ਬਿਰਦੀ
ਜ਼ਮਾਨਾ –ਆਲਮ
ਓਬਾਮਾ ਜਦ ਗਾਂਧੀ ਦਾ ਨਾਮ ਲੈਂਦੈ ਤਾਂ ਕੁਝ ਲੋਕ ਤੜਪ ਉਠਦੇ ਨੇ ! -ਸ਼ੌਂਕੀ ਇੰਗਲੈਂਡੀਆ
ਹਨੇਰਿਆਂ ਵਿਚ – ਹਰਜਿੰਦਰ ਸਿੰਘ ਗੁਲਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?