ਪਾਕਿਸਤਾਨ ਦੇ ਉਤਰ-ਪੱਛਮੀ ਸੂਬੇ ਖੈਬਰ-ਪਖਤੂਨਖਵਾ ਦੀ ਰਾਜਧਾਨੀ ਪਿਸ਼ਾਵਰ ਦੇ ਆਰਮੀ ਪਬਲਿਕ ਸਕੂਲ ਉਪਰ ਹਮਲਾ ਕਰਕੇ 132 ਬੱਚਿਆਂ ਤੇ ਇਕ ਦਰਜਨ ਦੇ ਕਰੀਬ ਸਕੂਲ ਮੁਲਾਜ਼ਮਾਂ ਸਮੇਤ 148 ਜਿੰਦਾਂ ਦਾ ਕਤਲੇਆਮ ਕਰਨ ਵਾਲੇ ਕੱਟੜਪੰਥੀ ਤਾਲਿਬਾਨਾਂ ਦੀ ਇਸ ਪੂਰੀ ਤਰ੍ਹਾਂ ਬੁਜ਼ਦਿਲਾਨਾ ਤੇ ਦਰਿੰਦਾ ਕਾਰਵਾਈ ਨੂੰ ਜਿੰਨੀ ਵੀ ਲਾਹਣਤ ਪਾਈ ਜਾਵੇ ਓਨੀ ਹੀ ਥੋੜ੍ਹੀ ਹੈ। ਯਕੀਨਨ ਹੀ ਇਹ ਪਾਕਿਸਤਾਨੀ ਤਾਲਿਬਾਨ (ਤਹਿਰੀਕ-ਏ-ਤਾਲਿਬਾਨ-ਏ-ਪਾਕਿਸਤਾਨ) ਦੀ ਹੁਣ ਤਕ ਦੀ ਸਭ ਤੋਂ ਘਿਣਾਉਣੀ ਕਾਰਵਾਈ ਹੈ। ਉਨ੍ਹਾਂ ਨੇ ਇਸ ਨੂੰ ਪਾਕਿਸਤਾਨੀ ਫ਼ੌਜ ਵਲੋਂ ਤਾਲਿਬਾਨ ਦੇ ਖ਼ਿਲਾਫ਼ ਚਲਾਈ ਜਾ ਰਹੀ ਸਫ਼ਾਇਆ ਮੁਹਿੰਮ ਦਾ ਬਦਲਾ ਲੈਣ ਦੀ ਕਾਰਵਾਈ ਦੱਸਕੇ ਜਾਇਜ਼ ਠਹਿਰਾਉਣ ਚਾਹਿਆ ਹੈ। ਤਾਲਿਬਾਨ ਦੇ ਬੁਲਾਰੇ ਮੁਹੰਮਦ ਉਮਰ ਖ਼ੋਰਾਸਾਨੀ ਅਨੁਸਾਰ, ‘‘ਅਸੀਂ ਫ਼ੌਜ ਦੇ ਸਕੂਲ ਨੂੰ ਹਮਲੇ ਲਈ ਇਸ ਕਰਕੇ ਚੁਣਿਆ ਕਿਉਕਿ ਹਕੂਮਤ ਸਾਡੇ ਟੱਬਰਾਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਨੂੰ ਵੀ ਦੁੱਖ ਦਾ ਅਹਿਸਾਸ ਹੋਵੇ।’’ ਇਹ ਕਤਲੇਆਮ ਐਨਾ ਭਿਆਨਕ ਸੀ ਕਿ ਅਫ਼ਗਾਨਿਸਤਾਨੀ ਤਾਲਿਬਾਨ ਨੂੰ ਵੀ ਇਸ ਦੀ ਨਿਖੇਧੀ ਕਰਨੀ ਪੈ ਗਈ।

ਹਾਲਾਂਕਿ ਮਜ਼੍ਹਬੀ ਕੱਟੜਵਾਦ ਹਰ ਤਰ੍ਹਾਂ ਦੀ ਤਰੱਕੀਪਸੰਦ ਵਿਚਾਰਾਂ ਨੂੰ ਆਪਣਾ ਦੁਸ਼ਮਣ ਮੰਨਦਾ ਹੈ ਪਰ ਤਾਲਿਬਾਨ ਦੇ ਵਹਿਸ਼ੀ ਹਮਲਿਆਂ ਦੀ ਨਿਖੇਧੀ ਕਰਦੇ ਵਕਤ ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਸਲਾਮਿਕ ਕੱਟੜ ਦਹਿਸ਼ਤਪਸੰਦਾਂ ਦਾ ਪ੍ਰਤੀਕਰਮ ਮਹਿਜ਼ ਆਪਣੀ ਮਜ਼੍ਹਬੀ ਸ਼ਰੀਅਤ ਦੀ ਧੌਂਸ ਜਮਾਉਣ ਦੀਆਂ ਬਦਹਵਾਸ ਕਾਰਵਾਈਆਂ ਦਾ ਸਿਲਸਿਲਾ ਨਹੀਂ ਹੈ। ਮੀਡੀਆ ਨੇ ਪਿਸ਼ਾਵਰ ਕਾਂਡ ਨੂੰ ਨਿਰਾ ਪਾਕਿਸਤਾਨੀ ਬੱਚਿਆਂ ਦੇ ਪੜ੍ਹਾਈ ਦੇ ਹੱਕ ਉਪਰ ਹਮਲਾ ਬਣਾਕੇ ਪੇਸ਼ ਕੀਤਾ ਹੈ। ਦਰ ਅਸਲ ਇਸ ਨਾਲ ਉਸ ਧਾੜਵੀ, ਨਹੱਕੀ ਜੰਗ ਦੇ ਖ਼ਿਲਾਫ਼ ਮੁਸਲਿਮ ਜਗਤ ਦਾ ਗੁਸੈਲ ਪ੍ਰਤੀਕਰਮ ਜੁੜਿਆ ਹੋਇਆ ਹੈ ਜੋ ਜੰਗ ਅਮਰੀਕੀ ਸਾਮਰਾਜਵਾਦੀ ਦਹਿਸ਼ਤਗਰਦ ਤੇ ਹੋਰ ਪੱਛਮੀ ਤਾਕਤਾਂ ਨੇ ਦਹਿਸ਼ਤਵਾਦ ਖ਼ਿਲਾਫ਼ ਜੰਗ ਦੇ ਬਹਾਨੇ ਮੁਸਲਿਮ ਮੁਲਕਾਂ ਉਪਰ ਥੋਪੀ ਹੋਈ ਹੈ। ਸਿੱਟੇ ਵਜੋਂ 2001 ਤੋਂ ਲੈ ਕੇ ਅਫ਼ਗਾਨਿਸਤਾਨ ਵਿਚ 50000, ਪਾਕਿਸਤਾਨ ਵਿਚ 50000, ਇਰਾਕ ਵਿਚ 2003 ਤੋਂ ਲੈ ਕੇ ਹੁਣ ਤਕ 130000 ਅਤੇ ਸੀਰੀਆ ਵਿਚ 2011 ਤੋਂ ਲੈ ਕੇ 191369 ਨਾਗਰਿਕ ਮਾਰੇ ਜਾ ਚੁੱਕੇ ਹਨ। ਇਹ ਗੱਲ ਵੱਖਰੀ ਹੈ ਕਿ ਇਸ ਨਹੱਕੀ ਜੰਗ ਨੂੰ ਕੱਟੜ ਮਜ਼੍ਹਬੀ ਨਜ਼ਰੀਏ ਤੋਂ ਲੈ ਰਹੇ ਹੋਣ ਕਾਰਨ ਤਾਲਿਬਾਨ ਵਰਗੀਆਂ ਤਾਕਤਾਂ ਦਾ ਨਿਸ਼ਾਨਾ ਇਨ੍ਹਾਂ ਮੁਲਕਾਂ ਦੇ ਨਿਜ਼ਾਮ ਸ਼ਾਇਦ ਹੀ ਅਤੇ ਬੇਕਸੂਰ ਲੋਕ ਅਕਸਰ ਹੀ ਬਣਦੇ ਹਨ।
ਇਸ ਸਾਲ ਜੂਨ ਮਹੀਨੇ ਪਾਕਿਸਤਾਨੀ ਫ਼ੌਜ ਨੇ ਉਤਰੀ ਵਜ਼ੀਰਸਤਾਨ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਨੂੰ ਹਵਾਈ ਬੰਬਾਰੀ ਅਤੇ ਤੋਪਾਂ ਦਾ ਨਿਸ਼ਾਨਾ ਬਣਾਕੇ ਫਰਮਾਨ ਜਾਰੀ ਕਰ ਦਿੱਤਾ ਸੀ ਕਿ ਜਿਹੜੇ ਲੋਕ ਇਹ ਇਲਾਕਾ ਖਾਲੀ ਕਰਕੇ ਨਹੀਂ ਜਾਣਗੇ ਉਨ੍ਹਾਂ ਨੂੰ ਦਹਿਸ਼ਤਗਰਦ ਮੰਨਿਆ ਜਾਵੇਗਾ। ਨਤੀਜਨ, ਉਜੜੇ ਤੇ ਬਰਬਾਦ ਹੋਏ ਕਬਾਇਲੀਆਂ ਦੀ ਤਾਦਾਦ ਦਸ ਲੱਖ ਦੇ ਕਰੀਬ ਹੈ। 7 ਲੱਖ ਦੇ ਕਰੀਬ ਤਾਂ ਸ਼ਰਨਾਰਥੀ ਕੈਂਪਾਂ ’ਚ ਜਾਂ ਹੋਰ ਬਹੁਤ ਸਾਰਿਆਂ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਨਾਲ ਲੱਗਦੇ ਇਲਾਕਿਆਂ ਵਿਚ ਪਨਾਹ ਲਈ ਬੈਠੇ ਹਨ। 2001 ਤੋਂ ਲੈ ਕੇ ਇਥੇ 405 ਡਰੋਨ ਹਮਲਿਆਂ ਅਤੇ ਬੇਸ਼ੁਮਾਰ ਫ਼ੌਜੀ ਕਾਰਵਾਈਆਂ ’ਚ ਹਜ਼ਾਰਾਂ ਆਮ ਨਾਗਰਿਕ ਮਾਰੇ ਜਾ ਚੁੱਕੇ ਹਨ। ਬਿਊਰੋ ਆਫ਼ ਇਨਵੈਸਟੀਗੇਟਿਵ ਜਰਨਲਿਜ਼ਮ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਵਿਚ ਅਗਸਤ 2011 ਤਕ 7 ਸਾਲਾਂ ਅੰਦਰ ਸੀ.ਆਈ.ਏ. ਦੇ ਡਰੋਨ ਹਮਲਿਆਂ ਵਿਚ 160 ਬੱਚੇ ਜਦਕਿ ਇਨ੍ਹਾਂ ਪੰਜ ਸਾਲਾਂ ਵਿਚ 2400 ਤੋਂ ਲੈ ਕੇ 3888 ਆਮ ਨਾਗਰਿਕਾਂ ਸਮੇਤ 200 ਦੇ ਕਰੀਬ ਬੱਚੇ ਮਾਰੇ ਜਾ ਚੁੱਕੇ ਸਨ। 30 ਅਕਤੂਬਰ 2006 ਨੂੰ ਪਾਕਿਸਤਾਨ ਦੇ ਬਜ਼ੌਰ ਖੇਤਰ ਦੇ ਇਕ ਮਦਰੱਸੇ ਉਪਰ ਡਰੋਨ ਹਮਲੇ ਵਿਚ 82 ਵਿਦਿਆਰਥੀਆਂ ਦਾ ਕਤਲੇਆਮ ਅਤੇ ਗਾਜ਼ਾ ਵਿਚ 2014 ਵਿਚ 344 ਫ਼ਲਸਤੀਨੀ ਬੱਚਿਆਂ ਦਾ ਕਤਲੇਆਮ ਮੀਡੀਆ ਨੂੰ ਦਹਿਸ਼ਤਗਰਦੀ ਕਿਉ ਨਜ਼ਰ ਨਹੀਂ ਆਏ? ਅਮਰੀਕੀ ਡਰੋਨ ਹਮਲੇ ਇਥੇ ਬੱਚਿਆਂ ਤੇ ਔਰਤਾਂ ਸਮੇਤ ਆਮ ਲੋਕਾਂ ਉਪਰ ਜੋ ਮੌਤ ਵਰਸਾ ਰਹੇ ਹਨ ਇਹ ਜਾਨੀ ਤੇ ਮਾਲੀ ਤਬਾਹੀ ਮੀਡੀਆ ਲਈ ਦਹਿਸ਼ਤਗਰਦੀ ਨਹੀਂ ਹੈ। ਕਾਰਪੋਰੇਟ ਸਰਮਾਏਦਾਰੀ ਦੇ ਕੰਟਰੋਲ ਵਾਲੇ ਮੀਡੀਆ ਨੇ ਖ਼ਾਸ ਘਟਨਾਵਾਂ ਦੀ ਸਨਸਨੀਖੇਜ਼ ਤਸਵੀਰ ਰਾਹੀਂ ਦੁਨੀਆ ਦਾ ਸਮਾਜੀ ਵਰਤਾਰਿਆਂ ਨੂੰ ਦੇਖਣ ਦਾ ਨਜ਼ਰੀਆ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ ਕਿ ਕਿਸੇ ਦਹਿਸ਼ਤਪਸੰਦ ਗਰੁੱਪ ਦੀ ਕੋਈ ਵੱਡੀ ਖ਼ੂਨੀ ਵਾਰਦਾਤ ਤਾਂ ਮਨੁੱਖਤਾ ਦੇ ਖ਼ਿਲਾਫ਼ ਬਹੁਤ ਘਿਣਾਉਣਾ ਜੁਰਮ ਨਜ਼ਰ ਆਉਦੀ ਹੈ ਅਤੇ ਆਉਣੀ ਵੀ ਚਾਹੀਦੀ ਹੈ, ਪਰ ਅਮਰੀਕਾ, ਯੂਰਪ ਅਤੇ ਇਸ ਦੇ ਇਸਰਾਇਲ, ਪਾਕਿਸਤਾਨ, ਅਫ਼ਗਾਨਿਸਤਾਨ ਤੇ ਹਿੰਦੁਸਤਾਨ ਵਰਗੇ ਪਿੱਠੂ ਨਿਜ਼ਾਮਾਂ ਵਲੋਂ ਲਗਾਤਾਰ ਚਲਾਈ ਜਾ ਰਹੀ ਘੱਟ ਤੀਬਰਤਾ ਵਾਲੀ ਦਹਿਸ਼ਤਗਰਦੀ ਨੂੰ ਉਸੇ ਤਰ੍ਹਾਂ ਦੇ ਘਿਣਾਉਣੇ ਜੁਰਮ ਅਤੇ ਇਨਸਾਨੀਅਤ ਦੇ ਘਾਣ ਵਜੋਂ ਨਹੀਂ ਲਿਆ ਜਾਂਦਾ।
ਇਹ ਸੱਚ ਹੈ ਕਿ ਦਹਿਸ਼ਤਪਸੰਦ ਲਹਿਰਾਂ ਅਕਸਰ ਹੀ ਸਟੇਟ ਨਾਲ ਸਿੱਧੀ ਟੱਕਰ ਲੈਣ ਦੀ ਥਾਂ ਆਮ ਨਿਹੱਥੇ ਨਾਗਰਿਕਾਂ ਨੂੰ ਕਤਲ ਕਰਕੇ ‘ਬਦਲਾ’ ਲੈਣ ਦਾ ਸੁਖਾਲਾ ਅਤੇ ਪੂਰੀ ਤਰ੍ਹਾਂ ਨਹੱਕ ਢੰਗ ਅਖ਼ਤਿਆਰ ਕਰਦੀਆਂ ਹਨ। ਬੇਸ਼ੱਕ ਸ਼ਰੀਅਤ ਅਧਾਰਤ ਮਜ਼੍ਹਬੀ ਰਾਜ ਬਣਾਉਣ ਲਈ ਲੜ ਰਹੀਆਂ ਕੱਟੜ ਇਸਲਾਮਿਕ ਜਥੇਬੰਦੀਆਂ ਮਨੁੱਖੀ ਤਹਿਜ਼ੀਬ ਨੂੰ ਜਹਾਲਤ ਵੱਲ ਵਾਪਸ ਮੋੜਨ ਉਪਰ ਤੁਲੀਆਂ ਹੋਣ ਕਾਰਨ ਮਨੁੱਖਤਾ ਲਈ ਗੰਭੀਰ ਖ਼ਤਰਾ ਹਨ। ਇਨ੍ਹਾਂ ਦੀਆਂ ਘਿਣਾਉਣੀਆਂ ਦਹਿਸ਼ਤਪਸੰਦ ਕਾਰਵਾਈਆਂ ਅਮਰੀਕਣ ਸਾਮਰਾਜਵਾਦ ਅਤੇ ਵੱਖੋ-ਵੱਖਰੇ ਮੁਲਕਾਂ ਦੇ ਹੋਰ ਪਿਛਾਖੜੀ ਰਾਜਾਂ ਨੂੰ ਆਪਣੀ ਰਾਜ-ਮਸ਼ੀਨਰੀ ਦੇ ਦੰਦੇ ਹੋਰ ਤਿੱਖੇ ਕਰਕੇ ਅਵਾਮ ਦੀ ਹੱਕ-ਜਤਾਈ ਨੂੰ ਕੁਚਲਣ ਦਾ ਢੁੱਕਵਾਂ ਬਹਾਨਾ ਮੁਹੱਈਆ ਕਰਦੀਆਂ ਹਨ ਅਤੇ ਅਮਰੀਕਾ ਦੀ ਅਗਵਾਈ ਵਾਲੀ ਅਖਾਉਤੀ ‘‘ਦਹਿਸ਼ਤਵਾਦ ਖ਼ਿਲਾਫ਼ ਜੰਗ’’ ਨੂੰ ਜਾਇਜ਼ ਠਹਿਰਾਉਣ ’ਚ ਸਹਾਇਤਾ ਕਰਦੀਆਂ ਹਨ। ਪਰ ਸਵਾਲ ਮਹਿਜ਼ ਤਾਲਿਬਾਨ ਜਾਂ ਇਸਲਾਮਿਕ ਸਟੇਟ ਵਰਗੀਆਂ ਦਹਿਸ਼ਤਪਸੰਦ ਜਥੇਬੰਦੀਆਂ ਦੀਆਂ ਅਣਮਨੁੱਖੀ ਕਾਰਵਾਈਆਂ ਦੀ ਨਿਖੇਧੀ ਕਰਨ ਦਾ ਨਹੀਂ ਹੈ। ਸਗੋਂ ਇਹ ਸਮਝਣਾ ਜ਼ਰੂਰੀ ਹੈ ਕਿ ਇਕ ਪਾਸੇ ਸਾਮਰਾਜਵਾਦ, ਖ਼ਾਸ ਕਰਕੇ ਅਮਰੀਕੀ ਸਾਮਰਾਜਵਾਦ ਅਤੇ ਦੂਜੇ ਪਾਸੇ ਤਾਲਿਬਾਨ ਜਾਂ ਇਸਲਾਮਿਕ ਰਾਜ ਵਰਗੀਆਂ ਇਹ ਪਿਛਾਂਹਖਿੱਚੂ ਤਾਕਤਾਂ ਕਿਵੇਂ ਇਕ ਦੂਜੇ ਦੀਆਂ ਪੂਰਕ ਹਨ।
ਤਾਲਿਬਾਨ ਅਤੇ ਇਸਲਾਮਿਕ ਸਟੇਟ ਦੇ ਕਾਰਿਆਂ ਦੀ ਨਿਖੇਧੀ ਤਾਂ ਦੁਨੀਆ ਦਾ ਸਭ ਤੋਂ ਵੱਡਾ ਦਹਿਸ਼ਤਗਰਦ ਰਾਜ ਅਮਰੀਕਾ, ਇਸਰਾਇਲ ਅਤੇ ਹਿੰਦੁਸਤਾਨ ਵਰਗੇ ਇਸ ਦੇ ਜੀ-ਹਜ਼ੂਰੀਏ ਦਹਿਸ਼ਤਗਰਦ ਰਾਜ ਵੀ ਸਭ ਤੋਂ ਅੱਗੇ ਹੋ ਕੇ ਕਰ ਰਹੇ ਹਨ। ਜਿਨ੍ਹਾਂ ਦੇ ਆਪਣੇ ਹੱਥ ਬੇਸ਼ੁਮਾਰ ਨਿਹੱਥੇ ਅਤੇ ਬੇਕਸੂਰ ਲੋਕਾਂ ਦੇ ਖ਼ੂਨ ਨਾਲ ਲੱਥਪੱਥ ਹਨ। ਅਮਰੀਕਾ ਵਲੋਂ ਅਫ਼ਗਾਨਿਸਤਾਨ, ਇਰਾਕ, ਲਿਬੀਆ ਅਤੇ ਸੀਰੀਆ ਦੀ ਆਮ ਵਸੋਂ ਉਪਰ ਅੰਨ੍ਹੇਵਾਹ ਬੰਬਾਰੀ ਅਤੇ ਆਰਥਕ ਪਾਬੰਦੀਆਂ ਲਾ ਕੇ ਲੱਖਾਂ ਇਰਾਕੀ ਬੱਚਿਆਂ ਨੂੰ ਮੌਤ ਦੇ ਮੂੰਹ ਧੱਕ ਦੇਣ ਦੀ ਅਮਰੀਕੀ ਦਹਿਸ਼ਤਗਰਦੀ ਅੱਗੇ ਤਾਲਿਬਾਨ ਦਾ ਹਾਲੀਆ ਹਮਲਾ ਬਹੁਤ ਬੌਣਾ ਹੈ। ਫ਼ਲਸਤੀਨੀ ਵਸੋਂ, ਹਸਪਤਾਲਾਂ, ਸਕੂਲਾਂ, ਮਸਜਿਦਾਂ ਵਰਗੀਆਂ ਜਨਤਕ ਥਾਂਵਾਂ ਉਪਰ ਇਸਰਾਇਲੀ ਦਹਿਸ਼ਤਗਰਦ ਰਾਜ ਦੇ ਲਗਾਤਾਰ ਮੌਤ ਦਾ ਛੱਟਾ ਦੇਣ ਵਾਲੇ ਬੰਬ ਹਮਲਿਆਂ ਨੂੰ ਅਮਰੀਕਾ ਦੀ ਇਖ਼ਲਾਕੀ ਤੇ ਰਾਜਕੀ ਹਮਾਇਤ ਅਤੇ ਤਕਨੀਕੀ ਮਦਦ ਅਤੇ ਪਿਛਾਖੜੀ ਦਹਿਸ਼ਤਗਰਦ ਗਰੋਹਾਂ ਨਾਲ ਇਸ ਦੇ ਘਿਣਾਉਣੇ ਗੱਠਜੋੜ ਪੁਖ਼ਤਾ ਸਬੂਤ ਹੈ. ਕਿਵੇਂ ਅਮਰੀਕਾ ਆਪਣੇ ਧਾੜਵੀ ਮਨੋਰਥ ਲਈ ਅਜਿਹੀਆਂ ਪਿਛਾਂਹਖਿੱਚੂ ਤਾਕਤਾਂ ਨੂੰ ਦਹਿਸ਼ਤਗਰਦ ਗਰੋਹਾਂ ਵਜੋਂ ਪਾਲਦਾ-ਪੋਸਦਾ ਹੈ ਅਤੇ ਫਿਰ ਖ਼ੁਦ ਹੀ ਇਨ੍ਹਾਂ ਉਪਰ ‘ਦਹਿਸ਼ਤਵਾਦ ਖ਼ਿਲਾਫ਼ ਜੰਗ’ ਵਿੱਢਕੇ ਆਲਮੀ ਅਮਨ ਦਾ ਠੇਕੇਦਾਰ ਬਣ ਜਾਂਦਾ ਹੈ ਇਸ ਦੀ ਉਘੜਵੀਂ ਮਿਸਾਲ ਅਲਕਾਇਦਾ ਅਤੇ ਇਸਲਾਮਿਕ ਸਟੇਟ ਹੈ। ਅਮਰੀਕੀ ਸਾਮਰਾਜਵਾਦੀਏ ਆਪਣੇ ਯੁੱਧਨੀਤਕ ਤੇ ਲੋਟੂ ਮਨੋਰਥਾਂ ਅਨੁਸਾਰ ਕਿਸੇ ਮੁਲਕ ਨੂੰ ਕਮਜ਼ੋਰ ਕਰਨ ਲਈ ਉਥੇ ਕੱਟੜਪੰਥੀ ਗਰੁੱਪਾਂ ਨੂੰ ਖੜ੍ਹੇ ਕਰਕੇ, ਫਿਰਕੂ ਝਗੜੇ ਤੇ ਹਿੰਸਾ ਫੈਲਾਕੇ ਉਥੇ ਅਮੁੱਕ ਖ਼ਾਨਾਜੰਗੀ ਸ਼ੁਰੂ ਕਰਵਾਉਦੇ ਹਨ। ਇਹ ਗਰੁੱਪ ਅਮਰੀਕੀ ਪੁਸ਼ਤ-ਪਨਾਹੀ ਨੂੰ ਆਪਣੇ ਸਮਾਜਾਂ ਦੇ ਅਗਾਂਹਵਧੂ ਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਢਾਹ ਲਾਉਣ, ਆਪਣੀ ਮਜ਼੍ਹਬੀ-ਸਭਿਆਚਾਰਕ ਧੌਂਸ ਥੋਪਣ ਅਤੇ ਖ਼ੌਫ਼, ਨਫ਼ਰਤ ਤੇ ਫਿਰਕੂ ਪਾਟਕ ਦੀ ਸਿਆਸਤ ਫੈਲਾਉਣ ਲਈ ਰੱਜਕੇ ਇਸਤੇਮਾਲ ਕਰਦੇ ਹਨ।
1980ਵਿਆਂ ’ਚ ਪਾਕਿਸਤਾਨੀ ਖੁਫ਼ੀਆ ਏਜੰਸੀਆਂ ਅਤੇ ਸਾਊਦੀ ਸਲਤਨਤ ਨਾਲ ਮਿਲਕੇ ਅਫ਼ਗਾਨਿਸਤਾਨ ਦੇ ਸੋਵੀਅਤ ਯੂਨੀਅਨ ਪੱਖੀ ਨਿਜ਼ਾਮ ਦਾ ਤਖ਼ਤਾ ਪਲਟਣ ਅਤੇ ਆਪਣੀ ਪਿੱਠੂ ਹਕੂਮਤ ਕਾਇਮ ਕਰਨ ਦੇ ਯੁੱਧਨੀਤਕ ਮਨੋਰਥ ਨਾਲ ਤਬਾਹੀ ਤੇ ਬਰਬਾਦੀ ਦੇ ਮੂੰਹ ਧੱਕਣ ਵਾਲਾ ਖ਼ੁਦ ਅਮਰੀਕਾ ਸੀ। ਇਸ ਨੇ ਸਾੳੂਦੀ ਮਦਦ ਨਾਲ ਮਿਲਕੇ ਪਹਿਲਾਂ ਡਾਲਰ, ਹਥਿਆਰ ਅਤੇ ਯੁੱਧ-ਸਿਖਲਾਈ ਦੇ ਕੇ ਅਫ਼ਗਾਨ ਮੁਜ਼ਾਹਿਦੀਨ ਨਾਂ ਦਾ ਕੱਟੜ ਤਾਕਤਵਰ ਹਥਿਆਰਬੰਦ ਧੜਾ ਤਿਆਰ ਕੀਤਾ ਅਤੇ ਇਸ ਜ਼ਰੀਏ ਅਫ਼ਗਾਨਿਸਤਾਨ ਨੂੰ ਕਦੇ ਨਾ ਮੁੱਕਣ ਵਾਲੀ ਖ਼ਾਨਾਜੰਗੀ ਵਿਚ ਝੋਕਿਆ। ਓਧਰ ਆਪਣੀ ਦਲਾਲ ਜ਼ੀਆ-ਉਲ-ਹੱਕ ਹਕੂਮਤ ਰਾਹੀਂ ਪਾਕਿਸਤਾਨ ਦਾ ਵਿਆਪਕ ਇਸਲਾਮੀਕਰਨ ਕਰਵਾਇਆ। ਇਹ ਜ਼ੀਆ ਹਕੂਮਤ ਹੀ ਸੀ ਜਿਸ ਨੇ ਅਮਰੀਕੀ ਹਦਾਇਤਾਂ ’ਤੇ ਆਪਣੀ ਸਰਜ਼ਮੀਨ ਉਪਰ 80000 ਅਫ਼ਗਾਨਾਂ ਨੂੰ ਮੁਹਾਜਿਦੀਨ ਵਜੋਂ ਸਿਖਲਾਈ ਦਿੱਤੀ। ਇਨ੍ਹਾਂ ਮੁਹਾਜਿਦੀਨ ਗੁੱਟਾਂ ਦੇ ਆਪਸੀ ਚੌਧਰ-ਭੇੜ ਅਤੇ ਖਹਿਬਾਜ਼ੀ ਦੇ ਅਮਲ ਅੰਦਰ ਹੀ ਮੌਜੂਦਾ ਤਾਲਿਬਾਨ ਦਾ ਜਨਮ ਹੋਇਆ। ਤਾਲਿਬਾਨ ਖ਼ਾਨਾਜੰਗੀ ਦੀ ਹਾਲਤ ਦਾ ਲਾਹਾ ਲੈ ਕੇ ਸੱਤਾ ਉਪਰ ਕਾਬਜ਼ ਹੋ ਗਏ ਅਤੇ 1996 ਤੋਂ 2001 ਤਕ ਅਫ਼ਗਾਨਿਸਤਾਨ ਦੇ ਵੱਡੇ ਹਿੱਸੇ ਉਪਰ ਇਸ ਨੇ ਆਪਣਾ ਕੱਟੜ ਮਜ਼੍ਹਬੀ ਰਾਜ ਚਲਾਇਆ। ਫਿਰ ਜਦੋਂ 2001 ਦੇ ਅਖ਼ੀਰ ’ਚ ਅਮਰੀਕਾ ਨੇ ਤੇਲ ਖੇਤਰਾਂ ਉਪਰ ਕਬਜ਼ੇ ਅਤੇ ਆਪਣੀ ਆਲਮੀ ਧੌਂਸ ਥੋਪਣ ਲਈ ‘‘ਦਹਿਸ਼ਤਵਾਦ ਖ਼ਿਲਾਫ਼ ਜੰਗ’’ ਦਾ ਨਵਾਂ ਪੈਂਤੜਾ ਲੈ ਕੇ ਅਫ਼ਗਾਨਿਸਤਾਨ ਉਪਰ ਵੱਡੇ ਹਮਲੇ ਰਾਹੀਂ ਤਾਲਿਬਾਨ ਨੂੰ ਸੱਤਾ ਤੋਂ ਦਬੱਲ ਦਿੱਤਾ ਅਤੇੇ ਇਥੇ ਆਪਣੀ ਪਿੱਠੂ ਕਰਜ਼ਾਈ ਹਕੂਮਤ ਬਣਾ ਦਿੱਤੀ ਤਾਂ ਅਲਕਾਇਦਾ ਤੇ ਤਾਲਿਬਾਨ ਧੜਿਆਂ ਨੇ ਵੀ ਆਪਣੇ ਹਥਿਆਰਾਂ ਦੇ ਮੂੰਹ ਅਮਰੀਕੀ ਤੇ ਇਸ ਦੀਆਂ ਇਤਿਹਾਦੀ ਰਿਆਸਤਾਂ ਵੱਲ ਮੋੜ ਲਏ। ਓਦੋਂ ਤੋਂ ਅਮਰੀਕਾ ਅਤੇ ਇਸ ਦੇ ਪਿੱਠੂ ਪਾਕਿਸਤਾਨੀ ਹੁਕਮਰਾਨ ਤਾਲਿਬਾਨ ਤੋਂ ਖਹਿੜਾ ਛੁਡਾਉਣ ਦੀ ਲੜਾਈ ਲੜ ਰਹੇ ਹਨ। ਅਮਰੀਕਾ ਨੇ ਅਫ਼ਗਾਨਿਸਤਾਨ ਉਪਰ ਆਪਣਾ ਕਬਜ਼ਾ ਬਰਕਰਾਰ ਰੱਖਣ ਲਈ ਗੁਆਂਢੀ ਪਾਕਿਸਤਾਨ ਦੇ ਉਤਰ-ਪੱਛਮੀ ਹਿੱਸੇ ਨੂੰ ਆਪਣੇ ਬੇਰਹਿਮ ਹਮਲਿਆਂ ਦੀ ਮਾਰ ਹੇਠ ਲਿਆਂਦਾ ਹੋਇਆ ਹੈ। ਜਿਥੇ ਤਾਲਿਬਾਨ ਪੱਖੀ ਜਹਾਦੀ ਗੁੱਟਾਂ ਨੇ ਮਜ਼੍ਹਬ ਦੇ ਅਧਾਰ ’ਤੇ ਤਕੜਾ ਅਧਾਰ ਬਣਾ ਰੱਖਿਆ ਹੈ।
ਅਮਰੀਕੀ ਨਿਜ਼ਾਮ ਆਪਣੇ ਮਨੋਰਥ ਨੂੰ ਅੰਜ਼ਾਮ ਦੇ ਕੇ ਹੁਣ ਇਸ ਸਾਲ ਅਫ਼ਗਾਨਿਸਤਾਨ ਵਿੱਚੋਂ ਆਪਣੀ ਫ਼ੌਜ ਵਾਪਸ ਬੁਲਾਉਣ ਦੀ ਯੋਜਨਾ ਬਣਾ ਚੁੱਕਾ ਹੈ। ਇਸ ਭਵਿੱਖ-ਨਕਸ਼ੇ ਨੂੰ ਮੁੱਖ ਰੱਖਦੇ ਹੋਏ ਉਸ ਦੀ ਟੇਕ ਹੁਣ ਪਾਕਿਸਤਾਨੀ ਫ਼ੌਜ ਉਪਰ ਵਧਦੀ ਜਾਂਦੀ ਹੈ। ਅਫ਼ਗਾਨਿਸਤਾਨ ਵਿਚਲੇ ਤਾਲਿਬਾਨ ਨੂੰ ਦਬਾਉਣ ਲਈ ਜ਼ਰੂਰੀ ਹੈ ਕਿ ਇਸ ਦੀ ਸਰਹੱਦ ਨਾਲ ਲੱਗਦੇ ਉਤਰ-ਪੱਛਮੀ ਕਬਾਇਲੀ ਖੇਤਰ ਵਿੱਚੋਂ ਪਾਕਿਸਤਾਨੀ ਤਾਲਿਬਾਨ ਦਾ ਦਬਦਬਾ ਖ਼ਤਮ ਕੀਤਾ ਜਾਵੇ ਅਤੇ ਇਸਲਾਮਿਕ ਜਹਾਦੀਆਂ ਨੂੰ ਆਪਣੀ ਹਾਲੀਆ ਨੀਤੀ ਅਨੁਸਾਰ ਕਿਸੇ ਹੋਰ ਅਮਰੀਕੀ ਮੋਹਰੇ ਦੀ ਛੱਤਰੀ ਹੇਠ ਇਕੱਠੇ ਕਰ ਲਿਆ ਜਾਵੇ। ਇਸ ਮਨੋਰਥ ਨਾਲ ਤਾਹਿਰ-ਉਲ-ਕਾਦਰੀ ਨੂੰ ਸ਼ਿੰਗਾਰਿਆ ਜਾ ਰਿਹਾ ਹੈ। ਇਸੇ ਅਮਰੀਕੀ ਰਣਨੀਤੀ ਤਹਿਤ ਪਾਕਿਸਤਾਨੀ ਫ਼ੌਜ ਪਾਕਿਸਤਾਨੀ ਤਾਲਿਬਾਨ ਨੂੰ ਖਦੇੜਨ ’ਚ ਲੱਗੀ ਹੋਈ ਹੈ। ਇਹ ਹਾਲਾਤ ਹਨ ਜਿਸ ਵਿਚ ਫ਼ੌਜ ਦੇ ਹਮਲਿਆਂ ਦੀ ਮਾਰ ਹੇਠ ਕਮਜ਼ੋਰ ਪੈ ਰਹੇ ਤਾਲਿਬਾਨ ਦੇ ਦਹਿਸ਼ਤਪਸੰਦ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਪਾਕਿਸਤਾਨ ਅੰਦਰ ਫ਼ੌਜ ਦਾ ਦਬਦਬਾ ਹੋਰ ਵਧੇਗਾ ਅਤੇ ਚੁਣੀ ਹੋਈ ਨਵਾਜ਼ ਸ਼ਰੀਫ਼ ਹਕੂਮਤ ਦੀ ਰਾਜਸੀ ਭੂਮਿਕਾ ਹੋਰ ਸੁੰਗੜ ਜਾਵੇਗੀ। ਲਿਹਾਜ਼ਾ ਭਾਰੀ ਹਮਲੇ ਦੇ ਦਬਾਅ ਹੇਠ ਆਏ ਤਾਲਿਬਾਨਾਂ ਵਲੋਂ ਇਸ ਤਰ੍ਹਾਂ ਦੇ ਕਾਂਡ ਰਚਣ ਦੀ ਸੰਭਾਵਨਾ ਵੀ ਵਧਦੀ ਜਾਵੇਗੀ।
ਇਸ ਦਹਿਸ਼ਤਗਰਦੀ ਦੇ ਬੋਲਬਾਲੇ ਅੰਦਰ ਪਾਕਿਸਤਾਨ ਦੇ ਅਵਾਮ ਵਲੋਂ ਤਾਲਿਬਾਨ ਦੀ ਵਹਿਸ਼ਤ ਦਾ ਸ਼ਰੇਆਮ ਵਿਰੋਧ ਇਕ ਹਾਂਪੱਖੀ ਅਤੇ ਸਵਾਗਤਯੋਗ ਰੁਝਾਨ ਹੈ। ਜਿਸ ਤੋਂ ਆਸ ਬੱਝਦੀ ਹੈ ਕਿ ਭਵਿੱਖ ਵਿਚ ਤਾਲਿਬਾਨ ਅਤੇ ਪਾਕਿਸਤਾਨੀ ਰਾਜ ਵਲੋਂ ਮਚਾਈ ਹਨੇਰਗਰਦੀ ਨੂੰ ਤਿੱਖੇ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ।


