26 ਅਪੈ੍ਰਲ ਨੂੰ ਬਰਨਾਲਾ ਜ਼ਿਲ੍ਹੇ ਦੇ ਗ਼ਰੀਬ ਕਿਸਾਨ ਬਲਜੀਤ ਸਿੰਘ ਅਤੇ ਉਸਦੀ ਮਾਤਾ ਵਲੋਂ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿਚ ਕੀਟਨਾਸ਼ਕ ਦਵਾਈ ਪੀਕੇ ਖ਼ੁਦਕੁਸ਼ੀ ਕਰ ਲੈਣ ਦੀ ਘਟਨਾ ਬਹੁਤ ਝੰਜੋੜਨ ਵਾਲੀ ਹੈ। ਇਹ ਭਿਆਨਕ ਦੁਖਾਂਤ ਓਦੋਂ ਵਾਪਰਿਆ ਜਦੋਂ ਸਿਆਸੀ ਰਸੂਖ਼ ਵਾਲੇ ਆੜਤੀਏ ਨੇ ਪੁਲਿਸ ਦੀ ਭਾਰੀ ਤਾਕਤ ਨਾਲ ਕਿਸਾਨ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹਿਆ।
ਬਰਨਾਲਾ ਨੇੜਲੇ ਪਿੰਡ ਜੋਧਪੁਰ ਦੇ ਕਿਸਾਨ ਦਰਸ਼ਨ ਸਿੰਘ ਦੀ ਆੜ੍ਹਤ ਸਾਬਕਾ ਠਾਣੇਦਾਰ ਤੇਜਾ ਸਿੰਘ ਨਾਲ ਚੱਲਦੀ ਸੀ ਤੇ ਕਿਸਾਨ ਨੇ ਆੜ੍ਹਤੀਏ ਦੇ 1 ਲੱਖ 80 ਹਜ਼ਾਰ ਰੁਪਏ ਦੇਣੇ ਸਨ ਜਿਸਦੇ ਇਵਜ਼ ਵਜੋਂ ਆੜਤੀਏ ਨੇ ਕਿਸਾਨ ਤੋਂ ਜ਼ਮੀਨ ਦਾ ਬਿਆਨਾ ਕਰਵਾ ਲਿਆ ਅਤੇ ਬਾਅਦ ਵਿੱਚ ਅਦਾਲਤ ਦਾ ਸਹਾਰਾ ਲੈਕੇ ਜ਼ਮੀਨ ਦੀ ਰਜਿਸਟਰੀ ਆਪਣੇ ਨਾਮ ਕਰਵਾ ਲਈ। ਕਿਸਾਨ ਦਰਸ਼ਨ ਸਿੰਘ ਦੀ ਮੌਤ ਹੋ ਗਈ ਅਤੇ ਪਰਿਵਾਰ ਆੜ੍ਹਤੀਏ ਨਾਲ ਸਮਝੌਤੇ ਰਾਹੀਂ ਆਪਣੀ ਜ਼ਮੀਨ ਲੈਣੀ ਚਾਹੁੰਦਾ ਸੀ।
ਪਰਿਵਾਰ ਜ਼ਮੀਨ ਬਚਾਈ ਰੱਖਣ ਲਈ ਸਮਝੌਤੇ ਵਜੋਂ ਆੜ੍ਹਤੀਏ ਨੂੰ 12 ਲੱਖ ਰੁਪਏ ਤੱਕ ਦੇਣ ਦੀ ਪੇਸ਼ਕਸ਼ ਕਰਦਾ ਰਿਹਾ। ਆੜ੍ਹਤੀਏ ਦਾ ਪੁੱਤ ਅਕਾਲੀ ਦਲ ਦੇ ਗੈਂਗ, ਐਸ.ਓ.ਆਈ., ਦਾ ਜ਼ਿਲ੍ਹਾ ਪੱਧਰੀ ਆਗੂ ਹੈ ਇਸ ਲਈ ਸਰਕਾਰੇ-ਦਰਬਾਰੇ ਪਹੁੰਚ ਦੇ ਗ਼ਰੂਰ ’ਚ ਆੜ੍ਹਤੀਆ ਕਿਸੇ ਵੀ ਸਮਝੌਤੇ ਲਈ ਤਿਆਰ ਨਾ ਹੋਇਆ ਅਤੇ ਪਿੰਡ ਦੇ ਬਿਲਕੁਲ ਨਾਲ ਲੱਗਦੀ 14 ਕਨਾਲ ਜ਼ਮੀਨ ਦਾ ਕਬਜ਼ਾ ਲੈਣ ਲਈ ਤੁਲਿਆ ਹੋਇਆ ਸੀ। ਲੱਗਭੱਗ ਪੰਜ ਵਾਰ ਆੜ੍ਹਤੀਆ ਜ਼ਮੀਨ ਦਾ ਕਬਜਾ ਲੈਣ ਆਇਆ ਅਤੇ ਹਰ ਵਾਰ ਕਿਸਾਨ ਜਥੇਬੰਦੀ ਬੀ.ਕੇ.ਯੂ. (ਏਕਤਾ-ਡਕੌਂਦਾ) ਦੇ ਜਥੇਬੰਦਕ ਵਿਰੋਧ ਨੇ ਉਸਨੂੰ ਵਾਪਸ ਮੁੜਣ ਲਈ ਮਜਬੂਰ ਕੀਤਾ।
26 ਅਪ੍ਰੈਲ ਦੀ ਘਟਨਾ : 26 ਅਪ੍ਰੈਲ ਨੂੰ ਆੜ੍ਹਤੀਆ ਤੇਜਾ ਸਿੰਘ ਉਸਦਾ ਸਹਿਯੋਗੀ ਬਲਜੀਤ ਸਿੰਘ ਧਾਲੀਵਾਲ ਆਪਣੇ ਲਾਮ ਲਸ਼ਕਰ, ਡਿਊਟੀ ਮੈਜਿਸਟ੍ਰੇਟ ਪੁਸ਼ਪਿੰਦਰ ਕੌਰ ਅਤੇ ਐੱਸ.ਪੀ.(ਡੀ) ਸਵਰਨ ਦੀ ਅਗਵਾਈ ’ਚ ਸੈਂਕੜਿਆਂ ਦੀ ਤਾਦਾਦ ’ਚ ਪੁਲਿਸ ਲੈਕੇ ਜ਼ਮੀਨ ਦਾ ਕਬਜ਼ਾ ਲੈਣ ਪਿੰਡ ਜੋਧਪੁਰ ਜਾ ਪੁੱਜਿਆ। ਪਰਿਵਾਰ ਦਾ ਘਰ ਵੀ ਉਸੇ ਜ਼ਮੀਨ ਵਿੱਚ ਹੈ। ਬੀ.ਕੇ.ਯੂ. (ਏਕਤਾ-ਡਕੌਂਦਾ) ਦੇ ਸਥਾਨਕ ਆਗੂ ਤੇ ਕਾਰਕੁਨ ਵੀ ਕੁਰਕੀ ਨੂੰ ਰੋਕਣ ਲਈ ਉੱਥੇ ਪਹੁੰਚ ਗਏ। ਘੈਂਕਰਿਆ ਆੜ੍ਹਤੀਆ ਅਵਾ-ਤਵਾ ਬੋਲਦਾ ਉਹਨਾਂ ਦੇ ਘਰ ਨੂੰ ਹੋ ਤੁਰਿਆ। ਇਸੇ ਦੌਰਾਨ ਕਿਸੇ ਕਿਸਾਨ ਵਰਕਰ ਨੇ ਆੜ੍ਹਤੀਏ ਦੀ ਥੋੜ੍ਹੀ ਭੁਗਤ ਵੀ ਸੰਵਾਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਕੁਰਕੀ ਨੂੰ ਤਾਕਤ ਨਾਲ ਅੰਜਾਮ ਦੇਣ ਲਈ ਯੂਨੀਅਨ ਆਗੂਆਂ ਤੇ ਕਾਰਕੁਨਾਂ ਨੂੰ ਗਿ੍ਰਫ਼ਤਾਰ ਕਰ ਲਿਆ। ਇਹ ਦੇਖਕੇ ਕਿਸਾਨ ਪਰਿਵਾਰ ਨੂੰ ਆਪਣੀ ਜ਼ਮੀਨ ਬਚਾਉਣ ਦੀ ਆਖ਼ਰੀ ਉਮੀਦ ਵੀ ਖ਼ਤਮ ਹੁੰਦੀ ਨਜ਼ਰ ਆਈ। ਚਾਰੇ ਪਾਸੇ ਪੁਲਿਸ ਵੇਖ ਪਰਿਵਾਰ ਦਾ ਨੌਜਵਾਨ ਬਲਜੀਤ ਸਿੰਘ ਬੱਲੂ ਸਪਰੇਅ ਦੀ ਬੋਤਲ ਹੱਥ ਫੜ੍ਹ ਕੋਠੇ ਤੇ ਚੜ੍ਹ ਗਿਆ। ਜਦੋਂ ਘੋਰ ਨਿਰਾਸ਼ਤਾ ਵਿਚ ਡੁੱਬਿਆ ਕਿਸਾਨ ਹੱਥ ਵਿਚ ਕੀਟਨਾਸ਼ਕ ਦਵਾਈ ਫੜਕੇ ਛੱਤ ’ਤੇ ਖੜ੍ਹਾ ਮੌਤ ਵੱਲ ਵਧ ਰਿਹਾ ਸੀ ਤਾਂ ਸੱਤਾ ਦੇ ਗ਼ਰੂਰ ਅੰਨ੍ਹੇ ਹੋਏ ਬੇਰਹਿਮ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ, ਜਿਨ੍ਹਾਂ ਨੂੰ ਮਨੁੱਖੀ ਜਾਨ ਨਾਲੋਂ ਅਦਾਲਤੀ ਹੁਕਮਾਂ ਦੀ ਮਸ਼ੀਨੀ ਤਾਮੀਲ ਦਾ ਵਧੇਰੇ ਫ਼ਿਕਰ ਸੀ, ਇਸ ਤਰ੍ਹਾਂ ਦੇ ਫ਼ਿਕਰੇ ਕੱਸਕੇ ਉਸਦੀ ਬੇਵਸੀ ਦਾ ਮਜ਼ਾਕ ਉਡਾ ਰਹੇ ਸਨ ਕਿ ‘ਨੰਗ ਕਿਸਾਨ ਇਸ ਤਰ੍ਹਾਂ ਦੇ ਡਰਾਮੇ ਕਰਦੇ ਹੀ ਰਹਿੰਦੇ ਹਨ’। ਅਮਨ-ਕਾਨੂੰਨ ਦੇ ‘ਰਖਵਾਲਿਆਂ’ ਦੀ ਮੌਜੂਦਗੀ ਵਿਚ ਪਹਿਲਾ ਘੋਰ ਨਿਰਾਸ਼ਾ ਦੀ ਹਾਲਤ ਵਿਚ ਘਿਰੇ ਕਿਸਾਨ ਬਲਜੀਤ ਸਿੰਘ ਅਤੇ ਫਿਰ ਉਸਦੀ ਵਿਧਵਾ ਮਾਤਾ ਸੁਰਜੀਤ ਕੌਰ ਨੇ ਸਪਰੇਅ ਪੀ ਲਈ। ਪੁਲਿਸ ਮੁਲਾਜ਼ਮਾਂ ਨੇ ਹੀ ਬੱਲੂ ਨੂੰ ਕੋਠੇ ਤੋਂ ਹੇਠਾਂ ਉਤਾਰਿਆ। ਬਾਦ ਵਿਚ ਮਾਂ-ਪੁੱਤ ਦੋਵਾਂ ਦੀ ਮੌਤ ਹੋ ਗਈ।
ਬੀ.ਕੇ. ਯੂ. (ਡਕੌਂਦਾ) ਵੱਲੋਂ 5 ਦੋਸ਼ੀਆਂ ਦੇ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਅਤੇ ਐਲਾਨ ਕੀਤਾ ਗਿਆ ਕਿ ਜਦ ਤੱਕ ਸਾਰੇ ਦੋਸ਼ੀ ਗਿ੍ਰਫਤਾਰ ਨਹੀਂ ਕੀਤੇ ਜਾਂਦੇ ਤਦ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਪਰ ਅਗਲੇ ਦਿਨ ਪ੍ਰਸ਼ਾਸਨ ਵੱਲੋਂ ਕੁਝ ਦੋਸ਼ੀ ਗਿ੍ਰਫਤਾਰ ਕਰ ਲੈਣ ਅਤੇ ਬਾਕੀਆਂ ਨੂੰ ਦੋ ਦਿਨ ਤੱਕ ਗਿ੍ਰਫ਼ਤਾਰ ਕਰ ਲੈਣ, ਖੁਦਕੁਸ਼ੀ ਪੀੜਤਾਂ ਨੂੰ ਦਿੱਤੀ ਜਾਂਦੀ 3-3 ਲੱਖ ਸਰਕਾਰੀ ਮਦਦ ਪਰਿਵਾਰ ਨੂੰ ਜਲਦੀ ਦੇਣ ਅਤੇ 2-2 ਲੱਖ ਸੀਨੀਅਰ ਅਕਾਲੀ ਆਗੂ ਅਤੇ ਟ੍ਰਾਈਡੈਂਟ ਫੈਕਟਰੀ ਦੇ ਮਾਲਕ ਰਜਿੰਦਰ ਗੁਪਤਾ ਵੱਲੋਂ ਦਿਵਾਉਣ, ਪੀੜਤ ਪਰਿਵਾਰ ਲਈ ਨੌਕਰੀ ਲਈ ਸਰਕਾਰ ਨੂੰ ਅਪੀਲ ਕਰਨ ਦਾ ਭਰੋਸਾ ਦਿਵਾਇਆ ਗਿਆ। ਇਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਅਤੇ ਸਸਕਾਰ ਕਰ ਦਿੱਤਾ ਗਿਆ।
ਕਿਸਾਨ ਸੰਘਰਸ਼ਾਂ ਨੂੰ ਸਿਆਸੀ ਸੇਧ ਦੀ ਲੋੜ
ਇਹ ਮਹਿਜ਼ ਹੋਰ ਖੁਦਕੁਸ਼ੀਆਂ ਵਰਗੀ ਖ਼ੁਦਕੁਸ਼ੀ ਨਹੀਂ ਹੈ ਬਲਕਿ ਸਮੁੱਚੀ ਸਰਕਾਰੀ ਮਸ਼ੀਨਰੀ ਵੱਲੋਂ ਯੋਜਨਾਬੱਧ ਢੰਗ ਨਾਲ ਜ਼ਮੀਨ ਤੇ ਘਰ ਤੋਂ ਕਿਸਾਨ ਨੂੰ ਬੇਦਖ਼ਲ ਕਰਨ ਦੀ ਕਾਰਵਾਈ ਤਹਿਤ ਕੀਤਾ ਗਿਆ ਕਤਲ ਹੈ। ਇਸ ਲਈ ਜਦ ਇਹ ਘਟਨਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਵਾਪਰੀ ਸੀ ਤਾਂ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਉੱਪਰ ਪਰਚਾ ਦਰਜ ਕਰਨ ਦੀ ਮੰਗ ਵੀ ਉਭਾਰਨੀ ਚਾਹੀਦੀ ਸੀ। ਸਰਕਾਰ ਅਤੇ ਰਾਜ-ਮਸ਼ੀਨਰੀ ਅਦਾਲਤੀ ਹੁਕਮਾਂ ਦੀ ਤਾਮੀਲ ਤਕ ਮਹਿਦੂਦ ਨਹੀਂ ਹੈ। ਉਹ ਆਪਣੀ ਪੂਰੀ ਤਾਕਤ ਝੋਕਕੇ ਕਰਜ਼ਾਈ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਆੜਤੀਆਂ-ਸ਼ਾਹੂਕਾਰਾਂ ਦੇ ਕਬਜ਼ੇ ਕਰਵਾ ਰਹੇ ਹਨ। ਇਸ ਨਾਪਾਕ ਗੱਠਜੋੜ ਨੂੰ ਕਟਹਿਰੇ ਵਿਚ ਖੜ੍ਹੇ ਕਰਨਾ ਜ਼ਰੂਰੀ ਹੈ। ਜਿਸਨੂੰ ਆਦਮਖ਼ੋਰ ਆੜਤੀਆ ਪ੍ਰਬੰਧ ਨੂੰ ਕਾਇਮ ਰੱਖਣ ਲਈ ਕਿਸਾਨ ਜਥੇਬੰਦੀਆਂ ਨੂੰ ਮੁਜਰਿਮਾਂ ਦਾ ਟੋਲਾ ਕਰਾਰ ਦੇਣ ਅਤੇ ਧਰਨੇ ਲਾਉਣ ਦਾ ਨਾਟਕ ਕਰਨ ਤੋਂ ਵੀ ਕੋਈ ਗੁਰੇਜ਼ ਨਹੀਂ ਹੈ ਜੋ ਹੁਣ ਜੋਧਪੁਰ ਕਾਂਡ ਵਿਚ ਦੇਖਿਆ ਜਾ ਸਕਦਾ ਹੈ।
ਖੇਤੀ ਸੰਕਟ ਕਾਰਨ ਕਿਸਾਨਾਂ-ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੇ ਪੱਖ ਤੋਂ ਪੰਜਾਬ ਪੂਰੇ ਮੁਲਕ ਵਿਚ ਮਹਾਰਾਸ਼ਟਰ ਤੋਂ ਬਾਦ ਹੁਣ ਦੂਜੇ ਨੰਬਰ ’ਤੇ ਹੈ। ਸਰਕਾਰੀ ਅੰਕੜਿਆਂ ਅਨੁਸਾਰ 2015 ਵਿਚ ਪੰਜਾਬ ਦੇ 495 ਕਿਸਾਨਾਂ ਤੇ ਮਜ਼ਦੂਰਾਂ ਵਲੋਂ ਖ਼ੁਦਕੁਸ਼ੀ ਕੀਤੀ ਗਈ। ਇਸ ਸਾਲ 11 ਮਾਰਚ ਤਕ ਪੰਜਾਬ ਦੇ 56 ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ। ਆਏ ਦਿਨ ਸੂਬੇ ਵਿਚ 2-4 ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ। ਸੱਤਾਧਾਰੀ ਅਕਾਲੀ-ਭਾਜਪਾ ਗੱਠਜੋੜ ਅਤੇ ਸੱਤਾ ਤੋਂ ਲਾਂਭੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਰਗੀਆਂ ਵੋਟ ਬਟੋਰੂ ਪਾਰਟੀਆਂ ਆ ਰਹੀਆਂ ਵਿਧਾਨ-ਸਭਾ ਚੋਣਾਂ ਦੇ ਮੱਦੇਨਜ਼ਰ ਭਾਵੇਂ ਲੱਖ ਵਾਅਦੇ ਕਰਨ, ਉਨ੍ਹਾਂ ਦੇ ਪੱਲੇ ਫੋਕੇ ਵਾਅਦਿਆਂ ਤੋਂ ਬਿਨਾ ਖੇਤੀ ਸੰਕਟ, ਵਿਆਪਕ ਬੇਰੋਜ਼ਗਾਰੀ ਵਰਗੇ ਮਸਲਿਆਂ ਨੂੰ ਹੱਲ ਕਰਨ ਲਈ ਕੁਝ ਵੀ ਨਹੀਂ। ਇਸ ਸੂਰਤ ਵਿਚ ਕਿਸਾਨਾਂ, ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਲੋਕਾਂ ਅੱਗੇ ਆਪਣੀ ਜ਼ਿੰਦਗੀ ਦੇ ਹਾਲਾਤ ਬਦਲਣ ਲਈ ਜਥੇਬੰਦਕ ਤਾਕਤ ਉਸਾਰਕੇ ਜੁਝਾਰੂ ਸੰਘਰਸ਼ਾਂ ਰਾਹੀਂ ਇਸ ਪ੍ਰਬੰਧ ਨੂੰ ਖ਼ਤਮ ਕਰਨ ਤੋਂ ਬਿਨਾ ਹੋਰ ਕੋਈ ਬਦਲ ਨਹੀਂ ਹੈ। ਉਨ੍ਹਾਂ ਨੂੰ ਇਹ ਚੇਤਨਾ ਇਨਕਲਾਬੀ-ਜਮਹੂਰੀ ਤਾਕਤਾਂ ਨੇ ਦੇਣੀ ਹੈ। ਇਸ ਲਈ ਜਿਥੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਖ਼ੁਦਕੁਸ਼ੀਆਂ ਲਈ ਮਜਬੂਰ ਕਰਨ ਦੇ ਜ਼ਿੰਮੇਵਾਰ ਆੜਤੀਆਂ ਅਤੇ ਉਨ੍ਹਾਂ ਦੇ ਜੋਟੀਦਾਰ ਸਿਆਸਤਦਾਨਾਂ ਤੇ ਨੌਕਰਸ਼ਾਹਾਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਦੀ ਲੋੜ ਹੈ ਉਥੇ ਨਾਲ ਦੀ ਨਾਲ ਕਿਸਾਨੀ ਨੂੰ ਇਨਕਲਾਬੀ ਸਿਆਸੀ ਚੇਤਨਾ ਦੇਣ ਲਈ ਵਿਆਪਕ ਮੁਹਿੰਮਾਂ ਚਲਾਉਣੀਆਂ ਵੀ ਬਹੁਤ ਜ਼ਰੂਰੀ ਹਨ। ਜਿਸ ਨਾਲ ਕਿਸਾਨੀ ਦਾ ਜਥੇਬੰਦਕ ਤਾਕਤ ਉੱਪਰ ਭਰੋਸਾ ਬੱਝ ਸਕੇ ਅਤੇ ਉਹ ਸਿਆਸੀ ਚੇਤਨਾ ਹਾਸਲ ਕਰਕੇ ਇਸ ਲੋਕ ਦੁਸ਼ਮਣ ਪ੍ਰਬੰਧ ਨੂੰ ਖ਼ਤਮ ਕਰਨ ਦੀ ਇਨਕਲਾਬੀ ਜੱਦੋ ਜਹਿਦ ਦਾ ਹਿੱਸਾ ਬਣ ਸਕੇ।

