ਮਾਲਦਾ ਜ਼ਿਲ੍ਹੇ ਦੇ ਕਾਲਿਆਚਕ ਵਿੱਚ ਤਿੰਨ ਜਨਵਰੀ ਨੂੰ ਹੋਈ ਹਿੰਸਾ ’ਤੇ ਜਿੱਥੇ ਦੇਸ਼ ਭਰ ਵਿੱਚ ਬਹਿਸ ਚੱਲ ਰਹੀ ਹੈ, ਉੱਥੇ ਹੀ ਕਸਬੇ ਵਿੱਚ 1200 ਬਿੱਘੇ ਵਿੱਚ ਲੱਗੀ ਅਫੀਮ ਦੀ ਫ਼ਸਲ ਉਜਾੜੀ ਜਾ ਚੁੱਕੀ ਹੈ ।
ਜਦੋਂ ਮੈਂ ਹਿੰਦੂ ਬਹੁਗਿਣਤੀ ਡੋਮਾਈਚਕ ਪਿੰਡ ਅੱਪੜਿਆ ਤਾਂ ਉੱਥੇ ਬੀ.ਐਸ.ਐਫ., ਬੰਗਾਲ ਪੁਲਿਸ, ਐਨ.ਸੀ.ਬੀ. ਅਤੇ ਆਬਕਾਰੀ ਵਿਭਾਗ ਇੱਕ ਸਾਂਝਾ ਆਪਰੇਸ਼ਨ ਚਲਾ ਰਹੇ ਸਨ, ਪਿੰਡ ਵਾਲੇ ਹਿੰਦੂ – ਮੁਸਲਮਾਨ ਤਮਾਸ਼ਬੀਨ ਬਣੇ ਖੜ੍ਹੇ ਸਨ ।
ਇਸਦੇ ਨਾਲ ਹੀ ਗਾਂਜੇ ਦੀ ਫ਼ਸਲ ਵੀ ਨਸ਼ਟ ਕੀਤੀ ਜਾ ਰਹੀ ਸੀ ।
ਮਾਲਦਾ ਦੇ ਆਬਕਾਰੀ ਸੁਪਰਡੈਂਟ ਸੁਪ੍ਰਭਾਤ ਵਿਸ਼ਵਾਸ ਨੇ ਦੱਸਿਆ, ਸ਼ਾਹਬਾਜਪੁਰ ਅੰਚਲ ਦੇ ਡੋਮਾਈਚਕ, ਸ਼ਾਹਬਾਨਚਕ, ਬੇਦਰਾਬਾਦ, ਕਾਲੀਨਗਰ ਅਤੇ ਮਾਲੀਤੁਪੁਰ ਪਿੰਡਾਂ ਵਿੱਚ ਇਹ ਆਪਰੇਸ਼ਨ ਚਲਾਇਆ ਗਿਆ ਹੈ ।
ਸਥਾਨਿਕ ਲੋਕ ਦੱਸਦੇ ਹਨ ਕਿ ਸੀਮਾ ਉੱਤੇ ਰਹਿਣ ਵਾਲੇ ਜ਼ਿਆਦਾਤਰ ਕਿਸਾਨਾਂ ਨੇ ਅਫੀਮ – ਮਾਫੀਆਵਾਂ ਨੂੰ ਕਿਰਾਏ ਉੱਤੇ ਆਪਣੀ ਜ਼ਮੀਨ ਦੇ ਰੱਖੀ ਹੈ । ਇਸ ਵਿੱਚ ਮੁਸਲਮਾਨਾਂ ਦੇ ਨਾਲ ਹਿੰਦੂ ਵੀ ਸ਼ਾਮਿਲ ਹਨ ।
ਜਿੱਥੇ ਭਾਜਪਾ ਅਤੇ ਉਸ ਨਾਲ ਜੁੜੇ ਸੰਗਠਨ ਮਾਮਲੇ ਨੂੰ ਸੰਪ੍ਰਦਾਇਕ ਹਿੰਸਾ ਦੱਸ ਰਹੇ ਹਨ, ਉੱਥੇ ਹੀ ਰਾਜ ਦੇ ਇੱਕੋ – ਇੱਕ ਭਾਜਪਾ ਵਿਧਾਇਕ ਸਾਮਿਕ ਭੱਟਾਚਾਰਿਆ ਕਹਿੰਦੇ ਹਨ ਕਿ ਹਿੰਸਾ ਦੇ ਪਿੱਛੇ ਮਾਫੀਆ ਦਾ ਹੱਥ ਹੈ ।
ਸਾਮਿਕ ਕਹਿੰਦੇ ਹਨ, ਇੱਥੋਂ ਦੇਸ਼ ਭਰ ਵਿੱਚ ਜਾਅਲੀ ਨੋਟਾਂ ਦੀ ਖੇਪ ਪਹੁੰਚਾਈ ਜਾਂਦੀ ਹੈ । ਗ਼ੈਰਕਾਨੂੰਨੀ ਹਥਿਆਰਾਂ ਦਾ ਧੰਦਾ ਪੁਰਾਣਾ ਹੈ । ਇਸ ਮਾਫੀਆ ਗਿਰੋਹਾਂ ਨੇ ਭੀੜ ਦਾ ਫਾਇਦਾ ਚੁੱਕ ਕੇ ਥਾਣੇ ਵਿੱਚ ਤੋੜ-ਫੋੜ ਕੀਤੀ ਅਤੇ ਉੱਥੇ ਕਾਗਜ਼ਾਤ ਸਾੜ ਦਿੱਤੇ । ਪੂਰਾ ਹੰਗਾਮਾ ਥਾਣੇ ਵਿੱਚ ਰੱਖੇ ਕਾਗਜ਼ਾਤ ਮਚਾਉਣ ਅਤੇ ਪੁਲਿਸ – ਬੀ.ਐਸ.ਐਫ਼. ਨੂੰ ਆਤੰਕਿਤ ਕਰਨ ਲਈ ਕੀਤਾ ਗਿਆ ।
ਕਿਵੇਂ ਹੈ ਇਹ ਕਸਬਾ ?
ਕਾਲਿਆਚਕ ਦੇ ਭੀੜ ਭਰੇ ਚੁਰਾਹੇ ਉੱਤੇ ਦੁਕਾਨ ਚਲਾਉਣ ਵਾਲਾ ਫਿਰੋਜ਼ ਕਹਿੰਦਾ ਹੈ, “ਇੱਥੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਸਦੀਆਂ ਪੁਰਾਣੀ ਏਕਤਾ ਹੈ ।”
ਅਣਗਿਣਤ ਸਾਲ ਪੁਰਾਣੀ ਪੰਜ ਮੰਜਿਲਾ ਜਾਮਾ ਮਸਜਿਦ ਵਿੱਚ ਨਮਾਜ਼ ਪੜ੍ਹਨ ਆਏ ਫਿਰੋਜ਼, ਲਿਆਕਤ ਤੇ ਦੂਜੇ ਲੋਕਾਂ ਨੇ ਦੱਸਿਆ ਕਿ ਕਾਲਿਆਚਕ ਵਿੱਚ ਪਹਿਲਾਂ ਅਜਿਹਾ ਕਦੇ ਨਹੀਂ ਵਾਪਰਿਆ ਸੀ ।
ਐੱਨ.ਐੱਚ – 34 ਨਾਲ ਲੱਗਦੇ ਇਸ ਕਸਬੇ ਦੇ ਬਾਜ਼ਾਰ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਦੁਕਾਨਾਂ ਨਾਲ – ਨਾਲ ਲੱਗਦੀਆਂ ਹਨ । ਇੱਥੇ ਹੀ ਫੁੱਲ ਵੇਚਣ ਵਾਲੇ ਪ੍ਰੇਮ ਕੁਮਾਰ ਗੁਪਤਾ ਵੀ ਕਹਿੰਦੇ ਹਨ ਕਿ ਕਾਲਿਆਚਕ ਵਿੱਚ ਹਮੇਸ਼ਾ ਮੇਲ -ਮਿਲਾਪ ਦਾ ਮਾਹੌਲ ਰਿਹਾ ਹੈ ।
ਹਿੰਦੂਵਾਦੀ ਨੇਤਾ ਕਮਲੇਸ਼ ਤਿਵਾਰੀ ਦੀ ਪੈਗੰਬਰ ਹਜ਼ਰਤ ਮੁਹੰਮਦ ਦੇ ਬਾਰੇ ਲਖਨਊ ਵਿੱਚ ਕੀਤੀ ਗਈ ਟਿੱਪਣੀ ਦੇ ਖਿਲਾਫ਼ ਇਦਾਰਾ – ਏ – ਸ਼ਰਿਆ ਸਮੇਤ ਕਈ ਮੁਸਲਮਾਨ ਸੰਗਠਨਾਂ ਨੇ ਵਿਰੋਧ – ਮਾਰਚ ਦਾ ਪ੍ਰਬੰਧ ਕੀਤਾ ਸੀ, ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਸਨ ।
ਫਿਰੋਜ਼ ਕਹਿੰਦਾ ਹੈ, “ਸਥਾਨਿਕ ਪੁਲਿਸ ਤੋਂ ਇਸ ਦੀ ਆਗਿਆ ਲਈ ਗਈ ਸੀ । ਇਸਦੇ ਬਾਵਜੂਦ ਯੋਗ ਸੁਰੱਖਿਆ ਬੰਦੋਬਸਤ ਨਹੀਂ ਕੀਤੇ ਗਏ ਸਨ । ਇਸਦਾ ਫਾਇਦਾ ਭੀੜ ਵਿੱਚ ਸ਼ਾਮਿਲ ਕੁਝ ਅਸਮਾਜਿਕ ਤੱਤਾਂ ਨੇ ਚੁੱਕਿਆ । ਜੇਕਰ ਇਹ ਹਿੰਸਾ ਸੰਪ੍ਰਦਾਇਕ ਹੁੰਦੀ ਤਾਂ ਥਾਣਾ ਪਰਿਸਰ ਵਿੱਚ ਮੌਜੂਦ ਮੰਦਿਰ ਨੂੰ ਨੁਕਸਾਨ ਪਹੁੰਚਾਇਆ ਜਾਣਾ ਸੀ ।”
ਉਨ੍ਹਾਂ ਨੇ ਦੱਸਿਆ ਕਿ ਭੀੜ ‘ਕਮਲੇਸ਼ ਤਿਵਾਰੀ ਨੂੰ ਫ਼ਾਂਸੀ ਦੋ ’ ਵਰਗੇ ਨਾਹਰੇ ਲਗਾਉਂਦੇ ਹੋਏ ਕੱਢਿਆ ਗਿਆ । ਉਨ੍ਹਾਂ ਦਾ ਪੁਤਲਾ ਵੀ ਸਾੜਿਆ ਗਿਆ । ਮੰਦਿਰ ਦੇ ਪੁਜਾਰੀ ਪ੍ਰਤਾਪ ਤ੍ਰਿਵੇਦੀ ਨੇ ਬੀ.ਬੀ.ਸੀ. ਨੂੰ ਦੱਸਿਆ ਕਿ “ਉਸ ਦਿਨ ਮਾਹੌਲ ਡਰਾਵਨਾ ਜ਼ਰੂਰ ਸੀ ਪਰ ਲੋਕਾਂ ਨੇ ਮੰਦਿਰ ਨੂੰ ਹੱਥ ਤੱਕ ਨਹੀਂ ਲਾਇਆ ।”
ਤਕਰੀਬਨ 90 ਫ਼ੀਸਦੀ ਮੁਸਲਮਾਨ ਆਬਾਦੀ ਵਾਲੇ ਕਾਲਿਆਚਕ ਦੇ ਬਾਲਿਆਡਾਂਗਾ ਮੁਹੱਲੇ ਵਿੱਚ ਕਰੀਬ 300 ਘਰ ਹਿੰਦੂਆਂ ਦੇ ਹਨ । ਇੱਥੇ ਪਿਛਲੇ 10 ਸਾਲ ਤੋਂ ਚਾਹ ਵੇਚਣ ਵਾਲੇ ਸਿਤੇਸ਼ ਮਾਹਰਾ ਦੀ ਦੁਕਾਨ ਨੂੰ ਵੀ ਹੰਗਾਮਾਕਾਰੀਆਂ ਨੇ ਨਿਸ਼ਾਨਾ ਬਣਾਇਆ ।
ਸਿਤੇਸ਼ ਮਾਹਰਾ ਨੇ ਬੀ.ਬੀ.ਸੀ. ਨੂੰ ਦੱਸਿਆ, “ ਉਨ੍ਹਾਂ ਨੇ ਮੇਰੀ ਦੁਕਾਨ ਦੇ ਇੱਕ ਹਿੱਸੇ ਨੂੰ ਤੋੜ ਦਿੱਤਾ । ਦੁਕਾਨ ਵਿੱਚ ਪਏ 5 ਲੀਟਰ ਦੁੱਧ ਵਿੱਚ ਮਿੱਟੀ ਦਾ ਤੇਲ ਪਾ ਦਿੱਤਾ । ਦੁਕਾਨ ਤੋਂ 100 ਮੀਟਰ ਦੀ ਦੂਰੀ ਉੱਤੇ ਮੌਜੂਦ ਥਾਣੇ ਦੀ ਪੁਲਿਸ ਨੂੰ ਇੱਥੇ ਆਉਣ ਵਿੱਚ 6 ਘੰਟੇ ਲੱਗ ਗਏ ।”
ਮਾਹਰਾ ਦੀ ਦੁਕਾਨ ਦੇ ਸਾਹਮਣੇ ਹੀ ਇੱਕ ਘਰ ਦੇ ਚੁਗਿਰਦੇ ਵਿੱਚ ਖੜੀ ਮੋਟਰਸਾਇਕਲ ਨੂੰ ਅੱਗ ਲਾ ਦਿੱਤੀ ਗਈ । ਬਾਲਿਆਡਾਂਗਾ ਦੇ ਤਨਮੇ ਉਰਫ਼ ਗੋਪਾਲ ਤਿਵਾਰੀ ਦੇ ਪੈਰ ਵਿੱਚ ਗੋਲੀ ਲੱਗੀ ਹੈ । ਉਸ ਦਾ ਮਾਲਦਾ ਵਿੱਚ ਇਲਾਜ ਚੱਲ ਰਿਹਾ ਹੈ ।
ਉਨ੍ਹਾਂ ਨੇ ਦੱਸਿਆ ਕਿ ਹਿੰਸਾ ਦਾ ਵਿਰੋਧ ਕਰਨ ਵੇਲੇ ਉਸਦੇ ਪੈਰ ਵਿੱਚ ਗੋਲੀ ਮਾਰ ਦਿੱਤੀ ਗਈ, ਹੰਗਾਮਾਕਾਰੀਆਂ ਨੇ ਇੱਕ ਮੰਦਿਰ ਦੀ ਬਾਉਂਡਰੀ ਵੀ ਤੋੜ ਦਿੱਤੀ ।
ਇੱਕ ਮੌਕੇ ਦੇ ਗਵਾਹ ਨੇ ਦੱਸਿਆ ਕਿ “ ਜਦੋਂ ਭੀੜ ਥਾਣੇ ਵਿੱਚ ਅੱਪੜੀ ਤਾਂ ਸਾਰੇ ਪੁਲਿਸ ਵਾਲੇ ਥਾਣਾ ਛੱਡਕੇ ਭੱਜ ਗਏ । ਇਸ ਤੋਂ ਬਾਅਦ ਉੱਥੇ ਭਾਸ਼ਣਬਾਜੀ ਹੋਈ । ਉਸ ਭਾਸ਼ਣ ਦੇ ਬਾਅਦ ਹੀ ਭੀੜ ਵਿੱਚ ਕੁੱਝ ਲੋਕ ਹਿੰਸਕ ਹੋ ਗਏ ਅਤੇ ਥਾਣਾ ਪਰਿਸਰ ਵਿੱਚ ਰੱਖੇ ਟਰੱਕ, ਮੋਟਰਸਾਇਕਲ ਸਮੇਤ ਕਰੀਬ ਦੋ ਦਰਜਨ ਗੱਡੀਆਂ ਨੂੰ ਅੱਗ ਲਗਾ ਦਿੱਤੀ ।”
ਮਾਲਦਾ ਦੇ ਜ਼ਿਲ੍ਹਾ ਅਧਿਕਾਰੀ ਦੇਵਾਤੋਸ਼ ਮੰਡਲ ਨੇ ਬੀ.ਬੀ.ਸੀ. ਨਾਲ ਗੱਲਬਾਤ ਵਿੱਚ ਕਿਹਾ, “ਇਸ ਮਾਮਲੇ ਵਿੱਚ ਰਿਪੋਰਟ ਦਰਜ ਕਰਕੇ ਕੁਝ ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ । ਹਿੰਸਾ ਹੋਈ ਹੈ ਪਰ ਉਸ ਉੱਤੇ ਸਮਾਂ ਰਹਿੰਦੇ ਕਾਬੂ ਪਾ ਲਿਆ ਗਿਆ ।”
ਥਾਣੇ ਦੇ ਸਾਹਮਣਿਓਂ ਸੜੀਆਂ/ਮੱਚੀਆਂ ਗੱਡੀਆਂ ਨੂੰ ਹਟਾ ਕੇ ਰੰਗਾਈ – ਲਿਪਾਈ ਕਰਵਾ ਦਿੱਤੀ ਗਈ ਹੈ, ਪਰ ਅਸਲ ਸਮੱਸਿਆ ਦਾ ਕੋਈ ਹੱਲ ਹੋਇਆ ਨਹੀਂ ਲੱਗਦਾ ।


