ਪੰਜਾਬੀ ਗਲਪਕਾਰ ਪਰਗਟ ਸਿੰਘ ਸਤੌਜ ਦਾ ਤਾਜ਼ਾ ਨਾਵਲ ਪੜ੍ਹਣ ਦੇ ਬਾਅਦ ਇਸ ਸੱਚਾਈ ਦਾ ਪੂਰੀ ਸ਼ਿੱਦਤ ਨਾਲ ਅਹਿਸਾਸ ਹੁੰਦਾ ਹੈ। ਪਾਠਕ ਦੇ ਮਨ ਵਿਚ ਅਹਿਸਾਸਾਂ, ਵਿਚਾਰਾਂ ਅਤੇ ਭਾਵਨਾਵਾਂ ਦੀ ਮੁੱਠਭੇੜ ਹੁੰਦੀ ਹੈ, ਜੋ ਕਿ ਇਕ ਚੰਗੀ ਰਚਨਾ ਦੀ ਨਿਸ਼ਾਨੀ ਹੈ। ਪਾਠਕ ਸੋਚਣ ਲਈ ਮਜਬੂਰ ਹੁੰਦਾ ਹੈ, ਸਮਾਜ ਵਿਚਲੀ ਮੈਲ ਨੂੰ ਧੋਣ ਲਈ ਉਪਰਾਲਾ ਕਰਨ ਲਈ ਉਤੇਜਿਤ ਹੁੰਦਾ ਹੈ। ਘੱਟੋ-ਘੱਟ ਉਹ ਆਪਣੇ ਪੱਧਰ ਤੇ ਅਤੇ ਆਪਣੇ ਆਸੇ-ਪਾਸੇ ਨੂੰ ਦੂਸ਼ਿਤ-ਰਹਿਤ ਕਰਨ ਲਈ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਹੁੰਦਾ ਹੈ।
ਪਰਗਟ ਸਿੰਘ ਸਤੌਜ ਨੇ ਭਾਗੂ ਅਤੇ ਤੀਵੀਆਂ ਵਰਗੇ ਚਰਚਿਤ ਨਾਵਲ ਲਿਖਣ ਬਾਅਦ ਤੀਜਾ ਨਾਵਲ “ਖ਼ਬਰ ਇੱਕ ਪਿੰਡ ਦੀ” ਦਰਸ਼ਕਾਂ ਅਤੇ ਆਲੋਚਕਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਹੈ, ਜਿਸ ਵਿਚ ਜਿੱਥੇ ਲੇਖਕ ਨੇ ਇਕ ਢੰਗ ਨਾਲ ਪੇਸ਼ਕਾਰੀ ਕੀਤੀ ਹੈ, ਉੱਥੇ ਨਾਵਲ ਦੇ ਥੀਮਕ ਪਾਸਾਰ ਬੜੇ ਹੀ ਗੰਭੀਰ ਅਤੇ ਭਾਵਪੂਰਤ ਹੋਣ ਦੇ ਨਾਲ-ਨਾਲ ਸੂਖਮ ਅਤੇ ਵਿਸ਼ਾਲ ਵੀ ਹਨ। ਇਹ ਨਾਵਲ ਪੰਜਾਬ ਦੇ ਨਸ਼ਾ ਸੰਕਟ, ਖੇਤੀ ਸੰਕਟ, ਪਾਣੀ ਸੰਕਟ, ਬੇਰੁਜ਼ਗਾਰੀ, ਗਰੀਬੀ ਅਤੇ ਹਿੰਸਾ ਜਿਹੇ ਅਨੇਕਾਂ ਵਿਸ਼ਿਆਂ ਨੂੰ ਕਲੇਵਰ ਵਿਚ ਲੈਂਦਾ ਹੋਇਆ ਇਕ ਵਿਸ਼ਾਲ ਕੈਨਵਸ ਦੀ ਉਸਾਰੀ ਕਰਦਾ ਹੈ। ਰੌਚਿਕ ਤੱਥ ਇਹ ਹੈ ਕਿ ਲੇਖਕ ਨੇ ਸਭ ਪੱਖਾਂ ਨੂੰ ਪੇਸ਼ ਕਰਨ ਲਈ ਇਕ ਨਵੀਂ ਤਕਨੀਕ ਦਾ ਪ੍ਰਯੋਗ ਕੀਤਾ ਹੈ।
ਭਾਵੇਂ ਕਿ ਸਰਵ ਵਿਆਪਕ ਨੈਰੇਟਰ ਦਾ ਸੰਕਲਪ ਪੁਰਾਣਾ ਸੰਕਲਪ ਹੈ, ਪਰ ਇਸ ਨਾਵਲ ਵਿਚ ਲੇਖਕ ਨੇ ਇਸ ਵਿਧੀ ਨੂੰ ਸ਼ਾਬਦਿਕ ਰੂਪ ਵਿਚ ਸਾਂਚੇ ਵਿਚ ਢਾਲ ਕੇ ਇਕ ਨਵਾਂ ਅਤੇ ਸਫ਼ਲ ਪ੍ਰਯੋਗ ਹੀ ਨਹੀਂ ਕੀਤਾ, ਭਵਿੱਖ ਦੇ ਨਾਵਲਕਾਰਾਂ ਸਾਹਮਣੇ ਇਕ ਨਵੀਂ ਤਕਨੀਕ ਈਜਾਦ ਕਰਕੇ ਦਿੱਤੀ ਹੈ। ਇਸ ਵਿਧੀ ਦਾ ਸਭ ਤੋਂ ਵੱਡਾ ਉਪਯੋਗ ਨਾਵਲਕਾਰ ਵਲੋਂ ਪਾਤਰਾਂ ਦੇ ਮਨ ਅੰਦਰ ਚੱਲ ਰਹੇ ਘੜਮੱਸ ਅਤੇ ਸਮਾਂਤਰ ਕੌੜੇ ਸੱਚ ਤੋਂ ਪਰਦਾ ਉਠਾਉਣ ਵਿਚ ਕੀਤਾ ਹੈ। ਇਕ ਅਤਿ-ਰੌਚਿਕ, ਕੌੜਾ ਯਥਾਰਥ ਸਿਮਰ ਦੀ ਮੌਤ ਬਾਅਦ ਉਸਦੇ ਭਰਾਵਾਂ ਦੇ ਮਨ ਅੰਦਰ ਚੱਲਦਾ ਹੈ, ਜਿਸ ਨੂੰ ਨਾਵਲ ਵਿਚ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ: “ਊਂ ਚੰਗਾ ਹੋਇਆ, ਸਾਲਾ ਮਰ ਗਿਆ। ਜੇ ਜਿਉਂਦਾ ਰਹਿੰਦਾ, ਸਮੈਕ ਪੀ ਪੀ ਘਰ ਖੰਗਲ ਕਰ ਦਿੰਦਾ।” (ਵੱਡਾ ਭਰਾ)
“ਜਦੋਂ ਉਹ ਜਿਉਂਦਾ ਸੀ, ਛੇ ਕਿੱਲਿਆਂ ਵਿਚੋਂ ਦੋ ਦੋ ਆਉਂਦੇ ਸੀ। ਹੁਣ ਇਹਦੇ ਮਰਨ ਨਾਲ ਸਾਨੂੰ ਦੋਹਾਂ ਨੂੰ ਤਿੰਨ-ਤਿੰਨ ਹੋ ਗਏ। ਨਜ਼ਾਰਾ ਈ ਆ ਗਿਆ। ਹੁਣ ਜੇ ਇਹ ਦੂਜਾ ਅੱਡ ਵੀ ਹੁੰਦੈ…… ਚੰਗਾ ਹੋਇਆ ਪਰ੍ਹਾਂ ਜੂੜ ਵੱਢਿਆ ਗਿਆ ਸਾਲੇ ਦਾ।” (ਦੂਜੇ ਨੰਬਰ ਵਾਲਾ ਭਰਾ)
ਲੇਖਕ ਨੇ ਨਾਵਲ ਨੂੰ ਕਾਂਡਾਂ ਵਿਚ ਵੰਡਣ ਦੀ ਥਾਂ ਸਿਰਲੇਖ਼ ਦਿੱਤੇ ਹਨ, ਜੋ ਕਿ ਨਾਵਲ ਨੂੰ ਇਕ ਵੱਖਰੀ ਦਿੱਖ ਅਤੇ ਪਾਠਕ ਨੂੰ ਇਕ ਨਿਵੇਕਲਾ ਸਵਾਦ ਦਿੰਦੇ ਹਨ। ਇਕ, ਦੋ ਜਾਂ ਵੱਧ ਜਾਂ ਸਮਾਂਤਰ ਕੁਝ/ਕਈ ਕਹਾਣੀਆਂ ਨੂੰ ਚਲਾਉਣ ਦੀ ਥਾਂ ਨਾਵਲ ਦੀ ਕੇਂਦਰੀ ਚੂਲ ਸੂਤਰਧਾਰ ਹੈ। ਵਧੇਰੇ ਸ਼ਪੱਸ਼ਟ ਰੂਪ ਵਿਚ ਤਾਂ ਸੂਤਰਧਾਰ ਦੀ ਅੱਖ ਜਾਂ ਮਨ ਦੇ ਮੁਤਾਬਿਕ ਨਾਵਲ ਗਤੀ ਫੜਦਾ ਹੈ। ਘਟਨਾਵਾਂ ਦੀ ਚੋਣ ਉਸੇ ਮੁਤਾਬਿਕ ਹੈ। ਅਸਲ ਵਿਚ ਫੰਤਾਸੀ ਵਿਧੀ ਰਾਹੀਂ ਉਸਾਰਿਆ ਇਹ ਨਾਵਲ ਸਮਾਜਿਕ ਪ੍ਰਤੀਬੱਧਤਾ ਦੇ ਨਿਸ਼ਾਨੇ ਮੁਤਾਬਿਕ ਚਲਦਾ ਹੋਇਆ ਸਮਾਜ ਵਿਚ ਭਿਆਨਕ ਅਤੇ ਵਿਆਪਕ ਰੂਪ ਵਿਚ ਫੈਲੀਆਂ ਸਮਾਜਿਕ ਵਿਸੰਗਤੀਆਂ, ਭ੍ਰਿਸ਼ਟਾਚਾਰ, ਹਿੰਸਾ, ਅਨੈਤਿਕਤਾ ਅਤੇ ਸੰਵੇਦਨਹੀਣਤਾ ਨੂੰ ਉਜਾਗਰ ਕਰਦਾ ਹੋਇਆ ਊਣੇ, ਨਿਗੂਣੇ ਅਤੇ ਵਿਹੂਣੇ ਲੋਕਾਂ ਦੇ ਸ਼ੋਸ਼ਣ ਅਤੇ ਜਗੀਰੂ ਸੋਚ ਵਾਲੀ ਧਿਰ ਦੇ ਪਾਜ ਉਘਾੜਦਾ, ਕਰੂਰ ਯਥਾਰਥ ਨੂੰ ਪੇਸ਼ ਕਰਦਾ, ਸਮਾਜ ਦੇ ਕੋਹਜ ਤੇ ਰੌਸ਼ਨੀ ਪਾਉਂਦਾ ਹੈ।
ਲੇਖਕ ਦਾ ਕੰਮ ਸਮਾਜ ਦੇ ਕਰੂਰ ਯਥਾਰਥ ਦੀ ਪੇਸ਼ਕਾਰੀ ਹੈ, ਇਸ ਦਾ ਵਿਸ਼ਲੇਸ਼ਣ ਕਰਨਾ ਆਲੋਚਕਾਂ ਅਤੇ ਸਮਾਜ ਸ਼ਾਸ਼ਤਰੀਆਂ ਦਾ ਕਾਰਜ ਹੈ। ਇਸ ਸਿਧਾਂਤ ਨੂੰ ਸਾਹਮਣੇ ਰੱਖਦਾ ਹੋਇਆ ਸਤੌਜ ਸੱਚਾਈ ਨੂੰ ਐਨ ਨੇੜੇ ਤੋਂ ਦੇਖਣ ਅਤੇ ਪੇਸ਼ ਕਰਨ ਵਿਚ ਸਫ਼ਲ ਹੋਇਆ ਹੈ, ਅਤੇ ਇਸ ਸੱਚਾਈ ਦੀ ਪੇਸ਼ਕਾਰੀ ਨੂੰ ਹੋਰ ਭਾਵਪੂਰਤ ਕਰਕੇ ਉਜਾਗਰ ਕਰਨ ਲਈ ਉਹ ਘਟਨਾ ਦਾ ਪਹਿਲਾ ਰਾਜ਼, ਘਟਨਾ ਦਾ ਦੂਜਾ ਰਾਜ ਜਾਂ ਪਰਦੇ ਦੇ ਪਿੱਛੇ ਜਿਹੇ ਸਿਰਲੇਖ਼ ਦਿੰਦਾ ਹੈ। ਨਾਵਲਕਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਕੋਝੇ ਸੱਚ ਨੂੰ ਪਰਦਾਫਾਸ਼ ਕਰਦਾ ਹੋਇਆ ਉਹ ਕਾਮੇਦੀ ਅਤੇ ਤ੍ਰਾਸਦੀ ਦਾ ਸੰਤੁਲਨ ਕਾਇਮ ਰੱਖ ਕੇ “ਵੀਭਤੱਸ” ਦ੍ਰਿਸ਼ਾਂ ਨੂੰ ਸਹਿਣਯੋਗ ਬਣਾਉਂਦਾ ਹੈ। ਸੋਨੇ ਤੇ ਸੁਹਾਗਾ ਇਸ ਗੱਲ ਦਾ ਹੈ ਕਿ ਉਹ ਇੰਜ ਕਰਦਾ ਹੋਇਆ ਹੋਰ ਕਈ ਲੁਕਵੇਂ ਸੱਚ ਪੇਸ਼ ਕਰਕੇ ਪਾਠਕ ਦੀ ਸਮਾਜਿਕ ਤਾਣੇ-ਬਾਣੇ ਦੀ ਜਾਣਕਾਰੀ, ਸਮਝ ਅਤੇ ਸੰਵੇਦਨਾ ਵਿਚ ਵਾਧਾ ਕਰਦਾ ਹੈ। ਪੇਂਡੂ ਯਥਾਰਥ ਦੀ ਐਨੀ ਭਾਵਪੂਰਤ ਅਤੇ ਸੂਖਮ ਪੇਸ਼ਕਾਰੀ ਸਤੌਜ ਦੀ ਨਾਵਲਕਾਰੀ ਦਾ ਜ਼ਿਕਰਯੋਗ ਖਾਸਾ ਬਣ ਕੇ ਉਭਰਦੀ ਹੈ।
ਨਾਵਲ ਵਿਚ ਕਿਤੇ ਵੀ ਖੜੋਤ ਜਾਂ ਘਟਨਾਵਾਂ/ਬਿਰਤਾਂਤ ਦਾ ਬੋਝ ਨਹੀਂ, ਸਗੋਂ ਸਭ ਕੁਝ ਤਿੱਖੇ ਵੇਗ ਨਾਲ ਵਾਪਰਦਾ ਦਿਖਾਇਆ ਗਿਆ ਹੈ। ਅਜੋਕੇ ਨਾਕਸ ਸਰਕਾਰੀ ਸਿੱਖਿਆ ਪ੍ਰਬੰਧ ਤੇ ਚੋਟ ਕਰਦਾ ਹੋਇਆ, ਅਧਿਆਪਕ ਸੁਖਪਾਲ ਦੇ ਕਿਰਦਾਰ ਰਾਹੀਂ “ਚੈਕਿੰਗ ਕਰਨ ਵਾਲੇ ਨੂੰ ਪਿੱਛੋਂ ਪਤਾ ਲੱਗਦਾ ਹੈ, ਇਹਨੂੰ (ਚੈੱਕ ਹੋਣ ਵਾਲੇ ਸੁਖਪਾਲ) ਪਹਿਲਾਂ ਪਤਾ ਲੱਗ ਜਾਂਦਾ ਹੈ” ਦੀ ਸੱਚਾਈ ਪੇਸ਼ ਕਰਦਾ ਹੈ। ਨਾਲ ਹੀ ਸੁਖਪਾਲ ਨੂੰ ਪਿੰਡ ਦੀ ਇਕ ਬਹੂ ਦੇ ਅੱਗ ਲਾ ਕੇ ਸੜਣ ਦਾ ਪਤਾ ਲੱਗਦਾ ਹੈ। ਇਸ ਘਟਨਾ ਨੂੰ ਨਾਵਲਕਾਰ ਨੇ ਪੇਸ਼ ਕਰਦਿਆਂ ਤਕਨੀਕੀ ਸਫ਼ਲਤਾ ਦੀ ਚਰਮ ਸੀਮਾ ਹਾਸਲ ਕੀਤੀ ਹੈ। ਘਟਨਾ ਨੂੰ ਪੂਰੇ ਨਾਟਕੀ/ਨਾਵਲੀ ਜਲੌਅ ਵਿਚ ਪੇਸ਼ ਕਰਦਿਆਂ ਭ੍ਰਿਸ਼ਟਾਚਾਰ, ਜ਼ਜ਼ਬਾਤਾਂ ਦਾ ਘਾਣ, ਅਨੈਤਿਕ ਸੰਬੰਧ, ਰਾਜਸੀ ਅਸਫ਼ਲਤਾ, ਘਟੀਆ ਪੁਲਿਸ ਤੰਤਰ, ਨਾਕਸ ਪ੍ਰਸ਼ਾਸ਼ਨ ਜਿਹੇ ਅਨੇਕਾਂ ਮੁੱਦਿਆਂ ਨੂੰ ਇਕ ਕੜੀ ਵਿਚ ਬੰਨ੍ਹ ਕੇ ਪੇਸ਼ ਕੀਤਾ ਹੈ। ਇਨ੍ਹਾਂ ਕਮੀਆਂ ਨੂੰ ਪੇਸ਼ ਕਰਨ ਲਈ ਸਤੌਜ ਦੀ ਵਿਧੀ ਬਾਕਮਾਲ ਹੈ। “ਘਟਨਾ ਦਾ ਪਹਿਲਾ ਰਾਜ਼” ਰਾਹੀਂ ਬਹੂ ਦੇ ਪਤੀ ਨੂੰ ਉਸਦੇ ਵਲੋਂ ਆਪਣੇ ਆਸ਼ਕ ਕੋਲ ਜਾਣਾ, ਪਤੀ ਨੂੰ ਕਿਸੇ (ਇਸ ਦਾ ਵੀ ਰਾਜ਼ ਹੈ) ਵਲੋਂ ਸੂਚਿਤ ਕੀਤੇ ਜਾਣਾ ਅਤੇ ਗੁੱਸੇ ਦੀ ਅੱਗ ਵਿਚ ਭਾਂਬੜ ਹੋਏ ਪਤੀ ਵਲੋਂ ਉੱਥੇ ਜਾ ਕੇ ਪਤਨੀ ਤੇ ਹੱਥ ਚੁੱਕਣਾ ਅਤੇ ਘਰ ਆ ਕੇ ਪਤਨੀ ਵਲੋਂ ਪੈਟਰੋਲ ਪਾ ਕੇ ਅੱਗ ਲਾਉਣਾ ਦੱਸਿਆ ਹੈ, ਤਾਂ “ਘਟਨਾ ਦੇ ਦੂਜੇ ਰਾਜ਼” ਵਿਚ ਸੁਖਪਾਲ ਵਲੋਂ ਇਸ ਗੱਲ ਦੀ ਖ਼ਬਰ ਪੁਲਿਸ ਨੂੰ ਦੇ ਕੇ ਡਰ ਪੈਦਾ ਕਰਕੇ ਬਿਪਤਾ ਵਿਚ ਪਏ ਪਰਿਵਾਰ ਤੋਂ 20 ਹਜ਼ਾਰ ਰੁਪਏ ਪੁਲਿਸ ਨੂੰ ਦਵਾਉਣਾ ਹੈ। ਪੁਲਿਸ ਨੂੰ ਕਾਰਵਾਈ ਨਾ ਕਰਨ ਲਈ ਆਖ ਕੇ ਪਰਿਵਾਰ ਦੀ ਹਮਦਰਦੀ ਵੀ ਜਿੱਤਦਾ ਹੈ, ਅਤੇ ਪੁਲਿਸ ਤੋਂ ਆਪਣਾ 40% ਹਿੱਸਾ (8000 ਰੁਪਏ) ਲੈ ਕੇ ਪੁਲਿਸ ਤੇ ਵੀ ਅਹਿਸਾਨ ਕਰਦਾ ਹੈ। ਕਿਸੇ ਦੀ ਦੁਖਦਾਈ ਮੌਤ ਵਿਚੋਂ ਵੀ ਪੈਸਾ ਭਾਲਣ ਵਾਲੇ ਅਜਿਹੇ ਤੰਤਰ ਅਤੇ ਦਲਾਲਸ਼ਾਹੀ ਦੀ ਮੌਜੂਦਗੀ ਸਮਾਜ ਲਈ ਜੋਕ ਤਾਂ ਹੈ ਹੀ, ਅਜਿਹੇ ਮੌਕੇ ਤੇ ਪੁਲਿਸ ਤੰਤਰ ਦੇ ਡਰ ਅੱਗੇ ਪੀੜਤ ਪਰਿਵਾਰ ਦੀ ਬੇਵੱਸੀ ਸਮਾਜ ਅਤੇ ਤੰਤਰ ਦੇ ਮੂੰਹ ਤੇ ਇਕ ਵੱਡੀ ਚਪੇੜ ਹੈ। ਅਜਿਹੇ ਅਨੇਕ ਬਿਰਤਾਂਤ ਸਮੁੱਚੇ ਨਾਵਲ ਦੀ ਜਾਨ ਹਨ।
ਨਾਵਲਕਾਰ ਨੇ ਕਥਾਨਕ ਨੂੰ ਰੌਚਿਕ ਅਤੇ ਭਾਵਪੂਰਤ ਬਣਾਉਣ ਲਈ ਮਨੋਵਿਗਿਆਨਕ ਛੋਹਾਂ ਵੀ ਦਿੱਤੀਆਂ ਹਨ, ਜਿਨ੍ਹਾਂ ਰਾਹੀਂ ਵੱਖ-ਵੱਖ ਕਿਰਦਾਰਾਂ ਦੀ ਪਾਤਰ-ਉਸਾਰੀ ਦੇ ਨਾਲ-ਨਾਲ ਉਨ੍ਹਾਂ ਦੇ ਅੰਤਰ-ਮਨ ਨੂੰ ਪੜ੍ਹਣ ਦਾ ਮੌਕਾ ਵੀ ਹਾਸਲ ਹੁੰਦਾ ਹੈ। ਮਿਸਾਲ ਦੇ ਤੌਰ ਤੇ ਮਨੀ ਵਲੋਂ ਬਲਵੰਤ ਨਾਲ ਹੱਸ ਕੇ ਗੱਲਾਂ ਕਰਨ ਲੱਗ ਜਾਣ ਬਾਅਦ, ਉਸਨੂੰ “ਉਹ ਬੀਹੀ ਵੀ ਚੰਗੀ ਚੰਗੀ ਲੱਗਣ ਲੱਗ” ਜਾਂਦੀ ਹੈ। ਉਸਦੇ ਆਉਣ ਤੋਂ ਪਹਿਲਾਂ ਅਤੇ ਜਾਣ ਦੇ ਬਾਅਦ ਬੰਤੀ ਦੀ ਮਾਨਸਿਕ ਹਾਲਤ ਦਾ ਵਰਣਨ ਕਰਦਿਆਂ ਨਾਵਲਕਾਰ ਇਕ ਸੂਝਵਾਨ/ਅਨੁਭਵੀ ਮਨੋਵਿਗਿਆਨਕ ਵਾਂਗ ਉਸਦੀ ਮਨੋਸਥਿਤੀ ਨੂੰ ਸਮਝਦਾ ਅਤੇ ਇਕ ਮਨੋਵਿਸ਼ਲੇਸ਼ਕ ਨਾਵਲਕਾਰ ਵਾਂਗ ਪੇਸ਼ ਕਰਦਾ ਹੈ। “ਡੁੱਬਦਾ ਸੂਰਜ” ਕਾਂਡ ਪੜੋ: ਕਦੇ ਕਦੇ ਮੈਂ ਸੋਚ ਕੇ ਹੈਰਾਨ ਹੁੰਦਾ ਹਾਂ ਕਿ ਮਨੁੱਖੀ ਮਨਮਾਂ ਵਿਚ ਪਤਾ ਨਹੀਂ ਕਿੰਨੇ ਕੁ ਰਾਜ਼ ਦੱਬੇ ਪਏ ਹਨ, ਜਿਹੜੇ ਕਦੇ ਵੀ ਸਾਹਮਣੇ ਨਹੀਂ ਆਉਂਦੇ। ਮੈਂ ਸੋਚਦਾ ਹਾਂ ਕਿ ਜੇਕਰ ਕੋਈ ਅਜਿਹੀ ਸ਼ੈਅ ਹੋਵੇ ਜਿਹੜੀ ਤੁਹਾਡੀਆਂ ਸੋਚੀਆਂ ਗੱਲਾਂ ਨੂੰ ਤੁਹਾਨੂੰ ਦੱਸੇ ਬਿਨਾਂ ਇਕ ਡਾਇਰੀ ਤੇ ਉਤਾਰਦੀ ਰਹੇ ਤੇ ਇਕ ਦਿਨ ਸਭ ਦੇ ਸਾਹਮਣੇ ਲੈ ਆਵੇ ਤਾਂ ਤੁਸੀਂ ਕਿਸੇ ਵੀ ਹਾਲਤ ਵਿਚ ਕਬੂਲ ਨਹੀਂ ਕਰੋਂਗੇ ਇਕ ਇਹ ਵਿਚਾਰ ਕਦੇ ਮੇਰੇ ਮਨ ਵਿਚ ਆਏ ਸੀ। ਜੇ ਕਬੂਲ ਕਰ ਲਿਆ ਤਾਂ…..? ਤਾਂ ਤੁਹਾਡੇ ਰਿਸ਼ਤੇ-ਨਾਤੇ ਟੁੱਟ ਜਾਣਗੇ, ਤੁਹਾਡੀ ਬੀਵੀ ਤੁਹਾਨੂੰ ਛੱਡ ਕੇ ਭੱਜ ਜਾਵੇਗੀ। ਬੱਚੇ ਤੁਹਾਡੇ ਤੋਂ ਭੂਤ ਵਾਂਗ ਡਰਨਗੇ। ਜੇਰ ਤੁਹਾਡੇ ਪਤੀ ਦੀ ਅਣਖ ਜਾਗ ਪਈ ਤਾਂ ਉਹ ਤੁਹਾਡਾ ਕਤਲ ਵੀ ਕਰ ਸਕਦਾ ਹੈ। ਤੁਹਾਡਾ ਆਲਾ-ਦੁਆਲਾ ਤੁਹਾਡਾ ਦੁਸ਼ਮਣ ਬਣ ਜਾਵੇਗਾ। ਸਭ ਦੀਆਂ ਨਜ਼ਰਾਂ ਵਿਚ ਤੁਸੀਂ ਕਲਯੁਗ ਦੇ ਭਿਆਨਕ ਰਾਕਸ਼ਸ਼/ਰਾਖਸ਼ਣੀ ਬਣ ਜਾਵੋਗੇ।
ਨਾਵਲ ਵਿਚ ਮੁਹਾਵਰਿਆਂ, ਅਖੌਤਾਂ ਅਤੇ ਉਪਮਾ/ਰੂਪਕ ਅਲੰਕਾਰਾਂ ਦੀ ਭਰਮਾਰ ਰੌਚਿਕਤਾ ਕਾਇਮ ਰੱਖਦੀ ਹੈ। ਪਾਠਕ ਦੀ ਉਤਸੁਕਤਾ ਨੂੰ ਕਾਇਮ ਰੱਖਣ ਲਈ ਸਤੌਜ ਵਿਭਿੰਨ ਔਜ਼ਾਰ ਵਰਤਦਾ ਹੈ। ਸਤੌਜ ਦੀ ਨਾਵਲਕਾਰੀ ਦੀ ਦੇ ਕਲਾ ਪੱਖ ਦੀ ਵਿਸ਼ੇਸ਼ਤਾ ਉਸ ਵਲੋਂ ਵਰਤੇ ਨਿਵੇਕਲੇ ਅਤੇ ਨਵੇਂ ਉਪਮਾ ਅਲੰਕਾਰਾਂ ਵਿਚ ਹੈ, ਜਦੋਂ ਉਹ ਤੁਲਨਾ ਕਰਨ ਲਈ ਆਪਣੇ ਆਸੇ-ਪਾਸੇ ਜਾਂ ਆਪਣੇ ਅਨੁਭਵ ਮੁਤਾਬਿਕ ਮਿਆਰੀ ਪੇਸ਼ਕਾਰੀ ਦਿੰਦਾ ਹੈ। ਟੱਚ ਮੋਬਾਈਲਾਂ ਤੇ ਪੰਛੀਆਂ ਵਾਂਗ ਠੁੰਗਾਂ ਮਾਰਦੇ ਮੁੰਡੇ। ਇਹੀ ਨਹੀਂ ਕਈ ਥਾਂ ਤਾਂ ਪੂਰੀ ਵਾਕ-ਬਣਤਰ ਹੀ ਰੂਪਕ ਅਲੰਕਾਰ ਦੀ ਖ਼ੂਬਸੂਰਤ ਪੇਸ਼ਕਾਰੀ ਹਨ – ਕਈ ਕੁੜੀਆਂ ਦੀਵੇ ਲਾਉਣ ਗਈਆਂ ਕਿਸੇ ਦੇ ਕਾਲਜੇ ਅੱਗ ਲਾ ਆਈਆਂ ਹਨ। ਜਿੱਥੇ “ਕ” ਵਰਣ ਦੀ ਵਾਰ-ਵਾਰ ਆਰੰਭਤਾ ਨਾਲ ਅਨੁਪ੍ਰਾਸ ਅਲੰਕਾਰ ਦੀ ਝਲਕ ਪੈਂਦੀ ਹੈ, ਉੱਥੇ ਦੀਵੇ ਲਾਉਣ ਗਈਆਂ ਕੁੜੀਆਂ ਵਲੋਂ ਕਿਸੇ ਦੇ ਕਾਲਜੇ ਅੱਗ ਲਾਉਣ ਦਾ ਰੂਪਕ ਆਪਣੇ ਆਪ ਵਿਚ ਨਿਵੇਕਲਾ ਅਤੇ ਪ੍ਰਭਾਵਸ਼ਾਲੀ ਹੈ। ਇਕਸਾਰਤਾ ਨੂੰ ਤੋੜਣ ਲਈ ਉਹ ਇਕ ਉਪ-ਕਥਾ ਥੋੜੀ ਲੰਮੇਰੀ ਹੋਣ ਤੇ ਨਾਲ ਹੀ ਸਮਾਂਤਰ ਚੱਲਦੀ ਦੂਸਰੀ ਕਹਾਣੀ ਨੂੰ ਛੋਹ ਲੈਂਦਾ ਹੈ। ਇਸ ਤਰ੍ਹਾਂ ਉਹ ਕਹਾਣੀ ਰਸ ਨੂੰ ਕਿਤੇ ਵੀ ਫਿੱਕਾ ਜਾਂ ਧੁੰਦਲਾ ਨਹੀਂ ਪੈਣ ਦਿੰਦਾ। ਵਿਸ਼ੇ ਨੂੰ ਸੰਘਣਾ ਬਣਾਉਣ ਲਈ ਉਹ ਵਾਰਤਾਲਾਪ ਨੂੰ ਗੰਭੀਰ ਬਣਾ ਦਿੰਦਾ ਹੈ – ਇਹ ਤਾਂ ਅਮੀਰ ਹੋਰ ਅਮੀਰ ਹੋਈ ਜਾਂਦੇ ਨੇ, ਉਸੇ ਨੂੰ ਤਰੱਕੀ ਦਾ ਨਾਮ ਦੇਤਾ। ਆਪਾਂ ਤਾਂ ਪਹਿਲਾਂ ਵੀ ਏਥੀ ਖੜ੍ਹੇ ਸੀ, ਹੁਣ ਵੀ ਏਥੀ ਖੜ੍ਹੇ ਆਂ। ਹਾਂ, ਬਿਮਾਰੀਆਂ ਆਲੇ ਪਾਸਿਓਂ ਜ਼ਰੂਰ ਵਾਧਾ ਹੋ ਗਿਐ।” ਇਹੀ ਨਹੀਂ ਇਸੇ ਮਨੋਰਥ ਲਈ ਉਹ ਅੱਗੇ ਤਕਨੀਕੀ ਪੱਧਰ ਤੇ ਪ੍ਰਯੋਗ ਕਰਦਾ ਹੋਇਆ ਕਥਾ-ਰਸ ਵਿਚ ਵਾਧਾ ਵੀ ਕਰਦਾ ਹੈ ਅਤੇ ਵਿਸ਼ੇ ਦੀ ਗੰਭੀਰਤਾ ਨੂੰ ਕਾਇਮ ਹੀ ਨਹੀਂ ਰੱਖਦਾ ਸਗੋਂ ਚਰਮ-ਸੀਮਾ ਤੇ ਪਹੁੰਚਾ ਦਿੰਦਾ ਹੈ, “ਹੁਣ ਤਾਂ ਬੰਦਿਆਂ ਦੇ ਨਾਂ ਵੀ ਸਿੰਘ, ਖ਼ਾਨ, ਰਾਮ, ਕੌਰ, ਰਾਣੀ ਦੀ ਥਾਂ ਗੁਰਮੁਖ ਕਾਲਾ ਪੀਲੀਆ, ਬੰਤ ਪੱਥਰੀ, ਮੱਘਰ ਏਡਜ਼, ਚਾਂਦੀ ਸ਼ੂਗਰ ਹੋਣੇ ਚਾਹੀਦੇ ਨੇ।” ਇਹੀ ਨਹੀਂ ਤੁਲਨਾ ਵਿਧੀ ਰਾਹੀਂ ਉਹ ਪ੍ਰਭਾਵ ਨੂੰ ਹੋਰ ਮੋਕਲਾ ਕਰਦਾ ਹੈ: ਮਨੁੱਖ ਕੁਦਰਤ ਨਾਲੋਂ ਟੁੱਟ ਕੇ ਮਸ਼ੀਨ ਨਾਲ ਜੁੜ ਗਿਆ। ਕੋਠੀਆਂ ਵਧ ਗਈਆਂ, ਰੁੱਖ ਘਟ ਗਏ। ਸਪਰੇਹਾਂ ਨੇ ਧਰਤ ਦੀ ਤਾਕਤ ਖ਼ਤਮ ਕਰ ਦਿੱਤੀ। ਪਹਿਲਾਂ ਚਾਹੇ ਬੰਦਾ ਧਰਤੀ ‘ਚ ਗੱਡ ਦਿੰਦੇ, ਉਹ ਵੀ ਹਰਾ ਹੋ ਜਾਂਦਾ।
ਨਾਵਲ ਦੀ ਹਰ ਪੜ੍ਹਤ ਪਾਠਕ ਨੂੰ ਨਵੀਂ ਜਾਣਕਾਰੀ, ਅਨੁਭਵ ਅਤੇ ਸੰਵੇਦਨਾ ਨਾਲ ਰੂਬਰੂ ਕਰਵਾਉਂਦੀ ਹੈ। ਨਾਵਲਕਾਰ ਨੇ ਇਸਦੇ ਬਿਰਤਾਂਤ ਵਿਚ ਮਨੋਵਿਗਿਆਨ, ਸਮਾਜ ਅਤੇ ਰਾਜਨੀਤੀ ਦੇ ਵਿਭਿੰਨ ਸਰੋਕਾਰਾਂ ਨੂੰ ਬੜੀ ਪ੍ਰਤੀਬੱਧਤਾ ਨਾਲ ਗੁੰਂਦਿਆ ਹੈ। ਸਮਾਜ ਦੀ ਸਭ ਤੋਂ ਪਰਿਪੱਕ ਇਕਾਈ ਪਿੰਡ ਨੂੰ ਸਾਹਮਣੇ ਰੱਖ ਕੇ ਸਤੌਜ ਨੇ ਸਾਨੂੰ ਇਸ ਦੇ ਵਿਭਿੰਨ ਪਹਿਲੂਆਂ ਨੂੰ ਪੇਸ਼ ਕਰਦਿਆਂ ਪੇਂਡੂ ਸਮਾਜ ਹੀ ਨਹੀਂ, ਸਮੁੱਚੇ ਮੁਆਸ਼ਰੇ ਨੂੰ ਇਸਦੀ ਸੰਪੂਰਨਤਾ ਵਿਚ ਪੇਸ਼ ਕਰਕੇ ਇਕ ਅਗਾਂਹਵਧੂ ਗਲਪਕਾਰ ਦਾ ਫਰਜ਼ ਨਿਭਾਇਆ ਹੈ।
ਸਤੌਜ ਦੇ ਨਾਵਲ ਨੂੰ ਪੜ੍ਹਦਿਆਂ ਇਹ ਗੱਲ ਸ਼ਪੱਸ਼ਟ ਹੋ ਜਾਂਦੀ ਹੈ ਕਿ ਉਸਨੂੰ ਕਹਾਣੀ ਕਹਿਣ ਦਾ ਵਲ ਹੈ। ਉਸਦਾ ਨਾਵਲ ਤਣਾਓ ਤੋਂ ਤਣਾਓ ਤੱਕ ਦਾ ਸਫ਼ਰ ਤਾਂ ਕਰਦਾ ਹੀ ਹੈ, ਨਾਵਲ ਦੇ ਹਰ ਕਾਂਡ ਵਿਚ ਇਹ ਤਣਾਓ ਬਰਕਰਾਰ ਹੈ। “ਡਰ ਦੇ ਅੱਗੇ ਪਿਆਰ ਹੈ” ਸਿਰਲੇਖ਼ ਵਾਲੇ ਕਾਂਡ ਦੇ ਆਰੰਭ ਵਿਚ ਮਿਹਰਪੁਰ ਤੋਂ ਭੀਖੀ ਜਾਣ ਵਾਲੀ ਸੜਕ ਦੇ ਮੋੜ ਤੇ ਪ੍ਰੀਤਮ ਸਿੰਘ ਮਹਿਫ਼ਲ ਜਮਾਈ ਬੈਠਾ ਹੈ। ਬਰਾਤ ਦੀਆਂ ਗੱਡੀਆਂ ਲੰਘਦਿਆਂ ਹੀ ਗੱਲਾਂ ਨਵੇਂ-ਪੁਰਾਣੇ ਵਿਆਹਾਂ ਉੱਪਰ ਛਿੜ ਪੈਂਦੀਆਂ ਹਨ। ਅਤੇ ਕਾਂਡ ਦਾ ਅੰਤ ਦੇਖੋ: “ਮੈਂ ਕਰਮੇ ਵਿਚੋਂ ਨਿਕਲ ਕੇ ‘ਭੂਤਾਂ ਵਾਲੇ ਪਿੱਪਲ’ ਤੇ ਆ ਬੈਠਦਾ ਹਾਂ। ਕੋਠੇ ਵਿਚ ਦੀਵਾ ਅਜੇ ਵੀ ਜਹਲ ਰਿਹਾ ਹੈ। ਨੇੜਲੇ ਡੇਰੇ ਵਿਚ ਮੋਰਾਂ ਨੇ ਕੂਕਣਾ ਕਦੋਂ ਦਾ ਬੰਦ ਕਰ ਦਿੱਤਾ ਹੈ। ਟਟੀਹਰੀ ਸ਼ਾਂਤ ਹੋ ਗਈ ਹੈ। ਪਿੱਪਲ ਵਾਲਾ ਪੰਛੀ ਮੁੜ ਆਲ੍ਹਣੇ ਵਿਚ ਆ ਬੈਠਾ ਹੈ। ਖੇਤਾਂ ਵਿਚ ਦੂਰ-ਦੂਰ ਤੱਕ ਸੰਨਾਟਾ ਪਸਰਿਆ ਹੈ।” ਕਾਂਡ ਦਾ ਇਹ ਅੰਤ ਉਚਾਣ ਤੋਂ ਨਿਵਾਣ ਜਾਂ ਢਲਾਣ ਵੱਲ ਜਾਂਦਾ ਹੈ, ਅਤੇ ਅਗਲੇ ਕਾਂਡ “ਦਸ ਦਿਨਾਂ ਬਾਅਦ” ਵਿਚ ਇਸੇ ਨਿਵਾਣ/ਢਲਾਣ ਦਾ ਵਿਸਤਾਰ ਬਹੁਤ ਹੀ ਸੰਜੀਦਗੀ ਨਾਲ ਕੀਤਾ ਗਿਆ ਹੈ, ਜਿਸ ਨੂੰ ਪੜ੍ਹਦਿਆਂ ਪਾਠਕ ਨੂੰ ਅਫ਼ਸਲ ਪਿਆਰ ਦਾ ਸਾਹਮਣਾ ਕਰਨ ਵਾਲੇ ਆਸ਼ਕ ਦੇ ਦਿਲ ਤੇ ਗੁਜ਼ਰਨ ਵਾਲੇ ਲਮਹੇ ਉਸ ਸਮੇਂ ਸਾਹਮਣੇ ਲਿਆਂਦੇ ਹਨ, ਜਦੋਂ ਉਸਦੀ ਪ੍ਰੇਮਿਕਾ ਦਾ ਵਿਆਹ ਹੋ ਰਿਹਾ ਹੈ, ਉਸਦੇ ਬਿਲਕੁਲ ਸਾਹਮਣੇ। ਇਸਦੇ ਨਾਲ ਹੀ ਮਾਸ਼ੂਕਾ ਦੀ ਹਾਲਤ ਦਾ ਹਿਰਦੇਵੇਧਕ ਬਿਓਰਾ ਵੀ ਇਸੇ ਕਾਂਡ ਨੂੰ ਸੰਪੂਰਨ ਕਰਦਾ ਹੈ। ਕਰਮੇ ਤੇ ਪਾਲੀ ਦੇ ਪਿਆਰ ਦਾ ਅਜਿਹਾ ਅੰਤ ਪਾਠਕ ਦੇ ਦਿਲ ਨੂੰ ਅੰਦਰੋਂ ਧੂਹ ਪਾਉਂਦਾ ਹੈ। ਇਸ ਅੰਤ ਨੂੰ ਪੇਸ਼ ਕਰਦਿਆਂ ਸਤੌਜ ਅੰਦਰਲਾ ਨਾਵਲਕਾਰ ਅਤੇ ਬਿਰਤਾਂਤਕਾਰ ਆਪਣੀ ਚਰਮ ਸੀਮਾ ਨੂੰ ਛੋਹ ਜਾਂਦਾ ਹੈ। ਕੁਝ ਨਮੂਨੇ ਪੇਸ਼ ਹਨ –
• “ਜੱਟ ਲੈ ਗਿਆ ਕਬੂਤਰ ਵਰਗੀ..!” ਕਰਮੇ ਦੇ ਜਿਵੇਂ ਧੁਰ ਅੰਦਰ ਸੂਲ ਚੁਭ ਗਈ ਹੋਵੇ। ਉਸਨੇ ਕਸੀਸ ਵੱਟ ਕੇ ਮੰਜੇ ਹੇਠੋਂ ਬੋਲਤ ਚੁੱਕ ਲਈ ਹੈ।
• ਪਾਲੀ ਦਾ ਸਾਰੇ ਦਿਨ ਦਾ ਰੱਖਿਆ ਜਬਤ ਟੁੱਟ ਗਿਆ ਹੈ।
• ਪਾਲੀ ਦੇ ਦਿਲ ਨੇ ਚਾਹਿਆ ਹੈ ਕਿ ਉਹ ਸਿੱਧੀ ਕਣਕਾਂ ਵਿਚੋਂ ਦੀ ਦੌੜ ਕੇ ਕਰਮੇ ਦੇ ਗਲ ਲੱਗ ਜਾਵੇ। ਬੱਸ ਆਖਝ਼ਰੀ ਵਾਰ ਉਸਨੂੰ ਘੁੱਟ ਕੇ ਬਾਹਾਂ ਵਿਚ ਲੈ ਲਵੇ। ਪਿੰਡ ਛੱਡ ਕੇ ਜਾਣ ਤੋਂ ਬਗ਼ਾਵਤ ਕਰ ਦੇਵੇ। ਪਰ ਮਾਂ-ਬਾਪ ਦੀਆਂ ਭਿੱਜੀਆਂ ਅੱਖਾਂ …
• ਉਸਨੇ ਖਿੱਲਾਂ ਦਾ ਰੁੱਗ ਭਰ ਕੇ ਪੂਰੇ ਜ਼ੋਰ ਨਾਲ ਪਿਛਾਂਹ ਸੁੱਟਿਆ ਹੈ ਜਿਵੇਂ ਉਸਨੇ ਸਹੇਲੀਆਂ ਦਾ ਸਹੇੁਲਪੁਣਾ, ਘਰ ਦਾ ਮੋਹ ਅਤੇ ਕਰਮੇ ਦਾ ਪਿਆਰ ਆਪਣੇ ਸਿਰੋਂ ਵਾਰ ਕੇ ਪਰ੍ਹਾਂ ਵਗਾਹ ਮਾਰਿਆ ਹੋਵੇ।
• ਟੈਂਟ ਵਾਲੀ ਥਾਂ ਕਿੰਨ੍ਹਾਂ ਕੁਝ ਖਿ਼ਲਰਿਆ ਪਿਆ ਦੇਖ ਉਸਨੂੰ ਮਹਿਸੂਸ ਹੋਇਆ, ਜਿਵੇਂ ਬਰਾਤੀ ਇਸ ਜਗ੍ਹਾ ਨਹੀਂ ਉਸਦੀ ਹਿੱਕ ਤੇ ਨੱਚ ਕੇ ਗਏ ਹੋਣ/
• ਪਾਲੀ ਦੇ ਘਰ ਬਲਬਾਂ ਅਤੇ ਦੀਪਮਾਲਾਵਾਂ ਦਾ ਚਾਨਣ ਹੀ ਚਾਨਣ ਹੈ, ਪਰ ਪਾਲੀ ਦਾ ਕੋਹੇਨੂਰ ਵਰਗਾ ਚਮਕਦਾ ਚਿਹਰਾ ਹੁਣ ਹਮੇਸ਼ਾ ਲਈ ਗਾਇਬ ਹੋ ਗਿਆ ਹੈ।
ਪਾਠਕ ਨੂੰ ਕਰਮੇ-ਪਾਲੀ ਦੇ ਅਸਫ਼ਲ ਪ੍ਰੇਮ ਦੇ ਮਨੋਵੇਗ ਵਿਚ ਭਿੱਜੇ ਹੋਏ ਛੱਡ ਕੇ ਉਹ ਕੋਈ ਹੋਰ ਕਥਾ ਛੋਹਣ ਦੀ ਥਾਂ ਸੂਤਰਧਾਰ ਨੂੰ ਆਪਣੇ ਹੀ ਪ੍ਰੇਮ ਦੀ ਅਸਫ਼ਲ ਕਥਾ ਸੁਣਾਉਣ ਲਗਾ ਦਿੰਦਾ ਹੈ, ਅਤੇ ਇਸ ਤਰ੍ਹਾਂ ਧਰਾਤਲ ਦਾ ਪੱਧਰ ਬਰਕਰਾਰ ਰੱਖਦਾ ਹੈ।
ਸੂਤਰਧਾਰ ਦੀ ਕਹਾਣੀ ਪੜ੍ਹਦਿਆਂ ਪਾਠਕ ਮਹਿਸੂਸ ਕਰਦਾ ਹੈ ਕਿ ਇਨਸਾਨ ਦੀਆਂ ਲੋੜਾਂ ਕਿੰਨੀਆਂ ਘੱਟ ਹਨ, ਪਰ ਜਿਨ੍ਹਾਂ ਕੋਲ ਇਨ੍ਹਾਂ ਲੋੜਾਂ ਨੂੰ ਪੂਰੇ ਕਰਨ ਜੋਗੇ ਵੀ ਪੈਸੇ ਅਤੇ ਸਮਾਂ ਨਹੀਂ ਉਹ ਕਿੰਨੇ ਅਭਾਗੇ ਹਨ, ਅਤੇ ਸੂਤਰਧਾਰ ਬਲਵੰਤ ਸਿੰਘ ਤਰਕ ਉਨ੍ਹਾਂ ਵਿਚੋਂ ਹੈ। ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਬੰਤੀ ਸੂਤਰਧਾਰ ਨੂੰ ਮੌਤ ਉਡੀਕ ਰਹੀ ਹੈ, ਪੈਸਾ ਹੈ ਨਹੀਂ, ਪਰ “ਸਭ ਤੋਂ ਵੱਧ ਦੁੱਖ ਤਾਂ ਮੈਨੂੰ ਮੇਰੀਆਂ ਥੋੜ੍ਹੀਆਂ ਜਿਹੀਆਂ ਲਿਖੀਆਂ ਅਤੇ ਬਹੁਤੀਆਂ ਅਣਲਿਖੀਆਂ ਰਚਨਾਵਾਂ ਦਾ ਸੀ। ਕਿੰਨਾ ਹੀ ਕੁਝ ਮੇਰੇ ਅੰਦਰ ਪੱਕਿਆ ਪਿਆ ਸੀ, ਜਿਸਨੂੰ ਮੈਂ ਕਬੀਲਦਾਰੀ ਦੇ ਗਧੀ-ਗੇੜ ਵਿਚ ਪਿਆ ਕਦੇ ਵੀ ਕਾਪ ਉੱਪਰ ਨਾ ਉਤਾਰ ਸਕਿਆ।” ਇਹ ਹੋਣੀ ਲਗਭਗ ਹਰ ਗਰੀਬ ਕਥਾਕਾਰ ਦੀ ਹੋਣੀ ਹੈ। “ਯੁੱਧ ਖ਼ੇਤਰ” ਕਾਂਡ ਵਿਚ ਸਤੌਜ ਸਾਹਿਤਕਾਰਾਂ ਦੇ ਜੁੱਟਾਂ ਤੇ ਟਿੱਪਣੀ ਕਰਦਾ ਹੈ, “ਦਲਿਤ ਲੇਖਕ, ਜੱਟ ਲੇਖਕ, ਪ੍ਰਵਾਸੀ ਲੇਖਕ, ਭਾਰਤੀ ਪੰਜਾਬੀ ਲੇਖਕ, ਹਰਿਆਣਵੀ ਪੰਜਾਬੀ ਲੇਖਕ, ਦਿੱਲੀ ਪੰਜਾਬੀ ਲੇਖ਼ਕ ਅਤੇ ਹੋਰ ਪਤਾ ਨਹੀਂ ਕੀ-ਕੀ ਬਣ ਗਏ ਹਨ।” ਸਾਹਿਤਕਾਰਾਂ ਵਿਚ ਅਜਿਹੀ ਰਾਜਸੀ ਆਗੂਆਂ ਵਾਲੀ ਚੌਧਰ ਦੀ ਭੁੱਖ ਤੇ ਟਿੱਪਣੀ ਕਰਦਾ ਆਉਣ ਵਾਲੇ ਸਮੇਂ ਵਿਚ “ਸੰਗਰੂਰਵੀ ਲੇਖਕ, ਬਰਨਾਲਵੀ ਲੇਖਕ, ਚੰਡੀਗੜ੍ਹਵੀ ਲੇਖਕ, ਬਠਿੰਡਵੀ ਲੇਖਕ ਅਤੇ ਮੁਕਤਸਰੀ ਲੇਖਕਾਂ” ਤੇ ਫਿਰ ਪਿੰਡ ਪੱਧਰ ਤੇ “ਕੁੱਸਾਵੀ ਲੇਖਕ, ਬਰਮਾਲਪੁਰੀ ਲੇਖਕ। ਧਰਮਗੜ੍ਹੀਏ ਲੇਖਕ, ਕਲੀਪੁਰੀਏ ਲੇਖਕ, ਗੋਬਿੰਦਪੁਰੀਏ ਲੇਖਕ ਅਤੇ ਢੈਪਈਏ ਲੇਖਕਾਂ” ਦੀ ਹੋਂਦ ਦੀ ਭਵਿੱਖਬਾਣੀ ਕਰਦਾ ਆਖਦਾ ਹੈ, “ਚੱਲ ਛੱਡ। ਸ਼ੁਕਰ ਹੈ ਆਪਾਂ ਲੇਖ਼ਕ ਬਣਨ ਤੋਂ ਪਹਿਲਾਂ ਹੀ ਮਰ ਗਏ।” ਕਾਸ਼! ਇਹ ਭਵਿੱਖਬਾਣੀ ਕਦੀ ਸੱਚ ਨਾ ਹੋਵੇ।
ਨਾਵਲ ਵਿਚ ਕੁਝ ਕੁ ਨੁਕਤੇ ਰੜਕਦੇ ਵੀ ਹਨ। ਜਿਵੇਂ ਇਕ ਯਥਾਰਥਵਾਦੀ ਨਾਵਲ ਲਿਖਣ ਲਈ ਨਾਵਲਕਾਰ ਵਲੋਂ ਮਰ ਚੁੱਕੇ ਸੂਤਰਧਾਰ ਦੀ ਪੇਸ਼ਕਾਰੀ ਕਲਪਨਾ ਦਾ ਅੰਸ਼ ਜੀਵਿਤ ਰੱਖਦੀ ਹੈ। ਭਾਵੇਂ ਕਿ ਪਾਠਕ ਵੀ ਜਾਣਦਾ ਹੈ ਕਿ ਇਹ ਇਕ ਕਾਲਪਨਿਕ ਰਚਨਾ ਹੈ, ਅਤੇ ਸਰਵਵਿਆਪੀ ਸੂਤਰਧਾਰ ਦੀ ਹੋਂਦ ਇਕ (ਅ)ਮਰ ਵਿਅਕਤੀ ਰਾਹੀਂ ਹੀ ਸੰਭਵ ਸੀ, ਫਿਰ ਵੀ ਇਹ ਗੱਲ ਕਿਤੇ ਨਾ ਕਿਤੇ ਰੜਕਦੀ ਹੈ। ਅੱਠਵੀਂ ਜਮਾਤ ਦੇ ਬੰਤੀ ਵਲੋਂ ਲਗਭਗ ਹਮਉਮਰ ਮਨੀ ਨਾਲ ਐਨੀ ਛੇਤੀ ਘੁਲ ਮਿਲ ਜਾਣਾ ਅਤੇ ਪਿਆਰ ਵਿਚ ਗ਼ਲਤਾਨ ਹੋਣਾ ਵੀ ਸੰਭਵ ਨਹੀਂ ਜਾਪਦਾ। ਇਨ੍ਹਾਂ ਮਾਮੂਲੀ ਖੋਟਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਸਮੁੱਚੇ ਰੂਪ ਵਿਚ ਨਾਵਲ ਸਫ਼ਲ ਹੈ।
ਨਾਵਲਕਾਰ ਨੇ ਇਸ ਨਾਵਲ ਵਿਚ ਨਸ਼ੇ, ਸਰਕਾਰੀ ਭ੍ਰਿ਼ਸ਼ਟਾਚਾਰ, ਅਫ਼ਸਲ ਲੋਕਤੰਤਰ, ਪ੍ਰਦੂਸ਼ਣ ਅਤੇ ਗਰੀਬੀ ਜਾਂ ਬੇਰੁਜ਼ਗਾਰੀ ਵਰਗੇ ਢੇਰ ਸਾਰੇ ਵਿਸ਼ੇ ਛੋਹੇ ਹਨ ਅਤੇ ਸਫ਼ਲਤਾ ਸਹਿਤ ਨਿਭਾਏ ਹਨ। ਸ਼ੈਲੀ ਪੱਖ਼ੋਂ ਵੀ ਨਾਵਲ ਵਿਚ ਕਈ ਨਵੇਂ ਅਤੇ ਸਫ਼ਲ ਪ੍ਰਯੋਗ ਕੀਤੇ ਗਏ ਹਨ। ਸਮੁੱਚੇ ਰੂਪ ਵਿਚ ਇਹ ਇਕ ਪੜ੍ਹਣਯੋਗ ਅਤੇ ਸਾਂਭਣਯੋਗ ਰਚਨਾ ਹੈ।

