ਭਗਤ ਸਿੰਘ ਨੂੰ ਯਾਦ ਕਰਦਿਆਂ ਅਕਸਰ ਇੱਕ ਪ੍ਰਭਾਵਸ਼ਾਲੀ ਹਸਮੁੱਖ ਅਤੇ ਗੰਭੀਰ ਨੌਜਵਾਨ ਅੱਖਾਂ ਸਾਹਮਣੇ ਆ ਖੜ੍ਹਦਾ ਹੈ। ਭਗਤ ਸਿੰਘ ਦਾ ਉਸੇ ਤਰ੍ਹਾਂ ਦਾ ਹੀ ਬਿੰਬ ਦਿਮਾਗ਼ ਵਿੱਚ ਘੁੰਮ ਰਿਹਾ ਹੈ ਜਿਸ ਤਰ੍ਹਾਂ ਦਾ ਉਸ ਬਾਰੇ ਪੜ੍ਹਿਆ ਹੈ ਆਜ਼ਾਦੀ ਦਾ ਪਰਵਾਨਾ, ਬੰਦੂਕਾਂ ਬੀਜਦਾ, ਅੰਤਾਂ ਦਾ ਸਿਆਣਾ ਪੜ੍ਹਿਆ ਲਿਖਿਆ ਸੂਝਵਾਨ ਦੂਰ ਦੀ ਸੋਚਣ ਵਾਲਾ। ਕਹਿਣ ਵਾਲੇ ਕਹਿੰਦੇ ਹਨ ਕਿ ਜੇ ਭਗਤ ਸਿੰਘ ਨੂੰ ਚੜੀ ਜਵਾਨੀ ਵਿਚ ਫਾਂਸੀ ਨਾ ਹੁੰਦੀ ਤਾਂ ਭਾਰਤ ਦੀ ਦਸ਼ਾ ਅਤੇ ਦਿਸ਼ਾ ਕੁਝ ਹੋਰ ਹੋਣੀ ਸੀ, ਪਰ ਅਫ਼ਸੋਸ ਇਹ ਸਾਡੀ ਬਦਕਿਸਮਤੀ ਕਹਿ ਲਓ ਕਿ ਉਹ ਜ਼ਿਆਦਾ ਦੇਰ ਤੱਕ ਸਾਡੇ ਦਰਮਿਆਨ ਨਾ ਰਿਹਾ ਸਾਡੀ ਅਗਵਾਈ ਨਾ ਕਰ ਸਕਿਆ।
ਇਸ ਦਰਮਿਆਨ ਭਗਤ ਸਿੰਘ ਦੇ ਸੁਪਨਿਆਂ ਦਾ ਸਵਰਾਜ ਪਤਾ ਨਹੀਂ ਕਿੱਥੇ ਰੁਲ ਖੁੱਲ੍ਹ ਗਿਆ। ਬਆਦ ਵਿਚ ਕੋਈ ਉਸਦੀ ਪੱਗ ਪਿੱਛੇ ਲੜਦਾ ਰਿਹਾ ਕੋਈ ਉਸਦੀ ਟੋਪੀ ਪਿੱਛੇ ਅਤੇ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਬਹੁਤ ਪਿੱਛੇ ਧੂੜ ਵਿਚ ਗਵਾਚ ਗਿਆ, ਖਾ ਗਈਆਂ ਯੋਕਾਂ ਉਸਨੂੰ ਤੋੜ ਤੋੜ ਕੇ। ਦੇਸ਼ ਦੀ ਵਾਗਡੋਰ ਨੌਜਵਾਨਾਂ ਨੂੰ ਫੜਾਉਣ ਦੇ ਇਸ਼ੁੱਕ ਭਗਤ ਸਿੰਘ ਨੂੰ ਕੀ ਪਤਾ ਸੀ ਕਿ ਉਸਦੇ ਨਾਮ ਨੂੰ ਕਿਥੇ ਕਿਥੇ ਅਤੇ ਕਿਹੋ ਜਿਹੇ ਭੈੜੇ ਕੰਮਾਂ ਲਈ ਵਰਤਿਆ ਜਾਵੇਗਾ। ਭਗਤ ਸਿੰਘ ਦੀ ਸੋਚ ਨੂੰ ਬਦਲਣ ਵਿਚ ਅਹਿਮ ਭੂਮਿਕਾ ਨਿਭਾਈ ਹੈ ਦੇਸ਼ ਦੀ ਗੰਦੀ ਰਾਜਨੀਤੀ ਨੇ, ਸਿਆਸੀ ਲੀਡਰਾਂ ਨੇ ਜੋ ਨਹੀਂ ਚਾਹੁੰਦੇ ਕਿ ਦੇਸ਼ ਅੱਗੇ ਜਾਵੇ ਲੋਕ ਪੜ੍ਹ ਲਿਖ ਜਾਣ, ਉਨ੍ਹਾਂ ਨੂੰ ਸੋਝੀ ਆਵੇ, ਨਹੀਂ ਤਾ ਇਹ ਲੋਕ ਕੱਲ੍ਹ ਨੂੰ ਸਾਨੂੰ ਸਵਾਲ ਕਰਨਗੇ ਸਮਾਜ ਵਿਚ ਹੋ ਰਹੇ ਗ਼ਲਤ ਕੰਮਾਂ ਬਾਰੇ ਜਾਗਰੂਕ ਹੋਣਗੇ।
ਤੀਜੇ ਕੁ ਦਿਨ ਕੋਈ ਸਿਆਸੀ ਲੀਡਰ ਉੱਠਦਾ ਜੋ ਭਗਤ ਸਿੰਘ ਦੀਆਂ ਸਹੁੰਆਂ ਖਾਣ ਲੱਗ ਜਾਂਦਾ, ਉਸਦੀ ਸੋਚ ਨੂੰ ਅਪਣਾਉਂਦਾ, ਉਸਦੇ ਪਿੰਡ ਦੀ ਮਿੱਟੀ ਚੱਕ ਚੱਕ ਕੇ ਨਾਹਰੇ ਲਾਉਂਦਾ, ਮਜ਼ਾਕ ਬਣਾ ਕੇ ਰੱਖ ਦਿੱਤਾ ਇਹਨਾਂ ਸ਼ਹੀਦਾਂ ਦੇ ਸੁਪਨਿਆਂ ਦਾ। ਅਸੀਂ ਕਮਜ਼ੋਰ ਨਹੀਂ ਸਾਨੂੰ ਕਮਜ਼ੋਰ ਬਣਾਇਆ ਜਾ ਰਿਹਾ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ। ਇਸ ਪਰਦੇ ਪਿੱਛੇ ਸਾਨੂੰ ਸ਼ਹੀਦਾਂ ਦੀ ਸੋਚ ਤੋਂ ਪਾਸੇ ਹਟਾ ਕੇ ਅਖੌਤੀ ਬੂਬਨੇ ਬਾਬਿਆਂ ਪਿੱਛੇ, ਡੇਰਾਵਾਦ ਪਿੱਛੇ, ਚਿਲਮਾਂ ਪੀਣੇ ਨੰਗੇ ਮਸਤਾਂ ਪਿੱਛੇ ਲਗਾਇਆ ਜਾ ਰਿਹਾ। ਇਹਨਾਂ ਗੱਲਾਂ ਦਾ ਇਕਦਮ ਪਤਾ ਨਹੀਂ ਲਗਦਾ ਪਰ ਹੌਲੀ ਹੌਲੀ ਨਤੀਜੇ ਸਾਡੇ ਸਭ ਦੇ ਸਾਹਮਣੇ ਹਨ।
ਜਾਗਰੂਕ ਸਾਨੂੰ ਹੀ ਹੋਣਾ ਪੈਣਾ ਜੋ ਕੰਮ ਅਸੀਂ ਆਪ ਕਰ ਸਕਦੇ ਹਾਂ ਉਸ ਕੰਮ ਨੂੰ ਕਰਾਉਣ ਲਈ ਕਿਸੇ ਦੂਜੇ ਦੇ ਹੱਥ ਵੱਲ ਕਿਉਂ ਦੇਖਦੇ ਹਾਂ। ਭਗਤ ਸਿੰਘ ਦੀ ਸੋਚ ਨੂੰ ਅਪਣਾਉਣ ਲਈ ਕੀ ਇਹਨਾਂ ਲੀਡਰਾਂ ਨੂੰ ਵਿਚੋਲੇ ਬਣਾਉਣਾ ਜ਼ਰੂਰੀ ਹੈ, ਜੇ ਹਾਲੇ ਵੀ ਨਹੀਂ ਸਮਝਣਾ ਤਾਂ ਕਰੀ ਜਾਓ ਫਿਰ ਕੁਰਬਾਨ ਆਪਣਾ ਭਵਿੱਖ, ਆਪਣੇ ਸੁਪਨੇ, ਚਾਅ-ਰੀਝਾਂ, ਆਪਣੇ ਹੱਕ। ਨਹੀਂ ਤਾਂ ਫਿਰ ਆਪਣੇ ਹੀ ਚੁਣੇ ਨੁਮਾਇੰਦਿਆਂ ਤੋਂ ਕੁੱਟ ਤਾਂ ਆਪਾਂ ਫਿਰ ਕਈ ਸਾਲਾਂ ਤੋਂ ਖਾਈ ਹੀ ਜਾਂਦੇ ਹਾਂ ਪੱਗਾਂ ਲਹਾਈ ਜਾਂਦੇ ਹਾਂ। ਜੋ ਹਾਲ ਬੇਰੁਜ਼ਗਾਰਾਂ ਨਾਲ ਹੁੰਦਾ ਹੈ ਉਹ ਕਿਸੇ ਤੋਂ ਲੁਕਿਆ ਨਹੀਂ।


