By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪ੍ਰੋਫੈਸਰ ਰਣਧੀਰ ਸਿੰਘ ਨੂੰ ਯਾਦ ਕਰਦਿਆਂ -ਗੌਤਮ ਨਵਲੱਖਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਪ੍ਰੋਫੈਸਰ ਰਣਧੀਰ ਸਿੰਘ ਨੂੰ ਯਾਦ ਕਰਦਿਆਂ -ਗੌਤਮ ਨਵਲੱਖਾ
ਨਜ਼ਰੀਆ view

ਪ੍ਰੋਫੈਸਰ ਰਣਧੀਰ ਸਿੰਘ ਨੂੰ ਯਾਦ ਕਰਦਿਆਂ -ਗੌਤਮ ਨਵਲੱਖਾ

ckitadmin
Last updated: July 23, 2025 8:31 am
ckitadmin
Published: March 21, 2016
Share
SHARE
ਲਿਖਤ ਨੂੰ ਇੱਥੇ ਸੁਣੋ

[31 ਜਨਵਰੀ ਦੀ ਰਾਤ ਉੱਘੇ ਮਾਰਕਸੀ ਚਿੰਤਕ ਪ੍ਰੋਫੈਸਰ ਰਣਧੀਰ ਸਿੰਘ ਜੀ ਦਾ ਦੇਹਾਂਤ ਹੋ ਗਿਆ। ਉਹ 94 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਮਨੁੱਖਤਾ ਇਕ ਉੱਚਕੋਟੀ ਦੇ ਜ਼ਹੀਨ, ਮਨੁੱਖਤਾਵਾਦੀ ਬੁੱਧੀਜੀਵੀ ਤੇ ਮਾਰਕਸੀ ਵਿਦਵਾਨ ਤੋਂ ਵਾਂਝੀ ਹੋ ਗਈ ਹੈ। ਅਦਾਰਾ ਲੋਕ-ਕਾਫ਼ਲਾ ਉਨ੍ਹਾਂ ਦੀ ਬਹੁਪੱਖੀ ਬੌਧਿਕ ਦੇਣ ਨੂੰ ਸਲਾਮ ਕਰਦਾ ਹੋਇਆ ਉਨ੍ਹਾਂ ਦੀ ਜ਼ਹੀਨ ਸ਼ਖਸੀਅਤ ਅਤੇ ਵਿਦਵਤਾ ਉੱਪਰ ਚਾਨਣਾ ਪਾਉਦੀ ਗੌਤਮ ਨਵਲੱਖਾ ਦੀ ਇਹ ਵਿਸਤਾਰੀ ਸ਼ਰਧਾਂਜਲੀ-ਲਿਖਤ ਪਾਠਕਾਂ ਦੀ ਨਜ਼ਰ ਕਰ ਰਿਹਾ ਹੈ। ਇਸਦਾ ਪੰਜਾਬੀ ਵਿਚ ਅਨੁਵਾਦ ਸਾਥੀ ਹਰਚਰਨ ਸਿੰਘ ਚਾਹਿਲ, ਬਰਨਾਲਾ ਵਲੋਂ ਕੀਤਾ ਗਿਆ ਹੈ।]


ਪ੍ਰੋਫੈਸਰ ਰਣਧੀਰ ਸਿੰਘ ਨਾਲ ਮੇਰਾ ਮੇਲ ‘ਇਕਨਾਮਿਕ ਐਂਡ ਪੁਲੀਟੀਕਲ ਵੀਕਲੀ’ (ਈ.ਪੀ.ਡਬਲਯੂ) ਦੇ ਪੰਨਿਆਂ ਰਾਹੀਂ ਹੋਇਆ ਜਦ ਮੈਂ ਉਸ ਦਾ ਲੇਖ ‘ਮਾਰਕਸਵਾਦੀ ਅਤੇ ਪੰਜਾਬ ਵਿਚ ਸਿੱਖ ਅੱਤਵਾਦੀ ਲਹਿਰ’ (ਈ.ਪੀ.ਡਬਲਯੂ; ਅਗਸਤ 22,1987) ਪੜ੍ਹਿਆ। ਉਸ ਬਾਰੇ ਮੈਂ ਉਸ ਦੇ ਵਿਦਿਆਰਥੀਆਂ ਤੋਂ ਸੁਣ ਰੱਖਿਆ ਸੀ ਪਰ ਇਹ ਲੇਖ ਅਤੇ ਇਕਨਾਮਿਕ ਐਂਡ ਪੁਲੀਟੀਕਲ ਵੀਕਲੀ ਵਿਚ ਲਿਖੇ ਉਸ ਦੇ ਕਈ ਹੋਰ ਲੇਖਾਂ ਨੇ, ਉਸ ਦੀ ਪਹਿਚਾਣ ਸਾਡੇ ਵਿਚੋਂ ਕਈਆਂ ਦਾ ਬੁਲਾਰਾ ਹੋਣ ਵਾਲੀ ਬਣਾ ਦਿਤੀ। 1990 ਵਿਚ ਕਿਸੇ ਸਮੇਂ ਮੈਨੂੰ ਉਸ ਨੂੰ ਮਿਲਣ ਤੇ ਜਾਣਨ ਦਾ ਮੌਕਾ ਮਿਲਿਆ। ਉਸ ਸਮੇਂ ਉਸ ਨੇ ‘ਪੀਪਲਜ਼ ਯੂਨੀਅਨ ਫਾਰ ਡੈਮੋਕਰੈਟਿਕ ਰਾਈਟਸ (ਦਿੱਲੀ)’ ਦਾ ਵਿਸ਼ੇਸ਼ ਸਲਾਹਕਾਰ ਬਣਨਾ ਸਵੀਕਾਰ ਕਰ ਲਿਆ ਅਤੇ ਸਾਡਾ ਸਬੰਧ ਹੋਰ ਮਜ਼ਬੂਤ ਹੋ ਗਿਆ।

 

 

ਸਾਡੇ ਲਈ ਪ੍ਰੇਸ਼ਾਨੀ ਜਾਂ ਘਬਰਾਹਟ ਪੈਦਾ ਕਰਨ ਵਾਲੇ ਜਾਂ ਹੋਰ ਸਰੋਕਾਰੀ ਮੁੱਦਿਆਂ ਬਾਰੇ ਉਨ੍ਹਾਂ ਵਲੋਂ ਪ੍ਰਦਾਨ ਕੀਤੀ ਗਈ ਸਪੱਸ਼ਟਤਾ ਕਾਰਨ, ਮੈਨੂੰ ਅਤੇ ਪੀ.ਯੂ.ਡੀ.ਆਰ ਵਿਚ ਸਾਨੂੰ ਸਾਰਿਆਂ ਨੂੰ, ਇਸ ਮੇਲ-ਜੋਲ ਦਾ ਬਹੁਤ ਫ਼ਾਇਦਾ ਹੋਇਆ। ਪਰ ਮੈਂ ਇਸ ਸ਼ਰਧਾਂਜਲੀ ਸੁਨੇਹੇ ਵਿਚ ਉਸ ਦੇ ਮੇਰੇ ਨਾਲ ਨਿੱਜੀ ਸਬੰਧਾਂ ਜਾਂ ਪੀ.ਯੂ.ਡੀ.ਆਰ ਨਾਲ ਸਬੰਧਾਂ ਬਾਰੇ ਵਿਸਥਾਰ ਵਿਚ ਨਹੀਂ ਜਾਣਾ ਚਾਹੁੰਦਾ ਸਗੋਂ ਉਸ ਦੀ ਉਸ ਤੀਖਣ ਸੂਝ ਵੱਲ ਧਿਆਨ ਦਿਵਾਉਣਾ ਚਾਹਾਂਗਾ ਜਿਸ ਨੂੰ ਉਸ ਨੇ ਈ.ਪੀ.ਡਬਲਯੂ ਵਿਚਲੀਆਂ ਆਪਣੀਆਂ ਲਿਖਤਾਂ ਰਾਹੀਂ ਉਭਾਰਿਆ ਹੈ ਜੋ ਇਕ-ਦੋ ਦਹਾਕਿਆਂ ਬਾਅਦ ਦੇ ਸਮਕਾਲੀ ਦੌਰ ਵਿਚ ਅਜੇ ਵੀ ਪ੍ਰਸੰਗਿਕ ਹਨ ਕਿਉਂਕਿ ਇਹ ਲਿਖਤਾਂ ਸਾਡੀ ਤਲਾਸ਼ ਤੇ ਸੰਘਰਸ਼ ਦੀ ਦਿਸ਼ਾ ਵੱਲ ਇਸ਼ਾਰਾ ਕਰਦੀਆਂ ਹਨ। ਇਹੀ ਗੱਲ ਉਸ ਨੂੰ ਦੂਸਰੇ ਸਮਕਾਲੀ ਮਾਰਕਸਵਾਦੀ ਵਿਦਵਾਨਾਂ ਤੋਂ ਵਖਰਿਆਂ ਖੜ੍ਹਾ ਕਰਦੀ ਹੈ। ਉਹ ਸਿਰਫ਼ ਆਖਰੀ ਦਮ ਤੱਕ ਕਮਿਊਨਿਸਟ ਇਨਕਲਾਬੀ ਹੀ ਨਹੀਂ ਰਿਹਾ ਸਗੋਂ ਉਸ ਦੀ ਵਚਨਬੱਧਤਾ ਦਾ ਪੱਧਰ ਅਜਿਹਾ ਸੀ ਕਿ ਉਸ ਨੇ ਨੇਪਾਲ ਦੇ ਕਾਮਰੇਡ ਸਾਥੀਆਂ ਨੂੰ ਉਨ੍ਹਾਂ ਦੀ ਇਸ ਪਹੁੰਚ ਨੂੰ ਲੈ ਕੇ ਝਿੜਕਿਆ ਕਿ ਉਹ ਜਗੀਰੂ ਰਜਵਾੜਾਸ਼ਾਹੀ ਦੀਆਂ ਸੰਸਥਾਵਾਂ ਨੂੰ ਬਦਲਣ ਜਾਂ ਉਨ੍ਹਾਂ ਦੀ ਭੰਨ-ਤੋੜ੍ਹ ਕਰੇ ਬਗ਼ੈਰ ਹੀ ਕਾਇਆ-ਪਲਟ ਕਰ ਸਕਦੇ ਸਨ ।ਉਸ ਨੇ ਕਿਹਾ ਕਿ ‘ਪੁਰਾਣੀ ਵਿਵਸਥਾ ਦਾ ਤਹਿਸ-ਨਹਿਸ ਕਰ ਦਿਉ’ ਨੂੰ ਸ਼ਬਦੀ ਅਰਥਾਂ ਵਿਚ ਲੈਣ ਦੀ ਜ਼ਰੂਰਤ ਨਹੀਂ ਹੈ ਪਰ ਨਾਂ ਹੀ ਇਸ ਦਾ ਇਹ ਮਤਲਬ ਹੈ ਕਿ ਰਾਜ ਦੀਆਂ ਮੌਜੂਦਾ ਸੰਸਥਾਵਾਂ ਦੀ ਕਾਇਆ-ਕਲਪ ਕਰਨ ਦੀ ਲੋੜ ਨੂੰ ਨਕਾਰ ਦਿਤਾ ਜਾਵੇ ਕਿਉਂਕਿ ਇਨ੍ਹਾਂ ਸੰਸਥਾਵਾਂ ਦੇ ਨਿਯਮਾਂ, ਕਾਨੂੰਨਾਂ, ਅਮਲਾਂ ਤੇ ਤਰੀਕਿਆਂ ਆਦਿ ਵਿਚ ਜਮਾਤੀ ਹਿੱਤ ਨਿਹਿਤ ਹਨ। ਉਸ ਨੇ ਇਸ ਧਾਰਨਾ ਨੂੰ ਮੇਰੀ ਅਜੋਕੀ ਪੇਸ਼ਕਾਰੀ ਨਾਲੋਂ ਜ਼ਿਆਦਾ ਸਪੱਸ਼ਟਤਾ ਨਾਲ ਬਿਆਨ ਕੀਤਾ।

ਇਕ ਵਿਦਵਾਨ ਦੇ ਤੌਰ ’ਤੇ ਉਸ ਨੇ ਕਦੇ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਦੇ ਸਾਂਚੇ ਵਿਚ ਨਹੀਂ ਢਾਲਿਆ ਜੋ ਇਜ਼ਤ-ਮਾਣ ਦੀ ਜਾਂ ਆਪਣੇ ਸਮਾਨ-ਰੁਤਬਾ ਸਾਥੀਆਂ ਦੇ ਗਰੁੱਪ ਵਿਚ ਤਾਰੀਫ਼ ਦੀ ਝਾਕ ਰੱਖਦੇ ਹਨ ਅਤੇ ਮਣਾਂ-ਮੂੰਹੀ ਲਿਖਦੇ ਰਹਿੰਦੇ ਹਨ ਸਗੋਂ ਆਪਣੇ ਆਪ ਨੂੰ ਇਕ ਅਜਿਹੇ ਸ਼ਖ਼ਸ ਦੇ ਤੌਰ ’ਤੇ ਪੇਸ਼ ਕੀਤਾ ਜੋ ਮੁਕਤੀ ਦੀ ਤਲਾਸ਼ ਵਿਚ ਨਿਕਲੇ ਭਾਰਤੀ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਲੱਭਣ ਨੂੰ ਤਰਜ਼ੀਹ ਦਿੰਦਾ ਹੋਵੇ। ਉਸ ਨੂੰ ਇਸ ਗੱਲ ਦੀ ਸੱਚਮੁਚ ਹੀ ਬਹੁਤ ਪੀੜ ਸੀ ਕਿ ਬਿਹਤਰ ਭਵਿਖ ਲਈ ਸੰਘਰਸ਼ ਕਰ ਰਹੇ ਭਾਰਤੀ ਲੋਕਾਂ ਦੀਆਂ ਮੁਸ਼ਕਲਾਂ ਤੇ ਸੰਭਾਵਨਾਵਾਂ ਲਈ, ਭਾਰਤੀ ਅਕਾਦਮਿਕ ਜਗਤ ਤੇ ਸਮਾਜਿਕ ਵਿਗਿਆਨ ਦੀਆਂ ਸੰਸਥਾਵਾਂ ਦੀ ਬਹੁਤ ਨਿਗੂਣੀ ਪ੍ਰਸੰਗਿਕਤਾ ਸੀ। ਇਸ ਲਈ ਇਕ ਅਧਿਆਪਕ, ਗਾਈਡ ਤੇ ਫ਼ਿਲਾਸਫਰ ਦੇ ਤੌਰ ’ਤੇ ਉਹ ਲਗਾਤਾਰ ਕਈ ਤਰ੍ਹਾਂ ਦੇ ਸੰਘਰਸ਼ਾਂ ਤੇ ਸਮਾਜਿਕ ਜਥੇਬੰਦੀਆਂ ਨਾਲ ਜੁੜ੍ਹਿਆ ਰਿਹਾ ਅਤੇ ਉਸ ਦੀ ਵਿਦਵਤਾ ਉਸ ਸਿਆਸਤ ਨਾਲ ਜੁੜ੍ਹੀ ਹੋਈ ਸੀ ਜੋ ਦੱਬੇ-ਕੁਚਲਿਆਂ ਅਤੇ ਲੁੱਟੇ ਜਾਂਦੇ ਲੋਕਾਂ ਦਾ ਪੱਖ ਪੂਰਦੀ ਹੈ। ਉਹ ਹਰ ਕਿਸੇ ਨਾਲ ਗੱਲਬਾਤ ਕਰਦਾ ਅਤੇ ਖੁੱਲ੍ਹ ਕੇ ਮਿਲਦਾ-ਜੁਲਦਾ ਸੀ। ਉਸ ਦਾ ਨਵਾਂ-ਨਰੋਆ, ਸਪਸ਼ਟ ਅਤੇ ਭਾਸ਼ਣਬਾਜ਼ੀ ਤੋਂ ਰਹਿਤ ਨਜ਼ਰੀਆ ਅਤੇ ਬੋਲਣ-ਲਹਿਜ਼ਾ ਬਹੁਤੇ ਲੋਕਾਂ ਨੂੰ ਖਿਚ ਪਾਉਂਦਾ ਸੀ। ਉਹ ਸਿਧਾਂਤਕ ਗੱਲਾਂ ਕਰਦਾ ਸੀ ਪਰ ਹਮੇਸ਼ਾ, ਸਾਡੇ ਵਲੋਂ ਅਪਣਾਏ ਜਾਣ ਵਾਲੇ ਸਿਆਸੀ ਨੇਮਾਂ ਵੱਲ ਧਿਆਨ ਦਿਵਾਉਣ ਲਈ। ਸਭ ਤੋਂ ਵੱਡੀ ਗੱਲ, ਉਸ ਨੇ ਕਦੇ ਵੀ ਮਾਰਕਸਵਾਦ ਤੋਂ ਪਾਸਾ ਨਹੀਂ ਵੱਟਿਆ।

ਸਿੱਖ ਅੱਤਵਾਦ ਜਾਂ ਆਮ ਬੋਲਚਾਲ ਵਿਚ ਕਹੀਏ ਤਾਂ ਖਾਲਿਸਤਾਨ ਲਹਿਰ ਨੇ ਪੰਜਾਬ ਵਿਚ ਖੱਬੀਆਂ ਧਿਰਾਂ ਨੂੰ ਵੰਡ ਦਿੱਤਾ ਸੀ। ਕੌਮੀ ਏਕਤਾ ਤੇ ਅਖੰਡਤਾ ਅਤੇ ਅਮਰੀਕੀ ਸਾਮਰਾਜ ਤੇ ਉਸ ਦੇ ਸਹਿਯੋਗੀਆਂ ਦੀਆਂ ਅਸਥਿਰਤਾ ਕੋਸ਼ਿਸ਼ਾਂ ਦੇ ਵਿਰੋਧਵਾਲੀ ਲਾਈਨ ਦੀ ਸੀ.ਪੀ.ਆਈ ਅਤੇ ਸੀ.ਪੀ.ਐਮ ਵਲੋਂ ਕੀਤੀ ਜਾਂਦੀ ਹਮਾਇਤ ਦੀ ਉਸ ਨੇ ਤਿੱਖੀ ਆਲੋਚਨਾ ਕੀਤੀ। ਪਰ ਇਸ ਕਾਰਨ ਆਮ ਪ੍ਰਸੰਗ ਵਾਲੇ ਕਈ ਨੁਕਤੇ ਉਭਰ ਕੇ ਸਾਹਮਣੇ ਆਏ ਜਿਵੇਂ ਕਿ ਮਿਸਾਲ ਦੇ ਤੌਰ ’ਤੇ ‘ਕੌਮ’ ਅਤੇ ‘ਜਮਾਤ’ ਦੇ ਸੰਕਲਪ ਬਾਰੇ ਸਮਝ। ਉਸ ਨੇ ਸਪਸ਼ਟ ਕੀਤਾ ਕਿ ਮਾਰਕਸਵਾਦ ਦਾ ਮੂਲ ਸੰਕਲਪ ਜਮਾਤ ਹੈ, ਕੌਮ ਨਹੀਂ। ਉਸ ਦੀ ਦਲੀਲ ਸੀ ਕਿ “ਜਿਥੋਂ ਤੱਕ ਭਾਰਤ ਦੀ ‘ਏਕਤਾ ਤੇ ਅਖੰਡਤਾ’ ਵਿਚ ਸਾਡੀ ਦਿਲਚਸਪੀ ਦਾ ਸਵਾਲ ਹੈ, ਰਾਸ਼ਟਰਵਾਦੀਆਂ ਵਜੋਂ ਨਹੀਂ ਸਗੋਂ ਅਜਿਹੇ ਕਮਿਊਨਿਸਟ ਇਨਕਲਾਬੀਆਂ ਵਜੋਂ ਜੋ ਇਸ ਮੌਕੇ ਨੂੰ ਸਮਾਜਵਾਦ ਲਈ ਭਾਰਤੀ ਲੋਕਾਂ ਵਲੋਂ ਕੀਤੇ ਜਾ ਰਹੇ ਸਾਂਝੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਇਕ ਮਹੱਤਵਪੂਰਨ ਸਾਜਗਰ ਸਥਿਤੀ ਦੇ ਤੌਰ ’ਤੇ ਦੇਖਦੇ ਹਨ, ਇਸ ਏਕਤਾ ਲਈ ਲੜਾਈ ਇਸੇ ਸਿਧਾਂਤਕ ਪੈਂਤੜੇ ਅਤੇ ਮੇਲਵੀਂ ਸਿਆਸੀ ਅਮਲਦਾਰੀ ਅਨੁਸਾਰ ਲੜੀ ਅਤੇ ਪੇਸ਼ ਕੀਤੀ ਜਾਵੇ, ਮਤਲਬ ਕਿ ਭਾਰਤ ਦੀਆਂ ਰਾਜ ਕਰ ਰਹੀਆਂ ਜਮਾਤਾਂ ਵਿਰੁੱਧ ਸੰਘਰਸ਼ ਦੇ ਇਕ ਹਿੱਸੇ ਵਜੋਂ। ਉਸ ਨੇ ਬੀ.ਜੇ.ਪੀ ਨਾਲ ਖੜੋਣ ਤੇ ਰਾਜਕੀ ਜਬਰ ਦੀ ਹਮਾਇਤ ਕਰਨ ਅਤੇ ਅਕਾਲੀ ਦਲ, ਕਾਂਗਰਸ ਤੇ ਬੀ.ਜੇ.ਪੀ ਵਲੋਂ ਪੰਜਾਬ ਸਮੱਸਿਆ ਨੂੰ ਪੈਦਾ ਕਰਨ ਵਿਚ ਨਿਭਾਏ ਰੋਲ ਲਈ ਇਨ੍ਹਾਂ ਪਾਰਟੀਆਂ ਦੀ ਨਿਖੇਧੀ ਕਰਨ ਵਿਚ ਅਸਫ਼ਲ ਰਹਿਣ ਕਾਰਨ, ਸੀ.ਪੀ.ਆਈ. ਤੇ ਸੀ.ਪੀ.ਐੱਮ. ਦੀ ਖੂਬ ਖੁੰਬ ਠੱਪੀ। ਅਤੇ ਉਸ ਨੇ ਦਾਅਵਾ ਕੀਤਾ ਕਿ “ਕੌਮ” ਦੀ ਸੁਰੱਖਿਆ ਦੇ ਨਾਂ ਹੇਠ ਅਪਣਾਈ ਗਈ ਅਜਿਹੀ ਪਹੁੰਚ ਨੇ ਸਿਰਫ਼ ਰਾਜ ਕਰ ਰਹੀਆਂ ਜਮਾਤਾਂ ਨੂੰ ਹੀ ਮਜ਼ਬੂਤ ਕੀਤਾ ਅਤੇ “ਧਾਕੜ ਹਿੰਦੂ ਸ਼ਾਵਨਵਾਦ” ਦਾ ਪੱਖ ਪੂਰਿਆ। ਇਹ ਸਭ (ਮਾਰਕਸਵਾਦ ਤੇ ਸਿੱਖ ਅੱਤਵਾਦ) ਉਸ ਨੇ 1987 ਵਿਚ ਲਿਖਿਆ। ਇਕ ਸਾਲ ਬਾਅਦ 1988 ਵਿਚ ਆਪਣੇ ਲੇਖ “ਫਿਰਕਾਪ੍ਰਸਤੀ ਦੀ ਸਿਧਾਂਤਕਾਰੀ”(ਈ.ਪੀ.ਡਬਲਯੂ ਜੁਲਾਈ 1988) ਲੇਖ ਰਾਹੀਂ ਉਸ ਨੇ ਇਸੇ ਗੱਲ ਨੂੰ ਅੱਗੇ ਵਧਾਇਆ ਜਿਸ ਵਿਚ ਉਸ ਨੇ ਲਿਖਿਆ ਕਿ ਸੰਗਠਿਤ ਖੱਬੀ ਸੋਚ ਵਿਚ ਇਕ ਵਿਚਾਰਧਾਰਕ ਨੁਕਸ ਹੋਣ ਤੋਂ ਇਲਾਵਾ ਤਰੀਕਾਕਾਰੀ ਦੀ ਸੀਮਤਾਈ ਵੀ ਹੈ। ਵਿਚਾਰਧਾਰਕ ਨੁਕਸ ਫਿਰਕਾਪ੍ਰਸਤੀ ਨੂੰ ਰਾਸ਼ਟਰਵਾਦ ਦੇ ਨੁਕਤਾ-ਨਜ਼ਰ ਤੋਂ ਦੇਖਣ ਕਾਰਨ ਹੈ ਅਤੇ ਤਰੀਕਾਕਾਰੀ ਸੀਮਤਾਈ ਇਸ ਕਾਰਨ ਹੈ ਕਿ ਇਹ ਸੋਚ ਫਿਰਕਾਪ੍ਰਸਤੀ ਦੀ ‘ਇਤਿਹਾਸਕ ਕਾਰਨਤਾ ਤੇ ਸਮਾਜਿਕ-ਆਰਥਕ ਜੜ੍ਹਾਂ’ ਦੀ ਅਣਦੇਖੀ ਕਰਕੇ ਇਸ ਨੂੰ ਮੂਲ ਰੂਪ ਵਿਚ ਇਕ ਪ੍ਰਯੋਗਵਾਦੀ ਤੇ ਗ਼ੈਰ-ਇਤਿਹਾਸਕ ਅਧਿਐਨ ਬਣਾ ਦਿੰਦੀ ਹੈ।

ਚੁਫੇਰਿਉਂ ਘਿਰੇ ਹੋਏ ਫਿਰਕੇ ਦੇ ਤੌਰ ’ਤੇ ਸਿੱਖਾਂ ਦੀ ਅਲਹਿਦਗੀ ਦੀ ਭਾਵਨਾ ਵਿਚ ਯਕੀਨੀ ਤੌਰ ’ਤੇ ਨਰਮੀ ਆਈ ਹੈ ਪਰ ਸਰਮਾਏਦਾਰਾਨਾ ਵਿਕਾਸ ਚੋਂ ਉਪਜੀਆਂ ਸਮੱਸਿਆਵਾਂ ਨਹੀਂ ਘਟੀਆਂ। ਇਸ ਤਰ੍ਹਾਂ ਦੇ ਹਾਲਾਤ ਵਿਚ ਸੱਤਾ ’ਤੇ ਕਾਬਜ਼ ਜਮਾਤਾਂ ਵਲੋਂ ਫਿਰ ਤੋਂ ਫਿਰਕੂ ਤਣਾਅ ਵਧਾਉਣ, “ਕੌਮ ਖ਼ਤਰੇ ਵਿਚ ਹੈ” ਜਿਹੀ ਅਵਸਥਾ ਲਈ ਆਧਾਰ ਤਿਆਰ ਕਰਨ, ਧਿਆਨ ਮੂਲ ਕਾਰਨਾਂ ਤੋਂ ਹਟਾ ਕੇ ਗੌਰਵ, ਵਕਾਰ ਤੇ ਪਹਿਚਾਣ ਆਦਿ ਦੇ ਮੁੱਦਿਆਂ ਵਲ ਸੇਧਿਤ ਕਰਨ ਦਾ ਖ਼ਦਸਾ, ਲਗਾਤਾਰ ਬਣਿਆ ਰਹਿੰਦਾ ਹੈ। ਇਸ ਲਈ ਜਦੋਂ ਅਸੀਂ ਆਪਣਾ ਧਿਆਨ ਇਸ ਤੱਥ ਵੱਲ ਕੇਂਦਰਿਤ ਕਰਦੇ ਹਾਂ ਕਿ ਭਾਰਤ ਵਿਚ ਰਾਜ, ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰ ਰਿਹਾ ਜਾਂ ਉਸ ਉੱਪਰ ਅਮਲ ਕਰ ਰਿਹਾ ਜਾਂ ਫਿਰ ਦੋਨੋਂ ਕੰਮ ਕਰ ਰਿਹਾ ਹੈ, ਖ਼ਾਸ ਕਰ ਹਿੰਦੂ ਫਿਰਕਾਪ੍ਰਸਤੀ ਨੂੰ ਹਵਾ ਦੇ ਰਿਹਾ ਹੈ ਤਾਂ ਭਾਰਤੀ ਰਾਸ਼ਟਰਵਾਦ ਦਿਨ-ਬ-ਦਿਨ “ਹਿੰਦੂ ਸ਼ਾਵਨਵਾਦ ਦੀ ਸਮਰੂਪਤਾ ਪੱਖੀ ਵਿਚਾਰਧਾਰਾ” ਦੇ ਜ਼ਿਆਦਾ ਨਜ਼ਦੀਕ ਖੜ੍ਹਾ ਦਿਖਾਈ ਦਿੰਦਾ ਹੈ। ਉਹ ਲਿਖਦੇ ਹਨ ਕਿ ਸੱਤਾ ’ਤੇ ਕਾਬਜ਼ ਭਾਰਤੀ ਜਮਾਤਾਂ ਨੇ “ਧਰਮ, ਦੀਨਤਾ ਜਾਂ ਜਿਸ ਨੂੰ ਹੁਣ ਧਾਰਮਿਕਤਾ ਕਿਹਾ ਜਾਣ ਲੱਗਿਆ ਹੈ, ਨੂੰ ਹਮੇਸ਼ਾ ਹੀ ਆਪਣੀ ਚੌਧਰ, ਵਿਚਾਰਧਾਰਕ ਦਾਬੇ ਅਤੇ ਆਮ ਲੋਕਾਈ ਉੱਪਰ ਆਪਣੇ ਸਮਾਜਿਕ ਕੰਟਰੋਲ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਜ਼ਿਆਦਾ ਕਾਰਗਾਰ ਹਥਿਆਰ ਸਮਝਿਆ ਹੈ ਜਿਸ ਦੀ ਵਰਤੋਂ ਰਾਹੀਂ ਆਮ ਲੋਕਾਂ ਦੀ ਨਿਆਂਹੀਣ ਤੇ ਦੁਰਾਚਾਰੀ ਸਮਾਜਿਕ ਪ੍ਰਬੰਧ ਪ੍ਰਤੀ ਚਿਰ-ਸਥਾਈ ਪ੍ਰਵਾਨਗੀ ਲੈਣਾ ਆਸਾਨ ਹੋ ਜਾਂਦਾ ਹੈ”। ਉਹ ਸਾਨੂੰ “ਤੁਰਤ-ਫੁਰਤੀ ਦਿਖਣਯੋਗ ਤੱਥਾਂ” ਅਜਿਹੇ ਵਰਤਾਰੇ ਜੋ “ਆਪਣੀ ਦਿਖ ਤੇ ਵਖਰੇਵੇਂ” ਅਤੇ “ਵਿਸ਼ਾਲ ਸਮਾਜਿਕ ਯਥਾਰਥ ਨਾਲ ਅੰਤਰ-ਸਬੰਧਾਂ” ਵਾਲੇ ਹੁੰਦੇ ਹਨ ਨਾਲ ਸਬੰਧਤ ਪ੍ਰਯੋਗਵਾਦੀ ਪਹੁੰਚ ਦੀ ਤਰੀਕਾਕਾਰੀ ਸੀਮਤਾਈ ਵਿਰੁੱਧ ਖ਼ਬਰਦਾਰ ਕਰਦਾ ਹੈ। ਇਥੇ ਉਹ ਐਂਟੀ-ਡੂਹਰਿੰਗ ਚੋਂ ਏਂਗਲਜ਼ ਜਿਸ ਦੇ ਹਵਾਲੇ ਆਪਣੀਆਂ ਲਿਖਤਾਂ ਵਿਚ ਉਹ ਅਕਸਰ ਦਿੰਦਾ ਰਹਿੰਦਾ ਹੈਦਾ ਹਵਾਲਾ ਦਿੰਦਾ ਹੈ ਕਿ ਕਿਸੇ ਵਰਤਾਰੇ ਦਾ “ਵਖਰੇਵੇਂ ਵਿਚ, ਚੀਜਾਂ ਦੇ ਸਮੁੱਚੇ, ਵਸੀਹ ਅੰਤਰ-ਸਬੰਧਾਂ ਨਾਲੋਂ ਨਿਖੇੜਾ ਕਰਕੇ ਅਧਿਐਨ ਕਰਨਾ; ਅਤੇ ਇਸ ਲਈ ਉਨ੍ਹਾਂ ਦੀ ਗਤੀਸ਼ੀਲਤਾ ’ਚ ਨਹੀਂ, ਸਗੋਂ ਉਨ੍ਹਾਂ ਦੀ ਅਹਿੱਲਤਾ ’ਚ; ਉਨ੍ਹਾਂ ਦੀ ਜ਼ਿੰਦਗੀ ’ਚ ਨਹੀਂ, ਸਗੋਂ ਉਨ੍ਹਾਂ ਦੀ ਮੌਤ ਬਾਅਦ.ਚੀਜਾਂ ਦਾ ਅਲਹਿਦਾ-2 ਅਧਿਐਨ ਕਰਨ ਨਾਲ ਉਨ੍ਹਾਂ ਦੇ ਅੰਤਰ-ਸਬੰਧਾਂ ਦੀ ਅਣਦੇਖੀ ਹੋ ਜਾਂਦੀ ਹੈ; ਉਨ੍ਹਾਂ ਦੀ ਹੋਂਦ ਦਾ ਅਧਿਐਨ ਕਰਦਿਆਂ, ਉਨ੍ਹਾਂ ਦੇ ਪੈਦਾ ਤੇ ਖ਼ਤਮ ਹੋਣ ਦੇ ਅਮਲਾਂ ਬਾਰੇ ਭੁੱਲ ਜਾਈਦਾ ਹੈ; ਉਨ੍ਹਾਂ ਨੂੰ ਠਹਿਰਾਅ ਦੀ ਸਥਿਤੀ ਵਿਚ ਦੇਖਦਿਆਂ ਉਨ੍ਹਾਂ ਦੀ ਗਤੀ ਦੇ ਹਿਸਾਬ ਦਾ ਖ਼ਿਆਲ ਨਹੀਂ ਰਹਿੰਦਾ; ਰੁੱਖਾਂ ਨੂੰ ਦੇਖਦਿਆਂ ਜੰਗਲ ਨਹੀਂ ਦਿਸਦਾ”। ਪਰ ਉਸ ਨੇ ਸਾਨੂੰ ਖ਼ਬਰਦਾਰ ਕੀਤਾ ਕਿ ਭੌਤਿਕ ਵਿਗਿਆਨਾਂ ਦੇ ਉਲਟ, ਸਮਾਜਿਕ ਵਿਗਿਆਨਾਂ ਵਿਚ ਸਚਾਈ ਦੀ ਤਲਾਸ਼ “ਵਿਗਿਆਨਕ ਅੰਦਾਜ਼ੇ” ਲਈ ਕੀਤੀ ਜਾਂਦੀ ਹੈ, ਨਿਰਪੇਖ ਜਾਂ ਸਮੁੱਚੀ ਸਚਾਈ ਲਈ ਨਹੀਂ।

ਉਸ ਨੇ ਵਾਰ-ਵਾਰ ਭਾਰਤੀ ਸਿਆਸਤ ਨੂੰ ਸਮਝਣ ਦੀ ਲੋੜ ’ਤੇ ਜ਼ੋਰ ਦਿਤਾ ਜੋ ਮੁਲਕ ਤੇ ਦੁਨੀਆ ਵਿਚ ਵਾਪਰ ਰਹੇ ਵਰਤਾਰਿਆਂ ਵਿਚ ਲੋਕਾਂ ਦੀ ਜ਼ਿਆਦਾ ਪ੍ਰਭਾਵਕਾਰੀ ਹਿੱਸੇਦਾਰੀ ਲਈ ਸਹਾਈ ਹੋ ਸਕਦਾ ਹੈ।

ਇਸ ਸਬੰਧ ਵਿਚ ਉਸ ਦਾ ਹੈਦਰਾਬਾਦ ਵਿਖੇ 27-28 ਅਪਰੈਲ 1991 ਵਿਚ ਹੋਈ ਏ.ਪੀ.ਸੀ.ਐਲ.ਸੀ. ਦੀ 7ਵੀਂ ਸੂਬਾ ਕਾਨਫਰੰਸ ਵਿਚ ਦਿਤਾ ਭਾਸ਼ਨ ਬਹੁਤ ਬਹੁਮੁੱਲਾ ਹੈ ਜੋ ਈ.ਪੀ.ਡਬਲਯੂ. ਵਿਚ ਛਪਿਆ ਸੀ (ਦਹਿਸ਼ਤਵਾਦ, ਰਾਜਕੀ ਦਹਿਸ਼ਤਵਾਦ ਅਤੇ ਜਮਹੂਰੀ ਹੱਕ; ਫਰਵਰੀ 8,1992)। ਉਸ ਨੂੰ ਇਹ ਕਹਿਣ ਦੀ ਆਦਤ ਸੀ ਕਿ ਜੋ ਕੁਝ ਵੀ ਉਹ ਕਹਿ ਰਿਹਾ ਸੀ ਉਸ ਵਿਚ ਕੁਝ ਵੀ ਨਵਾਂ ਜਾਂ ਮੌਲਿਕ ਨਹੀਂ 1 ਅਤੇ ਇਸ ਗੱਲ ਦੀ ਪੁਸ਼ਟੀ ਕਰਨ ਲਈ ਉਹ ਅਕਸਰ ਗੋਥੇ ਦਾ ਹਵਾਲਾ ਦਿੰਦਾ ਸੀ ਕਿ “ਜਿਸ ਕਾਸੇ ਵਿਚ ਕਿਸੇ ਮਨੁੱਖ ਦਾ ਵਿਸ਼ਵਾਸ ਹੈ, ਉਸ ਨੂੰ ਸਮੇਂ-2 ਸਿਰ ਉਸ ਗੱਲ ਨੂੰ ਦੁਹਰਾਉਂਦੇ ਰਹਿਣਾ ਚਾਹੀਦਾ ਹੈ, ਐਲਾਨ ਕਰਦੇ ਰਹਿਣਾ ਚਾਹੀਦਾ ਕਿ ਕਿ ਉਹ ਕਿਸ ਗੱਲ ਨਾਲ ਸਹਿਮਤ ਹੈ ਅਤੇ ਕਿਸ ਗੱਲ ਦੀ ਨਿੰਦਾ ਕਰਦਾ ਹੈ”। ਪਰ ਫਿਰ ਸਾਨੂੰ ਇਹ ਸਮਝਾਉਂਦੇ ਹੋਏ ਕਿ “ਕੋਈ ਮਨੁੱਖ ਸੋਚਦਾ ਕਿਵੇਂ ਹੈ?”, ਉਹ ਸਾਡੇ ਵਿਚ ਅਥਾਹ ਊਰਜਾ ਦਾ ਸੰਚਾਰ ਕਰ ਦਿੰਦਾ। ਕਿਉਂਕਿ “ਕੁਦਰਤ ਤੇ ਉਸ ਵਲੋਂ ਬਖ਼ਸੀ ਸਮਝਣ ਦੀ ਸਮੱਰਥਾ ਹੀ ਕਿਸੇ ਮਨੁੱਖ ਦੇ ਸੁਭਾਅ ਤੇ ਸਮੱਰਥਾ ਨੂੰ ਤੈਅ ਕਰਦੀ ਹੈ ਜੋ ਉਸ ਦੀ ਯਥਾਰਥ ਵਿਚ ਅਮਲ ਕਰਨ ਦੇ ਢੰਗ ਦੀ ਆਖਰੀ ਸਾਰਥਿਕਤਾ ਹੁੰਦੀ ਹੈ”। ਉਸ ਨੂੰ ਸਾਨੂੰ ਯਾਦ ਕਰਾਉਂਦੇ ਰਹਿਣਾ ਚੰਗਾ ਲੱਗਦਾ ਸੀ ਕਿ ਭੌਤਿਕ ਤੇ ਕੁਦਰਤੀ ਵਿਗਿਆਨਾਂ ਦੇ ਉਲਟ, ਸਚਾਈ ਹਮੇਸ਼ਾ ਪੱਖਪਾਤੀ ਹੁੰਦੀ ਹੈ। ਪਰ ਸਮਾਜਿਕ ਵਿਗਿਆਨ ਕਿਉਂਕਿ ਜਮਾਤਾਂ ਵਿਚ ਵੰਡੇ ਸਮਾਜਾਂ ਨਾਲ ਸਬੰਧਿਤ ਹੁੰਦੇ ਹਨ, ਇਸ ਲਈ ਸਿਆਸੀ ਬਰੂਦ ਨਾਲ ਭਰਪੂਰ ਹੁੰਦੇ ਹਨ”। ਸਚਾਈ ਇਥੇ ਪੱਖਪਾਤੀ ਹੀ ਨਹੀਂ ਸਗੋਂ ਭਾਰੂ ਜਮਾਤ ਲਈ ਖ਼ਤਰਨਾਕ ਵੀ ਹੁੰਦੀ ਹੈ..ਇਹ ਵਿਵਾਦ ਦਾ ਮੁੱਦਾ ਬਣ ਜਾਂਦੀ ਹੈ ਅਤੇ ਇਸ ਨੂੰ ਦਬਾਉਣ ਦੀ ਲੋੜ ਪੈਂਦੀ ਹੈ-ਅਤੇ ਇਸੇ ਲਈ ਹਾਸਲ ਕਰਨੀ ਵੀ ਮੁਸ਼ਕਲ ਹੈ। ਉਹ ਸਾਨੂੰ ਖ਼ਬਰਦਾਰ ਕਰਦਾ ਹੈ ਕਿ ਸੋਚਣ ਦਾ ਅਜਿਹਾ ਪ੍ਰਮੁੱਖ ਤਰੀਕਾ ਜੋ ਸਿਰਫ਼ ‘ਇੱਥੇ ਤੇ ਹੁਣੇ’ ਅਤੇ ‘ਠੋਸ ਤੱਥਾਂ’ ਨਾਲ ਹੀ ਸਰੋਕਾਰ ਰੱਖਦਾ ਹੈ , ਦੀਰਘ ਤੇ ਦੂਰ-ਦਿ੍ਰਸ਼ਟੀ ਰੱਖਣ ਤੋਂ ਇਨਕਾਰੀ ਹੁੰਦਾ ਹੈ। ਉਹ ਵਰਤਾਰਿਆਂ ਦਾ ਅਲਹਿਦਗੀ ਵਿਚ ਅਧਿਐਨ ਕਰਨ ਦੀ ਪ੍ਰਵਿਰਤੀ ਨੂੰ ਨਕਾਰਨ ਲਈ ਐਂਟੀ-ਡੂਹਰਿੰਗ ਚੋਂ ਏਂਗਲਜ਼ ਦਾ ਹਵਾਲਾ ਦਿੰਦਾ ਹੈ ਕਿ “ਵਖਰੇਵੇਂ ਵਿਚ, ਚੀਜਾਂ ਦੇ ਸਮੁੱਚੇ, ਵਸੀਹ ਅੰਤਰ-ਸਬੰਧਾਂ ਨਾਲੋਂ ਨਿਖੇੜਾ ਕਰਕੇ ਅਧਿਐਨ ਕਰਨ; ਅਤੇ ਇਸ ਲਈ ਉਨ੍ਹਾਂ ਦੀ ਗਤੀਸ਼ੀਲਤਾ ’ਚ ਨਹੀਂ, ਸਗੋਂ ਉਨ੍ਹਾਂ ਦੀ ਅਹਿਲਤਾ ’ਚ; ਉਨ੍ਹਾਂ ਦੀ ਜ਼ਿੰਦਗੀ ’ਚ ਨਹੀਂ, ਸਗੋਂ ਉਨ੍ਹਾਂ ਦੀ ਮੌਤ ਬਾਅਦ ਚੀਜਾਂ ਦਾ ਅਲਹਿਦਾ-2 ਅਧਿਐਨ ਕਰਨ ਨਾਲ ਉਨ੍ਹਾਂ ਦੇ ਅੰਤਰ-ਸਬੰਧਾਂ ਦੀ ਅਣਦੇਖੀ ਹੋ ਜਾਂਦੀ ਹੈ; ਉਨ੍ਹਾਂ ਦੀ ਹੋਂਦ ਦਾ ਅਧਿਐਨ ਕਰਦਿਆਂ, ਉਨ੍ਹਾਂ ਦੇ ਪੈਦਾ ਤੇ ਖ਼ਤਮ ਹੋਣ ਦੇ ਅਮਲਾਂ ਬਾਰੇ ਭੁੱਲ ਜਾਈਦਾ ਹੈ; ਉਨ੍ਹਾਂ ਨੂੰ ਠਹਿਰਾਅ ਦੀ ਸਥਿਤੀ ਵਿਚ ਦੇਖਦਿਆਂ ਉਨ੍ਹਾਂ ਦੀ ਗਤੀ ਦੇ ਹਿਸਾਬ ਦਾ ਖ਼ਿਆਲ ਨਹੀਂ ਰਹਿੰਦਾ; ਰੁੱਖਾਂ ਨੂੰ ਦੇਖਦਿਆਂ ਜੰਗਲ ਨਹੀਂ ਦਿਸਦਾ”।

ਇਸ ਲਈ ਦਹਿਸ਼ਤਵਾਦ ਦੇ ਮਸਲੇ ਬਾਰੇ ਗੱਲ ਕਰਦਿਆਂ ਉਹ ਸੰਕੇਤ ਕਰਦੇ ਹਨ ਕਿ ਵੱਖੋ-ਵੱਖਰੇ ਇਤਿਹਾਸਕ ਪ੍ਰਸੰਗਾਂ ਅਤੇ ਹੋਰ ਵੀ ਜ਼ਿਆਦਾ ਤਰ੍ਹਾਂ-ਤਰ੍ਹਾਂ ਦੇ ਅੰਤਰ-ਸਬੰਧਾਂ ਤੋਂ ਨਿਖੇੜ ਕੇ ਪੇਸ਼ ਕੀਤੀ ਗਈ ਹਿੰਸਾ ਅਤੇ ਮੂਲ ਰੂਪ ਵਿਚ ਇਕ ਗ਼ੈਰ-ਸਿਆਸੀ ਸੰਯੁਕਤ ਵਰਤਾਰੇ ਵਜੋਂ ਪੇਸ਼ ਕਰਨ ਲਈ, ਇਸ ਨੂੰ ਬਿਲਕੁਲ ਅਲਹਿਦਾ ਤੇ ਸੁੰਗੇੜ ਦੇਣਾ … ਇਕ ਅਜਿਹਾ ਬਹਾਨਾ ਹੈ ਜਿਸ ਆਸਰੇ ਹਿੰਸਾ ਨੂੰ ਨਿਰਰਥਕ ਤੇ ਸਿਰੇ ਦੀ ਉੱਜਡਤਾ ਅਤੇ ਵਿਦੇਸ਼ ਤੋਂ ਪ੍ਰੇਰਿਤ ਸਮਾਜਿਕ ਭਟਕਣ ਵਜੋਂ ਪ੍ਰਚਾਰਿਆ ਜਾਂਦਾ ਹੈ, ਅਜਿਹਾ ਲੇਬਲ ਜੋ ਦਹਿਸ਼ਤਵਾਦੀ (“ਅੱਜਕਲ ਦੇਸ਼-ਧ੍ਰੋਹੀ”) ਕਰਾਰ ਦਿਤੇ ਗਏ ਸ਼ਖ਼ਸ ਨੂੰ ਬਦਨਾਮ ਕਰਨ ਅਤੇ ਸਮਾਜ ਚੋਂ ਛੇਕਣ ਦੇ ਸਾਧਨ ਵਜੋਂ ਵਰਤਿਆ ਜਾਂਦਾ ਹੈ। ਉਸ ਨੇ ਤਰਕ ਪੇਸ਼ ਕੀਤਾ ਕਿ ਇਸ ਤਰ੍ਹਾਂ ਹਰ ਘਟਨਾ ਦੇ ਹਾਲਾਤ, ਸੰਘਰਸ਼, ਟਾਕਰੇ ਅਤੇ ਟਕਰਾਵਾਂ ਦੀ ਵਿਲੱਖਣਤਾ ਮੱਧਮ ਪੈ ਜਾਂਦੀ ਹੈ ਅਤੇ ਇਨ੍ਹਾਂ ਦੀ ਨਿੰਦਾ ਕਰਨ ਲਈ ‘ਮਨੁੱਖੀ ਹੱਕਾਂ’ ਵਰਗੇ ਕਿਸੇ ਸਰਵ-ਵਿਆਪਕ ਖ਼ੁਲਾਸੇ ਨੂੰ ਵਰਤ ਲਿਆ ਜਾਂਦਾ ਹੈ। ਰਾਸ਼ਟਰਪਤੀ ਰੋਨਾਲਡ ਰੀਗਨ ਅਤੇ ਮਾਰਗਰੈਟ ਥੈਚਰ ਦੇ ਰੂੜ੍ਹੀਵਾਦੀ ਸ਼ਾਸ਼ਨ-ਕਾਲਾਂ ਵੱਲ ਇਸ਼ਾਰਾ ਕਰਦਿਆਂ ਉਹ ਗਿਲਾਨੀ ਭਰੇ ਲਹਿਜ਼ੇ ਵਿਚ ਕਹਿੰਦਾ ਹੈ ਕਿ ਜਮਹੂਰੀ ਹੱਕਾਂ ਦੀ ਉਲੰਘਣਾ “ਦਰਅਸਲ ‘ਮਨੁੱਖੀ ਹੱਕਾਂ’ ਦੀ ਸੁਰੱਖਿਆ ਦੇ ਨਾਲੋ-ਨਾਲ ਹੋ ਸਕਦੀ ਹੈ”। ਅਮੀਰਾਂ ਤੇ ਰਸੂਖ਼ਵਾਨਾਂ ਵੱਲੋਂ ਕੀਤੀ ਜਾਂਦੀ ਵਿਆਪਕ ਨਿੱਜੀ ਹਿੰਸਾ ਨੂੰ ਉਸ ਨੇ ਆਪਣੇ ਵਿਸ਼ਲੇਸ਼ਣ ਦਾ ਹਿੱਸਾ ਬਣਾਇਆ। ਅਤੇ ਉਸ ਨੇ ਸਟੇਟ ਦੇ ਜਬਰ ਵੱਲ ਸਾਡਾ ਧਿਆਨ ਦਿਵਾਇਆ ਜਿਸ ਵੱਲ ਵੈਸੇ ਬਹੁਤ ਘੱਟ ਧਿਆਨ ਜਾਂਦਾ ਹੈ ਕਿਉਂਕਿ ਇਸ ਜਬਰ ਨੂੰ ਪੁਲਿਸ ਅਥਵਾ ਸੰਪੂਰਨ ਸਟੇਟ ਵਿਚ ਮਾਮੂਲੀ ਗਲਤੀਆਂ, ਇੰਤਜ਼ਾਮੀਆ ਉਕਾਈਆਂ ਜਾਂ ਵਿਗਾੜਾਂ ਦੇ ਤੌਰ ’ਤੇ ਸਮਝਿਆ ਤੇ ਪੇਸ਼ ਕੀਤਾ ਜਾਂਦਾ ਹੈ। “ਇਸ ਤੱਥ ਨੂੰ ਅੱਖੋਂ-ਪਰੋਖੇ ਕਰ ਦਿਤਾ ਜਾਂਦਾ ਹੈ ਕਿ ਭਾਰਤੀ ਸਟੇਟ ਹਿੰਸਕ ਤੇ ਦਮਨਕਾਰੀ ਸਿਰਫ਼ ਇਤਫ਼ਾਕੀਆ ਹੀ ਨਹੀਂ ਸਗੋਂ ਜਿਸ ਤਰ੍ਹਾਂ ਦੇ ਸਮਾਜ ਉੱਪਰ ਇਹ ਰਾਜ ਕਰ ਰਹੀ ਹੈ, ਉਸ ਕਾਰਨ ਇਹ ਜਨਮਜਾਤ ਹੀ ਇਸ ਪ੍ਰਕਾਰ ਦੀ ਹੈ; ਇਹ ਸੁਭਾਵਕ ਤੌਰ ’ਤੇ ਇਕ ਹਿੰਸਕ ਸਮਾਜ ਦੀ ਰੱਖਿਆ ਕਰਦੀ ਹੈਜੇ ਜ਼ਰੂਰਤ ਪਵੇ ਤਾਂ ਹਿੰਸਕ ਤਰੀਕਿਆਂ ਨਾਲ ਵੀ ਅਤੇ ਉਸ ਨੂੰ ਬਰਕਰਾਰ ਰੱਖਦੀ ਹੈ ਕਿਉਂਕਿ ਇਸ ਸਮਾਜ ਵਿਚ ਬੇਸ਼ੁਮਾਰ ਆਰਥਕ, ਸਮਾਜਿਕ ਅਤੇ ਸਭਿਆਚਾਰਕ ਦਾਬੇ ਕਾਇਮ ਹਨ”। ਅੱਗੇ ਚਲ ਕੇ ਉਹ ਸਾਡਾ ਧਿਆਨ ਇਹ ਗੱਲ ਮਹਿਸੂਸ ਕਰਨ ਦੀ ਅਹਿਮੀਅਤ ਵਲ ਦਿਵਾਉਂਦਾ ਹੈ ਕਿ ਜਦੋਂ ਸਰਕਾਰੀ ਜਬਰ ਵਾਪਰਦਾ ਹੈ ਤਾਂ ਇਸ ਦਾ ਵਿਸ਼ਲੇਸ਼ਣ, ਜਮਹੂਰੀ ਹੱਕਾਂ ਦੇ ਨੁਕਤਾ-ਨਿਗਾਹ ਤੋਂ ਕੀਤਾ ਜਾਂਦਾ ਹੈ, ਨਾ ਕਿ ਜਮਾਤੀ ਹਿੰਸਾ ਵਜੋਂ ਜੋ ਕਿ ਸਮਾਜ ਵਿਚ ਚਲ ਰਹੀ ਖੁੱਲੀ ਜਾਂ ਲੁਕਵੀਂ ਜਮਾਤੀ ਲੜ੍ਹਾਈ ਦੇ ਇਕ ਅੰਗ ਵਜੋਂ, ਜਮਾਤੀ ਧੌਂਸ ਤੇ ਨੀਤੀਆਂ ਦਾ ਪ੍ਰਗਟਾਵਾ ਹੈ”। ਉਹ ਅੱਗੇ ਲਿਖਦਾ ਹੈ ਕਿ: “ਭਾਰਤ ਵਿਚ ਰਾਜ ਸੱਤਾ ਜਮਾਤੀ ਸੱਤਾ ਦੀ ਇਕ ਵੰਨਗੀ ਵੀ ਹੈ ਅਤੇ ਭਾਰਤੀ ਸਟੇਟ ਤੋਂ ਭਾਰਤੀ ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਕੀਤੇ ਜਾਣ ਵਾਲੇ ਕਿਸੇ ਪ੍ਰਭਾਵਕਾਰੀ ਸੰਘਰਸ਼ ਲਈ ਇਸ ਸਮਝ ਦੀ ਪ੍ਰਸੰਗਿਕਤਾ ਬਣਦੀ ਹੈ”। ਅਤੇ ਉਹ ਅੱਗੇ ਲਿਖਦਾ ਹੈ ਕਿ ‘‘ਭਾਰਤ ਜਿਹੇ ਕਾਨੂੰਨ ਆਧਾਰਤ ਰਾਜ ਵਿਚ ਵਿਅਕਤੀਗਤ ਹਿੰਸਾ ਜਾਂ ਲਾਕਾਨੂੰਨੀ ਨੂੰ ਰੋਕਣ ਲਈ ਪੂਰਾ ਵਿਸਤਾਰਤ ਨਿਯਮ-ਵਿਧਾਨ, ਕਾਨੂੰਨਾਂ ਦਾ ਵੱਡਾ ਜਾਲ, ਕਾਰਜ-ਪ੍ਰਣਾਲੀਆਂ, ਸੰਸਥਾਵਾਂ ਅਤੇ ਕਾਨੂੰਨ ਨੂੰ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਬਣੀਆਂ ਹੋਈਆਂ ਹਨ ਪਰ ਰਾਜਜੋ ਕਿ ਸੰਭਾਵਤ ਤੌਰ ’ਤੇ ਅਤੇ ਅਸਲੀ ਵਿਹਾਰ ਵਿਚ ਅਕਸਰ ਸਮਾਜ ਦੇ ਜਮਹੂਰੀ ਹੱਕਾਂ ਦਾ ਸਭ ਤੋਂ ਜ਼ੋਰਾਵਰ ਘਾਣ-ਕਰਤਾ ਹੈਦੀ ਸ਼ਾਂਤਮਈ ਜਾਂ ਹਿੰਸਕ ਲਾਕਾਨੂੰਨੀ ਨੂੰ ਠੱਲ੍ਹ ਪਾਉਣ ਜਾਂ ਜ਼ਾਬਤਾ ਰੱਖਣ ਲਈ ਉਸ ਮੁਕਾਬਲੇ ਦਾ ਕੋਈ ਪ੍ਰਬੰਧ ਮੌਜੂਦ ਨਹੀਂ ਹੈ। ਰਾਜ ਜਾਂ ਉਸ ਦੇ ਅਹਿਲਕਾਰਾਂ ਦੁਆਰਾ ਜਾਂ ਉਨ੍ਹਾਂ ਦੀ ਸ਼ਹਿ ’ਤੇ ਕੀਤੇ ਗਏ ਗ਼ੈਰ-ਕਾਨੂੰਨੀ ਕੰਮਾਂ ਤੇ ਦਹਿਸ਼ਤਵਾਦੀ ਕਾਰਵਾਈਆਂ ਦੇ ਵਿਰੁੱਧ, ਸਾਡੇ ਪ੍ਰਬੰਧ ਵਿਚ ਕਿਸੇ ਭਰੋਸੇਯੋਗ ਸੰਸਥਾਗਤ ਸੁਰੱਖਿਆ ਪ੍ਰਬੰਧਾਂ ਦੀ ਅਣਹੋਂਦ ਹੀ ਅਜਿਹਾ ਕਾਰਨ ਹੈ ਜੋ ਜਮਹੂਰੀ ਹੱਕਾਂ ਦੀ ਰੱਖਿਆ ਕਰਨ ਵਾਲੀਆਂ ਜਥੇਬੰਦੀਆਂ ਦੀ ਹੋਂਦ ਨੂੰ ਜ਼ਰੂਰੀ ਬਣਾਉਂਦਾ ਹੈ।’’

ਬੇਸ਼ੁਮਾਰ “ਅਤਿਆਚਾਰਾਂ” ਬਾਰੇ ਵਿਚਾਰ ਕਰਦਿਆਂ ਉਹ ਸਾਨੂੰ ਯਾਦ ਕਰਾਉਂਦਾ ਹੈ ਕਿ ਭਾਰਤੀ ਸਮਾਜ “ਪ੍ਰਤੱਖ ਦਿਸਦੀ ਬੇਇਨਸਾਫ਼ੀ ਤੇ ਅਸਾਂਵੇਪਣ, ਦਾਬੇ ਤੇ ਲੁੱਟ-ਖਸੁੱਟ ਨਾਲ ਭਰਿਆ ਪਿਆ ਹੈ ਜਿਸ ਨੂੰ ਅਜਿਹੇ ਮਾਯੂਸ ਅਤੇ ਜਾਨ-ਹੂਲਵੇਂ ਮਰਦ ਤੇ ਔਰਤਾਂ, ਆਪਣੇ ਸ਼ਿਕਾਰ ਦੇ ਤੌਰ ’ਤੇ ਹਮੇਸ਼ਾ ਮਿਲਦੇ ਰਹਿਣਗੇ ਜੋ ਆਪਣੇ-ਆਪ ਤੋਂ ਜਾਂ ਆਪਣੇ ਪੀੜਤ ਸਾਥੀਆਂ ਤੋਂ, ਹਿੰਸਕ ਜਾਂ ਕਿਸੇ ਹੋਰ ਤਰੀਕੇ ਨਾਲ ਬਦਲਾ ਲੈਣ ਲਈ ਤੱਤਪਰ ਰਹਿੰਦੇ ਹਨ”। ਅਤੇ ਉਸ ਨੇ ਸਾਨੂੰ ਉਨ੍ਹਾਂ ਬਾਰੇ ਨੈਤਿਕ ਨਿਰਣੇ ਦੇਣ ਜਾਂ ਉਨ੍ਹਾਂ ਦੇ ਮੰਤਵਾਂ ਤੇ ਅਮਲਾਂ ਦੀ ਨਿੰਦਾ ਕਰਨ ਵਿਰੁੱਧ ਖ਼ਬਰਦਾਰ ਕੀਤਾ ਜਿਸ ਨੂੰ ਉਹ “ਸਧਾਰਨ ਹਿੰਸਾ” ਸਮਝਦਾ ਸੀ ਪਰ ਉਸ ਦਾ ਵਿਚਾਰ ਸੀ ਕਿ “ਅਜਿਹੀ ਮਾਯੂਸੀ ਤੇ ਨਿਧੱੜਕਤਾ ਅਤੇ ਉਸ ਚੋਂ ਜਨਮਦੀ ਅਟੱਲ ਹਿੰਸਾ ਦਾ ਕਾਰਨ ਬਣੇ ਹਾਲਾਤਾਂ ਨੂੰ ਬਦਲਣ ਲਈ ਜੋ ਵੀ ਸੰਭਵ ਹੋ ਸਕੇ, ਜ਼ਰੂਰ ਕੀਤਾ ਜਾਵੇ।”

ਸਾਡੇ ਗਰੀਬ ਕਬਜ਼ਾਧਾਰੀ-ਮੰਡੀ ਸੰਚਾਲਿਤ ਸਮਾਜ ਦੇ ਸੰਕਟ, ਇਸ ਦੇ ਬਹੁ-ਪਰਤੀ ਵਿਰੋਧਾਂ, ਵਹਿਸ਼ੀ ਲਾਲਚੀਪੁਣੇ ਅਤੇ ਜ਼ਿੰਦਾ ਰਹਿਣ ਲਈ ਜਾਨ-ਹੂਲਵੇਂ ਸੰਘਰਸ਼ ਕਰਦੇ ਲੋਕਾਂ ਅਤੇ ਅਥਾਰਟੀ ਦੇ ਟੁੱਟ-ਭੱਜ ਰਹੇ ਢਾਂਚਿਆਂ ਬਾਰੇ ਬੋਲਦਿਆਂ ਉਹ ਕਹਿੰਦਾ ਹੈ ਕਿ ਇਸ ਵਰਤਾਰੇ ਨੇ ਅਮੀਰਾਂ ਤੇ ਰਸੂਖਵਾਨਾਂ ਵਲੋਂ ਗਰੀਬ ਲੋਕਾਂ ਵਿਰੁੱਧ ਕੀਤੀ ਜਾਂਦੀ ਨਿੱਜੀ ਹਿੰਸਾ ਵਿਚ ਬਹੁਤ ਵਾਧਾ ਕੀਤਾ ਹੈ”। ਉਹ ਭੂ-ਪਤੀ ਸੈਨਾਵਾਂ, ਲੱਠਮਾਰ ਟੋਲਿਆਂ, ਪੁਲੀਸ, ਰਾਜਸੀ-ਲੀਡਰਾਂ ਤੇ ਕਾਰੋਬਾਰੀਆਂ ਨਾਲ ਜੁੜੇ ਗੁੰਡਾ-ਗਰੋਹਾਂ ਦਾ ਹਵਾਲਾ ਦਿੰਦਾ ਹੈ। ਉਹ ਸਾਨੂੰ ਖ਼ਬਰਦਾਰ ਕਰਦਾ ਹੈ ਕਿ ਇਸ ਕਾਰਨ ਲੋਕਾਂ ਵਲੋਂ ‘ਜਥੇਬੰਦ ਹੋਣ ਤੇ ਸ਼ਾਂਤਮਈ ਸੰਘਰਸ਼ ਕਰਨ ਦੇ ਆਪਣੇ ਹੱਕ ਦੀ ਸੁਰੱਖਿਆ’ ਲਈ “ਸਰਾਸਰ ਖੁਦ ਬਚਾਅ” ਦੇ ਪੈਂਤੜੇ ਤੋਂ, ਮੋੜਵੀਂ-ਹਿੰਸਾ ਲਈ ਭੜਕਾਹਟ ਪੈਦਾ ਹੋ ਸਕਦੀ ਹੈ। ਇਕ ਹੋਰ ਥਾਂ ਉਹ ਲਿਖਦਾ ਹੈ ਕਿ ਜਿਥੇ ਢੰਗ-ਤਰੀਕਿਆਂ ਤੇ ਉਦੇਸ਼ਾਂ ਦੀ ਗੱਲ ਆਉਦੀ ਹੈ ਸਵਾਲ ਇਹ ਨਹੀਂ ਹੁੰਦਾ ਹੈ ਕਿ “ਕੀ ਅਸੀਂ ਕਿਸੇ ਚੰਗੇ ਉਦੇਸ਼ ਦੀ ਪ੍ਰਾਪਤੀ ਲਈ ਬੁਰੇ ਢੰਗ-ਤਰੀਕੇ ਅਪਣਾ ਸਕਦੇ ਹਾਂ ਜਾਂ ਨਹੀਂ, ਅਜਿਹੇ ਬੁਰੇ ਤਰੀਕੇ ਜਿਨ੍ਹਾਂ ਦੇ ਮੁਕਾਬਲੇ ਚੰਗੇ ਉਦੇਸ਼ ਬਹੁਤ ਅਹਿਮ ਹਨ ਜਾਂ ਫਿਰ ਉਹ ਬੁਰੇ ਤਰੀਕੇ, ਉਨ੍ਹਾਂ ਤੋਂ ਵੀ ਵੱਡੀ ਬੁਰਾਈ ਨੂੰ ਟਾਲਣ ਲਈ ਜ਼ਰੂਰੀ ਹਨ, ਸਗੋਂ ਕੀ ਉਹ ਚੰਗੇ ਉਦੇਸ਼, ਉਨ੍ਹਾਂ ਲਈ ਤਾਰੀ ਗਈ ਕੀਮਤ ਦੇ ਲਾਇਕ ਹਨ ਜਾਂ ਉਨ੍ਹਾਂ ਚੰਗੇ ਉਦੇਸ਼ਾਂ ਦੀ ਪ੍ਰਾਪਤੀ ਲਈ ਕੋਈ ਘੱਟ ਬੁਰਾਈ ਵਾਲਾ ਰਾਹ ਵੀ ਹੈ।”( ਮਾਰਕਸਵਾਦ, ਸਮਾਜਵਾਦ, ਭਾਰਤੀ ਰਾਜਨੀਤੀ: ਖੱਬੀ ਧਿਰ ਦਾ ਇਕ ਨਜ਼ਰੀਆ; ਆਕਾਰ-ਬੁਕਸ, ਨਵੀਂ ਦਿੱਲੀ, 2008, ਪੰਨੇ 326)।

ਇਹ ਧਿਆਨ ਵਿਚ ਰੱਖਦਿਆਂ ਕਿ ਮੋੜਵੀਂ ਹਿੰਸਾ ਲੋਕਾਂ ਦੇ ਵਿਰੁੱਧ ਜਾ ਸਕਦੀ ਹੈ, ਉਸ ਨੇ ਖ਼ਬਰਦਾਰ ਕੀਤਾ ਕਿ “ਜੇਕਰ ਰਾਜਨੀਤੀ ਦੀ ਗੁਣਵੱਤਾ ਨੀਵੇਂ ਪੱਧਰ ਦੀ ਹੈ ਤਾਂ ਬੰਦੂਕ ਦੀ ਅਹਿਮੀਅਤ ਵੱਧਦੀ ਜਾਂਦੀ ਹੈ; ਇਹ ਖੁਦ ਸਿਆਸਤ ਬਣਨ ਦੀ ਕੋਸ਼ਿਸ਼ ਕਰਦੀ ਹੈ ਜਿਸ ਤਰ੍ਹਾਂ ਦੂਸਰੀ ਤਰਫ਼ ਰਾਜਕੀ ਦਹਿਸ਼ਤਵਾਦ ਅਜਿਹਾ ਕਰਨ ਦੀ ਰੁਚੀ ਰੱਖਦਾ ਹੈ”। ਸਿੱਟਾ ਕੱਢਦਿਆਂ ਉਹ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਜਦ ਬੁੱਧੀਜੀਵੀ ਵਰਗ ਦੇ ਬਹੁਤ ਸਾਰੇ ਹਿੱਸੇ, ਲੋਕਾਂ ਨੂੰ ਤਿਲਾਂਜਲੀ ਦੇ ਕੇ ‘ਕੌਮ’ ਦੀ ਸੇਵਾ ’ਚ ਲੱਗ ਗਏ, ਤਾਂ ਜਮਹੂਰੀ ਹੱਕਾਂ ਦੇ ਕਾਰਕੁਨ ਸੰਘਰਸ਼ਸ਼ੀਲ ਲੋਕਾਂ ਦੇ ਨਾਲ ਖੜ੍ਹੇ ਹਨ। ‘‘ਕੌਮ’’ ਦਾ ਵਿਚਾਰ ਅਤੇ ਜਮਾਤ ਦਾ ਯਥਾਰਥ, ਇਕ ਵਾਰ ਫਿਰ ਉੱਭਰ ਕੇ ਸਾਹਮਣੇ ਆ ਗਿਆ ਹੈ।

ਇਕ ਕਮਿਉਨਿਸਟ ਇਨਕਲਾਬੀ ਦੇ ਤੌਰ ’ਤੇ ਉਸ ਦੀ ਵਚਨਬੱਧਤਾ, ਮਨੁੱਖੀ ਹਾਲਾਤ ਤੇ ਮਨੁੱਖੀ ਪੀੜ੍ਹਾ ਬਾਰੇ ਉਸ ਦੀ ਸਮਝ ਉੱਪਰ ਵੀ ਆਧਾਰਿਤ ਸੀ। ਇਸ ਲਈ 1992 ਵਿਚ ਲਿਖਿਆ ਉਸ ਦਾ ਇਕ ਲੇਖ (‘ਸਮਾਜਵਾਦ ਦਾ ਸੰਕਟ’; ਵਚਨਬੱਧਤਾ ਦੀ ਹਮਾਇਤ ਵਿਚ ਟਿੱਪਣੀਆਂ: ਈ.ਪੀ.ਡਬਲਯੂ ਜੁਲਾਈ 25, 1992) ਸੋਵੀਅਤ ਸਮਾਜਵਾਦ ਦੇ ਢਹਿ-ਢੇਰੀ ਹੋਣ ਬਾਰੇ ਗੱਲ ਕਰਦਿਆਂ “ਸਾਡੇ ਚਾਰ-ਚੁਫੇਰੇ ਮਲਬਾ” ਖਿਲਰਿਆ ਹੋਣ ਅਤੇ ਸਰਮਾਏਦਾਰੀ ਤੋਂ ਛੁਟਕਾਰੇ ਦੀ ਸੰਭਾਵਨਾ ਤੇ ਮਨੁੱਖੀ ਨਿਜਾਤ ਲਈ ਸਿਧਾਂਤ ਤੇ ਅਭਿਆਸ ਵਜੋਂ ਮਾਰਕਸਵਾਦ ਦੀ ਪ੍ਰਮਾਣਿਕਤਾ, ਦੇ ਦੋਨਾਂ ਪੱਖਾਂ ਬਾਰੇ “ ਭਰਮ-ਮੁਕਤੀ ਦੀ ਭਰਮਾਰ” ਦੀ ਗੱਲ ਕਰਦਾ ਹੈ। ਉਹ ਖੁਦ ਦੇ ਮਾਰਕਸਵਾਦ ਵੱਲ ਸਫ਼ਰ ਤੇ ਆਪਣੇ ਪ੍ਰੇਰਨਾ ਸਰੋਤਾਂ ਦੀ ਗੱਲ ਕਰਦਿਆਂ ਸੋਵੀਅਤ ਸਮਾਜਵਾਦ ਦੀ ਖਿੱਚ ਅਤੇ ਉਸ ਸਮੇਂ ਦੇ ਸਮਕਾਲੀ ਆਲੋਚਕਾਂ ਦਾ ਜ਼ਿਕਰ ਕਰਦਾ ਹੈ। ਉਸ ਨੇ ਧਿਆਨ ਦਿਵਾਇਆ ਕਿ ਆਪਣੀ ਲਿਖਤ “ਸਮਾਜਵਾਦ ਕਿਉਂ?” ਵਿਚ ਅਲਬਰਟ ਆਈਨਸਟੀਨ ਨੇ ਇਕ ਅਹਿਮ ਨੁਕਤਾ ਉਠਾਇਆ ਹੈ ਕਿ:

‘‘ਐਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਯੋਜਨਾਬੱਧ ਆਰਥਿਕਤਾ ਹੀ ਸਮਾਜਵਾਦ ਨਹੀਂ ਹੁੰਦੀ। ਇਕ ਯੋਜਨਾਬੱਧ ਆਰਥਿਕਤਾ ਵਿਅਕਤੀ ਨੂੰ ਪੂਰੀ ਤਰ੍ਹਾਂ ਗ਼ੁਲਾਮ ਬਣਾਉਣ ਵਾਲੀ ਹੋ ਸਕਦੀ ਹੈ। ਸਮਾਜਵਾਦ ਤੱਕ ਪਹੁੰਚਣ ਲਈ ਕੁਝ ਬਹੁਤ ਹੀ ਅਹਿਮ ਸਮਾਜਿਕ-ਸਿਆਸੀ ਸਮੱਸਿਆਵਾਂ ਦਾ ਹੱਲ ਲੱਭਣਾ ਜ਼ਰੂਰੀ ਹੈ: ਸਿਆਸੀ ਤੇ ਆਰਥਕ ਇਖ਼ਤਿਆਰਾਂ ਦੇ ਨੁਕਤਾ-ਨਿਗਾਹ ਤੋਂ, ਨੌਕਰਸ਼ਾਹੀ ਨੂੰ ਤਾਨਾਸ਼ਾਹ ਤੇ ਮਗ਼ਰੂਰ ਹੋਣ ਤੋਂ ਰੋਕਣਾ ਕਿਵੇਂ ਸੰਭਵ ਹੈ? ਇਕ ਵਿਅਕਤੀ ਦੇ ਹੱਕਾਂ ਦੀ ਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਨੌਕਰਸ਼ਾਹੀ ਦੀ ਤਾਕਤ ਵਿਰੁੱਧ ਜਮਹੂਰੀ ਮੋੜਵੇਂ-ਬਲ ਦੀ ਵਰਤੋਂ ਕਿਵੇਂ ਯਕੀਨੀ ਬਣਾਈ ਜਾ ਸਕਦੀ ਹੈ?”

ਉਸ ਦੇ ਕਹਿਣ ਮੁਤਾਬਕ, “ਜੇਕਰ ਆਦਰਸ਼ਾਂ ਨੇ ਹਕੀਕਤ ਵਿਚ ਲੱਖਾਂ ਰੂਸੀ ਲੋਕਾਂ ਤੇ ਕਮਿਉਨਿਸਟਾਂ ਨੂੰ ਉਸ ਮਹਾਨ ਉੱਦਮ ਲਈ ਪ੍ਰੇਰਿਤ ਕੀਤਾ ਤਾਂ ਇਸ ਦਾ ਹਕੀਕੀ ਅਮਲ ਇਨ੍ਹਾਂ ਲੋਕਾਂ ਤੇ ਕਮਿਊਨਿਸਟਾਂ ਲਈ ਅਕਹਿ ਪੀੜ ਤੇ ਤਕਲੀਫ਼ਾਂ ਦਾ ਸਬੱਬ ਬਣਿਆ। ਜਮਹੂਰੀ ਆਜ਼ਾਦੀਆਂ ਦੀ ਘਾਟ ਅਤੇ ਸਿਆਸੀ ਤਾਕਤ ਦੇ ਆਪ-ਹੁਦਰੇਪਣ ਤੇ ਜ਼ਾਲਮ ਵਤੀਰੇ ਕਾਰਨ, ਸਮਾਜਵਾਦ ਦਾ ਚਿਹਰਾ-ਮੋਹਰਾ ਕਰੂਪ ਤੇ ਗ਼ੈਰ-ਮਨੁੱਖੀ ਬਣ ਰਿਹਾ ਸੀ”। ਉਸ ਸੱਤਾਧਾਰੀਆਂ ਅਤੇ ਜਨਤਾ ਵਿਚਕਾਰ “ਵੱਡੇ ਪਾੜੇ” ਦੀ ਗੱਲ ਕਰਦਾ ਹੈ ਅਤੇ ਹੈਰਾਨ ਹੁੰਦਾ ਹੈ ਕਿ ਕਿਉਂ ਇੰਨੇ ਸਾਰੇ ਲੋਕ, ਸੱਤਾਧਾਰੀਆਂ ਪ੍ਰਤੀ ਜਨਤਾ ਦੀ “ਭਿਆਨਕ ਬੇਗ਼ਾਨਗੀ” ਦੀ ਭਾਵਨਾ ਨੂੰ ਮਹਿਸੂਸ ਨਾ ਕਰ ਸਕੇ। ਦੇਖਣ, ਸੁਣਨ ਜਾਂ ਬੋਲਣ ਦੀ ਇਹ “ਅੜੀਅਲ ਨਾਬਰੀ” ਜਦੋਂ ਕਿ “ਇਹ ਉਨ੍ਹਾਂ ਦੀ ਇਨਕਲਾਬੀ ਜ਼ਿੰਮੇਵਾਰੀ ਸੀ”, ਇਕ “ਜੁਰਮ ਵਿਚ ਇਤਿਹਾਸਕ ਮਿਲੀਭੁਗਤ” ਬਣਦੀ ਹੈ।

ਉਸ ਦਾ ਮਤਲਬ ਸੀ ਕਿ ਜਮਹੂਰੀ ਆਜ਼ਾਦੀਆਂ ਲਾਜ਼ਮੀ ਤੌਰ ’ਤੇ ਸਾਡਾ ਮੁੱਖ ਸਰੋਕਾਰ ਹੋਣੀਆਂ ਚਾਹੀਦੀਆਂ ਹਨ। ਸਮਾਜਵਾਦ ਵਲੋਂ ਅਣਮਨੁੱਖੀ ਦਿਖ ਅਖ਼ਤਿਆਰ ਕਰ ਜਾਣਾ, ਇਸ ਸਰੋਕਾਰ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੰਦਾ ਹੈ। ਉਸ ਨੇ ਲਿਖਿਆ ਕਿ ਸੋਵੀਅਤ ਸਮਾਜਵਾਦ “ਇਤਿਹਾਸਕ ਪੱਖੋਂ ਮਾਰਕਸਵਾਦ ਦਾ ਇਕ ਨਿਵੇਕਲਾ ਸਿੱਟਾ ਸੀ ਜੋ ਮਾਰਕਸਵਾਦ ਦੇ ਨਾਂ ’ਤੇ ਇਕ ਖ਼ਾਸ ਸਿਆਸੀ ਅਭਿਆਸ ਨੂੰ ਹੀ ਕਲਾਵੇ ਚ ਲੈਂਦਾ ਸੀ। ਇਹ ਸਰਮਾਏਦਾਰੀ ਜਾਂ ਸਮਾਜਵਾਦ ਦੇ ਸਵਾਲ ਨੂੰ ਸਦਾ ਲਈ ਹੱਲ ਨਹੀਂ ਕਰਦਾ ਅਤੇ ਨਾ ਹੀ ਖੁਦ ਮਾਰਕਸਵਾਦ ਦੇ ਆਖ਼ਰੀ ਖ਼ਾਤਮੇ ਵੱਲ ਇਸ਼ਾਰਾ ਕਰਦਾ ਹੈ”। ਉਹ ਸਿੱਟਾ ਕਢਦੇ ਹੋਏ ਸਾਨੂੰ ਇਹ ਯਾਦ ਕਰਵਾਉਂਦੇ ਹਨ ਕਿ ਨਿੱਜੀ ਕਿਰਦਾਰ ਲਈ ਸਾਨੂੰ ਕਮਿਊਨਿਸਟ ਅਸੂਲ ਅਤੇ “ਮਾਰਕਸਵਾਦ ਦੇ ਬਿਹਤਰ ਇਨਕਲਾਬੀ ਅਭਿਆਸ” ਅਪਣਾਉਣੇ ਚਾਹੀਦੇ ਹਨ।

ਉਸ ਦੀਆਂ ਲਿਖਤਾਂ ਵਿਸ਼ਲੇਸ਼ਣਾਤਮਕ ਡੂੰਘਾਈ ਤੇ ਵਿਸਤਾਰ ਪੱਖੋਂ, ਮੇਰੇ ਇਥੇ ਕੀਤੀ ਪੇਸ਼ਕਾਰੀ ਨਾਲੋਂ ਕਿਤੇ ਵੱਧ ਬਿਹਤਰ ਹਨ। ਉਸ ਦੀਆਂ ਲਿਖਤਾਂ ਵਿਚਲਾ ਬੌਧਿਕ ਵਿਸਤਾਰ ਕਈ ਹੋਰ ਪਹਿਲੂਆਂ ਨੂੰ ਆਪਣੇ ਕਲਾਵੇ ਵਿਚ ਸਮੇਟਦਾ ਸੀ ਅਤੇ ਵਾਤਾਵਰਣ ਦੇ ਤੇ ਨਾਰੀਵਾਦੀ ਮੁੱਦਿਆਂ ਪ੍ਰਤੀ ਉਸ ਦੀ ਚੇਤੰਨਤਾ ਵੀ ਉਨੀ ਹੀ ਮਹੱਤਵਪੂਰਨ ਸੀ। ਉਸ ਦੀ ਵਾਰਤਿਕ ਸ਼ੈਲੀ ਰੌਚਕ ਅਤੇ ਸਾਹਿਤਕ ਹਵਾਲਿਆਂ ਨਾਲ ਭਰਪੂਰ ਹੈ ਜੋ ਵਿਸ਼ੇ ਉੱਪਰ ਉਸ ਦੀ ਮਜ਼ਬੂਤ ਪਕੜ ਨੂੰ ਉਜਾਗਰ ਕਰਦੀ ਹੈ। ਪਰ ਫੇਰ ਵੀ ਜੋ ਤੱਥ ਸਭ ਤੋਂ ਵੱਧ ਉਭਰ ਕੇ ਸਾਹਮਣੇ ਆਉਂਦਾ ਅਤੇ ਉਸ ਦੀਆਂ ਲਿਖਤਾਂ ਨੂੰ ਸਮੇਂ ਦੀਆਂ ਬੇਹੱਦ ਹਾਣੀ ਬਣਾਉਂਦਾ ਹੈ, ਉਹ ਹੈ ਉਸ ਦੀ ਬੌਧਿਕਤਾ ਦਾ, ‘ਅੰਸ਼ ਦੀ ਸਮੁਚ ਵਾਸਤੇ ਅਹਿਮੀਅਤ’ ਬਾਰੇ ਸਾਨੂੰ ਆਤਮਸਾਤ ਕਰਾਉਣ ਵਲ ਸੇਧਤ ਹੋਣਾ ਤਾਂ ਜੁ ਅਸੀਂ ਆਪਣੇ ਅਭਿਆਸ ਨੂੰ ਚੰਡ ਅਤੇ ਸੁਧਾਰ ਸਕੀਏ। ਸਾਨੂੰ ਯਾਦ ਕਰਵਾਉਂਦਿਆਂ ਕਿ ਸਿਆਸਤ ਨੂੰ ਤੈਅ ਕਰਨ ਲਈ ਕੌਮ ਦੀ ਧਾਰਨਾ ਨੂੰ ਮੂਲ ਮਾਪਦੰਡ ਨਹੀਂ ਬਣਾਇਆ ਜਾ ਸਕਦਾ, ਮਿਸਾਲ ਵਜੋਂ “ਸਿਖ ਇੰਤਹਾਪਸੰਦੀ” ਬਾਰੇ ਵਿਚਾਰ ਕਰਦਿਆਂ ਉਹ ਸਾਨੂੰ ਇਸ ਦੇ ਪੈਦਾ ਹੋਣ ਦੇ ਸਮਾਜਿਕ ਪ੍ਰਸੰਗ ਨੂੰ ਵਾਚਣ ਉੱਪਰ ਜ਼ੋਰ ਦਿੰਦਾ ਹੈ ਅਤੇ ਯਾਦ ਕਰਵਾਉਂਦਾ ਹੈ ਕਿ ਆਪਣੀ ਚੌਧਰ ਨੂੰ ਮਜ਼ਬੂਤ ਕਰਨ ਲਈ ਸੱਤਾਧਾਰੀ ਜਮਾਤਾਂ ਧਰਮ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਉਸ ਦੀ ਵਿਦਵਤਾ ਦੀ ਵਿਲੱਖਣਤਾ ਇਹ ਸੀ ਕਿ ਉਹ ਹਰ ਇਕ ਦੀ ਗੱਲ ਸੁਣਦਾ ਸੀ, ਇਸ ਹਕੀਕਤ ਦੇ ਬਾਵਜੂਦ ਕਿ ਖੱਬੀਆਂ ਦਲਬੰਦੀਆਂ ਨਾਲ ਉਸ ਦਾ ਕਦੇ ਸਨੇਹ ਤੇ ਕਦੇ ਘਿ੍ਰਣਾ ਵਾਲਾ ਰਿਸ਼ਤਾ ਰਿਹਾ। ਉਹ ਉਨ੍ਹਾਂ ਦਾ ਵੀ ਅਸਰ ਕਬੂਲਦਾ ਸੀ ਜੋ ਉਸ ਨਾਲ ਜਾਂ ਉਸ ਦੀ ਮਾਰਕਸਵਾਦੀ ਸਮਝ ਨਾਲ ਅਸਹਿਮਤ ਸਨ ਜਾਂ ਵੱਖਰੀ ਰਾਏ ਰੱਖਦੇ ਸਨ। ਆਪਣੀ ਸ਼ਖ਼ਸੀਅਤ ਤੇ ਲਿਖਤਾਂ ਵਿਚ ਉਸ ਨੇ ਆਪਣੇ ਅਮਲਾਂ ਨੂੰ ਖੁੱਲੇਪਣ, ਪੜਚੋਲ, ਆਪਾ-ਪੜਚੋਲ ਅਤੇ ਬੌਧਿਕ-ਇਮਾਨਦਾਰੀ ਦੇ ਗੁਣਾਂ ਵਾਲੇ ਕਮਿਊਨਿਸਟ ਵਤੀਰੇ ਨਾਲ ਇਕਸੁਰ ਕੀਤਾ ਹੋਇਆ ਸੀ।

ਜਿਨ੍ਹਾਂ ਸਮਿਆਂ ਵਿਚ ਅਸੀਂ ਰਹਿ ਰਹੇ ਹਾਂ ਜਿਥੇ ਫਿਰਕੂ-ਫ਼ਾਸ਼ੀਵਾਦ ਦਨਦਨਾਉਂਦਾ ਫਿਰ ਰਿਹਾ ਹੈ ਅਤੇ ਰਾਜ ਦੀਆਂ ਸੰਸਥਾਵਾਂ ਤੇ ਗਲੀਆਂ ਵਾਲੀ ਹੁਲੜਬਾਜ਼ੀ ਵਿਚ ਫ਼ਰਕ ਦੀਆਂ ਲਕੀਰਾਂ ਧੁੰਦਲੀਆਂ ਪੈ ਰਹੀਆਂ ਹਨ, ਉਸ ਵਲੋਂ ਸਾਨੂੰ ਇਸ ਵਰਤਾਰੇ ਦੀਆਂ ਸਮਾਜਿਕ, ਆਰਥਿਕ ਤੇ ਸਭਿਆਚਾਰਕ ਜੜ੍ਹਾਂ ਤਲਾਸ਼ਣ ਲਈ ਕਹਿਣਾ ਇਹ ਤਾਕੀਦ ਕਰਨਾ ਹੈ ਕਿ ਅਸੀਂ ਇਨ੍ਹਾਂ ਹਾਲਾਤ ਦੇ ਪੈਦਾ ਹੋਣ ਦੇ ਕਾਰਨਾਂ ਅਤੇ ਇਸ ਦੇ ਅਸਲੀ ਆਧਾਰ ਨੂੰ ਨਿਖੇੜਕੇ ਨਹੀਂ ਦੇਖ ਸਕਦੇ। ਇਹ ਮਨੁੱਖੀ ਮੁਕਤੀ ਦੇ ਸੰਘਰਸ਼ ਨੂੰ ਉਸੇ ਸ਼ਿੱਦਤ ਨਾਲ ਜਾਰੀ ਰੱਖਣ ਲਈ ਵੀ ਸੱਦਾ ਦਿੰਦਾ ਹੈ ਜਿਸ ਸ਼ਿੱਦਤ ਨਾਲ ਸੱਤਾਧਾਰੀ ਜਮਾਤਾਂ ਲੋਕਾਂ ਤੋਂ ਉਨ੍ਹਾਂ ਦੀਆਂ ਸੰਘਰਸ਼ਾਂ ਰਾਹੀਂ ਹਾਸਲ ਕੀਤੀਆਂ ਪ੍ਰਾਪਤੀਆਂ ਨੂੰ ਵਾਪਸ ਖੋਹਣ ’ਤੇ ਲੱਗੀਆਂ ਹੋਈਆਂ ਹਨ। ਅਖ਼ੀਰ ਉਹ ਸਾਡੇ ਤੋਂ ਇਹ ਉਮੀਦ ਨਹੀਂ ਕਰਦਾ ਕਿ ਅਸੀਂ ਉਸ ਵਲੋਂ ਕਹੇ ਗਏ ਦਾ ਰਟਣ-ਮੰਤਰ ਕਰੀਏ ਸਗੋਂ ਇਹ ਸਮਝਣ ਦੀ ਉਮੀਦ ਕਰਦਾ ਹੈ ਕਿ ਉਹ ਸਮਾਜਿਕ ਵਰਤਾਰੇ ਨੂੰ ਕਿਉਂ ਅਤੇ ਕਿਸ ਅਹਿਮ ਨੁਕਤੇ ਤੋਂ ਦੇਖਦਾ ਸੀ ਅਤੇ ਸਾਨੂੰ ਆਪਣੀ ਤਹਿਕੀਕਾਤ ਨੂੰ ਉਦੇਸ਼ਪੂਰਨ ਤੇ ਪ੍ਰਭਾਵਕਾਰੀ ਬਣਾਉਣ ਲਈ ਕੀ ਕੁਝ ਕਰਨ ਦੀ ਲੋੜ ਹੈ। ਇਸ ਕੰਮ ਲਈ ਉਸ ਨੇ ਸਾਨੂੰ ਲਗਾਤਾਰ ਹੰਭਲਾ ਮਾਰਦੇ ਰਹਿਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਸਾਨੂੰ ਆਪਣੀ ਆਲੋਚਨਾਤਮਕ ਪਹੁੰਚ ਦੀ ਕਦੇ ਵੀ ਅਣਦੇਖੀ ਨਾ ਕਰਦੇ ਹੋਏ, ਪੂਰੇ ਸਿਰੜ ਨਾਲ ਅੱਗੇ ਵਧਣਾ ਚਾਹੀਦਾ ਹੈ।

ਇਹ ਹੈ ਜਿਵੇਂ ਮੈਂ ਉਸ ਨੂੰ ਯਾਦ ਕਰਦਾ ਹਾਂ। ਸੱਚੀਓਂ ਹੀ ਇਕ ਮਹਾਨ ਅਧਿਆਪਕ, ਪਰ ਸਾਡਾ ਰਾਹ-ਦਰਸਾਵਾ ਤੇ ਫ਼ਿਲਾਸਫਰ ਵੀ।

 

ਸੰਪਰਕ +91 94634 74342
ਆਮ ਆਦਮੀ ਪਾਰਟੀ ਇਤਿਹਾਸ ਤੋਂ ਸਬਕ ਲੈਣ ਦਾ ਯਤਨ ਕਰੇ – ਹਰਜਿੰਦਰ ਸਿੰਘ ਗੁਲਪੁਰ
ਜੁਨੈਦ ਦੀ ਆਪਣੀ ਅੰਮੀ ਦੇ ਨਾਮ ਲਿਖੀ ਇੱਕ ਕਲਪਿਤ ਚਿੱਠੀ
ਭਾਰਤ ਦੀ ਪ੍ਰਭੁਤਾ ਨੂੰ ਭੰਗ ਕਰਨ ਦਾ ਮਾਮਲਾ -ਸੀਤਾਰਾਮ ਯੇਚੁਰੀ
ਪੰਜਾਬੀ ਕਿਸਾਨ ਇਉਂ ਕੀਤਾ ਬਰਬਾਦ ਅਤੇ ਕਰਜ਼ਾਈ ? – ਗੁਰਚਰਨ ਪੱਖੋਕਲਾਂ
ਜਾਟ ਰਾਖਵਾਂਕਰਨ ਅੰਦੋਲਨ: ਵੋਟ ਸਿਆਸਤਦਾਨਾਂ ਦੇ ਕੁਰਸੀ ਭੇੜ ਨੇ ਝੁਲਾਇਆ ਝੱਖੜ –ਪਾਵੇਲ ਕੁੱਸਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਚਿੰਤਨ

ਸਰੋਤੇ ਉਡੀਕਦੀਆਂ ਕਹਾਣੀਆਂ – ਅਜੇ ਭਾਰਦਵਾਜ

ckitadmin
ckitadmin
November 27, 2012
ਮੌਲਿਕ ਅਧਿਕਾਰਾਂ ਦੀ ਧੱਜੀਆਂ ਉਡਾ ਰਿਹਾ ਹੈ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ – ਜੀਤ ਬਾਗੀ
ਪੁਸਤਕ: ਪੰਜਾਬੀ ਬਾਲ ਸਾਹਿਤ (ਸਥਿਤੀ, ਸੇਧਾਂ ਅਤੇ ਮੁਲਾਂਕਣ)
ਜੇ.ਐੱਨ.ਯੂ. ਤੋਂ ਉੱਠੀ ਮਨੁੱਖੀ ਹਕੂਕ ਦੀ ਆਵਾਜ਼ ਤੇ ਸੰਘੀ ਕੋੜਮਾ
ਹਰ ਘਟਨਾ ਦਾ ਰਾਜਨੀਤੀਕਰਨ ਮੰਦਭਾਗਾ – ਗੁਰਤੇਜ ਸਿੱਧੂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?