ਸਮਾਜ ਦੇ ਆਗੂ ਲੋਕਾਂ ਨੂੰ ਪਰਸਿੱਧੀ ਦੀ ਚੋਟੀ ਤੇ ਬੈਠਿਆਂ ਨੂੰ ਜੇ ਕੋਈ ਦੇਖਣ ਵਾਲਾ ਨਾਂ ਹੋਵੇ ਤਦ ਇਹਨਾਂ ਨੂੰ ਲੁੱਟ ਦੀ ਖੇਡ ਖੇਡਣ ਦਾ ਮਜਾ ਹੀ ਨਹੀਂ ਹੁੰਦਾ , ਸੋ ਟੀਸੀ ਤੇ ਬੈਠ ਕੇ ਲੋਕਾਂ ਤੋਂ ਉੱਚੇ ਦਿਖਾਈ ਦੇਣ ਦੀ ਲਾਲਸਾ ਵਿੱਚ ਇੰਹਨਾਂ ਲਈ ਆਮ ਲੋਕ ਵੀ ਧਰਤੀ ਤੇ ਬੈਠੇ ਹੋਣੇ ਜ਼ਰੂਰੀ ਹੁੰਦੇ ਹਨ। ਇਸ ਖੇਡ ਦਾ ਇਹ ਹੀ ਲੁਕਵਾਂ ਪਹਿਲੂ ਹੁੰਦਾ ਹੈ ਜਿਸਦੀ ਗੁਲਾਮੀ ਵਿੱਚ ਫਸੇ ਮਸਹੂਰ ਲੋਕ ਆਮ ਲੋਕਾਂ ਨੂੰ ਗੁਲਾਮੀ ਵਿੱਚ ਫਸਾਉਣ ਦੀ ਸਾਰੀ ਉਮਰ ਕੋਸ਼ਿਸ਼ ਕਰਦਿਆਂ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ। ਵਰਤਮਾਨ ਸਮੇਂ ਦੇ ਵਿੱਚ ਦਿੱਲੀ ਚੋਣਾਂ ਵਿੱਚ ਜਿੱਤੇ ਕੇਜਰੀਵਾਲ ਦੀ ਮਿਸਾਲ ਸਭ ਦੇ ਦਿਮਾਗਾਂ ਤੇ ਤਰੋਤਾਜੀ ਹੈ ਜਿਸ ਵਿੱਚੋਂ ਦਿਖਾਈ ਦਿੰਦਾ ਹੈ ਕਿ ਕਿਸ ਤਰ੍ਹਾਂ ਇਸ ਗੁੰਮਨਾਮ ਵਿਅਕਤੀ ਨੇ ਤਪੱਸਿਆ ਭਰੀ ਜ਼ਿੰਦਗੀ ਜਿਉਦਿਆਂ ਅਤੇ ਆਮ ਲੋਕਾਂ ਲਈ ਜੂਝਦਿਆਂ ਅੱਠ ਮੰਤਰੀਆਂ ਅਤੇ ਅਨੇਕਾਂ ਭਿ੍ਰਸ਼ਟ ਅਫਸਰਾਂ ਨੂੰ ਸਜਾ ਦਿਵਾਉਣ ਵਾਲੇ ਅੰਨਾਂ ਹਜਾਰੇ ਦੀ ਵਰਤੋਂ ਕੀਤੀ। ਮੰਚ ਤੋਂ ਲੱਛੇਦਾਰ ਭਾਸ਼ਣ ਦੇਣ ਦੀ ਕਲਾ ਦਾ ਮਾਹਿਰ ਕੇਜਰੀਵਾਲ ਯੋਜਨਾ ਬੱਧ ਚਾਲਾਂ ਨਾਲ ਉਸਦੇ ਸਿਰ ਤੋਂ ਛਾਲ ਮਾਰਕੇ ਰਾਜਸੱਤਾ ਦੀ ਕੁਰਸੀ ਤੇ ਬਿਰਾਜਮਾਨ ਹੋ ਗਿਆ ਹੈ। ਇਸ ਕੁਰਸੀ ਦੀ ਲਾਲਸਾ ਵਿੱਚ ਆਪਣੀ ਜਮੀਰ ਗੁਆਕੇ ਗੁਰੂ ਦੀ ਬੇਅਦਬੀ ਕਰਕੇ, ਸੰਗੀ ਸਾਥੀਆਂ ਨਾਲ ਧੋਖੇ ਕਰਕੇ, ਝੂਠ ਦੀ ਚਾਸਣੀ ਰਾਹੀਂ ਕੁਰਸੀ ਤੇ ਕਾਬਜ ਹੋ ਗਿਆ ਹੈ।
ਆਮ ਰੱਬੀ ਜ਼ਿੰਦਗੀ ਜਿਉਣ ਵਾਲੇ ਲੋਕਾਂ ਨਾਲ ਫਰੇਬ ਦੀ ਖੇਡ ਖੇਡਣ ਵਾਲਾ ਇਹ ਆਪਣੇ ਆਪ ਨੂੰ ਚਲਾਕ ਸਮਝਣ ਵਾਲਾ ਮੂਰਖਾਂ ਵਰਗਾ ਵਿਅਕਤੀ ਕਿਸ ਮੰਜ਼ਲ ਤੇ ਜਾਕੇ ਥੱਕ ਜਾਵੇਗਾ। ਇਸਨੂੰ ਸਮਾਂ ਜ਼ਰੂਰ ਦੱਸੇਗਾ ਕਿ ਧੋਖਿਆ ਨਾਲ ਖੇਡੀਆਂ ਖੇਡਾਂ ਕਦੇ ਖੁਸੀ ਨਹੀਂ ਦੇ ਸਕਦੀਆਂ। ਇਸ ਵਿਅਕਤੀ ਦੇ ਦਾਅਵੇ ਅਤੇ ਵਾਅਦੇ ਦੇਖੋ ਜੋ ਕੁਰਸੀ ਤੇ ਪਹੁੰਚਣ ਲਈ ਇਸ ਨੇ ਕੀਤੇ ਹਨ, ਜੋ ਪੂਰੇ ਵੀ ਨਹੀਂ ਹੋਏ ਅਤੇ ਨਾ ਹੀ ਹੋਣਗੇ ਕਿਉਂਕਿ ਅਸਲੀਅਤ ਸਮੇਂ ਨਾਲ ਪਰਗਟ ਹੋ ਹੀ ਜਾਂਦੀ ਹੈ। ਅੰਨਾਂ ਹਜਾਰੇ ਦੀ ਸਟੇਜ ਤੇ ਕਿਸੇ ਵਕਤ ਇਸ ਨੇ ਰਾਜਨੀਤਕਾਂ ਨੂੰ ਆਉਣ ਨਹੀਂ ਸੀ, ਦਿੱਤਾ ਇੱਥੋਂ ਤੱਕ ਅਡਵਾਨੀ ਵਰਗਾ ਵਿਰੋਧੀ ਦਲ ਦਾ ਨੇਤਾ ਵੀ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ ਗਿਆ ਸੀ, ਪਰ ਸਮੇਂ ਬਦਲਣ ਨਾਲ ਖੁਦ ਵੀ ਰਾਜਨੀਤਕ ਹੋ ਗਿਆ ਹੈ। 49 ਦਿਨਾਂ ਦੀ ਸਰਕਾਰ ਨੂੰ ਪਰਧਾਨ ਮੰਤਰੀ ਬਣਨ ਦੀ ਲਾਲਸਾ ਵਾਸਤੇ ਲੋਕਪਾਲ ਬਨਾਉਣ ਦੀ ਸੰਵਿਧਾਨ ਤੋਂ ਉਲਟ ਪ੍ਰਕਿਰਿਆ ਅਪਣਾਕੇ ਆਪ ਹੀ ਗਿਰਾ ਗਿਆ ਸੀ ਅਤੇ ਦੋਸ਼ ਵਿਰੋਧੀ ਪਾਰਟੀ ਅਤੇ ਕਾਂਗਰਸ ਤੇ ਲਾ ਦਿੱਤਾ ਗਿਆ ਜਦੋਂ ਕਿ ਕਾਂਗਰਸ ਨੇ ਕੋਈ ਸਮਰਥਨ ਵਾਪਸ ਨਹੀਂ ਲਿਆ ਸੀ।
ਘੱਟ ਗਿਣਤੀ ਸਰਕਾਰ ਹੋਣ ਦੇ ਰੋਣੇ ਰੋਅ ਕੇ ਕੀਤੇ ਵਾਅਦਿਆਂ ਤੋਂ ਮੁਕਰਿਆ ਗਿਆ, ਪਰ ਹੁਣ ਦੂਸਰੀ ਵਾਰ ਪੂਰਨ ਬਹੁਮੱਤ ਹੋਣ ਦੇ ਬਾਵਜੂਦ ਲੋਕਪਾਲ ਕਿਉਂ ਨਹੀਂ ਪਾਸ ਕੀਤਾ ਗਿਆ? ਸਰਕਾਰੀ ਲੋਕਪਾਲ ਤਾਂ ਦੂਰ ਪਾਰਟੀ ਦੇ ਲੋਕਪਾਲ ਨੂੰ ਹੀ ਸੱਚ ਬੋਲਣ ਤੇ ਹਟਾ ਦਿੱਤਾ ਗਿਆ ਹੈ। ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਵਾਅਦੇ ਉਸ ਵਕਤ ਹਵਾ ਹੋ ਗਏ ਹਨ, ਜਦ ਮਿਊਂਸਿਪਲ ਦੇ ਸਫਾਈ ਕਰਮਚਾਰੀਆਂ ਦੀ ਤਨਖਾਹ ਲਈ ਵੀ ਪੈਸਾ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਹੰਕਾਰ ਵਿੱਚ ਆਕੇ ਸਿਆਸਤ ਦੀ ਘਟੀਆ ਚਾਲਾਂ ਚੱਲਾਈਆਂ ਜਾ ਰਹੀਆਂ ਹਨ। ਮੁਫਤ ਵਾਈ ਫਾਈ ਦਾ ਕੀਤਾ ਵਾਅਦਾ ਦੋ ਸਾਲ ਲਈ ਲੇਟ ਕਰ ਦਿੱਤਾ ਗਿਆ ਹੈ। ਬਿਜਲੀ ਦੇ ਰੇਟ ਅੱਧੇ ਕਰਨ ਦੀ ਥਾਂ ਲੋਕਾਂ ਦੇ ਟੈਕਸ ਦਾ ਪੈਸਾ ਹੀ ਪਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਗਿਆ ਜਿਸ ਨਾਲ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਕਿੳਂ ਨਹੀਂ ਦਿੱਤੀਆਂ ਗਈਆਂ । ਅੰਬਾਨੀਆਂ ਤੇ ਕੀਤੇ ਕੇਸ ਜੋ ਨਿਰਾ ਚੋਣ ਸਟੰਟ ਸਨ, ਦੁਬਾਰਾ ਕਿਉਂ ਨਹੀਂ ਖੋਲੇ ਜਾ ਰਹੇ?
ਗੱਲ ਦਿੱਲੀ ਦੇ ਨੇਤਾ ਦੀ ਹੀ ਨਹੀ ਬਲਕਿ ਹਰ ਉਸ ਰਾਜਨੀਤਕ ਦੀ ਹੈ, ਜਿਹੜੇ ਝੂਠ ਦੀ ਖੇਤੀ ਕਰਕੇ ਕੁਰਸੀ ਹਾਸਲ ਕਰਦੇ ਹਨ। ਦਿੱਲੀ ਦੀ ਸੈਂਟਰ ਸਰਕਾਰ ਦਾ ਵੀ ਇਹੋ ਹਾਲ ਹੈ। ਕਾਲਾ ਧਨ ਲਿਆਉਣ ਦੇ ਦਾਅਵੇ ਅਤੇ ਵਾਅਦੇ ਹਵਾ ਹੋ ਗਏ ਹਨ। ਹਰ ਭਾਰਤੀ ਨੂੰ ਪੰਦਰਾਂ ਲੱਖ ਦੇਣ ਦਾ ਵਾਅਦਾ ਇੱਕ ਜੁਮਲਾ ਸੀ ਕਹਿਕੇ ਸਾਰ ਦਿੱਤਾ ਗਿਆ ਹੈ। ਪੂਰਨ ਬਹੁਮੱਤ ਹੋਣ ਤੇ ਰਾਮ ਮੰਦਰ ਬਨਾਉਣ ਦੇ ਐਲਾਨ ਕਰਨ ਵਾਲੇ ਬੀਜੇਪੀ ਦੇ ਨੇਤਾ ਖੁਦ ਹੀ ਬਾਬਰੀ ਮਸਜਿਦ ਵਾਂਗ ਮੋਦੀ ਦੀ ਤਾਨਾਸਾਹੀ ਹਨੇਰੀ ਨਾਲ ਤਬਾਹ ਹੋ ਗਏ ਹਨ ਜੇ ਕੋਈ ਬਾਕੀ ਨੇਤਾ ਬਚੇ ਹਨ ਉਹ ਨੇਤਾ ਘੱਟ ਚਮਚੇ ਜਿਆਦਾ ਦਿਖਾਈ ਦਿੰਦੇ ਹਨ। ਪਾਕਿਸਤਾਨ ਨੂੰ ਝੁਕਾ ਦੇਣ ਦੀਆਂ ਹਵਾਈ ਗੱਲਾਂ ਕਿਧਰੇ ਉੱਡ ਗਈਆਂ ਹਨ ਸਗੋਂ ਇਸਦੇ ਉਲਟ ਨਿੱਤ ਦਿਨ ਮਹਿਮਾਨ ਬਣਨ ਜਾਂ ਬਣਾਉਣ ਦਾ ਸਿਲਸਿਲਾ ਜਾਰੀ ਰੱਖਣਾ ਪੈ ਰਿਹਾ ਹੈ।
ਇਸ ਤਰ੍ਹਾਂ ਹੀ ਪੰਜਾਬ ਦੇ ਨੇਤਾਵਾਂ ਦਾ ਹਾਲ ਹੈ ਜਿਹੜੇ ਪੰਜਾਬੀਆਂ ਦੇ ਵਿਕਾਸ ਦੀਆਂ ਗੱਲਾਂ ਕਰਦੇ ਸਨ, ਪਰ ਉਲਟਾ ਪੰਜਾਬ ਸਰਕਾਰ ਹੀ ਲੱਖਾਂ ਕਰੋੜਾਂ ਦੀ ਕਰਜ਼ਾਈ ਕਰ ਦਿੱਤੀ ਹੈ। ਕਰਜਾਈ ਸਰਕਾਰ ਲੋਕਾਂ ਦਾ ਵਿਕਾਸ ਤਾਂ ਕੀ ਕਰੇਗੀ ਅਸਲੀਅਤ ਵਿੱਚ ਟੈਕਸਾਂ ਦਾ ਬੋਝ ਹੀ ਵਧਾਉਣ ਲਈ ਮਜਬੂਰ ਹੋਈ ਪਈ ਹੈ। ਪਰਾਈਵੇਟ ਕਾਰਪੋਰੇਟ ਘਰਾਣਿਆਂ ਦੁਆਰਾ ਖੋਲੇ ਵੱਡੇ ਹਸਪਤਾਲਾਂ, ਥਰਮਲ ਪਲਾਟਾਂ , ਰਿਫਾਈਨਰੀਆਂ ਦੇ ਉਦਘਾਟਨ ਕਰਕੇ ਹੀ ਪੰਜਾਬ ਦੇ ਨੇਤਾ ਆਪਣੀ ਬੱਲੇ ਬੱਲੇ ਕਰਵਾਉਣ ਦਾ ਮਸਹੂਰੀ ਯੁੱਧ ਚਲਾਈ ਜਾ ਰਹੇ ਹਨ। ਅਸਲੀਅਤ ਇਹ ਹੈ ਕਿ ਪਰਾਈਵੇਟ ਅਦਾਰੇ ਆਪਣੇ ਨਿੱਜੀ ਮੁਨਾਫਿਆ ਲਈ ਕੰਮ ਕਰਦੇ ਹਨ ਨਾਂ ਕਿ ਲੋਕ ਭਲਾਈ ਲਈ ਪਰ ਝੂਠਾ ਪਰਚਾਰ ਯੁੱਧ ਤਾਂ ਜਾਰੀ ਰਹੇਗਾ ਹੀ ਕਿਉਂਕਿ ਨੇਤਾ ਲੋਕਾਂ ਦੀ ਪੁਸਤਪਨਾਹੀ ਜੋ ਹਾਸਲ ਹੈ।
ਉਪਰੋਕਤ ਵਰਤਾਰੇ ਜਾਰੀ ਹੀ ਰਹਿਣੇ ਹਨ, ਪਰ ਲੇਖ ਦਾ ਮਕਸਦ ਤਾਂ ਆਮ ਲੋਕਾਂ ਦੀ ਕਰਾਮਾਤ ਹੈ ਜੋ ਵਰਤੀ ਜਾ ਰਹੀ ਹੈ। ਆਮ ਲੋਕਾਂ ਨੇ ਨੇਤਾ ਲੋਕਾਂ ਨੂੰ ਕੁਰਸੀਆਂ ਤੇ ਬਿਠਾਕੇ ਕਸਵੱਟੀ ਲਾਈ ਹੋਈ ਹੈ। ਲੋਕਾਂ ਦੀ ਇਨਸਾਫ ਦੀ ਤੱਕੜੀ ਵਿੱਚ ਇੱਕ ਪਾਸੇ ਨੇਤਾ ਲੋਕ ਬੈਠੇ ਦਿਖਾਈ ਦਿੰਦੇ ਹਨ ਦੂਸਰੇ ਪਾਸੇ ਉਹਨਾਂ ਦੇ ਕੀਤੇ ਹੋਏ ਝੂਠੇ ਵਾਅਦੇ ਦਿਖਾਈ ਦੇ ਰਹੇ ਹਨ। ਨੇਤਾ ਲੋਕਾਂ ਦਾ ਭਾਰ ਹੌਲਾ ਹੋਈ ਜਾਂਦਾ ਹੈ ਪਰ ਵਾਅਦਿਆਂ ਦੇ ਝੂਠ ਦੀ ਪੰਡ ਹੋਰ ਭਾਰੀ ਹੋਈ ਜਾ ਰਹੀ ਹੈ ਕਿਉਂਕਿ ਨੇਤਾ ਲੋਕ ਵਾਅਦਿਆਂ ਤੋਂ ਮੁਕਰਨ ਦੀ ਸਚਾਈ ਕਬੂਲਣ ਦੀ ਥਾਂ ਹੋਰ ਝੂਠ ਬੋਲੀ ਜਾ ਰਹੇ ਹਨ। ਆਮ ਲੋਕ ਨੇਤਾਵਾਂ ਦੀ ਹਾਸੋਹੀਣੀ ਹਾਲਤ ਤੇ ਮੁਸਕਰਾ ਰਹੇ ਹਨ ਅਤੇ ਉਹਨਾਂ ਦੇ ਵਾਅਦਿਆਂ ਦੀ ਮੌਤ ਤੇ ਰੋ ਵੀ ਰਹੇ ਹਨ ਕਿਉਂਕਿ ਆਮ ਲੋਕ ਬੇਰਹਿਮ ਨਹੀਂ ਹੁੰਦੇ। ਨੇਤਾ ਲੋਕ ਆਪਣੀ ਜਮੀਰ ਨੂੰ ਆਪਣੇ ਹੀ ਅੰਦਰ ਕਬਰ ਬਣਾਕੇ ਰੱਖਣ ਲਈ ਮਜਬੂਰ ਹਨ, ਪਰ ਇਸ ਕਬਰ ਵਿੱਚ ਪੈਦਾ ਹੋਣ ਵਾਲੀ ਸੜੇਹਾਂਦ ਨੇਤਾ ਲੋਕਾਂ ਨੂੰ ਬਹੁਤ ਹੀ ਕਸ਼ਟਾਂ ਨਾਲ ਸਹਿਣੀ ਪੈ ਰਹੀ ਹੈ। ਆਮ ਲੋਕ ਸਦੀਆਂ ਤੋਂ ਕੁਦਰਤ ਸਹਾਰੇ ਜਿਉਂਦੇ ਆਏ ਹਨ। ਕੁਦਰਤ ਨੇ ਆਮ ਲੋਕਾਂ ਨੂੰ ਕਿਰਤ ਅਤੇ ਸਬਰ ਦਿੱਤਾ ਹੋਇਆ ਹੈ। ਗੁਰੂ ਨਾਨਕ ਦੇ ਧੌਲ ਰੂਪੀ ਆਮ ਲੋਕ ਦਇਆ ਅਤੇ ਗਿਆਨ ਰੂਪੀ ਧਰਮ ਵਿੱਚੋਂ ਪੈਦਾ ਹੋਣ ਵਾਲੇ ਧੌ਼ਲ ਹਨ ਜਿਹਨਾਂ ਦੇ ਸਬਰ ਕਾਰਨ ਹੀ ਭਾਰਤ ਦੇਸ ਸਾਂਤੀ ਨਾਲ ਵਸਦਾ ਹੈ, ਪਰ ਜਿਸ ਦਿਨ ਧੌਲ ਰੂਪੀ ਆਮ ਲੋਕ ਆਪਣਾ ਸਿੰਗ ਹਿਲਾ ਦੇਣਗੇ ਉਸ ਦਿਨ ਨੇਤਾਵਾਂ ਦੇ ਪੈਰਾਂ ਥੱਲੇ ਭੂਚਾਲ ਆ ਜਾਵੇਗਾ ਜੋ ਉਹਨਾਂ ਦੀ ਪੈਰਾਂ ਹੇਠਲੀ ਜ਼ਮੀਨ ਖਿਸਕਾ ਦੇਵੇਗਾ। ਆਮ ਲੋਕਾਂ ਦੀ ਮਰਜ਼ੀ ਅਨੁਸਾਰ ਹੀ ਕੁਰਸੀ ਦੀ ਸੂਲੀ ਅਤੇ ਕਸਵੱਟੀ ਤੇ ਉਸ ਵਕਤ ਕੋਈ ਹੋਰ ਨਵਾਂ ਨੇਤਾ ਟੰਗ ਦਿੱਤਾ ਜਾਵੇਗਾ ਕਿਉਂਕਿ ਕੁਰਸੀ ਕਿਸੇ ਵਿਅਕਤੀ ਨੂੰ ਝੂਠੀ ਸਾਨੋ ਸੌਕਤ ਤਾਂ ਦੇ ਸਕਦੀ ਹੈ, ਪਰ ਇੱਜ਼ਤ ਜਾਂ ਜ਼ਿੰਦਗੀ ਦਾ ਇੱਕ ਦਿਨ ਵੀ ਨਹੀਂ ਦੇ ਸਕਦੀ। ਇੱਜ਼ਤ ਅਤੇ ਜ਼ਿੰਦਗੀ ਤਾਂ ਚੰਗੇ ਕਰਮ ਕਰਨ ਨਾਲ ਹੀ ਮਿਲਦੀ ਹੈ ਝੂਠ ਦੇ ਦਾਅਵਿਆਂ ਜਾਂ ਵਾਅਦਿਆਂ ਨਾਲ ਨਹੀਂ।


