By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕਿਸਾਨੀ ਸੰਘਰਸ਼ ਲਈ ਧਰਮ ਸੰਕਟ ਖੜਾ ਕਰ ਰਹੀ ਹੈ, ਮਾਰਕੇਬਾਜ਼ਾਂ ਦੀ ਸਿਆਸਤ? -ਹਰਚਰਨ ਸਿੰਘ ਪ੍ਰਹਾਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਕਿਸਾਨੀ ਸੰਘਰਸ਼ ਲਈ ਧਰਮ ਸੰਕਟ ਖੜਾ ਕਰ ਰਹੀ ਹੈ, ਮਾਰਕੇਬਾਜ਼ਾਂ ਦੀ ਸਿਆਸਤ? -ਹਰਚਰਨ ਸਿੰਘ ਪ੍ਰਹਾਰ
ਨਜ਼ਰੀਆ view

ਕਿਸਾਨੀ ਸੰਘਰਸ਼ ਲਈ ਧਰਮ ਸੰਕਟ ਖੜਾ ਕਰ ਰਹੀ ਹੈ, ਮਾਰਕੇਬਾਜ਼ਾਂ ਦੀ ਸਿਆਸਤ? -ਹਰਚਰਨ ਸਿੰਘ ਪ੍ਰਹਾਰ

ckitadmin
Last updated: July 15, 2025 9:59 am
ckitadmin
Published: April 6, 2021
Share
SHARE
ਲਿਖਤ ਨੂੰ ਇੱਥੇ ਸੁਣੋ

ਮੌਜੂਦਾ ਕਿਸਾਨੀ ਸੰਘਰਸ਼ ਲੰਬਾ ਹੋਣ ਦੇ ਬਾਵਜੂਦ ਅਜੇ ਵੀ ਕਿਸਾਨ ਜਥੇਬੰਦੀਆਂ ਵਲੋਂ ਉਸੇ ਸਪਿਰਿਟ ਨਾਲ਼ ਲੜਿਆ ਜਾ ਰਿਹਾ ਹੈ, ਜਿਸ ਜੋਸ਼ ਤੇ ਜ਼ਜਬੇ ਨਾਲ਼ ਸ਼ੁਰੂ ਹੋਇਆ ਸੀ।ਇਹ ਸੰਘਰਸ਼ ਦੁਨੀਆਂ ਭਰ ਵਿੱਚ ਸ਼ਾਂਤੀਪੂਰਵਕ ਢੰਗ ਨਾਲ਼ ਲੜੇ ਗਏ ਵੱਡੇ ਲੋਕ ਸੰਘਰਸ਼ਾਂ ਵਿੱਚ ਆਪਣੀ ਨਿਵੇਕਲੀ ਥਾਂ ਬਣਾ ਚੁੱਕਾ ਹੈ।ਇਤਨੇ ਵੱਡੇ ਲੋਕਾਂ ਦੇ ਇਕੱਠ ਨੂੰ ਆਪਣੀ ਸਟੇਟ ਤੋਂ ਬਾਹਰ 4 ਮਹੀਨੇ ਤੋਂ ਪੂਰੇ ਜ਼ਾਬਤੇ ਵਿੱਚ ਰੱਖਣਾ ਤੇ ਸੜਕਾਂ ਤੇ ਹੀ ਘਰ ਬਣਾ ਕੇ ਬੈਠ ਜਾਣਾ ਅਤੇ ਖਾਣ-ਪੀਣ ਜਾਂ ਰਹਿਣ ਦੀ ਕੋਈ ਦਿੱਕਤ ਨਾ ਆਉਣ ਦੇਣਾ, ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ।ਜਿਥੇ ਮੋਦੀ ਸਰਕਾਰ ਪਹਿਲਾਂ ਪੂਰੇ ਦਬਾਅ ਵਿੱਚ ਸੀ ਤੇ ਕਿਸੇ ਵੀ ਕੀਮਤ ਤੇ ਮਸਲਾ ਲੈ ਦੇ ਕੇ ਹੱਲ ਕਰਨ ਦੇ ਰੌਂਅ ਵਿੱਚ ਸੀ।ਪਰ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਸਰਕਾਰ ਸੰਘਰਸ਼ ਨੂੰ ਤਾਰਪੀਡੋ ਕਰਨ, ਲੋਕਾਂ ਵਿੱਚ  ਭੜਕਾਹਟ ਪੈਦਾ ਕਰਨ, ਹਿੰਸਾ ਭੜਕਾਉਣ, ਬੇਚੈਨੀ ਪੈਦਾ ਕਰਨ ਦੇ ਨਾਲ਼-ਨਾਲ਼ ਅਜਿਹਾ ਦਿਖਾਵਾ ਵੀ ਕਰ ਰਹੀ ਹੈ ਕਿ ਜਿਸ ਤਰ੍ਹਾਂ ਉਸਨੂੰ ਹੁਣ ਸੜਕਾਂ ਤੇ ਬੈਠੇ ਲੱਖਾਂ ਲੋਕ ਦਿਖਾਈ ਨਹੀਂ ਦਿੰਦੇ? ਅਜਿਹੇ ਤੱਤਾਂ ਨੂੰ ਉਭਾਰਿਆ ਜਾ ਰਿਹਾ ਹੈ, ਜੋ ਕਿਸੇ ਵੀ ਢੰਗ ਨਾਲ਼ ਹਿੰਸਾ ਨੂੰ ਉਤਸ਼ਾਹਿਤ ਕਰਨ।

ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਸੰਘਰਸ਼ ਨੂੰ ਬਿਲਕੁਲ ਅੱਖੋਂ ਪਰੋਖੇ ਕਰਨ ਦਾ ਡਰਾਮਾ ਵੀ ਕੀਤਾ ਜਾ ਰਿਹਾ ਹੈ। ਅਜਿਹੇ ਮੌਕੇ ਜਦੋਂ ਸੰਘਰਸ਼ ਵਿੱਚ ਜੋਸ਼ ਦੇ ਨਾਲ਼ ਹੋਸ਼ ਦੀ ਵੱਧ ਜਰੂਰਤ ਹੈ ਤਾਂ ਕੁਝ ਸਿੱਖ ਬੁੱਧੀਜੀਵੀ ਤੇ ਉਨ੍ਹਾਂ ਦੇ ਦੇਸ਼-ਵਿਦੇਸ਼ ਵਿੱਚ ਬੈਠੇ ਭਗਤ, ਮੋਦੀ ਸਰਕਾਰ ਤੋਂ ਵੀ ਅੱਗੇ ਲੰਘ ਕੇ ਵੱਖ-ਵੱਖ ਢੰਗਾਂ ਨਾਲ਼ ਸੰਘਰਸ਼ ਨੂੰ ਢਾਅ ਲਾਉਣ ਲਈ ਸੋਸ਼ਲ ਮੀਡੀਆ ਤੇ ਵੀ ਪੂਰੀ ਤਰ੍ਹਾਂ ਸਰਗਰਮ ਹਨ।ਉਹ ਕਿਸਾਨੀ ਸੰਘਰਸ਼ ਨੂੰ ਮਜਬੂਤੀ ਦੇਣ ਦੀ ਥਾਂ ਬਾਹਰੋਂ ਨਾਅਰਾ ਤਾਂ ਕਿਸਾਨੀ ਦੇ ਹੱਕ ਵਿੱਚ ਦੇ ਰਹੇ ਹਨ, ਪਰ ਕਿਸਾਨ ਜਥੇਬੰਦੀਆਂ ਤੇ ਆਗੂਆਂ ਨੂੰ ਬਦਨਾਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ।

 

 

ਇਸ ਸਬੰਧੀ ਪਿਛਲੇ ਦਿਨਾਂ ਤੋਂ ਪੰਜਾਬ ਵਿੱਚ ਮਹਿਰਾਜ, ਮਸਤੂਆਣੇ ਤੇ ਹੁਣ ਜੰਡਿਆਲ਼ੇ ਕਾਨਫਰੰਸਾਂ ਵੀ ਕੀਤੀਆਂ ਗਈਆਂ ਹਨ।ਜਿਨ੍ਹਾਂ ਵਿੱਚ ਇੱਕ ਹੀ ਰਾਗ ਅਲਾਪਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਨਾਲ਼ ਲਉ, ਜਦਕਿ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਹ ਕੌਣ ਨੌਜਵਾਨ ਹਨ, ਜਿਨ੍ਹਾਂ ਨੂੰ ਨਾਲ਼ ਲਿਆ ਜਾਵੇ ਜਾਂ ਉਹ ਅਜਿਹੇ ਕਿਹੜੇ ਖਾਸ ਨੌਜਵਾਨ ਹਨ, ਜਿਨ੍ਹਾਂ ਨੂੰ ਪੈਰਾਸ਼ੂਟ ਰਾਹੀਂ ਲੀਡਰ ਬਣ ਕੇ ਹੀ ਸਟੇਜ ਕੇ ਉਤਾਰਿਆ ਜਾ ਸਕਦਾ ਹੈ? ਕੀ ਉਨ੍ਹਾਂ ਨੌਜਵਾਨਾਂ ਦੀ ਕੋਈ ਕਿਸਾਨ ਜਥੇਬੰਦੀ ਹੈ, ਜਿਸਨੂੰ ਨਾਲ਼ ਨਹੀਂ ਲਿਆ ਗਿਆ? ਜੇ ਉਹ ਨੌਜਵਾਨ ਲੀਡਰ ਲੋਕਾਂ ਲਈ ਜਾਂ ਕਿਸਾਨਾਂ ਲਈ ਕੰਮ ਕਰ ਰਹੇ ਹਨ ਤਾਂ ਲੋਕਾਂ ਨੂੰ ਸਟੇਜਾਂ ਤੋਂ ਬਿਨਾਂ ਕਿਉਂ ਨਜ਼ਰ ਨਹੀਂ ਆ ਰਹੇ? ਕਿਸਾਨੀ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਪੰਜਾਬ ਜਾਂ ਕਿਸਾਨਾਂ ਲਈ ਕੀ ਦੇਣ ਹੈ? ਪਰ ਸ. ਅਜਮੇਰ ਸਿੰਘ ਵਰਗੇ ਬੇਚੈਨ ਬੁੱਧੀਜੀਵੀ ਨੌਜਵਾਨੀ ਨੂੰ ਭਟਕਾਉਣ ਤੇ ਹਿੰਸਾ ਦੇ ਰਾਹ ਤੋਰਨ ਲਈ ਭੜਕਾਊ ਪ੍ਰਵਚਨ ਸਿਰਜ ਰਹੇ ਹਨ? ਬੇਸ਼ਕ ਉਨ੍ਹਾਂ ਨੂੰ ਸਭ ਪਤਾ ਹੈ ਕਿ ਇਹ ਸੰਘਰਸ਼, ਕਿਸਾਨ ਜਥੇਬੰਦੀਆਂ ਵਲੋਂ ਸਿਰਫ ਤੇ ਸਿਰਫ ਤਿੰਨ ਕਿਸਾਨ ਵਿਰੋਧੀ ਕਨੂੰਨ ਰੱਦ ਕਰਾਉਣ ਲਈ ਸ਼ੁਰੂ ਹੋਇਆ ਸੀ ਤੇ ਉਨ੍ਹਾਂ ਨੂੰ ਰੱਦ ਕਰਾਉਣ ਲਈ ਹੀ ਜਾਰੀ ਹੈ ਅਤੇ ਲੱਖਾਂ ਲੋਕ ਸੜਕਾਂ ਤੇ ਕਨੂੰਨ ਰੱਦ ਕਰਾਉਣ ਲਈ ਹੀ ਬੈਠੇ ਹਨ।ਇਸ ਸੰਘਰਸ਼ ਦਾ ਕਿਸਾਨੀ ਤੋਂ ਇਲਾਵਾ ਕਿਸੇ ਵਰਗ, ਧਰਮ, ਕੌਮ, ਸੂਬੇ ਆਦਿ ਦੀਆਂ ਵੱਖਰੀਆਂ ਮੰਗਾਂ ਨਾਲ਼ ਕੋਈ ਸਬੰਧ ਨਹੀਂ? ਪਰ ਇਹ ਧੜੇ ਹਰ ਯਤਨ ਨਾਲ਼ ਕਿਸਾਨੀ ਸੰਘਰਸ਼ ਨੂੰ ਆਪਣੀਆਂ ਮੁੱਖ ਮੰਗਾਂ ਤੋਂ ਭਟਕਾ ਕੇ ਸਿੱਖ ਸੰਘਰਸ਼ ਬਣਾਉਣ, ਸਿੱਖ-ਕਾਮਰੇਡ ਮੁੱਦਾ ਬਣਾਉਣ ਜਾਂ ਆਪਣੀਆਂ ਰਾਜਨੀਤਕ ਇਛਾਵਾਂ ਦੀ ਪੂਰਤੀ ਲਈ ਵਰਤਣਾ ਚਾਹੁੰਦੇ ਹਨ।ਜਿਸ ਨਾਲ਼ ਇਨ੍ਹਾਂ ਨੇ ਕਿਸਾਨ ਆਗੂਆਂ ਅੱਗੇ ਉਸੇ ਤਰ੍ਹਾਂ ਦਾ ਧਰਮ ਸੰਕਟ ਖੜਾ ਕਰ ਦਿੱਤਾ ਹੈ, ਜਿਸ ਤਰ੍ਹਾਂ ਇਨ੍ਹਾਂ ਹੀ ਧਿਰਾਂ ਨੇ 80 ਵਿਆਂ ਵਿੱਚ ਰਵਾਇਤੀ ਅਕਾਲੀਆਂ ਦੇ ਸ਼ਾਤੀਪੂਰਵਕ ਚੱਲ ਰਹੇ, ‘ਧਰਮ ਯੁੱਧ ਮੋਰਚੇ’ ਮੌਕੇ ਅਕਾਲੀਆਂ ਅੱਗੇ ਖੜਾ ਕਰ ਦਿੱਤਾ ਸੀ, ਜਿਸਦਾ ਨਤੀਜਾ ਜੂਨ 84, ਨਵੰਬਰ 84 ਤੇ ਫਿਰ 10 ਸਾਲ ਪੰਜਾਬ ਵਿੱਚ ਕਾਲਾ ਦੌਰ ਨਿਕਲਿਆ?

ਹੁਣ ਜਦੋਂ ਅਸੀਂ ਮੌਜੂਦਾ ਕਿਸਾਨੀ ਸੰਘਰਸ਼ ਵਿੱਚ ਚੱਲ ਰਹੇ ਇਸ ਧਰਮ ਸੰਕਟ ਨੂੰ ਸਮਝਣਾ ਹੈ ਤਾਂ ਜੇ ਇਸਨੂੰ ਵਕਤੀ ਵਰਤਾਰੇ ਦੇ ਤੌਰ ਤੇ ਦੇਖਾਂਗੇ ਤਾਂ ਨਾ ਕਿਸੇ ਨਤੀਜੇ ਤੇ ਪਹੁੰਚ ਸਕਾਂਗੇ ਅਤੇ ਨਾ ਹੀ ਇਸਦੇ ਕਾਰਨਾਂ ਨੂੰ ਜਾਣ ਸਕਾਂਗੇ? ਕਿਸਾਨੀ ਸੰਘਰਸ਼ ਨਾ ਪੰਜਾਬ ਦਾ ਪਹਿਲਾ ਸੰਘਰਸ਼ ਹੈ ਤੇ ਨਾ ਇਹ ਕੋਈ ਆਖਰੀ ਸੰਘਰਸ਼ ਹੈ।ਮੌਜੂਦਾ ਕਿਸਾਨੀ ਸੰਘਰਸ਼ ਦੇ ਸੰਕਟ ਨੂੰ ਸਮਝਣ ਲਈ ਸਾਨੂੰ ਘੱਟੋ-ਘੱਟ ਪਿਛਲੇ 100 ਸਾਲਾਂ ਤੋਂ ਸਿੱਖਾਂ ਵਲੋਂ ਲਾਏ ਮੋਰਚਿਆਂ ਤੇ ਸੰਘਰਸ਼ਾਂ ਦੀ ਮਾਨਸਿਕਤਾ ਤੇ ਢੰਗ ਤਰੀਕਿਆਂ ਨੂੰ ਜਾਨਣਾ ਤੇ ਸਮਝਣਾ ਬੜਾ ਜਰੂਰੀ ਹੈ।ਜੇ ਅਸੀਂ ਬਹੁਤ ਜ਼ਿਆਦਾ ਪਿਛੇ ਨਾ ਵੀ ਜਾਈਏ ਤਾਂ ਪਿਛਲੀ ਸਦੀ ਦੇ ਆਖਰੀ ਦੋ ਦਹਾਕਿਆਂ ਵਿੱਚ ਸਿੱਖਾਂ ਦੀ ਰਵਾਇਤੀ ਲੀਡਰਸ਼ਿਪ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਦਰਿਆਈ ਪਾਣੀਆਂ ਦੀ ਮੁਨਾਸਿਬ ਵੰਡ ਕਰਨ, ਚੰਡੀਗੜ ਸਮੇਤ ਪੰਜਾਬੀ ਸੂਬਾ ਬਣਾਉਣ ਵੇਲੇ ਪੰਜਾਬ ਤੋਂ ਬਾਹਰ ਰੱਖੇ ਗਏ ਪੰਜਾਬੀ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਿਲ ਕਰਨ, ਰਾਜਾਂ ਨੂੰ ਵੱਧ ਅਧਿਕਾਰ ਦੇਣ ਅਤੇ ਕੁਝ ਧਾਰਮਿਕ ਮੰਗਾਂ ਅਧਾਰਿਤ ‘ਧਰਮ ਯੁੱਧ ਮੋਰਚਾ’ ਲਗਾਇਆ ਗਿਆ ਸੀ।ਜੋ ਬਿਲਕੁਲ ਸ਼ਾਂਤਮਈ ਸੀ, ਪਰ ਹੌਲ਼ੀ-ਹੌਲ਼ੀ ਕਈ ਤਰ੍ਹਾਂ ਦੇ ਮਾਰਕੇਬਾਜਾਂ ਨੇ ਸੰਘਰਸ਼ ਨੂੰ ਹਿੰਸਾ ਦੇ ਰਾਹ ਤੋਰ ਦਿੱਤਾ, ਜਿਸਦਾ ਸੰਤਾਪ ਸਾਰੇ ਪੰਜਾਬ ਨੇ ਤਕਰੀਬਨ 20-25 ਸਾਲ਼ ਸਿੱਧੇ ਰੂਪ ਵਿੱਚ ਹੰਢਾਇਆ ਤੇ ਪਿਛਲੇ 20-25 ਸਾਲ ਤੋਂ ਅਸਿੱਧੇ ਰੂਪ ਵਿੱਚ ਹੰਢਾ ਰਿਹਾ ਹੈ।ਉਸ ਸਮੇਂ ਵੀ ਸ. ਦਲਬੀਰ ਸਿੰਘ ਤੇ ਸ. ਸੁਖਦੇਵ ਸਿੰਘ ਵਰਗੇ ਪੱਤਰਕਾਰਾਂ ਅਤੇ ਚੰਡੀਗੜ੍ਹ ਦੇ ਸ. ਗੁਰਤੇਜ ਸਿੰਘ ਵਰਗੇ ਬੁੱਧੀਜੀਵੀਆਂ, ਡਾ. ਸੋਹਣ ਸਿੰਘ ਵਰਗੇ ਸਾਬਕਾ ਨੌਕਰਸ਼ਾਹਾਂ, ਜਨਰਲ ਸੁਬੇਗ ਸਿੰਘ ਵਰਗੇ ਸਾਬਕਾ ਫੌਜੀਆਂ ਨੇ ਗਰਮ ਖਿਆਲੀ ਅੱਲੜ ਨੌਜਵਾਨਾਂ ਨੂੰ ਹਿੰਸਾ ਦੇ ਰਾਹ ਤੋਰ ਕੇ ਅਕਾਲੀਆਂ ਦੇ ਸ਼ਾਂਤਮਈ ਸੰਘਰਸ਼ ਨੂੰ ਵਿਨਾਸ਼ਕਾਰੀ ਮੋੜਾ ਦਿੱਤਾ ਸੀ, ਜਿਸਦਾ ਪਹਿਲਾ ਵੱਡਾ ਟਰੇਲਰ ਲੋਕਾਂ ਨੇ 25 ਅਪਰੈਲ, 1983 ਨੂੰ ਦਰਬਾਰ ਸਾਹਿਬ ਅੰਦਰ ਮੱਥਾ ਟੇਕ ਕੇ ਬਾਹਰ ਨਿਕਲ਼ ਰਹੇ ਪੰਜਾਬ ਪੁਲਿਸ ਦੇ ਡੀ. ਆਈ. ਜੀ. ਅਵਤਾਰ ਸਿੰਘ ਅਟਵਾਲ ਦੇ ਕਤਲ ਦੇ ਰੂਪ ਵਿੱਚ ਦੇਖਿਆ ਸੀ।ਜਿਸ ਤੋਂ ਬਾਅਦ ਹਿੰਸਾ ਤੇ ਹਤਿਆਵਾਂ ਦਾ ਇੱਕ ਅਜਿਹਾ ਦੌਰ ਚੱਲਿਆ, ਜਿਸ ਨੇ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਮੌਕਾ ਪ੍ਰਦਾਨ ਕੀਤਾ?

ਹੁਣ ਇਹੀ ਲੋਕ ਸ਼ਾਂਤਮਈ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਕੋਈ ਅਜਿਹਾ ਮੋੜਾ ਦੇਣ ਦੀ ਤਾਕ ਵਿੱਚ ਹਨ।ਜਿਸਦਾ ਤਾਜ਼ਾ ਸਬੂਤ ਸਿੱਖ ਵਿਦਵਾਨ ਸ. ਅਜਮੇਰ ਸਿੰਘ ਵਲੋਂ ਮਸਤੂਆਣੇ ਤੇ ਜੰਡਿਆਲੇ ਕਾਨਫਰੰਸਾਂ ਵਿੱਚ ਦਿੱਤੀਆਂ ਤਕਰੀਰਾਂ ਹਨ, ਜਿਨ੍ਹਾਂ ਵਿੱਚ ਸਰਦਾਰ ਸਾਹਿਬ ਕਹਿ ਰਹੇ ਹਨ ਕਿ ਸ਼ਹੀਦੀ ਪਾਉਣੀ ਤਾਂ ਬੜੇ ਸੁਭਾਗ ਦੀ ਗੱਲ ਹੈ, ਸਿੱਖ ਲਈ ਇਸ ਤੋਂ ਵੱਡੀ ਮਾਣ ਦੀ ਗੱਲ ਕੀ ਹੋ ਸਕਦੀ ਹੈ ਕਿਉਂਕਿ ਉਹ ਸ਼ਹੀਦੀ ਪਾ ਕੇ ਗੁਰੂ ਦੀ ਗੋਦ ਵਿੱਚ ਜਾ ਬੈਠਦਾ ਹੈ? ਪਰ ਉਸਦੇ ਆਪਣੇ ਮਨ ਵਿੱਚ 70 ਸਾਲ ਤੋਂ ਵੱਧ ਉਮਰ ਹੰਢਾ ਕੇ ਵੀ ਪਤਾ ਨਹੀਂ ਕਿਉਂ ‘ਸ਼ਹੀਦੀ’ ਪਾਉਣ ਦਾ ਚਾਅ ਨਹੀਂ ਉਮਡਦਾ, ਜਦਕਿ ਉਸਦੇ ਆਪਣੇ ਅਨੇਕਾਂ ਗੁਰੀਲਾ ਸਾਥੀ 90ਵਿਆਂ ਦੇ ਖਾੜਕੂ ਸੰਘਰਸ਼ ਦੌਰਾਨ ਸ਼ਹੀਦੀਆਂ ਪਾ ਗਏ ਸਨ?

ਕਿਸਾਨੀ ਸੰਘਰਸ਼ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ।ਕਿਸਾਨੀ ਸੰਘਰਸ਼ ਵਿੱਚ ਕਿਸਾਨ ਜਥੇਬੰਦੀਆਂ ਤੇ ਆਮ ਲੋਕਾਂ ਵਲੋਂ ਸ਼ੁਰੂ ਵਿੱਚ ਹੀ ਭਾਰਤੀ ਸਟੇਟ ਨਾਲ਼ ਰਲ਼ ਕੇ ਚੱਲਣ ਵਾਲ਼ੀਆਂ ਵੋਟ ਬਟੋਰੂ ਪਾਰਟੀਆਂ ਨੂੰ ਨਕਾਰ ਦਿੱਤਾ ਗਿਆ ਸੀ, ਪਰ ਮਾਰਕੇਬਾਜ ਧਿਰਾਂ, ਜੋ ਕਿ 1984 ਤੋਂ 1994 ਤੱਕ ਚੱਲੇ ਖਾੜਕੂ ਸੰਘਰਸ਼ ਤੋਂ ਬਾਅਦ ਪਹਿਲਾਂ ਹੀ ਨਕਾਰੀਆਂ ਗਈਆਂ ਸਨ ਤੇ ਉਨ੍ਹਾਂ ਦੀ ਪਿਛਲੇ 25 ਸਾਲਾਂ ਤੋਂ ਕਿਸੇ ਵੀ ਮਸਲੇ ਤੇ ਕਾਰਗੁਜ਼ਾਰੀ ਨਾ-ਮਾਤਰ ਸੀ ਤੇ ਉਹ ਲੋਕਾਂ ਵਿੱਚ ਆਪਣਾ ਅਧਾਰ ਗੁਆ ਚੁੱਕੀਆਂ ਸਨ (ਬੇਸ਼ਕ ਉਹ ਛੋਟੇ-ਮੋਟੇ ਧਾਰਮਿਕ ਮੁੱਦਿਆਂ ਰਾਹੀਂ ਆਪਣੀ ਹੋਂਦ ਸਥਾਪਿਤ ਕਰਨ ਜਾਂ ਹੋਂਦ ਕਾਇਮ ਰੱਖਣ ਲਈ ਯਤਨਸ਼ੀਲ ਰਹੀਆਂ ਸਨ), ਉਹ ਇਸ ਕਿਸਾਨੀ ਸੰਘਰਸ਼ ਵਿੱਚ ਆਪਣੀ ਖੁਸ ਚੁੱਕੀ ਹੋਂਦ ਸਥਾਪਿਤ ਕਰਨ ਲਈ ਇੱਕਦਮ ਸਰਗਰਮ ਹੋ ਗਈਆਂ।ਉਨ੍ਹਾਂ ਨੂੰ ਲਗਦਾ ਸੀ ਕਿ ਪੰਜਾਬ ਦੇ ਲੋਕਾਂ (ਖਾਸਕਰ ਹਰ ਵਰਗ ਦੇ ਸਿੱਖਾਂ) ਦੀ ਸਮੂਹਿਕ ਚੇਤੰਨਤਾ ਵਿੱਚ ਜਜ਼ਬਾਤੀਪਨ ਤੇ ਜੁਝਾਰੂਪਨ ਦੇ ਜੋ ਅੰਸ਼ ਮੌਜੂਦ ਹਨ, ਉਨ੍ਹਾਂ ਨੂੰ ਉਭਾਰ ਕੇ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕਦੀਆਂ ਹਨ? ਇਸੇ ਰਾਜਨੀਤੀ ਤਹਿਤ, ਇਨ੍ਹਾਂ ਧਿਰਾਂ ਦੀ ਤਰਜਮਾਨੀ ਕਰ ਰਹੇ ਸਿੱਖ ਵਿਦਵਾਨਾਂ ਸ. ਅਜਮੇਰ ਸਿੰਘ, ਪੱਤਰਕਾਰ ਸ. ਕਰਮਜੀਤ ਸਿੰਘ, ਪੱਤਰਕਾਰ ਸ. ਸੁਖਦੇਵ ਸਿੰਘ ਆਦਿ ਦੀ ਸਿੱਧੀ ਜਾਂ ਅਸਿੱਧੀ ਪ੍ਰੇਰਨਾ ਨਾਲ਼ ਗਰਮ ਖਿਆਲੀ ਨੌਜਵਾਨਾਂ ਵਲੋਂ ਕਿਸਾਨ ਮੋਰਚੇ ਦੇ ਬਰਾਬਰ ‘ਦੀਪ ਸਿੱਧੂ’ ਰਾਹੀਂ ‘ਸ਼ੰਭੂ ਬਾਰਡਰ’ ਤੇ ਮੋਰਚਾ ਲਗਾ ਲਿਆ ਸੀ।ਜਿਥੋਂ ਕਿਸਾਨੀ ਸੰਘਰਸ਼ ਦੀ ਆੜ ਵਿੱਚ ਪੰਜਾਬ ਦੀ ਹੋਂਦ, ਸਿੱਖੀ ਦੀ ਹੋਂਦ, ਸਿੱਖ ਹੋਣੀ, ਫੈਡਰਲ ਢਾਂਚਾ, ਆਨੰਦਪੁਰ ਦਾ ਮਤਾ, ਸਿੱਖ ਸੰਘਰਸ਼, ਵੱਖਰੇ ਸਿੱਖ ਰਾਜ, ਰਾਜਾਂ ਨੂੰ ਵੱਧ ਅਧਿਕਾਰ ਆਦਿ ਅਨੇਕਾਂ ਤਰ੍ਹਾਂ ਦੇ ਭੰਬਲਭੂਸੇ ਪਾ ਕੇ ਲੋਕਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਆਮ ਜਜ਼ਬਾਤੀ ਨੌਜਵਾਨਾਂ ਨੂੰ ਵਰਗਲਾਇਆ ਗਿਆ ਤਾਂ ਕਿ ਉਨ੍ਹਾਂ ਨੂੰ ਮੌਕਾ ਆਉਣ ਤੇ ਕਿਸਾਨੀ ਸੰਘਰਸ਼ ਤੇ ਕਬਜ਼ਾ ਕਰਨ ਲਈ ਵਰਤਿਆ ਜਾ ਸਕੇ, ਜਿਸ ਤਰ੍ਹਾਂ ਰਵਾਇਤੀ ਅਕਾਲੀਆਂ ਦੇ ‘ਧਰਮ ਯੁੱਧ ਮੋਰਚੇ’ ਵੇਲੇ ਕੀਤਾ ਗਿਆ ਸੀ।ਜਿਵੇਂ ਹੀ ਕਿਸਾਨੀ ਮੋਰਚਾ ਪੰਜਾਬ ਤੋਂ ਦਿੱਲੀ ਦੇ ਬਾਰਡਰਾਂ ਤੇ ਪਹੁੰਚ ਗਿਆ ਤਾਂ ਬੜੀ ਚਲਾਕੀ ਨਾਲ਼ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ (ਜੋ ਕਿ ਮੋਟੇ ਰੂਪ ਵਿੱਚ ਖੱਬੇ ਪੱਖੀ ਵਿਚਾਰਧਾਰਾ ਦੇ ਨੇੜੇ ਹਨ) ਵਿੱਚ ਪਾੜ ਪਾਉਣ ਲਈ ਸਿੱਖ-ਕਾਮਰੇਡ ਮੁੱਦਾ ਉਭਾਰਿਆ ਗਿਆ।

ਸਿੱਖੀ ਦੇ ਜੁਝਾਰੂ ਜਜ਼ਬੇ, ਲੰਗਰਾਂ ਤੇ ਸੇਵਾ ਦੇ ਪੱਖ ਨੂੰ ਹਰ ਢੰਗ ਨਾਲ਼ ਆਪਣੇ ਉਭਾਰ ਲਈ ਵਰਤਿਆ ਗਿਆ।ਉਨ੍ਹਾਂ ਸੋਚਿਆ ਸੀ ਕਿ ਅਕਾਲੀਆਂ ਵਾਂਗ ਕਾਮਰੇਡ ਵੀ ਭੱਜ ਜਾਣਗੇ ਜਾਂ ਸਾਡੀ ਅਗਵਾਈ ਮੰਨ ਲੈਣਗੇ, ਪਰ ਕਿਸਾਨ ਜਥੇਬੰਦੀਆਂ ਨੇ ਅਜਿਹਾ ਹੋਣ ਨਹੀਂ ਦਿੱਤਾ ਤਾਂ ਪਹਿਲਾਂ 25 ਜਨਵਰੀ ਦੀ ਸ਼ਾਮ ਨੂੰ ਕਿਸਾਨ ਆਗੂਆਂ ਦੀ ਖਾਲੀ ਸਟੇਜ ਤੇ ਕਬਜਾ ਕਰਕੇ ਨੌਜਵਾਨਾਂ ਨੂੰ ਦਿੱਲੀ ਲਾਲ ਕਿਲ੍ਹੇ ਜਾਣ ਲਈ ਭੜਕਾਇਆ ਗਿਆ ਅਤੇ ਫਿਰ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਝੰਡੇ ਝੁਲਾਉਣ ਦੀਆਂ ਘਟਨਾਵਾਂ ਕਰਵਾ ਕੇ ਸੰਘਰਸ਼ ਨੂੰ ਖਤਮ ਕਰਨ ਦਾ ਪੈਂਤੜਾ ਖੇਡਿਆ ਗਿਆ? ਜਿਸਨੇ ਸੰਘਰਸ਼ ਨੂੰ ਵੱਡੀ ਢਾਹ ਤਾਂ ਜਰੂਰ ਲਗਾਈ ਸੀ, ਪਰ ਲੀਡਰਾਂ ਦੀ ਸਿਆਣਪ ਤੇ ਟਿਕੈਤ ਦੇ ਹੰਝੂਆਂ ਨੇ ਸਥਿਤੀ ਸੰਭਾਲ਼ ਲਈ।ਹੁਣ ਪਿਛਲੇ 2 ਮਹੀਨੇ ਤੋਂ ਕਿਸਾਨੀ ਸੰਘਰਸ਼ ਖਤਮ ਕਰਨ ਲਈ ਇਹ ਲੋਕ ਵੱਖ-ਵੱਖ ਪੈਂਤੜੇ ਬਦਲ ਰਹੇ ਹਨ, ਕਦੇ ਨੌਜਵਾਨਾਂ ਦੀ ਜ਼ੇਲ੍ਹਾਂ ਤੋਂ ਰਿਹਾਈ ਦਾ ਮੁੱਦਾ, ਕਦੇ ਮਹਿਰਾਜ ਤੇ ਮਸਤੂਆਣੇ ਦੀਆਂ ਕਾਨਫਰੰਸਾਂ ਰਾਹੀਂ ਨੌਜਵਾਨਾਂ ਨੂੰ ਅਗਵਾਈ ਸੌਂਪਣ, ਹੁਣ ਜੰਡਿਆਲ਼ਾ ਕਾਨਫਰੰਸ ਰਾਹੀਂ ਨਵਰੀਤ ਸਿੰਘ ਦੀ ਸ਼ਹੀਦੀ ਨੂੰ ਅਧਾਰ ਬਣਾ ਕੇ ਉਸਦੇ ਦਾਦੇ ਹਰਦੀਪ ਸਿੰਘ ਡਿਬਡਿਬਾ ਨੂੰ ਅੱਗੇ ਲਗਾ ਲਿਆ ਹੈ।ਸਾਨੂੰ ਡਿਬਡਿਬਾ ਸਾਹਿਬ ਦੀ ਸੁਹਿਰਦਤਾ ਤੇ ਕੋਈ ਸ਼ੱਕ ਨਹੀਂ, ਪਰ ਉਨ੍ਹਾਂ ਦੀ ਹਾਜ਼ਰੀ ਵਿੱਚ ਜੰਡਿਆਲਾ ਕਾਨਫਰੰਸ ਵਿੱਚ ਸਾਬਕਾ ਖਾੜਕੂ ਬਾਬਾ ਬਖਸ਼ੀਸ਼ ਸਿੰਘ ਤੇ ਸਾਬਕਾ ਖਾੜਕੂ ਭਾਈ ਨਰਾਇਣ ਸਿੰਘ ਚੌੜਾ ਵਲੋਂ ਜੋ ਸ਼ਬਦਾਂ ਦਾ ਗੱਤਕਾ ਖੇਡਿਆ ਗਿਆ ਹੈ, ਉਸਨੂੰ ਨਾ ਹੀ ਅੱਖੋਂ-ਪਰੋਖੇ ਕੀਤਾ ਜਾ ਸਕਦਾ ਹੈ ਤੇ ਨਾ ਹੀ ਉਸ ਵਿੱਚੋਂ ਨਿਕਲਣ ਵਾਲ਼ੇ ਨਤੀਜਆਂ ਨੂੰ ਨਜ਼ਰ ਅੰਦਾਜ ਕੀਤਾ ਜਾ ਸਕਦਾ ਹੈ।ਜਦੋਂ ਬਾਬਾ ਬਖਸ਼ੀਸ਼ ਸਿੰਘ ਕਹਿੰਦਾ ਹੈ: ‘ਹੁਣ ਕਿਸਾਨ ਆਗੂਆਂ ਦੇ ਅੱਗੇ ਸਮੁੰਦਰ ਹੈ ਤੇ ਪਿਛੇ ਸਾਡੀ ਡਾਂਗ’, ਜਿਸਦੀ ਵਿਆਖਿਆ ਦੀ ਕਿਸੇ ਨੂੰ ਲੋੜ ਨਹੀਂ ਹੈ? ਸਿਰਫ ਇਹ ਕੁਝ ਵਿਅਕਤੀ ਹੀ ਨਹੀਂ, ਸਗੋਂ ਖੱਬੇਪੱਖੀ ਕਿਸਾਨ ਆਗੂ ਸੁਰਜੀਤ ਫੂਲ ਅਤੇ ਕੰਨੂੰ ਪ੍ਰਿਆ ਤੇ ਰਮਨ ਦੇ ਨੌਜਵਾਨ ਧੜੇ ਦਾ ਰੋਲ, ਕਿਸਾਨ ਆਗੂਆਂ ਲਈ ਵੱਡਾ ਧਰਮ ਸੰਕਟ ਹੀ ਨਹੀਂ ਖੜਾ ਕਰ ਰਿਹਾ, ਸਗੋਂ ਮੋਦੀ ਹਕੂਮਤ ਨੂੰ ਭਵਿੱਖ ਵਿੱਚ ਕਿਸਾਨੀ ਸੰਘਰਸ਼ ਸਖਤੀ ਨਾਲ਼ ਖਤਮ ਕਰਨ ਲਈ ਬਹਾਨਾ ਪ੍ਰਦਾਨ ਕਰ ਰਿਹਾ ਹੈ।

ਦੂਜੇ ਪਾਸੇ ਸੀਨੀਅਰ ਪੱਤਰਕਾਰ ਸ. ਕਰਮਜੀਤ ਸਿੰਘ ਜੀ ਦਾ ‘ਪੰਜਾਬ ਟਾਈਮਜ਼ ਅਮਰੀਕਾ’ ਦੇ 23 ਮਾਰਚ ਦੇ ਅੰਕ ਵਿੱਚ ਇੱਕ ਲੇਖ ਛਪਿਆ ਸੀ: ‘ਮਸਤੂਆਣਾ ਸਾਹਿਬ ਦੇ ਇਕੱਠ ਵਿੱਚ ਵਿਚਾਰਾਂ ਦੀ ਮੂਸਲਾਧਾਰ ਬਾਰਸ਼’, ਜਿਸ ਵਿੱਚ ਕੁਝ ਬੁਲਾਰਿਆਂ ਦੀਆਂ ਤਾਰੀਫਾਂ ਕਰਦੇ ਉਹ ਇਤਨੇ ਜਜਬਾਤੀ ਹੋ ਜਾਂਦੇ ਹਨ ਕਿ ਆਪਣੀ ਸਾਰੀ ਉਮਰ ਦੀ ਪੱਤਰਕਾਰੀ ਤੇ ਵੀ ਪੋਚਾ ਮਾਰ ਜਾਂਦੇ ਹਨ।ਉਨ੍ਹਾਂ ਨੂੰ ਸਤਿਕਾਰ ਸਹਿਤ ਸਵਾਲ ਪੁੱਛਣਾ ਬਣਦਾ ਹੈ ਕਿ ਉਸ ਕਾਨਫਰੰਸ ਵਿੱਚ ਅਜਮੇਰ ਸਿੰਘ ਤੇ ਸਾਥੀਆਂ ਨੇ, ਜਿਸ ਤਰ੍ਹਾਂ ਦੀ ਜਜ਼ਬਾਤੀ ਭੜਕਾਹਟ ਤੇ ਇਤਿਹਾਸ ਬਾਰੇ ਗਲਤ ਬਿਆਨੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੀ ਉਹ ਘੱਟ ਸੀ ਕਿ ਹੁਣ ਕਰਮਜੀਤ ਸਿੰਘ ਜੀ ਨੂੰ ਇੱਕ ਹੋਰ ਆਰਟੀਕਲ ਲਿਖਣਾ ਪਿਆ।ਇਥੇ ਇਹ ਵੀ ਵਰਨਣਯੋਗ ਹੈ ਕਿ ਸ. ਅਜਮੇਰ ਸਿੰਘ, ਦਿੱਲੀ ਵਿੱਚ ਨੌਜਵਾਨ ਨਵਰੀਤ ਸਿੰਘ ਦੇ ਸ਼ਹੀਦ ਹੋਣ ਬਾਰੇ ਬੋਲਦਿਆਂ ਸਿੱਖ ਇਤਿਹਾਸ ਵਿੱਚੋਂ ਹਵਾਲੇ ਨਾਲ਼ ਕਹਿੰਦੇ ਹਨ ਕਿ ਜਦੋਂ 18ਵੀਂ ਸਦੀ ਵਿੱਚ ਮੁਗਲੀਆ ਹਕੂਮਤ ਦੇ ਅਹਿਲਕਾਰ ਲੱਖਪਤ ਰਾਏ ਦੇ ਭਰਾ ਸੂਬੇਦਾਰ ਜੱਸਪਤ ਰਾਏ ਦਾ ਨਿਗਾਹੂ ਸਿੰਘ ਵਲੋਂ ਹਾਥੀ ਤੇ ਸਵਾਰ ਦਾ ਸਿਰ ਵੱਢ ਦਿੱਤਾ ਸੀ ਤਾਂ ਬੇਸ਼ਕ ਨਿਗਾਹੂ ਸਿੰਘ ਦੇ ਇਸ ਕੌਤਕ ਕਰਕੇ ਗੁੱਸੇ ਵਿੱਚ ਲੱਖਪਤ ਰਾਏ ਨੇ ‘ਪਹਿਲਾ ਵੱਡਾ ਘੱਲੂਘਾਰਾ’ ਵਰਤਾਇਆ ਸੀ ਅਤੇ ਇੱਕੋ ਦਿਨ ਵਿੱਚ 15 ਹਜ਼ਾਰ ਸਿੱਖ ਮਾਰ ਦਿੱਤੇ ਸਨ, ਇਤਨੀ ਵੱਡੀ ਗਲਤੀ ਦੇ ਬਾਵਜੂਦ ਸਿੱਖ ਇਤਿਹਾਸ ਨੇ ਨਿਗਾਹੂ ਸਿੰਘ ਨੂੰ ਕਦੇ ਗਲਤ ਨਹੀਂ ਕਿਹਾ ਸਗੋਂ ਹੀਰੋ ਮੰਨਿਆ ਹੈ ਤਾਂ ਕਿਸਾਨ ਆਗੂ, ਦੀਪ ਸਿੱਧੂ ਤੇ ਸਾਥੀ ਨੌਜਵਾਨਾਂ ਨੂੰ ਲਾਲ ਕਿਲ੍ਹੇ ਝੰਡੇ ਝੁਲਾਉਣ ਲਈ ਗਲਤ ਕਿਵੇਂ ਕਹਿ ਰਹੇ ਹਨ?

ਇਥੇ ਤਾਂ ਸਿਰਫ ਇੱਕ ਨੌਜਵਾਨ ਹੀ ਸ਼ਹੀਦ ਹੋਇਆ ਹੈ? ਭਾਵ ਕਿ ਅਸੀਂ ਨਾ ਇਤਿਹਾਸ ਤੋਂ ਸਬਕ ਸਿੱਖਣਾ ਹੈ ਤੇ ਨਾ ਹੀ ਗਲਤੀਆਂ ਤੋਂ ਕੁਝ ਸਿੱਖਣਾ ਹੈ? ਪਰ ਸ. ਕਰਮਜੀਤ ਸਿੰਘ ਜੀ ਨੂੰ ਪਤਾ ਨਹੀਂ ਕਿਉਂ ਪਹਿਲਾਂ ਮਸਤੂਆਣੇ ਵਿੱਚ ਤੇ ਹੁਣ ਜੰਡਿਆਲ਼ੇ ਕਾਨਫਰੰਸ ਵਿੱਚ ਸਿਰਜੇ ਗਏ ਵਿਨਾਸ਼ਕਾਰੀ ਬਿਰਤਾਂਤ ਨਹੀਂ ਦਿਸ ਰਹੇ? ਇਸੇ ਤਰ੍ਹਾਂ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਨੇ ਆਪਣੀ ਫੇਸਬੁੱਕ ਤੇ ਤਾਜ਼ਾ ਪੋਸਟ ਪਾਈ ਹੈ, ਜਿਸ ਵਿੱਚ ਉਹ ਆਪਣੇ ਪੁਰਾਣੇ ਸੀਨੀਅਰ ਪੱਤਰਕਾਰ ਸਾਥੀ, ਜਸਪਾਲ ਸਿੰਘ ਸਿੱਧੂ ਵਲੋਂ ਉਠਾਏ ਸਵਾਲ ਕਿ ‘ਕਿਸਾਨ ਆਗੂਆਂ ਨੇ ਜਦੋਂ ਕੋਈ ਗਲਤੀ ਕੀਤੀ ਹੀ ਨਹੀਂ ਤਾਂ ਮੁਆਫੀ ਕਿਸ ਤੋਂ, ਕਿਸ ਗੱਲ ਲਈ ਮੰਗਣ’ ਦੇ ਜਵਾਬ ਵਿੱਚ ਲਿਖਦੇ ਹਨ: ‘ਕਿਸਾਨ ਆਗੂ ਮੁਆਫੀ ਕਿਉਂ ਮੰਗਣ?’ ਉਹ ਇਸ ਸਬੰਧੀ ਕੁਝ ਬੇਤੁਕੇ ਸਵਾਲ ਉਠਾਉਂਦੇ ਹਨ, ਜਿਸਦੇ ਜਵਾਬ ਕਿਸਾਨ ਮੋਰਚੇ ਦੇ ਪ੍ਰਵਚਨੀ ਬਾਗ ਦੇ ਰਾਖੇ ਮਲਵਿੰਦਰ ਸਿੰਘ ਮਾਲੀ ਨੇ ਬਾਖੂਬੀ ਨਾਲ਼ ਸਵਾਲ-ਦਰ-ਸਵਾਲ ਦਿੱਤੇ ਹਨ।ਪਰ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਭਲੇਮਾਣਸਾਂ ਤੇ ਕੋਈ ਅਸਰ ਨਹੀਂ ਹੋ ਰਿਹਾ? ਜਿਵੇਂ ਕਿ ਇਨ੍ਹਾਂ ਨੇ ਗਰਮ ਖਿਆਲੀ ਨੌਜਵਾਨਾਂ ਨੂੰ ਪੁੱਠੇ ਰਾਹ ਪਾਉਣ ਦੀ ਸਹੁੰ ਹੀ ਖਾਧੀ ਹੋਈ ਹੈ।ਸਾਨੂੰ ਸਮਝ ਨਹੀਂ ਆ ਰਹੀ ਕਿ ਜਦੋਂ ਸਾਰੀ ਦੁਨੀਆਂ ਸੰਘਰਸ਼ ਦੀ ਬਿਨਾਂ ਸ਼ਰਤ ਹਮਾਇਤ ਕਰ ਰਹੀ ਹੈ ਤਾਂ ਸ. ਅਜਮੇਰ ਸਿੰਘ, ਸ. ਕਰਮਜੀਤ ਸਿੰਘ ਤੇ ਸ. ਸੁਖਦੇਵ ਸਿੰਘ ਵਰਗੇ ਹੰਢੇ ਵਰਤੇ ਤੇ ਸੰਘਰਸ਼ਾਂ ਵਿੱਚੋਂ ਲੰਘੇ ਬਜ਼ੁਰਗ ਵਿਦਵਾਨਾਂ ਵਲੋਂ ਸੰਘਰਸ਼ ਨੂੰ ਕਮਜ਼ੋਰ ਤੇ ਦਿਸ਼ਾਹੀਣ ਕਰਕੇ ਨੌਜਵਾਨੀ ਨੂੰ ਹਿੰਸਾ ਦੇ ਰਾਹ ਤੋਰਨ ਵੱਲ ਪ੍ਰੇਰਤ ਕਿਉਂ ਕੀਤਾ ਜਾ ਰਿਹਾ ਹੈ? ਕੀ ਪੰਜਾਬ ਦੀ ਪਹਿਲੀ ਤਬਾਹੀ ਸਾਨੂੰ ਭੁੱਲ ਗਈ ਹੈ? ਪਤਾ ਨਹੀਂ ਇਹ ਲੋਕ ਹਰ ਮਸਲੇ ਦਾ ਹੱਲ ਹਿੰਸਾ ਵਿੱਚੋਂ ਹੀ ਕਿਉਂ ਤਲਾਸ਼ਦੇ ਹਨ? ਇਨ੍ਹਾਂ ਨੂੰ ਕਿਉਂ ਭੁੱਲ ਜਾਂਦਾ ਹੈ ਕਿ ਹੁਣ ਸਿੱਖ 17ਵੀਂ-18ਵੀਂ ਸਦੀ ਵਿੱਚ ਨਹੀਂ, ਸਗੋਂ 21ਵੀਂ ਸਦੀ ਵਿੱਚ ਸਾਰੀ ਦੁਨੀਆਂ ਵਿੱਚ ਵਸ ਰਹੇ ਹਨ? ਹਿੰਸਾ ਦੀ ਵਕਾਲਤ ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਦੇਸ਼ ਵਿੱਚ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਕੰਡੇ ਬੀਜ ਰਹੀ ਹੈ?

ਜੇ ਕੁਝ ਪਲ ਲਈ ਇਨ੍ਹਾਂ ਦੀ ਸੁਹਿਰਦਤਾ ਤੇ ਸ਼ੱਕ ਕੀਤੇ ਬਿਨਾਂ, ਸੋਚਿਆ ਜਾਵੇ ਤਾਂ ਕੀ ਇਸ ਧਿਰ ਨੂੰ ਪ੍ਰੇਰਨ ਦੀ ਕੋਸ਼ਿਸ਼ ਕਰ ਰਹੇ ਵਿਦਵਾਨ ਸ. ਅਜਮੇਰ ਸਿੰਘ, ਪੱਤਰਕਾਰ ਸ. ਕਰਮਜੀਤ ਸਿੰਘ, ਪੱਤਰਕਾਰ ਸ. ਸੁਖਦੇਵ ਸਿੰਘ ਤੇ ਇਨ੍ਹਾਂ ਵਰਗੇ ਕੁਝ ਹੋਰ ਬੇਚੈਨ ਬੁੱਧੀਜੀਵੀ ਦੱਸ ਸਕਦੇ ਹਨ ਕਿ ਕਿਸਾਨ ਆਗੂ ਉਨ੍ਹਾਂ ਕਿਹੜੇ ਨੌਜਵਾਨਾਂ ਨੂੰ ਅਗਵਾਈ ਸੌਂਪਣ, ਜੋ ਅਗਵਾਈ ਕਰਨ ਦੇ ਸਮਰੱਥ ਹਨ? ਕੀ ਉਹ ਕੁਝ ਨੌਜਵਾਨਾਂ ਦੇ ਨਾਮ ਦੱਸ ਸਕਦੇ ਹਨ, ਜਿਨ੍ਹਾਂ ਕੋਲ਼ ਇਨ੍ਹਾਂ ਦੇ ਆਪਣੇ ਪ੍ਰਵਚਨਾਂ ਅਨੁਸਾਰ ‘ਬਹੁਤ ਵੱਡੇ ਸੰਘਰਸ਼’ ਦੀ ਅਗਵਾਈ ਕਰਨ ਦੀ ਸਮਰੱਥਾ ਤੇ ਯੋਗਤਾ ਹੈ ਜਾਂ ਫਿਰ ਉਪਰਲੇ 3-4 ਵਿਦਵਾਨ ਅਗਵਾਈ ਕਰਨਗੇ? ਸ. ਅਜਮੇਰ ਸਿੰਘ ਜੀ ਦੇ ਆਪਣੇ ਕਥਨਾਂ ਅਨੁਸਾਰ ਬੇਸ਼ਕ ਕਿਸਾਨ ਲੀਡਰ, ਛੋਟੇ-ਮੋਟੇ ਧਰਨੇ ਮੁਜ਼ਾਹਰੇ ਕਰਨ ਯੋਗੇ ਬੌਨੇ ਲੀਡਰ ਹਨ, ਪਰ ਕੀ ਉਹ ਦੱਸ ਸਕਦੇ ਹਨ ਕਿ ਇਨ੍ਹਾਂ ਦੀਆਂ ਧਿਰਾਂ ਵਲੋਂ ਪਿਛਲੀ ਸਦੀ ਵਿੱਚ 1980-1994 ਤੱਕ ਲੜੇ ਸਭ ਤੋਂ ਵੱਡੇ ‘ਸਿੱਖ ਸੰਘਰਸ਼’ ਦੀ ਕੀ ਪ੍ਰਾਪਤੀ ਹੈ? ਇਨ੍ਹਾਂ ਹੀ ਧਿਰਾਂ ਵਲੋਂ ਜੂਨ, 1991 ਦੀਆਂ ਚੋਣਾਂ ਤੋਂ ਪਹਿਲਾਂ ਵਿਸਾਖੀ ਮੌਕੇ ਅਪਰੈਲ 1991 ਵਿੱਚ ਤਖਤ ਦਮਦਮਾ ਸਾਹਿਬ ਵਿਖੇ ਸ. ਅਜਮੇਰ ਸਿੰਘ ਦਾ ਪੰਥਕ ਕਮੇਟੀ ਦੇ ਨਾਮ ਹੇਠ ਹੱਥ ਲਿਖਤ ਇਸ਼ਤਿਹਾਰ: ‘ਬ੍ਰਾਹਮਣ ਦੀਆਂ ਵੋਟ ਸੰਦੂਕੜੀਆਂ ਨੂੰ ਵਾਪਿਸ ਦਿੱਲੀ ਦਫਾ ਕਰੋ’ ਲੱਖਾਂ ਦੀ ਗਿਣਤੀ ਵਿੱਚ ਵੰਡਿਆ ਗਿਆ ਸੀ।

ਇਸੇ ਨੀਤੀ ਤਹਿਤ ਚੋਣਾਂ ਨੂੰ ਰੋਕਣ ਲਈ ਮਈ ਤੋਂ ਜੂਨ, 1991 ਤੱਕ ਖਾੜਕੂਆਂ ਨੇ ਇਨ੍ਹਾਂ ਚੋਣਾਂ ਵਿੱਚ ਖੜੇ ਅਕਾਲੀ ਤੇ ਫੈਡਰੇਸ਼ਨ ਦੇ ਦੋ ਦਰਜਨ ਉਮੀਦਵਾਰਾਂ ਸਮੇਤ ਲੁਧਿਆਣੇ ਨੇੜੇ ਦੋ ਗੱਡੀਆਂ ਵਿੱਚੋਂ 126 ਬੇਗੁਨਾਹ ਮੁਸਾਫਿਰ ਮਾਰ ਕੇ ਅਤੇ 100 ਤੋਂ ਵੱਧ ਜ਼ਖਮੀ ਕਰਕੇ ਜੂਨ, 1991 ਦੀ ਇਲੈਕਸ਼ਨ ਰੁਕਵਾਈ ਸੀ।ਜਿਸ ਤੋਂ ਬਾਅਦ ਹੀ ਕੇ.ਪੀ ਗਿੱਲ ਵਾਪਿਸ ਪੰਜਾਬ ਲਿਆਂਦਾ ਗਿਆ ਸੀ, ਜੋ ਕਿ ਪਹਿਲਾਂ ਪੰਜਾਬ ਤੋਂ ਬਾਹਰ ਭੇਜ ਦਿੱਤਾ ਗਿਆ ਸੀ।ਕੀ ਉਸ ਵਕਤ ਅਜਮੇਰ ਸਿੰਘ ਨੂੰ ਕੇਂਦਰ ਸਰਕਾਰ ਦੇ ਮਨਸੂਬਿਆਂ ਜਾਂ ਇਰਾਦਿਆਂ ਦਾ ਗਿਆਨ ਨਹੀਂ ਹੋ ਜਾਣਾ ਚਾਹੀਦਾ ਸੀ? ਪਰ ਉਸਨੇ ਉਸਨੇ ਫਿਰ ਵੀ ਫਰਵਰੀ, 1992 ਦੀਆਂ ਚੋਣਾਂ ਦੇ ਬਾਈਕਾਟ ਵਰਗਾ ਆਤਮਘਾਤੀ ਰਾਗ ਅਲਾਪਣਾ ਨਹੀਂ ਛੱਡਿਆ ਸੀ।ਜਿਸਦੇ ਤਹਿਤ ‘ਬੰਦੂਕ ਦੀ ਨੋਕ’ ਤੇ 1992 ਦੀਆਂ ਚੋਣਾਂ ਦਾ ਬਾਈਕਾਟ ਕਰਾਉਣ ਨਾਲ਼ ਹੀ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਲਈ ਰਾਹ ਪੱਧਰਾ ਹੋਇਆ ਸੀ, ਜੋ ਸਿੱਖ ਸੰਘਰਸ਼ ਤੇ ਖਾੜਕੂ ਮੂਵਮੈਂਟ ਨੂੰ ਖਤਮ ਕਰਨ ਦਾ ਕਾਰਨ ਬਣਿਆ।ਇਸਦਾ ਸਬੂਤ ਉਸ ਵਕਤ ਅਜਮੇਰ ਸਿੰਘ ਗਰੁੱਪ ਵਲੋਂ ਕੱਢੇ ਜਾਂਦੇ ਮਾਸਿਕ ਪਰਚੇ ‘ਜਨਤਕ ਪੈਗਾਮ’ ਵਿੱਚ ਅਜਮੇਰ ਸਿੰਘ ਦਾ ਹਰਦਿਆਲ ਸਿੰਘ ਦੁੇ ਨਾਮ ਹੇਠ ਲੇਖ ਛਪਿਆ ਸੀ, ਜੋ ਇਸਨੇ ‘ਅਕਾਲੀ ਦਲ (ਕਾਬਲ ਸਿੰਘ)’ ਦੇ ਜਨਰਲ ਸਕੱਤਰ ਕੈਪਟਨ ਕੰਵਲਜੀਤ ਸਿੰਘ ਵਲੋਂ ਖਾੜਕੂਆਂ ਦੇ 1992 ਦੇ ਚੋਣ ਬਾਈਕਾਟ ਤੋਂ ਪੈਦਾ ਹੋਣ ਵਾਲ਼ੇ ਨਤੀਜਿਆਂ ਸਬੰਧੀ ਵਾਰਨਿੰਗ ਰੂਪ ਵਿੱਚ ਸੀ, ਦੇ ਜਵਾਬ ਵਿੱਚ ਲਿਖਿਆ ਸੀ।ਇਸ ਲੇਖ ਵਿੱਚ ਅਜਮੇਰ ਸਿੰਘ ਅੱਡੀਆਂ ਚੁੱਕ ਚੁੱਕ ਕੇ ਨੁਕਤਾ-ਦਰ-ਨੁਕਤਾ ਚੋਣਾਂ ਦੇ ਬਾਈਕਾਟ ਦੀ ਵਕਾਲਤ ਕਰਦਾ ਹੈ।

ਇਸੇ ਤਰ੍ਹਾਂ ਉਸੇ ਅੰਕ ਦੀ ਸੰਪਾਦਕੀ: ‘ਵੋਟ ਸੰਦੂਕੜੀਆਂ ਖਾਲੀ ਹੀ ਵਾਪਿਸ ਜਾਣਗੀਆਂ’ ਵਿੱਚ ਚੋਣ ਬਾਈਕਾਟ ਦਾ ਭਰਪੁਰ ਸਮਰਥਨ ਕੀਤਾ ਗਿਆ ਸੀ ਤੇ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ਼ ਸਿੱਖ ਸੰਘਰਸ਼ ਨੂੰ ਅੰਤਰ ਰਾਸ਼ਟਰੀ ਮਾਨਤਾ ਮਿਲੇਗੀ। ਪਰ ਜਦੋਂ ਇਸ ਫੈਸਲੇ ਨਾਲ਼ 1992-1994 ਤੱਕ ਸਾਰੀ ਖਾੜਕੂ ਮੂਵਮੂੈਂਟ ਖਤਮ ਹੋ ਗਈ ਤਾਂ ਪਿਛਲੇ 25 ਸਾਲਾਂ ਤੋਂ ਇਸ ਧੜੇ ਨੇ ਨਾ ਕਦੇ ਉਸਦੀ ਜ਼ਿੰਮੇਵਾਰੀ ਲਈ ਅਤੇ ਨਾ ਹੀ ਹਜਾਰਾਂ ਨੌਜਵਾਨਾਂ ਦੇ ਮਰਨ ਦਾ ਅਫਸੋਸ ਪ੍ਰਗਟ ਕੀਤਾ? ਹੋਰ ਤਾਂ ਹੋਰ ਅੱਜ ਨੌਜਵਾਨਾਂ ਨੂੰ ਸ਼ਹੀਦੀਆਂ ਦਾ ਪਾਠ ਪੜ੍ਹਾ ਰਹੇ ਸ. ਅਜਮੇਰ ਸਿੰਘ ਵਲੋਂ ਚੋਣਾਂ ਦੇ ਬਾਈਕਾਟ ਤੋਂ ਪਹਿਲਾਂ ਬਣਾਏ ਖਾੜਕੂ ਗਰੁੱਪ ‘ਖਾਲਿਸਤਾਨ ਗੁਰੀਲਾ ਫੋਰਸ’ ਦੇ ਕਮਾਂਡਰ ਭਾਈ ਕੇਸਰ ਸਿੰਘ ਛਾਜਲੀ ਅਤੇ ਉਸੇ ਗਰੁੱਪ ਦੇ ਮਾਰੇ ਗਏ ਹੋਰ ਅਨੇਕਾਂ ਨੌਜਵਾਨਾਂ ਦੇ ਪਰਿਵਾਰਾਂ ਦੀ ਅੱਜ ਤੱਕ ਇਨ੍ਹਾਂ ਨੇ ਕੋਈ ਸਾਰ ਨਹੀਂ ਲਈ, ਹੋਰ ਇਨ੍ਹਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ? ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸ. ਅਜਮੇਰ ਸਿੰਘ ਨੇ ‘ਜਨਤਕ ਪੈਗਾਮ’ ਫਰਵਰੀ, 1992 ਚੋਣਾਂ ਦੇ ਬਾਈਕਾਟ ਵਾਲ਼ੇ ਅੰਕ ਤੋਂ ਬਾਅਦ ਪਰਚਾ ਇੱਕਦਮ ਬੰਦ ਕਰ ਦਿੱਤਾ ਅਤੇ ਫਿਰ ਉਤਨਾ ਚਿਰ ਗੁਪਤਵਾਸ ਹੋ ਗਿਆ, ਜਦੋਂ ਤੱਕ ਖਾੜਕੂ ਸੰਘਰਸ਼ ਨੂੰ ਕੀ. ਪੀ. ਗਿੱਲ ਨੇ 1992-94 ਤੱਕ ਖਤਮ ਨਹੀਂ ਕਰ ਦਿੱਤਾ।ਫਿਰ ਅਚਾਨਕ 1994 ਵਿੱਚ ਸਿੱਖ ਸਫਾਂ ਅੰਦਰ ਜੁਝਾਰੂ ਤੋਂ ਵਿਦਵਾਨ ਬਣ ਕੇ ਪ੍ਰਗਟ ਹੋ ਗਿਆ?

ਕਿਸਾਨੀ ਸੰਘਰਸ਼ ਤੇ ਕਾਬਿਜ਼ ਹੋਣ ਲਈ ਤਰਲੋਮੱਛੀ ਹੋ ਰਹੀਆਂ ਧਿਰਾਂ ਕਦੇ ਪਿਛਲੇ 25 ਸਾਲਾਂ ਦੀ ਸਿੱਖਾਂ ਜਾਂ ਪੰਜਾਬ ਲਈ ਕੋਈ ਕਾਰਗੁਜ਼ਾਰੀ ਜਾਂ ਕੋਈ ਕਾਮਯਾਬੀ ਬਾਰੇ ਚਾਨਣਾ ਪਾਉਣਗੀਆਂ? ਇਨ੍ਹਾਂ ਨੂੰ ਕਿਸ ਅਧਾਰ ਤੇ ਇਤਨੇ ਵੱਡੇ ਲੋਕ ਸੰਘਰਸ਼ ਦੀ ਅਗਵਾਈ ਫੜ੍ਹਾ ਦਿੱਤੀ ਜਾਵੇ? ਸਿੱਖਾਂ ਤੇ ਪੰਜਾਬ ਉਪਰ ਆਪਣੀ ਸੁਪਰਾਮੇਸੀ ਸਥਾਪਿਤ ਕਰਨ ਦੀ ਦੌੜ ਵਿੱਚ ਲੱਗੀਆਂ ਹੋਈਆਂ, ਇਨਾਂ ਧਿਰਾਂ ਨੇ ਪਿਛਲੇ 75 ਸਾਲਾਂ ਵਿੱਚ ਪੰਜਾਬ, ਪੰਜਾਬੀਆਂ ਤੇ ਸਿੱਖਾਂ ਦਾ ਆਪਣੀ ‘ਸੁਪਰਾਮੇਸੀ’ ਦੀ ‘ਸੌੜੀ ਤੇ ਲੋਕ ਵਿਰੋਧੀ ਰਾਜਨੀਤੀ’ ਵਿੱਚ ਮੋਰਚਿਆਂ, ਸੰਘਰਸ਼ਾਂ ਰਾਹੀਂ ਬੇਤਹਾਸ਼ਾ ਨੁਕਸਾਨ ਕਰਾਇਆ ਹੈ, ਪਰ ਪ੍ਰਾਪਤੀ ‘ਜ਼ੀਰੋ’ ਹੈ? ਜਦੋਂ ਤੱਕ ਪੰਜਾਬ ਦੀਆਂ ਸੈਕੂਲਰ, ਮਨੁੱਖਤਾਵਾਦੀ, ਲੋਕ-ਪੱਖੀ ਧਿਰਾਂ ਪੰਜਾਬ ਵਿੱਚ ਲਾਮਬੰਦ ਹੋ ਕੇ ਇਨ੍ਹਾਂ ਹਿੰਸਕ, ਹਮਲਾਵਰ, ਫੁਕਰੀਆਂ ਧਿਰਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਨਹੀਂ ਕਰਦੀਆਂ? ਆਮ ਪੰਜਾਬੀਆਂ ਦੀ ਸਮੂਹਿਕ ਚੇਤੰਨਤਾ ਵਿੱਚ ਪਏ ਹਿੰਸਾ ਤੇ ਜਜ਼ਬਾਤੀਪੁਣੇ ਦੇ ਲੱਛਣਾਂ ਨੂੰ ਪਛਾਣ ਕੇ ਸੋਚ ਨੂੰ ਨਹੀਂ ਬਦਲਦੀਆਂ, ਲੋਕਾਂ ਵਿੱਚ ਜਮਹੂਰੀ ਤੇ ਸੈਕੂਲਰ ਕਦਰਾਂ-ਕੀਮਤਾਂ ਵਿਕਸਤ ਨਹੀਂ ਕਰਦੀਆਂ? ਉਦੋਂ ਤੱਕ ਇਹ ਧਿਰਾਂ ਗਰਮ ਖਿਆਲੀ ਤੇ ਜਜ਼ਜ਼ਬਾਤੀ ਨੌਜਵਾਨਾਂ ਨੂੰ ਹਿੰਸਾ ਦੇ ਰਾਹ ਤੋਰ ਕੇ ਧਰਮ, ਜਾਤ, ਕੌਮ, ਨਸਲ, ਫਿਰਕੇ ਦੇ ਅਧਾਰ ਤੇ ਵੰਡਦੀਆਂ ਰਹਿਣਗੀਆਂ ਅਤੇ ਪੰਜਾਬ, ਪੰਜਾਬੀਆਂ, ਸਿੱਖਾਂ ਦਾ ਦੁਨੀਆਂ ਭਰ ਵਿੱਚ ਨੁਕਸਾਨ ਕਰਦੀਆਂ ਰਹਿਣਗੀਆਂ? ਪੰਜਾਬ ਵਿੱਚ ਵੱਸਦੇ ਬਾਕੀ ਭਾਈਚਾਰਿਆਂ, ਜਾਤਾਂ, ਧਰਮਾਂ, ਕੌਮਾਂ, ਫਿਰਕਿਆਂ, ਵਰਗਾਂ ਦੇ ਚੇਤੰਨ ਲੋਕਾਂ ਨੂੰ ਪੰਜਾਬ ਵਿੱਚ ਇਨ੍ਹਾਂ ਧਿਰਾਂ ਵਲੋਂ ‘ਪੰਜਾਬ ਵੱਸਦਾ ਗੁਰਾਂ ਦੇ ਨਾਮ …’ ਦੇ ਨਾਮ ਹੇਠ ਉਸਾਰੇ ਗਏ ਦਾਬੇ, ਉਲਾਰ, ਸਹਿਮ, ਫੁਕਰੇ, ਲੱਚਰ, ਹਿੰਸਕ ਸਭਿਆਚਾਰ ਵਿੱਚੋਂ ਕੱਢਣ ਤੇ ਲੋਕ ਪੱਖੀ, ਸੈਕੂਲਰ ਤੇ ਜ਼ਮਹੂਰੀ ਸਭਿਆਚਾਰ ਸਿਰਜਣ ਲਈ ਨਵੇਂ ਸਿਰਿਉਂ ਸੁਹਿਰਦ ਯਤਨ ਕਰਨੇ ਚਾਹੀਦੇ ਹਨ, ਜਨ ਚੇਤਨਾ ਲਹਿਰ ਚਲਾਉਣੀ ਚਾਹੀਦੀ ਹੈ ਤਾਂ ਹੀ ਅਸੀਂ ਮਾਣ ਨਾਲ਼ ਕਹਿ ਸਕਾਂਗੇ ਕਿ ‘ਪੰਜਾਬ ਵੱਸਦਾ ਗੁਰਾਂ ਦੇ ਨਾਮ ……”।

ਸੰਪਰਕ 403-681-8689
Email: hp8689@gmail.com
ਬਰਾਬਰੀ ਦੇ ਸੰਵਿਧਾਨਕ ਹੱਕ ਲਈ ਮੈਦਾਨ ‘ਚ ਨਿਤਰੀਆਂ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ – ਪਰਮ ਪੜਤੇਵਾਲਾ
ਭਾਰਤੀ-ਅਮਰੀਕੀ ਮੁਸਲਿਮ ਕਾਉਂਸਲ ਵੱਲੋਂ ਬਰਾਕ ਉਬਾਮਾ ਦੇ ਨਾਮ ਖ਼ਤ
ਮੋਦੀ ਸਰਕਾਰ ਦਾ ਭੂਮੀ ਗ੍ਰਹਿਣ ਆਰਡੀਨੈਂਸ – ਮੋਹਨ ਸਿੰਘ
ਨਾਮ ਚੋਟੀ ਦੀਆਂ ਮੁਲਕਾਂ ‘ਚ ਬੋਲਦਾ ਤੇ ਘਰ ਲੱਗੀ ਅੱਗ ਨਾ ਬੁੱਝੇ -ਮਿੰਟੂ ਬਰਾੜ ਆਸਟ੍ਰੇਲੀਆ
ਸਿੱਖਾਂ ਵੱਲੋਂ ਸੰਵਿਧਾਨ ਉੱਪਰ ਦਸਤਖ਼ਤ ਨਾ ਕੀਤੇ ਜਾਣ ਵਾਲੀ ਗਾਥਾ ਦਾ ਇੱਕ ਪੱਖ ਇਹ ਵੀ –ਹਜ਼ਾਰਾ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਟੈਟ ਲਈ ਗੁੰਮਰਾਹਕੁੰਨ ਕੋਚਿੰਗ ਸੈਂਟਰਾਂ ਵਿੱਚ ਬੇਰੁਜ਼ਗਾਰਾਂ ਦੀ ਅੰਨ੍ਹੀ ਲੁੱਟ; ਪ੍ਰਸ਼ਾਸਨ ਚੁੱਪ

ckitadmin
ckitadmin
September 21, 2015
ਸਾਢੇ ਪੰਜ ਸਾਲਾਂ ’ਚ 11721 ਮੁਕੱਦਮੇ, ਸਿਰਫ 2090 ਨੂੰ ਸਜ਼ਾ, 3142 ਬਰੀ, 214 ਭਗੌੜੇ
ਗ਼ਦਰੀ ਸੂਰਬੀਰਾਂ ਨੂੰ ਚੇਤੇ ਕਰਦਿਆਂ -ਰਘਬੀਰ ਸਿੰਘ
‘ਸ਼ਹੀਦਾਂ ਵਾਲਾ ਖੂਹ’ ਕੌਮੀ ਸ਼ਹੀਦਾਂ ਦੀ ਲਾਮਿਸਾਲ ਕੁਰਬਾਨੀ ਦਾ ਪ੍ਰਤੀਕ -ਮਨਦੀਪ
ਮੁਰਝਾਏ ਫੁੱਲ -ਬਾਜਵਾ ਸੁਖਵਿੰਦਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?