ਕਪੂਰਥਲਾ ਦੇ ਮੁਹੱਬਤ ਨਗਰ ਤੋਂ ਦਰਦਾਂ ਦੀ ਬਾਤ ਪਾਉਂਦੀ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ
ਉਹਨਾਂ ਦਾ ਵੀ ਤੂੰਈਓਂ ਰੱਬ ਏਂ, ਇਹਦਾ ਅੱਜ ਜੁਆਬ ਤਾਂ ਦੇਹ,
ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ।
ਜਿਹਨਾਂ ਦੇ ਗਲ ਲੀਰਾਂ ਪਈਆਂ,ਉਹਨਾਂ ਵੱਲੇ ਤੱਕਦੇ ਨਈਂ,
ਕਬਰਾਂ ਉੱਤੇ ਤਿੱਲੇ ਜੜੀਆਂ, ਚੱਦਰਾਂ ਚਾੜ੍ਹੀ ਜਾਂਦੇ ਨੇ..।
ਬਾਬਾ ਨਜ਼ਮੀ ਸਾਹਿਬ ਦੀ ਇਹ ਹੂਕ ਆਰਥਿਕ, ਸਮਾਜਿਕ ਨਾ-ਬਰਾਬਰੀ ’ਚ ਪਿਸਦੇ ਹਾਸ਼ੀਆਗਤ ਲੋਕਾਂ ਦਾ ਦਰਦ ਬਿਆਨਦੀ ਹੈ।ਸਮਾਂ ਬਦਲਦਾ ਹੈ, ਹਕੂਮਤਾਂ ਬਦਲਦੀਆਂ ਨੇ, ਪਰ ਹਾਸ਼ੀਆਗਤ ਲੋਕਾਂ ਦੇ ਹਾਲਾਤ ਆਖਰ ਕਿਉਂ ਨਹੀਂ ਬਦਲਦੇ? ਵੱਡਾ ਸਵਾਲ ਹੈ, ਜੁਆਬ ਤਾਂ ਨਹੀਂ ਮਿਲਦਾ, ਪਰ ਅਜਿਹੇ ਹਾਲਾਤਾਂ ਨਾਲ ਦੋ ਚਾਰ ਹੋ ਰਹੀ ਭਾਰਤ ਮਾਤਾ ਦੀ ਧੀ ਸੀਤਾ ਨਾਲ ਸਲਾਮ ਜ਼ਿੰਦਗੀ ਸੈਗਮੈਂਟ ਜ਼ਰੀਏ ਮਿਲਦੇ ਹਾਂ..ਲੌਕਡਾਊਨ ’ਚ ਘਰਾਂ ਵਿੱਚ ਤੜ ਗਏ ਗੁਰਬਤ ਮਾਰੇ ਕਿਰਤੀਆਂ ਦਾ ਹਾਲ ਪੁੱਛਦਿਆਂ, ਕਪੂਰਥਲਾ ਦੇ ਮੁਹੱਬਤ ਨਗਰ ’ਚ ਭਈਆਂ ਵਾਲੇ ਕੁਆਟਰ ਵਜੋਂ ਜਾਣੀ ਜਾਂਦੀ ਇਕ ਇਮਾਰਤ ਚ ਇਸ ਪੰਜਾਹ ਕੁ ਸਾਲ ਦੀ ਦਰਦਾਂ ਨਾਲ ਪਿੰਜੀ ਕਿਰਤੀ ਬੀਬੀ ਨਾਲ ਮੁਲਾਕਾਤ ਹੋਈ। ਸੀਤਾ ਦੇ ਭਾਵਹੀਣ ਚਿਹਰੇ ਉੱਤੇ ਤਣੀ ਸੁੰਨੇਪਣ ਦੀ ਲੀਕ ਨੇ ਸਾਡੀ ਟੀਮ ਦੇ ਦਿਲ ਘੇਰ ਲਏ। ਅਸੀਂ ਏਸ ਕਿਰਤੀ ਬੀਬੀ ਨਾਲ ਦਰਦਾਂ ਦੇ ਗਲੋਟੇ ਕੱਤਣ ਦੀ ਸੋਚ ਲਈ।