ਮਿਨਵਰਾ ਤੇ ਅਪੋਲੋ, ਸਿਆਣਪ ਅਤੇ ਗਿਆਨ ਦੇ ਪੁਰਾਣੇ ਦੇਵਤੇ ਮੰਨੇ ਜਾਂਦੇ ਹਨ। ਤਿ੍ਰਪੋਲੀ ਸ਼ਹਿਰ ਦੀ ਅਲ-ਹਰਾ ਅਲ-ਕਾਬੀਰ ਸੜਕ ਤੇ ਬਣੇ ਹੋਏ ਗੇਟ ਤੋਂ ਦੋਵਾਂ ਦੇ ਬੁੱਤ ਹਨ। ਦੋ ਪਹੀਆਂ ਵਾਲੇ ਉਨ੍ਹਾਂ ਦੇ ਯੁੱਧ ਰੱਥ ਨੂੰ ਮਿਥਿਹਾਸਕ ਜਾਨਵਰ (ਸ਼ੇਰ ਦੇ ਧੜਾਂ ਉਪਰ ਓਕਾਬ ਅਤੇ ਔਰਤ ਦੇ ਸਿਰ ਵਾਲੇ ਯੂਨਾਨੀ ਮਿਥਿਹਾਸਕ ਜੀਵ) ਖਿੱਚ ਰਹੇ ਹਨ। ਇਹ ਡਾਟ 166 ਪੂ,ਈ. ਵਿਚ ਬਾਦਸ਼ਾਹ ਮਾਰਕਸ ਓਰੀਲਸ ਐਨਟੋਨੀਅਸ ਅਗਸਤਸ ਦੀ ਪਾਰਥੀਅਨਜ਼ ਉਪਰ ਜਿੱਤ ਦੀ ਖੁਸ਼ੀ ਵਿਚ ਬਨਾਈ ਗਈ ਸੀ। ਡਾਟ ਉਪਰ ਬਾਦਸ਼ਾਹ ਦਾ ਬੁੱਤ ਸੀ ਜੋ ਕਿਸੇ ਸਮੇਂ ਟੁੱਟ ਕੇ ਡਿੱਗ ਪਿਆ ਸੀ ਜਿਸ ਨੂੰ 19ਵੀਂ ਸਦੀ ਵਿਚ ਪੁਰਤੱਤਵ ਵਿਗਿਆਨੀਆਂ ਨੇ ਮੁੜ ਖੋਜਿਆ ਸੀ।
ਮਾਰਕਸ ਓਰੀਲਸ ਨੂੰ ਇਕ ਦਾਰਸ਼ਨਿਕ, ਯੋਧੇ ਅਤੇ ਪੰਜਾਂ ਚੰਗੇ ਬਾਦਸ਼ਾਹਾਂ ਵਿਚੋਂ ਅਖੀਰਲਾ ਬਾਦਸ਼ਾਹ ਦੇ ਤੌਰ ’ਤੇ ਪੂਜਿਆ ਜਾਂਦਾ ਰਿਹਾ ਹੈ ਅਤੇ ਉਸ ਨੇ ਅਪਾਣੇ ਨਿਰਾਦਰ ਨੂੰ ਬੜੇ ਸ਼ਾਂਤਚਿੱਤ ਕਬੂਲ ਕੀਤਾ ਹੋਵੇਗਾ। ਆਪਣੇ ਕਲਾਸਿਕ, ‘ਦਾ ਮੈਡੀਟੇਸ਼ਨਜ਼’ ਵਿਚ ਉਹ ਲਿਖਦਾ ਹੈ, ‘‘ਭੂਤਕਾਲ ਵਲ ਨੂੰ ਦੇਖੋ ਕਿਵੇਂ ਸਲਤਨਤਾਂ ਉਸਰਦੀਆਂ ਤੇ ਡਿਗਦੀਆਂ ਰਹੀਆਂ ਹਨ , ਉਹਨਾਂ ਤੋਂ ਤੁਸੀਂ ਆਪਣੇ ਭਵਿਖ ਦਾ ਅੰਦਾਜ਼ਾ ਲਾ ਸਕਦੇ ਹੋ।”
ਆਪਣੇ ਸਾਰੇ ਰਾਜਕਾਲ ਦੌਰਾਨ ਉਹ ਲਗਾਤਾਰ ਯੁੱਧ ਲੜਦਾ ਰਿਹਾ ਸੀ। ਆਪਣੇ ਰਾਜ ਵਿਚ ਵਪਾਰ ਨੂੰ ਸੁਰਖਿਅਤ ਕਰਨ ਅਤੇ ਅਮਨ-ਕਾਨੂੰਨ ਦੀ ਬਹਾਲੀ ਲਈ ਕਦੇ ਉਸ ਨੂੰ ਜੰਗਲੀ ਕਬੀਲਿਆਂ ਨਾਲ ਤੇ ਕਦੇ ਗੁਆਢਢੀ ਤਾਕਤਾਂ ਦੇ ਨਾਲ ਜੰਗਾਂ ਲੜਨੀਆਂ ਪਈਆਂ। ਉਸ ਦਾ ਉਦੇਸ਼ ਬੜਾ ਨਿਮਾਨਾ ਜਿਹਾ ਸੀ : ਪਲੇਟੋ ਦੇ ਸਵਰਗ ਦੀ ਆਸ ਨਾ ਕਰੋ , ਛੋਟੀ ਪ੍ਰਾਪਤੀ ਨਾਲ ਵੀ ਸਬਰ ਕਰੋ ਤਾਂ ਕਿ ਅੱਗੇ ਵਧਿਆ ਇਕ ਛੋਟਾ ਜਿਹਾ ਕਦਮ ਵੀ ਬਹੁਤ ਮਹਾਨ ਲੱਗੇ।
ਇਰਾਕ ਵਿਚ ਅਮਰੀਕਾ ਦੀ ਥਲ ਤੇ ਹਵਾਈ ਸੇਨਾ ਨਾ ਭੇਜਣ ਦੇ ਰਾਸ਼ਟਰਪਤੀ ਓਬਾਮਾ ਦੇ ਫ਼ੈਸਲੇ ਨੂੰ ਸਾਮਰਾਜ ਦੇ ਪਿੱਛੇ ਵੱਲ ਨੂੰ ਜਾਣ ਦੀ ਪ੍ਰਕਿਰਿਆ ਵਿਚ ਇਕ ਅਹਿਮ ਕਦਮ ਵਜੋਂ ਯਾਦ ਕੀਤਾ ਜਾਵੇਗਾ। ਪੰਜਾਂ ਦਹਾਕਿਆ ਤੋਂ ਤੇਲ ਤੇ ਗੈਸ ਖਣਿਜਾਂ ਨਾਲ ਮਾਲੋਮਾਲ ਖਾੜੀ ਖੇਤਰ ’ਤੇ ਸਰਦਾਰੀ ਜਮਾਈ ਰੱਖਣਾ ਅਮਰੀਕਾ ਦੀ ਵਿਦੇਸ਼ ਨੀਤੀ ਦਾ ਮੁਖ ਉਦੇਸ਼ ਰਿਹਾ ਹੈ। ਹੋਰਨਾਂ ਖੇਤਰਾਂ ਵਿਚ ਵੀ ਹੁਣ ਅਮਰੀਕਾ ਦੂਸਰੇ ਵਿਸ਼ਵ ਯੁੱਧ ਤੋਂ ਬਾਦ ਦੀ ਆਪਣੀ ‘ਮਹਾਂ-ਨਾਇਕ’ ਦੀ ਭੂਮਿਕਾ ਵਿਚ ਘੱਟ ਦਿਲਚਸਪੀ ਲੈ ਰਿਹਾ ਹੈ।
ਇਸ ਦਾ ਕਾਰਨ ਇਰਾਕ ਤੇ ਅਫ਼ਗਾਨਿਸਤਾਨ ਦੀਆਂ ਲੰਮੀਆਂ ਜੰਗਾਂ ਤੋਂ ਹੋਇਆ ਨੁਕਸਾਨ ਵੀ ਹੋ ਸਕਦਾ ਹੈ, ਦੂਸਰਾ ਤੇ ਮੁੱਖ ਕਾਰਨ ਹੈ ਕਿ ਵਿਸ਼ਵ ਵਿਚ ਇਸ ਦੇ ਹਿੱਤ ਬੜੀ ਤੇਜ਼ੀ ਨਾਲ ਬਦਲ ਰਹੇ ਹਨ। ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਵਿਸ਼ਵ ਦੀ ਮਹਾਂ-ਸ਼ਕਤੀ ਨੂੰ ਹੁਣ ਪਹਿਲਾਂ ਵਰਗੇ ਵਿਸ਼ਵ ਦੀ ਜ਼ਰੂਰਤ ਨਹੀਂ ਹੈ। ਸੁਲਤਾਨ ਮਾਰਕਸ ਓਰੀਲਸ ਨੇ ਜ਼ਿੰਦਗੀ ਦੇ ਤਜਰਬੇ ਤੋਂ ਜੋ ਸਬਕ ਸਿੱਖੇ ਸਨ, ਉਹ, ਬਾਕੀ ਦੀ ਦੁਨੀਆਂ (ਅਮਰੀਕਾ ਤੋਂ ਬਿਨਾਂ) ਲਈ ਵਰਤਮਾਨ ਵਿਚ ਜ਼ਿਆਦਾ ਲਾਹੇਵੰਦ ਹਨ; ਜਿੰਨੇ ਸ਼ਾਇਦ ਭੂਤਕਾਲ ਵਿਚ ਕਦੇ ਨਹੀਂ ਸਨ। ਸਾਮਰਾਜ ਆਪਣੇ ਕਿਲ੍ਹੇ ਵੱਲ ਵਾਪਸ ਪਰਤ ਜਾਵੇਗਾ ਜੋ ਪੂਰਬ ਤੇ ਪੱਛਮ ਦੋਹਾਂ ਪਾਸਿਆਂ ਤੋਂ ਮਹਾਂ-ਸਾਗਰਾਂ ਨੇ ਘੇਰਿਆ ਹੋਇਆ ਹੈ, ਪਰ ਆਪਣੇ ਪਿੱਛੇ ਬਹੁਤ ਸਾਰੇ ਖੌਲਦੇ ਸਵਾਲ ਛੱਡ ਜਾਵੇਗਾ। ਰੂਸ, ਚੀਨ ਅਤੇ ਭਾਰਤ ਨੂੰ ਵਿਸ਼ਵ ਦੀਆਂ ਸਲਤਨਤਾਂ ਦੀ ਖੇਡ ਲਈ ਨਵੇਂ ਨਿਯਮ ਬਨਾਉਣੇ ਹੋਣਗੇ ਅਤੇ ਨਿਯਮ ਲਾਗੂ ਕਰਨ ਦੇ ਲਈ ਨਵੇਂ ਸਾਧਨ ਵੀ ਲੱਭਣੇ ਪੈਣਗੇ।
ਪਿਛਲੇ ਸਾਲ ਓਬਾਮਾ ਨੇ ਵਿਸ਼ਵ ਵਿਚ ਅਮਰੀਕਾ ਦੀ ਭਵਿਖ ਦੀ ਰਣਨੀਤੀ ਦਾ ਐਲਾਨ ਕੀਤਾ ਸੀ। ਨੈਸ਼ਨਲ ਡਿਫ਼ੈਂਸ ਯੂਨੀਵਰਸਿਟੀ ਵਿਚ ਬੋਲਦਿਆਂ ਉਸ ਨੇ ਕਿਹਾ, ‘‘ਗੁਜ਼ਰੇ ਦਸਾਂ ਸਾਲਾਂ ਦੌਰਾਨ ਅਮਰੀਕਾ ਨੇ ਲੰਮੇ ਯੁੱਧ ’ਤੇ ਦਸ ਖਰਬ ਡਾਲਰ ਤੋਂ ਜ਼ਿਆਦਾ ਖਰਚ ਕਰ ਦਿੱਤਾ ਹੈ, ਜਿਸ ਸਦਕਾ ਦੇਸ਼ ਦੇ ਵਿੱਤੀ ਘਾਟੇ ਬਹੁਤ ਵਧ ਗਏ ਹਨ, ਦੇਸ਼ ਅੰਦਰ ਵਿਕਾਸ ਦੀ ਸਮਰੱਥਾ ਸੁੰਗੜ ਗਈ ਹੈ। ਇਰਾਕ ਵਿਚ ਜੰਗ ਦੇ ਸਿਖਰ ਸਮੇਂ ਅਸੀਂ ਜਿੰਨਾ ਖਰਚ ਅਸੀਂ ਇਕ ਮਹੀਨੇ ਵਿਚ ਕਰ ਦਿੰਦੇ ਸਾਂ, ਉਸ ਨਾਲ ਲਿਬੀਆ ਦੀਆਂ ਫੌਜਾਂ ਸਿਖਿਅਤ ਕੀਤੀ ਜਾ ਸਕਦੀ ਸੀ, ਇਜ਼ਰਾਈਲ ਤੇ ਗੁਆਂਢੀ ਦੇਸ਼ਾਂ ਵਿਚਕਾਰ ਅਮਨ ਕਾਇਮ ਰੱਖਿਆ ਜਾ ਸਕਦਾ ਸੀ, ਯਮਨ ਵਿਚ ਭੁੱਖਿਆਂ ਨੂੰ ਰੋਟੀ ਦਿੱਤੀ ਜਾ ਸਕਦੀ ਸੀ, ਪਾਕਿਸਤਾਨ ਵਿਚ ਸਕੂਲ ਉਸਾਰੇ ਜਾ ਸਕਦੇ ਸਨ, ….। ”
ਭਾਸ਼ਨ ਦੇਣ ਤੋਂ ਬਾਅਦ ਦੀਆਂ ਘਟਨਾਵਾਂ ਨੇ ਉਸ ਦੀਆਂ ਦਲੀਲਾਂ ਤੇ ਕਿੰਤੂ ਕੀਤਾ ਹੈ , ਇਸ ਵਿਚਾਰ ਦੇ ਵਿਰੋਧ ਵਿਚ ਕਈ ਸ਼ੱਕ ਉਪਜੇ ਹਨ ਕਿ ਵਿਸ਼ਵ ਵਿਵਸਥਾ ਨੂੰ ਵਿਕਾਸ ਯੋਜਨਾਵਾਂ ਵਿਚ ਨਿਵੇਸ਼ ਕਰਕੇ ਜਾਂ ਫੌਜੀ ਦਖਲ-ਅੰਦਾਜ਼ੀ ਨਾਲ ਸੁਰਖਿਅਤ ਰਖਿਆ ਜਾ ਸਕਦਾ ਹੈ ।
ਪਿਛਲੇ ਇਕ ਸਾਲ ਵਿਚ ਇਰਾਕ ਦੀ ਸੈਨਾ ਨੂੰ 8.2 ਅਰਬ ਡਾਲਰ ਅਤੇ ਦੇਸ਼ ਨੂੰ 17.1 ਅਰਬ ਡਾਲਰ ਉਸਾਰੀ ਲਈ ਦਿੱਤੇ ਗਏ ਸਨ। ਪਰ ਇਸਲਾਮਿਕ ਕੱਟੜਪੰਥੀਆਂ ਦੇ ਇਕ ਗਿਰੋਹ ਨੇ ਇਸ ਸਰਕਾਰ ਤੇ ਇਸ ਦੇ ਬਰਗੇਡਾਂ ਨੂੰ ਭਜਾ ਦਿੱਤਾ ਹੈ; ਮਾਲੀ ਦੇ ਸਿਪਾਹੀਆਂ ਨੂੰ ਚਾਰ ਅਰਬ ਡਾਲਰ ਦੇਣ ਦਾ ਵਾਅਦਾ ਕੀਤਾ ਗਿਆ ਪਰ ਫ਼ਿਰ ਵੀ ਉਹ ਦੇਸ਼ ਦੇ ਉੱਤਰ-ਪੂਰਬੀ ਇਲਾਕੇ ’ਚ ਬਾਗੀਆਂ ਨੂੰ ਠੱਲ੍ਹ ਨਹੀਂ ਪਾ ਸਕੇ। ਲਿਬੀਆ ਵਿਚ ਅਰਾਜਕਤਾ ਫ਼ੈਲ ਗਈ ਹੈ, ਜਿਥੇ ਵੱਖ-ਵੱਖ ਕਬੀਲਿਆਂ ਦੇ ਸਰਦਾਰ ਦੇਸ਼ ਦੀ ਗੱਦੀ ’ਤੇ ਕਾਬਜ਼ ਹੋਣ ਲਈ ਆਪਸ ਵਿਚ ਲੜ ਰਹੇ ਹਨ। ਪਾਕਿਸਤਾਨ ਦਾ ਨਰਕ ਦੀ ਖਾਈ ਵਿਚ ਉਤਰਨਾ ਜਾਰੀ ਹੈ।
ਹਕੀਕਤ ਇਹ ਹੈ ਕਿ ਅਮਰੀਕਾ ਦੀ ਇਸ ਅਫ਼ਰਾਤਰਫ਼ੀ ਨੂੰ ਰੋਕਣ ਵਿਚ ਕੋਈ ਦਿਲਚਸਪੀ ਨਹੀਂ ਹੈ। ਸ਼ੇਲ ਤੇਲ ਅਤੇ ਗੈਸ ਪ੍ਰਾਪਤ ਹੋ ਜਾਣ ਨਾਲ ਇਹ ਛੇਤੀ ਹੀ ਦੁਨੀਆ ਦਾ ਹਾਈਡਰੋਕਾਰਬਨ ਨਿਰਯਾਤ ਕਰਨ ਵਾਲਾ ਦੇਸ਼ ਬਣ ਜਾਵੇਗਾ। ਇਸ ਨੂੰ ਕੋਈ ਜ਼ਰੂਰਤ ਨਹੀਂ ਹੋਵੇਗੀ ਕਿ ਤੇਲ ਦੇ ਲਾਲਚ ਕਾਰਨ ਖਾੜੀ ਖੇਤਰ ਵਿਚ ਆਪਣੇ ਜਵਾਨ ਵੀ ਮਰਵਾਏ ਅਤੇ ਸਰਮਾਇਆ ਵੀ ਗਵਾਏ। ਦੇਸ਼ ਦੀ ਵਿਚ ਐਨੀ ਸ਼ਕਤੀ ਹੈ ਕਿ ਉਹ ਕਿਸੇ ਵੀ ਖਿੱਤੇ ਵਿਚ ਇਸ ਦੀਆਂ ਸੰਚਾਰ ਲਾਈਨਾਂ ਜਾਂ ਵਪਾਰਕ ਰਸਤਿਆਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਸਜ਼ਾ ਦੇ ਸਕਦੀ ਹੈ। ਸ਼ਾਇਦ ਜਿਆਦਾ ਮਹਤੱਵਪੂਰਨ ਨੁਕਤਾ ਹੈ ਕਿ ਮੁਕਾਬਲੇ ਵਿਚਲੇ ਦੇਸ਼ਾਂ ਦੇ ਹਿੱਤ ਉਨ੍ਹਾਂ ਬੁਨਿਆਦੀ ਥੰਮਾਂ ਨਾਲ ਜੁੜੇ ਹੋਏ ਹਨ ਜਿਨਾਂ੍ਹ ਦੇ ਆਸਰੇ ਵਿਸ਼ਵ ਦਾ ਅਰਥਚਾਰਾ ਖਲੋਤਾ ਹੋਇਆ ਹੈ; ਉਹ ਆਪਣਾ ਨੁਕਸਾਨ ਕੀਤੇ ਬਿਨਾਂ ਅਮਰੀਕਾ ਦਾ ਨੁਕਸਾਨ ਨਹੀਂ ਕਰ ਸਕਦੇ ।
ਇਸ ਕਰਕੇ ਯੂਰਪ ਵਿਚ ਰੂਸ ਦੇ ਸ਼ਕਤੀ ਪ੍ਰਦਰਸ਼ਨ ਨੂੰ ਰੋਕਣ ਲਈ ਅਮਰੀਕਾ ਨੂੰ ਬਹੁਤ ਥੋੜਾ੍ਹ ਖਰਚ ਕਰਨਾ ਪਵੇਗਾ ਭਾਵੇਂ ਉਸ ਦੇ ਸਾਥੀ ਨਾਟੋ ਦੇਸ਼ਾਂ ਵਿਚ ਚਿੰਤਾ ਉਤਪੰਨ ਹੋਵੇਗੀ। ਇਸੇ ਤਰਾਂ੍ਹ ਏਸ਼ੀਆ ਦੇ ਪੂਰਬ ਵਿਚ ਅਮਰੀਕਾ ਆਪਣੀ ਸਮੁੰਦਰੀ ਫੌਜ ਦੀ ਸ਼ਕਤੀ ਘਟਾ ਰਿਹਾ ਹੈ, ਜਿਸ ਨਾਲ ਇਸ ਦੇ ਸਾਥੀਆ ਨੂੰ ਤਾਂ ਤਕਲੀਫ਼ ਹੋਵੇਗੀ ਪਰ ਅਮਰੀਕਾ ਨੂੰ ਕੋਈ ਫ਼ਰਕ ਨਹੀਂ ਪਵੇਗਾ।
ਬਹੁਤ ਦੇਰ ਤੋਂ ਆਦਰਸ਼ਵਾਦੀ ਵਕਾਲਤ ਕਰ ਰਹੇ ਸਨ ਕਿ ਦੁਨੀਆ ਬਹੁ-ਧਰੁਵੀ ਹੋਣੀ ਚਾਹੀਦੀ ਹੈ; ਸਾਮਰਾਜੀ ਵਧੀਕੀਆਂ ’ਤੇ ਰੋਕ ਲੱਗਣੀ ਚਾਹੀਦੀ ਹੈ; ਖੇਤਰੀ ਤਾਕਤਾਂ ਦਾ ਅਜਿਹਾ ਜਾਲ ਹੋਵੇ ਜੋ ਇਕ ਜਾਂ ਦੂਜੇ ਦੇਸ਼ ਦੀ ਉਮੰਗਾਂ ’ਤੇ ਕਾਬੂ ਪਾ ਸਕੇ। ਹੁਣ ਅਜਿਹੀ ਦੁਨੀਆਂ ਬਣਨ ਦਾ ਮੌਕਾ ਹੈ; ਪਰ ਨਾਲ ਇਹ ਵੀ ਸਪੱਸ਼ਟ ਹੋ ਰਿਹਾ ਹੈ ਕਿ ਕੇਵਲ ਇਹੀ ਸੰਭਾਵਨਾ ਨਹੀਂ ਹੈ।
ਖੇਤਰੀ ਦੇਸ਼ਾਂ ਦੇ ਵਧ ਰਹੇ ਦਬਾਅ ਕਾਰਨ ਅਤੇ ਜਦ ਕਿਸੇ ਤਾਕਤਵਰ ਦੇਸ਼ ਤੋਂ ਸਹਾਇਤਾ ਮਿਲਣ ਦੀ ਆਸ ਨਹੀਂ ਹੈ ਤਾਂ ਛੋਟੇ ਦੇਸ਼ ਆਪਣੇ ਹਥਿਆਰਾਂ ਦੇ ਖਜਾਨੇ ਨੂੰ ਵੱਡਾ ਕਰਨਗੇ। ਸੰਕੇਤ ਪਹਿਲਾਂ ਹੀ ਮਿਲ ਰਹੇ ਹਨ। ਪ੍ਰਸ਼ਾਂਤ ਮਹਾਂਸਾਗਰ ਦੁਆਲੇ ਵੱਸੇ ਦੇਸ਼ਾਂ ਵਿਚ ਇਹ ਭਾਵਨਾ ਆ ਗਈ ਹੈ ਕਿ ਇਸ ਇਲਾਕੇ ਵਿਚ ਅਮਰੀਕਾ ਚੀਨ ਨੂੰ ਕੰਟਰੋਲ ਕਰਨ ਲਈ ਕੁਝ ਨਹੀਂ ਕਰੇਗਾ ਇਸ ਲਈ ਇਹ ਦੇਸ਼ ਆਪਣੀ ਫੌਜੀ ਤਾਕਤ ਵਿਚ ਬਹੁਤ ਤੇਜ਼ੀ ਨਾਲ ਵਾਧਾ ਕਰ ਰਹੇ ਹਨ।
ਵਿਦਵਾਨਾਂ ਦਾ ਡਰ ਹੈ ਕਿ ਏਸ਼ੀਆ ਦੇ ਦੇਸ਼ਾਂ ਵਿਚ ਹਥਿਆਰਾਂ ਦੀ ਦੌੜ ਐਟਮੀ ਹਥਿਆਰਾਂ ਦੀ ਦੌੜ ਦਾ ਰੂਪ ਵੀ ਲੈ ਸਕਦੀ ਹੈ। ਵੀਅਤਨਾਮ ਵਰਗੇ ਦੇਸ਼ ਅਜਿਹੇ ਹਥਿਆਰ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਉਹ ਵੱਡੀਆਂ ਤਾਕਤਾਂ ਉਨ੍ਹਾਂ ’ਤੇ ਹਮਲਾ ਕਰਨ ਤੋਂ ਸੰਕੋਚ ਕਰਨ ਜਿਨ੍ਹਾਂ ਨਾਲ ਉਹ ਰਵਾਇਤੀ ਹਥਿਆਰਾਂ ਨਲ ਮੁਕਾਬਲਾ ਨਹੀਂ ਕਰ ਸਕਦੇ।
1969 ਵਿਚ ਜਾਪਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਖੁਫ਼ੀਆ ਰਿਪੋਰਟ ਤਿਆਰ ਕੀਤੀ ਸੀ, ਜਿਸ ਵਿਚ ਲਿਖਿਆ ਹੈ, ‘‘..ਅਜੇ ਤਾਂ ਅਸੀਂ ਐਟਮੀ ਹਥਿਆਰ ਨਾ ਰੱਖਣ ਦੀ ਆਪਣੀ ਨੀਤੀ ’ਤੇ ਹੀ ਅਮਲ ਕਰਾਂਗੇ ਪਰ ਨਾਲ ਹੀ ਅਜਿਹਾ ਆਰਥਿਕ ਤੇ ਤਕਨੀਕੀ ਢਾਚਾਂ ਵੀ ਉਸਾਰਿਆ ਜਾਵੇਗਾ ਤਾਂ ਕਿ ਲੋੜ ਪੈਣ ਤੇ ਐਟਮੀ ਹਥਿਆਰ ਤਿਆਰ ਕੀਤੇ ਜਾ ਸਕਣ ਅਤੇ ਇਹ ਵੀ ਦੇਖਿਆ ਜਾਵੇਗਾ ਕਿ ਕੋਈ ਹੋਰ ਇਸ ਮਾਮਲੇ ਵਿਚ ਦਖਲ ਅੰਦਾਜ਼ੀ ਨਾ ਕਰੇ।” ਭਾਵੇਂ ਜਪਾਨ ਐਟਮੀ ਹਥਿਆਰਾਂ ਦੀ ਰੋਕਥਾਮ ਦਾ ਪੱਕਾ ਹਮਾਇਤੀ ਹੈ ਪਰ ਇਸ ਕੋਲ ਬਹੁਤ ਮਾਤਰਾ ਵਿਚ ਪਲੂਟੋਨੀਅਮ ਹੈ ਜਿਸ ਦੀ ਵਰਤੋਂ ਐਟਮੀ ਹਥਿਆਰਾਂ ਵਿਚ ਹੀ ਹੁੰਦੀ ਹੈ।
ਹਾਲੀਵੁਡ ਦੀਆਂ ਫ਼ਿਲਮਾਂ ਵਿਚ ਜਦ ਜੰਗ ਬੰਦ ਹੁੰਦੀ ਹੈ ਤਾਂ ਦਿ੍ਰਸ਼ ਵਿਚ ਦਿਖਾਇਆ ਜਾਂਦਾ ਹੈ ਲਹੂ ਲਿਬੜੀ ਸੰਗੀਨ ਮਿਆਨ ਵਿਚ ਪਾਈ ਜਾ ਰਹੀ ਹੈ; ਜੰਗ ਦੇ ਮੈਦਾਨ ਵਿਚ ਜੇਤੂ ਝੰਡਾ ਲਹਿਰਾ ਰਿਹਾ ਹੈ; ਜ਼ਖਮੀ ਸਿਪਾਹੀ ਪਰਤਦਾ ਹੈ ਤੇ ਆਪਣੀ ਪਿਆਰੀ ਬੀਵੀ ਨੂੰ ਚੁੰਮਦਾ ਹੈ। ਠੰਡੀ ਜੰਗ ਸਮੇਂ ਦਾ ਚਿੰਤਕ ਅਮਰੀਕਾ ਦੀ ਤੁਲਨਾ ਪੂਰਵ ਇਤਿਹਾਸ ਸਮੇਂ ਦੇ ਕਿਸੇ ਜਾਨਵਰ ਨਾਲ ਕਰਦਾ ਹੈ, ‘‘ਜਿਸ ਦਾ ਸਰੀਰ ਇਕ ਕਮਰੇ ਜਿੱਡਾ ਲੰਮਾ ਹੈ ਤੇ ਦਿਮਾਗ ਇਕ ਪਿੰਨ ਦੇ ਆਕਾਰ ਦਾ ਹੈ। ਉਹ ਆਪਣੇ ਪੁਰਾਣੇ ਚਿੱਕੜ ਵਿਚ ਆਰਾਮ ਨਾਲ ਲੇਟਿਆ ਹੋਇਆ ਹੈ ਅਤੇ ਆਲੇ ਦੁਆਲੇ ਵਲ ਕੋਈ ਧਿਆਨ ਨਹੀਂ ਦੇ ਰਿਹਾ। ਉਸ ਨੂੰ ਗੁੱਸਾ ਬਹੁਤ ਹੌਲੀ ਆਉਂਦਾ ਹੈ। ਅਸਲ ਵਿਚ ਉਸ ਨੂੰ ਇਹ ਅਹਿਸਾਸ ਕਰਵਾਉਣ ਦੇ ਲਈ ਕਿ ਉਸ ਨਾਲ ਧੱਕਾ ਹੋ ਰਿਹਾ ਹੈ ਉਸ ਦੀ ਪੂਛ ਵਢਣੀ ਪਵੇਗੀ; ਪਰ ਜਦੋਂ ਇਕ ਵਾਰ ਉਸ ਨੂੰ ਅਹਿਸਾਸ ਹੋ ਜਾਂਦਾ ਹੈ ਤਾਂ ਉਹ ਐਨੇ ਗੁੱਸੇ ਨਾਲ ਹਮਲਾ ਕਰਦਾ ਹੈ ਕਿ ਵਿਰੋਧੀ ਨੂੰ ਤਬਾਹ ਕਰਨ ਦੇ ਨਾਲ ਆਪਣੇ ਘਰ ਨੂੰ ਵੀ ਤਬਾਹ ਕਰ ਦਿੰਦਾ ਹੈ।”
ਅਸਲੀਅਤ ਥੋੜੀ ਵੱਖਰੀ ਹੈ : ਕਿਉਂਕਿ ਸਾਰੀਆ ਭੂਤਕਾਲ ਦੀਆਂ ਮਹਾਂ-ਸ਼ਕਤੀਆਂ ਅਤੇ ਸ਼ਾਇਦ ਭਵਿੱਖ ਦੀਆਂ ਮਹਾਂ-ਸ਼ਕਤੀਆਂ ਲਈ ਵੀ, ਜੰਗ ਵੀ ਇਕ ਅਮਨ ਵਰਗੀ ਰਸਮ ਹੀ ਹੈ। ਇਤਿਹਾਸਕਾਰ ਰੌਬਰਟ ਡਿਵਾਈਨ ਨੇ ਲਿਖਿਆ ਹੈ, ‘‘ਅਮਰੀਕਾ ਦੀ ਅਜਿਹੀ ਇਕ ਵੀ ਪੀੜ੍ਹੀ ਨਹੀਂ ਹੈ ਜਿਸ ਨੇ ਜੰਗ ਵਿਚ ਭਾਗ ਨਾ ਲਿਆ ਹੋਵੇ।”
18ਵੀਂ ਸਦੀ ਵਿਚ ਅਮਰੀਕਾ ਦਾ ਬਸਤੀਵਾਦ ਦਾ ਤਜਰਬਾ ਉੱਤਰੀ ਅਮਰੀਕਾ ਵਿਚੋਂ ਫਰਾਂਸ ਨੂੰ ਬਾਹਰ ਕੱਢਣ ਅਤੇ ਬਰਤਾਨਵੀ ਸਾਮਰਾਜ ਨਾਲ ਇਨਕਲਾਬੀ ਜੰਗ ਲੜਣ ਦੇ ਨਾਲ ਖਤਮ ਹੋਇਆ। 19ਵੀਂ ਸਦੀ ਵਿਚ ਕਾਤਲਾਨਾ ਝੜਪਾਂ ਹੁੰਦੀਆਂ ਰਹੀਆਂ, 1812 ਵਿਚ ਬਰਤਾਨੀਆ ਵਿਰੁਧ ਜੰਗ ਤੋਂ ਲੈ ਕੇ 1898 ਵਿਚ ਸਪੇਨ ਦੀ ਦੁਰਗਤੀ। ਦੋ ਵਿਸ਼ਵ ਯੁੱਧਾਂ ਦੇ ਛੇਤੀ ਬਾਦ ਹੀ ਕੋਰੀਆ, ਵੀਅਤਨਾਮ, ਗਰੇਨਾਡਾ ਅਤੇ ਪਨਾਮਾ ਅਤੇ ਦੂਸਰੇ ਨਾਵਾਂ ’ਤੇ ਲੜੀਆਂ ਦਰਜਨ ਹੋਰ ਲੜਾਈਆਂ। ਠੰਡੀ ਜੰਗ ਦਾ ਖਾਤਮਾ ਲੈ ਕੇ ਆਇਆ ਬੋਸਨੀਆ, ਕਸੋਵੋ, ਇਰਾਕ ਤੇ ਅਫ਼ਗਾਨਿਸਤਾਨ ਦੀਆਂ ਜੰਗਾਂ।
ਸ਼੍ਰੀਮਾਨ ਓਬਾਮਾ ਨੇ ਦੂਰ ਦੀਆਂ ਜੰਗਾਂ ਤੋਂ ਸਬਕ ਸਿੱਖ ਲਏ ਹਨ। ਪੋਲੀਨੇਸੀਅਨ ਜੰਗਾ ਦੇ ਇਤਿਹਾਸ ਵਿਚ ਕਥਾਵਾਚਕ ਥੂਸੀਡਾਈਡਜ਼, ਪਾਤਰ ਨੀਸੀਅਸ ਦੇ ਮੂੰਹੋਂ ਬੁਲਵਾ ਰਿਹਾ ਹੈ, ‘‘ਸਿਸਲੀ ਵਿਚ ਬੈਠੇ ਯੂਨਾਨੀਆਂ ਨੂੰ ਡਰਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਥੇ ਕਦੇ ਨਾ ਜਾਵੋ। ਦੂਸਰਾ ਵਧੀਆ ਤਰੀਕਾ ਹੈ ਕਿ ਤਾਕਤ ਦਾ ਵਿਖਾਵਾ ਕਰੋ ਤੇ ਫ਼ਿਰ ਕੁਝ ਚਿਰ ਬਾਦ ਪਰਤ ਜਾਵੋ। ਅਸੀਂ ਸਾਰੇ ਜਾਣਦੇ ਹਾਂ ਕਿ ਜੋ ਬਹੁਤ ਦੂਰ ਹੁੰਦਾ ਹੈ ਉਸ ਦੀ ਸ਼ਲਾਘਾ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਉਸ ਦੀ ਮਾਨਤਾ ਨੂੰ ਪਰਖਣ ਦੀ ਜ਼ਰੂਰਤ ਵੀ ਬਹੁਤ ਘੱਟ ਪੈਂਦੀ ਹੈ।”
ਜੇ ਖੇਤਰੀ ਸ਼ਕਤੀਆਂ ਨੇ ਆਪਣੇ ਆਲੇ ਦੁਆਲੇ ਤੇ ਆਪਣੇ ਹਿੱਤਾਂ ਨੂੰ ਸੁਰੱਖਿਅਤ ਕਰਨਾ ਹੈ ਤਾਂ ਪਿੱਛੇ ਮੁੜਨ ਦਾ ਵਕਤ ਨਹੀਂ ਹੈ। ਕੋਈ ਨਹੀਂ ਜਾਣਦਾ ਨਵੀਂ ਵਿਸ਼ਵ ਵਿਵਸਥਾ ਕਿਹੋ ਜਿਹੀ ਹੋਵੇਗੀ ਅਤੇ ਇਸ ਨੂੰ ਚਲਾਉਣ ਦੇ ਲਈ ਕਿਹੋ ਜਿਹੇ ਨਿਯਮ ਹੋਣਗੇ। ਨੇਤਾਵਾਂ ਨੂੰ ਮਾਰਕਸ ਓਰੀਲਸ ਤੋਂ ਸਿੱਖਣਾ ਚਾਹੀਦਾ ਹੈ ਕਿ ਨਿਰੰਤਰ ਜੰਗ ਸਥਾਈ ਅਮਨ ਦੇ ਲਈ ਸੰਘਰਸ਼ ਦਾ ਹੀ ਨਤੀਜਾ ਹੈ। ਅਮਰੀਕਾ ਦੀ ਵਿਸ਼ਵ ਵਿਵਸਥਾ ਦੇ ਵਾਰਸਾਂ ਦਾ ਵਕਾਰ ਦਾਅ ’ਤੇ ਹੈ- ਅਸਫ਼ਲਤਾ, ਕਿਆਮਤ ਲਿਆ ਸਕਦੀ ਹੈ ।


