By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਹੇ ਭਗਵਾਨ ਪਲੀਜ਼! ਮੇਰੇ ਪਾਪਾ ਨੂੰ ਕੁਝ ਨਾ ਹੋਣ ਦੇਣਾ! – ਰਚਨਾ ਯਾਦਵ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸਾਹਿਤ ਸਰੋਦ ਤੇ ਸੰਵੇਦਨਾ > ਹੇ ਭਗਵਾਨ ਪਲੀਜ਼! ਮੇਰੇ ਪਾਪਾ ਨੂੰ ਕੁਝ ਨਾ ਹੋਣ ਦੇਣਾ! – ਰਚਨਾ ਯਾਦਵ
ਸਾਹਿਤ ਸਰੋਦ ਤੇ ਸੰਵੇਦਨਾ

ਹੇ ਭਗਵਾਨ ਪਲੀਜ਼! ਮੇਰੇ ਪਾਪਾ ਨੂੰ ਕੁਝ ਨਾ ਹੋਣ ਦੇਣਾ! – ਰਚਨਾ ਯਾਦਵ

ckitadmin
Last updated: July 12, 2025 8:47 am
ckitadmin
Published: June 23, 2015
Share
SHARE
ਲਿਖਤ ਨੂੰ ਇੱਥੇ ਸੁਣੋ

ਅਨੁਵਾਦ: ਕੇਹਰ ਸ਼ਰੀਫ਼

ਲਿਖਣ ਵਾਸਤੇ ਤਾਂ ਬਹੁਤ ਕੁਝ ਹੈ, ਪਰ ਸਮਝ ਨਹੀਂ ਆ ਰਹੀ ਕਿ ਕੀ ਲਿਖਾਂ ਤੇ ਕੀ ਛੱਡਾਂ। ਬਹੁਤ ਸਾਰੇ ਲੋਕਾਂ ਨੇ ਕਾਫੀ ਕੁਝ ਲਿਖ ਵੀ ਦਿੱਤਾ ਹੈ। ਕੋਸ਼ਿਸ਼ ਕਰਦੀ ਹਾਂ ਕਿ ਕੁਝ ਆਖਰੀ ਸਾਲਾਂ ਦੇ ਅਨੁਭਵਾਂ ਨੂੰ ਬਹੁਤ ਸੰਖੇਪ ਵਿਚ ਲਿਖਾਂ।

ਜਿਸ ਉਮਰ ਵਿਚ ਬੱਚਿਆਂ ਨੂੰ ਆਪਣੇ ਪਿਉ ਦਾ ਪਿਆਰ, ਦੇਖ-ਭਾਲ, ਸੁਰੱਖਿਆ ਅਤੇ ਸਹਿਯੋਗ ਆਦਿ ਮਿਲਦਾ ਹੈ ਮੈਂ ਬਚਪਨ ਵਿਚ ਇਸ ਸਭ ਕੁਝ ਤੋਂ ਸੱਖਣੀ ਰਹੀ। ਉਦੋਂ ਪਾਪਾ ਨਾਲ ਮੇਰਾ ਇੰਨਾ ਹੀ ਰਿਸ਼ਤਾ ਰਿਹਾ, ਮੈਂ ਜਾਣਦੀ ਸੀ ਕਿ ਇਹ ਮੇਰੇ ਪਿਤਾ ਹਨ, ਜਿਹੜੇ ਜਨਮ ਦਿਨ `ਤੇ ਮੈਨੂੰ ਤੋਹਫੇ ਦਿੰਦੇ ਹਨ, ਕਦੇ ਕਦੇ ਹਾਸਾ-ਮਜ਼ਾਕ ਵੀ ਕਰਦੇ ਹਨ ਅਤੇ ਬਸ। ਇਸ ਤੋਂ ਬਿਨਾਂ ਤਾਂ ਹੋਰ ਕੁਝ ਹੈ ਹੀ ਨਹੀਂ ਸੀ। ਪਾਪਾ ਦੀ ਆਪਣੀ ਦੁਨੀਆਂ ਸੀ ਜਿਸ ਵਿਚ ਉਨ੍ਹਾਂ ਦੀਆਂ ਕਿਤਾਬਾਂ ਅਤੇ ਪੜ੍ਹਨਾ ਸੀ। ਗੱਪ-ਸ਼ੱਪ ਵਾਸਤੇ ਬਹੁਤ ਸਾਰੇ ਮਿੱਤਰ ਸਨ। ਗੋਸ਼ਟੀਆਂ ਤੇ ਬਹੁਤ ਸਾਰੇ ਸਾਹਿਤਕ ਸਮਾਗਮ ਸਨ ਅਤੇ ਉਨ੍ਹਾਂ ਵਲੋਂ ਇਕੱਲਿਆਂ ਸਮੇਂ ਸਮੇਂ ਯਾਤਰਾ ਕਰਨਾ। ਉਨ੍ਹਾਂ ਦੀ ਇਸ ਖਾਸ ਨਿੱਜੀ ਦੁਨੀਆਂ ਵਿਚ ਪਰਿਵਾਰ ਅਤੇ ਪਰਿਵਾਰ ਵਾਲਿਆਂ ਵਾਸਤੇ ਤਾਂ ਥਾਂ ਹੀ ਕੋਈ ਨਹੀਂ ਸੀ। ਹਾਂ, ਮੰਮੀ ਜਰੂਰ ਉਨ੍ਹਾਂ ਦੀ ਇਸ ਦੁਨੀਆਂ ਵਿਚ ਦਾਖਲ ਹੋ ਸਕਦੀ ਸੀ ਪਰ ਸਿਰਫ ਲੇਖਕਾ ਦੇ ਰੂਪ ਵਿਚ ਪਤਨੀ ਦੇ ਰੂਪ ਵਿਚ ਤਾਂ ਉਹਦਾ ਦਾਖਲ ਹੋਣਾ ਵੀ ਔਖਾ ਹੀ ਸੀ। ਇਸ ਸੰਦਰਭ ਵਿਚ ਜਦੋਂ ਤੱਕ ਉਹ ਨਾਲ ਰਹੀ ਉਹਨੇ ਕਿਹੜੇ ਕਿਹੜੇ ਦੁੱਖ ਝੱਲੇ ਉਸਦੀ ਵੀ ਕਾਫੀ ਸਾਰੀ ਜਾਣਕਾਰੀ ਮੈਨੂੰ ਹੈ।

 

 

ਪਰ ਪਾਪਾ ਜਿਹੋ ਜਹੇ ਸਨ ਜਿ਼ੰਦਗੀ ਭਰ ਉਹੋ ਜਹੇ ਹੀ ਰਹੇ ਕਿਉਂਕਿ ਨਾ ਤਾਂ ਉਹ ਆਪਣੇ ਆਪ ਨੂੰ ਬਦਲ ਸਕਦੇ ਸਨ ਅਤੇ ਨਾ ਹੀ ਬਦਲਣਾ ਉਨ੍ਹਾਂ ਨੂੰ ਸਵੀਕਾਰ ਹੀ ਸੀ। ਇਨਸਾਨ ਬਦਲੇ ਤਾਂ ਜੇ ਉਹ ਸਮਝੇ ਕਿ ਉਹ ਕੁਝ ਗਲਤ ਕਰ ਰਿਹਾ ਹੈ ….. ਪਾਪਾ ਤਾਂ ਜੋ ਕੁਝ ਵੀ ਕਰਦੇ ਸਨ ਉਹ ਪੂਰੀ ਲਗਨ/ਤਨਦੇਹੀ ਨਾਲ ਕਰਦੇ ਸਨ ਕਿਉਂਕਿ ਉਸ ਵਿਚ ਉਨ੍ਹਾਂ ਦਾ ਪੂਰਾ ਵਿਸ਼ਵਾਸ ਹੁੰਦਾ ਸੀ। ਤੁਸੀਂ ਜਿੰਨਾ ਚਾਹੋ ਕੋਸਦੇ ਰਹੋ ਤੇ ਬੁਰਾ-ਭਲਾ ਕਹਿੰਦੇ ਰਹੋ ਉਨ੍ਹਾਂ ਨੂੰ ਰੱਤੀ ਭਰ ਵੀ ਬਦਲ ਨਹੀਂ ਸਕਦੇ। ਉਹ ਅਖੀਰ ਤੱਕ ਉਵੇਂ ਹੀ ਬਣੇ ਰਹੇ। ਬਸ! ਅਜਿਹੇ ਹੀ ਸਨ ਮੇਰੇ ਪਾਪਾ।ਬਚਪਨ ਵਿਚ ਪਾਪਾ ਦੀ ਲਾਪ੍ਰਵਾਹੀ ਮੈਨੂੰ ਉਨ੍ਹਾਂ ਤੋਂ ਦੂਰ ਹੀ ਨਹੀਂ ਲੈ ਗਈ ਬਲਕਿ ਹੌਲੀ ਹੌਲੀ ਆਪਣੀ ਇਕ ਵੱਖਰੀ ਹੀ ਦੁਨੀਆਂ ਬਣਾ ਲਈ ਜੋ ਉਮਰ ਦੇ ਨਾਲ ਨਾਲ ਵਧਦੀ ਅਤੇ ਬਦਲਦੀ ਰਹੀ।

ਪਰੰਤੂ ਕੁਝ ਸਾਲ ਪਹਿਲਾਂ ਹਾਲਤਾਂ ਕੁਝ ਬਦਲੀਆਂ। ਕਿਉਂ ਬਦਲੀਆਂ, ਇਸ ਦਾ ਕੋਈ ਇਕ ਕਾਰਨ ਜਾਂ ਘਟਨਾ ਯਾਦ ਨਹੀਂ ਆ ਰਹੀ। ਉਮਰ ਦੇ ਬੀਤਣ ਨਾਲ ਰਿਸ਼ਤਿਆਂ ਦੀ ਅਹਿਮੀਅਤ ਉਨ੍ਹਾਂ ਨੂੰ ਸਮਝ ਆਉਣ ਲੱਗੀ ਸੀ। ਜਾਂ ਫੇਰ ਪਹਿਲੀ ਵਾਰ (1998) ਗੰਭੀਰ ਬੀਮਾਰੀ ਵਿਚ ਗ੍ਰਸਿਆ ਹੋਣ ਕਰਕੇ ਹਸਪਤਾਲ ਅੰਦਰ ਸਹਾਇਤਾਹੀਣ ਪਿਆ ਦੇਖਿਆ ਤਾਂ ਉਸ ਦ੍ਰਿਸ਼ ਨੇ ਮੈਨੂੰ ਥੋੜਾ ਝੰਜੋੜ ਦਿੱਤਾ। ਜੋ ਵੀ ਹੋਵੇ ਇਹ ਮੇਰੇ ਹੀ ਪਿਤਾ ਹਨ ਅਤੇ ਮੈਂ ਇਨ੍ਹਾਂ ਦੀ ਇਕਲੌਤੀ ਧੀ। ਅੱਜ ਤੱਕ ਉਨ੍ਹਾਂ ਨੇ ਮੇਥੋਂ ਕੁਝ ਨਹੀਂ ਮੰਗਿਆ, ਕੋਈ ਆਸ ਨਹੀਂ ਕੀਤੀ, ਇਸਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਵੀ ਪਾਸਾ ਵੱਟ ਲਵਾਂ।

ਕੁਝ ਲੋਕਾਂ ਨੇ ਅਜਿਹੀ ਅਫਵਾਹ ਫੈਲਾ ਦਿੱਤੀ ਕਿ ਰਾਜੇਂਦਰ ਯਾਦਵ ਨੂੰ ਸ਼ਾਇਦ ਕੈਂਸਰ ਹੈ ਅਤੇ ਬਚਣਾ ਮੁਸ਼ਕਲ ਹੈ। ਇਹ ਸੁਣ ਕੇ ਮੈਂ ਇੰਨਾ ਘਬਰਾ ਗਈ ਕਿ ਮਨ ਵਿਚ ਵਾਰ ਵਾਰ ਇਹ ਹੀ ਬੋਲਦੀ ਰਹੀ “ਹੇ ਭਗਵਾਨ ਪਲੀਜ਼! ਮੇਰੇ ਪਾਪਾ ਨੂੰ ਕੁਝ ਨਾ ਹੋਣ ਦੇਣਾ!“ ‘ਮੇਰੇ ਪਾਪਾ` ਵਾਲੀ ਭਾਵਨਾ ਦਾ ਅਹਿਸਾਸ ਵੀ ਨਵਾਂ ਹੀ ਸੀ।

ਸ਼ਾਇਦ ਇਸ ਸਮੇਂ ਦੇ ਨੇੜੇ-ਤੇੜੇ ਸਾਡੇ ਵਿਚਕਾਰ ਫੇਰ ਇਕ ਰਿਸ਼ਤਾ ਬਣਨਾ ਸ਼ੁਰੂ ਹੋਇਆ। ਮਿਲਣਾ ਤਾਂ ਅਜੇ ਵੀ ਘੱਟ ਹੀ ਸੀ, ਫੋਨ `ਤੇ ਹਫਤੇ ਵਿਚ ਗੱਲ ਵੀ ਸ਼ਾਇਦ ਇਕ ਜਾਂ ਦੋ ਵਾਰ ਹੀ ਹੁੰਦੀ ਸੀ ਪਰ ਕੁਝ ਫਰਕ ਆ ਗਿਆ ਸੀ, ਆਪਣੱਤ ਪੈਦਾ ਹੋ ਗਈ ਸੀ। ਹਾਲ-ਚਾਲ ਪੁੱਛਣਾ, ਖਾਣ-ਪੀਣ ਦਾ ਲਗਾਤਾਰ ਧਿਆਨ ਰਖਵਾਉਣਾ, ਡਾਕਟਰਾਂ ਨਾਲ ਗੱਲ-ਬਾਤ ਕਰਨੀ ਇਹ ਸਭ ਖਾਨਾਪੂਰਤੀ ਨਾ ਹੋ ਕੇ ਮੇਰੀ ਜਿ਼ੰਦਗੀ ਦਾ ਮਹੱਤਵਪੂਰਨ ਹਿੱਸਾ ਬਣਦਾ ਜਾ ਰਿਹਾ ਸੀ।
ਪਾਪਾ ਦੇ ਜੀਵਨ ਵਿਚ ਵੀ ਤਬਦੀਲੀ ਆ ਰਹੀ ਸੀ। ਮਾਇਰਾ-ਮਾਹੀ ਦਾ ਹਾਲ-ਚਾਲ ਜਾਨਣ ਦੀ ਖਾਹਿਸ਼। ਜਦੋਂ ਕਦੇ ਮੈਂ ਬੀਮਾਰ ਹੁੰਦੀ ਤਾਂ ਹਰ ਰੋਜ਼ ਫੋਨ ਕਰਕੇ ਪੁੱਛਣਾ, ਦਿਨੇਸ਼ ਨਾਲ ਵੀ ਲਗਾਤਾਰ ਗੱਲਬਾਤ ਕਰਦੇ ਰਹਿਣਾ।

ਅਨੁਭਵ ਨਵਾਂ ਸੀ ਪਰ ਚੰਗਾ ਲੱਗ ਰਿਹਾ ਸੀ। ਚਲੋ, ਇਸ ਉਮਰ ਵਿਚ ਪਿਤਾ ਬਣਨਾ ਸਿੱਖ ਰਹੇ ਹਨ, ਪਾਪਾ। ਕਾਸ਼ ਇਹ ਸਭ ਉਦੋਂ ਹੁੰਦਾ ਜਦੋਂ ਮੈਂ ਉਨ੍ਹਾਂ ਦੇ ਨਾਲ ਰਹਿੰਦੀ ਸੀ। ਖੈ਼ਰ … ਹੁਣ ਹੀ ਸਹੀ …….

ਪਾਪਾ ਦੇ ਸਬੰਧ ਵਿਚ ਤੁਸੀਂ ਸਾਰੇ ਜਾਣਦੇ ਹੀ ਹੋ, ਜੋ ਤੁਸੀਂ ਸੋਚਦੇ ਹੋ ਕਿ ਹੋਣਾ ਚਾਹੀਦਾ ਹੈ, ਜਿਸ ਦੀ ਤੁਸੀਂ ਉਨ੍ਹਾਂ ਤੋਂ ਉਮੀਦ ਰੱਖਦੇ ਹੋ, ਉਸਤੋਂ ਬਿਨਾਂ ਸਭ ਕੁਝ ਹੁੰਦਾ ਹੈ। ਬਸ, ਉਹ ਹੀ ਮੇਰੇ ਨਾਲ ਵੀ ਹੋਇਆ।

ਪਾਪਾ ਦੀਆਂ ਸਰਗਰਮੀਆਂ ਵਿਚ ਰੁਚੀ ਲੈਣ ਦਾ ਨਤੀਜਾ ਹਰ ਦੂਸਰੇ ਦਿਨ ਕਿਸ਼ਨ (ਜਿਸਨੂੰ ਉਹ ਮੇਰਾ ਜਸੂਸ ਕਹਿੰਦੇ ਸਨ) ਦਾ ਫੋਨ “ਦੀਦੀ ਬਾਬੂ ਜੀ ਠੀਕ ਤਰ੍ਹਾਂ ਖਾਣਾ ਨਹੀਂ ਖਾ ਰਹੇ । ਪਾਈਪ ਘੱਟ ਨਹੀਂ ਕਰ ਰਹੇ, ਤਿੰਨ ਦਿਨ ਤੋਂ ਲਗਾਤਾਰ ਦਾਰੂ ਪੀ ਰਹੇ ਹਨ ……“ ਆਦਿ , ਕੁਝ ਅਜਿਹੇ ਲਹਿਜ਼ੇ ਵਿਚ ਜਿਵੇਂ ਸ਼ਾਮ ਨੂੰ ਮੇਰੇ ਘਰ ਆਉਣ `ਤੇ ਜਯਾ (ਮੇਰੀਆਂ ਧੀਆਂ ਦੀ ਦੇਖ-ਭਾਲ ਕਰਨ ਵਾਲੀ ਬੀਬੀ) ਮੈਨੂੰ ਦੱਸਦੀ, “ਦੀਦੀ ਅੱਜ ਮਾਇਰਾ ਨੇ ਖਾਣਾ ਨਹੀਂ ਖਾਧ੍ਹਾ, ਮਾਹੀ ਸਾਰਾ ਦਿਨ ਬਰਫ ਖਾਂਦੀ ਹੈ।“

ਜਦੋਂ ਸਮੇਂ ਨਾਲ ਇਹ ਸਿਲਸਿਲਾ ਵਧਦਾ ਗਿਆ ਤਾਂ ਮੈਂ ਸਮਝ ਗਈ ਕਿ ਇਸ ਫੇਰ ਤੋਂ ਬਣੇ ਰਿਸ਼ਤੇ ਅੰਦਰ, ਜਿਸ ਵਿਚ ਮੈਂ ਆਪਣੇ ਪਿਤਾ ਨੂੰ ਭਾਲ਼ ਰਹੀ ਸੀ ਮੈਂ ਫੇਰ ਉਸ ਅਨੁਭਵ ਤੋਂ ਸੱਖਣੀ /ਅਧੂਰੀ ਰਹਿ ਗਈ ਅਤੇ ਇਸ ਰਿਸ਼ਤੇ ਨੇ ਦਿੱਤਾ ਮੈਨੂੰ ਮੇਰਾ ਤੀਸਰਾ ਬੱਚਾ ਇਕ ਪਝੰਤਰ ਸਾਲ ਦਾ ਬੱਚਾ। ਫਰਕ ਸਿਰਫ ਇੰਨਾ ਸੀ ਕਿ ਮਾਇਰਾ-ਮਾਹੀ ਨੂੰ ਝਿੜਕਣ ਨਾਲ ਇਹ ਸ਼ਾਇਦ ਪੱਕਾ ਸੀ ਕਿ ਉਹ ਇਸ ਗਲਤੀ ਨੂੰ ਨਹੀਂ ਦੁਹਰਾਉਣਗੀਆਂ। ਪਾਪਾ ਵਲੋਂ ਅਜਿਹੀ ਕੋਈ ਗਰੰਟੀ ਨਹੀਂ ਸੀ।

ਤਿੰਨ ਸਾਲ ਪਹਿਲਾਂ ਫੇਰ ਇਕ ਤਕੜੀ ਬੀਮਾਰੀ ਦਾ ਦੌਰ- ਹਸਪਤਾਲਾਂ ਦੇ ਚੱਕਰ। ਅਤੇ ਇਸ ਵਾਰ ਤਾਂ ਅਜਿਹੀ ਹਾਲਤ ਹੋ ਗਈ ਮਹਿਸੂਸ ਹੋ ਰਿਹਾ ਸੀ ਹੁਣ ਨਹੀਂ ਵਾਪਸ ਪਰਤਣਗੇ। ਮੈਂ ਤਾਂ ਆਪਣੇ ਮਨ ਨੂੰ ਤਕੜਾ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ ਪਰ ਜਿਵੇਂ ਨਿਰਮਲਾ ਮਾਸੀ (ਡਾ: ਨਿਰਮਲਾ ਜੈਨ) ਨੇ ਹਿੰਦੀ ਭਵਨ `ਚ ਕਿਹਾ ਕਿ “ਰਾਜੇਂਦਰ ਬੀਮਾਰੀ ਨੂੰ ਤਾਂ ਟਿੱਚ ਜਾਣਦੇ ਸਨ“ ਬੀਮਾਰੀ ਉਨ੍ਹਾਂ ਨੂੰ ਕੀ ਟਿਕਾਣੇ ਲਾਉਂਦੀ ਉਨ੍ਹਾਂ ਨੇ ਬੀਮਾਰੀ ਨੂੰ ਹੀ ਟਿਕਾਣੇ ਲਾ ਦਿੱਤਾ- ਪਾਪਾ ਵਾਪਸ ਆਏ। ਵਾਪਸ ਹੀ ਨਹੀਂ ਹੋਰ ਬਚਪਨੇ ਨਾਲ ਵਾਪਸ ਆਏ। ਇਸ ਵਾਰ ਡਾਕਟਰਾਂ ਨੇ ਸਖਤੀ ਨਾਲ ਕਹਿ ਦਿੱਤਾ ਸੀ ਕਿ ਜੇ ਸਿਗਰਟਾਂ ਨਾ ਛੱਡੀਆਂ ਤਾਂ ਠੀਕ ਹੋਣਾ ਅਸੰਭਵ ਹੈ। ਕਿਸ਼ਨ ਨੇ ਤਾਂ ਹੱਥ ਖੜ੍ਹੇ ਕਰ ਦਿੱਤੇ ਕਿ ਇਕੱਲਾ ਉਹ ਨਹੀਂ ਸੰਭਾਲ ਸਕੇਗਾ। ਉਨ੍ਹਾਂ ਨੂੰ ਸਿਗਰਟ ਪੀਣ ਤੋਂ ਰੋਕਣਾ ਉਸ ਦੇ ਵਸ ਤੋਂ ਬਾਹਰ ਹੈ। ਮਿਲਣ ਆਉਣ ਵਾਲੇ ਲੋਕਾਂ ਤੋਂ ਸਿਗਰਟਾਂ ਮੰਗਵਾਂ ਲੈਂਦੇ ਹਨ ਤੇ ਸਿਰਹਾਣੇ ਹੇਠ ਲੁਕਾ ਲੈਂਦੇ ਹਨ ਅਤੇ ਜਦੋਂ ਵੀ ਇਕੱਲੇ ਹੋਣ ਤਾਂ ਪੀਣ ਲਗਦੇ ਹਨ।

ਫੈਸਲਾ ਇਹ ਹੋਇਆ ਕਿ ਪਾਪਾ ਨੂੰ ਹਸਪਤਾਲ ਤੋਂ ਸਿੱਧਾ ਮੇਰੇ ਘਰ ਲੈਜਾਇਆ ਜਾਵੇਗਾ। ਉੱਥੇ ਸ਼ਾਇਦ ਬਿਹਤਰ ਨਿਗਰਾਨੀ ਰੱਖੀ ਜਾ ਸਕੇ। ਪਾਪਾ ਨੂੰ ਪੂਰੀ ਤਰ੍ਹਾਂ ਠੀਕ ਕਰਨਾ ਜਿਵੇਂ ਮੈਂ ਆਪਣਾ “ਮਿਸ਼ਨ“ ਬਣਾ ਲਿਆ ਸੀ ਤਾਂ ਮੈਂ ਤਨ-ਮਨ ਨਾਲ ਇਸ ਪਾਸੇ ਜੁਟ ਗਈ। ਕਿਸ਼ਨ ਅਤੇ ਹਸਪਤਾਲ ਤੋਂ ਆਇਆ ਇਕ ਬੰਦਾ (ਨਰਸ) ਇਸ ਕੰਮ ਵਿਚ ਮੇਰੇ ਸਹਿਯੋਗੀ ਸਨ। ਪਰ ਮਿਸ਼ਨ ਹੋਵੇਗਾ ਸਾਡਾ …… ਪਾਪਾ ਨੇ ਤਾਂ ਉਹ ਹੀ ਕੁਝ ਕਰਨਾ ਸੀ ਜੋ ਉਨ੍ਹਾਂ ਦਾ ਮਨ ਕਰਦਾ ਸੀ। ਉਹ ਹੀ ਬਚਪਨੇ ਵਾਲੀਆਂ ਹਰਕਤਾਂ, ਖਾਣ ਪੀਣ ਨੂੰ ਲੈ ਕੇ ਝਗੜਾ। ਕਿਸੇ ਤਰ੍ਹਾਂ ਵੀ ਸਿਗਰਟ ਦਾ ਇਕ ਸੂਟਾ ਲਾਉਣ ਦੀ ਕੋਸਿ਼ਸ਼। ਇਸ ਸਭ ਦੇ ਬਾਵਜੂਦ ਕਿਸੇ ਤਰ੍ਹਾਂ ਕਰਦੇ-ਕਰਾਉਂਦੇ ਉਨ੍ਹਾਂ ਨੂੰ ਕੁਝ ਤੰਦਰੁਸਤ ਕਰਕੇ ਘਰ ਭੇਜ ਦਿੱਤਾ।

ਇਸ ਘਟਨਾ ਤੋਂ ਬਾਅਦ ਕੁਝ ਅਜਿਹਾ ਭਰਮ ਫੈਲ ਗਿਆ ਕਿ ਪਾਪਾ ਸ਼ਾਇਦ ਮੇਰੀ ਗੱਲ ਸੁਣਦੇ ਹਨ ਅਤੇ ਮੇਰੀ ਦਿੱਤੀ ਝਿੜਕ ਉਨ੍ਹਾਂ ਨੂੰ ਕਾਬੂ ਵਿਚ ਕਰ ਲੈਂਦੀ ਹੈ।

ਮੇਰਾ ਨਾਮ ਕੁਝ ਅਜਿਹੇ ਢੰਗ ਨਾਲ ਵਰਤਿਆ ਜਾਣ ਲੱਗਾ ਜਿਵੇਂ ਇਕ ਮਾਂ ਆਪਣੇ ਬੱਚੇ ਨੂੰ ਡਰਾਉਂਦੀ ਹੈ ਕਿ “ਬੇਟਾ ਸੌਂ ਜਾ ਨਹੀਂ ਤਾਂ ਗੱਬਰ ਆ ਜਾਏਗਾ“- ਫੇਰ ਕਿਸ਼ਨ ਹੋਵੇ, ਬੀਨਾ ਦੀਦੀ ਜਾਂ ਵੇਦਦਾਨ ਕਾਕਾ (ਚਾਚਾ) ਉਹ ਪਾਪਾ ਤੋਂ ਕੋਈ ਗੱਲ ਮਨਵਾਉਣ ਲਈ ਧਮਕੀ ਦਿੰਦੇ “ਇਹ ਕਰੋ, ਨਾ ਕਰੋ, ਨਹੀਂ ਤਾਂ ਅਸੀਂ ਟਿੰਕੂ ਨੂੰ ਫੋਨ ਕਰ ਦਿਆਂਗੇ।“ ਇਨ੍ਹਾਂ ਲੋਕਾਂ ਦੇ ਦੱਸਣ ਅਨੁਸਾਰ ਇਹ ਨੁਸਖਾ ਕੰਮ ਕਰ ਜਾਂਦਾ ਸੀ। ਪਰ ਮੇਰਾ ਪੱਕਾ ਵਿਸ਼ਵਾਸ ਹੈ ਕਿ ਉਸ ਸਮੇਂ ਇਨ੍ਹਾਂ ਸਾਰੇ ਲੋਕਾਂ (ਜਸੂਸਾਂ) ਤੋਂ ਖਹਿੜਾ ਛੁਡਾਉਣ ਲਈ ਉਹ ਗੱਲ ਮੰਨ ਜਾਣ ਦਾ ਨਾਟਕ ਜਿਹਾ ਹੀ ਕਰਦੇ ਸਨ ਅਤੇ ਮੌਕਾ ਮਿਲਦਿਆਂ ਹੀ ਉਹ, ਉਹੀ ਹਰਕਤ ਕਰਦੇ ਜੋ ਕਿਸੇ ਤਰ੍ਹਾਂ ਉਨ੍ਹਾਂ ਲਈ ਵਰਜਿਤ ਸੀ।

ਇਸ ਭਰਮ ਕਰਕੇ ਗੱਲ ਹੁਣ ਸਿਰਫ ਕਿਸ਼ਨ ਤੱਕ ਹੀ ਨਹੀਂ ਰਹੀ ਸੀ। ਹੁਣ ਤਾਂ ਜਿਸਨੂੰ ਵੀ ਪਾਪਾ ਤੋਂ ਕੋਈ ਗੱਲ ਮਨਵਾਉਣੀ ਹੁੰਦੀ ਜਾਂ ਪਾਪਾ ਤੱਕ ਪਹੁੰਚਾਉਣੀ ਹੁੰਦੀ ਉਹ ਹੀ ਮੈਨੂੰ ਫੋਨ ਕਰ ਦਿੰਦਾ। ਸਿ਼ਕਾਇਤਾਂ ਸਹਿਤ, ਸੁਝਾਵਾਂ ਸਹਿਤ, ਧਮਕੀਆਂ ਸਹਿਤ ਅਤੇ ਸ਼ੁਭਇਛਾਵਾਂ ਨਾਲ। ਹੁਣ ਮੇਰੇ ਦਿਨ ਦੇ ਕਾਰ-ਵਿਹਾਰ ਵਿਚੋਂ ਇਕ-ਅੱਧਾ ਘੰਟਾ “ਪਾਪਾ ਮੈਨਜਮੈਂਟ“ ਦੇ ਲੇਖੇ ਲੱਗ ਜਾਂਦਾ।

“ਰਾਜੇਂਦਰ ਜੀ ਨੂੰ ਸਮਝਾਉ, ਇਹ ਠੀਕ ਨਹੀਂ ਹੈ ….“

“ਬੇਟਾ, ਪਾਪਾ ਨੂੰ ਸਮਝਾਉ ਕਿ ਆਪਣੀ ਸਿਹਤ ਦਾ ਥੋੜ੍ਹਾ ਖਿਆਲ ਰੱਖਣ … “

“ਦੀਦੀ, ਬਾਬੂ ਜੀ ਸਵੇਰੇ ਰਾਬ (ਗੰਨੇ ਦੀ ਰਸ ਤੋਂ ਬਣੀ ਅਨੁ:) ਨਹੀਂ ਪੀਂਦੇ ਮੈਂ ਲਿਆਉਂਦਾ ਹਾਂ ਤਾਂ ਮੈਨੂੰ
ਝਿੜਕਦੇ ਹਨ ..“

“ਰਾਜੇਂਦਰ ਜੀ ਮੇਰੇ ਬਾਰੇ ਇਸ ਤਰ੍ਹਾਂ ਕਿਵੇਂ ਲਿਖ ਸਕਦੇ ਹਨ ? ਇਹ ਤਾਂ ਸਰਾਸਰ ਗਲਤ ਹੈ …“

“ਮੈਂ ਆਪਣੀ ਕਹਾਣੀ ਭੇਜੀ ਹੈ ਕਿਰਪਾ ਕਰਕੇ ਤੁਸੀਂ ਯਾਦਵ ਸਾਹਿਬ ਨੂੰ ਉਸਨੂੰ ‘ਹੰਸ` ਵਿਚ ਛਾਪਣ ਦੀ ਬੇਨਤੀ
ਕਰ ਦੇਣੀ …..“

“ਰਾਜੇਂਦਰ ਜੀ ਨੂੰ ਅਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਤੂੰ ਉਨ੍ਹਾਂ ਨੂੰ ਸਮਝਾਉਂਦੀ ਕਿਉਂ ਨਹੀਂ.“
“ਰਾਜੇਂਦਰ ਜੀ ਨਾਲ ਇਕ ਫੋਟੋ ਖਿਚਵਾਉਣ ਦੀ ਬਹੁਤ ਤਮੰਨਾ ਹੈ, ਪਲੀਜ਼ ਇਹ ਸੰਭਵ ਕਰਵਾ ਦਿਉ …..“

ਅਤੇ ਫੇਰ ਕੁਝ ਚਿੰਤਾਜਨਕ ਫੋਨ
“ ਦੀਦੀ, ਘਰ ਵਿਚ ਪੁਲੀਸ ਆ ਗਈ ਹੈ …..“

“ ਦੀਦੀ, ਬਾਬੂ ਜੀ ਦੀ ਗੱਡੀ ਨੂੰ ਸੜਕ ਵਿਚ ਰੋਕ ਕੇ ਕੁਝ ਲੋਕ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ।“
“ ਰਾਜੇਂਦਰ ਜੀ ਅਜਿਹਾ ਕਿਵੇਂ ਲਿਖ ਸਕਦੇ ਹਨ? ਮੈਂ ਕੇਸ ਕਰ ਦਿਆਂਗਾ, ਛੱਡਾਂਗਾ ਨਹੀਂ ….“

ਮੈਂ ਅਕਸਰ ਘਬਰਾ ਜਾਂਦੀ, ਫਿਕਰਮੰਦ ਹੋ ਜਾਂਦੀ , ਪ੍ਰੇਸ਼ਾਨੀ ਵਿਚ ਪੈ ਜਾਂਦੀ। ਇੱਧਰ-ਓਧਰ ਫੋਨ ਘੁਮਾ ਕੇ ਦੋ ਚਾਰ ਹੋਰ ਦੋਸਤਾਂ ਨੂੰ ਵੀ ਪ੍ਰੇਸ਼ਾਨ ਕਰ ਦਿੰਦੀ। ਸ਼ਰਮਾ ਜੀ (ਉਨ੍ਹਾਂ ਦੇ ਬਹੁਤ ਹੀ ਭਲੇ ਗੁਆਂਢੀ ਜੋ ਉਨ੍ਹਾਂ ਨੂੰ ਪਿਤਾ ਵਾਂਗ ਹੀ ਮੰਨਦੇ
ਸਨ) ਤੋਂ ਮੱਦਦ ਮੰਗਦੀ। ਭੜਕੇ ਹੋਏ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸਿ਼ਸ਼ ਕਰਦੀ। ਰਾਤ-ਬਰਾਤੇ ਗੁੜਗਾਉਂ ਦੇ ਮਿਊਰ ਵਿਹਾਰ ਵੱਲ ਭੱਜਦੀ। ਸੰਖੇਪ ਵਿਚ ਕਿਹਾ ਜਾਵੇ ਤਾਂ “ਕਰਾਈਸਿਸ ਮੈਨਜਮੈਂਟ“ ਵਿਚ ਲੱਗ ਜਾਂਦੀ।“

ਪਰ ਇਸ ਸਾਰੀ ਦੌੜ-ਭੱਜ ਅਤੇ ਰੌਲ਼ੇ-ਰੱਪੇ ਵਿਚ ਜਦੋਂ ਪਾਪਾ ਨੂੰ ਗੌਤਮ ਬੁੱਧ ਵਰਗੀ ਮੁਦਰਾ ਵਿਚ ਵੇਖਦੀ ਤਾਂ ਮੈਂ ਹੋਰ ਵੀ ਖਿਝ ਜਾਂਦੀ। ਨਾ ਕੋਈ ਚਿੰਤਾ, ਨਾ ਕੋਈ ਡਰ, ਕੋਈ ਘਬਰਾਹਟ ਨਹੀਂ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਕੁਝ ਅਜਿਹੇ ਢੰਗ ਨਾਲ ਜਿਵੇਂ ਇਕ ਛੋਟਾ ਅਨਜਾਣ ਬੱਚਾ ਬਦਮਾਸ਼ੀ ਕਰਕੇ ਤੋੜ ਫੋੜ ਕਰਨ ਤੋਂ ਮਗਰੋਂ ਇਕ ਖੂੰਜੇ ਵਿਚ ਜਾ ਕੇ ਬੈਠ ਜਾਂਦਾ ਹੈ ਮਾਂ ਆਪਣੇ ਆਪ ਸੰਭਾਲੇਗੀ, ਖਿਲਰੇ ਹੋਏ ਟੁਕੜੇ ਚੁੱਕੇਗੀ, ਮੈਂ ਤਾਂ ਜੋ ਕਰਨਾ ਸੀ ਉਹ ਮੈਂ ਕਰ ਦਿਤਾ। “ਜੇ ਤੁਸੀ ਪ੍ਰੈਸ਼ਾਨ ਹੋ ਰਹੇ ਹੋ ਤਾਂ ਆਪ ਹੀ ਸੰਭਾਲੋ“ ਕੁਝ ਅਜਿਹੇ ਭਾਵ ਨਾਲ ਚੁੱਪ ਕਰਕੇ ਬੈਠ ਜਾਂਦੇ ਜਾਂ ਫੇਰ ਆਰਾਮ ਨਾਲ ਸੌਂ ਜਾਂਦੇ।

ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਨਾਲ ਉਨ੍ਹਾਂ `ਤੇ ਗੁੱਸਾ ਤਾਂ ਬਹੁਤ ਆਉਂਦਾ। ਲਗਦਾ ਕਿ ਮਾਇਰ ਤੇ ਮਾਹੀ ਤਾਂ ਇਸ ਬੱਚੇ ਦੇ ਮੁਕਾਬਲੇ ਬਹੁਤ ਆਸਾਨੀ ਨਾਲ ਪਲ਼ ਗਈਆਂ ਹਨ।

ਜਦੋਂ ਵੀ ਫੋਨ ਵੱਜਦਾ ਤੇ ਕਿਸ਼ਨ ਦਾ ਨਾਮ ਫਲੈਸ਼ ਹੁੰਦਾ ਅਜੀਬ ਜਹੀ ਸ਼ੰਕਾ ਨਾਲ ਮਨ ਭਰ ਜਾਂਦਾ, ਹੁਣ ਕੀ ਕਰ ਦਿੱਤਾ ਪਾਪਾ ਨੇ ? ਹੁਣ ਹੋਰ ਕਿਹੜਾ ਨਵਾਂ ਤਮਾਸ਼ਾ?
ਪਰ ਸੱਚ ਤਾਂ ਇਹ ਹੈ ਕਿ ਨੇੜਤਾ ਦਾ ਬੋਧ ਵੀ ਵਧਦਾ ਜਾ ਰਿਹਾ ਸੀ ਪਾਪਾ ਦੇ ਜੀਵਨ ਨਾਲ ਬਹੁਤ ਜੁੜ ਗਈ ਸੀ ਮੈਂ। ਖਿਝ ਦੇ ਨਾਲ ਨਾਲ ਹਾਸਾ ਵੀ ਆਉਂਦਾ ਤੇ ਪਿਆਰ ਵੀ।

ਉਸ ਦੌਰ ਅਤੇ ਪਿਛਲੇ ਪੰਜ ਛੇ ਸਾਲਾਂ ਦੇ ਦੌਰਾਨ ਇਹ ਵੀ ਜਾਣਿਆ ਕਿ ਪਾਪਾ ਦੇ ਜਿੰਨੇ ਦੁਸ਼ਮਣ ਹਨ ਉਸ ਤੋਂ ਕਿਧਰੇ ਜਿ਼ਆਦਾ ਉਨ੍ਹਾਂ ਨੂੰ ਚਾਹੁਣ ਵਾਲੇ ਹਨ। ਜੇ ਕੋਈ ਦੁਸ਼ਮਣ ਉਨ੍ਹਾਂ ਤੇ ਦੋਸ਼ਾਂ ਦੀ ਝੜੀ ਲਾਉਂਦਾ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਢਾਲ਼ ਬਣਕੇ ਖੜ੍ਹੇ ਹੋ ਜਾਂਦੇ। ਪਰ ਪਾਪਾ ਦਾ ਰਵੱਈਆ ਦੋਹਾਂ ਵੱਲ ਇਕੋ ਜਿਹਾ। ਨਾ ਕਿਸੇ ਵਲੋਂ ਲਾਏ ਦੋਸ਼ ਉਨ੍ਹਾਂ ਨੂੰ ਬੇਚੈਨ ਕਰਦੇ ਅਤੇ ਨਾ ਹੀ ਕਿਸੇ ਦੀ ਪ੍ਰਸ਼ੰਸਾ ਖੁਸ਼ ਕਰਦੀ। ਉਨ੍ਹਾਂ ਦੀ ਇਕ ਹੀ ਪ੍ਰਤੀਕ੍ਰਿਆ ਹੁੰਦੀ – ਲੱਗੇ ਰਹੋ ਤੁਸੀਂ ਲੋਕ ਆਪੋ ਆਪਣੇ ਢੰਗ ਨਾਲ ਮੈਂ ਤਾਂ ਫੇਰ ਵੀ ਉਹ ਹੀ ਕਰਾਂਗਾ ਜੋ ਮੈਂ ਕਰਨਾ ਹੈ।

ਇਸ ਤਰ੍ਹਾਂ ਜਦੋਂ ਉਸ ਰਾਤ ਲੱਗਭਗ ਗਿਆਰਾਂ ਵਜੇ ਮੇਰਾ ਮੋਬਾਇਲ ਵੱਜਿਆ ਅਤੇ ਕਿਸ਼ਨ ਦਾ ਨਾਮ ਫਲੈਸ਼ ਹੋਇਆ ਤਾਂ ਦਿਮਾਗ ਵਿਚ ਪਹਿਲਾ ਖਿਆਲ ਇਹ ਹੀ ਆਇਆ “ਹੁਣ, ਅੱਜ ਕੀ ਨਵਾਂ ਭਾਣਾ ਵਰਤਾ ਦਿੱਤਾ ਪਾਪਾ ਨੇ?“

ਭਾਣਾ ਤਾਂ ਇਸ ਵਾਰ ਵੀ ਵਰਤਾਇਆ ਤੇ ਇੰਨਾ ਵੱਡਾ ਕਿ ਜਿਸ ਦੀ ਉਮੀਦ ਹੀ ਕੋਈ ਨਹੀਂ ਸੀ। ਵੱਡੀਆਂ ਵੱਡੀਆਂ ਬੀਮਾਰੀਆਂ ਨੂੰ ਝੱਲ ਕੇ ਮੌਤ ਨੂੰ ਟਿੱਚ ਸਮਝਣ ਵਾਲੇ ਪਾਪਾ ਇਸ ਵਾਰ ਬਿਨਾ ਕਿਸੇ ਬੀਮਾਰੀ ਤੋਂ ਮੌਤ ਦੇ ਨਾਲ ਚਲੇ ਗਏ ਅਤੇ ਪਿੱਛੇ ਛੱਡ ਗਏ ਉਹੀ ਆਪਣਾ ਖਿਲਾਰਾ …. ਅੱਧੇ ਅਧੂਰੇ ਕੰਮ, ਮੋਟੀਆਂ ਮੋਟੀਆਂ ਡਾਇਰੀਆਂ, ਅਧੂਰੇ ਨਾਵਲਾਂ ਦੇ ਖਰੜੇ ਅਤੇ 27 ਸਾਲ ਤੋਂ ਚੱਲ ਰਹੀ ਚਰਚਿਤ, ਮਾਣਮੱਤੀ, ਵਿਵਾਦ ਭਰਪੂਰ ਪੱਤ੍ਰਿਕਾ “ਹੰਸ“ ਕੁਝ ਇਸ ਤਰ੍ਹਾਂ ਕਿ “ਹੁਣ ਸਮੇਟੋ ਆਪਣੇ ਆਪ।“

ਸੋ, ਦੋਸਤੋ – ਹੁਣ ਮੈਂ ਡਟ ਗਈ ਹਾਂ ਫੇਰ ਉਨ੍ਹਾ ਦੇ ਖਿਲਾਰੇ ਨੂੰ ਸਮੇਟਣ ਲਈ ‘ਹੰਸ` ਨਾਲ ਜੁੜੇ ਸਾਰੇ ਹੀ ਕਾਰਜ ਕਰਨ ਵਾਲਿਆਂ, ਮਿੱਤਰਾਂ, ਸ਼ੁਭਚਿੰਤਕਾਂ ਦੇ ਪੂਰੇ ਪੂਰੇ ਸਹਿਯੋਗ ਨਾਲ। ਹਾਂ, ਫਰਕ ਸਿਰਫ ਇੰਨਾ ਹੈ ਕਿ ਇਸ ਵਾਰ ਦੇ ਫੈਲਾਉ ਦਾ ਕੋਈ ਅੰਤ ਨਹੀਂ ਹੈ- ਇਹ ਤਾਂ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲਾ ਫੈਲਾਅ ਹੈ।

….. ਹਾਂ, ਫਰਕ ਇਹ ਵੀ ਹੈ ਕਿ ਇਸ ਵਾਰ ਭਾਣਾ ਵਰਤਣ `ਤੇ ਨਾ ਕਿਸੇ ਦੀ ਨਰਾਜ਼ਗੀ ਦੇ ਫੋਨ ਆਏ, ਨਾ ਹੀ ਕਿਸ਼ਨ ਨੇ ਆਪਣੀਆਂ ਸਿ਼ਕਾਇਤਾਂ ਦੀ ਪੋਟਲੀ ਖੋਲ੍ਹੀ।

ਹੁਣ ਜਦੋਂ ਵੀ ਫੋਨ ਵੱਜਦਾ ਹੈ ਅਤੇ ਕਿਸ਼ਨ ਦਾ ਨਾਮ ਫਲੈਸ਼ ਹੁੰਦਾ ਹੈ ਤਾਂ ਮਨ ਵਿਚ ਕੋਈ ਘਬਰਾਹਟ ਨਹੀਂ ਹੁੰਦੀ। ਹਾਂ, ਨਾ ਚਾਹੁੰਦਿਆਂ ਹੋਇਆਂ ਵੀ ਅੱਖਾਂ ਵਿਚੋਂ ਦੋ ਹੰਝੂ ਜ਼ਰੂਰ ਡਿਗ ਪੈਂਦੇ ਹਨ ………

ਪਾਪਾ ਦੇ ਨਾਮ ਖੁੱਲ੍ਹਾ ਖ਼ਤ – ਇਕ

ਤੁਸੀਂ ਮੈਨੂੰ ਇਕ-ਦੋ ਵਾਰ ਕਿਹਾ ਸੀ ਕਿ ਮੈਂ ਤੁਹਾਡੀਆਂ ਚੀਜ਼ਾਂ ਸਬੰਧੀ ਸਮਝਾਂ। ਤੁਹਾਡੇ ਬਾਅਦ ਸਾਡਾ ਸਭ ਦਾ ਕੀ ਹੋਵੇਗਾ। ਤੁਹਾਡੇ ਨਾਲ ਬੈਠ ਕੇ ਫੈਸਲਾ ਕਰਾਂ। ਜਿਸ ਦਿਨ ਤੁਸੀਂ ਆਪਣੀ ਵਸੀਅਤ ਲਿਖਵਾਈ ਸੀ ਉਸ ਦਿਨ ਵੀ ਤੁਹਾਡੀ ਇੱਛਾ ਸੀ ਕਿ ਮੈਂ ਆਵਾਂ ਤੇ ਮੇਰੇ ਸਾਹਮਣੇ ਹੀ ਤੁਸੀਂ ਉਹ ਲਿਖਵਾਉ।

ਪਰ ਨਾ ਮੈਂ ਉਸ ਦਿਨ ਆਈ ਅਤੇ ਨਾ ਹੀ ਕਦੀਂ ਤੁਹਾਡੇ ਨਾਲ ਇਕਾਂਤ ਵਿਚ ਬੈਠਕੇ ਤੁਹਾਥੋਂ ਸਾਰੀਆਂ ਚੀਜ਼ਾਂ ਸਮਝਣ ਦੀ ਕੋਸਿ਼ਸ਼ ਕੀਤੀ। ਇਸ ਕਰਕੇ ਨਹੀਂ ਕਿ ਮੈਂ ਕਿਧਰੇ ਰੁੱਝੀ ਹੋਈ ਸੀ ਜਾਂ ਮੇਰੀ ਤੁਹਾਡੇ ਕਿਸੇ ਕੰਮ ਵਿਚ ਦਿਲਚਸਪੀ ਨਹੀਂ ਸੀ। ਸਿਰਫ ਇਸ ਕਰਕੇ ਕਿ ਮੈਂ ਤੁਹਾਡੇ ‘ਨਾ ਰਹਿਣ` ਦੀ ਗੱਲ ਦਾ ਸਾਹਮਣਾ ਤੱਕ ਨਹੀਂ ਸੀ ਕਰਨਾ ਚਾਹੁੰਦੀ। ਮੇਰੇ ਹਿਸਾਬ ਨਾਲ ਇਹ ਲੱਗਭਗ ਅਸੰਭਵ ਸੀ ਸਾਡੇ ਅੰਦਰ ਇਹ ਇਕ ਅਜੀਬ ਭਾਵਨਾ ਬਣ ਗਈ ਹੁੰਦੀ ਹੈ ਕਿ ਅੰਦਰ ਹੀ ਅੰਦਰ ਅਸੀਂ ਆਪਣੇ ਆਪ ਨੂੰ ਇਹ ਵਿਸ਼ਵਾਸ ਦੁਆ ਦਿੰਦੇ ਹਾਂ ਕਿ ਮਾਤਾ ਪਿਤਾ ਤਾਂ ਦੂਜਿਆਂ ਦੇ ਜਾਂਦੇ ਹਨ ਸਾਡੇ ਮਾਤਾ ਪਿਤਾ ਤਾਂ ਹਮੇਸ਼ਾ ਸਾਡੇ ਨਾਲ ਹੀ ਰਹਿਣਗੇ। ਮੈਂ ਵੀ ਕੁਝ ਅਜਿਹੀ ਭਾਵਨਾ ਨਾਲ ਹੀ ਜੀਅ ਰਹੀ ਸੀ ਅਤੇ ਕਿਸੇ ਵੀ ਅਜਿਹੀ ਚੀਜ਼ ਦੇ ਸਾਹਮਣੇ ਨਹੀਂ ਸੀ ਹੋਣਾ ਚਾਹੁੰਦੀ ਜੋ ਖਿੱਚ ਕੇ ਮੈਨੂੰ ਯਥਾਰਥ ਦੇ ਸਾਹਮਣੇ ਲੈ ਜਾਵੇ ਅਤੇ ਵਸੀਅਤ ਵਰਗੀਆਂ ਚੀਜ਼ਾਂ ਵਿਚ ਦਿਲਚਸਪੀ ਵਿਖਾਉਣ ਦਾ ਤਾਂ ਮਤਲਬ ਹੀ ਕਿਸੇ ਹੋਰ ਰੂਪ ਵਿਚ ਲਿਆ ਜਾ ਸਕਦਾ ਹੈ – “ਇਹ ਤਾਂ ਉਡੀਕ ਹੀ ਕਰ ਰਹੀ ਹੈ ਕਿ ਪਿਤਾ ਜੀ ਚਲੇ ਜਾਣ ਤੇ ਇਹ ਆਪਣਾ ਹੱਕ ਜਮਾਵੇ।“

ਬਸ! ਇਨ੍ਹਾਂ ਹੀ ਸਾਰੀਆਂ ਉਲਝਣਾਂ ਵਿਚ ਫਸੀ ਮੈਂ ਤੁਹਾਡੇ ਕਹਿਣ `ਤੇ ਵੀ ਨਹੀਂ ਗਈ ਅਤੇ ਨਾ ਮੈਂ ਤੁਹਾਥੋਂ ਕਦੀਂ ਇਸ ਦੀ ਵਿਸਥਾਰ ਪੂਰਬਕ ਜਾਣਕਾਰੀ ਲਈ, ਜੋ ਤੁਸੀਂ ਆਪਣੇ ਆਪ ਥੋੜ੍ਹਾ-ਬਹੁਤ ਦੱਸ ਦਿੱਤਾ, ਉਹ ਸੁਣ ਲਿਆ।

ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਤੁਸੀਂ ਆਪਣੇ ਅੰਤਿਮ ਸਸਕਾਰ ਦਾ ਤਰੀਕਾਕਾਰ ਵੀ ਲਿਖ ਕੇ ਗਏ ਹੋ। ਮੈਂ ਤਾਂ ਉਹ ਹੀ ਕੀਤਾ ਜੋ ਮੈਨੂੰ ਠੀਕ ਲੱਗਾ। ਨਹੀਂ ‘ਠੀਕ ਲੱਗਾ` ਕਹਿਣਾ ਗਲਤ ਹੋਵੇਗਾ ਕਿਉਂਕਿ ਠੀਕ ਤਾਂ ਕੁਝ ਵੀ ਨਹੀਂ ਲੱਗ ਰਿਹਾ ਸੀ। ਆਪਣੀ ਵਸੀਅਤ ਵਿਚ ਤੁਸੀਂ ਇਹ ਇੱਛਾ ਜ਼ਾਹਿਰ ਕੀਤੀ ਸੀ ਕਿ ਤੁਹਾਡੇ ਮਿਤ੍ਰਕ ਸਰੀਰ ਨੂੰ ਕਿਸੇ ਹਸਪਤਾਲ ਨੂੰ ਦਾਨ ਕਰ ਦਿੱਤਾ ਜਾਵੇ ਅਤੇ ਫੇਰ ਬਿਨਾ ਕਿਸੇ ਰੀਤੀ-ਰਿਵਾਜ਼ ਦੇ ਬਿਜਲੀ ਨਾਲ ਦਾਹ ਸਸਕਾਰ ਕਰ ਦਿੱਤਾ ਜਾਵੇ। ਪਰ ਇਕ ਤਾਂ ਮੈਨੂੰ ਇਸ ਦਾ ਕੋਈ ਗਿਆਨ ਨਹੀਂ ਸੀ ਦੂਸਰਾ ਕਿ ਕਿਸੇ ਆਪਣੇ ਦੇ ਸਸਕਾਰ ਕਰਨ ਵਾਲੇ ਪ੍ਰਬੰਧ ਕਰਨ ਦਾ ਮੇਰਾ ਪਹਿਲਾ ਅਨੁਭਵ ਸੀ। ਸੋਚਣ ਦੀ ਸ਼ਕਤੀ ਤਾਂ ਜਿਵੇਂ ਖਤਮ ਹੀ ਹੋ ਗਈ ਸੀ ਅਤੇ ਸੋਚ-ਸਮਝ ਦੀ ਅਜਿਹੀ ਸੁੰਨ ਸਥਿਤੀ ਵਿਚ ਪੰਡਿਤਾਂ ਦੇ ਕਹੇ ਅਨੁਸਾਰ ਚਲਦੀ ਰਹੀ, ਜੋ ਉਨ੍ਹਾਂ ਨੇ ਕਿਹਾ ਮੈਂ ਕਰਦੀ ਰਹੀ ਕਿਸੇ ਰੋਬੇਟ ਦੀ ਤਰ੍ਹਾਂ। ਸੋਚਿਆ ਹੀ ਨਾ ਕਿ ਤੁਸੀਂ ਇਸ ਸਭ ਕੁਝ ਦੇ ਕਿੰਨਾ ਵਿਰੁੱਧ ਸੀ ਜੋ ਹੁੰਦਾ ਗਿਆ ਬਸ ਉਸਦੇ ਨਾਲ ਨਾਲ ਤੁਰੀ ਰਹੀ। ਬਹੁਤ ਸਾਰੇ ਰੀਤੀ-ਰਿਵਾਜ਼ ਵੀ ਹੋਏ- ਚਿਤਾ ਨੂੰ ਅਗਨੀ ਦਿੱਤੀ ਗਈ। ਸੋਚ ਸਮਝ ਕੇ ਮੈਂ ਸਿਰਫ ਇਕ ਹੀ ਫੈਸਲਾ ਲਿਆ ਕਿ ਚਿਤਾ ਨੂੰ ਅਗਨੀ ਮੈ ਦੇਵਾਂਗੀ ਅਤੇ ਮੇਰੇ ਨਾਲ ਕਿਸ਼ਨ ਵੀ ਹੋਵੇਗਾ। ਕਿਸ਼ਨ ਜਿਸਨੇ ਇਕ ਪੁੱਤਰ ਤੋਂ ਵੀ ਵੱਧ ਤੁਹਾਡੀ ਸੇਵਾ ਕੀਤੀ। ਮੇਰੇ ਹਿਸਾਬ ਨਾਲ ਸ਼ਾਇਦ ਮੇਥੋਂ ਵੀ ਵੱਧ ਤੁਹਾਡੇ `ਤੇ ਹੱਕ ਕਿਸ਼ਨ ਦਾ ਬਣਦਾ ਸੀ- ਹੋ ਸਕਦਾ ਹੈ ਮੇਰੇ ਇਸ ਫੈਸਲੇ ਉੱਤੇ ਕੁਝ ਲੋਕਾਂ ਨੂੰ ਇਤਰਾਜ਼ ਹੋਵੇ ਪਰ ਇਹ ਗੱਲ ਮੈਂ ਬਿਨਾ ਕਿਸੇ ਝਿਜਕ ਦੇ ਕਹਿ ਸਕਦੀ ਹਾਂ ਕਿ ਮੈਨੂੰ ਹੁਣ ਵੀ ਇਸ ਫੈਸਲੇ ਤੇ ਕੋਈ ਅਫਸੋਸ ਨਹੀਂ ਹੈ।

ਤੁਹਾਡੇ ਜਾਣ ਤੋਂ ਅਗਲੇ ਹੀ ਦਿਨ ਮੈਂ ਸੁਣਿਆਂ (ਖੁਦ ਦੇਖਿਆ ਵੀ) ਕਿ ਕਿਸੇ ਨੇ ਫੇਸਬੁੱਕ `ਤੇ ਤੁਹਾਡੀ ਵਸੀਅਤ ਦਾ ਉਹ ਹਿੱਸਾ ਪੋਸਟ ਕੀਤਾ ਜਿਸ ਵਿਚ ਤੁਸੀਂ ਆਪਣੇ ਅੰਤਿਮ ਸਸਕਾਰ ਦੀ ਤਰੀਕਾ ਲਿਖਿਆ ਹੋਇਆ ਸੀ ਅਤੇ ਪਰਿਵਾਰ ਦੇ ਉੱਪਰ ਤੁਹਾਨੂੰ ਧੋਖਾ ਦੇਣ ਦਾ ਦੋਸ਼ ਲਾਇਆ। ਸੋਚਦੀ ਹਾਂ ਕਿ ਜਿਸ ਵਸੀਅਤ ਨੂੰ ਮੈਂ ਦੇਖਿਆ ਤੱਕ ਨਹੀਂ ਸੀ ਉਹ ਸਰਵਜਨਕ (ਲੋਕਾਂ ਅੱਗੇ ਪੇਸ਼) ਕਿਵੇਂ ਹੋ ਗਈ! ਹਾਂ ਕੁਝ ਇਕ-ਦੋ ਨਾਮ ਦਿਮਾਗ ਵਿਚ ਆਉਂਦੇ ਹਨ ਜਿਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਹੋ ਸਕਦੀ ਹੈ ਤਾਂ ਇਹ ਅੰਦਾਜ਼ਾ ਲਾਉਣਾ ਇੰਨਾ ਮੁਸ਼ਕਿਲ ਨਹੀਂ ਕਿ ਇਹ ਕਿਸਨੇ ਕੀਤਾ ਹੋਵੇਗਾ।

ਖ਼ੈਰ, ਅੰਦਾਜ਼ੇ ਦੇ ਅਧਾਰ `ਤੇ ਕਿਸੇ ਦਾ ਨਾਮ ਲੈਣਾ ਠੀਕ ਨਹੀਂ ਹੋਵੇਗਾ। ਪਰ ਹੈਰਾਨੀ ਤਾਂ ਮੈਨੂੰ ਉਸ ਵਿਅਕਤੀ ਦੀ ਸੋਚ ਤੇ ਹੈ ਜੋ ਕੁਝ ਦਿਨ ਤਾਂ ਕੀ ਕੁਝ ਘੰਟੇ ਵੀ ਉਡੀਕ ਨਹੀਂ ਕਰ ਸਕਿਆ। ਸੰਵੇਦਨਾ ਨਾਲ ਪੇਸ਼ ਆਉਣਾ ਤਾਂ ਦੂਰ ਦੀ ਗੱਲ ਹੈ ਉਸਨੇ ਤਾਂ ਦੁੱਖ ਵਿਚ ਡੁੱਬੇ ਪਰਿਵਾਰ `ਤੇ ਸਿੱਧਾ ਵਾਰ ਕੀਤਾ। ਸ਼ਾਇਦ ਤੁਹਾਨੂੰ ਇਹੋ ਜਹੇ ਲੋਕਾਂ ਨੂੰ ਬਰਦਾਸ਼ਤ ਕਰਨ ਦਾ ਚੰਗਾ ਭਲਾ ਅਨੁਭਵ ਸੀ, ਪਰ ਮੇਰੇ ਵਾਸਤੇ ਤਾਂ ਇਕ ਦਮ ਇਹ ਹੈਰਾਨੀ ਦੀ ਗੱਲ ਸੀ ਕਿ ਕੋਈ ਅਜਿਹਾ ਕਿਵੇਂ ਸੋਚ ਸਕਦਾ ਹੈ।

ਪਰ ਏਨਾ ਜਰੂਰ ਹੋਇਆ ਕਿ ਤੁਰੰਤ ਹੀ ਮੈਂ ਵਕੀਲ ਕੋਲੋਂ ਕਾਗਜ਼ ਮੰਗਵਾ ਕੇ ਉਨ੍ਹਾਂ ਨੂੰ ਦੇਖਿਆ, ਸੱਚਮੁੱਚ ਤੁਸੀਂ ਆਪਣੇ ਅੰਤਿਮ ਸਸਕਾਰ ਦੇ ਤੌਰ-ਤਰੀਕੇ ਨੂੰ ਲਿਖਿਆ ਹੈ। ਪੜ੍ਹਿਆ ਤਾਂ ਬਹੁਤ ਸਾਰੀਆਂ ਭਾਵਨਾਵਾਂ ਇਕ ਦਮ ਮੈਨੂੰ ਘੇਰਨ ਲੱਗੀਆਂ ਹੀਣਤਾ, ਦੁੱਖ, ਆਪਣੇ ਆਪ ਤੇ ਕ੍ਰੋਧ ਅਤੇ ਉਨ੍ਹਾਂ ਵਿਅਕਤੀਆਂ ਦੀ ਨੀਤ `ਤੇ ਅਫਸੋਸ/ਗੁੱਸਾ ਜਿਨ੍ਹਾਂ ਨੇ ਤੁਹਾਡੇ ਸ਼ੁਭਚਿੰਤਕ ਹੋਣ ਦਾ ਚੋਲ਼ਾ ਪਹਿਨ ਕੇ ਪਰਿਵਾਰ ਉੱਤੇ ਦੂਸ਼ਣ ਲਾਏ ਸਨ। ਇੰਨਾ ਹੀ ਫਿਕਰ ਸੀ ਤਾਂ ਪਹਿਲਾਂ ਹੀ ਆ ਕੇ ਦੱਸ ਦਿੰਦੇ।

ਸੱਚ ਤਾਂ ਇਹ ਹੈ ਕਿ ਅਣਜਾਣੇ ਵਿਚ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ। ਮੈਂ ਤੁਹਾਡੀ ਆਖਰੀ ਇੱਛਾ ਦਾ ਪਾਲਣ ਨਾ ਕਰ ਸਕੀ ਅਤੇ ਇਸ ਇਕ ਗੱਲ ਲਈ ਮੈਂ ਉਨ੍ਹਾਂ ਲੋਕਾਂ ਦੀ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਤੱਥਾਂ ਤੋਂ ਜਾਣੂ ਕਰਵਾਇਆ। ਕਾਸ਼! ਥੋੜੀ ਨਿਮਰਤਾ ਅਤੇ ਸੰਵੇਦਨਸ਼ੀਲਤਾ ਨਾਲ ਕਰਵਾਇਆ ਹੁੰਦਾ। ਪਰ ਇਸ ਭੁੱਲ ਲਈ ਮੈਂ ਸਿਰਫ ਤੇ ਸਿਰਫ ਤੁਹਾਥੋਂ ਹੀ ਮਾਫੀ ਮੰਗਣਾਂ ਚਾਹੁੰਦੀ ਹਾਂ ਅਤੇ ਆਸ ਕਰਦੀ ਹਾਂ ਕਿ ਜਿਵੇਂ ਤੁਸੀਂ ਮੇਰੀਆਂ ਅਨੇਕਾਂ ਹੀ ਛੋਟੀਆਂ, ਵੱਡੀਆਂ ਗਲਤੀਆਂ ਨੂੰ ਮਾਫ ਕੀਤਾ ਹੋਵੇਗਾ ਮੇਰੀ ਇਸ ਗਲਤੀ ਨੂੰ ਵੀ ਮਾਫ ਕਰਨ ਦਾ ਜਤਨ ਕਰੋਗੇ। ਜਦੋਂ ਕਿ ਇਹ ਵੀ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਭਾਵੇਂ ਤੁਸੀਂ ਮਾਫ ਕਰ ਵੀ ਦੇਵੋ ਪਰ ਮੈਂ ਸਾਰੀ ਉਮਰ ਇਸ ਅਪਰਾਧ ਬੋਧ ਹੇਠ ਦੱਬੀ ਰਵਾਂਗੀ…….

ਗੱਲਾਂ ਤਾਂ ਬਹੁਤ ਹਨ ਜੋ ਤੁਹਾਡੇ ਜਾਣ ਤੋਂ ਬਾਅਦ ਯਾਦ ਆ ਰਹੀਆਂ ਹਨ। ਗੱਲਾਂ ਜੋ ਤੁਹਾਡੇ ਨਾਲ ਕਰ ਸਕਦੀ ਸੀ। ਮੁੱਦੇ ਜਿਨ੍ਹਾਂ ਬਾਰੇ ਤੁਹਾਡੇ ਨਾਲ ਬਹਿਸ ਕਰ ਸਕਦੀ ਸੀ, ਮਜ਼ਾਕ ਕਰ ਸਕਦੀ ਸੀ, ਹੱਸ ਸਕਦੀ ਸੀ। ਖ਼ੈਰ, ਸ਼ਾਇਦ ਕੁਝ ਗੱਲਾਂ ਹੁਣ ਅਗਲੀ ਵਾਰ …………..

ਤੁਹਾਡੀ ਬੇਟੀ
ਟਿੰਕੂ (ਰਚਨਾ)

ਪਾਪਾ ਦੇ ਨਾਮ ਖੁੱਲ੍ਹਾ ਖ਼ਤ -2

 

ਇਹ ਸਭ ਤੁਹਾਡੇ ਰਹਿੰਦੇ ਹੋਏ ਹੋਣਾ ਚਾਹੀਦਾ ਸੀ। ਮੈਨੂੰ ਪਤਾ ਹੈ ਤੁਹਾਨੂੰ ਚੰਗਾ ਲਗਦਾ। ਬਹੁਤ ਚੰਗਾ ਲਗਦਾ ਮੇਰਾ ‘ਹੰਸ` ਦੇ ਦਫਤਰ ਵਿਚ ਆ ਕੇ ਬੈਠਣਾ। ਸਾਹਿਤਕ ਸਮਾਗਮਾਂ ਵਿਚ ਜਾਣਾ, ਉਨ੍ਹਾਂ ਵਿਚ ਹਿੱਸਾ ਲੈਣਾ ਜਾਂ ਕਦੀਂ ਲੈਕਚਰ ਦੇਣਾ, ਤੁਹਾਡੇ ਬਾਰੇ ਵੀ ਅਤੇ ਸਾਹਿਤਕ ਮੁੱਦਿਆਂ ਬਾਰੇ ਵੀ। ਜੇ ਤੁਹਾਡੇ ਹੁੰਦਿਆਂ ਮੈਂ ਇਸ ਖੇਤਰ ਵਿਚ ਸ਼ਾਮਲ ਹੋ ਜਾਂਦੀ ਤਾਂ ਤੁਹਾਡੇ ਨਾਲ ਝਗੜੇ, ਬਹਿਸਾਂ ਤਾਂ ਕਾਫੀ ਹੁੰਦੀਆਂ ਪਰ ਮਜ਼ਾ ਆਉਂਦਾ।

ਖ਼ੈਰ ਅਜਿਹਾ ਨਹੀਂ ਹੋਇਆ। ਤੁਹਾਡੇ ਹੁੰਦਿਆਂ ਮੈਂ ਇਸ ਦੁਨੀਆਂ ਤੋਂ ਬਹੁਤ ਵੱਖਰੀ ਰਹੀ, ਬਹੁਤ ਦੂਰ। ਮੈਨੂੰ ਯਾਦ ਨਹੀਂ ਕਿ ਤੁਸੀਂ ਵੀ ਕਦੇ ਕੋਸਿ਼ਸ਼ ਕੀਤੀ ਹੋਵੇ ਮੈਨੂੰ ਇਸ ਦੁਨੀਆਂ ਦਾ ਹਿੱਸਾ ਬਨਾਉਣ ਵਾਸਤੇ। ਬਚਪਨ ਤੋਂ ਦੂਰ ਖੜ੍ਹੀ ਦੇਖਦੀ ਆਈ ਤੁਹਾਡੀ ਇਸ ਅਜੀਬੋ-ਗਰੀਬ ਦੁਨੀਆਂ ਨੂੰ। ਤੁਹਾਡੀਆਂ ਲਿਖਣ-ਪੜ੍ਹਨ ਦੀਆਂ ਸਰਗਰਮੀਆਂ, ਮਿੱਤਰ ਮੰਡਲੀਆਂ ਨਾਲ ਸਾਹਿਤਕ ਬਹਿਸਾਂ, ਗੋਸ਼ਟੀਆਂ। ਪਰ ਨਾ ਹੀ ਮੈਂ ਕਦੇ ਇਸ ਸਭ ਕੁਝ ਵਿਚ ਦਿਲਚਸਪੀ ਵਿਖਾਈ ਅਤੇ ਨਾ ਹੀ ਤੁਸੀਂ ਮੇਰੇ ਉੱਪਰ ਇਹ ਸਭ ਕੁਝ ਥੋਪਣ ਦੀ ਕੋਸਿ਼ਸ਼ ਕੀਤੀ। ਮੈਨੂੰ ਨਹੀਂ ਯਾਦ ਕਿ ਸਾਡੇ ਦੋਹਾਂ ਦੇ ਵਿਚਕਾਰ ਕਦੀਂ ਸਾਹਿਤਕ ਗੱਲਬਾਤ ਹੋਈ ਹੋਵੇ। ਤੁਸੀਂ ਕੀ ਲਿਖ ਰਹੇ ਹੋ, ਕੀ ਸੋਚ ਰਹੇ ਹੋ। ‘ਹੰਸ` ਬਾਰੇ ਤੁਹਾਡੀਆਂ ਕੀ ਯੋਜਨਾਵਾਂ ਹਨ। ਅਜਕਲ ਕਿਹੜਾ ਨੌਜਵਾਨ ਲੇਖਕ ਕੀ ਲਿਖ ਰਿਹਾ ਹੈ। ਇਸ ਸਭ ਬਾਰੇ ਅਸੀਂ ਕਦੇ ਚਰਚਾ ਨਹੀਂ ਕੀਤੀ। ਹਾਂ, ‘ਹੰਸ` ਦੇ ਸਾਲਾਨਾ ਸਮਾਗਮ ਵਿਚ ਪੱਕੇ ਤੌਰ `ਤੇ ਮੈਂ ਜਰੂਰ ਆ ਜਾਂਦੀ ਸੀ। ਕਿਉਂਕਿ ਮੈਨੂੰ ਪਤਾ ਸੀ ਮੇਰਾ ਉੱਥੇ ਆਉਣਾ ਤੁਹਾਨੂੰ ਚੰਗਾ ਲਗਦਾ ਹੈ।

ਉਂਜ ਤਾਂ ਮੈਨੂੰ ਖੁਸ਼ੀ ਹੈ ਕਿ ਤੁਸੀਂ ਮੈਨੂੰ ਆਪਣੀ ਲਾਈਨ ਚੁਣਨ ਦੀ ਪੂਰੀ ਆਜ਼ਾਦੀ ਦਿੱਤੀ। ਕਦੇ ਵੀ ਆਪਣੀਆਂ ਖਾਹਿਸ਼ਾ ਮੇਰੇ ਉੱਪਰ ਨਹੀਂ ਲੱਦੀਆਂ। ਪਰ ਜੇ ਘੁੰਮ-ਫਿਰ ਕੇ ਅਖੀਰ ਨੂੰ ਇੱਥੇ ਹੀ ਆਉਣਾ ਸੀ ਤਾਂ ਮਹਿਸੂਸ ਹੁੰਦਾ ਹੈ ਕਿ ਜੇ ਮੇਰੀ ਸਾਹਿਤਕ ਬੁਨਿਆਦ ਮਜਬੂਤ ਹੁੰਦੀ ਤਾਂ ਚੀਜ਼ਾਂ ਨੂੰ ਜਲਦੀ ਫੜਦੀ ਅਤੇ ਸਮਝ ਲੈਂਦੀ।

ਹੁਣ ਇਸ ਗੱਲ `ਤੇ ਤੁਹਾਡੇ ਨਾਲ ਝਗੜਾ ਕਰਨ ਲਈ ਬਹੁਤ ਦਿਲ ਕਰਦਾ ਹੈ। ਤੁਸੀਂ ਕਿਉਂ ਮੈਨੂੰ ਇਸ ਦੁਨੀਆਂ ਤੋਂ ਇੰਨਾ ਦੂਰ ਰਹਿਣ ਦਿੱਤਾ? ਹੋਰ ਤਾਂ ਹੋਰ ਤੁਸੀਂ ਮੈਨੂੰ ਅੰਗਰੇਜ਼ੀ ਸਕੂਲ ਵਿਚ ਭੇਜਿਆ। ਹਿੰਦੀ ਭਾਸ਼ਾ ਨਾਲ ਮੇਰੀ ਬੇਗਾਨਗੀ ਤਾਂ ਇੱਥੋਂ ਹੀ ਸ਼ੁਰੂ ਹੋ ਗਈ ਸੀ।

ਪਿੱਛੇ ਜਹੇ ਹੀ ਕਲਕੱਤੇ ਵਿਖੇ ਭਾਰਤੀ ਭਾਸ਼ਾ ਪ੍ਰੀਸ਼ਦ ਦੇ ਸਮਾਗਮ ਵਿਚ ਮੈਂ ਇਸ ਮੁੱਦੇ ਨੂੰ ਉਠਾਇਆ ਸੀ। ਸਿਰਫ ਤੁਸੀਂ ਹੀ ਨਹੀਂ ਤੁਹਾਡੀ ਪੀੜ੍ਹੀ ਦੇ ਬਹੁਗਿਣਤੀ ਵੱਡੇ ਸਾਹਿਤਕਾਰਾਂ ਨੇ ਖਾਸ ਕਰਕੇ ਜੋ ਵੱਡੇ ਸ਼ਹਿਰਾਂ (ਮਹਾਂਨਗਰਾਂ) ਵਿਚ ਆ ਵਸੇ ਸਨ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਾਇਆ। ਭਾਵੇਂ ਉਹ ਕਮਲੇਸ਼ਵਰ ਕਾਕਾ ਹੋਣ ਜਾਂ ਰਾਕੇਸ਼ ਕਾਕਾ ਜਾਂ ਅਜਿਹੇ ਹੀ ਹੋਰ ਕੁਝ ਸਾਹਿਤਕਾਰ ਜਿਨ੍ਹਾਂ ਦੀ ਅਗਲੀ ਪੀੜ੍ਹੀ ਸਾਹਿਤ ਨਾਲ ਨਹੀਂ ਜੁੜੀ। ਸੋਚਦੀ ਹਾਂ ਕਿ ਅਜਿਹਾ ਕਿਉਂ? ਆਉਣ ਵਾਲੀ ਪੀੜ੍ਹੀ ਨੂੰ ਤਿਆਰ ਕਰਨਾ ਤਾਂ ਤੁਹਾਡੀ ਸਭ ਦੀ ਜ਼ੁੰਮੇਵਾਰੀ ਸੀ। ਉਂਜ ਦੇਖਿਆ ਜਾਵੇ ਤੁਸੀਂ ਤਾਂ ਇਹ ਜ਼ੁੰਮੇਵਾਰੀ ਖੂਬ ਨਿਭਾਈ ਹੈ। ਤੁਸੀਂ ਤਾਂ ਇੰਨੇ ਨੌਜਵਾਨ ਲੇਖਕਾਂ ਨੂੰ ਪ੍ਰੇਰਨਾ ਦਿੱਤੀ ਹੌਸਲਾ ਦਿੱਤਾ ਅਤੇ ਉਤਸ਼ਾਹਿਤ ਕੀਤਾ । ਉਨ੍ਹਾਂ ਦੀ ਲਿਖਣ ਕਲਾ ਨੂੰ ਸਿੰਜਿਆ-ਸੰਵਾਰਿਆ। ਪਰ ਆਪਣੇ ਬੱਚਿਆਂ `ਤੇ ਆ ਕੇ ਇਹ ਗੱਲ ਕਿਉਂ ਰੁਕ ਗਈ? ਕੀ ਤੁਹਾਨੂੰ ਸਾਡੇ ਸਾਰਿਆਂ ਵਿਚ ਪ੍ਰਤਿਭਾ ਨਹੀਂ ਨਜ਼ਰ ਨਹੀਂ ਆਈ? ਜਾਂ ਫੇਰ ਲੇਖਕ ਹੋਣ ਦੇ ਸੱਚ ਤੋਂ ਘਬਰਾਹਟ ਸੀ। ਇਕ ਸਫਲ ਲੇਖਕ ਜੀਵਨ ਦੇ ਹੋਰ ਖੇਤਰਾਂ ਵਿਚ ਸਫਲ ਨਹੀਂ ਹੁੰਦਾ ਭਾਵੇਂ ਉਹ ਆਰਥਕ ਹੋਵੇ, ਪਰਿਵਾਰਕ ਜਾਂ ਸਮਾਜਕ। ਇਹ ਇਕ ਆਮ ਬਣ ਚੁੱਕੀ ਧਾਰਨਾ ਹੈ। ਹਿੰਦੀ ਦੇ ਲੇਖਕ ਦੀ ਇਕ ਇੰਨੀ ਟਿਪੀਕਲ ਤਸਵੀਰ ਬਣ ਗਈ ਹੈ। ਗਰੀਬ, ਬੇਚਾਰਾ ਜ਼ੁਲਮ ਭਰਪੂਰ ਸਮਾਜਕ ਬੇਇਨਸਾਫੀਆਂ ਨਾਲ ਜੂਝਦਾ ਹੋਇਆ ਆਪ ਆਪਣੇ ਬੱਚਿਆਂ ਨੂੰ ਉਸ ਹਾਲਤ ਵਿਚ ਢਲਦੇ ਹੋਇਆ ਨਹੀਂ ਦੇਖਣਾ ਚਾਹੁੰਦੇ ਸਨ? ਸ਼ਾਇਦ ਆਪਣੇ ਬੱਚਿਆਂ ਵਾਸਤੇ ਤੁਹਾਨੂੰ ਇਹ ਹੀ ਫਾਰਮੂਲਾ ਟਾਈਪ ਜਿ਼ੰਦਗੀ ਹੀ ਸੁਰੱਖਿਅਤ ਦਿਸੀ?

ਖ਼ੈਰ ਇਹ ਇਕ ਲੰਬੀ ਤੇ ਵੱਖਰੀ ਬਹਿਸ ਦਾ ਮੁੱਦਾ ਹੈ ਅਤੇ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਜੇ ਤੁਹਾਡੇ ਨਾਲ ਅਜਿਹੀ ਬਹਿਸ ਹੁੰਦੀ ਤਾਂ ਤੁਸੀਂ ਇਹ ਹੀ ਕਹਿੰਦੇ ਕਿ ਤੂੰ ਖੁਦ ਹੀ ਕਦੇ ਦਿਲਚਸਪੀ ਨਹੀਂ ਵਿਖਾਈ, ਸਾਡੇ ਸਾਹਿਤਕ ਖੇਤਰ ਵਿਚ। ਥੋੜ੍ਹੀ ਜਹੀ ਵੀ ਦਿਲਚਸਪੀ ਲੈਂਦੀ ਅਸੀਂ ਤਾਂ ਭੱਜ ਕੇ ਤੈਨੂੰ ਸ਼ਾਮਲ ਕਰ ਲੈਂਦੇ। ਗੱਲ ਤਾਂ ਤੁਹਾਡੀ ਵੀ ਠੀਕ ਹੈ ਪਰ ਇਸ ਸਭ ਕੁਝ ਬਾਰੇ ਸੋਚ-ਵਿਚਾਰ, ਚਿੰਤਨ ਕਦੇ ਫੇਰ ਕਰਾਂਗੀ।

ਹੁਣ ਤਾਂ ਸੱਚ ਇਹ ਹੀ ਹੈ ਕਿ ਤੁਸੀਂ ਮੈਨੂੰ ਇਸ ਖੇਤਰ ਵਿਚ ਲੈ ਹੀ ਆਏ। ਆਪਣੀ ਕੱਚੀ ਭਾਸ਼ਾ ਅਤੇ ਥੋੜ੍ਹੇ ਜਹੇ ਸਾਹਿਤਕ ਗਿਆਨ ਦੇ ਨਾਲ ਮੈਂ ਇਸ ਦੁਨੀਆਂ ਦਾ ਹਿੱਸਾ ਬਣਨ ਦੀ ਕੋਸਿ਼ਸ਼ ਵਿਚ ਹਾਂ। ਸਬੱਬ ਦੇਖੋ, ਕਿਸੇ ਐਸੇ-ਵੈਸੇ ਪੱਤਰ-ਪੱਤ੍ਰਿਕਾ ਦੀ ਨਹੀਂ ਸਿੱਧਾ ‘ਹੰਸ` ਨਾਲ ਜੁੜਕੇ ਆਈ ਹਾਂ।

ਮੋਢਿਆਂ `ਤੇ ਭਾਰ ਬਹੁਤ ਹੈ, ਬਹੁਤ ਵੱਡੀ ਜ਼ੁੰਮੇਵਾਰੀ। ਪਰ ਦੇਖ ਰਹੀ ਹਾਂ, ਸਮਝ ਰਹੀ ਹਾਂ, ਸਿੱਖ ਰਹੀ ਹਾਂ। ਸਾਰੇ ਲੋਕਾਂ ਦਾ ਬਹੁਤ ਸਹਿਯੋਗ ਹੈ। ਖਾਸ ਕਰਕੇ ‘ਹੰਸ` ਵਿਚ ਕੰਮ ਕਰਨ ਵਾਲਿਆਂ ਦਾ।

ਹੁਣ ਜਦੋਂ ਮੈਂ ਦਿਨ ਦੇ ਦੋ ਜਾਂ ਤਿੰਨ ਘੰਟੇ ‘ਹੰਸ` ਦੇ ਦਫਤਰ ਵਿਚ ਗੁਜ਼ਾਰਦੀ ਹਾਂ ਤਾਂ ਇੱਥੇ ਕੰਮ ਕਰਨ ਵਾਲਿਆਂ ਬਾਰੇ ਆਪਣੀ ਰਾਇ ਤਾਂ ਤੁਹਾਨੂੰ ਦੱਸ ਦੇਵਾਂ। ਇਹ ਸਭ ਤਾਂ ਤੁਹਾਡੇ ਜੀਵਨ ਦੇ ਬਹੁਤ ਮਹੱਤਵਪੂਰਨ ਅਤੇ ਪਿਆਰੇ ਹਿੱਸੇ ਸਨ।

ਦਫਤਰ ਵਿਚ ਵੜਦਿਆਂ ਹੀ ਪਹਿਲਾਂ ਵੀਨਾ ਦੀਦੀ (ਵੀਨਾ ਓਨਿਆਲ) ਮਿਲਦੀ ਹੈ। ਮੈਂ ਉਹਨੂੰ ਵਰ੍ਹਿਆਂ ਤੋਂ ਦੇਖ ਰਹੀ ਹਾਂ। ਉਨ੍ਹਾਂ ਦੀ ਉਮਰ ਵਿਚ ਕੋਈ ਤਬਦੀਲੀ ਨਹੀਂ ਆਈ, ਨਾ ਹੀ ਉਨ੍ਹਾਂ ਦੇ ਸੁਭਾਅ ਵਿਚ ਅਤੇ ਨਾ ਹੀ ‘ਹੰਸ` ਅਤੇ ਤੁਹਾਡੇ ਪ੍ਰਤੀ ਭਰੋਸੇਮੰਦੀ ਅਤੇ ਸ਼ਰਧਾ ਭਰੇ ਵਿਸ਼ਵਾਸ ਵਿਚ। ‘ਹੰਸ` ਦੇ ਦਫਤਰ ਪ੍ਰਤੀ ਉਨ੍ਹਾਂ ਦਾ ਰਵੱਈਆ ਕੁਝ ਇਸ ਤਰ੍ਹਾਂ ਹੈ ਜਿਵੇਂ ਕਿਸੇ ਘਰੇਲੂ ਬੀਬੀ ਦਾ ਆਪਣੇ ਪਰਿਵਾਰ ਦੇ ਪ੍ਰਤੀ। ਦਫਤਰ ਨੂੰ ਸੂਝ ਨਾਲ ਚਲਾਉਣ ਅਤੇ ਸੁਰੱਖਿਆ ਦਾ ਭਾਰ ਉਸਨੇ ਪੂਰੇ ਤੌਰ `ਤੇ ਆਪਣੇ ਉੱਪਰ ਲੈ ਲਿਆ ਹੈ। ਘੱਟੋ ਘੱਟ ਖਰਚ ਵਿਚ ਦਫਤਰ ਨੂੰ ਕਿਵੇਂ ਚਲਾਇਆ ਜਾਵੇ। ਤੁਹਾਡੇ ਸਮੇਂ ਤੋਂ ਚਲੀਆਂ ਆ ਰਹੀਆਂ ਕੁਝ ਪਰੰਪਰਾਵਾਂ ਨੂੰ ਕਿਵੇਂ ਬਰਕਰਾਰ ਰੱਖਿਆ ਜਾਵੇ ਇਸ ਸਭ ਕੁਝ `ਤੇ ਉਹ ਤਿੱਖੀ ਨਜ਼ਰ ਰੱਖਦੀ ਹੈ। ਕਿਧਰੇ ਵੀ ਕੋਈ ਗੜਬੜ ਦਿਸੇ ਤਾਂ ਪ੍ਰੇਸ਼ਾਨ ਹੋ ਜਾਂਦੀ ਹੈ। ਕਿਸੇ ਘਰੇਲੂ ਔਰਤ ਵਾਂਗ ਆਪਣੀ ਦਲੀਲ ਅਤੇ ਆਪਣੀ ਰਾਇ ਦੱਸਣ ਵਾਸਤੇ ਤੁਰੰਤ ਖੜ੍ਹੀ ਹੋ ਜਾਂਦੀ ਹੈ ਅਤੇ ਮੈਂ ਉਸਦੀ ਸਲਾਹ ਦੀ ਲੋੜ ਕਦਮ ਕਦਮ `ਤੇ ਮਹਿਸੂਸ ਕਰਦੀ ਹਾਂ।

ਹਾਰਿਸ ਜੀ (ਹਾਰਿਸ ਮਹਿਮੂਦ) ਸਾਡੇ ਲੇਖਾ ਪ੍ਰਬੰਧਕ ਤਾਂ ਮੈਨੂੰ ਚਲਦਾ-ਫਿਰਦਾ ਕੰਪਿਊਟਰ ਲਗਦੇ ਹਨ। ਉਨ੍ਹਾਂ ਤੋਂ ਕੋਈ ਵੀ ਜਾਣਕਾਰੀ ਲਵੋ ਤਾਂ ਉਹ ਬਿਨਾ ਅੱਖ ਝਪਕਿਆਂ ਇਕ ਦਮ ਦੱਸ ਦੇਣਗੇ। ਬੈਂਕ ਬੈਲੈਂਸ ਭਾਵੇਂ ਅੱਜ ਦਾ ਪੁੱਛੋ ਜਾਂ 1996 ਮਾਰਚ ਦਾ ਉਨ੍ਹਾਂ ਦੇ ਦਿਮਾਗ ਵਿਚ ਪੂਰੇ 20 ਸਾਲ ਦੀ ਪਾਸ ਬੁੱਕ ਛਪੀ ਹੋਈ ਹੈ। ਤੁਸੀਂ ਕਿਸੇ ਵਿਅਕਤੀ ਦਾ ਫੋਨ ਨੰਬਰ ਪੁੱਛੋ ਜਾਂ ਗੱਡੀ ਦਾ ਨੰਬਰ ਉਹ ਕਦੀਂ ਗਲਤ ਨਹੀਂ ਹੁੰਦੇ। ਬੋਲਦੇ ਬਹੁਤ ਘੱਟ ਹਨ ਪਰ ਜਦੋਂ ਬੋਲਦੇ ਹਨ ਤਾਂ ਲਗਦਾ ਹੈ ਕਿ ਤੁਸੀਂ ਗੂਗਲ ਦੀ ਕੋਈ ਸਾਈਟ ਖੋਲ੍ਹ ਦਿੱਤੀ ਹੈ। ਸ਼ਾਇਦ ਇਸ ਪਰਿਵਾਰ ਦੇ ਸਭ ਤੋਂ ਪੁਰਾਣੇ ਵਿਅਕਤੀ।

ਕਿਸ਼ਨ ਤੁਹਾਡਾ ਸੇਵਕ, ਬੇਟਾ ਜੋ ਵੀ ਕਹੀਏ ਉਂਜ ਤਾਂ ਉਹ ਹੰਢਿਆ ਹੋਇਆ ਡਰਾਈਵਰ ਹੈ ਪਰ ‘ਹੰਸ` ਪਰਿਵਾਰ ਦਾ ਇਕ ਅਜਿਹਾ ਹਿੱਸਾ ਹੈ ਜਿਸਦੀ ਮੈਂ ਹੋਰ ਕਿਸੇ ਥਾਵੇਂ ਕਲਪਨਾ ਵੀ ਨਹੀਂ ਕਰ ਸਕਦੀ। ‘ਹੰਸ` ਨਾਲ ਜੁੜੇ ਰਹਿਣ ਵਾਸਤੇ ਉਹ ਡਰਾਈਵਰੀ ਛੱਡਣ ਨੂੰ ਵੀ ਤਿਆਰ ਹੈ। ਉਸਦੇ ਚਿਹਰੇ ਦੀ ਭਾਵ-ਪ੍ਰਤੀਕ੍ਰਿਆ ਬਹੁਤ ਥੋੜਚਿਰੀ ਰਹਿਣ ਕਰਕੇ ਕੁਝ ਮੰਦਬੁੱਧੀ ਹੋਣ ਦਾ ਅਹਿਸਾਸ ਦਿੰਦਾ ਹੈ। ਪਰ ਹਰ ਇਕ ਚੀਜ਼ ਉਸਦੀ ਨਜ਼ਰ ਵਿਚ ਰਹਿੰਦੀ ਹੈ। ਤੁਹਾਡੀ ਹਰ ਗੱਲ ਤੋਂ ਇੰਨਾ ਜਾਣੂ ਹੈ ਕਿ ਮੈਨੂੰ ਹੈਰਾਨੀ ਹੁੰਦੀ ਹੈ। ਤਹਾਨੂੰ, ਕੌਣ – ਕਦੋਂ ਮਿਲਣ ਆਇਆ ਸੀ, ਤੁਸੀਂ ਕਿਹੜੇ ਸਾਲ ਵਿਚ ਕਿਹੜੀ ਕਹਾਣੀ ਲਿਖੀ ਸੀ। ਕਿਹੜੀ ਕਹਾਣੀ ਕਿੱਥੇ ਅਤੇ ਕਦੋਂ ਛਪੀ ਸੀ। ਤੁਸੀਂ ਕਿਹੜੇ ਕਿਹੜੇ ਸਾਲ ਵਿਚ ਕਿਹੜੀ ਤਾਰੀਖ ਨੂੰ ਕਿਸ ਹਸਪਤਾਲ ਗਏ ਸੀ ਆਦਿ। ਕੇਵਲ ਜਾਣਕਾਰੀ ਰੱਖਣਾ ਹੀ ਨਹੀਂ ਉਸਦੀ ਹਰ ਮੁੱਦੇ ਬਾਰੇ ਆਪਣੀ ਇਕ ਸਮਝ ਹੈ ਜਿਸ ਨੂੰ ਅੱਖੋਂ-ਪਰੋਖੇ ਨਹੀਂ ਕਰ ਸਕਦੇ। ਚੰਗੀ ਗੱਲ ਇਹ ਹੈ ਕਿ ਉਹ ਸਮੇਂ ਅਨੁਸਾਰ ਆਪਣੇ ਆਪ ਨੂੰ ਬਦਲਣ ਦੇ ਲਈ, ਨਵੀਆਂ ਚੀਜ਼ਾਂ ਸਿੱਖਣ ਵਾਸਤੇ ਤਿਆਰ ਰਹਿੰਦਾ ਹੈ।

ਦੁਰਗਾ ਨੂੰ ਮੈਂ ਕਦੇ ਬਹੁਤਾ ਨੇੜਿਉਂ ਨਹੀਂ ਜਾਣਿਆ ਹੁਣ ਜਦੋਂ ਮੈਂ ਨਿਸਚਤ ਰੂਪ ਵਿਚ ਦਫਤਰ ਆਉਂਦੀ ਹਾਂ ਤਾਂ ਵੀ ਨਹੀਂ ਜਾਣ ਸਕੀ ਕਿਉਂਕਿ ਉਹ ਦਫਤਰ ਵਿਚ ਘੱਟ ਹੀ ਨਜ਼ਰ ਆਉਂਦਾ ਹੈ। ਉਹ ਬਹੁਤਾ ਬਾਹਰ ਦੇ ਕੰਮਾਂ ਵਿਚ ਰੁੱਝਿਆ ਰਹਿੰਦਾ ਹੈ ਅਸਲ ਵਿਚ ਕਿਹਾ ਜਾਵੇ ਕਿ ਸਾਡੇ ਸਾਰਿਆਂ ਵਿਚੋਂ ਸਭ ਤੋਂ ਵੱਧ ਰੁੱਝਿਆ ਹੋਇਆ ਉਹ ਹੀ ਰਹਿੰਦਾ ਹੈ। ਮੈਂ ਉਸਨੂੰ ਵਿਹਲਾ ਬੈਠਿਆਂ ਕਦੇ ਨਹੀਂ ਵੇਖਿਆ। ਹੁਣ ਤੱਕ ਇੰਨਾ ਹੀ ਜਾਣਿਆ ਹੈ ਕਿ ਮੈਨੂੰ ਦੇਖਦਿਆਂ ਹੀ ਉਸਦੇ ਅੰਦਰ ਕਿਸੇ ਟੇਪਰੀਕਾਰਡਰ ਦਾ ਬਟਨ ਨੱਪਿਆ ਜਾਂਦਾ ਹੈ ਅਤੇ ਰੋਜ਼ ਇਕ ਸਤਰ ਬੋਲਦਾ ਹੈ “ਦੀਦੀ, ਚਾਹ ਪੀਉਗੇ? ਕਾਫੀ ਪੀਉਗੇ“। ਖ਼ੈਰ, ਹੌਲੀ ਹੌਲੀ ਉਹਨੂੰ ਵੀ ਜਾਣ ਜਾਵਾਂਗੀ। ਪਰ ਇਹ ਤਾਂ ਸਪਸ਼ਟ ਹੈ ਕਿ ਉਹ ਤੁਹਾਡੇ ਨਾਲ ਅਤੇ ‘ਹੰਸ` ਨਾਲ ਬਿਨਾ ਸ਼ੱਕ ਬਹੁਤ ਜੁੜਿਆ ਹੋਇਆ ਹੈ।

ਇਵੇਂ ਹੀ ਨਰੇਸ਼ ਜੀ, ਜੋ ‘ਹੰਸ` ਪੱਤ੍ਰਿਕਾ ਦੇ ਡੀਜ਼ਾਈਨਰ ਹਨ ਉਨ੍ਹਾਂ ਨਾਲ ਵੀ ਮੇਰੀ ਜਾਣ-ਪਹਿਚਾਣ ਹੁਣੇ ਹੀ ਹੋਈ ਹੈ ਬਸ! ਸਿਰਫ ਵਾਕਫੀ ਹੋਈ ਹੈ। ਉਹ ਅਚਾਨਕ ਪ੍ਰਗਟ ਹੁੰਦੇ ਹਨ, ਇਕ ਦੋ ਘੰਟੇ ਕੰਪਿਊਟਰ ਤੇ ਕੰਮ ਕਰਦੇ ਹਨ, ਅਤੇ ਅਚਾਨਕ ਗਾਇਬ।

ਹੁਣ ਗੱਲ ਕਰਦੇ ਹਾਂ ਆਪਣੇ ਸੰਗਮ ਜੀ (ਸੰਗਮ ਪਾਂਡੇ) ਦੀ,‘ਹੰਸ` ਦੇ ਕਾਰਜਕਾਰੀ ਸੰਪਾਦਕ। ਸੰਗਮ ਜੀ ਦੀ ਸਖਸ਼ੀਅਤ ਬਹੁਤ ਲੋਕਾਂ ਤੋਂ ਵੱਖਰੀ ਹੈ। ਉਹ ਅਜਿਹੇ ਵਿਅਕਤੀ ਹਨ ਜੋ ਅੱਜ ਦੇ ਇਸ ਕਨਫਿਊਜ਼ਡ ਜੀਵਨ (ਯੁੱਗ) ਵਿਚ ਵੀ ਬਲੈਕ ਐਂਡ ਵਾਈਟ ਵਿਚ ਹੀ ਸੋਚਦੇ ਹਨ। ਉਨ੍ਹਾਂ ਦੀ ਵਿਚਾਰਧਾਰਾ ਵਿਚ ਭੰਬਲਭੂਸਾ( ਗ੍ਰੇ ਏਰੀਆ) ਬਹੁਤ ਘੱਟ ਹੈ। ਜਿੱਥੇ ਅਸੀਂ ਸਾਰੇ ਗੋਲ-ਮੋਲ ਗੱਲਾਂ ਵਿਚ ਲੱਗੇ ਰਹਿੰਦੇ ਹਾਂ ਉੱਥੇ ਉਹ ਸਪਸ਼ਟ ਅਤੇ ਦੋ-ਟੁੱਕ ਗੱਲ ਕਰਦੇ ਹਨ। ਕਦੇ ਕਦੇ ਲੋਕਾਂ ਨੂੰ ਉਨ੍ਹਾਂ ਦਾ ਇਹ ਲਹਿਜ਼ਾ ਚੁਭ ਵੀ ਜਾਂਦਾ ਹੈ। ਪਰ ਉਹ ਇਸ ਤੋਂ ਕਦੇ ਕਦੇ ਅਣਭਿੱਜ ਹੀ ਰਹਿੰਦੇ ਹਨ। ਇਸ ਕਰਕੇ ਲਗਦਾ ਹੈ ਕਿ ਸ਼ਾਇਦ ਉਹ ਕੂਟਨੀਤੀ ਦੀ ਕਲਾ ਵਿਚ ਬਿਲਕੁੱਲ ਮਾਹਿਰ ਨਹੀਂ ਹਨ।

ਸਮਾਜਕ ਜੁਲਮ ਬਾਰੇ ਉਹ ਗੁੱਸੇ ਨਾਲ ਭਰੇ ਰਹਿੰਦੇ ਹਨ ਅਤੇ ਸਮੇਂ ਸਮੇਂ ਆਪਣੀ ਸਪਸ਼ਟ ਅਤੇ ਦੋ ਟੁੱਕ ਜ਼ੁਬਾਨ ਵਿਚ ਇਸ ਗੁੱਸੇ/ਵਿਰੋਧ ਨੂੰ ਪੇਸ਼ ਕਰਦੇ ਰਹਿੰਦੇ ਹਨ। ‘ਹੰਸ` ਬਾਰੇ ਉਨ੍ਹਾਂ ਦੇ ਮਨ ਵਿਚ ਬਹੁਤ ਦਿਲਚਸਪ ਯੋਜਨਾਵਾਂ ਚੱਲਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਬੱਚਿਆ ਵਾਲੀ ਉਤਸੁਕਤਾ/ਮਾਸੂਮੀਅਤ ਨਾਲ ਉਹ ਸਾਨੂੰ ਦੱਸਦੇ ਰਹਿੰਦੇ ਹਨ। ਜਿਵੇਂ ਮੈਂ ਕਿਹਾ ਕਿ ਕਿ ਕਿਸੇ ਵੀ ਯੋਜਨਾ ਵਿਚ ਕੋਈ ਕਨਫਿਊਜ਼ਨ ਨਹੀਂ ਹੁੰਦਾ। ਕੋਈ ਭੰਬਲਭੂਸਾ ਨਹੀਂ ਹੁੰਦਾ। ਹਰ ਯੋਜਨਾ ਦਾ ਪੂਰਾ ਖਾਕਾ ਉਨ੍ਹਾਂ ਦੀ ਨਜ਼ਰ ਵਿਚ ਸਪਸ਼ਟ ਹੁੰਦਾ ਹੈ।

ਮੇਰੇ ਵਰਗੇ ਲੋਕ ਤਾਂ 90 ਫੀਸਦੀ ਜੀਵਨ ਭੰਬਲਭੂਸੇ ਵਿਚ ਹੀ ਗੁਜ਼ਾਰ ਦਿੰਦੇ ਹਨ। ਸੰਗਮ ਜੀ ਵਰਗੇ ਵਿਅਕਤੀ ਦਾ ਸਾਥ ਬਹੁਤ ਲਾਹੇਵੰਦ ਸਾਬਤ ਹੁੰਦਾ ਹੈ। ਉਨ੍ਹਾਂ ਨਾਲ ਗੱਲਬਾਤ ਕਰਕੇ ਮੈਂ ਆਪਣੇ ਕਨਫਿਊਜ਼ਨ ਦੂਰ ਕਰਦੀ ਰਹਿੰਦੀ ਹਾਂ

ਆਖਰ ਵਿਚ ਗੱਲ ਕਰਦੇ ਹਾਂ ਸੰਜੇ ਜੀ (ਸੰਜੇ ਸਹਾਏ) ਬਾਰੇ। ਇਨ੍ਹਾਂ ਨਾਲ ਮੇਰੀ ਮੁਲਾਕਾਤ ਕੁਝ ਸਾਲ ਪਹਿਲਾਂ ਹੋਈ ਸੀ। ਉਦੋਂ ਬਿਲਕੁੱਲ ਅੰਦਾਜ਼ਾ ਨਹੀਂ ਸੀ ਕਿ ਉਹ ਤੁਹਾਡੇ ਕਿੰਨੇ ਨੇੜੇ ਹਨ। ਜਿਸ ਤਰ੍ਹਾਂ ਤੁਹਾਡੇ ਜੀਵਨ ਵਿਚ ਆਏ ਹਰ ਨਵੇਂ ਚਿਹਰੇ ਨੂੰ ਮੈਂ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੀ ਸੀ ਉਸ ਤਰ੍ਹਾਂ ਸੰਜੇ ਸਹਾਏ ਵੀ ਮੇਰੀ ਸ਼ੱਕ ਦੇ ਸਿ਼ਕਾਰ ਹੋ ਗਏ। ਪਰ, ਜਿਵੇਂ ਜਿਵੇਂ ਮੈਂ ਉਨ੍ਹਾਂ ਨੂੰ ਜਾਣਿਆਂ ਤਾਂ ਜਲਦੀ ਹੀ ਸਮਝ ਗਈ ਕਿ ਸਵਾਰਥੀਪੁਣਾ ਉਨ੍ਹਾਂ ਦੇ ਨੇੜੇ-ਤੇੜੇ ਵੀ ਨਹੀਂ ਉਹ ਬਹੁਤ ਹੀ ਜੈਨੂਅਨ ਵਿਅਕਤੀ ਹਨ। ਖਾਹਿਸ਼ਾ ਤੋਂ ਪਰ੍ਹੇ, ਨਿਰਸਵਾਰਥ ਅਤੇ ਸਹਿਣਸ਼ੀਲ ਸੁਭਾਅ ਦੇ ਵਿਅਕਤੀ ਹਨ।

ਸਤਿਯੁੱਗ ਦੇ ਨਿਵਾਸੀ ਹਨ ਸਾਡੇ ਸੰਜੇ ਜੀ। ਮੈਂ ਉਨ੍ਹਾਂ ਨੂੰ ਕਦੇ ਵੀ ਗੁੱਸੇ ਵਿਚ ਜਾਂ ਭਾਵਕ ਹੁੰਦੇ ਨਹੀਂ ਦੇਖਿਆ। ਆਪਣੀ ਨਰਾਜ਼ਗੀ ਵੀ ਬਹੁਤ ਸੁਲਝੇ ਹੋਏ ਤਰੀਕੇ ਅਤੇ ਨਰਮਾਈ ਨਾਲ ਪੇਸ਼ ਕਰਦੇ ਹਨ। ਇਕ ਖਾਸ ਕਿਸਮ ਦਾ ਵਿਅੰਗ ਹੁੰਦਾ ਹੈ ਉਨ੍ਹਾਂ ਦੀਆਂ ਗੱਲਾਂ `ਚ ਜਿਸ ਦਾ ਉਹ ਕਦੀਂ ਕਦੀਂ ਬਹੁਤ ਹੀ ਰਚਨਾਤਮਕ ਉਪਯੋਗ ਕਰਦੇ ਹਨ।

ਉਨ੍ਹਾਂ ਦੀ ਸਾਹਿਤਕ ਪ੍ਰਤਿਭਾ ਦੇ ਨਾਲ ਨਾਲ ਉਨ੍ਹਾਂ ਦੀ ਜੋ ਇਹ ‘ਰਾਜਾ ਬੇਟਾ` ਵਾਲੀ ਦਿੱਖ ਹੈ ਸ਼ਾਇਦ ਉਸਨੇ ਹੀ ਤੁਹਾਨੂੰ ਉਨ੍ਹਾਂ ਵਲ ਖਿੱਚਿਆ ਹੋਵੇਗਾ। ਪਰ ਜੋ ਵੀ ਹੈ ਸੰਜੇ ਸਹਾਏ ਨੂੰ ‘ਹੰਸ` ਦਾ ਸੰਪਾਦਕ ਬਨਾਉਣ ਦੇ ਤੁਹਾਡੇ ਇਸ ਫੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।

ਸਭ ਤੋਂ ਉੱਪਰ ਬੈਠੇ ਭੀਸ਼ਮ ਪਿਤਾਮਾ ਦਾ ਕਿਰਦਾਰ ਨਿਭਾਉਂਦੇ ਹੋਏ ਵੇਦਦਾਨ ਜੀ (ਵੇਦਦਾਨ ਸੁਧੀਰ) ਜੋ ਭਾਵੇਂ ਦੂਰ ਬੈਠੇ ਹਨ ਪਰ ਨਜ਼ਰ ਇੱਥੇ ਹੀ ਗੱਡੀ ਬੈਠੇ ਹਨ। ਮਿੱਥੇ ਹੋਏ ਸਮੇਂ ਅਨੁਸਾਰ ਹਰ ਮਹੀਨੇ ਉਦੇਪੁਰ ਤੋਂ ਦਿੱਲੀ ਆਉਂਦੇ ਹਨ ਤੇ ਪੂਰੀ ਸਥਿਤੀ ਨੂੰ ਪਰਖ ਕੇ ਆਪਣੀ ਸਲਾਹ/ਸੁਝਾਅ ਦਿੰਦੇ ਰਹਿੰਦੇ ਹਨ।

ਕੀ ਤੁਸੀਂ ਕਦੇ ਇਹ ਸੋਚਿਆ ਕਿ ਇੰਨੇ ਸਾਰੇ ਤਰ੍ਹਾਂ ਤਰ੍ਹਾਂ ਦੇ ਚਰਿਤਰ/ਸੁਭਾਅ ਦੇ ਲੋਕ ਇੰਨੇ ਸਾਲਾਂ ਤੋਂ ਇਕੱਠੇ ਕਿਵੇਂ ਰਹਿ ਰਹੇ ਹਨ। ਇਸ ਦਾ ਕਾਰਨ ਹੋ ‘ਤੁਸੀਂ`। ਤੁਹਾਡੇ ਪ੍ਰਤੀ ਇਨ੍ਹਾਂ ਸਭ ਦਾ ਪ੍ਰੇਮ, ਸਤਿਕਾਰ, ਭਰੋਸਾ ਅਤੇ ‘ਹੰਸ` ਪ੍ਰਤੀ ਅਟੁੱਟ ਜ਼ੁੰਮੇਵਾਰੀ ਦਾ ਅਹਿਸਾਸ।

ਹੁਣ ਜਦੋਂ ਤੁਸੀਂ ਨਹੀਂ ਹੋ ਤਾਂ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਤੁਹਾਡੇ ਪ੍ਰਤੀ ਇਹ ਪ੍ਰੇਮ ਹੋਰ ਪੱਕਾ/ਗੂਹੜਾ ਹੋ ਗਿਆ ਹੈ। ‘ਹੰਸ` ਦੇ ਪ੍ਰਤੀ ਇਹ ਜੁੰਮੇਵਾਰੀ ਸੰਕਲਪ ਵਿਚ ਬਦਲ ਗਈ ਹੈ। ‘ਹੰਸ` ਪਹਿਲਾਂ ਵਾਂਗ ਹੀ ਨਿਕਲਦਾ ਰਹੇਗਾ ਅਤੇ ਬਹੁਤ ਉਚਾਈਆਂ `ਤੇ ਪਹੁੰਚੇਗਾ।

ਇਸ ਸਭ ਦਾ ਸਿੱਟਾ ਇਹ ਨਿਕਲਦਾ ਹੈ ਕਿ ਜਿੱਥੇ ਮੈਨੂੰ ਮਜਬੂਤ ਸਾਹਿਤਕ ਅਧਾਰ ਨਾ ਦੇਣ ਕਰਕੇ ਮੈਂ ਤੁਹਾਡੇ ਨਾਲ ਬਹੁਤ ਨਰਾਜ਼ ਹਾਂ ‘ਹੰਸ ਦਾ ਭਾਰ ਬਿਨਾ ਅਧਾਰ` ਦਾ ਨਾਅਰਾ ਮੱਥੇ ਵਿਚ ਰੜਕਦਾ ਰਹਿੰਦਾ ਹੈ।

ਫੇਰ ਵੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇਕ ਅਜਿਹਾ ਪਰਿਵਾਰ ਦਿੱਤਾ ਹੈ ਜਿਸ ਦੇ ਹਰ ਇਕ ਜੀਅ ਦਾ ਮੈਨੂੰ ਪੂਰਾ ਪੂਰਾ ਸਹਿਯੋਗ ਮਿਲ ਰਿਹਾ ਹੈ। ਜਿਸਦਾ ਹਰ ਇਕ ਜੀਅ (ਵਿਅਕਤੀ) ‘ਹੰਸ` ਵਾਸਤੇ ਇੰਨਾ ਮਹੱਤਵਪੂਰਨ ਹੈ ਕਿ ਹਰ ਕਿਸੇ ਦਾ ਯੋਗਦਾਨ ਬਹੁਤ ਮੁੱਲਵਾਨ ਹੈ। ਪਰਿਵਾਰ ਦੇ ਨਾਲ ਨਾਲ ਅਜਿਹੇ ਮਿੱਤਰ ਅਤੇ ਸ਼ੁਭਚਿੰਤਕ ਜੋ ਸਹਿਯੋਗ ਦੇਣ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਹਨ।

ਮੈਨੂੰ ਵਿਸ਼ਵਾਸ ਹੈ ਕਿ ਆਪਣੇ ਇਸ ਪਰਿਵਾਰ ਦੇ ਸਹਾਰੇ ਅਤੇ ਸਹਿਯੋਗ ਨਾਲ ਮੈਂ ‘ਹੰਸ` ਦੇ ਇੱਜਤ-ਮਾਣ ਨੂੰ ਜੀਵਤ ਰੱਖ ਸਕਾਂਗੀ ਅਤੇ ਹਾਂ, ਇਸ ਸਾਹਿਤਕ ਜਗਤ ਦੀ ਨਬਜ਼ ਨੂੰ ਵੀ ਜਲਦੀ ਹੀ ਫੜ ਲਵਾਂਗੀ। ਹੁਣ ਅਸੀਂ ਸਾਰੇ ਭਾਵੇਂ ਕਿੰਨੀ ਭਰੋਸੇਮੰਦੀ ਨਾਲ ਕੰਮ ਕਰੀਏ ‘ਹੰਸ` ਦੁਆਰਾ ਤੁਹਾਡੀ ਆਤਮਾ ਨੂੰ ਤਾਂ ਜੀਊਂਦੀ ਰੱਖ ਸਕਾਂਗੇ, ਪਰ ਤੁਹਾਡੇ ਚਲੇ ਜਾਣ ਨਾਲ ਜੋ ਥਾਂ ਖਾਲੀ ਹੋਈ ਹੈ ਉਸ ਨੂੰ ਕਿਵੇਂ ਭਰਾਂਗੇ?

ਇਸ ਕਰਕੇ ਮੈਂ ਸ਼ੁਰੂ ਵਿਚ ਹੀ ਕਿਹਾ ਸੀ ਕਿ ਜੇ ਇਹ ਸਭ ਕੁਝ ਤੁਹਾਡੇ ਰਹਿੰਦੇ ਹੋਏ ਹੁੰਦਾ ਤਾਂ ਤੁਹਾਨੂੰ ਬਹੁਤ ਚੰਗਾ ਲਗਦਾ ………….

ਚੰਗਾ ਲਗਦਾ ਹੈ ਇਹ ਦੇਖ ਕੇ ਕਿ ਹੁਣ ਮੰਮੀ (ਮਨੂੰ ਭੰਡਾਰੀ) ਵੀ ‘ਹੰਸ` ਵਿਚ ਦਿਲਚਸਪੀ ਲੈਂਦੇ ਹਨ।

ਤੁਹਾਡੀ ਬੇਟੀ
ਟਿੰਕੂ (ਰਚਨਾ)

(‘ਹੰਸ` `ਚੋਂ ਧੰਨਵਾਦ ਸਹਿਤ)

ਲਾਹੌਰ ਲਿਟਰੇਰੀ ਫ਼ੈਸਟੀਵਲ: ਚੰਦ ਤਾਸੁਰਾਤ – ਮੁਹੰਮਦ ਸ਼ੋਇਬ ਆਦਿਲ
1947 ਤੋਂ ਪਹਿਲਾਂ ਦਾ ਪੰਜਾਬੀ ਸਿਨੇਮਾ :ਇੱਕ ਪਿਛਲਝਾਤ -ਕੁਲਵਿੰਦਰ
ਹਜ਼ਾਰ ਕੋਸ਼ਿਸ਼ ਕੀ ਉਨਹੋਂ ਨੇ ,ਮਿਟਤਾ ਨਹੀਂ ਨਿਸ਼ਾਂ ਮਗਰ – ਮਨਦੀਪ
ਮੇ ਆਈ ਕਮ ਇਨ ਮੈਡਮ ? –ਸੁਰਜੀਤ ਪਾਤਰ
‘ਰੰਗਾਂ ਦੀ ਗਾਗਰ’ ਮੇਰੀ ਮਨਪਸੰਦ ਪੁਸਤਕ -ਅਵਤਾਰ ਸਿੰਘ ਬਿਲਿੰਗ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਖ਼ੁਦਕੁਸ਼ੀ ਦੇ ਹਾਣ ਦਾ ਵੇਲਾ ਨਹੀਂ… ਗੁਰਦੀਪ ਸਿੰਘ ਭਮਰਾ

ckitadmin
ckitadmin
April 21, 2019
ਪੀਲਾ ਫੁੱਲ ਕਹਿੰਦਾ –ਜਸਪ੍ਰੀਤ ਕੌਰ
ਵੈਨਜੂਏਲਾ ਰਾਜਪਲਟੇ ਦੇ ਯਤਨਾਂ ‘ਚ ਅਮਰੀਕੀ ਹਕੂਮਤ ਦੀ ਦਖਲਅੰਦਾਜ਼ੀ -ਮਨਦੀਪ
ਅਧਾਰ ਕਾਰਡ ਦੇ ਸੰਦਰਭ ’ਚ ਵਿਅਕਤੀਗਤ ਖ਼ੁਦਮੁਖਤਿਆਰੀ ਦਾ ਸਵਾਲ -ਪ੍ਰਿਤਪਾਲ ਮੰਡੀਕਲਾਂ
ਰਾਤ ਨੂੰ ਬਣਾਈਆਂ ਪੇਂਡੂ ਸੰਪਰਕ ਸੜਕਾਂ ਸਵੇਰੇ ਟੁੱਟੀਆਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?